ਹੜ੍ਹਾਂ ਦੀ ਮਾਰ: ਸਿਆਸੀ ਧਿਰਾਂ ਇਕ-ਦੂਜੇ ਦੀ ਲਾਹ-ਪਾਹ ਵਿਚ ਉਲਝੀਆਂ

ਚੰਡੀਗੜ੍ਹ: ਪੰਜਾਬ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਲੋਕਾਂ ਦੇ ਘਰਾਂ ਤੇ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਔਖੀ ਘੜੀ ਵਿਚ ਬਿਪਤਾ ਮਾਰਿਆਂ ਦੀ ਸਾਰ ਲੈਣ ਦੀ ਥਾਂ ਸਿਆਸੀ ਧਿਰਾਂ ਆਪ ਵਿਚ ਉਲਝੀਆਂ ਹੋਈਆਂ ਹਨ। ਸਿਆਸੀ ਆਗੂਆਂ ਵੱਲੋਂ ਹੜ੍ਹ ਮਾਰੇ ਇਲਾਕਿਆਂ ਵਿਚ ਗੇੜੇ ਤਾਂ ਮਾਰ ਜਾ ਰਹੇ ਹਨ ਪਰ ਆਪਣੇ ਵਿਰੋਧੀਆਂ ਨੂੰ ਭੰਡਣ ਉਤੇ ਵੱਧ ਟਿੱਲ ਲਾਇਆ ਜਾ ਰਿਹਾ ਹੈ।

ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਨੂੰ ਪਈ ਹੜ੍ਹਾਂ ਦੀ ਮਾਰ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ‘ਆਪ` `ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਅਗੇਤੇ ਪ੍ਰਬੰਧ ਕਰਨ ਸਬੰਧੀ ਜੋ ਮੀਟਿੰਗ ਜਨਵਰੀ ਮਹੀਨੇ ਵਿਚ ਹੋਣੀ ਚਾਹੀਦੀ ਸੀ, ਉਹ ਸਰਕਾਰ ਨੇ ਮਈ ਮਹੀਨੇ ਦੇ ਅਖੀਰ ਵਿਚ ਕੀਤੀ, ਪਰ ਉਦੋਂ ਤੱਕ ਕੋਈ ਵੀ ਪ੍ਰਬੰਧ ਕਰਨ ਦਾ ਸਮਾਂ ਲੰਘ ਚੁੱਕਿਆ ਸੀ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪੀੜਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, ਜਿਨ੍ਹਾਂ ਦੇ ਘਰ ਢਹਿ ਗਏ ਹਨ, ਉਨ੍ਹਾਂ ਨੂੰ 5 ਲੱਖ ਰੁਪਏ ਅਤੇ ਮਰਨ ਵਾਲਿਆਂ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ।
ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਚਾਂਦਪੁਰਾ ਬੰਨ੍ਹ ਟੁੱਟਣ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਣ ਵਾਲੇ ਬਿਆਨ ‘ਤੇ ਟਿੱਪਣੀ ਕਰਦਿਆਂ ‘ਆਪ‘ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਖੁਦ ਮਾਨਸਾ ਜ਼ਿਲ੍ਹੇ ਦੇ ਇਸ ਇਲਾਕੇ ਤੋਂ ਤਿੰਨ ਵਾਰ ਸੰਸਦ ਮੈਂਬਰ ਚੁਣੀ ਗਈ ਤੇ ਕੇਂਦਰੀ ਮੰਤਰੀ ਵੀ ਰਹੀ ਹੈ, ਜਿਸ ਦੌਰਾਨ ਉਨ੍ਹਾਂ ਚਾਂਦਪੁਰ ਬੰਨ੍ਹ ਦੀ ਮੁਰੰਮਤ ਜਾਂ ਇਸ ਨੂੰ ਹੋਰ ਸੁਰੱਖਿਅਤ ਕਰਨ ਲਈ ਇਕ ਰੁਪਏ ਦੀ ਵੀ ਗ੍ਰਾਂਟ ਜਾਰੀ ਨਹੀਂ ਕੀਤੀ। ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਹਰਸਿਮਰਤ ਬਾਦਲ ਬਠਿੰਡਾ ਤੋਂ ਲਗਭਗ ਸਵਾ 14 ਸਾਲਾਂ ਤੋਂ ਸੰਸਦ ਮੈਂਬਰ ਹਨ ਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਇਲਾਕੇ ਦੀ ਸੇਵਾ ਲਈ 75 ਕਰੋੜ ਰੁਪਏ ਦਾ ਫੰਡ ਮਿਲਿਆ ਹੈ, ਪਰ ਉਨ੍ਹਾਂ ਨੂੰ ਅੱਜ ਤੋਂ ਪਹਿਲਾਂ ਕਦੇ ਚਾਂਦਪੁਰਾ ਬੰਨ੍ਹ ਦੀ ਮਜ਼ਬੂਤੀ ਦਾ ਖਿਆਲ ਨਹੀਂ ਆਇਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫ਼ਿਰੋਜ਼ਪੁਰ ‘ਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਪੁਖਤਾ ਕਦਮ ਚੁੱਕਣ। ਉਨ੍ਹਾਂ ਆਖਿਆ ਕਿ ਸਰਕਾਰ ਲੋਕਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਿਚ ਵੀ ਅਸਫ਼ਲ ਰਹੀ ਹੈ। ਲੋਕ ਡਾਕਟਰੀ ਸਹਾਇਤਾ ਤੋਂ ਸੱਖਣੇ ਹਨ ਤੇ ਇਸ ਮੌਕੇ ਮੁੱਖ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਹਰੀ ਕੇ ਬੈਰਾਜ ਦੇ ਸਾਰੇ ਗੇਟ ‘ਆਪ‘ ਦੇ ਇਕ ਸੰਸਦ ਮੈਂਬਰ ਦੇ ਕਹਿਣ ‘ਤੇ ਖੋਲ੍ਹੇ ਗਏ ਹਨ, ਜਿਸ ਕਾਰਨ ਸਰਹੱਦੀ ਪਿੰਡਾਂ ਵਿਚ ਹੜ੍ਹ ਆਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਰੋਸ ਹੈ ਕਿ ਗਰਮੀਆਂ ਵਿਚ ਲੋੜ ਵੇਲੇ ਉਨ੍ਹਾਂ ਨੂੰ ਪਾਣੀ ਦੇਣ ਦੀ ਥਾਂ ਰਾਜਸਥਾਨ ਭੇਜ ਦਿੱਤਾ ਜਾਂਦਾ ਹੈ ਤੇ ਹੁਣ ਹੜ੍ਹਾਂ ਵੇਲੇ ਸਾਰਾ ਪਾਣੀ ਸਰਹੱਦੀ ਪਿੰਡਾਂ ਵਿੱਚ ਛੱਡ ਦਿੱਤਾ ਗਿਆ ਹੈ।