ਜਮਹੂਰੀ ਢਾਂਚੇ ਨੂੰ ਲੱਗੇ ਘੁਣ ਦੀ ਵਿਆਖਿਆ ‘ਭੀੜ`

ਕੁਲਦੀਪ ਕੌਰ
ਫੋਨ: +91- 98554-04330
ਫਿਲਮਸਾਜ਼ ਅਭਿਨਵ ਸਿਨਹਾ ਨੇ ਪਿਛਲੇ ਸਮੇਂ ਦੌਰਾਨ ਦਰਸ਼ਕਾਂ ਨੂੰ ‘ਆਰਟੀਕਲ 15’, ‘ਮੁਲਕ’ ਅਤੇ ‘ਭੀੜ’ ਫਿਲਮਾਂ ਦਿੱਤੀਆਂ ਹਨ ਜੋ ਆਮ ਬੰਦੇ ਦੀ ਬਾਤ ਪਾਉਂਦੀਆਂ ਹਨ। ‘ਆਰਟੀਕਲ 15` ਰਾਹੀਂ ਉਹ ਦਲਿਤ ਵਰਗ ਵਿਰੁਧ ਇਕਜੁੱਟ ਸਿਆਸੀ ਸੱਤਾ, ਸਟੇਟ ਦੇ ਢਾਂਚਿਆਂ ਅਤੇ ਸਮਾਜਿਕ, ਆਰਥਿਕ ਤੇ ਜਾਤੀ ਵਰਗੀਕਰਨ ਦੀ ਮੁਖਾਫ਼ਲਤ ਕਰਦਾ ਹੈ। ਫਿਲਮ ‘ਮੁਲਕ` ਭਾਰਤ ਵਿਚ ਵਸਦੇ ਮੁਸਲਮਾਨਾਂ ਦੇ ਹੱਕਾਂ, ਉਨ੍ਹਾਂ ਵਿਰੁਧ ਸਿਰਜੀ ਗਈ ਇਸਲਾਮਫੋਬਿਕ ਦ੍ਰਿਸ਼ਟੀ ਅਤੇ ਉਨ੍ਹਾਂ ਦੀ ਸਿਆਸੀ ਜ਼ਮੀਨ ਦੀ ਅਹਿਮੀਅਤ ਦਾ ਖੁਲਾਸਾ ਕਰਦੀ ਹੈ। ਫਿਲਮ ‘ਭੀੜ` ਬਹੁਤ ਸਾਰੇ ਪੱਖਾਂ ਤੋਂ ਇਸ ਲਈ ਅਹਿਮ ਹੈ ਕਿਉਂਕਿ ਇਹ ਮੌਜੂਦਾ ਪ੍ਰਬੰਧ ਅੰਦਰ ਨਾਗਰਿਕ ਅਧਿਕਾਰਾਂ ਦੇ ਘਾਣ, ਸੱਤਾ ਨਾਲ ਜੁੜੀਆਂ ਏਜੰਸੀਆਂ ਦੁਆਰਾ ਨਾਗਰਿਕਾਂ ਦੀ ਪਛਾਣ ਕਾਗਜ਼ਾਂ ਤੱਕ ਮਹਿਦੂਦ ਕਰਨ ਅਤੇ ਜਮਾਤੀ ਵੰਡੀਆਂ ਕਾਰਨ ਸਮਾਜਿਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਖਲਾਅ ਵਿਚ ਧੱਕੇ ਗਏ ਲੋਕਾਂ ਦੀ ਹੋਣੀ ਨੂੰ ਪੇਸ਼ ਕਰਦੀ ਹੈ।

ਫਿਲਮਸਾਜ਼ ਅਭਿਨਵ ਸਿਨਹਾ ਦਾ ਸਿਨੇਮਾ ਸਿਆਸੀ ਤਰਾਸਦੀਆਂ ਅਤੇ ਸਿਆਸੀ ਧਰੁਵੀਕਰਨ ਦੇ ਨਤੀਜੇ ਭੁਗਤਦੇ ਆਮ ਭਾਰਤੀ ਮਾਨਸ ਦਾ ਸਿਨੇਮਾ ਹੈ। ਆਪਣੀ ਮਹੱਤਵਪੂਰਨ ਫਿਲਮ ‘ਆਰਟੀਕਲ 15` ਰਾਹੀਂ ਉਹ ਦਲਿਤ ਵਰਗ ਵਿਰੁਧ ਇਕਜੁੱਟ ਸਿਆਸੀ ਸੱਤਾ, ਸਟੇਟ ਦੇ ਢਾਂਚਿਆਂ ਅਤੇ ਸਮਾਜਿਕ, ਆਰਥਿਕ ਤੇ ਜਾਤੀ ਵਰਗੀਕਰਨ ਦੀ ਮੁਖਾਫ਼ਲਤ ਕਰਦਾ ਹੈ। ਉਸ ਦੀ ਫਿਲਮ ‘ਮੁਲਕ` ਭਾਰਤ ਵਿਚ ਵਸਦੇ ਮੁਸਲਮਾਨਾਂ ਦੇ ਹੱਕਾਂ, ਉਨ੍ਹਾਂ ਵਿਰੁਧ ਸਿਰਜੀ ਗਈ ਇਸਲਾਮਫੋਬਿਕ ਦ੍ਰਿਸ਼ਟੀ ਅਤੇ ਉਨ੍ਹਾਂ ਦੀ ਸਿਆਸੀ ਜ਼ਮੀਨ ਦੀ ਅਹਿਮੀਅਤ ਦਾ ਖੁਲਾਸਾ ਕਰਦੀ ਹੈ। ਪਿੱਛੇ ਜਿਹੇ ਉਸ ਦੀ ਰਿਲੀਜ਼ ਹੋਈ ਫਿਲਮ ‘ਭੀੜ` ਬਹੁਤ ਸਾਰੇ ਪੱਖਾਂ ਤੋਂ ਇਸ ਲਈ ਅਹਿਮ ਹੈ ਕਿਉਂਕਿ ਇਹ ਮੌਜੂਦਾ ਪ੍ਰਬੰਧ ਅੰਦਰ ਨਾਗਰਿਕ ਅਧਿਕਾਰਾਂ ਦੇ ਘਾਣ, ਸੱਤਾ ਨਾਲ ਜੁੜੀਆਂ ਏਜੰਸੀਆਂ ਦੁਆਰਾ ਨਾਗਰਿਕਾਂ ਦੀ ਪਛਾਣ ਕਾਗਜ਼ਾਂ ਤੱਕ ਮਹਿਦੂਦ ਕਰਨ ਅਤੇ ਜਮਾਤੀ ਵੰਡੀਆਂ ਕਾਰਨ ਸਮਾਜਿਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਖਲਾਅ ਵਿਚ ਧੱਕੇ ਗਏ ਲੋਕਾਂ ਦੀ ਹੋਣੀ ਨੂੰ ਪਰਦਾਪੇਸ਼ ਕਰਦੀ ਹੈ।
ਕਰੋਨਾ ਮਹਾਮਾਰੀ ਦੁਆਰਾ ਨੰਗੇ ਕੀਤੇ ਸਿਆਸੀ ਅਤੇ ਸਿਹਤ-ਪੁਲਿਸ ਪ੍ਰਬੰਧਾਂ ਦੇ ਇਰਦ ਗਿਰਦ ਬੁਣੀ ਇਹ ਫਿਲਮ ਫ਼ਾਸ਼ੀਵਾਦੀ ਮਨੋਵਿਗਿਆਨ ਅਤੇ ਮਹਾਮਾਰੀ ਤੋਂ ਡਰੇ ਸਹਿਮੇ ਪ੍ਰਬੰਧਾਂ ਵਿਚਕਾਰਲੀ ਲਾਈਨ ਮੇਟਦਿਆਂ ਪਰਵਾਸੀ ਮਜ਼ਦੂਰਾਂ ਦੀ ਉਨ੍ਹਾਂ ਦੇ ਘਰਾਂ, ਕੰਮਾਂ-ਕਾਰਾਂ, ਕਿਰਤ ਦੇ ਸਾਂਚਿਆਂ, ਇੱਥੋਂ ਤੱਕ ਕਿ ਖੁਦ ਦੀ ਜ਼ਿੰਦਗੀ ਵਿਚੋਂ ਵੀ ਜਲਾਵਤਨੀ ਦੀ ਬਾਤ ਪਾਉਂਦੀ ਹੈ। ਕਰੋਨਾ ਮਹਾਮਾਰੀ ਦੇ ਦੌਰ ਵਿਚ ਜਦੋਂ ਭਾਰਤੀ ਮੱਧ ਵਰਗ ਤੇ ਰੱਜੀਆਂ-ਪੁੱਜੀਆਂ ਜਮਾਤਾਂ ‘ਥਾਲੀ-ਤਾਲੀ` ਦੇ ਘਟੀਆ ਪ੍ਰਪੰਚ ਵਿਚ ਜੁਟੀਆਂ ਆਪਣੇ ‘ਸਰੀਰ` ਬਚਾਉਣ ਦਾ ਜਸ਼ਨ ਮਨਾ ਰਹੀਆਂ ਸਨ, ਤਾਂ ਭਾਰਤੀ ਗਰੀਬ ਕਿਰਤੀਆਂ ਦੇ ਪਿੰਡਾਂ ਦੇ ਪਿੰਡ ਆਪਣੀਆਂ ਜਾਨਾਂ ਬਚਾਉਣ ਲਈ ਕੀੜਿਆਂ ਵਾਂਗ ਸੜਕਾਂ ‘ਤੇ ਮਾਰੇ ਜਾ ਰਹੇ ਸਨ। ਅਭਿਨਵ ਸਿਨਹਾ ਇਸ ਦੋਹਰੀ ਤਰਾਸਦੀ ਦਾ ਚਸ਼ਦਦੀਦ ਗਵਾਹ ਬਣਦਿਆਂ ਕਰੋਨਾ ਮਹਾਮਾਰੀ ਦੀ ਆੜ ਵਿਚ ਵਾਪਰੀਆ ਗੈਰ-ਮਾਨਵੀ ਤਰਾਸਦੀਆਂ, ਪ੍ਰਬੰਧ ਹੱਥੋਂ ਜਲੀਲ ਤੇ ਖੱਜਲ-ਖੁਆਰ ਹੋਏ ਨਾਗਰਿਕਾਂ ਦੀਆਂ ਕਹਾਣੀਆਂ ਅਤੇ ਪ੍ਰਬੰਧਕੀ ਅਸਫਲਤਾ ਨਾਲ ਨੰਗੇ ਧੜ ਲੜ ਰਹੇ ਮੁੱਠੀ ਭਰ ਇਮਾਨਦਾਰ ਅਫਸਰਾਂ ਦੀ ਬੇਵਸੀ ਤੇ ਲਚਾਰੀ ਦਾ ਖਾਕਾ ਖਿੱਚਦਾ ਹੈ।
ਖਾਕੇ ਦਾ ਪਹਿਲਾ ਦ੍ਰਿਸ਼ ਸੋਲਾਂ ਪਰਵਾਸੀ ਮਜ਼ਦੂਰਾਂ ਦੇ ਰੇਲ ਥੱਲੇ ਕੱਟ ਮਰਨ ਨਾਲ ਖੁੱਲ੍ਹਦਾ ਹੈ। ਇਹ ਮਜ਼ਦੂਰ ਉਨ੍ਹਾਂ ਸ਼ਹਿਰਾਂ ਦੀਆਂ ਕੰਮ ਵਾਲੀਆਂ ਥਾਵਾਂ ਤੋਂ ਭੱਜੇ ਜਾਂ ਭਜਾਏ ਗਏ ਜਿਨ੍ਹਾਂ ਸ਼ਹਿਰਾਂ ਦੇ ਕੰਕਰੀਟ ਦੇ ਜੰਗਲ ਬਣਾਉਣ ਲਈ ਇਨ੍ਹਾਂ ਦਾ ਖੂਨ ਅਤੇ ਜਵਾਨੀਆਂ ਨਿਚੋੜ ਲਈਆਂ ਗਈਆਂ ਹਨ। ਅਜਿਹੀਆਂ ਹਜ਼ਾਰਾਂ ਖ਼ਬਰਾਂ ਉਸ ਸਮੇਂ ਅਖ਼ਬਾਰੀ ਪੰਨਿਆਂ ਅਤੇ ਟੀ.ਵੀ. ਸਕਰੀਨਾਂ ‘ਤੇ ਤੈਰ ਰਹੀਆਂ ਸਨ ਜਿੱਥੇ ਉੱਚ ਵਰਗ ਅਤੇ ਮੱਧ ਵਰਗੀ ਜਮਾਤਾਂ ਲਈ ਇਹ ਸਮਾਂ ਨਵੇਂ ਕਿਸਮ ਦੇ ਕੋਰਸ ਸਿੱਖਣ ਪਕਵਾਨ ਕਲਾ ਵਿਚ ਨਿਪੁੰਨ ਹੋਣ ਤੇ ਯੋਗ-ਕਸਰਤ ਦੁਆਰਾ ਖੁਦ ਨੂੰ ਰੀਲਾਂ, ਫੋਟੋਆਂ ਅਤੇ ਫਿਟ ਕਰਨ ਦਾ ਸਮਾਂ ਸੀ ਪਰ ਮਜ਼ਦੂਰਾਂ ਲਈ ਇਹ ਦੋਹਰੀ ਆਫ਼ਤ ਦਾ ਬਿਗਲ ਸੀ। ਉਨ੍ਹਾਂ ਦੇ ਪਹਿਲਾਂ ਹੀ ਲਤਾੜੇ ਤੇ ਟੁੱਟੇ-ਭੱਜੇ ਸਰੀਰਾਂ ਨੂੰ ਭੋਜਨ, ਰਹਿਣ ਦੀ ਥਾਂ, ਸਾਫ਼ ਹਵਾ-ਪਾਣੀ, ਵਾਇਰਸ ਨਾਲ ਲੜਨ ਲਈ ਦਵਾਈਆਂ ਤੇ ਵਾਇਰਸ ਰੋਕੂ ਸਮਾਨ ਉਪਲਬਧ ਕਰਾਉਣ ਦੀ ਥਾਂ ਉਨ੍ਹਾਂ ਨੂੰ ਲਾਵਾਰਿਸਾਂ ਵਾਂਗ ਨਾ ਸਿਰਫ਼ ਸਡਕਾਂ ‘ਤੇ ਮਰਨ ਲਈ ਸੁੱਟ ਦਿੱਤਾ ਗਿਆ ਬਲਕਿ ਕਈ ਸੂਬਿਆਂ ਦੀ ਪੁਲਿਸ ਨੇ ਉਨ੍ਹਾਂ ਨੂੰ ਆਪਣੇ ਸੂਬੇ ਵਿਚ ਦਾਖਲ ਹੋਣ ਤੋਂ ਰੋਕਣ ਲਈ ਲਾਠੀਚਾਰਜ ਤੇ ਹੋਰ ਕਿਸਮਾਂ ਦੇ ਪੁਲਿਸ-ਆਤੰਕ ਦੀ ਵਰਤੋਂ ਵੀ ਕੀਤੀ। ਜਿਵੇਂ ਅਚਾਨਕ ਹੀ ਹਜ਼ਾਰਾਂ ਲੱਖਾਂ ਲੋਕ ਆਪਣੇ ਮੁਲਕ ਵਿਚ ਹੀ ਅਜਨਬੀ ਅਤੇ ਅਛੂਤ ਹੋ ਗਏ ਹੋਣ! ਇਨ੍ਹਾਂ ਦ੍ਰਿਸ਼ਾਂ ਦੀ ਭਿਆਨਕਤਾ ਅਤੇ ਇਨ੍ਹਾਂ ਪਿੱਛੇ ਕੰਮ ਕਰਦੀ ਕਰੂਰਤਾ ਇੰਨੀ ਦਰਦਨਾਕ ਤੇ ਨਾਕਾਬਿਲ-ਏ-ਬਰਦਾਸ਼ਤ ਸੀ ਕਿ ਅਭਿਨਵ ਸਿਨਹਾ ਇਸ ਫਿਲਮ ਨੂੰ ਰੰਗਦਾਰ ਦੀ ਥਾਂ ‘ਬਲੈਕ ਐਂਡ ਵ੍ਹਾਈਟ` ਬਣਾਉਣ ਦਾ ਫੈਸਲਾ ਕਰਦਾ ਹੈ। ਸ਼ਾਇਦ ਬਦਰੰਗ ਤੇ ਲੀਰੋ-ਲੀਰ ਹੋਈ ਜ਼ਿੰਦਗੀ ਦੀ ਜਲਾਲਤ ਢੱਕਣ ਦਾ ਇਹੀ ਇਕ ਮਾਤਰ ਹੀਲਾ ਸੀ।
ਫਿਲਮ ‘ਭੀੜ` ਦਿੱਲੀ ਤੋਂ 1200 ਕਿਲੋਮੀਟਰ ਦੂਰ ਤੇਜਪੁਰ ਨਾਮ ਦੇ ਕਸਬੇ ਵਿਚ ਵਾਪਰਦੀ ਹੈ। ਫਿਲਮ ਵਿਚ ਬਲਰਾਮ ਤ੍ਰਿਵੇਦੀ (ਪੰਕਜ ਕਪੂਰ) ਵੀ ਬਾਕੀ ਮਜ਼ਦੂਰਾਂ ਵਾਂਗ ਆਪਣੇ ਪਿੰਡ ਜਾਣਾ ਚਾਹੁੰਦਾ ਹੈ। ਦੋਵਾਂ ਸੂਬਿਆਂ ਵਿਚਲਾ ਬਾਰਡਰ ਹੋਣ ਕਾਰਨ ਤੇਜਪੁਰ ਸੀਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਤ੍ਰਿਵੇਦੀ ਇਕ ਅਮੀਰ ਔਰਤ ਮੈਡਮ ਜੀ (ਦੀਆ ਮਿਰਜ਼ਾ) ਅਤੇ ਹਜ਼ਾਰਾਂ ਮਜ਼ਦੂਰ ਅਸਥਾਈ ਕੈਂਪ ਵਿਚ ਫਸ ਜਾਂਦੇ ਹਨ। ਇੱਥੇ ਹੀ ਮੈਡੀਕਲ ਦੀ ਪੜ੍ਹਾਈ ਕਰ ਰਹੀ ਰੇਨੂ ਸ਼ਰਮਾ (ਭੂਮੀ ਪੇਡਨੇਕਰ) ਕੋਵਿਡ ਦੇ ਮਰੀਜ਼ਾਂ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਮੈਡੀਕਲ ਰਾਹਤ ਕੈਂਪ ਚਲਾ ਰਹੀ ਹੈ। ਇਸ ਜ਼ਿਲ੍ਹੇ ਦਾ ਪ੍ਰਬੰਧਕੀ ਅਫਸਰ ਸੂਰੀਆ ਕੁਮਾਰ ਸਿੰਘ (ਰਾਜ ਕੁਮਾਰ ਰਾਉ) ਉਪਰੋਂ ਪ੍ਰਾਪਤ ਹੋ ਰਹੇ ਨਿਰਦੇਸ਼ਾਂ ਮੁਤਾਬਿਕ ਜ਼ਿਲ੍ਹੇ ਦਾ ਬਾਰਡਰ ਸੀਲ ਕਰ ਦਿੰਦਾ ਹੈ ਜਿਸ ਨਾਲ ਲੋਕ ਕੈਂਪ ਵਿਚ ਹੀ ਸਾਹ ਦੀ ਸਮੱਸਿਆ, ਬੁਖ਼ਾਰ ਤੇ ਕੋਵਿਡ ਨਾਲ ਸਬੰਧਿਤ ਲਾਗ ਨਾਲ ਮਰਨ ਲੱਗਦੇ ਹਨ। ਕਰੋਨਾ ਵਾਇਰਸ ਜਿੱਥੇ ਨਾਗਰਿਕਾਂ ਦੇ ਅੰਦਰੂਨੀ ਸੁਰੱਖਿਆ-ਤੰਤਰ ਨੂੰ ਬੇਦਰਦੀ ਨਾਲ ਤਹਿਸ ਨਹਿਸ ਕਰਦਾ ਹੈ, ਜਮਰੂਰੀ ਕਰਾਰ ਦਿੱਤੇ ਮੁਲਕ ‘ਭਾਰਤ` ਦਾ ਪ੍ਰਬੰਧਕੀ ਢਾਂਚਾ ਨਾਗਰਿਕਾਂ ਦੇ ਮਾਨਸਿਕ, ਸਮਾਜਿਕ, ਆਰਥਿਕ ਤੇ ਧਾਰਮਿਕ ਅਕੀਦਿਆਂ, ਡਰਾਂ ਤੇ ਸੰਸਿਆਂ ਨੂੰ ਕਈ ਗੁਣਾ ਜ਼ਰਬ ਦਿੰਦਾ ਹੈ। ਮੌਤ ਸਾਹਮਣੇ ਖੜ੍ਹੀ ਹੈ ਪਰ ਜਾਤ ਦਾ ਗਰੂਰ ਪਿੱਛਾ ਨਹੀਂ ਛੱਡ ਰਿਹਾ; ਭੁੱਖ ਨਾਲ ਜਾਨ ਨਿਕਲ ਸਕਦੀ ਹੈ ਪਰ ਆਪਣੇ ਤੋਂ ਛੋਟੀ ਜਾਤ ਦੇ ਬੰਦੇ ਹੱਥੋਂ ਰੋਟੀ ਫੜਨਾ ਮਨਜ਼ੂਰ ਨਹੀਂ।
ਵਾਇਰਸ ਦਾ ਅਸਰ ਸਭ ‘ਤੇ ਇੱਕੋ ਜਿਹਾ ਹੈ ਪਰ ਉਸ ਨਾਲ ਲੜਨ ਵਾਲਾ ਪ੍ਰਬੰਧ ਸਿਰਫ਼ ਪੈਸੇ ਦੇ ਪਹੀਆ ਨਾਲ ਚੱਲ ਰਿਹਾ ਹੈ। ਮਜ਼ਦੂਰਾਂ ਨਾਲ ਹਮਦਰਦੀ ਹੈ ਪਰ ‘ਆਪਣਾ` ਤੇ ‘ਪਰਾਇਆ` ਛਾਂਟ ਕੇ। ਉਨ੍ਹਾਂ ਦੀ ਮਦਦ ਕਰਨ ਦਾ ਜਜ਼ਬਾ ਹੈ ਪਰ ਨਾਲ ਹੀ ‘ਆਪਣੇ ਘਰ ਕੇ ਲੋਕ` ਔਰ ‘ਉਨ ਕੇ ਸਰੀਰ’ ਦਾ ਕੋਰਸ ਸਾਰੀ ਫਿਲਮ ਵਿਚ ਪਿੱਠਵਰਤੀ ਸੰਗੀਤ ਵਾਂਗ ਵੱਜਦਾ ਹੈ। ਪ੍ਰਬੰਧਕੀ ਅਫਸਰ ਜਿਹੜਾ ਮਜ਼ਦੂਰਾਂ ਨੂੰ ਵਾਇਰਸ ਤੋਂ ਬਚਾਉਣ ਲਈ ਲਗਾਤਾਰ ਭੱਜਿਆ ਫਿਰਦਾ ਹੈ, ਉਸ ਦੀ ਆਪਣੀ ਆਤਮਾ ‘ਜਾਤ` ਦੇ ਵਾਇਰਸ ਨੇ ਟੁੱਕੀ ਹੋਈ ਹੈ। ਇਨ੍ਹਾਂ ਸਾਰਿਆਂ ਤੋਂ ਪਾਰ ਫਿਲਮ ਦਾ ਕੈਨਵਸ ਪਰਵਾਸੀ ਮਜ਼ਦੂਰਾਂ ਦੀਆਂ ਹਾਲਤਾਂ ਬਿਆਨਦਾ ਹੋਇਆ ਨਤੀਜਾ ਕੱਢਦਾ ਹੈ: ‘ਜਦੋਂ ਇਹ ਲੋਕ ਪਿੰਡਾਂ ਵਿਚ ਰਹਿ ਰਹੇ ਸੀ, ਅਸੀਂ ਇਨ੍ਹਾਂ ਨੂੰ ਬਚਾ ਨਹੀਂ ਸਕੇ, ਜਦੋਂ ਇਹ ਸ਼ਹਿਰਾਂ ਵਿਚ ਮਜ਼ਦੂਰੀ ਕਰਨ ਆਏ, ਅਸੀਂ ਇਨ੍ਹਾਂ ਨੂੰ ਨਹੀਂ ਬਚਾ ਸਕੇ, ਹੁਣ ਵੀ ਇਹ ਅੱਖਾਂ ਸਾਹਮਣੇ ਮਰ ਰਹੇ ਹਨ ਤੇ ਅਸੀਂ ਹੁਣ ਵੀ ਇਨ੍ਹਾਂ ਨੂੰ ਨਹੀਂ ਬਚਾ ਸਕਦੇ; ਕੀ ਇਹੀ ਸਾਡਾ ਪ੍ਰਬੰਧ ਹੈ?’
ਫਿਲਮ ਵਿਚ ਛੋਟੇ-ਛੋਟੇ ਦਿਲ ਕੰਬਾਊ ਦ੍ਰਿਸ਼ ਹਨ। ਵਾਇਰਸ ਵਿਚ ਬੁਖ਼ਾਰ ਦਾ ਭੰਨਿਆ ਆਦਮੀ ਜਦੋਂ ਧਾਰਮਿਕ ਸਥਾਨ ਦੇ ਘੜੇ ਵਿਚੋਂ ਪਾਣੀ ਪੀ ਲੈਂਦਾ ਹੈ ਤਾਂ ਅਕਲ ਦੇ ਅੰਨ੍ਹੇ ਜਨੂਨੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ। ਫਿਲਮ ਵਿਚ ਪ੍ਰਬੰਧਕੀ ਅਫਸਰ ਦੇ ਤੌਰ ‘ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਿਹਾ ਅਫਸਰ ਆਪਣੀ ਪਿਆਰ ਕਹਾਣੀ ਵਿਚ ਇਸ ਲਈ ਅਸਫਲ ਹੋ ਜਾਂਦਾ ਹੈ ਕਿਉਂਕਿ ਉਸ ਦੇ ਦਿਲ ਦੀਆਂ ਪਿਆਰ ਕਰਨ ਵਾਲੀਆਂ ਸਾਰੀਆਂ ਤੰਦਾਂ ‘ਜਾਤ` ਦਾ ਵਾਇਰਸ ਬੁਰੀ ਤਰ੍ਹਾਂ ਨਾਲ ਟੁੱਕ ਚੁੱਕਾ ਹੈ। ਉਹ ਆਪਣੀ ਉੱਚ ਜਾਤੀ ਦੀ ਪ੍ਰੇਮਕਾ ਅੱਗੇ ਆਤਮ-ਵਿਸ਼ਵਾਸ ਦੀ ਕਮੀ ਅਤੇ ਆਤਮ-ਗਿਲਾਨੀ ਦਾ ਝੰਬਿਆ ਨਜ਼ਰਾਂ ਝੁਕਾਉਣ ਲਈ ਮਜਬੂਰ ਹੈ। ਇਸ ਦੇ ਨਾਲ-ਨਾਲ ਫਿਲਮ ਸਟੇਟ ਦੇ ਢਾਂਚਿਆਂ ਅਤੇ ਵਿਵਸਥਾ ਦੀ ਨਾ-ਅਹਿਲੀਅਤ ਅਤੇ ਲਗਾਤਾਰ ਜਰਜਰ ਹੋ ਰਹੇ ਜਮਹੂਰੀ ਸਿਸਟਮ ‘ਤੇ ਵੀ ਵਿਅੰਗ ਕਰਦੀ ਹੈ।
ਸੋਸ਼ਲ ਮੀਡੀਆ ਦੀ ਵਰਤੋਂ ਦੁਆਰਾ ਮੀਟਿੰਗਾਂ ਦਾ ਫੈਸ਼ਨੇਵਲ ਸਟੇਟਮੈਂਟ ਤੱਕ ਸਿਮਟ ਜਾਣਾ ਅਤੇ ਸਾਰੇ ਪਾਸੇ ਮੌਤ ਦਾ ਤਾਂਡਵ ਹੋਣ ਦੇ ਬਾਵਜੂਦ ਠੇਕੇਦਾਰ ਦਾ ਐਲਾਨ- ‘ਯੇ ਸੜਕ ਯੂੰ ਹੀ ਬਨਤੀ ਰਹੇਗੀ`, ਭਾਰਤੀ ਪ੍ਰਬੰਧਾਂ ਨੂੰ ਅੰਦਰੋਂ ਖੋਖਲਾ ਕਰ ਚੁੱਕੇ ਅਸਲ ‘ਵਾਇਰਸ` ਵੱਲ ਇਸ਼ਾਰਾ ਕਰਦਾ ਹੈ। ਫਿਲਮ ਵਿਚ ਮੌਤ ਦਾ ਡਰ ਭਾਰੂ ਹੈ ਪਰ ਮੌਤ ਵਰਗੀਆਂ ਹਾਲਤਾਂ ਵਿਚੋਂ ‘ਜਿਊਣ` ਦਾ ਡਰ ਉਸ ‘ਤੇ ਭਾਰੂ ਹੋ ਨਿਬੜਦਾ ਹੈ। ਫਿਲਮ ਇਸ ਮਹਾਮਾਰੀ ਦੌਰਾਨ ਭਾਰਤ ਦੇ ਗੋਦੀ ਮੀਡੀਆ ਦੁਆਰਾ ਮੁਸਲਮਾਨਾਂ (ਤਬਲੀਗੀ ਜਮਾਤ ਵਾਲੀ ਘਟਨਾ), ਦਲਿਤਾਂ (ਉਨ੍ਹਾਂ ‘ਤੇ ਡੀ.ਡੀ.ਟੀ. ਛਿੜਕਣ ਵਾਲੀ ਘਟਨਾ) ਅਤੇ ਗਰੀਬਾਂ ਖਿਲਾਫ਼ ਗੁਮਰਾਹਕੁਨ ਫੇਕ ਨਿਊਜ਼ ਬਣਾਉਣ ਅਤੇ ਉਨ੍ਹਾਂ ਨੂੰ ਵਿਵਸਥਾ ਦੀ ਨਾਕਾਮੀ ਲਈ ਜ਼ਿੰਮੇਵਾਰ ਠਹਿਰਾਉਣ ਦੇ ਏਜੰਡੇ ਦਾ ਵੀ ਪਰਦਾਫ਼ਾਸ਼ ਕਰਦੀ ਹੈ।
ਇਉਂ ਕਰੋਨਾ ਮਹਾਮਾਰੀ ਦੀ ਲਪੇਟ ਵਿਚ ਆਏ ਭਾਰਤੀਆਂ ਦੀ ਕਹਾਣੀ ਰਾਹੀਂ ਅਭਿਨਵ ਸਿਨਹਾ ਅਜਿਹੀ ਕਲਾਤਮਿਕ ਫਿਲਮ ਸਿਰਜਣ ਵਿਚ ਕਾਮਯਾਬ ਰਿਹਾ ਹੈ ਜਿਹੜੀ ਭਾਰਤੀ ਜਮਹੂਰੀਅਤ ਨੂੰ ਘੁਣ ਵਾਂਗ ਖਾ ਰਹੇ ਧਾਰਮਿਕ-ਜਾਤੀ ਧਰੁਵੀਕਰਨ, ਫਾਸੀਵਾਦੀ ਰੁਝਾਨ ਅਤੇ ਪ੍ਰਬੰਧਕੀ ਨਾਕਾਮੀਆਂ ਦੀ ਹਕੀਕੀ ਪੇਸ਼ਕਾਰੀ ਕਰਦੀ ਹੈ।