ਕੇਂਦਰ ਨੇ ਝੰਬੇ ਕਿਸਾਨਾਂ ਦੀ ਮਦਦ ਤੋਂ ਪਾਸਾ ਵੱਟਿਆ

ਚੰਡੀਗੜ੍ਹ: ਭਾਰਤ ਸਰਕਾਰ ਨੇ ਖਰੀਦ ਲਈ ਤੈਅ ਮਿਆਰ ਦੇ ਨਿਯਮਾਂ ਵਿਚ ਢਿੱਲ ਦੇ ਕੇ ਪੰਜਾਬ ਤੋਂ ਕਣਕ ਖਰੀਦਣ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ ਪਰ ਅਜਿਹੀ ਕਣਕ ਦੇ ਖਰੀਦ ਉਤੇ ਮੁੱਲ ਵਿਚ ਕਟੌਤੀ ਕਰ ਦਿੱਤੀ ਗਈ ਹੈ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਮੰਡੀ ਵਿਚ ਆਉਣ ਵਾਲੀ ਸਾਰੀ ਫਸਲ ਦੀ ਕਰੇਗਾ ਪਰ ‘ਖਰਾਬ’ ਕਣਕ ਦੇ ਮੁੱਲ ਵਿਚ 5.31 ਤੋਂ 31.87 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਕਟੌਤੀ ਕੀਤੀ ਜਾਵੇਗੀ। ਹਾਲਾਂਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਕਣਕ ਦੀ ਖਰੀਦ ਲਈ ਮਾਪਦੰਡਾਂ ਵਿਚ ਢਿੱਲ ਬਗੈਰ ਮੁੱਲ ਕਟੌਤੀ ਕੀਤੇ ਦਿੱਤੀ ਜਾਵੇ।

ਕੇਂਦਰ ਦੇ ਇਸ ਫੈਸਲੇ ਪਿੱਛੋਂ ਕੁਦਰਤੀ ਕਰੋਪੀ ਦੇ ਝੰਬੇ ਕਿਸਾਨਾਂ ਵਿਚ ਨਿਰਾਸ਼ਾ ਫੈਲ ਗਈ ਗਈ ਹੈ। ਕਿਸਾਨ ਜਥੇਬੰਦੀਆਂ ਕੇਂਦਰ ਦੇ ਇਸ ਫੈਸਲੇ ਖ਼ਿਲਾਫ਼ ਨਿੱਤਰ ਆਈਆਂ ਹਨ। ਕਿਸਾਨ ਜਥੇਬੰਦੀਆਂ ਨੇ ਸਖਤ ਲਹਿਜ਼ੇ ਵਿਚ ਆਖਿਆ ਹੈ ਕਿ ਘੱਟ ਭਾਅ ਉਤੇ ਕਣਕ ਦੀ ਖਰੀਦ ਮਨਜ਼ੂਰ ਨਹੀਂ, ਜੇਕਰ ਭਾਰਤ ਸਰਕਾਰ ਨੂੰ ਸਾਡੀ ਕਣਕ ਪਸੰਦ ਨਹੀਂ ਹੈ ਤਾਂ ਬਾਰਡਰ ਖੋਲ੍ਹ ਦਿਓ ਅਤੇ ਸਾਨੂੰ ਪਾਕਿਸਤਾਨ ਕਣਕ ਵੇਚਣ ਦੀ ਇਜਾਜ਼ਤ ਮਿਲੇ।
ਭਾਰਤੀ ਖੁਰਾਕ ਨਿਗਮ ਨੇ ਕੇਂਦਰੀ ਤਕਨੀਕੀ ਟੀਮਾਂ ਵੱਲੋਂ ਭਰੇ ਕਣਕ ਦੇ ਨਮੂਨਿਆਂ ਦੀ ਜਾਂਚ ਦੇ ਆਧਾਰ ‘ਤੇ ਆਪਣੀ ਰਿਪੋਰਟ ਕੇਂਦਰੀ ਖੁਰਾਕ ਮੰਤਰਾਲੇ ਨੂੰ ਭੇਜੀ ਸੀ। ਵੇਰਵਿਆਂ ਅਨੁਸਾਰ ਕੇਂਦਰੀ ਟੀਮਾਂ ਵੱਲੋਂ ਪੰਜਾਬ ਦੇ ਤਿੰਨ ਦਿਨਾਂ ਦੌਰੇ ਦੌਰਾਨ 12 ਜ਼ਿਲ੍ਹਿਆਂ ‘ਚੋਂ 166 ਨਮੂਨੇ ਇਕੱਤਰ ਕੀਤੇ ਗਏ ਸਨ। ਸੂਤਰਾਂ ਅਨੁਸਾਰ ਜਾਂਚ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਮੀਂਹ ਤੇ ਝੱਖੜ ਨਾਲ ਪੰਜਾਬ ਵਿਚ ਔਸਤਨ ਸੁੰਗੜੇ ਦਾਣੇ ਅਤੇ ਟੁੱਟੇ ਦਾਣੇ ਦੀ ਦਰ 15 ਤੋਂ 16 ਫ਼ੀਸਦ ਦਰਜ ਕੀਤੀ ਗਈ ਹੈ ਜਦੋਂ ਕਿ ਕੇਂਦਰੀ ਮਾਪਦੰਡ 6 ਫ਼ੀਸਦੀ ਤੱਕ ਦੀ ਇਜਾਜ਼ਤ ਦਿੰਦੇ ਹਨ। ਫਸਲ ਵਿਚ ਨਮੀ ਦੀ ਦਰ ਵੀ ਜ਼ਿਆਦਾ ਆਈ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਫਸਲ ਦਾ ਨੁਕਸਾਨ ਹੋਇਆ ਹੈ ਅਤੇ ਫਾਜ਼ਿਲਕਾ ਤੇ ਪਟਿਆਲਾ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਸੂਬੇ ਵਿਚ ਫਸਲ ਦੀ ਗਿਰਦਾਵਰੀ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਸਰਕਾਰ 13.60 ਲੱਖ ਹੈਕਟੇਅਰ ਰਕਬੇ ਦੀ ਫਸਲ ਦਾ ਨੁਕਸਾਨ ਹੋਣ ਦੀ ਗੱਲ ਆਖ ਰਹੀ ਹੈ। ਬਾਰਸ਼ਾਂ ਕਾਰਨ ਐਤਕੀਂ ਫਸਲ ਦੀ ਆਮਦ ਵੀ ਪਛੜ ਗਈ ਹੈ।
ਭਾਅ ਵਿਚ ਕਟੌਤੀ ਦਾ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਭਾਰਤ ਸਰਕਾਰ ਨੂੰ ਕਣਕ ਦੀ ਪੈਦਾਵਾਰ ਦੇ ਟੀਚੇ ਦੀ ਪੂਰਤੀ ਦਾ ਫਿਕਰ ਪਿਆ ਹੋਇਆ ਸੀ। ਦੇਸ਼ ‘ਚ ਕਣਕ ਦੇ ਸੁਰੱਖਿਅਤ ਭੰਡਾਰਾਂ ਦੇ ਹਾਲਾਤ ਇਹ ਬਣ ਗਏ ਹਨ ਕਿ ਗੁਦਾਮ ਲਗਭਗ ਖਾਲੀ ਹੋ ਰਹੇ ਹਨ। ਇਸ ਸੀਜ਼ਨ ਕੇਂਦਰ ਸਰਕਾਰ ਪੰਜਾਬ ਦੇ ਖਰੀਦ ਕੇਂਦਰਾਂ ਵਿਚੋਂ ਦੂਸਰੇ ਸੂਬਿਆਂ ਨੂੰ ਕਣਕ ਦੀ ਸਿੱਧੀ ਡਲਿਵਰੀ ਦੇਵੇਗੀ। ਅਗਲੇ ਵਰ੍ਹੇ ਲੋਕ ਚੋਣਾਂ ਹਨ ਅਤੇ ਦੇਸ਼ ਅਨਾਜ ਦੇ ਸੰਕਟ ਵੱਲ ਵਧ ਰਿਹਾ ਹੈ ਜਿਸ ਕਰਕੇ ਕੇਂਦਰ ਦੀ ਟੇਕ ਹੁਣ ਪੰਜਾਬ ‘ਤੇ ਲੱਗੀ ਹੋਈ ਹੈ। ਪਹਿਲੀ ਦਫਾ ਹੈ ਕਿ ਪੰਜਾਬ ‘ਚ ਕਣਕ ਦੇ ਗੁਦਾਮ ਲਗਭਗ ਖਾਲੀ ਹੋ ਗਏ ਹਨ ਅਤੇ ਦੂਸਰੇ ਸੂਬਿਆਂ ਨੂੰ ਕਣਕ ਪੰਜਾਬ ਵਿਚੋਂ ਸਿੱਧੀ ਜਾਵੇਗੀ।
ਸੂਤਰ ਦੱਸਦੇ ਹਨ ਕਿ ਭਾਰਤੀ ਖੁਰਾਕ ਨਿਗਮ ਵੱਲੋਂ ਜੋ ਪੰਜਾਬ ਵਿਚ ਕਣਕ ਦਾ ਭੰਡਾਰਨ ਵੀ ਕੀਤਾ ਜਾਣਾ ਹੈ, ਉਹ ਸਟੇਟ ਏਜੰਸੀਆਂ ਦੀ ਥਾਂ ਖੁਰਾਕ ਨਿਗਮ ਆਪਣੇ ਕਵਰਡ ਗੁਦਾਮਾਂ ਵਿਚ ਕਰ ਸਕਦੀ ਹੈ। ਪੰਜਾਬ ਵਿਚ ਇਸ ਵੇਲੇ ਕਰੀਬ ਦੋ ਲੱਖ ਟਨ ਅਨਾਜ ਹੀ ਗੁਦਾਮਾਂ ਵਿਚ ਬਚਿਆ ਹੈ ਜਦੋਂ ਕਿ ਇਕ ਵਰ੍ਹਾ ਪਹਿਲਾਂ ਇਨ੍ਹਾਂ ਦਿਨਾਂ ਵਿਚ 40 ਲੱਖ ਟਨ ਦੇ ਕਰੀਬ ਸੀ। ਪੰਜਾਬ ਨੂੰ ਲੰਘੇ ਦੋ ਵਰ੍ਹਿਆਂ ਵਿਚੋਂ ਸਭ ਤੋਂ ਵੱਧ ਰੇਲਵੇ ਰੈਕ ਮਿਲੇ ਹਨ ਅਤੇ ਤੇਜ਼ੀ ਨਾਲ ਸੂਬੇ ਵਿਚੋਂ ਅਨਾਜ ਦੀ ਸਪਲਾਈ ਹੋਈ ਹੈ। ਪਿਛਲੇ ਵਰ੍ਹੇ ਪੰਜਾਬ ਵਿਚ 96.45 ਲੱਖ ਟਨ ਕਣਕ ਦੀ ਖਰੀਦ ਹੋਈ ਸੀ ਜੋ 2021-22 ਵਿਚ 127.14 ਲੱਖ ਟਨ ਸੀ। ਕਰੀਬ 36 ਲੱਖ ਟਨ ਪੈਦਾਵਾਰ ਵਿਚ ਕਟੌਤੀ ਹੋਈ ਸੀ। ਹਰਿਆਣਾ ਵਿਚ 43 ਲੱਖ ਟਨ ਅਤੇ ਮੱਧ ਪ੍ਰਦੇਸ਼ ਵਿਚ 82 ਲੱਖ ਟਨ ਕਣਕ ਦੇ ਉਤਪਾਦਨ ਵਿਚ ਕਮੀ ਹੋਈ ਸੀ।