ਈ.ਟੀ.ਟੀ. ਪ੍ਰੀਖਿਆ ਵਿਚ ਪੰਜਾਬੀ ਵਿਚੋਂ 27 ਫੀਸਦੀ ਉਮੀਦਵਾਰ ਫੇਲ੍ਹ

ਚੰਡੀਗੜ੍ਹ: ਪੰਜਾਬ ਵਿਚ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕਰਨ ਵਾਸਤੇ ਲਈ ਗਈ ਈ.ਟੀ.ਟੀ. ਪ੍ਰੀਖਿਆ ਵਿਚ 27 ਫੀਸਦੀ ਉਮੀਦਵਾਰ ਪੰਜਾਬੀ ਵਿਸ਼ੇ ‘ਚ ਫੇਲ੍ਹ ਹੋ ਗਏ ਹਨ। ਇਹ ਨਤੀਜਾ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਆਪਣੀ ਵੈਬਸਾਈਟ ਰਾਹੀਂ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਈ.ਟੀ.ਟੀ. ਦੀ ਪ੍ਰੀਖਿਆ ਦੇਣ ਲਈ ਸੂਬੇ ਦੇ 22,358 ਉਮੀਦਵਾਰਾਂ ਨੇ ਫਾਰਮ ਭਰੇ ਸਨ।

ਇਸ ਵਿਚੋਂ ਕੁੱਲ 19,855 ਉਮੀਦਵਾਰ ਲਿਖਤੀ ਪ੍ਰੀਖਿਆ ਵਿਚ ਬੈਠੇ ਸਨ ਜਿਨ੍ਹਾਂ ਵਿਚੋਂ 14,360 ਉਮੀਦਵਾਰਾਂ ਨੇ 50 ਫ਼ੀਸਦ ਅੰਕ ਹਾਸਲ ਕਰਕੇ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰ ਲਈ ਹੈ ਜਦੋਂਕਿ 5,495 ਉਮੀਦਵਾਰ ਪੰਜਾਬੀ ਭਾਸ਼ਾ ਦੀ ਪਹਿਲੀ ਪ੍ਰੀਖਿਆ ਵਿਚੋਂ 50 ਫ਼ੀਸਦ ਅੰਕ ਵੀ ਹਾਸਲ ਕਰਨ ‘ਚ ਨਾਕਾਮ ਰਹੇ ਹਨ ਜਿਨ੍ਹਾਂ ਦੀ ਦਰ 27 ਫ਼ੀਸਦੀ ਬਣਦੀ ਹੈ। ਈ.ਟੀ.ਟੀ. ਦੇ ਨਤੀਜਿਆਂ ‘ਤੇ ਨਜ਼ਰ ਮਾਰਨ ‘ਤੇ ਸਾਹਮਣੇ ਆਉਂਦਾ ਹੈ ਕਿ ਪੰਜਾਬੀ ਦੀ ਪ੍ਰੀਖਿਆ ਵਿਚੋਂ ਫੇਲ੍ਹ ਹੋਣ ਵਾਲੇ 5,495 ਉਮੀਦਵਾਰਾਂ ਵਿਚੋਂ 1,666 ਉਮੀਦਵਾਰਾਂ ਦੇ ਨੰਬਰ 40 ਫ਼ੀਸਦ ਤੋਂ ਘੱਟ ਆਏ ਹਨ। ਇਸੇ ਤਰ੍ਹਾਂ 132 ਉਮੀਦਵਾਰਾਂ ਦੇ ਨੰਬਰ 30 ਫ਼ੀਸਦ ਅਤੇ 20 ਉਮੀਦਵਾਰਾਂ ਦੇ ਨੰਬਰ 25 ਤੋਂ ਵੀ ਘੱਟ ਆਏ ਹਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਲਈ ਕੱਢੀਆਂ ਜਾਣ ਵਾਲੀਆਂ ਅਸਾਮੀਆਂ ਵਿਚ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਪ੍ਰੀਖਿਆ ਵਿਚੋਂ ਘੱਟੋ-ਘੱਟ ਪੰਜਾਹ ਫ਼ੀਸਦੀ ਅੰਕ ਹਾਸਲ ਕਰਨੇ ਲਾਜ਼ਮੀ ਹਨ ਜਦੋਂਕਿ 50 ਫ਼ੀਸਦ ਅੰਕ ਹਾਸਲ ਨਾ ਕਰਨ ਵਾਲੇ ਉਮੀਦਵਾਰ ਅੱਗੇ ਈ.ਟੀ.ਟੀ. ਦੀ ਪ੍ਰੀਖਿਆ ਵਿਚ ਨਹੀਂ ਬੈਠ ਸਕਦੇ। ਇਸ ਤੋਂ ਪਹਿਲਾਂ ਵੀ ਆਬਕਾਰੀ ਤੇ ਕਰ ਇੰਸਪੈਕਟਰਾਂ ਦੀ ਭਰਤੀ ਵਾਸਤੇ ਹੋਈ ਪ੍ਰੀਖਿਆ ਵਿਚ ਵੀ 38 ਫ਼ੀਸਦ ਦੇ ਕਰੀਬ ਉਮੀਦਵਾਰ ਪੰਜਾਬੀ ਭਾਸ਼ਾ ਵਿਚੋਂ ਫੇਲ੍ਹ ਹੋ ਗਏ ਸਨ। ਇਸੇ ਤਰ੍ਹਾਂ ਅਧੀਨ ਸੇਵਾਵਾਂ ਬੋਰਡ ਵੱਲੋਂ ਸਟੈਨੋ ਟਾਈਪਿਸਟਾਂ ਦੀਆਂ ਅਸਾਮੀਆਂ ਵਾਸਤੇ ਲਈ ਗਈ ਲਿਖਤੀ ਪ੍ਰੀਖਿਆ ਵਿਚ 4627 ਉਮੀਦਵਾਰਾਂ ਵਿਚੋਂ 2038 ਉਮੀਦਵਾਰ ਪੰਜਾਬੀ ਵਿਚੋਂ ਫੇਲ੍ਹ ਹੋ ਗਏ ਸਨ।