ਪ੍ਰਿੰ. ਸਰਵਣ ਸਿੰਘ
ਕਦੇ ਮੈਂ ਲਿਖਿਆ ਸੀ: ਇਕ ਬੰਨੇ ਓਲੰਪਿਕ ਖੇਡਾਂ ਹੋ ਰਹੀਆਂ ਹੋਣ ਤੇ ਦੂਜੇ ਬੰਨੇ ਕਬੱਡੀ ਤਾਂ ਆਮ ਪੰਜਾਬੀ ਕਬੱਡੀ ਵੇਖਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਲਈ ਕਬੱਡੀ ਸਰੀਰਕ ਕਰਤਬਾਂ ਦੀ ਸ਼ਾਇਰੀ ਹੈ। ਪੰਜਾਬੀ ਕਬੱਡੀ ਦੇ ਦੀਵਾਨੇ ਹਨ, ਆਸ਼ਕ ਹਨ, ਮਸਤਾਨੇ ਹਨ। ਉਹ ਪਰਵਾਨਿਆਂ ਵਾਂਗ ਕਬੱਡੀ `ਤੇ ਡਿੱਗਦੇ ਹਨ।
ਬੇਸ਼ੱਕ ਬਿਜਲੀ ਕੜਕਦੀ ਹੋਵੇ, ਝੱਖੜ ਝੁਲਦਾ ਹੋਵੇ, ਨਦੀ ਚੜ੍ਹੀ ਹੋਵੇ, ਸ਼ੀਹਾਂ ਨੇ ਪੱਤਣ ਮੱਲੇ ਹੋਣ ਪਰ ਪਤਾ ਲੱਗ ਜਾਵੇ ਸਹੀ ਕਿ ਨਦੀ ਦੇ ਪਰਲੇ ਪਾਰ ਕਬੱਡੀ ਦਾ ਕਾਂਟੇਦਾਰ ਮੈਚ ਹੋ ਰਿਹੈ। ਫੇਰ ਕਿਹੜਾ ਪੰਜਾਬੀ ਹੈ ਜਿਹੜਾ ਵਗਦੀ ਨੈਂ ਨਾ ਠਿੱਲ੍ਹੇ? ਉਹ ਰਾਹ `ਚ ਪੈਂਦੇ ਸੱਪਾਂ ਸ਼ੀਹਾਂ ਦੀ ਵੀ ਪਰਵਾਹ ਨਹੀਂ ਕਰੇਗਾ ਤੇ ਕਬੱਡੀ ਦੇ ਦਾਇਰੇ ਦੁਆਲੇ ਜਾ ਖੜ੍ਹੇਗਾ। ਜਿਵੇਂ ਹਿੰਦ ਮਹਾਂਦੀਪ ਦੇ ਲੋਕਾਂ ਨੂੰ ਕ੍ਰਿਕਟ ਨੇ ਪੱਟਿਆ, ਜੱਗ ਜਹਾਨ ਦੇ ਗੋਰੇ ਕਾਲਿਆਂ ਨੂੰ ਫੁੱਟਬਾਲ ਨੇ ਕਮਲੇ ਕੀਤਾ ਉਵੇਂ ਪੂਰਬ ਤੇ ਪੱਛਮ ਦੇ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ। ਕਬੱਡੀ `ਚ ਕੈਂਚੀਆਂ ਤੇ ਠਿੱਬੀਆਂ ਵੀ ਹਨ, ਡਾਲਰਾਂ ਦੀ ਡਾਜ ਵੀ ਹੈ, ਪੱਛਮੀ ਦੇਸ਼ਾਂ ਦੇ ਵੀਜ਼ੇ ਵੀ ਹਨ, ਵੀਡੀਓਜ਼ ਦੀ ਮਸ਼ਹੂਰੀ ਹੈ ਵੀ ਤੇ ਕਲਹਿਣੀ ਡਰੱਗ ਦਾ ਜੱਫਾ ਵੀ ਪਿਆ ਹੋਇਐ। ਕਬੱਡੀ `ਚ ਆ ਰਹੇ ਐਬਾਂ ਤੋਂ ਕਬੱਡੀ ਪ੍ਰੇਮੀਆਂ ਤੇ ਪ੍ਰਮੋਟਰਾਂ ਨੂੰ ਹਮੇਸ਼ਾ ਸਾਵਧਾਨ ਰਹਿਣਾ ਚਾਹੀਦੈ।
ਕਬੱਡੀ ਦੀ ਖੇਡ ਵਾਹੇ ਵਾਹਣਾਂ, ਕੱਲਰਾਂ ਤੇ ਰੜੀਆਂ ਰੌੜਾਂ ਤੋਂ ਹੁਣ ਵਾਤਾਨਕੂਲ ਖੇਡ ਭਵਨਾਂ ਤਕ ਪੁੱਜ ਗਈ ਹੈ। ਇਹਦੇ ਮੈਚ ਹੁਣ ਮਿੱਟੀ `ਤੇ ਨਹੀਂ ਮੈਟਾਂ ਉਤੇ ਖੇਡੇ ਜਾਣ ਲੱਗੇ ਹਨ। ਕਬੱਡੀ ਪ੍ਰਮੋਟਰ ਖਿਡਾਰੀਆਂ, ਰੈਫਰੀਆਂ ਤੇ ਕੁਮੈਂਟੇਟਰਾਂ ਨੂੰ ਤਾਂ ਪ੍ਰਮੋਟ ਕਰਨ ਲੱਗ ਪਏ ਹਨ ਪਰ ਕਬੱਡੀ ਨੂੰ ਲਿਖਤੀ ਤੌਰ `ਤੇ ਰਿਕਾਰਡ ਕਰਨ ਵਾਲਿਆਂ ਵੱਲ ਅਜੇ ਉਨ੍ਹਾਂ ਦਾ ਧਿਆਨ ਨਹੀਂ ਗਿਆ। ਤਦੇ ਕਿਹਾ ਜਾਂਦਾ ਹੈ ਕਿ ਪੰਜਾਬੀ ਮੱਲਾਂ ਤਾਂ ਵੱਡੀਆਂ ਮਾਰ ਲੈਂਦੇ ਹਨ ਪਰ ਉਨ੍ਹਾਂ ਦਾ ਲਿਖਤੀ ਰਿਕਾਰਡ ਰੱਖਣ ਵੱਲੋਂ ਅਵੇਸਲੇ ਰਹਿੰਦੇ ਹਨ। ਇਹੋ ਕਾਰਨ ਹੈ ਕਿ ਅਨੇਕਾਂ ਧਨੰਤਰ ਖਿਡਾਰੀ ਤੇ ਖਰੇ ਖੇਡ ਪ੍ਰਮੋਟਰ ਥੋੜ੍ਹਚਿਰੀ ਬੱਲੇ ਬੱਲੇ ਕਰਵਾਉਣ ਪਿੱਛੋਂ ਸਾਡੇ ਚੇਤਿਆਂ `ਚੋਂ ਵਿਸਰ ਜਾਂਦੇ ਹਨ।
ਕੈਨੇਡਾ ਕਬੱਡੀ ਕੱਪ 2023
12 ਅਗਸਤ 2023 ਨੂੰ 30ਵਾਂ ਕੈਨੇਡਾ ਕਬੱਡੀ ਕੱਪ ਹੋਇਆ ਜੋ ਕਬੱਡੀ ਫੈਡਰੇਸ਼ਨ ਓਂਟਾਰੀਓ ਦੀ ਸਰਪ੍ਰਸਤੀ ਹੇਠ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਨੇਪਰੇ ਚਾੜ੍ਹਿਆ ਗਿਆ। ਉਸ ਦਿਨ ਟੋਰਾਂਟੋ ਦੇ ਕਬੱਡੀ ਪ੍ਰੇਮੀਆਂ ਦਾ ਮੁਹਾਣ ਹੈਮਿਲਟਨ ਦੇ ਇਨਡੋਰ ਸਟੇਡੀਅਮ, ਫਸਟ ਓਨਟਾਰੀਓ ਸੈਂਟਰ ਹੈਮਿਲਟਨ ਵੱਲ ਸੀ। ਗੱਡੀਆਂ ਤੇ ਜੀਪਾਂ ਵਿਚ ਕਬੱਡੀ ਦੇ ਗੀਤ ਗੂੰਜਦੇ ਜਾਂਦੇ ਸਨ, ਚੁੰਘਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ…। ਕੈਨੇਡਾ ਵਿਚ ਕਬੱਡੀ ਦੀਆਂ ਜੜ੍ਹਾਂ ਲਾਉਣ ਵਾਲੇ ਪੁਰੇਵਾਲ ਭਰਾਵਾਂ `ਚੋਂ ਗੁਰਜੀਤ ਸਿੰਘ ਪੁਰੇਵਾਲ ਵੈਨਕੂਵਰ ਤੋਂ ਰਾਤ ਦੀ ਫਲਾਈਟ ਫੜ ਕੇ ਸਾਡੇ ਕੋਲ ਬਰੈਂਪਟਨ ਪਹੁੰਚ ਚੁੱਕਾ ਸੀ। ਮੇਰਾ ਤੇ ਮੇਰੇ ਪੁੱਤਰਾਂ ਵਰਗੇ ਕਬੱਡੀ ਕੁਮੈਂਟੇਟਰ ਪ੍ਰੋ. ਮੱਖਣ ਸਿੰਘ ਹਕੀਮਪੁਰੀਏ ਦਾ ਸਾਰਥੀ ਟੋਰਾਂਟੋ-ਵਾਅਨ ਦਾ ਹੀਰਾ ਸਰਬਜੀਤ ਸਿੰਘ ਦਿਓਲ ਸੀ। ਉਹਦੀ ਗੱਡੀ ਹਵਾ ਨੂੰ ਗੰਢਾਂ ਦਿੰਦੀ ਜਾਂਦੀ ਸੀ।
ਉਂਜ ਤਾਂ ਕਬੱਡੀ ਦੇ ਬਥੇਰੇ ਕੱਪ ਹੁੰਦੇ ਹਨ ਪਰ ਕੈਨੇਡਾ ਕਬੱਡੀ ਕੱਪ ਦੀ ਸ਼ਾਨ ਨਿਰਾਲੀ ਹੈ। ਦੇਸ਼ ਵਿਦੇਸ਼ ਦੇ ਪੰਜਾਬੀ ਉਸ ਨੂੰ ‘ਕਬੱਡੀ ਦੀ ਓਲੰਪਿਕਸ’ ਹੀ ਸਮਝਦੇ ਹਨ। 1991 ਵਿਚ ਟੋਰਾਂਟੋ ਦੇ ਕਬੱਡੀ ਪ੍ਰੇਮੀਆਂ ਨੇ ਵਿਉਂਤ ਬਣਾਈ ਸੀ ਕਿ ਅਜਿਹਾ ਕੱਪ ਕਰਵਾਇਆ ਜਾਵੇ ਜਿਸ ਵਿਚ ਵਿਸ਼ਵ ਦੇ ਤਕੜੇ ਕਬੱਡੀ ਖਿਡਾਰੀਆਂ ਦੀ ਖੇਡ ਇਕੋ ਥਾਂ ਵੇਖਣ ਨੂੰ ਮਿਲੇ। ਉਦੋਂ ਪੰਜ ਹਜ਼ਾਰ ਡਾਲਰ ਦਾ ਕੱਪ ਬਣਵਾਇਆ ਗਿਆ ਤੇ ਜੇਤੂ ਟੀਮ ਨੂੰ ਦਸ ਹਜ਼ਾਰ ਡਾਲਰ ਦਾ ਇਨਾਮ ਰੱਖਿਆ ਗਿਆ। ਕੱਪ ਵੇਖਣ ਲਈ ਪੰਜ ਡਾਲਰ ਦੀ ਟਿਕਟ ਲਾਈ ਗਈ। 30ਵੇਂ ਕੈਨੇਡਾ ਕਬੱਡੀ ਕੱਪ ਤਕ ਪੁੱਜਦਿਆਂ ਕੱਪ ਵੇਖਣ ਦੀ ਟਿਕਟ 5 ਡਾਲਰ ਤੋਂ 120 ਡਾਲਰ ਦੀ ਹੋ ਗਈ। ਦਰਸ਼ਕਾਂ ਨੂੰ ਉੱਦਣ ਸਟੇਡੀਅਮ `ਚ ਬਹਿ ਕੇ ਕੱਪ ਵੇਖਣਾ ਘੱਟੋ-ਘੱਟ ਦੋ-ਦੋ ਸੌ ਡਾਲਰਾਂ `ਚ ਪਿਆ। ਫਿਰ ਵੀ ਸਟੇਡੀਅਮ ਲਗਭਗ ਭਰ ਗਿਆ। ਪ੍ਰਬੰਧਕਾਂ ਦਾ ਤਰਕ ਹੈ ਕਿ ਕੱਪ ਕਰਾਉਣ ਦੇ ਖਰਚੇ ਬਹੁਤ ਵਧ ਗਏ ਹਨ।
ਪਹਿਲਾ ਕੈਨੇਡਾ ਕਬੱਡੀ ਕੱਪ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ 8 ਅਗਸਤ 1991 ਨੂੰ `ਵਰਸਿਟੀ ਸਟੇਡੀਅਮ ਟੋਰਾਂਟੋ `ਚ ਕਰਵਾਇਆ ਸੀ ਜਿਸ ਲਈ ਕੈਨੇਡਾ, ਭਾਰਤ, ਪਾਕਿਸਤਾਨ, ਇੰਗਲੈਂਡ, ਅਮਰੀਕਾ ਤੇ ਸਕਾਟਲੈਂਡ ਦੀਆਂ ਟੀਮਾਂ ਨੂੰ ਸੱਦਿਆ ਗਿਆ। ਪਾਕਿਸਤਾਨ ਦੀ ਟੀਮ ਨੂੰ ਵੀਜ਼ਾ ਨਾ ਮਿਲਣ ਕਰਕੇ ਕੈਨੇਡਾ ਦੀਆਂ ਦੋ ਟੀਮਾਂ ਈਸਟ ਤੇ ਵੈਸਟ ਪਾ ਕੇ ਛੇ ਟੀਮਾਂ ਦੇ ਮੈਚ ਕਰਾਏ ਗਏ। ਫਾਈਨਲ ਮੈਚ ਅਮਰੀਕਾ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਹੋਇਆ ਜੋ ਅਮਰੀਕਾ ਦੀ ਟੀਮ ਜਿੱਤੀ। ਬੈਸਟ ਰੇਡਰ ਅੰਗਰੇਜ਼ ਬਿੱਲਾ ਤੇ ਬੈਸਟ ਜਾਫੀ ਸੁਖਵਿੰਦਰ ਨੇਕੀ ਐਲਾਨੇ ਗਏ।
1995 ਦਾ ਕੈਨੇਡਾ ਕੱਪ ਜਿਸ ਨੂੰ ਆਲਮੀ ਕਬੱਡੀ ਚੈਂਪੀਅਨਸ਼ਿਪ ਦਾ ਨਾਂ ਦਿੱਤਾ ਗਿਆ ਕੈਨੇਡਾ ਕਬੱਡੀ ਕੱਪਾਂ ਦੇ ਇਤਿਹਾਸ ਵਿਚ ਮੀਲ ਪੱਥਰ ਹੈ। ਉਹ ਕੌਪਿਸ ਕੋਲੀਜ਼ੀਅਮ ਹੈਮਿਲਟਨ ਵਿਚ ਕਰਵਾਇਆ ਗਿਆ ਜਿਸ ਨੂੰ ਚੌਦਾਂ ਹਜ਼ਾਰ ਦਰਸ਼ਕਾਂ ਨੇ ਵੇਖਿਆ। ਫਾਈਨਲ ਮੈਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਹੋਇਆ ਜੋ ਭਾਰਤ ਦੀ ਟੀਮ ਨੇ ਜਿੱਤਿਆ। ਬੈਸਟ ਧਾਵੀ ਹਰਜੀਤ ਬਾਜਾਖਾਨਾ ਤੇ ਬੈਸਟ ਜਾਫੀ ਜਗਤਾਰ ਧਨੌਲਾ ਨਿਕਲੇ। ਇਹ ਕੱਪ ਤਿੰਨ ਕਲੱਬਾਂ, ਓਂਟਾਰੀਓ ਕਬੱਡੀ ਕਲੱਬ, ਸ਼ੇਰੇ ਪੰਜਾਬ ਸਪੋਰਟਸ ਤੇ ਦੇਸ਼ ਭਗਤ ਸਪੋਰਟਸ ਕਲੱਬ ਨੇ ਰਲ ਮਿਲ ਕੇ ਕਰਵਾਇਆ ਸੀ। ਉਦੋਂ ਮੈਂ ਤੇ ਦਾਰਾ ਸਿੰਘ ਗਰੇਵਾਲ ਕੇਵਲ ਦੋ ਕੁਮੈਂਟੇਟਰ ਸਾਂ। 30ਵੇਂ ਕੱਪ ਤਕ ਪੁੱਜਦਿਆਂ ਕੁਮੈਂਟਰੀ ਕਰਨ ਵਾਲੇ ਅੱਧੀ ਦਰਜਨ ਤੋਂ ਵੀ ਵਧ ਗਏ। ਕੁਮੈਂਟੇਟਰਾਂ ਦੀ ਫੁਲਵਾੜੀ `ਚ ਹੁਣ ਦਰਜਨਾਂ ਫੁੱਲ ਟਹਿਕ ਰਹੇ ਹਨ।
29ਵਾਂ ਕੈਨੇਡਾ ਕਬੱਡੀ ਕੱਪ 2022 ਵਿਚ ਚਾਰ ਸਾਲਾਂ ਦੇ ਵਕਫ਼ੇ ਬਾਅਦ ਹੋਇਆ ਸੀ। ਉਸ ਵਿਚ ਛੇ ਟੀਮਾਂ ਕੈਨੇਡਾ ਈਸਟ, ਕੈਨੇਡਾ ਵੈਸਟ, ਯੂਐਸਏ, ਯੂਰਪ, ਪੰਜਾਬ ਇੰਡੀਆ ਤੇ ਇੰਗਲੈਂਡ ਦੀਆਂ ਟੀਮਾਂ ਨੇ ਭਾਗ ਲਿਆ ਸੀ। ਫਾਈਨਲ ਮੈਚ ਕੈਨੇਡਾ ਈਸਟ ਤੇ ਪੰਜਾਬ ਇੰਡੀਆ ਦੀਆਂ ਟੀਮਾਂ ਵਿਚਕਾਰ ਹੋਇਆ ਸੀ ਜੋ ਕੈਨੇਡਾ ਈਸਟ ਨੇ 47-46 ਅੰਕਾਂ ਨਾਲ ਜਿੱਤਿਆ। ਬੰਟੀ ਟਿੱਬੇ ਨੂੰ 21 ਰੇਡਾਂ ਵਿਚ 21 ਅੰਕ ਲੈਣ ਕਰਕੇ ਬੈਸਟ ਧਾਵੀ ਤੇ ਫਰਿਆਦ ਅਲੀ ਨੂੰ 21 ਯਤਨਾਂ ਵਿਚ 8 ਜੱਫੇ ਲਾਉਣ ਕਰਕੇ ਬੈਸਟ ਜਾਫੀ ਐਲਾਨਿਆ ਗਿਆ ਸੀ।
30ਵੇਂ ਕਬੱਡੀ ਕੱਪ ਦੀ ਸ਼ੁਰੂਆਤ ਛੇ ਟੀਮਾਂ ਦੇ ਮਾਰਚ ਪਾਸਟ, ਖਿਡਾਰੀਆਂ ਵੱਲੋਂ ਸਹੁੰ ਚੁੱਕਣ, ਕੱਪ ਦੀ ਸਫਲਤਾ ਲਈ ਅਰਦਾਸ ਕਰਨ ਤੇ ਢੋਲ ਦੇ ਡੱਗੇ `ਤੇ ਭੰਗੜੇ ਦੀ ਧਮਕ ਨਾਲ ਸ਼ੁਰੂ ਹੋਈ। ਪਹਿਲਾ ਮੈਚ ਕੈਨੇਡਾ ਈਸਟ ਤੇ ਯੂਕੇ ਵਿਚਕਾਰ ਹੋਇਆ ਜੋ ਕੈਨੇਡਾ ਈਸਟ ਨੇ 48-32 ਅੰਕਾਂ ਨਾਲ ਜਿੱਤਿਆ। ਦੂਜਾ ਮੈਚ ਬੜਾ ਫਸਵਾਂ ਰਿਹਾ ਜਿਸ ਵਿਚ ਅਮਰੀਕਾ ਨੇ ਪਾਕਿਸਤਾਨ ਨੂੰ 37-34 ਅੰਕਾਂ ਨਾਲ ਮਸੀਂ ਹਰਾਇਆ। ਤੀਜਾ ਮੈਚ ਕੈਨੇਡਾ ਵੈਸਟ ਤੇ ਯੂਕੇ ਦੀਆਂ ਟੀਮਾਂ ਵਿਚਾਲੇ ਹੋਇਆ ਜੋ ਕੈਨੇਡਾ ਵੈਸਟ ਨੇ 39-33 ਅੰਕਾਂ ਨਾਲ ਜਿੱਤਿਆ। ਚੌਥੇ ਮੈਚ ਵਿਚ ਭਾਰਤ ਯਾਨੀ ਪੰਜਾਬ ਦੀ ਟੀਮ ਨੇ ਪਾਕਿਸਤਾਨ ਯਾਨੀ ਪੱਛਮੀ ਪੰਜਾਬ ਦੀ ਟੀਮ ਨੂੰ 39-28 ਅੰਕਾਂ ਨਾਲ ਹਰਾ ਦਿੱਤਾ। ਪਹਿਲਾ ਸੈਮੀ ਫਾਈਨਲ ਮੈਚ ਅਮਰੀਕਾ ਨੇ ਕੈਨੇਡਾ ਵੈਸਟ ਤੋਂ 44-36 ਅੰਕਾਂ ਦੇ ਫਰਕ ਨਾਲ ਜਿੱਤਿਆ। ਦੂਜੇ ਸੈਮੀ ਫਾਈਨਲ ਵਿਚ ਕੈਨੇਡਾ ਈਸਟ ਨੇ ਭਾਰਤੀ ਟੀਮ ਨੂੰ 47-43 ਅੰਕਾਂ ਨਾਲ ਹਰਾ ਦਿੱਤਾ। ਫਾਈਨਲ ਮੈਚ ਵਿਚ ਕੈਨੇਡਾ ਈਸਟ ਨੇ ਅਮਰੀਕਾ ਦੀ ਟੀਮ ਨੂੰ 53-45 ਅੰਕਾਂ ਨਾਲ ਹਰਾ ਕੇ ਦੁਬਾਰਾ ਧੰਨ ਧੰਨ ਕਰਾਈ। ਰਵੀ ਦਿਓੜਾ ਨੂੰ ਫਾਈਨਲ ਮੈਚ ਵਿਚ 24 ਅੰਕ ਲੈਣ ਕਰਕੇ ਬੈਸਟ ਧਾਵੀ ਤੇ ਰਵੀ ਸਾਹੋਕੇ ਨੂੰ 15 ਕੋਸ਼ਿਸ਼ਾਂ ਵਿਚ 3 ਜੱਫੇ ਲਾਉਣ ਕਰਕੇ ਬੈਸਟ ਜਾਫੀ ਐਲਾਨਿਆ ਗਿਆ। ਦੋਹਾਂ ਖਿਡਾਰੀਆਂ ਨੂੰ ਯਾਦਗਾਰੀ ਕੱਪਾਂ ਤੇ 5100-5100 ਡਾਲਰ ਦੇ ਨਕਦ ਇਨਾਮਾਂ ਨਾਲ ਸਨਮਾਨਿਆ ਗਿਆ। 31ਵਾਂ ਕੈਨੇਡਾ ਕੱਪ ਸੰਭਵ ਹੈ ਯੰਗ ਸਪੋਰਟਸ ਕਲੱਬ ਬਰੈਂਪਟਨ, ਟੋਰਾਂਟੋ ਦੇ ਸਕਾਈਡੋਮ ਵਿਚ ਕਰਾਵੇ ਤੇ ਟਿਕਟ ਹੋਰ ਵੀ ਮਹਿੰਗੀ ਹੋ ਜਾਵੇ।
ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਅਮਰੀਕਾ ਦੀ ਟੀਮ ਵਿਚ ਨਾ ਸਾਰੇ ਖਿਡਾਰੀ ਅਮਰੀਕੀ ਹੁੰਦੇ ਨੇ, ਨਾ ਕੈਨੇਡਾ ਦੀਆਂ ਟੀਮਾਂ `ਚ ਸਾਰੇ ਕੈਨੇਡਾ ਦੇ ਤੇ ਨਾ ਯੂਕੇ ਦੀ ਟੀਮ ਵਿਚਲੇ ਸਾਰੇ ਇੰਗਲੈਂਡੀਏ। ਵਧੇਰੇ ਖਿਡਾਰੀ ਪੰਜਾਬ ਦੇ ਹੀ ਵੱਖ ਵੱਖ ਮੁਲਕਾਂ ਦੀਆਂ ਟੀਮਾਂ ਵਿਚ ਪਾ ਕੇ ਟੀਮਾਂ ਬਰਾਬਰ ਦੀਆਂ ਬਣਾਈਆਂ ਜਾਂਦੀਆਂ ਨੇ। ਕਬੱਡੀ ਖਿਡਾਰੀਆਂ ਦੀ ਸਰਜ਼ਮੀਨ ਤਾਂ ਅਸਲ ਵਿਚ ਚੜ੍ਹਦਾ ਤੇ ਲਹਿੰਦਾ ਪੰਜਾਬ ਹੀ ਹੈ ਜਾਂ ਮਾੜਾ ਮੋਟਾ ਹਰਿਆਣਾ। ਪੱਛਮੀ ਦੇਸ਼ ਪੰਜਾਬ ਤੋਂ ਹੀ ਖਿਡਾਰੀ ਖਰੀਦਦੇ ਹਨ ਜਿਨ੍ਹਾਂ ਨਾਲ ਨਾਮਾਜ਼ਾਈ ਖਟਦੇ ਹਨ। ਵਿਦੇਸ਼ਾਂ `ਚ ਜੰਮੇ ਪੰਜਾਬੀ ਬੱਚਿਆਂ `ਚੋਂ ਕੇਵਲ ਉਂਗਲਾਂ `ਤੇ ਗਿਣਨ ਜੋਗੇ ਖਿਡਾਰੀ ਹੀ ਉੱਚ ਪਾਏ ਦੀ ਕਬੱਡੀ ਖੇਡਦੇ ਹਨ।
ਉਂਜ ਕਬੱਡੀ ਪੰਜਾਬੀਆਂ ਲਈ ਸਰੀਰਕ ਕਰਤਬਾਂ ਦੀ ਸ਼ਾਇਰੀ ਹੈ। ਇਹਦੇ ਵਿਚ ਦੀ ਉਹ ਬਹੁਤ ਕੁੱਝ ਵੇਖਦੇ ਹਨ। ਆਪਣਾ ਇਤਿਹਾਸ, ਆਪਣੀ ਸੂਰਬੀਰਤਾ, ਜਿਗਰਾ, ਸਿਰੜ, ਸਹਿਣਸ਼ੀਲਤਾ, ਦਮ ਤੇ ਆਪਣੀ ਤਾਕਤ। ਪੰਜਾਬ ਦੀ ਧਰਤੀ ਸਦੀਆਂ ਬੱਧੀ ਹਮਲਿਆਂ ਤੇ ਠੱਲ੍ਹਾਂ ਦਾ ਮੈਦਾਨ ਬਣੀ ਰਹੀ। ਪੰਜਾਬੀ ਹਮਲਾਵਰਾਂ ਨੂੰ ਡੱਕਦੇ ਰਹੇ। ਹਮਲਾਵਰ ਤਕੜਾ ਹੁੰਦਾ ਤਾਂ ਮਾਰ ਧਾੜ ਕਰ ਕੇ ਆਪਣੇ ਘਰ ਪਰਤ ਜਾਂਦਾ। ਰਾਖੇ ਤਕੜੇ ਹੁੰਦੇ ਤਾਂ ਹਮਲਾਵਰ ਮਾਰਿਆ ਜਾਂਦਾ। ਇਸੇ ਕਰਮ ਨੂੰ ਕਬੱਡੀ ਦੀ ਖੇਡ ਵਿੱਚ ਵਾਰ ਵਾਰ ਦੁਹਰਾਇਆ ਜਾਂਦੈ ਤੇ ਇਸੇ ਕਾਰਨ ਇਹ ਖੇਡ ਪੰਜਾਬੀਆਂ ਦੇ ਮਨਾਂ ਨੂੰ ਵਧੇਰੇ ਟੁੰਬਦੀ ਹੈ।
ਬਲਿਹਾਰ ਸਿੰਘ ਰੰਧਾਵੇ ਦੇ ਸ਼ਬਦਾਂ ਵਿਚ: ਹਜ਼ਾਰਾਂ ਵਰਿ੍ਹਆਂ ਦੇ ਅਥਰੇ ਲਫੇੜਿਆਂ, ਸਿਆਲਾਂ ਹੁਨਾਲਾਂ, ਮੀਹਾਂ ਝੱਖੜਾਂ ਤੇ ਪਿਆਰ ਮਜਬੂਰੀਆਂ ਨੇ ਪੰਜਾਬੀਆਂ ਦਾ ਜੋ ਸੁਭਾਅ ਬਣਾਇਆ ਦਾਇਰੇ ਵਾਲੀ ਕਬੱਡੀ ਉਹਦੇ ਅਨੁਕੂਲ ਹੈ। `ਕੱਲੇ ਨੂੰ `ਕੱਲੇ ਦਾ ਟੱਕਰਨਾ ਤੇ ਉਹ ਵੀ ਸਾਹਮਣਿਓਂ। ਹਿੱਕ ਨੂੰ ਹੱਥ ਲਾ ਕੇ ਵੰਗਾਰਨਾ। ਗੁੱਟ ਫੜ ਕੇ ਅਗਲੇ ਨੂੰ ਖੜ੍ਹਾ ਕਰ ਦੇਣਾ। ਥਾਪੀਆਂ ਮਾਰਦੇ ਵਿਰੋਧੀਆਂ ਦੀ ਭੀੜ `ਚੋਂ ਗਲੀਆਂ ਘੱਤ ਕੇ ਬੁੱਕਦਿਆਂ ਲੰਘ ਜਾਣਾ। ਦਾਬ ਦੇਂਦਿਆਂ ਦਲਾਂ ਨੂੰ ਭਾਜੜਾਂ ਪਾਉਣੀਆਂ। ਡਾਜਾਂ ਮਾਰ ਮਾਰ ਅਫੜਾ ਤਫੜੀਆਂ ਮਚਾਉਣੀਆਂ। ਹਜ਼ਾਰਾਂ ਵਰਿ੍ਹਆਂ ਦੀ ਡਗਰ `ਤੇ ਵੱਜਦੀ ਆ ਰਹੀ ਡਮਾ-ਡਮ, ਖਗਾ-ਖਗ, ਗਡਾ-ਗਡ ਤੋਂ ਬਣੀ ਹੈ ਕਬੱਡੀ।
ਜਿਵੇਂ ਢੋਲ ਦਾ ਡੱਗਾ ਨੱਚਣ ਵਾਲਿਆਂ ਦੇ ਪੱਬ ਚੁੱਕ ਦਿੰਦੈ ਉਵੇਂ ਕਬੱਡੀ ਦੀ ਕੁਮੈਂਟਰੀ ਦਰਸ਼ਕਾਂ ਨੂੰ ਪੱਬਾਂ ਭਾਰ ਕਰੀ ਰੱਖਦੀ ਹੈ। ਜਿਵੇਂ ਸਪੇਰਾ ਬੀਨ ਨਾਲ ਸੱਪ ਨੂੰ ਕੀਲ ਲੈਂਦੈ ਉਵੇਂ ਕਬੱਡੀ ਦਾ ਬੁਲਾਰਾ ਆਪਣੀ ਲੱਛੇਦਾਰ ਕੁਮੈਂਟਰੀ ਨਾਲ ਦਰਸ਼ਕਾਂ ਨੂੰ ਹਿੱਲਣ ਨਹੀਂ ਦਿੰਦਾ। ਉਹਦੇ ਲਲਕਾਰਵੇਂ, ਹੁਲਾਰਵੇਂ ਤੇ ਬਲਿਹਾਰਵੇਂ ਬੋਲ ਖੇਡ ਵਿਖਾਉਣ ਤੇ ਖੇਡ ਵੇਖਣ ਵਾਲਿਆਂ ਦੇ ਦਿਲਾਂ `ਚ ਤਰੰਗਾਂ ਛੇੜਦੇ ਉਨ੍ਹਾਂ ਦਾ ਮਨ ਪਰਚਾਈ ਰੱਖਦੇ ਹਨ। ਜਿਵੇਂ ਗੀਤ ਤੇ ਸਾਜ਼ ਦਾ ਸੰਬੰਧ ਹੈ ਕੁੱਝ ਉਸੇ ਤਰ੍ਹਾਂ ਦਾ ਰਿਸ਼ਤਾ ਕਬੱਡੀ ਤੇ ਕੁਮੈਂਟਰੀ ਦਾ ਜੁੜ ਗਿਆ ਹੈ।
ਪੰਜਾਬ ਦੇ ਕਿਸੇ ਜੁਆਨ ਨੇ ਪੱਛਮੀ ਮੁਲਕਾਂ ਦੇ ਨਜ਼ਾਰੇ ਲੈਣੇ ਹੋਣ ਤਾਂ ਨਸ਼ੇ ਪੱਤੇ ਛੱਡ ਕੇ, ਕਸਰਤਾਂ ਕਰ ਕੇ, ਕਬੱਡੀ ਦਾ ਤਕੜਾ ਖਿਡਾਰੀ ਬਣ ਕੇ, ਹਵਾਈ ਜਹਾਜ਼ਾਂ ਦਾ ਸਵਾਰ ਬਣ ਸਕਦੈ। ਪੱਲਿਓਂ ਕਿਰਾਇਆ ਖਰਚਣ ਦੀ ਥਾਂ ਜਿੰਨੀ ਵਧੀਆ ਖੇਡ ਖੇਡੇ ਉਨੇ ਵੱਧ ਡਾਲਰ ਵੀ ਕਮਾ ਸਕਦੈ। ਕਈ ਵਾਰ ਇਕੋ ਜੱਫੇ ਦੇ ਹਜ਼ਾਰਾਂ ਡਾਲਰ ਬਟੋਰ ਸਕਦੈ। ਸੋਨੀ ਸੁਨੇਤ ਨੂੰ ਦੋ ਜੱਫਿਆਂ ਦੇ ਦੋ ਲੱਖ ਰੁਪਏ ਮਿਲੇ ਸਨ। ਸਟਾਰ ਖਿਡਾਰੀ ਦਾ ਸੀਜ਼ਨ ਪੰਜਾਹ ਸੱਠ ਹਜ਼ਾਰ ਡਾਲਰ ਨੂੰ ਪੁੱਜ ਗਿਐ ਯਾਨੀ ਚਹੁੰ ਮਹੀਨਿਆਂ ਦਾ ਪੱਚੀ ਤੀਹ ਲੱਖ ਰੁਪਿਆ! ਲੱਖਾਂ ਨਹੀਂ ਕਰੋੜਾਂ ਰੁਪਏ ਨੇ ਕਬੱਡੀ `ਚ। ਖੇਡੋ ਮੁੰਡਿਓ ਖੇਡ ਕਬੱਡੀ, ਖੜ੍ਹਨਾ ਛੱਡ ਦਿਓ ਮੋੜਾਂ `ਤੇ, ਕਬੱਡੀ ਕੱਪਾਂ ਨੇ ਚਾੜ੍ਹ ਦਿੱਤੀ ਆ, ਕੌਡੀ ਹੁਣ ਕਰੋੜਾਂ `ਤੇ!
2011 ਵਿਚ ਪੰਜਾਬ ਦੇ 1000 ਤੋਂ ਵੱਧ ਖਿਡਾਰੀ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਖੇਡਣ ਹਵਾਈ ਜਹਾਜ਼ਾਂ `ਤੇ ਚੜ੍ਹੇ ਸਨ। ਦਰਜਨ ਕੁ ਕਬੱਡੀ ਕੁਮੈਂਟੇਟਰ, ਇੰਨੇ ਕੁ ਖੇਡ ਲੇਖਕ, ਰੈਫਰੀ ਤੇ ਕਬੱਡੀ ਕੋਚਾਂ ਨੇ ਪਰਵਾਸੀ ਕਬੱਡੀ ਫੈਡਰੇਸ਼ਨਾਂ ਦੇ ਸੱਦੇ ਉਤੇ ਪੱਛਮੀ ਦੇਸ਼ਾਂ ਦੀ ਸੈਰ ਕੀਤੀ। ਵਿਦੇਸ਼ਾਂ ਵਿਚ ਸੌ ਕੁ ਕਬੱਡੀ ਟੂਰਨਾਮੈਂਟ ਹੋਣ ਲੱਗ ਪਏ ਹਨ ਜਿਨ੍ਹਾਂ ਨੂੰ ਕਬੱਡੀ ਮੇਲੇ ਕਹਿਣਾ ਵਾਜਬ ਹੋਵੇਗਾ। ਮੈਂ ਆਪਣੀ ਪੁਸਤਕ ‘ਮੇਲੇ ਕਬੱਡੀ ਦੇ’ ਵਿਚ ਸੈਂਕੜੇ ਕਬੱਡੀ ਮੇਲਿਆਂ ਦੇ ਅੱਖੀਂ ਡਿੱਠੇ ਨਜ਼ਾਰੇ ਪੇਸ਼ ਕੀਤੇ ਹਨ।
ਵਧੇਰੇ ਖਿਡਾਰੀ ਕਬੱਡੀ ਖੇਡਦੇ ਹੀ ਏਸ ਲਈ ਹਨ ਕਿ ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਵੀਜ਼ਾ ਮਿਲ ਜਾਵੇਗਾ। ਉਹ ਵੀਜ਼ੇ ਨੂੰ ਹੀ ਗੋਲਡ ਮੈਡਲ ਸਮਝਦੇ ਹਨ। ਪੰਜਾਬ ਦੀ ਜੁਆਨੀ ਦਾ ਮੂੰਹ ਦੇਸ਼ ਵਿਚ ਕੁੱਝ ਕਰਨ ਦੀ ਥਾਂ ਵਿਦੇਸ਼ਾਂ ਵੱਲ ਹੈ। ਇਹੋ ਕਾਰਨ ਹੈ ਕਿ ਚੰਗੇ ਜੁੱਸਿਆਂ ਵਾਲੇ ਜੁਆਨ ਓਲੰਪਿਕ ਖੇਡਾਂ ਵਿਚਲੀਆਂ ਖੇਡਾਂ ਖੇਡਣ ਅਤੇ ਕੌਮੀ ਤੇ ਕੌਮਾਂਤਰੀ ਪੱਧਰ `ਤੇ ਮੈਡਲ ਜਿੱਤਣ ਦੀ ਥਾਂ ਕਬੱਡੀ ਵੱਲ ਉਲਰ ਗਏ ਹਨ। ਕਬੱਡੀ ਵਿਚ ਪੈਸਾ ਹੈ, ਜਹਾਜ਼ਾਂ ਦੇ ਝੂਟੇ ਹਨ ਤੇ ਵਿਦੇਸ਼ਾਂ `ਚ ਪੱਕੇ ਹੋਣ ਦੀ ਆਸ ਹੈ। ਪੰਜਾਬ ਦੀਆਂ ਦਰਜਨ ਕੁ ਕਬੱਡੀ ਅਕੈਡਮੀਆਂ ਵਿਚ ਸੈਂਕੜੇ ਖਿਡਾਰੀ ਇਸੇ ਆਸ `ਤੇ ਕਬੱਡੀ ਖੇਡਦੇ ਹਨ।
ਕਬੱਡੀ ਅਕੈਡਮੀਆਂ ਤੇ ਫੈਡਰੇਸ਼ਨਾਂ ਦਾ ਆਪੋ ਆਪਣਾ ਜੁਗਾੜ ਹੈ। ਕਿਸੇ ਦਾ ਕਿਸੇ ਵਿਦੇਸ਼ੀ ਕਲੱਬ ਨਾਲ ਤੇ ਕਿਸੇ ਦਾ ਕਿਸੇ ਕਬੱਡੀ ਫੈਡਰੇਸ਼ਨ ਨਾਲ। ਵਧੇਰੇ ਖਿਡਾਰੀ ਸੱਦਣ ਲਈ ਕਲੱਬ ਵਧੀ ਜਾਂਦੇ ਹਨ ਤੇ ਕਬੱਡੀ ਫੈਡਰੇਸ਼ਨਾਂ ਦੁਫਾੜ ਹੋ ਕੇ ਦੋ-ਦੋ ਬਣੀ ਜਾਂਦੀਆਂ ਹਨ। ਕੈਨੇਡਾ ਤੇ ਇੰਗਲੈਂਡ ਦੀਆਂ ਅੰਬੈਸੀਆਂ ਨੇ ਕਬੱਡੀ ਫੈਡਰੇਸ਼ਨਾਂ ਦੀ ਗਰੰਟੀ ਉਤੇ ਕਬੱਡੀ ਖਿਡਾਰੀਆਂ ਨੂੰ ਵੀਜ਼ੇ ਦੇਣ ਦੀ ਲਚਕ ਦਿੱਤੀ ਹੋਈ ਹੈ। ਪਰ ਜਦੋਂ ਕੋਈ ਖਿਡਾਰੀ ਕਬੱਡੀ ਖੇਡਣ ਦੀ ਥਾਂ ‘ਕਬੂਤਰ’ ਬਣ ਜਾਂਦੈ ਤਾਂ ਪੰਜਾਬੀ ਭਾਈਚਾਰੇ ਨੂੰ ਨਮੋਸ਼ੀ ਹੁੰਦੀ ਹੈ। ਕਬੱਡੀ ਨੂੰ ਡਰੱਗ ਤੇ ਕਬੂਤਰਬਾਜ਼ੀ ਦੋਹਾਂ ਤੋਂ ਬਚਾਉਣ ਦੀ ਲੋੜ ਹੈ।
ਕਬੱਡੀ ਦੇ ਬਹੁਤ ਸਾਰੇ ਖਿਡਾਰੀਆਂ ਨੂੰ ਘਾਤਕ ਡਰੱਗਾਂ ਨੇ ਡੱਸ ਲਿਆ ਹੈ। ਇਹ ਨਸ਼ੱਈ ਜ਼ਹਿਰਾਂ ਕੁਝ ਇਕਨਾਂ ਨੂੰ ਤਾਂ ਅਸਲੋਂ ਲੈ ਬੈਠੀਆਂ ਹਨ, ਜੇ ਕੋਈ ਬਾਨ੍ਹਣੂੰ ਨਾ ਬੰਨਿ੍ਹਆ ਗਿਆ ਤਾਂ ਬਾਕੀਆਂ ਨੂੰ ਵੀ ਲੈ ਬਹਿਣਗੀਆਂ। ਇਨ੍ਹਾਂ ਦਾ ਸੇਵਨ ਕਰਨ ਵਾਲੇ ਖਿਡਾਰੀ ਖੇਡ ਪਿੱਛੋਂ ਢਿੱਲੇ ਤਾਂ ਪੈਂਦੇ ਹੀ ਹਨ, ਕਈ ਨਪੁੰਸਕ ਵੀ ਹੋ ਜਾਂਦੇ ਹਨ ਤੇ ਹਾਲਤ ਇਥੋਂ ਤਕ ਪਹੁੰਚ ਗਈ ਹੈ ਕਿ ਹੁਣ ਜਾਨਾਂ ਵੀ ਖ਼ਤਰੇ ਵਿਚ ਹਨ।
ਖੇਡ ਬੰਦੇ ਦੀ ਖ਼ੂਬਸੂਰਤ ਸਰਗਰਮੀ ਹੁੰਦੀ ਹੈ। ਇਸ ਨੂੰ ਖੇਡਣ ਵਾਲਾ ਤੇ ਵੇਖਣ ਵਾਲੇ ਸਭ ਅਨੰਦ ਮਾਣਦੇ ਹਨ। ਖੇਡਾਂ ਸਿਹਤਮੰਦ ਮਨੋਰੰਜਨ ਕਰਦੀਆਂ ਹਨ ਤੇ ਮਨੁੱਖ ਨੂੰ ਮਾੜੇ ਮਨੋਰੰਜਨ ਤੋਂ ਬਚਾਉਂਦੀਆਂ ਹਨ। ਉਨ੍ਹਾਂ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜੋ ਖੇਡਾਂ ਵਰਗੀ ਖ਼ੂਬਸੂਰਤ ਸਰਗਰਮੀ ਨੂੰ ਆਪਣੇ ਸੌੜੇ ਸਿਆਸੀ ਜਾਂ ਨਿੱਜੀ ਵਣਜ ਵਪਾਰੀ ਹਿੱਤਾਂ ਲਈ ਵਰਤਦੇ ਹਨ। ਜਿਨ੍ਹਾਂ ਨੇ ਡਰੱਗ ਵੇਚਣੀ ਹੁੰਦੀ ਹੈ ਉਨ੍ਹਾਂ ਨੇ ਤਾਂ ਹਰੇਕ ਨੂੰ ਡਰੱਗ `ਤੇ ਲਾਉਣਾ ਹੀ ਹੁੰਦਾ ਹੈ ਬੇਸ਼ੱਕ ਉਹ ਖਿਡਾਰੀ ਵੀ ਕਿਉਂ ਨਾ ਹੋਣ। ਇਹ ਖਿਡਾਰੀਆਂ ਨੂੰ ਸੋਚਣਾ ਚਾਹੀਦੈ ਕਿ ਖੇਡ ਖੇਡ ਵਿਚ ਉਹ ਆਪਣੇ ਜੁੱਸਿਆਂ ਦਾ ਸੱਤਿਆਨਾਸ਼ ਨਾ ਕਰਨ ਤੇ ਮਗਰੋਂ ਮਜਬੂਰੀਆਂ ਦੇ ਬਹਾਨੇ ਨਾ ਬਣਾਉਣ। ਖੇਡ ਫੈਡਰੇਸ਼ਨਾਂ ਨੂੰ ਵੀ ਸਹੀ ਡੋਪ ਟੈਸਟਾਂ ਨਾਲ ਇਹਦਾ ਇਲਾਜ ਲੱਭਣਾ ਚਾਹੀਦੈ। ਵਿਖਾਵੇ ਦੇ ਡੋਪ ਟੈਸਟਾਂ ਨਾਲ ਖਰੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦੇ ਅੱਖੀਂ ਘੱਟਾ ਨਹੀਂ ਪਾਉਣਾ ਚਾਹੀਦਾ।