ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
‘ਭਾਰਤ ਜਲਾਓ ਹਕੂਮਤ’ ਨੇ ਮਨੀਪੁਰ ਤੋਂ ਬਾਅਦ ਹਰਿਆਣਾ-ਰਾਜਸਥਾਨ-ਯੂ.ਪੀ. ਦੇ ਸਰਹੱਦੀ ਖੇਤਰ ਮੇਵਾਤ `ਚ ਫਿਰਕੂ ਅੱਗ ਲਾ ਦਿੱਤੀ ਹੈ। ਸੰਘ ਬ੍ਰਿਗੇਡ ਦੀ ਖ਼ਸਲਤ ਦੇ ਭੇਤੀ ਜਾਗਰੂਕ ਹਿੱਸਿਆਂ ਦਾ ਖ਼ਦਸ਼ਾ ਸੱਚ ਸਾਬਤ ਹੋਇਆ ਹੈ ਕਿ 2024 `ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਕੁਝ ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ ਪਤਾ ਨਹੀਂ ਕਿਸ-ਕਿਸ ਰਾਜ ਨੂੰ ਮਨੀਪੁਰ ਵਰਗੇ ਹਾਲਾਤ ਦੇਖਣੇ ਪੈਣ।
ਨੂਹ ਤੇ ਗੁੜਗਾਓਂ ਜ਼ਿਲਿ੍ਹਆਂ `ਚ ਫਿਰਕੂ ਝੜਪਾਂ `ਚ 6 ਵਿਅਕਤੀ ਮਾਰੇ ਗਏ ਅਤੇ ਵੱਡੇ ਪੈਮਾਨੇ `ਤੇ ਸਾੜ-ਫੂਕ ਹੋਈ ਹੈ। ਗੁੜਗਾਓਂ `ਚ ਮੁਸਲਮਾਨਾਂ ਦੀਆਂ 60 ਦੁਕਾਨਾਂ ਸਾੜ ਦਿੱਤੀਆਂ ਗਈਆਂ। ਹਿੰਦੂ ਜਨੂਨੀਆਂ ਨੇ ਦੋ ਮਸਜਿਦਾਂ ਸਾੜ ਦਿੱਤੀਆਂ ਅਤੇ ਇਕ ਮਸਜਿਦ ਉੱਪਰ ਹਮਲਾ ਕਰ ਕੇ ਨੌਜਵਾਨ ਇਮਾਮ ਨੂੰ ਕਤਲ ਕਰ ਦਿੱਤਾ ਜੋ ਭਾਈਚਾਰਕ ਏਕਤਾ ਦਾ ਪੈਗ਼ਾਮ ਦੇ ਰਿਹਾ ਸੀ। ਫਿਰਕੂ ਅੱਗ ਅਜੇ ਵੀ ਜਲ ਰਹੀ ਹੈ। ਗੁੜਗਾਓਂ, ਪਲਵਲ ਆਦਿ `ਚ ਵੀ ਭਿਆਨਕ ਹਿੰਸਾ ਭੜਕਣ ਦੀਆਂ ਖ਼ਬਰਾਂ ਹਨ। ਪੁਲਿਸ ਨੇ ਨਾਬਾਲਗ ਬੱਚਿਆਂ ਸਮੇਤ ਸੈਂਕੜੇ ਮੁਸਲਮਾਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡਾਂ ਦੇ ਪਿੰਡ ਖਾਲੀ ਹੋ ਗਏ ਤੇ ਮੁਸਲਮਾਨ ਪੁਲਿਸ ਤੋਂ ਬਚਣ ਲਈ ਇੱਧਰ ਉੱਧਰ ਚਲੇ ਗਏ ਹਨ। ਗੁੜਗਾਓਂ `ਚ ਭਗਵੇ ਦਹਿਸ਼ਤੀ ਗੈਂਗ ਮਕਾਨ ਮਾਲਕਾਂ ਨੂੰ ਡਰਾ-ਧਮਕਾ ਰਹੇ ਹਨ ਕਿ ਮੁਸਲਮਾਨ ਕਿਰਾਏਦਾਰਾਂ ਤੋਂ ਮਕਾਨ ਖਾਲੀ ਕਰਾ ਲਓ। ਪਰਵਾਸੀ ਕਿਰਤੀਆਂ ਦੀ ਸ਼ਨਾਖ਼ਤ ਕਰ ਕੇ ਮੁਸਲਮਾਨਾਂ ਨੂੰ ਕੁੱਟ-ਕੁੱਟ ਕੇ ਉੱਥੋਂ ਭਜਾਇਆ ਜਾ ਰਿਹਾ ਹੈ। ਇਸ ਦਹਿਸ਼ਤ ਨਾਲ ਸਹਿਮੇ 200 ਤੋਂ ਵਧੇਰੇ ਮੁਸਲਮਾਨ ਪਰਿਵਾਰ 2 ਅਗਸਤ ਤੱਕ ਘਰ-ਬਾਰ ਛੱਡ ਕੇ ਚਲੇ ਗਏ ਅਤੇ ਬਾਕੀ ਮੁਸਲਮਾਨ ਵੀ ਦਹਿਸ਼ਤ ਦੇ ਪ੍ਰਛਾਵੇਂ ਹੇਠ ਹਨ।
31 ਜੁਲਾਈ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਆਦਿ ਨੇ ਗੁੜਗਾਓਂ (ਸੰਘੀਆਂ ਦਾ ‘ਗੁਰੂਗ੍ਰਾਮ`) ਅਤੇ ਨੂਹ ਜ਼ਿਲਿ੍ਹਆਂ ਵਿਚ ‘ਬ੍ਰਜਮੰਡਲ ਜਲ ਅਭਿਸ਼ੇਕ ਯਾਤਰਾ` ਕੱਢਣ ਦੀ ਯੋਜਨਾ ਬਣਾਈ ਤਾਂ ਜੋ ਇਸ ਬਹਾਨੇ ਮੁਸਲਮਾਨਾਂ ਨੂੰ ਭੜਕਾ ਕੇ ਉਨ੍ਹਾਂ ਉੱਪਰ ਹਮਲੇ ਕੀਤੇ ਜਾ ਸਕਣ। ਗੁੜਗਾਓਂ ਖੇਤਰ ਪਿਛਲੇ ਸਮੇਂ `ਚ ਮੁਸਲਮਾਨਾਂ ਦੇ ਜਨਤਕ ਤੌਰ `ਤੇ ਨਮਾਜ ਪੜ੍ਹਨ ਉੱਪਰ ਪਾਬੰਦੀ ਲਾਉਣ ਅਤੇ ਹਿੰਦੂਤਵੀ ਦਹਿਸ਼ਤੀ ਗਰੁੱਪਾਂ ਵੱਲੋਂ ਨਮਾਜ ਪੜ੍ਹ ਰਹੇ ਮੁਸਲਮਾਨਾਂ ਨੂੰ ਭੜਕਾਉਣ ਲਈ ਉੱਥੇ ਉੱਚੀ ਆਵਾਜ਼ `ਚ ਹਨੂਮਾਨ ਚਾਲੀਸਾ ਪੜ੍ਹਨ ਦੀਆਂ ਲਗਾਤਾਰ ਘਟਨਾਵਾਂ ਕਾਰਨ ਵੀ ਸੁਰਖ਼ੀਆਂ `ਚ ਰਿਹਾ ਹੈ। ਪ੍ਰਸ਼ਾਸਨ ਅਤੇ ਪੁਲਿਸ ਹਿੰਦੂਤਵੀ ਫਾਸ਼ੀ ਗਿਰੋਹਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਖੱਟਰ ਹਕੂਮਤ ਦੇ ਇਸ਼ਾਰੇ `ਤੇ ਮੁਸਲਮਾਨਾਂ ਉੱਪਰ ਬੰਦਸ਼ਾਂ ਲਾਉਂਦੇ ਦੇਖੇ ਗਏ। ਲਿਹਾਜ਼ਾ, ਹਿੰਦੂਤਵ ਜਥੇਬੰਦੀਆਂ ਮੁਸਲਮਾਨ ਭਾਈਚਾਰੇ ਦੇ ਨਮਾਜ ਪੜ੍ਹਨ ਦਾ ਹੱਕ ਖੋਹਣਾ ਅਤੇ ਮੁਸਲਿਮ ਇਲਾਕਿਆਂ `ਚ ਧੌਂਸ ਨਾਲ ਹਿੰਦੂ ਸੋਭਾ ਯਾਤਰਾਵਾਂ ਕੱਢਣਾ ਆਪਣਾ ਵਿਸ਼ੇਸ਼ ਅਧਿਕਾਰ ਸਮਝਦੀਆਂ ਹਨ। ਜੇ ਆਰ.ਐੱਸ.ਐੱਸ.-ਭਾਜਪਾ ਦੇ ਰਾਜ ਵਿਚ ਉਹ ਅਜਿਹੀ ਨਹੀਂ ਕਰਨਗੀਆਂ ਤਾਂ ਕਦੋਂ ਕਰਨਗੀਆਂ!
ਸੰਘ ਬ੍ਰਿਗੇਡ ਨੇ ਹਿੰਦੂ ਤਿਓਹਾਰਾਂ ਮੌਕੇ ਕੱਢੀ ਜਾਂਦੀ ‘ਸੋਭਾ ਯਾਤਰਾ` ਨੂੰ ਅਗਵਾ ਕਰ ਕੇ ਆਪਣੇ ਦੰਗਾ ਪ੍ਰੋਜੈਕਟ ਦਾ ਸੰਦ ਬਣਾ ਲਿਆ ਹੈ। ਪੂਰੇ ਮੁਲਕ ਵਿਚ ਜਿੱਥੇ ਕਿਤੇ ਵੀ ਮੁਸਲਮਾਨ ਫਿਰਕੇ ਉੱਪਰ ਹਮਲਾ ਕਰਨਾ ਹੋਵੇ, ਉਸ ਇਲਾਕੇ ਵਿਚੋਂ ਜਾਣ-ਬੁੱਝ ਕੇ ‘ਸੋਭਾ ਯਾਤਰਾ` ਕੱਢੀ ਜਾਂਦੀ ਹੈ। ਪੁਲਿਸ ਦੀ ਛਤਰ-ਛਾਇਆ ਹੇਠ ਤ੍ਰਿਸ਼ੂਲਾਂ, ਤਲਵਾਰਾਂ, ਬੰਦੂਕਾਂ ਤੇ ਹੋਰ ਹਥਿਆਰਾਂ ਦੀ ਨੁਮਾਇਸ਼, ਮੁਸਲਮਾਨਾਂ ਵਿਰੁੱਧ ਭੜਕਾਊ ਨਾਅਰੇ, ਡੀ.ਜੀ. ਲਗਾ ਕੇ ਮੁਸਲਮਾਨ ਮੁਹੱਲਿਆਂ `ਚ ਕੰਨ-ਪਾੜਵੀਂ ਆਵਾਜ਼ `ਚ ਮੁਸਲਮਾਨਾਂ ਵਿਰੁੱਧ ਉਚੇਚੇ ਤੌਰ `ਤੇ ਤਿਆਰ ਕੀਤੇ ਭੜਕਾਊ ਗੀਤਾਂ ਦਾ ਸ਼ੋਰ, ਮਸਜਿਦਾਂ ਅੱਗੇ ਗੁੰਡਾਗਰਦੀ ਅਤੇ ਮਸਜਿਦਾਂ ਵਿਚ ਧੱਕੇ ਨਾਲ ਵੜ ਕੇ ਭਗਵੇ ਝੰਡੇ ਲਹਿਰਾਉਣੇ ਇਨ੍ਹਾਂ ਕਥਿਤ ਸੋਭਾ ਯਾਤਰਾਵਾਂ ਦਾ ਸਾਂਝਾ ਪੈਟਰਨ ਹੈ। ਪਿਛਲੇ ਸਾਲ ਦਿੱਲੀ, ਯੂ.ਪੀ. ਅਤੇ ਹੋਰ ਰਾਜਾਂ ਵਿਚ ਰਾਮ ਨੌਮੀ ਮੌਕੇ ਮੁਸਲਮਾਨ ਮੁਹੱਲਿਆਂ `ਚ ਹਿੰਸਕ ਜਲੂਸ ਕੱਢ ਕੇ ਯੋਜਨਾਬੱਧ ਹਮਲੇ ਕੀਤੇ ਗਏ। ਯੂ.ਪੀ. ਵਿਚ ਕਾਂਵੜ ਯਾਤਰਾ ਨੂੰ ਵੀ ਇਹੀ ਰੂਪ ਦੇ ਦਿੱਤਾ ਗਿਆ ਹੈ, ਜਿਵੇਂ ਪਿਛਲੇ ਦਿਨੀਂ ਬਰੇਲੀ `ਚ ਵਾਪਰਿਆ।
ਫਿਰ ਤੈਅਸ਼ੁਦਾ ਸਕ੍ਰਿਪਟ ਅਨੁਸਾਰ ਅਤਿ-ਵਿਆਪਕ ਪਹੁੰਚ ਵਾਲਾ ਭਗਵਾ ਪ੍ਰਚਾਰ-ਤੰਤਰ ਅਤੇ ਦਰਬਾਰੀ ਮੀਡੀਆ ਇਨ੍ਹਾਂ ਦਹਿਸ਼ਤੀ ਹਮਲਿਆਂ ਨੂੰ ‘ਦੰਗੇ` ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਜੋ ਮੁਸਲਮਾਨਾਂ ਨੂੰ ਦੰਗਿਆਂ ਦੇ ਦੋਸ਼ੀ ਕਰਾਰ ਦੇ ਕੇ ਉਨ੍ਹਾਂ ਦੇ ਘਰਾਂ, ਦੁਕਾਨਾਂ ਤੇ ਹੋਰ ਕਾਰੋਬਾਰਾਂ ਉੱਪਰ ਬੁਲਡੋਜ਼ਰ ਚਲਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਭਵਿੱਖੀ ਹਿੰਦੂ ਰਾਸ਼ਟਰ ਦੀ ਬੇਵੱਸ ਪਰਜਾ ਦਾ ਅਹਿਸਾਸ ਕਰਾਇਆ ਜਾ ਸਕੇ। ਹਿੰਸਕ ਘਟਨਾਵਾਂ ਤੋਂ ਬਾਅਦ ਹਰਿਆਣੇ `ਚ ਖੱਟਰ ਸਰਕਾਰ ਮੁਸਲਮਾਨਾਂ ਉੱਪਰ ਬੁਲਡੋਜ਼ਰ ਚਲਾਉਣ ਲਈ ਤੁਰੰਤ ਹਰਕਤ `ਚ ਆ ਗਈ। ਹਰਿਆਣੇ `ਚ ਯੂ.ਪੀ. ਦੀ ਤਰਜ਼ `ਤੇ ਬੁਲਡੋਜ਼ਰ ਚਲਾਉਣ ਦੀ ਮੰਗ ਕਰਨ ਵਾਲਾ ਬਿੱਟੂ ਬਜਰੰਗੀ ਖ਼ੁਦ ਹਿੰਸਾ ਭੜਕਾਉਣ `ਚ ਸ਼ਾਮਿਲ ਰਿਹਾ ਹੈ ਅਤੇ ਰਾਜ ਦੇ ਗ੍ਰਹਿ ਮੰਤਰੀ ਅਨੁਸਾਰ ਮੁਸਲਮਾਨਾਂ ਦਾ ‘ਇਲਾਜ` ਬੁਲਡੋਜ਼ਰ ਹੈ। ਤਾਓਰੂ ਕਸਬੇ `ਚ 250 ਝੁੱਗੀਆਂ ਇਸ ਬਹਾਨੇ ਢਾਹ ਦਿੱਤੀਆਂ ਗਈਆਂ ਕਿ ਇਹ ਅਸਾਮ ਤੋਂ ਹਿਜਰਤ ਕਰ ਕੇ ਇੱਥੇ ਆਏ ਬੰਗਲਾਦੇਸ਼ੀ ਰੋਹਿੰਗਿਆ ਸ਼ਰਨਾਰਥੀਆਂ ਦੇ ਨਾਜਾਇਜ਼ ਕਬਜ਼ੇ ਸਨ। ਹੁਣ ਤੱਕ 753 ਤੋਂ ਵੱਧ ਘਰ-ਦੁਕਾਨਾਂ, ਸ਼ੋਅਰੂਮ, ਹੋਟਲ ਅਤੇ ਝੁੱਗੀਆਂ ਢਾਹੇ ਜਾਣ ਦੀਆਂ ਰਿਪੋਰਟਾਂ ਹਨ। ਇਨ੍ਹਾਂ ਵਿਚ ਤਿੰਨ ਮੰਜ਼ਲਾ ਸਹਾਰਾ ਹੋਟਲ ਵੀ ਸ਼ਾਮਿਲ ਹੈ ਜਿੱਥੋਂ ਕਥਿਤ ਤੌਰ `ਤੇ ਮੁਸਲਮਾਨਾਂ ਨੇ ਪਥਰਾਓ ਕੀਤਾ। ਪ੍ਰਸ਼ਾਸਨ ਅਨੁਸਾਰ ਇਹ ਨਾਜਾਇਜ਼ ਕਬਜ਼ਾਧਾਰੀ 31 ਜੁਲਾਈ ਦੀ ਹਿੰਸਾ ਵਿਚ ਸ਼ਾਮਿਲ ਸਨ। ਹਿੰਸਾ ਵਿਚ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ-ਬਜਰੰਗ ਦਲ ਦੇ ਆਗੂ ਅਤੇ ਉਨ੍ਹਾਂ ਦੀ ਅਗਵਾਈ ਵਾਲੇ ਹਜੂਮ ਵੀ ਸ਼ਾਮਿਲ ਸਨ। ਫਿਰ ਬੁਲਡੋਜ਼ਰ ਸਿਰਫ਼ ਤੇ ਸਿਰਫ਼ ਮੁਸਲਮਾਨਾਂ ਵਿਰੁੱਧ ਹੀ ਕਿਉਂ?
ਨੂਹ ਦੀ ਹਿੰਸਕ ਸਕ੍ਰਿਪਟ ਦੇ ਮੁੱਖ ਪਾਤਰ ਬਜਰੰਗ ਦਲ ਦੇ ਆਗੂ ਮੋਨੂ ਮਾਨੇਸਰ ਤੇ ਬਿੱਟੂ ਬਜਰੰਗੀ ਹਨ ਜੋ ਪਿਛਲੇ ਸਾਲਾਂ ਤੋਂ ਹਰਿਆਣੇ ਵਿਚ ਮੁਸਲਮਾਨਾਂ ਵਿਰੁੱਧ ਲਗਾਤਾਰ ਜ਼ਹਿਰੀਲੀ ਮੁਹਿੰਮ ਚਲਾ ਰਹੇ ਹਨ। ਕੁਝ ਮਹੀਨੇ ਪਹਿਲਾਂ ਮੋਨੂ ਗੈਂਗ ਨੇ ਭਰਤਪੁਰ (ਰਾਜਸਥਾਨ) ਦੇ ਦੋ ਮੁਸਲਮਾਨਾਂ ਨਾਸਿਰ ਅਤੇ ਜੁਨੈਦ ਨੂੰ ਅਗਵਾ ਕਰ ਕੇ ਜ਼ਿੰਦਾ ਸਾੜ ਦਿੱਤਾ ਸੀ। ਉਸ ਕਤਲ ਕੇਸ ‘ਚ ਪੁਲਿਸ ਨੂੰ ਮੋਨੂ ਦੀ ‘ਤਲਾਸ਼‘ ਹੈ। ਰਾਜਸਥਾਨ ਪੁਲਿਸ ਦਾ ਕਹਿਣਾ ਹੈ ਕਿ ਹਰਿਆਣਾ ਪੁਲਿਸ ਮੋਨੂ ਨੂੰ ਗ੍ਰਿਫ਼ਤਾਰ ਕਰਨ ‘ਚ ਸਹਿਯੋਗ ਨਹੀਂ ਦੇ ਰਹੀ। ਖੱਟਰ ਕਹਿੰਦਾ ਹੈ ਕਿ ਰਾਜਸਥਾਨ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਆਜ਼ਾਦ ਹੈ ਪਰ ਜਦੋਂ ਰਾਜਸਥਾਨ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਹਰਿਆਣੇ ‘ਚ ਆਈ ਤਾਂ ਮੁਕਾਮੀ ਪੁਲਿਸ ਨੇ ਰਾਜਸਥਾਨ ਦੀ ਪੁਲਿਸ ਟੀਮ ਵਿਰੁੱਧ ਹੀ ਪਰਚਾ ਦਰਜ ਕਰ ਲਿਆ। ਦਰਅਸਲ, ਇਹ ਸ਼ਖ਼ਸ ਹਰਿਆਣਾ ਦੀ ਖੱਟਰ ਸਰਕਾਰ ਦੀ ‘ਗਊ ਰਕਸ਼ਾ ਟਾਸਕ ਫੋਰਸ‘ ਦਾ ਪ੍ਰਮੁੱਖ ਚਿਹਰਾ ਹੈ ਅਤੇ ਪੁਲਿਸ ਤੇ ਗੁੰਡਿਆਂ ਦੀ ਇਹ ਕਥਿਤ ਟਾਸਕ ਫੋਰਸ ਪਸ਼ੂ ਵਪਾਰੀਆਂ ਨੂੰ ਗਊ ਤਸਕਰੀ ਦੇ ਨਾਂ ਹੇਠ ਬਲੈਕਮੇਲ ਕਰ ਕੇ ਪੈਸੇ ਬਟੋਰਨ ਅਤੇ ਮੁਸਲਮਾਨਾਂ ਨੂੰ ਦਹਿਸ਼ਤਜ਼ਦਾ ਕਰਨ ਤੇ ਹਜੂਮੀ ਕਤਲ ਕਰਨ ਲਈ ਭਾਜਪਾ ਹਕੂਮਤ ਦੀ ਰਾਜਸੀ ਪੁਸ਼ਤ-ਪਨਾਹੀ ਹੇਠ ਬਣਾਇਆ ਗੁੰਡਾ ਗਰੋਹ ਹੈ ਜਿਸ ਨੂੰ 2015 ‘ਚ ਖੱਟਰ ਸਰਕਾਰ ਵੱਲੋਂ ਬਣਾਏ ਗਊ ਹੱਤਿਆ ਵਿਰੋਧੀ ਕਾਲੇ ਕਾਨੂੰਨ ਦਾ ਸੰਵਿਧਾਨਕ ਥਾਪੜਾ ਹੈ। ਕੇਂਦਰ ਸਰਕਾਰ ਅਤੇ ਖੱਟਰ ਸਰਕਾਰ ਮੋਨੂ ਦੀ ਪਿੱਠ ‘ਤੇ ਹੋਣ ਕਾਰਨ ਕੋਈ ਵੀ ਪੁਲਿਸ ਅਧਿਕਾਰੀ ਉਸ ਨੂੰ ਹੱਥ ਨਹੀਂ ਪਾ ਰਿਹਾ, ਉਦੋਂ ਵੀ ਨਹੀਂ ਜਦੋਂ ਮਾਰੇ ਜਾਂਦੇ ਮੁਸਲਮਾਨਾਂ ਨੂੰ ਉਸ ਵੱਲੋਂ ਅਗਵਾ ਕਰਨ ਅਤੇ ਤਸੀਹੇ ਦੇਣ ਦੇ ਵੀਡੀਓ ਸਬੂਤ ਹਨ, ਤੇ ਉਦੋਂ ਵੀ ਨਹੀਂ ਜਦੋਂ ਉਹ ਵੀਡੀਓ ਜਾਰੀ ਕਰ ਕੇ ਮੁਸਲਮਾਨਾਂ ਨੂੰ ਸ਼ਰੇਆਮ ਲਲਕਾਰੇ ਮਾਰ ਕੇ ਭੜਕਾਉਂਦਾ ਤੇ ਉਕਸਾਉਂਦਾ ਹੈ। ਇਸ ਦੇ ਉਲਟ, ਉਹ ਆਹਲਾ ਪੁਲਿਸ ਅਧਿਕਾਰੀਆਂ ਹੱਥੋਂ ਸਨਮਾਨ ਚਿੰਨ੍ਹ ਅਤੇ ਸੈਲਫੀਆਂ ਲੈਂਦਾ ਦੇਖਿਆ ਜਾ ਸਕਦਾ ਹੈ। ਇਹੀ ਪੈਟਰਨ ਦਿੱਲੀ ‘ਚ ਸ਼ਾਹੀਨ ਬਾਗ਼ ਮੋਰਚੇ ਨੂੰ ਕੁਚਲਣ ਲਈ ‘ਗੋਲੀ ਮਾਰੋ ਸਾਲੋ ਕੋ‘ ਮੁਹਿੰਮ ਦੇ ਮੋਹਰੀ ਤੇ ਦੰਗਈ ਹਜੂਮ ਦੀ ਅਗਵਾਈ ਕਰਨ ਵਾਲੇ ਕਪਿਲ ਮਿਸ਼ਰਾ ਜਿਸ ਨੂੰ ਹੁਣ ਤਰੱਕੀ ਦੇ ਕੇ ਦਿੱਲੀ ਭਾਜਪਾ ਦਾ ਉੱਪ ਪ੍ਰਧਾਨ ਬਣਾਇਆ ਗਿਆ ਹੈ, ਤੇ ਦਿੱਲੀ ‘ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਉੱਪਰ ਗੋਲੀ ਚਲਾਉਣ ਵਾਲੇ ਕਪਿਲ ਗੁੱਜਰ ਦੇ ਮਾਮਲੇ ‘ਚ ਦੇਖਿਆ ਗਿਆ ਹੈ ਜਿਸ ਨੇ ਹੁਣੇ ਜਿਹੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੂੰ ਵਧਾਈ ਦੇਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਮੋਦੀ ਹਕੂਮਤ ਦੀ ਰਾਜਕੀ ਪੁਸ਼ਤਪਨਾਹੀ ਹੇਠ ਨੌ ਸਾਲਾਂ ‘ਚ ਹਿੰਦੂਤਵ ਦੀ ਨਰਸਰੀ ‘ਚ ਤਿਆਰ ਕੀਤੇ ਹਿੰਦੂਤਵੀ ਫਾਸ਼ੀ ਗਰੋਹਾਂ ਦਾ ਨਮੂਨਾ ਹੈ। ਭਾਜਪਾ ਦੀਆਂ ਸਰਕਾਰਾਂ ਵਾਲੇ ਰਾਜਾਂ ਵਿਚ ਹਿੰਦੂਤਵੀ ਗਰੁੱਪਾਂ ਦੇ ਹਿੰਸਕ ਢਾਂਚੇ ਦੇ ਵਧਾਰੇ-ਪਸਾਰੇ ਨੂੰ ਰਾਜਨੀਤਕ ਵਿਗਿਆਨੀ ਕ੍ਰਿਸਟੋਫ ਜੈਫਰਲੋ ਨੇ ‘ਡੀਪਰ ਸਟੇਟ‘ ਦਾ ਨਾਂ ਦਿੱਤਾ ਹੈ।
ਮੋਨੂ ਸੰਘ ਬ੍ਰਿਗੇਡ ਦੀ ਨਫ਼ਰਤ ਦੀ ਸਿਆਸਤ ਦਾ ਸਟਾਰ ਪ੍ਰਚਾਰਕ ਹੈ। ਫੇਸਬੁੱਕ ਉੱਪਰ ਉਸ ਦੇ 83 ਹਜ਼ਾਰ ਫਾਲੋਅਰ ਅਤੇ ਯੂਟਿਊਬ ਉੱਪਰ ਦੋ ਲੱਖ ਤੋਂ ਉੱਪਰ ਸਬਸਕ੍ਰਾਈਬਰ ਹਨ। ਉਸ ਦਾ ਮੁੱਖ ਨਿਸ਼ਾਨਾ ਨੂਹ ਜ਼ਿਲ੍ਹੇ ਦਾ ਦੇਹਾਤੀ ਖੇਤਰ ਹੈ। ਉਹ ਅਕਸਰ ਹੀ ਯੂਟਿਊਬ ਉੱਪਰ ਗਊ ਰੱਖਿਆ ਦੇ ਬਹਾਨੇ ਮੁਸਲਮਾਨਾਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਦੀਆਂ ਵੀਡੀਓ ਸ਼ੇਅਰ ਕਰਦਾ ਰਹਿੰਦਾ ਹੈ ਅਤੇ ਖੁੱਲ੍ਹੇਆਮ ਨਫ਼ਰਤ ਭੜਕਾਉਂਦਾ ਹੈ। ਜਨਵਰੀ ਮਹੀਨੇ ‘ਚ ਮੋਨੂ ਗੈਂਗ ਨੇ ਨੂਹ ਤੋਂ ਤਿੰਨ ਮੁਸਲਮਾਨਾਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੀ ਕੁੱਟਮਾਰ ਦੀ ਵੀਡੀਓ ਪਾਈ ਸੀ। ਬਾਅਦ ਵਿਚ ਉਨ੍ਹਾਂ ਵਿਚੋਂ ਇਕ ਵਾਰਿਸ ਖ਼ਾਨ ਦੀ ਲਾਸ਼ ਮਿਲੀ। ਵੀਡੀਓ ਸਬੂਤ ਦੇ ਬਾਵਜੂਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਕਤਲ ਨੂੰ ਐਕਸੀਡੈਂਟ ਕੇਸ ਬਣਾ ਕੇ ਦਬਾ ਦਿੱਤਾ। ਇਕ ਮਹੀਨੇ ਬਾਅਦ ਇਸ ਗੈਂਗ ਨੇ ਰਾਜਸਥਾਨ ਤੋਂ ਜੁਨੈਦ ਤੇ ਨਾਸਿਰ ਨੂੰ ਅਗਵਾ ਕੀਤਾ ਅਤੇ ਉਨ੍ਹਾਂ ਦੀਆਂ ਅੱਗ ਨਾਲ ਸੜੀਆਂ ਲਾਸ਼ਾਂ ਕਾਰ ਵਿਚੋਂ ਮਿਲੀਆਂ। ਸ਼ਰੇਆਮ ਕਤਲਾਂ ਲਈ ਜ਼ਿੰਮੇਵਾਰ ਦਹਿਸ਼ਤਵਾਦੀ ਗੈਂਗਸਟਰ ਨੂੰ ਬਚਾਉਣ ਲਈ ਹਿੰਦੂਤਵ ਜਥੇਬੰਦੀਆਂ ਨੇ ਮਹਾਪੰਚਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਕ ਮਹਾਪੰਚਾਇਤ ਦੇ ਪ੍ਰਬੰਧਕਾਂ ਨੇ ਤਾਂ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਜੇ ਰਾਜਸਥਾਨ ਪੁਲਿਸ ਨੇ ਮੋਨੂ ਨੂੰ ਗ੍ਰਿਫ਼ਤਾਰ ਕਰਨ ਲਈ ਮਾਨੇਸਰ ‘ਚ ਪੈਰ ਰੱਖਿਆ ਤਾਂ ਸਮਝ ਲਓ, ਸੁੱਕੇ ਵਾਪਸ ਨਹੀਂ ਜਾਓਗੇ। ਇਸ ਪੈਮਾਨੇ ‘ਤੇ ਸਰਕਾਰੀ ਪੁਸ਼ਤਪਨਾਹੀ ਅਤੇ ਸੁਰੱਖਿਆ ਮਾਣ ਰਿਹਾ ਮੋਨੂ ਜੇ ਨੂਹ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕੱਢੀ ਜਾ ਰਹੀ ‘ਜਲ ਅਭਿਸ਼ੇਕ ਯਾਤਰਾ‘ ਵਿਚ ਸ਼ਾਮਲ ਹੋਣ ਦਾ ਐਲਾਨ ਬਕਾਇਦਾ ਵੀਡੀਓ ਜਾਰੀ ਕਰ ਕੇ ਕਰਦਾ ਹੈ ਤਾਂ ਇਹ ਹੈਰਾਨੀਜਨਕ ਨਹੀਂ ਹੈ।
ਹੁਣ ਦਰਬਾਰੀ ਮੀਡੀਆ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਮੁਸਲਮਾਨਾਂ ਨੇ ਹਿੰਦੂ ਜਲੂਸ ਨੂੰ ਰੋਕਿਆ ਅਤੇ ਇਸ ਉੱਪਰ ਪਥਰਾਓ ਕੀਤਾ ਤੇ ਸੈਂਕੜੇ ਵਾਹਨ ਅੱਗ ਲਾ ਕੇ ਸਾੜ ਦਿੱਤੇ; ਇਹ ਵੀ ਕਿ ਮੋਨੂ ਤਾਂ ਉੱਥੇ ਗਿਆ ਨਹੀਂ ਜਦਕਿ ਉਹ ਉੱਥੇ ਮੌਜੂਦ ਸੀ ਅਤੇ ਲਾਈਵ ਹੋ ਕੇ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਸਬਕ ਸਿਖਾਉਣ ਲਈ ਘਰਾਂ ‘ਚੋਂ ਨਿਕਲ ਆਉਣ ਦੇ ਸੱਦੇ ਦੇ ਰਿਹਾ ਸੀ। ਬਹੁਤ ਸਾਰੇ ਨਿਊਜ਼ ਚੈਨਲਾਂ ਅਤੇ ਭਗਵੇ ਪ੍ਰਚਾਰ-ਤੰਤਰ ਨੇ ਅਫ਼ਵਾਹਾਂ ਫੈਲਾਈਆਂ ਕਿ ਹਿੰਦੂ ਮੰਦਰਾਂ ‘ਚੋਂ ਔਰਤਾਂ ਨੂੰ ਧੂਹ ਕੇ ਉਨ੍ਹਾਂ ਦੇ ਬਲਾਤਕਾਰ ਕੀਤੇ ਗਏ ਹਨ ਅਤੇ ਮੰਦਰ ਵਿਚ ਹਜ਼ਾਰਾਂ ਹਿੰਦੂ ਸ਼ਰਧਾਲੂਆਂ ਨੂੰ ਬੰਦੀ ਬਣਾਇਆ ਗਿਆ ਹੈ ਜਦਕਿ ਇਹ ਝੂਠ ਸੀ ਅਤੇ ਇਸ ਦੀ ਪੁਸ਼ਟੀ ਨਲਹਾਰ ਮਹਾਦੇਵ ਮੰਦਰ ਦੇ ਪੁਜਾਰੀ ਨੇ ਕੀਤੀ ਹੈ। ਦਰਬਾਰੀ ਮੀਡੀਆ ਇਨ੍ਹਾਂ ਅਫ਼ਵਾਹਾਂ ਫੈਲਾਉਣ ਵਾਲਿਆਂ ਬਾਰੇ ਖ਼ਾਮੋਸ਼ ਹੈ। ਉਹ ਇਸ ਬਾਰੇ ਵੀ ਖ਼ਾਮੋਸ਼ ਹੈ ਕਿ ਮੋਨੂ ਤੇ ਬਜਰੰਗੀ ਵਿਰੁੱਧ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਜਦਕਿ ਉਹ ਖੁੱਲ੍ਹੇਆਮ ਨਫ਼ਰਤ ਫੈਲਾ ਕੇ ਅਤੇ ਗੋਲੀਆਂ ਚਲਾਉਣ ਦੀਆਂ ਧਮਕੀਆਂ ਦੇ ਕੇ ਦੂਜੇ ਫਿਰਕੇ ਦੇ ਲੋਕਾਂ ਨੂੰ ਉਕਸਾ ਰਹੇ ਸਨ ਅਤੇ ਬੱਸ ਨੂੰ ਅੱਗ ਵੀ ਮੋਨੂ ਗੈਂਗ ਨੇ ਲਾਈ? ਹਿੰਦੂ ਸੋਭਾ ਯਾਤਰਾਵਾਂ ਤਾਂ ਪਹਿਲਾਂ ਵੀ ਨਿਕਲਦੀਆਂ ਰਹੀਆਂ ਹਨ ਪਰ ਮੁਸਲਮਾਨ ਫਿਰਕੇ ਨੇ ਕਦੇ ਖ਼ਲਲ ਨਹੀਂ ਸੀ ਪਾਇਆ। ਮੁਸਲਮਾਨਾਂ ਦੇ ਇਸ ਪ੍ਰਤੀਕਰਮ ਦੀ ਮੂਲ ਵਜ੍ਹਾ ਬਾਰੇ ਦਰਬਾਰੀ ਮੀਡੀਆ ਖ਼ਾਮੋਸ਼ ਹੈ ਕਿ ਇਸ ਵਾਰ ਮੋਨੂ ਤੇ ਬਿੱਟੂ ਵੱਲੋਂ ਵਾਰ-ਵਾਰ ਭੜਕਾਊ ਵੀਡੀਓ ਪਾਉਣ ਨਾਲ ਤਣਾਓ ਪੈਦਾ ਹੋਇਆ। ਮੋਨੂ ਨੇ ਨੂਹ ਦੇ ਮੁਸਲਮਾਨਾਂ ਨੂੰ ਲਲਕਾਰਿਆ ਕਿ ‘ਫੇਰ ਨਾ ਕਹਿਣਾ ਪਤਾ ਨਹੀਂ ਲੱਗਿਆ, ਤੁਹਾਡੇ ਜੀਜੇ ਤੁਹਾਡੇ ਘਰ ਆ ਰਹੇ ਹਨ, ਉਨ੍ਹਾਂ ਦਾ ਸਵਾਗਤ ਕਰਨ ਲਈ ਹਾਰ ਤਿਆਰ ਰੱਖਿਓ।‘ ਮੁਸਲਮਾਨ ਭਾਈਚਾਰੇ ਦੇ ਸੂਝਵਾਨ ਲੋਕ ਜਾਣਦੇ ਸਨ ਕਿ ਇਹ ਉਨ੍ਹਾਂ ਦੇ ਨੌਜਵਾਨਾਂ ਨੂੰ ਭੜਕਾ ਕੇ ਪੂਰੇ ਮੁਸਲਮਾਨ ਸਮਾਜ ਉੱਪਰ ਫਾਸ਼ੀਵਾਦੀ ਹਮਲਾ ਕਰਨ ਲਈ ਵਿਛਾਇਆ ਸੰਘੀ ਜਾਲ ਹੈ ਪਰ ਇਸ ਵਾਰ ਉਨ੍ਹਾਂ ਦੀਆਂ ਨੌਜਵਾਨਾਂ ਨੂੰ ਸ਼ਾਂਤ ਰਹਿਣ ਅਤੇ ਸੰਜਮ ਤੋਂ ਕੰਮ ਲੈਣ ਦੀਆਂ ਨਸੀਹਤਾਂ ਬੇਅਸਰ ਹੋ ਗਈਆਂ ਕਿਉਂਕਿ ਕੋਈ ਵੀ ਗ਼ੈਰਤਮੰਦ ਸ਼ਖਸ ਅਜਿਹੇ ਪ੍ਰਚਾਰ ਨੂੰ ਕਿੰਨਾ ਕੁ ਸਮਾਂ ਸਹਿਣ ਕਰਦਾ ਰਹੇਗਾ। ਆਖ਼ਿਰ ਸਬਰ ਜਵਾਬ ਦੇ ਹੀ ਜਾਂਦਾ ਹੈ। ਭੜਕੇ ਹੋਏ ਨੌਜਵਾਨਾਂ ਨੇ ਵੀ ਵੀਡੀਓ ਪਾ ਕੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਮੋਨੂ ਨੂੰ ਉੱਥੇ ਆਉਣ ਤੋਂ ਰੋਕਿਆ ਜਾਵੇ। ਫਿਰ ਉਨ੍ਹਾਂ ਨੇ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੋਭਾ ਯਾਤਰਾ ਦੇ ਨਾਂ ਹੇਠ ਜੁੜੇ ਦਹਿਸ਼ਤੀ ਹਜੂਮ ਤਾਂ ਪਹਿਲਾਂ ਹੀ ਹਮਲਾ ਕਰਨ ਲਈ ਬਹਾਨਾ ਭਾਲ ਰਹੇ ਸਨ। ਇੰਝ ਹਿੰਸਾ ਭੜਕ ਉੱਠੀ ਅਤੇ ਖੱਟਰ ਸਰਕਾਰ ਨੂੰ ਮੁਸਲਮਾਨਾਂ ਵਿਰੁੱਧ ਕੇਸ ਦਰਜ ਕਰਨ ਤੇ ਬੁਲਡੋਜ਼ਰ ਚਲਾਉਣ ਦਾ ਬਹਾਨਾ ਮਿਲ ਗਿਆ। ਹਰਿਆਣਾ ਪੁਲਿਸ ਵੱਲੋਂ ਹੁਣ ਸਾਜ਼ਿਸ਼ ਤੋਂ ਧਿਆਨ ਹਟਾਉਣ ਲਈ ਹਿੰਸਾ ਨਾਲ ‘ਪਾਕਿਸਤਾਨ ਕੁਨੈਕਸ਼ਨ‘ ਵੀ ਜੋੜਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਦਕਿ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੀ ਭੂਮਿਕਾ ਐਨੀ ਪ੍ਰਤੱਖ ਹੈ ਕਿ ਡਿਪਟੀ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਅਤੇ ਗੁੜਗਾਓਂ-ਨੂਹ ਜ਼ਿਲਿ੍ਹਆਂ ਤੋਂ ਭਾਜਪਾ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਹਿੰਦੂਤਵੀ ਗਰੁੱਪਾਂ ਨੂੰ ਵੀ ਹਿੰਸਾ ਦੇ ਦੋਸ਼ੀ ਕਿਹਾ ਹੈ।
ਆਰ.ਐੱਸ.ਐੱਸ. ਦੀ ਨਫ਼ਰਤ ਦੀ ਫੈਕਟਰੀ ਮੋਨੂ ਵਰਗੇ ਬੇਸ਼ੁਮਾਰ ਸੰਦ ਥੋਕ ਗਿਣਤੀ ‘ਚ ਤਿਆਰ ਕਰ ਰਹੀ ਹੈ। ਇਸੇ ਦਾ ਇਕ ਰੂਪ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਸਿਪਾਹੀ ਚੇਤਨ ਕੁਮਾਰ ਸਿੰਘ ਹੈ ਜਿਸ ਦੀ ਡਿਊਟੀ ਜੈਪੁਰ-ਮੁੰਬਈ ਸੁਪਰਫਾਸਟ ਐਕਸਪ੍ਰੈੱਸ ਟਰੇਨ ਦੀ ਸੁਰੱਖਿਆ ਗਾਰਦ ਵਿਚ ਸੀ ਅਤੇ ਜਿਸ ਨੇ ਪਿਛਲੇ ਦਿਨੀਂ ਟਰੇਨ ਦੇ ਵੱਖ-ਵੱਖ ਡੱਬਿਆਂ ‘ਚ ਸਵਾਰ ਤਿੰਨ ਮੁਸਲਮਾਨਾਂ ਨੂੰ ਬੇਕਿਰਕ ਹੋ ਕੇ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਫਿਰ ਲਾਸ਼ ਕੋਲ ਖੜ੍ਹ ਕੇ ਮੋਦੀ-ਯੋਗੀ ਦੀਆਂ ਤਾਰੀਫ਼ਾਂ ਕਰਦਾ ਭਾਸ਼ਣ ਦਿੰਦਿਆਂ ਲੋਕਾਂ ਨੂੰ ਮੁਸਲਮਾਨਾਂ ਬਾਰੇ ਕਿਹਾ ਸੀ: “ਪਾਕਿਸਤਾਨ ਸੇ ਅਪਰੇਟ ਹੂਏ ਯੇ, ਔਰ ਹਮਾਰਾ ਮੀਡੀਆ ਯੇਹੀ ਕਵਰੇਜ ਦਿਖਾ ਰਹਾ ਹੈ।… ਅਗਰ ਵੋਟ ਦੇਨਾ ਹੈ, ਅਗਰ ਹਿੰਦੁਸਤਾਨ ਮੇਂ ਰਹਨਾ ਹੈ ਤੋ ਮੈਂ ਕਹਤਾ ਹੂ ਮੋਦੀ ਔਰ ਯੋਗੀ, ਯੇ ਦੋ ਹੈਂ, ਔਰ ਆਪਕੇ ਠਾਕਰੇ।” ਉਸ ਨੇ ਸਭ ਤੋਂ ਪਹਿਲਾਂ ਆਪਣੀ ਟੁਕੜੀ ਦੇ ਇੰਚਾਰਜ ਏ.ਐੱਸ.ਆਈ. ਟੀਕਾਰਾਮ ਮੀਣਾ ਨੂੰ ਮਾਰਿਆ ਜਿਸ ਨੇ ਬਹਿਸ ਦੌਰਾਨ ਉਸ ਨੂੰ ਮੁਸਲਮਾਨਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਤੋਂ ਵਰਜਿਆ ਸੀ। ਉਹ ਮਾਨਸਿਕ ਰੋਗੀ ਨਹੀਂ ਸੀ ਜਿਵੇਂ ਹੁਕਮਰਾਨ ਧਿਰ ਤੇ ਦਰਬਾਰੀ ਮੀਡੀਆ ਪੇਸ਼ ਕਰ ਰਹੇ ਸਨ, ਉਹ ਹਿੰਦੂਤਵ ਨਾਂ ਦੇ ਵਾਇਰਸ ਦਾ ਡੰਗਿਆ ਸ਼ਖ਼ਸ ਸੀ ਜੋ ਮਨੁੱਖ ਅੰਦਰੋਂ ਇਨਸਾਨੀਅਤ ਖ਼ਤਮ ਕਰ ਕੇ ਉਸ ਨੂੰ ਹਿੰਸਕ, ਹਜੂਮੀ-ਹਤਿਆਰੇ ਬਣਾ ਦਿੰਦਾ ਹੈ। ਅਖਾਉਤੀ ‘ਹਿੰਦੂ ਧਰਮ ਸੰਸਦਾਂ’ ਦੇ ਕਰਤਾ-ਧਰਤਾ ਸਾਧ-ਸੰਤ, ਸੰਘ ਪਰਿਵਾਰ ਦੇ ਆਗੂ, ਭਾਜਪਾ ਦੇ ਯੂਟਿਊਬਰ ਤੇ ਹੋਰ ਸ਼ੋਸ਼ਲ ਮੀਡੀਆ ਤਾਣਾ-ਬਾਣਾ ਅਤੇ ਖ਼ੁਦ ਮੋਦੀ-ਅਮਿਤ ਸ਼ਾਹ ਵਰਗੇ ਛੋਟੇ-ਵੱਡੇ ਆਗੂ ਆਪਣੇ ਭਾਸ਼ਣਾਂ ਰਾਹੀਂ ਇਹ ਵਾਇਰਸ ਫੈਲਾ ਰਹੇ ਹਨ। ਆਰ.ਐੱਸ.ਐੱਸ.-ਭਾਜਪਾ ਇਸ ਤਰੀਕੇ ਨਾਲ ਹਿੰਦੂ ਰਾਸ਼ਟਰ ਦੀ ਜ਼ਮੀਨ ਤਿਆਰ ਕਰ ਰਹੀ ਹੈ ਤੇ ਚੋਣਾਂ ਲਈ ਲਾਹਾ ਲੈ ਰਹੀ ਹੈ।
ਸਪਸ਼ਟ ਹੈ ਕਿ ਸਾਜ਼ਿਸ਼ ਰਚ ਕੇ ਸ਼ਾਂਤ ਇਲਾਕੇ ‘ਚ ਫਿਰਕੂ ਟਕਰਾਅ ਪੈਦਾ ਕੀਤਾ ਗਿਆ ਤਾਂ ਜੋ ਹਿੰਦੂ ਮੁਸਲਮਾਨ ਫਿਰਕਿਆਂ ‘ਚ ਪਾੜਾ ਪਾ ਕੇ ਭਾਈਚਾਰਕ ਸਾਂਝ ਨੂੰ ਤੋੜਿਆ ਜਾ ਸਕੇ, ਬੇਭਰੋਸਗੀ ਪੈਦਾ ਕਰ ਕੇ ਫਿਰਕੂ ਪਾਲਾਬੰਦੀ ਕੀਤੀ ਜਾ ਸਕੇ ਅਤੇ ਇਸ ਮਾਹੌਲ ਨੂੰ ਭਗਵਾ ਆਧਾਰ ਮਜ਼ਬੂਤ ਕਰਨ ਤੇ ਵੋਟ ਬੈਂਕ ਪੱਕਾ ਕਰਨ ਲਈ ਵਰਤਿਆ ਜਾ ਸਕੇ। ਮੇਵਾਤ ਨੂੰ ਫਿਰਕੂ ਪਾਲਾਬੰਦੀ ਲਈ ਖ਼ਾਸ ਤੌਰ ‘ਤੇ ਚੁਣਿਆ ਗਿਆ ਹੈ ਕਿਉਂਕਿ ਇੱਥੇ ਵੱਡੀ ਗਿਣਤੀ ‘ਚ ਮੁਸਲਿਮ ਵਸੋਂ ਹੈ ਅਤੇ ਫਿਰਕੂ ਪਾਲਾਬੰਦੀ ਰਾਜਸਥਾਨ ਤੇ ਹਰਿਆਣਾ ‘ਚ ਵਿਰੋਧੀ ਧਿਰ ਦੇ ਵੋਟ ਆਧਾਰ ਨੂੰ ਖ਼ੋਰਨ ‘ਚ ਸਹਾਈ ਹੋਵੇਗੀ ਅਤੇ ਵੋਟਰਾਂ ਦਾ ਭਾਜਪਾ ਦੇ ਰਾਜ ‘ਚ ਅਵਾਮ ਦੀ ਆਰਥਕ ਬਰਬਾਦੀ ਤੇ ਵਾਅਦਾ ਖ਼ਿਲਾਫ਼ੀ ਵੱਲ ਧਿਆਨ ਵੀ ਨਹੀਂ ਜਾਵੇਗਾ। ਇਸ ਵਕਤ ਅਜਿਹਾ ਕੋਈ ਕਾਂਡ ਆਰ.ਐੱਸ.ਐੱਸ.-ਭਾਜਪਾ ਲਈ ਉਂਝ ਵੀ ਵਰਦਾਨ ਹੈ ਜੋ ਬਲਾਤਕਾਰੀ ਬ੍ਰਿਜਭੂਸ਼ਣ ਸਿੰਘ ਅਤੇ ਮਨੀਪੁਰ ਦੀ ਜਿਨਸੀ ਹਿੰਸਾ ‘ਚ ਮੋਦੀ ਹਕੂਮਤ ਨੂੰ ਜਵਾਬਦੇਹ ਬਣਾਉਂਦੇ ਸਵਾਲਾਂ ‘ਚ ਘਿਰੀ ਹੋਈ ਹੈ ਜਿਸ ਤੋਂ ਧਿਆਨ ਹਟਾਉਣ ਲਈ ਇਸ ਨੂੰ ਕਿਸੇ ਧਿਆਨ ਭਟਕਾਊ ਮੁੱਦੇ ਦੀ ਤਲਾਸ਼ ਸੀ।
ਸੰਘ ਬ੍ਰਿਗੇਡ ਮੇਵਾਤ ਨੂੰ ਦੂਜਾ ਗੁਜਰਾਤ ਬਣਾਉਣਾ ਚਾਹੁੰਦਾ ਸੀ, ਜਿਵੇਂ ਗੋਧਰਾ ਕਾਂਡ ਦੇ ਬਹਾਨੇ ਉੱਥੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ ਪਰ ਮੇਵਾਤ ਹਮਲੇ ‘ਚ ਸੰਘ ਬ੍ਰਿਗੇਡ ਨੂੰ ਆਸ ਮੁਤਾਬਿਕ ਕਾਮਯਾਬੀ ਨਹੀਂ ਮਿਲੀ। ਬੀਤੇ ਸਮਿਆਂ ‘ਚ ਜਦੋਂ ਵੀ ਕਦੇ ਮੁਲਕ ਦੇ ਹੋਰ ਹਿੱਸਿਆਂ ‘ਚ ਫਿਰਕੂ ਹਿੰਸਾ ਭੜਕੀ ਤਾਂ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਅਕਸਰ ਹੀ ਹਰਿਆਣਾ ਫਿਰਕੂ ਹਿੰਸਾ ਪੱਖੋਂ ਸ਼ਾਂਤ ਰਿਹਾ ਹੈ। ਮੇਵਾਤ ਜੰਗੇ-ਆਜ਼ਾਦੀ ‘ਚ ਇਕਜੁੱਟ ਹੋ ਕੇ ਬਰਤਾਨਵੀ ਰਾਜ ਨਾਲ ਟੱਕਰ ਲੈਣ ਅਤੇ 10000 ਸ਼ਹਾਦਤਾਂ ਦਾ ਸ਼ਾਨਾਮੱਤਾ ਇਤਿਹਾਸ ਸਿਰਜਣ ਵਾਲਾ ਇਲਾਕਾ ਹੈ। ਬਰਤਾਨਵੀ ਫ਼ੌਜ ਨੇ 19 ਨਵੰਬਰ 1857 ਨੂੰ ਰੂਪਰਾਕਾ ਪਿੰਡ ‘ਚ ਇਕ ਦਿਨ ‘ਚ ਹੀ 425 ਮੇਵਾਤੀ ਮਾਰ ਦਿੱਤੇ ਸਨ, 36 ਪਿੰਡ ਫੂਕ ਦਿੱਤੇ ਗਏ ਸਨ ਅਤੇ ਉਨ੍ਹਾਂ ਦੇ ਜ਼ਮੀਨੀ ਮਾਲਕੀ ਦੇ ਹੱਕ ਖੋਹ ਲਏ ਗਏ ਸਨ। ਇਤਿਹਾਸਕ ਕਿਸਾਨ ਅੰਦੋਲਨ ਸਮੇਂ ਵੀ ਇੱਥੋਂ ਦੇ ਲੋਕਾਂ ਨੇ ਧਰਮਾਂ ਤੋਂ ਉੱਪਰ ਉੱਠ ਕੇ ਵੱਡਾ ਯੋਗਦਾਨ ਪਾਇਆ ਸੀ। ਸੰਘ ਇਸ ਇਤਿਹਾਸ ਨੂੰ ਮਿਟਾ ਦੇਣਾ ਚਾਹੁੰਦਾ ਹੈ।
ਹਰਿਆਣੇ ‘ਚੋਂ ਭਾਈਚਾਰਕ ਸਾਂਝ ਉੱਪਰ ਜ਼ੋਰ ਦੇਣ ਦੀਆਂ ਸਾਰਥਕ ਰਿਪੋਰਟਾਂ ਆ ਰਹੀਆਂ ਹਨ। ਖਾਪ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਫਿਰਕੂ ਦਰਾੜ ਨੂੰ ਮਿਟਾਉਣ ਲਈ ਯਤਨ ਕਰ ਰਹੀਆਂ ਹਨ। ਜੀਂਦ ਵਿਚ ਸਰਵ-ਧਰਮ ਸੰਮੇਲਨ ਨੇ ‘ਹਿੰਦੂ-ਮੁਸਲਿਮ-ਸਿੱਖ-ਈਸਾਈ’ ਏਕਤਾ ਲਈ ਕੰਮ ਕਰਨ ਦਾ ਮਤਾ ਪਾਸ ਕੀਤਾ ਹੈ ਅਤੇ ਕਿਸਾਨ ਅੰਦੋਲਨ ‘ਚ ਮੇਵਾਤ ਦੇ ਅਵਾਮ ਦੀ ਯਾਦਗਾਰੀ ਭੂਮਿਕਾ ਉੱਪਰ ਮਾਣ ਮਹਿਸੂਸ ਕੀਤਾ ਹੈ। ਹੁਣ ਖਦਸ਼ਾ ਇਹ ਹੈ ਕਿ ਇਸ ਨਾਕਾਮੀ ਤੋਂ ਬਾਅਦ ਸੰਘ ਬ੍ਰਿਗੇਡ ਫਿਰਕੂ ਪਾਟਕ ਪਾਉਣ ਲਈ ਹੋਰ ਵੱਡੀ ਚਾਲ ਖੇਡ ਸਕਦਾ ਹੈ। ਇਸ ਲਈ ਸਭ ਨੂੰ ਖਬਰਦਾਰ ਹੋਣਾ ਚਾਹੀਦਾ ਹੈ।