ਮੈਂ ਗੁਰੂ ਨਾਨਕ ਬਾਰੇ ਕਿਉਂ ਲਿਖਦਾ ਹਾਂ?

ਜਸਵੰਤ ਸਿੰਘ ਜ਼ਫ਼ਰ
ਫੋਨ: +91-80540-04977
ਪੁਰਾਣੇ ਅਤੇ ਵੱਡੇ ਪੰਜਾਬ ਦੇ ਲਗਭਗ ਕੇਂਦਰ ਵਿਚ ਜਨਮੇ ਗੁਰੂ ਨਾਨਕ ਦੇਵ ਜੀ ਨੂੰ ਪੰਜਾਬ ਆਪਣਾ ਪੈਗੰਬਰ ਮੰਨਦਾ ਹੈ। ਉਨ੍ਹਾਂ ਦੀ ਮਾਨਤਾ ਬਾਬਤ ਭਾਈ ਗੁਰਦਾਸ ਦਾ ਕਥਨ ਹੈ: “ਘਰਿ ਘਰਿ ਬਾਬਾ ਗਾਵੀਐ…।” ਮੇਰੇ ਪਸੰਦੀਦਾ ਕਵੀ ਪ੍ਰੋ. ਪੂਰਨ ਸਿੰਘ ਪੰਜਾਬ ਨੂੰ ਗੁਰਾਂ ਦੇ ਨਾਂ `ਤੇ ਵਸਦਾ ਆਖਦੇ ਹਨ। ਮੈਨੂੰ ਆਪਣੇ ਭਾਈਚਾਰੇ ਦੇ ਕਿਰਦਾਰ, ਅਚਾਰ, ਵਿਹਾਰ, ਪ੍ਰਚਾਰ, ਕਾਰੋਬਾਰ ਆਦਿ ਨੂੰ ਮਹਾਨ ਬਾਬੇ ਦੀ ਸ਼ਖ਼ਸੀਅਤ ਅਤੇ ਬਾਣੀ ਨਾਲ ਤੁਲਨਾ ਕੇ ਦੇਖਣ ਦੀ ਬਾਣ ਪਈ ਹੋਈ ਹੈ। ਇਸ ਕਰ ਕੇ ਮੇਰੀ ਕਵਿਤਾ, ਵਾਰਤਕ, ਨਾਟਕ, ਫੁਟਕਲ ਲਿਖਤਾਂ ਅਤੇ ਗੱਲਾਂ-ਬਾਤਾਂ ਵਿਚ ਉਨ੍ਹਾਂ ਦਾ ਜ਼ਿਕਰ ਆਉਂਦਾ ਰਹਿੰਦਾ ਹੈ।

ਮੈਂ 1981 ਵਿਚ ਮੈਟ੍ਰਿਕ ਕਰ ਕੇ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਇਨ੍ਹਾਂ ਦਿਨਾਂ ਵਿਚ ਹੀ ਪੰਜਾਬ ਵਿਚ ਫਿਰਕੂ ਹਵਾ ਵਗਣੀ ਸ਼ੁਰੂ ਹੋਈ ਜੋ ਅਗਲੇ ਸਾਲਾਂ ਵਿਚ ਨ੍ਹੇਰੀ ਦਾ ਰੂਪ ਧਾਰ ਗਈ। 1985 ਵਿਚ ਇੰਜਨੀਅਰਿੰਗ ਕਾਲਜ ਦਾਖਲ ਹੋਇਆ ਤਦ ਤੱਕ ਸਾਕਾ ਨੀਲਾ ਤਾਰਾ ਵਾਪਰ ਚੁੱਕਾ ਸੀ। ਦਿੱਲੀ ਵਿਚ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਕਤਲੇਆਮ ਹੋ ਚੁੱਕਾ ਸੀ। ਪੰਜਾਬ ਵਿਚ ਦਹਿਸ਼ਤ ਅਤੇ ਖ਼ੂਨ ਖਰਾਬੇ ਦਾ ਦੌਰ ਪੂਰੇ ਜ਼ੋਰਾਂ `ਤੇ ਸੀ। ਮਨ ਦੁੱਖ, ਰੋਸ ਅਤੇ ਕਰੁਣਾ ਨਾਲ ਭਰਿਆ ਰਹਿੰਦਾ ਸੀ। ਇਹ ਦੁੱਖ ਕਵਿਤਾ ਦੇ ਮਾਧਿਅਮ ਰਾਹੀਂ ਕਾਗਜ਼ਾਂ `ਤੇ ਉਤਰਨ ਲੱਗਾ। ਇੰਝ ਕਵਿਤਾ ਰਾਹੀਂ ਆਪਣੀ ਵੇਦਨਾ ਸੰਵੇਦਨਾ ਸਾਂਝੀ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਇਹ ਸਮਝ ਆਇਆ ਕਿ ਸੱਤਾ ਪ੍ਰਾਪਤੀ ਜਾਂ ਸੱਤਾ `ਚ ਬਣੇ ਰਹਿਣ ਦੀ ਵਧੀ ਹੋਈ ਲਾਲਸਾ ਸਾਰੀ ਬਿਮਾਰੀ ਦੀ ਜੜ੍ਹ ਹੈ। ਪੰਜਾਬ ਅੰਦਰ ਦਹਿਸ਼ਤਗਰਦੀ ਮਜ਼ਹਬ ਨੂੰ ਬਹਾਨੇ ਵਜੋਂ ਵਰਤ ਰਹੀ ਸੀ ਅਤੇ ਸਰਕਾਰੀ ਬੰਦੋਬਸਤ ਦਹਿਸ਼ਤਗਰਦੀ ਨੂੰ ਦਬਾਉਣ ਜਾਂ ਮਿਟਾਉਣ ਦੇ ਬਹਾਨੇ ਜਬਰ-ਜ਼ੁਲਮ ਢਾਹ ਰਿਹਾ ਸੀ। ਖ਼ੂਨੀ ਘੜਮੱਸ ਚੱਲ ਰਹੀ ਸੀ ਅਤੇ ਆਮ ਲੋਕ ਦੋ ਪੁੜਾਂ ਵਿਚ ਪਿਸ ਰਹੇ ਸਨ। ਦਹਿਸ਼ਤਗਰਦੀ ਦੇ ਪਾਣੀ ਲਹਿਣ ਮਗਰੋਂ ਇਸ ਦੇ ਕਾਰਨਾਂ ਨੂੰ ਗਹਿਰਾਈ ਨਾਲ ਜਾਨਣ ਲਈ ਰੁਚਿਤ ਹੋਇਆ ਤਾਂ ਫਿਰਕਾਪ੍ਰਸਤੀ ਦੇ ਬੀਜ ਮਨੁੱਖ ਦੇ ਮਜ਼ਹਬ ਨਾਲ ਵਿਗੜੇ ਹੋਏ ਸਬੰਧਾਂ ਵਿਚੋਂ ਦਿਸੇ। ਸਿਆਸਤ ਮਜ਼ਹਬ ਦੀ ਆਤਮਾ ਨੂੰ ਮਾਰ ਕੇ ਉਸ ਦੇ ਸਰੀਰ `ਤੇ ਕਬਜ਼ਾ ਕਰ ਲੈਂਦੀ ਹੈ। ਪੈਗੰਬਰਾਂ ਦੇ ਉਦੇਸ਼ ਅਤੇ ਉਪਦੇਸ਼ ਨਾਲ ਇਨ੍ਹਾਂ ਦੇ ਪੈਰੋਕਾਰ ਅਖਵਾਉਣ ਵਾਲੇ ਲੋਕਾਂ ਦੇ ਵਾਸਤਵਿਕ ਸਬੰਧਾਂ ਦੀ ਪੁਣ-ਛਾਣ ਕਰਨ ਦੀ ਰੁਚੀ ਹੋਈ। ਇਸ ਵਾਸਤੇ ਆਪਣੇ ਨੇੜੇ ਵਿਚਰਦੇ ਹਮ-ਮਜ਼ਹਬਾਂ ਦੇ ਵਤੀਰੇ ਦਾ ਨਿਰੀਖਣ ਹੀ ਸਭ ਤੋਂ ਪ੍ਰਮਾਣਕ ਹੋ ਸਕਦਾ ਸੀ। ਸੋਚ ਦੇ ਅਜਿਹੇ ਬਿੰਦੂ ਦੁਆਲੇ ਹੀ ਕਿਤਾਬ ‘ਅਸੀਂ ਨਾਨਕ ਦੇ ਕੀ ਲਗਦੇ ਹਾਂ` ਦੀਆਂ ਬਹੁਤੀਆਂ ਕਵਿਤਾਵਾਂ ਬੁਣੀਆਂ ਗਈਆਂ।
ਸਾਖੀਆਂ ਮੁਤਾਬਿਕ ਬਾਬਾ ਨਾਨਕ ਨੇ ਬਚਪਨ ਵਿਚ ਵਿਦਿਆਲੇ ਜਾਂ ਪਾਠਸ਼ਾਲਾ ਨੂੰ ਨਾਕਾਰ ਦਿੱਤਾ ਪ੍ਰੰਤੂ ਜਵਾਨੀ ਵਿਚ ਉਨ੍ਹਾਂ ਪੰਜਾਬ ਤੋਂ ਬਾਹਰ ਚਾਰਾਂ ਦਿਸ਼ਾਵਾਂ ਵਿਚ ਪੈਦਲ ਲੰਮੀਆਂ ਯਾਤਰਾਵਾਂ ਕਰ ਕੇ ਸੁਖ਼ਨ, ਗਿਆਨ ਅਤੇ ਚਿੰਤਨ ਦੇ ਮਹੱਤਵਪੂਰਨ ਕੇਂਦਰਾਂ ਅਤੇ ਸਰੋਤਾਂ ਤੱਕ ਪਹੁੰਚ ਕੀਤੀ। ਇਨ੍ਹਾਂ ਚਾਰ ਦਿਸ਼ਾਵਾਂ ਦੀਆਂ ਚਾਰ ਉਦਾਸੀਆਂ ਦੌਰਾਨ ਉਨ੍ਹਾਂ ਨੇ ਹਿੰਦੂ ਧਰਮ ਦੇ ਮੁਖੀਆਂ ਤੇ ਵਿਦਵਾਨਾਂ ਨਾਲ ਵਿਚਾਰ ਚਰਚਾ ਕੀਤੀ। ਜੈਨੀ ਅਤੇ ਬੋਧੀ ਅਚਾਰੀਆਂ ਨਾਲ ਵਾਰਤਾਲਾਪ ਕੀਤੀ। ਜੋਗ ਮੱਤ ਵਾਲੇ ਸਿੱਧਾਂ ਨਾਲ ਗੋਸ਼ਟਿ ਹੋਈ। ਇਸਲਾਮੀ ਆਲਮਾ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਕਬੀਰ ਜੀ, ਰਵਿਦਾਸ ਜੀ, ਰਾਮਾਨੰਦ ਜੀ, ਜੈਦੇਵ ਜੀ, ਸੈਣ ਜੀ, ਪੀਪਾ ਜੀ, ਨਾਮਦੇਵ ਜੀ, ਤਰਲੋਚਨ ਜੀ, ਪਰਮਾਨੰਦ ਜੀ, ਸਧਨਾ ਜੀ ਆਦਿ ਦੀ ਬਾਣੀ ਪੰਜਾਬ ਲੈ ਕੇ ਆਏ। ਇੰਝ ਬਾਬਾ ਨਾਨਕ ਨੇ ਭਾਰਤ ਦੇ ਧੁਰ ਉੱਤਰ ਅਤੇ ਪੂਰਬ ਤੋਂ ਲੈ ਕੇ ਏਸ਼ੀਆ ਦੇ ਧੁਰ ਦੱਖਣ ਅਤੇ ਪੱਛਮ ਤੱਕ ਦੇ ਇਲਾਕਿਆਂ ਵਿਚ ਜਾ ਕੇ ਉਨ੍ਹਾਂ ਤੋਂ ਪਹਿਲੀਆਂ ਤਿੰਨ ਸਦੀਆਂ ਦੌਰਾਨ ਰਚੇ ਗਏ ਗੁਰਮਤਿ ਕਾਵਿ ਅਤੇ ਗਿਆਨ ਨੂੰ ਇਕੱਠਾ ਕਰ ਕੇ ਪੰਜਾਬ ਨੂੰ ਇਸ ਦਾ ਮਿਲਣ ਬਿੰਦੂ ਬਣਾ ਦਿੱਤਾ। ਉਨ੍ਹਾਂ ਨੇ ਵਿਦਿਆ, ਗਿਆਨ, ਚਿੰਤਨ ਅਤੇ ਸੰਵਾਦ ਨੂੰ ਬਹੁਤ ਉਚਿਆਇਆ। ਉਨ੍ਹਾਂ ਦੁਆਰਾ ਇਕੱਠੇ ਕੀਤੇ ਅਤੇ ਪ੍ਰਸਤੁਤ ਕੀਤੇ ਗਏ ਗੁਰਮਤਿ ਗਿਆਨ ਨੂੰ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਵਿਚ ਦਰਜ ਕੀਤਾ। ਪੰਜਾਬ ਦੇ ਕੇਂਦਰੀ ਇਲਾਕੇ ਵਿਚ ਇਕ ਵਿਸ਼ਾਲ ਅਤੇ ਖ਼ੂਬਸੂਰਤ ਜਲ ਭੰਡਾਰ (ਸਰੋਵਰ) ਦੇ ਕੇਂਦਰ ਵਿਚ ਖ਼ੂਬਸੂਰਤ ਮੰਦਰ (ਇਮਾਰਤ) ਉਸਾਰ ਕੇ ਉਸ ਦੇ ਐਨ ਕੇਂਦਰ ਵਿਚ ਇਸ ਗ੍ਰੰਥ ਨੂੰ ਸੁਸ਼ੋਭਿਤ ਕੀਤਾ। ਜੇ ਹੁਣ ਗਿਆਨ, ਚਿੰਤਨ ਅਤੇ ਸੰਵਾਦ ਗੁਰਾਂ ਦੇ ਨਾਂ `ਤੇ ਵਸਦਾ ਕਿਹਾ ਜਾਣ ਵਾਲੇ ਪੰਜਾਬ ਦੇ ਵਾਸੀਆਂ ਦੀ ਜੀਵਨ ਸ਼ੈਲੀ ਦਾ ਕੇਂਦਰ ਨਹੀਂ ਤਾਂ ਸਾਥੋਂ ਇਹ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਅਸੀਂ ਨਾਨਕ ਦੇ ਕੀ ਲਗਦੇ ਹਾਂ।
ਹੋਰ ਤਾਂ ਹੋਰ ਗੁਰੂ ਨਾਨਕ ਦੇ ਨਾਂ `ਤੇ ਖੁੱਲ੍ਹੀਆਂ ਵਿਦਿਅਕ ਸੰਸਥਾਵਾਂ ਵੀ ਸਾਨੂੰ ਗੁਰੂ ਨਾਨਕ ਦੇ ਕੁਝ ਲੱਗਣ ਨਹੀਂ ਲਾਉਂਦੀਆਂ। ਪਿਛਲੇ ਕੁਝ ਦਹਾਕਿਆਂ ਤੋਂ ‘ਸਿੱਖੀ ਪ੍ਰਚਾਰਕਾਂ` ਵੱਲੋਂ ਗੁਰੂ ਨਾਨਕ ਬਾਣੀ ਨੂੰ ਬਹੁਤ ਵਿਗਿਆਨਕ ਹੋਣ ਦੇ ਦਾਅਵੇ ਕੀਤੇ ਜਾ ਰਹੇੇ ਹਨ। ਇਸ ਲਿਹਾਜ਼ ਨਾਲ ਤਾਂ ਕੁਦਰਤੀ ਭੇਤਾਂ ਪ੍ਰਤੀ ਜਗਿਆਸਾ ਰੱਖਣ ਵਾਲੇ ਅਤੇ ਉਨ੍ਹਾਂ ਸਚਾਈਆਂ ਦੀ ਖੋਜ ਕਰਨ ਵਾਲੇ ਵਿਗਿਆਨੀ ਗੁਰੂ ਦੇ ਸਿੱਖ ਅਖਵਾਉਣ ਦੇ ਅਧਿਕਾਰੀ ਹਨ, ਕੋਈ ਹੋਰ ਨਹੀਂ। ਗੁਰੂ ਨਾਨਕ ਦੇ ਪੈਰੋਕਾਰ ਹੋਣ ਦਾ ਦਾਅਵਾ ਜਾਂ ਦਿਖਾਵਾ ਕਰਨ ਵਾਲੇ ਪ੍ਰਚਾਰਕਾਂ ਵਿਚੋਂ ਕਿਸੇ ਨੇ ਵਿਗਿਆਨਕ ਖੋਜਾਂ ਦੇ ਖੇਤਰ ਵਿਚ ਕੌਮਾਂਤਰੀ ਪੱਧਰ ਦੀ ਕੋਈ ਮੱਲ ਨਹੀਂ ਮਾਰੀ।
ਨਿੱਕੇ ਹੁੰਦਿਆਂ ਮੈਂ ਆਪਣੇ ਘਰਦਿਆਂ ਨਾਲ ਜਾ-ਜਾ ਕੇ ਢਾਡੀਆਂ, ਕਵੀਸ਼ਰਾਂ ਦੁਆਰਾ ਕੀਤੇ ਜਾਂਦੇ ਸਿੱਖੀ ਪ੍ਰਚਾਰ ਨੂੰ ਬਹੁਤ ਸੁਣਿਆ। ਇਨ੍ਹਾਂ ਦੀਆਂ ਗੱਲਾਂ ਵਿਚ ਦੂਸਰੇ ਮਜ਼ਹਬਾਂ ਦੇ ਲੋਕਾਂ ਅਤੇ ਵਿਸ਼ਵਾਸਾਂ ਪ੍ਰਤੀ ਲਹਿਜਾ ਟਿੱਚਰੀ ਜਾਂ ਨਫ਼ਰਤੀ ਹੁੰਦਾ ਸੀ। ਥੋੜ੍ਹਾ ਵੱਡੇ ਹੋ ਕੇ ਗੁਰੂ ਨਾਨਕ ਬਾਣੀ ਨੂੰ ਸਮਝਣ ਦੀ ਰੁਚੀ ਹੋਈ ਤਾਂ ਉਨ੍ਹਾਂ ਤੋਂ ਸੁਣੀਆਂ ਗੱਲਾਂ ਵਿਚੋਂ ਬਹੁਤੀਆਂ ਬਾਬੇ ਦੀਆਂ ਗੱਲਾਂ ਤੋਂ ਉਲਟ ਲੱਗਣ ਲੱਗੀਆਂ। ਸਿੱਖੀ ਦੇ ਨਾਂ `ਤੇ ਸਿਆਸਤ ਕਰਨ ਵਾਲੇ ਨੇਤਾਵਾਂ ਦੇ ਭਾਸ਼ਨਾਂ ਦੀ ਤਾਂ ਗੱਲ ਹੀ ਛੱਡੋ। ਇਹ ਭਾਸ਼ਨ ਮੁੱਖ ਤੌਰ `ਤੇ ਸਵੈ-ਪ੍ਰਸੰਸਾ ਅਤੇ ਦੂਸਰਿਆਂ ਦੀ ਬਦਖੋਈ ਕਰਨ ਵਾਲੇ ਹੀ ਹੁੰਦੇ ਹਨ। ਆਪਣੇ ਆਪ ਨੂੰ ਉੱਤਮ ਅਤੇ ਦੂਸਰਿਆਂ ਨੂੰ ਨੀਚ ਸਾਬਿਤ ਕਰਨ `ਤੇ ਜ਼ੋਰ ਲੱਗਾ ਰਹਿੰਦਾ ਹੈ। ਸਵਾਰਥ ਅਤੇ ਸੱਤਾ ਦੀ ਲਾਲਸਾ ਸਿਰ ਚੜ੍ਹ ਕੇ ਬੋਲਦੀ ਹੈ। ਫਿਰ ਇਹੀ ਸਵਾਲ ਉੱਠਦਾ ਹੈ ਕਿ ਸਾਡੇ ਭਾਈਚਾਰੇ ਦੇ ਆਗੂ ਅਤੇ ਉਨ੍ਹਾਂ ਦੇ ਭਾਸ਼ਨਾਂ `ਤੇ ਜੈਕਾਰੇ ਛੱਡਣ ਵਾਲੇ ਆਪਣੇ ਆਪ ਨੂੰ ਨੀਚ ਅਖਵਾਉਣ ਵਾਲੇੇ ਅਤੇ “ਹਮ ਨਹੀ ਚੰਗੇ ਬੁਰਾ ਨਹੀ ਕੋਇ” ਕਹਿਣ ਵਾਲੇ ਬਾਬੇ ਦੇ ਅਸੀਂ ਕੀ ਲਗਦੇ ਹਾਂ।
1947 ਵੇਲੇ ਪੰਜਾਬ ਦੇ ਸਿੱਖ ਅਖਵਾਉਣ ਵਾਲੇ ਬੁਰਛਿਆਂ ਨੇ ਮੁਸਲਮਾਨਾਂ ਨੂੰ ਇਕ ਵਾਢਿਓਂ ਸਿੱਖੀ ਦੇ ਦੁਸ਼ਮਣ ਗਰਦਾਨ ਕੇ ਮਾਸੂਮ ਬੱਚਿਆਂ ਤੱਕ ਦੇ ਬੇਰਹਿਮੀ ਨਾਲ ਕਤਲ ਕੀਤੇ, ਮੁਸਲਿਮ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਹ ਗੱਲਾਂ ਬਾਬੇ ਦੇ ਫਲਸਫ਼ੇ ਨਾਲ ਕਿੱਥੇ ਮੇਲ ਖਾਂਦੀਆਂ ਹਨ? ਬਚਪਨ ਤੋਂ ਹੁਣ ਤੱਕ ਦੇਖਦੇ ਆ ਰਹੇ ਹਾਂ ਕਿ ਸਿੱਖ ਭਾਈਚਾਰੇ ਦੇ ਪ੍ਰਤੀਨਿਧ ਜਾਂ ਆਪੇ ਬਣੇ ਬੁਲਾਰਿਆਂ ਵੱਲੋਂ ਕਦੇ ਕਿਸੇ ਧਰਮ ਵਾਲਿਆਂ ਅਤੇ ਕਦੇ ਕਿਸੇ ਸੰਸਥਾ ਨੂੰ ਸਿੱਖਾਂ ਦੇ ਦੁਸ਼ਮਣ ਕਿਹਾ ਗਿਆ। ਕਦੇ ‘ਪੱਤਾ ਪੱਤਾ ਸਿੰਘਾਂ ਦਾ ਵੈਰੀ` ਗੀਤ ਉਵੇਂ ਮਕਬੂਲ ਹੋਇਆ ਜਿਵੇਂ ਅੱਜ ਕੱਲ੍ਹ ਮੂਸੇ ਵਾਲੇ ਦੇ ਗੀਤ ਮਕਬੂਲ ਹਨ। ਇਸ ਸਾਰੇ ਸਿਆਸਤੀ ਰੌਲੇ ਵਿਚ “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” ਜਾਂ “ਨਾ ਕੋ ਬੈਰੀ ਨਹੀ ਬਿਗਾਨਾ” ਵਾਲੇ ਫਲਸਫ਼ੇ ਲਈ ਸਥਾਨ ਕਿੱਥੇ ਹੈ?
ਗੁਰੂ ਨਾਨਕ ਪ੍ਰਤੀ ਸਾਡਾ ਰਵੱਈਆ ਸ਼ਰਧਾ ਨਾਲੋਂ ਵੀ ਵਧੇਰੇ ਮੇਰ ਵਾਲਾ ਹੈ। ਡਾ. ਸੁਤਿੰਦਰ ਸਿੰਘ ਨੂਰ ਦੀ ਕਹੀ ਗੱਲ ਅਕਸਰ ਯਾਦ ਆਉਂਦੀ ਹੈ ਕਿ ਸ਼ੇਕਸਪੀਅਰ ਗੁਰੂ ਨਾਨਕ ਦਾ ਲਗਭਗ ਸਮਕਾਲੀ ਸੀ। ਸ਼ੇਕਸਪੀਅਰ ਨੂੰ ਪੜ੍ਹਨ ਵਾਲਿਆਂ ਅਤੇ ਉਸ ਦੇ ਪ੍ਰਸੰਸਕਾਂ ਕਾਰਨ ਉਸ ਦੀਆਂ ਲਿਖਤਾਂ ਦੁਨੀਆ ਦੇ ਹਰ ਕਾਲਜ ਅਤੇ ਯੂਨੀਵਰਸਿਟੀ ਵਿਚ ਪੜ੍ਹਾਈਆਂ ਜਾਂਦੀਆਂ ਹਨ ਪਰ ਸਾਡੀ ਮੇਰ ਨੇ ਗੁਰੂ ਨਾਨਕ ਨੂੰ ਅਕਾਦਮਿਕ ਤੌਰ `ਤੇ ਦਿੱਲੀ ਨਹੀਂ ਟੱਪਣ ਦਿੱਤਾ।
ਨਿਤਨੇਮ, ਪਾਠ ਦੇ ਭੋਗ ਜਾਂ ਧਾਰਮਿਕ ਸਮਾਗਮ ਦੀ ਸਮਾਪਤੀ `ਤੇ ਸਭ ਤੋਂ ਵਧੇਰੇ ਵਾਰੀ ਪਵਣੁ ਗੁਰੂ ਪਾਣੀ ਪਿਤਾ ਵਾਲਾ ਸਲੋਕ ਪੜ੍ਹਿਆ ਸੁਣਿਆ ਜਾਂਦਾ ਹੈ। ਪਰ ਪੰਜਾਬ ਦੇ ਦਰਿਆ ਦੁਨੀਆ ਦੇ ਸਭ ਤੋਂ ਪਲੀਤ ਦਰਿਆਵਾਂ ਵਿਚ ਗਿਣੇ ਜਾਂਦੇ ਹਨ। ਸਾਡੇ ਸ਼ਹਿਰ ਲੁਧਿਆਣੇ ਵਿਚੋਂ ਵਗਦੇ ਬੁੱਢੇ ਦਰਿਆ ਨੂੰ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਦੱਸੀ ਜਾਂਦੀ ਹੈ, ਇਸ ਕਿਨਾਰੇ ਇਤਿਹਾਸਕ ਗੁਰਦੁਆਰਾ ਵੀ ਹੈ। ਨਿਸ਼ਚਿਤ ਤੌਰ `ਤੇ ਸਤਲੁਜ ਅਤੇ ਬਿਆਸ ਨੂੰ ਵੀ ਉਨ੍ਹਾਂ ਦੀ ਚਰਨਛੋਹ ਵਾਰ ਵਾਰ ਪ੍ਰਾਪਤ ਹੋਈ ਹੋਵੇਗੀ। ਪਰ ਗੰਦੇ ਨਾਲੇ ਵਿਚ ਤਬਦੀਲ ਹੋਇਆ ਬੁੱਢਾ ਦਰਿਆ ਤਾਂ ਪੰਜਾਬ ਦਾ ਦਸ਼ਾ ਸੂਚਕ ਲੱਗਦਾ ਹੈ। ਇਸ ਦਾ ਕਾਲਾ ਰੰਗ ਦੱਸਦਾ ਹੈ ਕਿ ਸਾਡੀ ਸਿਆਸਤ ਕਿੰਨੀ ਕਾਲੀ ਹੈ, ਵਣਜ ਕਿੰਨਾ ਖੋਟਾ ਹੈ। ਬਦਬੂ ਦੱਸਦੀ ਹੈ ਕਿ ਪ੍ਰਸ਼ਾਸਨ ਕਿੰਨਾ ਗਲਿਆ ਸੜਿਆ ਹੈ। ਇਸ ਵਿਚਲੀ ਜ਼ਹਿਰ ਦੱਸਦੀ ਹੈ ਕਿ ਸਾਡੀ ਕਮਾਈ ਕਿੰਨੀ ਜ਼ਹਿਰੀਲੀ ਹੈ। ਖਿਲਰੇ ਕੂੜੇ ਤੋਂ ਪਤਾ ਲੱਗਦਾ ਹੈ ਕਿ ਸਾਡੇ ਅੰਦਰ ਕੂੜ ਦਾ ਕਿੰਨਾ ਪਸਾਰਾ ਹੈ। ਗੰਦੀ ਦਲਦਲ ਦੱਸਦੀ ਹੈ ਕਿ ਅਸੀਂ ਬੇਬਸੀ ਦੀ ਦਲਦਲ ਵਿਚ ਖੁੱਭੇ ਹੋਏ ਹਾਂ। ਸਾਡਾ ਧਰਮ ਕਰਮ ਕਿੰਨਾ ਜਾਅਲੀ ਹੈ।
ਮੈਨੂੰ ਲੱਗਦਾ ਹੈ ਕਿ ਜੇ ਪੰਜਾਬੀਆਂ ਨੇ ਆਪਣੀ ਚੰਗੇਰੀ ਹਸਤੀ ਕਾਇਮ ਕਰਨੀ ਹੈ, ਪੰਜਾਬ ਨੂੰ ਆਪਣੇ ਰਹਿਣਯੋਗ ਬਣਾਉਣਾ ਹੈ ਜਾਂ ਹੰਢਣਸਾਰ ਤਰੱਕੀ ਕਰਨੀ ਹੈ ਤਾਂ ਗੁਰੂ ਨਾਨਕ ਦੇਵ ਜੀ ਨਾਲ ਹਰ ਪੱਖ ਤੋਂ ਵਿਗੜੇ ਸਬੰਧ ਨੂੰ ਠੀਕ ਕਰਨਾ ਪਏਗਾ। ਦੂਜੇ ਸ਼ਬਦਾਂ ਵਿਚ ਪੰਜਾਬ ਦਾ ਸਾਰਾ ਕੁਝ ਤਾਂ ਹੀ ਠੀਕ ਹੋ ਸਕਦਾ ਹੈ ਜੇ ਅਸੀਂ ਸੱਚੀਂ-ਮੁੱਚੀਂ ਗੁਰੂ ਨਾਨਕ ਦੇ ਕੁਝ ਲੱਗਣ ਲੱਗ ਜਾਵਾਂਗੇ।