ਚੰਡੀਗੜ੍ਹ: ਵਿਜੀਲੈਂਸ ਰੇਂਜ ਬਠਿੰਡਾ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬੇਨਾਮੀ ਜਾਇਦਾਦ ਤਲਾਸ਼ਣੀ ਸ਼ੁਰੂ ਕਰ ਦਿੱਤੀ ਹੈ। ਅਹਿਮ ਸੂਤਰਾਂ ਅਨੁਸਾਰ ਮਨਪ੍ਰੀਤ ਦੇ ਪੁਰਾਣੇ ਗੰਨਮੈਨ ਖ਼ਿਲਾਫ਼ ਘੇਰਾਬੰਦੀ ਕੀਤੀ ਜਾ ਰਹੀ ਹੈ ਜਿਸ ਦੀ ਸੰਪਤੀ ਦੇ ਵੇਰਵੇ ਵਿਜੀਲੈਂਸ ਨੇ ਇਕੱਠੇ ਕਰਨੇ ਸ਼ੁਰੂ ਕੀਤੇ ਹਨ। ਵਿਜੀਲੈਂਸ ਨੇ ਇਸ 12 ਸਾਲ ਪੁਰਾਣੇ ਗੰਨਮੈਨ ਦੀ ਵਪਾਰਕ, ਰਿਹਾਇਸ਼ੀ ਅਤੇ ਖੇਤੀ ਵਾਲੀ ਜਾਇਦਾਦ ਦਾ ਰਿਕਾਰਡ ਖੰਗਾਲਣਾ ਸ਼ੁਰੂ ਕੀਤਾ ਹੈ। ਬਠਿੰਡਾ ਰੇਂਜ ਨੇ ਦੋ ਪੜਤਾਲਾਂ ਵਿੱਢੀਆਂ ਹੋਈਆਂ ਹਨ ਜਿਨ੍ਹਾਂ ਵਿਚੋਂ ਇਕ ਪੜਤਾਲ ਸਾਬਕਾ ਵਿੱਤ ਮੰਤਰੀ ਬਾਦਲ ਵੱਲੋਂ ਖਰੀਦੇ ਦੋ ਰਿਹਾਇਸ਼ੀ ਪਲਾਟਾਂ ਨਾਲ ਸਬੰਧਤ ਹੈ।
ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਦੌਰਾਨ ਬਠਿੰਡਾ ਦੇ ਅਰਬਨ ਅਸਟੇਟ ਵਿਚ ਦੋ ਰਿਹਾਇਸ਼ੀ ਪਲਾਟ ਖਰੀਦੇ ਸਨ ਜਿਨ੍ਹਾਂ ਦੀ ਖ਼ਰੀਦੋ ਫ਼ਰੋਖ਼ਤ ‘ਤੇ ਵਿਜੀਲੈਂਸ ਨੇ ਸ਼ੱਕ ਖੜ੍ਹੇ ਕੀਤੇ ਹਨ। ਬਠਿੰਡਾ ਵਿਕਾਸ ਅਥਾਰਿਟੀ (ਬੀ.ਡੀ.ਏ.) ਨੇ 2018 ਵਿਚ ਬਿਨਾਂ ਨਕਸ਼ਾ ਅਪਲੋਡ ਕੀਤੇ ਪੰਜ ਪਲਾਟਾਂ ਦੀ ਬੋਲੀ ਕਰਾਈ ਸੀ ਜਿਸ ਵਿਚ ਕੋਈ ਬੋਲੀਕਾਰ ਨਹੀਂ ਆਇਆ ਸੀ। ਮੁੜ 17 ਸਤੰਬਰ 2021 ਨੂੰ ਤਿੰਨ ਪਲਾਂਟਾਂ ਦੀ ਆਨਲਾਈਨ ਬੋਲੀ ਖੋਲ੍ਹੀ ਗਈ ਜੋ ਕਿ 27 ਸਤੰਬਰ ਤੱਕ ਚੱਲਣੀ ਸੀ। ਦੋ ਰਿਹਾਇਸ਼ੀ ਪਲਾਟਾਂ ਜਿਨ੍ਹਾਂ ਦਾ ਰਕਬਾ ਹਜ਼ਾਰ ਗਜ ਅਤੇ 560 ਗਜ ਸੀ, ਦੀ ਆਨਲਾਈਨ ਬੋਲੀ ਵਿਚ ਤਿੰਨ ਵਿਅਕਤੀਆਂ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਨੇ ਹਿੱਸਾ ਲਿਆ। ਵਿਜੀਲੈਂਸ ਅਨੁਸਾਰ ਅਮਨਦੀਪ ਕਿਸੇ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦਾ ਹੈ, ਨੇ ਦੋਵੇਂ ਪਲਾਟਾਂ ਦੀ ਬੋਲੀ ਵਿਚ ਹਿੱਸਾ ਲਿਆ। ਜਦੋਂ ਵਿਜੀਲੈਂਸ ਨੇ ਬੀ.ਡੀ.ਏ. ਦੇ ਸਰਵਰ ਦੇ ਆਈ.ਪੀ. ਐਡਰੈਸਾਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਤਿੰਨੋਂ ਬੋਲੀਕਾਰਾਂ ਨੇ ਇਕੋ ਕੰਪਿਊਟਰ ਤੋਂ ਬੋਲੀ ਦਿੱਤੀ ਹੋਈ ਸੀ। ਵਿਜੀਲੈਂਸ ਨੇ ਪਾਇਆ ਕਿ ਇਹ ਬੋਲੀ ਪੂਲ ਕਰਕੇ ਦਿੱਤੀ ਗਈ। ਬੋਲੀ ‘ਤੇ ਪਲਾਟ ਮਿਲਣ ਮਗਰੋਂ ਰਾਜੀਵ ਕੁਮਾਰ ਤੇ ਵਿਕਾਸ ਕੁਮਾਰ ਨੇ ਸਾਬਕਾ ਵਿੱਤ ਮੰਤਰੀ ਨਾਲ 30 ਸਤੰਬਰ ਨੂੰ ਦੋਵੇਂ ਪਲਾਟ ਵੇਚਣ ਦਾ ਐਗਰੀਮੈਂਟ ਵੀ ਕਰ ਲਿਆ ਅਤੇ ਬਦਲੇ ਵਿਚ ਸਾਬਕਾ ਮੰਤਰੀ ਨੇ ਕਰੀਬ ਇਕ ਕਰੋੜ ਦੀ ਅਦਾਇਗੀ ਵੀ ਦੋਵਾਂ ਦੇ ਖਾਤਿਆਂ ਵਿਚ ਕਰ ਦਿੱਤੀ।
ਵਿਜੀਲੈਂਸ ਅਨੁਸਾਰ ਰਾਜੀਵ ਤੇ ਵਿਕਾਸ ਨੇ 5 ਅਕਤੂਬਰ 2021 ਨੂੰ ਬੀ.ਡੀ.ਏ. ਕੋਲ ਮੁਢਲੀ ਕਿਸ਼ਤ ਵਜੋਂ 25 ਫ਼ੀਸਦੀ ਰਾਸ਼ੀ ਵੀ ਭਰ ਦਿੱਤੀ। ਵਿਜੀਲੈਂਸ ਨੇ ਸੁਆਲ ਖੜ੍ਹਾ ਕੀਤਾ ਹੈ ਕਿ ਰਾਜੀਵ ਅਤੇ ਵਿਕਾਸ ਨੇ ਮੁਢਲੀ ਰਾਸ਼ੀ ਭਰਨ ਤੋਂ ਪਹਿਲਾਂ ਹੀ ਸਾਬਕਾ ਵਿੱਤ ਮੰਤਰੀ ਨਾਲ ਕਿਸ ਆਧਾਰ ‘ਤੇ ਐਗਰੀਮੈਂਟ ਕੀਤਾ ਜਦੋਂ ਕਿ ਉਹ ਨਿਯਮਾਂ ਅਨੁਸਾਰ ਅਲਾਟਮੈਂਟ ਪੱਤਰ ਪ੍ਰਾਪਤ ਹੋਣ ਤੋਂ ਪਹਿਲਾਂ ਅਜਿਹਾ ਨਹੀਂ ਕਰ ਸਕਦੇ ਸਨ। ਵਿਜੀਲੈਂਸ ਨੇ ਇਹ ਵੀ ਉਂਗਲ ਉਠਾਈ ਹੈ ਕਿ ਜਦੋਂ ਬੀ.ਡੀ.ਏ. ਨੇ ਰਾਜੀਵ ਤੇ ਵਿਕਾਸ ਨੂੰ ਰਿਹਾਇਸ਼ੀ ਪਲਾਟਾਂ ਦੀ ਹਾਲੇ ਅਲਾਟਮੈਂਟ ਕੀਤੀ ਹੀ ਨਹੀਂ ਸੀ ਤਾਂ ਇਨ੍ਹਾਂ ਦੋਵਾਂ ਨੇ ਸਾਬਕਾ ਮੰਤਰੀ ਨਾਲ ਕਿਸ ਆਧਾਰ ‘ਤੇ ਐਗਰੀਮੈਂਟ ਕੀਤਾ।
ਵਿਜੀਲੈਂਸ ਵੱਲੋਂ ਬੀ.ਡੀ.ਏ. ਦੇ ਅਧਿਕਾਰੀਆਂ ਨੂੰ ਵੀ ਘੇਰੇ ਵਿਚ ਲਿਆ ਜਾ ਰਿਹਾ ਹੈ ਅਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਬੀ.ਡੀ.ਏ. ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਅਜਿਹਾ ਸੰਭਵ ਹੋਇਆ ਹੋ ਸਕਦਾ ਹੈ। ਆਉਂਦੇ ਦਿਨਾਂ ਵਿਚ ਮਨਪ੍ਰੀਤ ਖ਼ਿਲਾਫ਼ ਵਿਜੀਲੈਂਸ ਸ਼ਿਕੰਜਾ ਹੋਰ ਕਸ ਸਕਦੀ ਹੈ ਅਤੇ ਇਕ ਵਾਰ ਪੁੱਛਗਿੱਛ ਲਈ ਮਨਪ੍ਰੀਤ ਵਿਜੀਲੈਂਸ ਕੋਲ ਪੇਸ਼ ਵੀ ਹੋ ਚੁੱਕੇ ਹਨ।