ਵਾਹ! ਜ਼ਿੰਦਗੀ

ਡਾ ਗੁਰਬਖ਼ਸ਼ ਸਿੰਘ ਭੰਡਾਲ
ਜ਼ਿੰਦਗੀ, ਜਿਊਣ ਦਾ ਹੁਨਰ ਅਤੇ ਹਾਸਲ। ਇਸ ਦੀਆਂ ਰਹਿਮਤਾਂ ਦਾ ਸ਼ੁਕਰਾਨਾ, ਨਿਆਮਤਾਂ ਦਾ ਗੁਣਗਾਣ। ਜੀਵਨ-ਰੰਗਾਂ ਦੀ ਪਛਾਣ।, ਇਨ੍ਹਾਂ ਵਿਚ ਰੰਗੇ ਜਾਣਾ ਅਤੇ ਨਰੋਏ ਅਰਥਾਂ ਦੀ ਨਿਸ਼ਾਨਦੇਹੀ ਕਰਨੀ।
ਜ਼ਿੰਦਗੀ, ਸਭ ਤੋਂ ਖੂਬਸੂਰਤ ਅਤੇ ਖੂLਬਸੀਰਤ। ਇਹ ਸਾਡੀ ਜ਼ਿੰਮੇਵਾਰੀ ਕਿ ਅਸੀਂ ਇਸਨੂੰ ਹੋਰ ਹੁਸੀਨ ਅਤੇ ਯਾਦਗਾਰੀ ਕਿੰਝ ਬਣਾਉਣਾ।

ਜਿੰਦਗੀ, ਜ਼ਜ਼ਬਾ ਹੈ ਇਸਨੂੰ ਮਾਨਣ ਦਾ ਅਤੇ ਇਸਦੇ ਹਰ ਪਲ ਨੂੰ ਜਿਊਣਜੋਗਾ ਕਰਨ ਦਾ। ਇਸਨੂੰ ਜ਼ਿਕਰਯੋਗ ਪਲਾਂ ਦਾ ਨਾਮ ਦੇਣਾ ਜਿਨ੍ਹਾਂ ਨੂੰ ਸਾਡੇ ਜਾਣ ਤੋਂ ਬਾਅਦ ਵੀ ਸਾਡੀਆਂ ਨਸਲਾਂ ਨੇ ਯਾਦ ਕਰਨਾ।
ਜ਼ਿੰਦਗੀ ਜਨੂੰਨ ਹੈ ਕੁਝ ਅਜੇਹਾ ਕਰਨਾ ਦਾ ਕਿ ਸਮਾਜ ਦਾ ਮੁਹਾਂਦਰਾ ਲਿਸ਼ਕਦਾ ਰਹੇ। ਕਦਰਾਂ ਕੀਮਤਾਂ ਜਿਉਂਦੀਆਂ ਰਹਿਣ ਅਤੇ ਇਸਦੇ ਵਿਰਸੇ ਨੂੰ ਕੋਈ ਆਂਚ ਨਾ ਆਵੇ। ਸਾਡੀ ਜ਼ਿੰਦਗੀ ਇਹ ਸਾਡੀ ਕੌਮ ਦੀ ਪਛਾਣ ਬਣੇ।
ਜ਼ਿੰਦਗੀ ਜਜ਼ਬਾਤ ਹੈ ਜੋ ਸਾਡੀ ਚੁੱਪ ਨੂੰ ਬੋਲ ਬਖਸ਼ਦੀ, ਸਾਡੇ ਰਾਹਾਂ ਨੂੰ ਪੈੜਾਂ, ਦੀਦਿਆਂ ਨੂੰ ਸੁਪਨੇ ਅਤੇ ਸਾਡੀਆਂ ਸੋਚਾਂ ਨੂੰ ਭਵਿੱਖਮੁਖੀ ਬਣਾਉਂਦੀ। ਇਨ੍ਹਾਂ ਵਿਚੋਂ ਹੀ ਆਉਣ ਵਾਲੀਆਂ ਜ਼ਿੰਦਗੀਆਂ ਲਈ ਨਵੀਆਂ ਅਤੇ ਰੌਸ਼ਨ ਰਾਹਾਂ ਸਿਰਜੀਆਂ ਜਾਂਦੀਆਂ।
ਜ਼ਿੰਦਗੀ ਜੋਤ ਹੈ ਜਿਹੜੀ ਹਨੇਰੇ ਰਾਹਾਂ ਵਿਚ ਚਾਨਣ ਛਿੜਕਦੀ। ਕਾਲੀਆਂ ਰਾਤਾਂ ਵਿਚ ਪੁੰਨਿਆ ਦਾ ਚੰਨ ਬਣਦੀ। ਨਵੇਂ ਵਿਚਾਰਾਂ ਦੀ ਧਰਾਤਲ ਅਤੇ ਨਵੀਆਂ ਪਹਿਲਕਦਮੀਆਂ ਦਾ ਸੁLੱਭ-ਸ਼ਗਨ ਹੁੰਦੀ।
ਜ਼ਿੰਦਗੀ ਜ਼ਾਮਨ ਹੈ ਸਾਨੂੰ ਕੁਦਰਤ ਵਲੋਂ ਬਖਸ਼ੀਆਂ ਸੁਗਾਤਾਂ ਦੀ। ਕਦੇ ਕਦਾਈਂ ਇਨ੍ਹਾਂ ਬਖਸ਼ਿਸ਼ਾਂ ਵਿਚੋਂ ਜਿੰLਦਗੀ ਨੂੰ ਨਿਹਾਰਨਾ ਤਾਂ ਤੁਹਨੂੰ ਪਤਾ ਲਗੇਗਾ ਕਿ ਜ਼ਿੰਦਗੀ ਦੀ ਸੌਗਾਤ ਕਿੰਨੀ ਅਮੁੱਲ, ਅਜ਼ੀਮ ਅਤੇ ਅਦਭੁੱਤ ਹੈ? ਅਸੀਂ ਕਿੰਨੇ ਭਾਗਸ਼ਾਲੀ ਹਾਂ ਕਿ ਜ਼ਿੰਦਗੀ ਦੀ ਦਾਤ ਨਾਲ ਵਰੋਸਾਏ ਹਾਂ।
ਜ਼ਿੰਦਗੀ ਜਿਊਣ ਦੀ ਕਲਾ ਹੈ। ਅਸਲ ਵਿਚ ਜਿਊਣ-ਜਾਚ ਹੀ ਹੁੰਦੀ ਜਿਹੜੀ ਇਕ ਮਨੁੱਖ ਨੂੰ ਦੂਸਰੇ ਤੋਂ ਵੱਖਰਿਆਉਂਦੀ। ਕਿਉਂਕਿ ਕਿਸੇ ਲਈ ਜ਼ਿੰਦਗੀ ਬੋਝ ਹੁੰਦੀ ਜਦ ਕਿ ਕੁਝ ਜ਼ਿੰਦਗੀ ਨੂੰ ਕੁਦਰਤ ਦਾ ਅਣਮੁੱਲਾ ਤੋਹਫ਼ਾ ਮੰਨਦੇ। ਇਸ ਤੋਹਫ਼ੇ ਦੇ ਹਰ ਰੰਗਾਂ ਵਿਚ ਖੁਸ਼ ਰਹਿ, ਜ਼ਿੰਦਗੀ ਦੇ ਨਵੇਂ ਅਰਥਾਂ ਦੀ ਪਛਾਣ ਕਰਦੇ।
ਜ਼ਿੰਦਗੀ ਕਦੇ ਵੀ ਜੇਲ੍ਹ ਨਹੀਂ ਜਿਸ ਵਿਚ ਕੈਦ ਕੱਟਣ ਅਸੀਂ ਆਉਂਦੇ ਹਾਂ ਸਗੋਂ ਇਹ ਤਾਂ ਖੁੱਲ੍ਹੇ ਅੰਬਰਾਂ ਦੀ ਉਡਾਣ ਹੁੰਦੀ ਅਤੇ ਅਸੀਂ ਤਾਰਿਆਂ ਨੂੰ ਆਪਣਾ ਆੜੀ ਬਣਾਉਣਾ ਹੁੰਦਾ। ਜ਼ਿੰਦਗੀ ਜ਼ਬਰਦਸਤੀ ਵੀ ਨਹੀਂ ਕਿਉਂਕਿ ਮਨ ਦੀਆਂ ਮੁਹਾਰਾਂ ਮੋਕਲੀਆਂ ਹੋਣਗੀਆਂ ਤਾਂ ਵਸੀਹ ਦਰ ਸਾਡੇ ਲਈ ਖੁੱਲ੍ਹਣਗੇ। ਜ਼ਬਰਦਸਤੀ ਕੀਤਿਆਂ ਮਰ ਜਾਂਦਾ ਏ ਜ਼ਿੰਦਗੀ ਜਿਊਣ ਦਾ ਚਾਅ, ਅੱਧਮੋਏ ਹੋ ਜਾਂਦੇ ਨੇ ਅਹਿਸਾਸ
ਅਤੇ ਬਦਹਵਾਸ ਹੋਇਅ ਬੰਦਾ ਸਿਰਫ਼ ਆਪਣੀ ਅਰਥੀ ਨੂੰ ਸਿਵਿਆਂ ਵੰਨੀਂ ਜਾਂਦਿਆਂ ਹੀ ਕਿਆਸਦਾ।
ਜ਼ਿੰਦਗੀ ਜਾਗਦੀ ਜ਼ਮੀਰ ਦਾ ਸਿਰਨਾਵਾਂ ਹੁੰਦੀ। ਜਿਊਂਦੀ ਜ਼ਮੀਰ ਵਾਲੇ ਲੋਕ ਜ਼ਿੰਦਗੀ ਨੂੰ ਮਜੀਠੀ ਰੰਗ ਵਿਚ ਰੰਗਦੇ। ਉਹ ਦੁਨੀਆਂ ਵਿਚ ਵਿਚਰਦਿਆਂ ਆਪਣੇ ਹਿੱਸੇ ਦੀ ਜ਼ਿੰਦਗੀ ਵੀ ਜਿਉਂਦੇ। ਉਹ ਸਮਝਦੇ ਕਿ ਜ਼ਿੰਦਗੀ ਸਿਰਫ਼ ਇਕ ਵਾਰ ਮਿਲਦੀ ਅਤੇ ਇਸਨੂੰ ਰੂਹਦਾਰੀ ਨਾਲ ਜਿਊਂਦਿਆਂ ਤੁਹਾਡੇ ਮਨ ਵਿਚ ਕੋਈ ਰੋਸ ਜਾਂ ਸ਼ਿਕਵਾ ਨਹੀਂ ਰਹੇਗਾ ਕਿ ਮੈਂ ਆਪਣੇ ਹਿੱਸੇ ਦੀ ਜ਼ਿੰਦਗੀ ਹੀ ਨਹੀਂ ਮਾਣੀ ਹੈ।
ਜ਼ਿੰਦਗੀ ਤਾਂ ਜਸ਼ਨ ਹੈ। ਇਸਨੂੰ ਮਨਾਓ। ਦਿਲਲੱਗੀਆਂ ਕਰੋ। ਯਾਰਾਂ-ਬੇਲੀਆਂ ਨਾਲ ਮਸਤੀ ਕਰੋ। ਦੇਖਣਯੋਗ ਥਾਵਾਂ `ਤੇ ਜਾਓ, ਅਣਗਾਹੀਆਂ ਧਰਤੀਆਂ ਨੂੰ ਗਾਹੋ। ਮਨ ਦੀਆਂ ਕਰੋ ਕਿਉਂਕਿ ਤੁਸੀਂ ਪਰਿਵਾਰ ਅਤੇ ਦੂਸਰਿਆਂ ਲਈ ਤਾਂ ਕਰਦੇ ਹੀ ਹੋ ਕਦੇ ਆਪਣੇ ਲਈ ਵੀ ਜੀਅ ਭਰ ਕੇ ਜੀਓ ਤਾਂ ਕਿ ਇਹ ਜਸ਼ਨਾਂ ਭਰੇ ਵਕਤ ਤੁਹਾਡੇ ਚੇਤਿਆਂ ਦਾ ਸਦੀਵੀ ਹਿੱਸਾ ਬਣ ਜਾਣ।
ਜ਼ਿੰਦਗੀ ਤਾਂ ਇਕ ਜੋੜਮੇਲਾ ਹੈ। ਦੁਨੀਆਂ ਦੇ ਵੱਖ-ਵੱਖ ਰੰਗਾਂ ਨੂੰ ਨਿਹਾਰਨ, ਹਰ ਕਿਸਮ ਦੇ ਲੋਕਾਂ ਨੂੰ ਮਿਲਣ ਅਤੇ ਜਾਨਣ ਦਾ। ਇਸ ਵਿਚੋਂ ਹੀ ਤੁਸੀਂ ਆਪਣੀਆਂ ਤਰਜੀਹਾਂ ਅਤੇ ਤਸ਼ਬੀਹਾਂ ਨੂੰ ਸਿਰਜ ਸਕਦੇ ਹੋ।
ਦੁਨੀਆ ਦੇ ਰੰਗ-ਤਮਾਸ਼ਿਆਂ ਦਾ ਇਹ ਜੋੜ ਮੇਲਾ ਵੀ ਤੁਹਾਡੇ ਕਰਕੇ ਹੀ ਹੈ। ਸੋ ਤੁਹਾਡੀ ਹਾਜ਼ਰੀ ਹੀ ਇਸਨੂੰ ਹੋਰ ਖੁਸ਼ਗਵਾਰ ਅਤੇ ਖੇੜਿਆਂ ਤੇ ਖੁਸ਼ੀਆਂ ਭਰਪੂਰ ਕਰੇਗੀ। ਜ਼ਿੰਦਗੀ ਕਦੇ ਵੀ ਬੋਝ ਨਹੀਂ ਹੁੰਦੀ। ਇਹ ਤਾਂ ਸੁਖਨ ਅਤੇ ਸਰੂਰ ਦਾ ਸਰੋਤ। ਇਸ ਵਿਚੋਂ ਹੀ ਤੁਸੀਂ ਮਨ ਦੀਆਂ ਮੌਜਾਂ ਅਤੇ ਰੂਹ ਦਾ ਰੱਜ ਮਾਨਣਾ ਹੁੰਦਾ। ਇਸ ਰੱਜ ਨੇ ਹੀ ਤੁਹਾਡੇ ਨਾਲ ਜਾਣਾ। ਤੁਹਾਡੀ ਦੌਲਤ ਦੇ ਅੰਬਾਰ ਅਤੇ ਸੁੱਖ ਸਹੂਲਤਾਂ ਨੇ ਤਾਂ ਇਥੇ ਹੀ ਰਹਿ ਜਾਣਾ। ਤੁਹਾਡੇ ਨਾਲ ਜਾਣੀਆਂ ਨੇ ਤੁਹਾਡੀਆਂ ਸਾਂਝਾਂ, ਦੋਸਤੀਆਂ, ਆਪਣਿਆਂ ਨਾਲ ਮਾਣੇ ਪਿਆਰੇ ਪਲ, ਤੁਹਾਡੇ ਨੇਕ ਕਾਰਜ, ਹਮਦਰਦੀ ਭਰੇ ਬੋਲ ਜਾਂ ਸੁਖਨ ਦੇ ਸ਼ਬਦ ਜਿਨ੍ਹਾਂ ਨੇ ਵਕਤ ਨਾਲ ਮੱਧਮ ਨਹੀਂ ਹੋਣਾ ਸਗੋਂ ਇਨ੍ਹਾਂ ਦੀ ਰੰਗਤ ਸਮੇਂ ਨਾਲ ਹੋਰ ਗੂੜ੍ਹੀ ਹੋਣੀ ਏ।
ਜ਼ਿੰਦਗੀ ਦੀ ਅਰਥਕਾਰੀ ਕਰਨ ਲਈ ਅਕਸਰ ਹੀ ਮੈਂ ਸ਼ਬਦਾਂ ਦੀ ਪਨਾਹ ਵਿਚ ਜਾਂਦਾ ਹਾਂ। ਹਰਫ਼ ਮੇਰੀਆਂ ਝੋਲੀਆਂ ਭਰਦੇ। ਇਨ੍ਹਾਂ ਵਿਚ ਅਰਥਾਂ ਦੇ ਜਗਦੇ ਚਿਰਾਗ ਮੇਰੇ ਮਨ ਮਸਤਕ ਨੂੰ ਰੁਸ਼ਨਾਉਂਦੇ। ਇਸ ਰੌਸ਼ਨੀ ਵਿਚ ਜ਼ਿੰਦਗੀ ਦਾ ਚਮਕਦਾ ਚਿਹਰਾ ਮੈਨੂੰ ਅਤੇ ਮੇਰੀ ਜ਼ਿੰਦਗੀ ਨੂੰ ਹੋਰ ਹੁਸੀਨ ਅਤੇ ਜਿਊਣ ਜੋਗੀ ਕਰਦਾ। ਜ਼ਿੰਦਗੀ ਦੀ ਇਹ ਇਬਾਰਤ ਸਫ਼ਿਆਂ `ਤੇ ਫੈਲ ਹੌਲੀ ਹੌਲੀ ਇਬਾਦਤ ਦਾ ਰੂਪ ਧਾਰਦੀ।
ਜ਼ਿੰਦਗੀ ਸਿਰਫ਼ ਸਾਹ ਪੂਰੇ ਕਰਨਾ ਨਹੀਂ ਅਤੇ ਨਾ ਹੀ ਇਸਨੂੰ ਸਾਲਾਂ ਵਿਚ ਮਿਣਿਆ ਜਾਵੇ। ਇਹ ਕਦੇ ਉਮਰ ਦੀ ਮੁਥਾਜ਼ ਨਹੀਂ ਹੁੰਦੀ। ਜਿੰLਦਗੀ ਤਾਂ ਉਹ ਹੁੰਦੀ ਜਿਹੜੀ ਕੁਝ ਅਮਿੱਟ ਯਾਦਾਂ ਤੇ ਸੁਖਨ-ਸੁਹਜ, ਸਮਿਆਂ ਦੇ ਨਾਮ ਕਰ, ਖੁLਦ ਰੁਖਸਤਗੀ ਦਾ ਮਾਣ ਬਣਦੀ। ਜ਼ਿੰਦਗੀ ਤਾਂ ਹੁੰਦੀ ਏ ਆਸਾਂ ਤੇ ਵਿਸ਼ਵਾਸਾਂ ਦੀ ਆਧਾਰਸ਼ਿਲਾ, ਸੋਚਾਂ ਤੇ ਸੁਪਨਿਆਂ ਦੀ ਸੁੰਦਰ ਸਾਂਝ, ਪ੍ਰਾਪਤੀਆਂ ਤੇ ਪਹਿਲਾਂ ਦਾ ਨਾਮਕਰਨ, ਕਰਮਯੋਗਤਾ ਤੇ ਕੀਰਤੀਆਂ ਦਾ ਹਰਫ਼ਨਾਮਾ, ਮੁਹੱਬਤਾਂ ਤੇ ਮੋਹ ਦਾ ਪੈਗ਼ਾਮ, ਤਾਂਘਾਂ ਤੇ ਤਮੰਨਾਵਾਂ ਦੀ ਤਰਲਤਾ ਅਤੇ ਸੁਗੰਧ ਤੇ ਸੁਹੱਪਣ ਦਾ ਸ਼ਰਫਨਾਮਾ।
ਜਿੰLਦਗੀ ਹੁੰਦਿਆਂ ਇਸਨੂੰ ਬਿਹਤਰੀਨ ਢੰਗ ਨਾਲ ਜੀਅ ਲਈਏ ਕਿਉਂਕਿ ਜਦ ਜ਼ਿੰਦਗੀ ਨਾ ਰਹੀ ਤਾਂ ਆਪਣੇ ਹੀ ਸ਼ਰਧਾਂਜਲੀ ਸਮਾਗਮ ਵਿਚ ਅਸੀਂ ਆਪ ਹੀ ਗੈLਰਹਾਜ਼ਰ ਹੋ ਜਾਣਾ ਹੈ। ਸਾਡੇ ਪਿਆਰਿਆਂ ਨੇ ਸਾਡੀ ਜ਼ਿੰਦਗੀ ਦੀਆਂ ਹੀ ਪਰਤਾਂ ਫਰੋਲਣੀਆਂ ਨੇ ਜਿਸਦੇ ਰੰਗ ਤੁਸੀਂ ਦੇਖੇ ਅਤੇ ਮਾਣੇ ਹੁੰਦੇ। ਇਨ੍ਹਾਂ ਪਰਤਾਂ ਨੇ ਹੀ ਤੁਹਾਨੂੰ ਆਖ਼ਰੀ ਅਲਵਿਦਾ ਕਹਿਣ ਆਏ ਲੋਕਾਂ ਦੇ ਮਨਾਂ ਵਿਚ ਸਦਾ ਰਹਿਣਾ ਹੈ।
ਜ਼ਿੰਦਗੀ ਬਹੁਤ ਹੀ ਖੁਸ਼-ਮਿਜ਼ਾਜ ਅਤੇ ਖੁਸ਼ਨੁਮਾ ਹੁੰਦੀ ਜਦ ਅਸੀਂ ਆਪਣੇ ਮਿੱਤਰ ਪਿਆਰਿਆਂ ਦੀ ਸੰਗਤ ਮਾਣਦੇ। ਆਪਣਿਆਂ ਨਾਲ ਸਾਹਾਂ ਦੀ ਸਾਂਝ ਅਤੇ ਸੁਗੰਧਤ ਫਿਜ਼ਾ ਦਾ ਲੁਤਫ਼ ਮਾਣਦੇ। ਆਪਣਿਆਂ ਨਾਲ ਦਿਲਲਗੀ ਤੋਂ ਬਗੈਰ ਜ਼ਿੰਦਗੀ ਦੇ ਕੀ ਮਾਅਨੇ ਰਹਿ ਜਾਂਦੇ ਨੇ। ਜ਼ਿੰਦਗੀ ਤਾਂ ਜ਼ਫਰਨਾਮੇ ਦੀ ਜ਼ਿਆਰਤ ਵਰਗੀ ਹੋਣੀ ਚਾਹੀਦੀ ਹੈ ਜਿਥੇ ਤੁਸੀਂ ਗਲਤ ਨੂੰ ਗਲਤ ਕਹਿ ਕੇ ਕਿਸੇ ਦੁਸ਼ਟ ਦੀਆਂ ਕਮੀਨਗੀਆਂ ਦੀ ਖਿੱਦੋ ਉਧੇੜ, ਉਸਦਾ ਕੂੜ ਉਸਦੇ ਰੂਬਰੂ ਕਰ ਸਕੋ।
ਜ਼ਿੰਦਗੀ ਤਾਂ ਜ਼ਿਆਰਤ ਹੁੰਦੀ ਹੈ ਆਪਣੇ ਆਪ ਦੀ, ਆਪਣੀਆਂ ਸਮਰੱਥਾਵਾਂ, ਸੰਭਾਵਨਾਵਾਂ, ਸੁਪਨਿਆਂ ਅਤੇ ਸਫ਼ਲਤਾਵਾਂ ਦੀ। ਸੰਤੁਸ਼ਟੀ, ਸਹਿਜਤਾ ਅਤੇ ਸਮਰਪਿਤਾ ਦੇ ਸਫ਼ਲਨਾਮੇ ਦੀ। ਅੰਤਰੀਵ ਦੀ ਯਾਤਰਾ ਦੀ, ਆਪਣੇ ਤੋਂ ਆਪਣੇ ਤੀਕ ਦੇ ਸਫ਼ਰ ਦੀ ਅਤੇ ਆਪਣੇ ਮੂਲ ਨੂੰ ਜਾਨਣ ਅਤੇ ਪਛਾਨਣ ਦੀ। ਆਪਣੀਆਂ ਜੜ੍ਹਾਂ ਨੂੰ ਯਾਦ ਰੱਖਣ ਅਤੇ ਇਸਨੂੰ ਗਾਹੇ ਬਗਾਹੇ ਨਤਮਸਤਕ ਹੋਣ ਦੀ। ਸਭ ਤੋਂ ਅਹਿਮ ਹੁੰਦਾ ਹੈ ਆਪਣੇ ਆਪ ਨੂੰ ਮਿਲਣਾ ਅਤੇ ਸਮਝਣਾ।
ਜ਼ਿੰਦਗੀ ਨੂੰ ਜਜਮਾਨ ਨਾ ਬਣਾਓ। ਸਗੋਂ ਅਹੁਦੇਦਾਰੀਆਂ, ਰੁਤਬਿਆਂ ਅਤੇ ਜਾਤਾਂ ਦੀ ਵਰਣਵੰਡ ਨੂੰ ਨਕਾਰ ਕੇ ਹਰ ਇਕ ਨੂੰ ਆਪਣਾ ਬਣਾਓ, ਹਿੱਕ ਨਾਲ ਲਾਓ। ਹਰੇਕ ਦੀਆਂ ਭਾਵਨਾਵਾਂ ਦੀ ਕਦਰ ਕਰੋ ਅਤੇ ਆਪ ਕਦਰ ਕਰਵਾਓ। ਦਿਲੋਂ ਕਦਰ ਸਿਰਫ਼ ਉਹੀ ਕਰਦੇ ਜਦ ਤੁਸੀਂ ਇਸ ਕਦਰ ਦੇ ਕਾਬਲ ਹੁੰਦੇ ਹੋ। ਮੁੱਲ ਦੀ ਜਾਂ ਰੋਅਬ ਨਾਲ ਕਰਵਾਈ ਇੱਜ਼ਤ ਤੇ ਮਾਣ ਬੇਅਰਥੀ ਅਤੇ ਥੋੜ੍ਹਚਿਰੀ। ਬੜੀ ਜਲਦੀ ਤੁਹਾਨੂੰ ਤੁਹਾਡੀ ਹੀ ਔਕਾਤ ਪਤਾ ਲੱਗ ਜਾਂਦੀ।
ਜ਼ਿੰਦਗੀ ਕਦੇ ਵੀ ਜਮ੍ਹਾਂ/ਘਟਾਓ ਨਹੀਂ। ਦਿਮਾਗ ਦੀਆਂ ਗਿਣਤੀਆਂ ਵਿਚ ਉਲਝੀ ਜ਼ਿੰਦਗੀ ਹਮੇਸ਼ਾ ਹਾਰ ਜਾਂਦੀ। ਦਿਲ ਦੇ ਆਖੇ ਲੱਗ ਕੇ ਜੀਵੀ ਜ਼ਿੰਦਗੀ ਦਾ ਸੁਰਖ ਅਤੇ ਸੂਹਾ ਰੰਗ, ਤੁਹਾਡੀਆਂ ਜੀਵਨ-ਰੁੱਤਾਂ ਦਾ ਸਦਾ ਖ਼ੈਰਖਵਾਹ।
ਤੁਸੀਂ ਇਸ ਵਿਚੋਂ ਅਜਿਹੇ ਪਲਾਂ ਨੂੰ ਆਪਣੇ ਨਾਵੇਂ ਕਰਦੇ ਜੋ ਤੁਹਾਡੇ ਹੋਣਾ ਲੋਚਦੇ। ਜ਼ਿੰਦਗੀ ਵਗਦੇ ਪਾਣੀਆਂ ਵਰਗੀ ਗਤੀਸ਼ੀਲ, ਪਾਕੀਜ਼ ਅਤੇ ਪਵਿੱਤਰ ਹੋਣੀ ਚਾਹੀਦੀ ਹੈ। ਕਿਉਂਕਿ ਛੱਪੜਾਂ ਦੇ ਪਾਣੀ ਬੜੀ ਜਲਦੀ ਬੋਅ ਮਾਰਨ ਲੱਗ ਪੈਂਦੇ ਨੇ।
ਜ਼ਿੰਦਗੀ ਨੂੰ ਹਮੇਸ਼ਾਂ ਰੌਸ਼ਨ ਪੱਖ ਰਾਹੀਂ ਦੇਖੋਗੇ ਤਾਂ ਇਹ ਤੁਹਾਡੀ ਤਲੀ `ਤੇ ਭਰਪੂਰ ਜੀਵਨ ਦਾ ਸ਼ਗੂਫ਼ਾ ਧਰੇਗੀ। ਤੁਹਾਨੂੰ ਕੋਈ ਹੇਰਵਾ ਨਹੀਂ ਹੋਵੇਗਾ। ਹਨੇਰੇ ਪੱਖ ਰਾਹੀਂ ਜ਼ਿੰਦਗੀ ਨੂੰ ਪਰਿਭਾਸ਼ਤ ਕਰਨ ਵਾਲੇ ਲੋਕ ਸਿਰਫ਼ ਨਿਰਾਸ਼ਾ ਦਾ ਆਲਮ ਅਤੇ ਉਦਾਸੀਨਤਾ ਦਾ ਧੁਖਦਾ ਜੰਗਲ ਹੁੰਦੇ ਜਿਹੜੇ ਆਪ ਵੀ ਸੜਦੇ ਅਤੇ ਆਲੇ-ਦੁਆਲੇ ਨੂੰ ਵੀ ਸਵਾਹ ਕਰਦੇ।
ਜ਼ਿੰਦਗੀ ਦਾ ਸੁੱਚਮ ਅਤੇ ਉਤਮ ਨੂੰ ਦੇਖਣਾ ਹੋਵੇ ਤਾਂ ਕਦੇ ਆਪਣੇ ਪੁਰਖਿਆਂ ਦੀ ਜੀਵਨ-ਜਾਚ ਨੂੰ ਆਪਣੇ ਚੇਤਿਆਂ ਵਿਚ ਨਵਿਆਉਣਾ। ਤੁਹਾਨੂੰ ਪਤਾ ਲੱਗੇਗਾ ਕਿ ਕੁਦਰਤੀ ਅਲਾਮਤਾਂ ਨਾਲ ਜੂਝਦੇ, ਬਿਮਾਰੀਆਂ ਵਿਚ ਘਿਰੇ ਅਤੇ ਸਹੂਲਤ ਵਿਹੂਣੇ ਵੀ ਜ਼ਿੰਦਗੀ ਨੂੰ ਜਸ਼ਨ ਵਾਂਗ ਮਨਾਉਂਦੇ ਸਨ। ਸਾਡੀਆਂ ਮਾਵਾਂ ਰਾਤ ਨੂੰ ਸੌਣ ਤੋਂ ਪਹਿਲਾਂ ਰੱਬ ਦਾ ਸ਼ੁਕਰਗੁਜ਼ਾਰ ਹੁੰਦਿਆਂ ਅਕਸਰ ਹੀ ਕਹਿੰਦੀਆਂ ਹੁੰਦੀਆਂ ਸਨ ਕਿ ਦਿਨ ਵਧੀਆ ਲੰਘਿਆ ਹੈ। ਰੱਬਾ! ਰਾਤ ਵੀ ਸੁੱਖਾਂ ਦੀ ਲੰਘਾਈਂ ਅਤੇ ਸਾਰੇ ਜੀਅ ਜੰਤ ਵਿਚ ਸ਼ਾਂਤੀ ਵਰਤਾਈਂ।
ਜ਼ਿੰਦਗੀ ਦੇ ਸਰੋਕਾਰਾਂ ਸੰਗ ਸੰਵਾਦ ਰਚਾਉਣਾ, ਚਿੰਤਾ ਵਿਚੋਂ ਚੇਤਨਾ ਪੈਦਾ ਕਰਨਾ, ਫ਼ਿਕਰ ਦੀ ਬਜਾਏ ਫ਼ੱਰਕਰਤਾ ਉਪਜਾਉਣਾ, ਝੂਰਨ ਦੀ ਥਾਂ ਸ਼ੁਕਰਗੁਜਾਰੀ ਅਤੇ ਕਿਸੇ ਘਾਟ ਦੀ ਬਜਾਏ ਮਿਲੀਆਂ ਦਾਤਾਂ ਦਾ ਸ਼ੁਕਰਾਨਾ ਹੀ ਜ਼ਿੰਦਗੀ ਦਾ ਮੂਲ-ਮੰਤਰ।
ਜ਼ਿੰਦਗੀ ਤਾਂ ਜਿਊਣ ਦੀ ਕਲਾ ਹੈ। ਬੰਦੇ ਨੇ ਇਕ ਦਿਨ ਤਾਂ ਮਰਨਾ ਹੀ ਹੁੰਦਾ। ਇਸਦੀ ਚਿੰਤਾ ਕਿਉਂ ਕਰਨੀ। ਰੋਜ਼ ਰੋਜ਼ ਮਰਨ ਨਾਲੋਂ ਬਿਹਤਰ ਹੁੰਦਾ ਹੈ ਜ਼ਿੰਦਗੀ ਵਿਚ ਮਿਲੇ ਪਲਾਂ ਨੂੰ ਪੂਰੇ ਜੋਸ਼ ਅਤੇ ਜਨੂੰਨ ਨਾਲ ਜਿਊਂਦਿਆਂ, ਇਸਦੇ ਹਰ ਰੰਗ ਵਿਚ ਜ਼ਿੰਦਗੀ ਨੂੰ ਹੋਰ ਲਬਰੇਜ਼ ਅਤੇ ਰੰਗ-ਰੱਤਾ ਕੀਤਾ ਜਾਵੇ।
ਜ਼ਿੰਦਗੀ ਤਾਂ ਜੋਸ਼ ਹੈ ਆਪਣੇ ਪੈਰਾਂ ਵਿਚ ਉਗੇ ਸਫ਼ਰ ਵਿਚ ਉਦਮ ਅਤੇ ਉਤਸ਼ਾਹ ਭਰਨ ਦਾ। ਮਿੱਥੀਆਂ ਮੰਜ਼ਲਾਂ `ਤੇ ਪਹੁੰਚਣ ਅਤੇ ਉਨ੍ਹਾਂ ਦੇ ਮੱਥਿਆਂ `ਤੇ ਸਫ਼ਲਤਾਵਾਂ ਦੇ ਸਿਰਲੇਖ ਖੁਣਨ ਦਾ। ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਆਪਣੀਆਂ ਪ੍ਰਾਪਤੀਆਂ ਨੂੰ ਆਪਣਿਆਂ ਨਾਲ ਸਾਂਝਾ ਕਰੋ। ਇਸਨੂੰ ਮਾਣੋ ਤਾਂ ਕਿ ਸਮਾਂ ਬੀਤਣ ਤੋਂ ਬਾਅਦ ਤੁਹਾਡੇ ਮਨ ਵਿਚ ਕੋਈ ਹਿਰਖ਼ ਨਾ ਰਹਿ ਜਾਵੇ ਕਿ ਜ਼ਿੰਦਗੀ ਤਾਂ ਵਿਅਰਥ ਹੀ ਗਵਾਚ ਗਈ।
ਕਦੇ ਕਦਾਈਂ ਸਮਾਂ ਮਿਲੇ ਤਾਂ ਜ਼ਿੰਦਗੀ ਨੂੰ ਜ਼ਰੂਰ ਮੁਖ਼ਾਤਬ ਹੋਣਾ। ਪਤਾ ਕਰਨਾ ਕਿ ਜ਼ਿੰਦਗੀ ਕੀ ਹੈ? ਜ਼ਿੰਦਗੀ ਤੁਹਾਥੋਂ ਕੀ ਮੰਗਦੀ ਹੈ? ਤੁਸੀਂ ਜ਼ਿੰਦਗੀ ਨੂੰ ਕੀ ਦੇ ਰਹੇ ਹੋ? ਜ਼ਿੰਦਗੀ ਨੂੰ ਕੀ ਦੇਣਾ ਚਾਹੀਦਾ ਹੈ ਕਿ ਜਿੰLਦਗੀ ਹੋਰ ਹੁਸੀਨ ਅਤੇ ਖ਼ੂਬਸੂਰਤ ਹੋ ਜਾਵੇ ਅਤੇ ਤੁਹਾਡਾ ਜਿਉਣਾ ਸਾਰਥਕ ਹੋ ਜਾਵੇ? ਜ਼ਿੰਦਗੀ ਵਿਚੋਂ ਜ਼ਿੰਦਗੀ ਦੀ ਨਿਸ਼ਾਨਦੇਹੀ ਅਤੇ ਸ਼ਬਦਕਾਰੀ ਹੀ ਜ਼ਿੰਦਗੀ ਨੂੰ ਸਮਝਣ ਅਤੇ ਇਸਨੂੰ
ਸਦੀਵਤਾ ਬਖਸ਼ਣ ਲਈ ਅਹਿਮ। ਜ਼ਿੰਦਗੀ ਸਾਨੂੰ ਰੋਜ਼ ਮਿਲਦੀ। ਪਰ ਸੋਚਿਓ! ਤੁਸੀਂ ਜ਼ਿੰਦਗੀ ਨੂੰ ਕਦੋਂ ਅਤੇ ਕਿਵੇਂ ਮਿਲੇ ਸੀ? ਕੀ ਤੁਹਾਡੇ ਮਨ ਵਿਚ ਕਦੇ ਜ਼ਿੰਦਗੀ ਨੂੰ ਮਿਲਣ ਦਾ ਖ਼ਿਆਲ ਵੀ ਆਇਆ ਕਿ ਨਹੀਂ? ਸੋਚਣਾ ਜ਼ਰੂਰ। ਫਿਰ ਜਿੰLਦਗੀ ਨੂੰ ਮਿਲਣ ਦੀ ਜਾਚ ਆ ਜਾਵੇਗੀ।
ਕਈ ਵਾਰ ਜ਼ਿੰਦਗੀ ਉਸ ਵੇਲੇ ਵੀ ਰੋਣ ਲੱਗ ਪੈਂਦੀ ਹੈ ਜਦ ਹੱਸਣ ਦਾ ਵੇਲਾ ਹੁੰਦਾ। ਉਸ ਵਕਤ ਰੁੱਸ ਜਾਂਦੀ ਜਦ ਮਿਲ ਬੈਠਣ ਦਾ ਮੌਕਾ ਹੁੰਦਾ। ਉਸ ਵਕਤ ਵੀ ਬੇਪਛਾਣ ਹੋ ਜਾਂਦੀ ਜਦ ਪਛਾਣ ਵਿਚੋਂ ਪ੍ਰਮਾਣ ਬਣਨ ਦੀ ਲੋਚਾ ਹੁੰਦੀ। ਜ਼ਿੰਦਗੀ ਸਿਰਫ਼ ਸੁਪਨੇ ਦੇਖਣ ਲਈ ਨਹੀਂ ਹੁੰਦੀ, ਜ਼ਿੰਦਗੀ ਤਾਂ ਸੁਪਨਿਆਂ ਨੂੰ ਸੱਚ ਕਰਨ ਲਈ ਹੁੰਦੀ ਜੋ ਜ਼ਿੰਦਗੀ ਖ਼ੁਦ ਵੀ ਦੇਖਦੀ ਅਤੇ ਜਹਾਨ ਵੀ ਦੇਖਦਾ।
ਜ਼ਿੰਦਗੀ ਤਲਖ਼ੀਆਂ ਤੋਂ ਤਜ਼ਰਬਿਆਂ ਦੀ ਦਾਸਤਾਨ, ਔਕੜਾਂ ਤੋਂ ਅਸਲੀਅਤ ਦੀ ਕਹਾਣੀ, ਹੱਠ ਤੋਂ ਹੰਭਲਿਆਂ ਦਾ ਸਫ਼ਰ, ਸਿਰੜ ਤੋਂ ਸਾਧਨਾ ਦਾ ਦਸਤਾਵੇਜ਼ ਅਤੇ ਮਿਹਨਤ ਤੋਂ ਮਾਣ ਤੀਕ ਦਾ ਬਿਰਤਾਂਤ।
ਜ਼ਿੰਦਗੀ ਜੁਸਤਜ਼ੂ ਵੀ ਹੁੰਦੀ, ਕੁਝ ਅਦਿੱਖ ਦਿਸਹੱਦਿਆਂ `ਤੇ ਪਹੁੰਚਣ ਦੀ, ਕੁਝ ਮਨਚਾਹਿਆ ਪ੍ਰਾਪਤ ਕਰਨ ਦੀ, ਰੂਹ ਦੇ ਹਾਣੀ ਨਾਲ ਰੂਹਦਾਰੀ ਨਾਲ ਭਰੇ ਪਲ ਬਿਤਾਉਣ ਦੀ, ਮੋਹ ਵਿਚ ਪਿਘਲ ਜਾਣ ਦੀ, ਬੰਨੇਰੇ ਤੋਂ ਉਤਰ ਰਹੇ ਚੰਨ ਨਾਲ ਗੁਫ਼ਤਗੂ ਕਰਨ ਦੀ ਅਤੇ ਚਾਨਣੀ ਵਿਚ ਨਹਾਉਣ ਦੀ।
ਜ਼ਿੰਦਗੀ ਇਕ ਖੇਡ। ਇਸਨੂੰ ਖੇਡਣ ਅਤੇ ਜਿੱਤਣ ਲਈ ਜਾਨ ਦੀ ਬਾਜ਼ੀ ਲਾਉਣ ਵਾਲਿਆਂ ਲਈ ਜ਼ਿੰਦਗੀ ਤਲੀਆਂ ਵਿਛਾਉਂਦੀ ਅਤੇ ਨਿਆਮਤਾਂ ਦੇ ਢੇਰ ਲਾਉਂਦੀ। ਜ਼ਿੰਦਗੀ ਇਕ ਰੰਗਮੰਚ। ਅਸੀਂ ਸਾਰੇ ਆਪੋ ਆਪਣੇ ਰੋਲ ਕਰਦੇ ਅਤੇ ਰੰਗਮੰਚ ਤੋਂ ਅਲੋਪ ਹੋ ਜਾਂਦੇ। ਸਿਰਫ਼ ਕੁਝ ਹੀ ਲੋਕ ਚੇਤਿਆਂ ਵਿਚ ਸਦਾ ਲਈ ਸਮਾਏ ਰਹਿੰਦੇ ਜਿਨ੍ਹਾਂ ਲਈ ਲੋਕ ਖੂLਬ ਤਾੜੀਆਂ ਮਾਰਦੇ ਕਿਉਂਕਿ ਉਹ ਜ਼ਿਕਰਯੋਗ ਅਦਾਵਾਂ ਨਾਲ ਜੀਵਨ ਦੇ ਸੁੱਚਮ ਨੂੰ ਰੂਪਮਾਨ ਕਰਦੇ। ਜ਼ਿੰਦਗੀ ਇਕ ਜੰਗ ਵੀ ਹੁੰਦੀ। ਇਸਨੂੰ ਜਿੱਤਣ ਲਈ ਬੰਦੇ ਨੂੰ ਹਰ ਦਾਅ ਵਰਤਦਿਆਂ, ਸਿਰੜ, ਹਿੰਮਤ ਅਤੇ ਦਲੇਰੀ ਨਾਲ ਜੰਗ ਨੂੰ ਜਿੱਤਣਾ ਹੁੰਦਾ ਅਤੇ ਵੈਰੀਆਂ ਨੂੰ ਚਿੱਤ ਕਰਨਾ ਹੁੰਦਾ।
ਜ਼ਿੰਦਗੀ ਵਿਚ ਉਸ ਸਮੇਂ ਦੀ ਉਡੀਕ ਨਾ ਕਰੋ ਕਿ ਫਿਰ ਜਸ਼ਨ ਮਨਾਵਾਂਗੇ। ਪਤਾ ਨਹੀਂ ਕਦੋਂ ਸਾਹ ਖ਼ਤਾ ਖਾ ਜਾਣ। ਜੀਵਨ ਵਿਚ ਹਰ ਪਲ ਨੂੰ ਆਖ਼ਰੀ ਪਲ ਸਮਝੋ ਅਤੇ ਇਸਦਾ ਜਸ਼ਨ ਮਨਾਓ। ਕਦੇ ਸੋਚਿਆ ਜੇ ਕਿ ਜਿੰLਦਗੀ ਕੀ ਏ? ਜ਼ਿੰਦਗੀ ਤਾਂ ਕੁਝ ਵੀ ਨਹੀਂ। ਦਰਅਸਲ ਜ਼ਿੰਦਗੀ ਤਾਂ ਤੁਹਾਨੂੰ ਮਿਲਿਆ ਇਕ ਅਜੇਹਾ ਮੌਕਾ ਹੈ ਜਦ ਤੁਸੀਂ ਸੂਹੇ ਸ਼ਬਦਾਂ ਦੀ ਅਰਥਕਾਰੀ ਦਾ ਨਾਮ ਹੋ ਜਾਂਦੇ ਹੋ।
ਕਦੇ ਕਦੇ ਜ਼ਿੰਦਗੀ ਸਮਝਾਉਂਦੀ ਹੈ ਆਪਣਿਆਂ ਦੀ ਬੇਭਰੋਸਗੀ, ਨੇੜਲਿਆਂ ਦੀ ਬੇਵਫ਼ਾਈ, ਰਿਸ਼ਤਿਆਂ ਵਿਚਲੀ ਖੋਟ ਅਤੇ ਸੰਬੰਧਾਂ ਵਿਚਲਾ ਫਰੇਬ। ਕਰਵਾਉਂਦੀ ਹੈ ਨਕਾਬ ਹੇਠ ਛੁਪੇ ਹੋਏ ਚਿਹਰਿਆਂ ਦੀ ਪਛਾਣ।
ਜ਼ਿੰਦਗੀ ਤਾਂ ਬਹੁਤ ਲੰਮੇਰੀ ਹੁੰਦੀ ਪਰ ਅਸੀਂ ਖ਼ੁਦ ਹੀ ਇਸਨੂੰ ਛੋਟੀ ਕਰ ਦਿੰਦੇ ਹਾਂ। ਕਿਉਂਕਿ ਅਸੀਂ ਤਾਂ ਜਿਊਣਾ ਹੀ ਉਦੋਂ ਸ਼ੁਰੂ ਕਰਦੇ ਹਾਂ ਜਦ ਆਖਰੀ ਸਫ਼ਰ `ਤੇ ਤੁਰਨ ਦੀ ਵੀ ਤਿਆਰੀ ਹੋ ਜਾਂਦੀ ਹੈ। ਜ਼ਿੰਦਗੀ ਨੂੰ ਪੂਰਨ ਰੂਪ ਵਿਚ ਸਮਝਣ ਲਈ ਇਸਦੀ ਸਮੁੰਦਰੀ ਡੂੰਘਾਈ ਨੂੰ ਮਿਣਨ ਦੀ ਦਿਲ ਵਿਚ ਧਾਰੋ। ਕੰਢੇ `ਤੇ ਬਹਿ ਕੇ ਸਿਰਫ਼ ਲਹਿਰਾਂ ਹੀ ਗਿਣੀਆਂ ਜਾ ਸਕਦੀਆਂ। ਇਸਦੀ ਡੂੰਘਾਈ ਦਾ ਅੰਦਾਜ਼ਾ ਕਿੰਝ ਲਗਾਓਗੇ?
ਜਿੰLਦਗੀ ਦੇ ਬਹੁਤ ਰੂਪ। ਕਦੇ ਧੁੱਪ ਹੁੰਦੀ ਤੇ ਕਦੇ ਛਾਂ। ਕਦੇ ਬੋਲ-ਬੁਲਾਰਾ ਤੇ ਕਦੇ ਚੁੱਪ-ਚਾਂ ਹੁੰਦੀ। ਕਦੇ ਇਹ ਮਤਰੇਈਆਂ ਵਰਗੀ ਅਤੇ ਕਦੇ ਸਕੀ ਮਾਂ ਹੁੰਦੀ। ਕਦੇ ਗਹਿਮਾ-ਗਹਿਮੀ ਤੇ ਕਦੇ ਉਜੜਿਆ ਗਰਾਂ ਹੁੰਦੀ। ਕਦੇ ਆਪਣਾ ਵਿਹੜਾ ਅਤੇ ਕਦੇ ਬੇਗਾਨੀ ਥਾਂ ਹੁੰਦੀ। ਖੂLਬਸੂਰਤ ਜ਼ਿੰਦਗੀ ਲਈ ਜ਼ਰੂਰੀ ਹੁੰਦੀ ਹੈ ਰੂਹ ਦੀ ਪਾਕੀਜ਼ਗੀ, ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਆਪਣੇ ਅੰਦਾਜ਼ ਵਿਚ ਜਿਊਣਾ। ਮਨ ਦੀ ਮੌਜ ਤੇ ਮੁਹੱਬਤ ਦਾ ਰੱਜ। ਸਮਾਜ ਵਿਚ ਵਿਚਰਦਿਆਂ ਕਿਸੇ ਦੇ ਅੱਥਰੂ ਪੂੰਝਣ
ਦੀ ਜਾਚ, ਭੁੱਖੇ ਪੇਟ ਦੀ ਫ਼ਿਕਰਮੰਦੀ ਅਤੇ ਕੁਝ ਚੰਗੇਰਾ ਕਰਨ ਦੀ ਚਾਹਤ ਦਾ ਜਿਉਂਦੇ ਰਹਿਣਾ।
ਇਸ ਲਈ ਅਹਿਮ ਹੁੰਦਾ ਹੈ ਕਿ ਅਸੀਂ ਕਦੇ ਤਾਂ ਕਹੀਏ, ਵਾਹ! ਜ਼ਿੰਦਗੀ! ਤੇਰੇ ਕਿਆ ਕਹਿਣਾ! ਤੂੰ ਇਸ ਤਰਾਂ੍ਹ ਹੀ ਸਾਨੂੰ ਖੁਸ਼ੀਆਂ, ਖੇੜਿਆਂ ਅਤੇ ਰਾਂਗਲੇ ਸਮਿਆਂ ਨਾਲ ਨਿਵਾਜਦੀ ਰਹੀਂ।