ਵਰਿਆਮ ਸੰਧੂ, ਰਵਿੰਦਰ ਰਵੀ ਤੇ ਗੁਰਦਾਸ ਮਾਨ ਨੂੰ ਲਹਿੰਦੇ ਪੰਜਾਬ ਦਾ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ

ਲਾਹੌਰ:ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਨੇ ਸਾਲ 2022-23 ਲਈ ਪਾਕਿਸਤਾਨ ਦੇ ਚੋਟੀ ਦੇ ‘ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ` ਨਾਲ ਚੜ੍ਹਦੇ ਪੰਜਾਬ ਦੇ ਦੋ ਲੇਖਕਾਂ ਅਤੇ ਇਕ ਪੰਜਾਬੀ ਗਾਇਕ ਦਾ ਸਨਮਾਨ ਕਰਨ ਦਾ ਐਲਾਨ ਕੀਤਾ ਹੈ।ਸਨਮਾਨ ਸਮਾਗਮ 26 ਅਗਸਤ ਨੂੰ ਲਾਹੌਰ ਦੇ ਪੀ.ਆਈ.ਐੱਲ.ਏ.ਸੀ. ਆਡੀਟੋਰੀਅਮ ਵਿਚ ਹੋਵੇਗਾ।

ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀਦੇਚੇਅਰਮੈਨ ਇਲਿਆਸ ਘੁੰਮਣ ਨੇ ਦੱਸਿਆ ਕਿ ਇਹ ਪੁਰਸਕਾਰ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ, ਕਵੀ ਰਵਿੰਦਰ ਰਵੀ (ਕੈਨੇਡਾ) ਅਤੇ ਗਾਇਕ ਗੁਰਦਾਸ ਮਾਨ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲਹਿੰਦੇ ਪੰਜਾਬ ਦੇ ਮੁੱਖ ਪੰਜਾਬੀ ਲੇਖਕਾਂ, ਗਾਇਕਾਂ ਅਤੇ ਮਾਂ-ਬੋਲੀ ਪੰਜਾਬੀ ਦੇ ਸੇਵਕਾਂ ਨੂੰ ਵੀ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ ਨਾਲ ਸਨਮਾਨਤਕਰਨ ਦਾ ਐਲਾਨ ਵੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕਹਾਣੀਕਾਰ ਵਰਿਆਮ ਸਿੰਘ ਸੰਧੂ ਦਾ ਸ਼ੁਮਾਰ ਉਨ੍ਹਾਂ ਲਿਖਾਰੀਆਂ ਵਿਚ ਆਉਂਦਾ ਹੈ ਜਿਨ੍ਹਾਂ ਪੰਜਾਬੀ ਕਹਾਣੀ ਨੂੰ ਨਵਾਂ ਮੁਹਾਵਰਾ ਦੇਣ ਅਤੇ ਇਸ ਦੇ ਰਾਹ ਮੋਕਲੇ ਕਰਨ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਵੱਲੋਂ ਕਹਾਣੀ ਦੀ ਬੁਣਤੀ ਅੰਦਰ ਲਿਆਂਦੀਆਂ ਤਬਦੀਲੀਆਂ ਇਤਿਹਾਸਕ ਹੋ ਨਿੱਬੜੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਸਫਰਨਾਮਿਆਂ ਅਤੇ ਜੀਵਨੀਆਂ ਦੇ ਰੂਪ ਵਿਚ ਜੋ ਵਾਰਤਕ ਰਚਨਾਵਾਂ ਪੰਜਾਬੀ ਪਾਠਕਾਂ ਨੂੰ ਦਿੱਤੀਆਂ ਹਨ, ਉਹ ਵੀ ਆਪਣੀ ਮਿਸਾਲ ਆਪ ਬਣ ਚੁੱਕੀਆਂ ਹਨ। ਇਉਂ ਉਹ ਪੰਜਾਬੀ ਸਾਹਿਤ ਵਿਚ ਨਵੀਆਂ ਪੈੜਾਂ ਅਤੇ ਪਿਰਤਾਂ ਪਾਉਣ ਵਾਲੇ ਲਿਖਾਰੀ ਬਣਗਏ ਹਨ। ਇਸੇ ਦੌਰਾਨ ਵਰਿਆਮ ਸਿੰਘ ਸੰਧੂ ਨੇ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰਨਾਲ ਨਿਵਾਜਣ ‘ਤੇ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ ਕਮੇਟੀ ਅਤੇ ਕਮੇਟੀ ਦੇ ਚੇਅਰਮੈਨ ਇਲਿਆਸ ਘੁੰਮਣ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਕਮੇਟੀ ਦੇ ਅਜਿਹੇ ਉੱਦਮ ਦੋਵਾਂ ਪੰਜਾਬਾਂ ਦੇ ਅਦੀਬਾਂ, ਕਲਾਕਾਰਾਂ ਨੂੰ ਇੱਕ ਦੂਜੇ ਨੂੰ ਸਮਝਣ, ਪਿਆਰਨ ਅਤੇ ਇਕ ਦੂਜੇ ਦੇ ਹੋਰ ਨੇੜੇ ਲਿਆਉਣ ਵਾਲਾ ਸੁਲੱਖਣਾ ਉਪਰਾਲਾ ਹਨ। ਇਹ ਉਪਰਾਲੇ ਇਹ ਵੀ ਸਾਬਤ ਕਰਦੇ ਹਨ ਕਿ ਅਸੀਂ ਸਾਰੇ ਇੱਕ ਦੂਜੇ ਦੀ ਦੇਹ ਜਾਨ ਹਾਂ। ਸਾਡੀ ਜ਼ਬਾਨ, ਸਾਡੀ ਰਹਿਤਲ, ਸਾਡੀਆਂ ਜੜ੍ਹਾਂ ਸਾਂਝੀਆਂ ਹਨ। ‘ਉਤਲਿਆਂ` ਦੀਆਂ ਸਾਨੂੰ ਵੰਡਣ ਦੀਆਂ ਕੁਲਹਿਣੀਆਂ ਸਾਜ਼ਿਸ਼ਾਂ ਦੇ ਬਾਵਜੂਦ ਅਸੀਂ ਇੱਕ ਸਾਂ, ਇੱਕ ਹਾਂ ਤੇ ਇੱਕ ਹੀ ਰਹਾਂਗੇ ਅਤੇ ਆਸ ਕਰਦੇ ਰਹਾਂਗੇ ਕਿ ਕਦੀ ਉਹ ਵੇਲਾ ਵੀ ਆ ਜਾਵੇ ਜਦੋਂ ਅਸੀਂ ਪੂਰੇ ਮਾਣ-ਤਾਣ ਨਾਲ ਕਹਿ ਸਕੀਏ:“ਹਾਥ ਸੇ ਹਾਥ ਪਕੜੇ ਯੂੰ ਖੜ੍ਹੇ ਥੇ ਦੋਸਤ, ਕਿ ਦਰਿਆ ਕੋ ਭੀ ਗੁਜ਼ਰਨੇ ਕਾ ਰਸਤਾ ਨਾ ਮਿਲ ਸਕਾ।”
ਕੈਨੇਡਾ ਵੱਸਦੇ ਲਿਖਾਰੀ ਰਵਿੰਦਰ ਰਵੀ ਨੇ ਕਵਿਤਾ ਤੋਂ ਇਲਾਵਾ ਕਹਾਣੀ ਅਤੇ ਨਾਟਕ ਖੇਤਰ ਵਿਚ ਭਰਵੀਂ ਹਾਜ਼ਰੀ ਲੁਆਈ ਹੈ। ਆਧੁਨਿਕ ਕਦਰਾਂ-ਕੀਮਤਾਂ ਪੇਸ਼ ਕਰਨ ਵਾਲੇ ਉਹ ਅਜਿਹੇ ਲੇਖਕ ਹਨ ਜਿਨ੍ਹਾਂ ਜ਼ਿੰਦਗੀ ਦੇ ਖੂਬਸੂਰਤ ਪੱਖਾਂ ਦੀ ਮਹਿਮਾ ਕੀਤੀ ਹੈ। ਇਸੇ ਤਰ੍ਹਾਂ ਗਾਇਕ ਗੁਰਦਾਸ ਮਾਨ ਨੇ ਪੰਜਾਬੀ ਗਾਇਨ ਵਿਚ ਸਾਫ-ਸੁਥਰੀ ਅਤੇ ਸੁੱਚੀ ਗਾਇਕੀ ਨੂੰ ਬੁਲੰਦੀ ‘ਤੇ ਅਪੜਾਇਆ। ਉਨ੍ਹਾਂ ਦੀ ਗਾਇਕੀ ਵਿਚ ਪੰਜਾਬ ਧੜਕਦਾ ਸੁਣਾਈ ਦਿੰਦਾ ਹੈ।