ਨਾਭਾ ਜੇਲ੍ਹ ਬਰੇਕ ਕਾਂਡ ਦੇ 20 ਦੋਸ਼ੀਆਂ ਨੂੰ ਦਸ-ਦਸ ਸਾਲ ਕੈਦ

ਪਟਿਆਲਾ: ਨਾਭਾ ਸਥਿਤ ਜੇਲ੍ਹ ਵਿਚੋਂ ਲਗਭਗ ਛੇ ਸਾਲ ਪਹਿਲਾਂ ਗੈਂਗਸਟਰ ਪਲਵਿੰਦਰ ਪਿੰਦਾ ਦੀ ਅਗਵਾਈ ਹੇਠ ਦਰਜਨ ਹਥਿਆਰਬੰਦ ਵਿਅਕਤੀਆਂ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਚਾਰ ਗੈਂਗਸਟਰਾਂ ਅਤੇ ਦੋ ਖਾੜਕੂਆਂ ਨੂੰ ਛੁਡਾ ਕੇ ਲਿਜਾਣ ਦੇ ਮਾਮਲੇ ਵਿਚ ਪਟਿਆਲਾ ਦੇ ਵਧੀਕ ਸੈਸ਼ਨਜ ਜੱਜ ਐਚ.ਐਸ. ਗਰੇਵਾਲ ਦੀ ਅਗਵਾਈ ਹੇਠਲੀ ਅਦਾਲਤ ਨੇ 20 ਮੁਲਜ਼ਮਾਂ ਨੂੰ ਸਜਾਵਾਂ ਸੁਣਾਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੇਠਲੀ ਅਦਾਲਤ ਵੱਲੋਂ ਬੀਤੀ 21 ਮਾਰਚ ਨੂੰ ਕੁੱਲ 28 ਮੁਲਜ਼ਮਾਂ ਵਿਚੋਂ 22 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਨ੍ਹਾਂ ਵਿਚੋਂ 20 ਨੂੰ ਸਜਾ ਸੁਣਾਈ ਗਈ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਦੋਸ਼ੀਆਂ ਵਿਚੋਂ ਗੁਰਪੀਤ ਸਿੰਘ ਮਾਂਗੇਵਾਲ ਨੂੰ ਪੰਜ ਸਾਲ ਤੇ ਸੁਨੀਲ ਕਾਲੜਾ ਨੂੰ ਤਿੰਨ ਸਾਲ ਦੀ ਸਜਾ ਹੋਈ ਹੈ, ਜਦਕਿ ਸਹਾਇਕ ਜੇਲ੍ਹ ਸੁਪਰਡੈਂਟ ਭੀਮ ਸਿੰਘ, ਜੇਲ੍ਹ ਮੁਲਾਜ਼ਮ ਜਗਮੀਤ ਸਿੰਘ ਤੇ ਜੇਲ੍ਹ ‘ਚੋਂ ਫਰਾਰ ਹੋਏ ਗੈਂਗਸਟਰ ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਨੀਟਾ ਦਿਓਲ ਤੇ ਅਮਨਦੀਪ ਢੋਟੀਆਂ ਸਮੇਤ ਪਲਵਿੰਦਰ ਪਿੰਦਾ, ਅਮਨਦੀਪ ਮਨੀ ਸੇਖੋਂ, ਸੁਲੱਖਣ ਬੱਬਰ, ਜਗਤਵੀਰ ਜਗਤਾ, ਰਵਿੰਦਰ ਗਿਆਨਾ, ਰਾਜਵਿੰਦਰ ਰਾਜੂ, ਕੁਲਵਿੰਦਰ ਟਿੱਬਰੀ, ਗੁਰਜੀਤ ਲਾਡਾ, ਗੁਰਪ੍ਰੀਤ ਗੋਪੀ, ਹਰਜੋਤ ਸਿੰਘ, ਕਿਰਨਪਾਲ ਸਿੰਘ, ਮਨਜਿੰਦਰ ਸਿੰਘ, ਸੁਰਜੀਤ ਸਿੰਘ, ਬਿੱਕਰ ਸਿੰਘ ਤੇ ਸੁਖਚੈਨ ਸਿੰਘ ਆਦਿ ਨੂੰ ਦਸ-ਦਸ ਸਾਲ ਕੈਦ ਦੀ ਸਜਾ ਸੁਣਾਈ ਗਈ ਹੈ।
ਬਿੱੱਕਰ ਤੇ ਸੁਖਚੈਨ ਨੂੰ ਨਸ਼ਾ ਤਸਕਰੀ ਦੀਆਂ ਧਾਰਾਵਾਂ ਅਧੀਨ ਦਸ-ਦਸ ਸਾਲ ਦੀ ਹੋਰ ਸਜਾ ਵੀ ਹੋਈ ਹੈ ਤੇ ਛੇ ਜਣੇ ਇਸ ਕੇਸ ਵਿੱਚੋਂ ਬਰੀ ਕੀਤੇ ਗਏ ਹਨ। ਗੁਰਪ੍ਰੀਤ ਸਿੰੰਘ ਮਾਂਗੇਵਾਲ ਤੇ ਸੁਨੀਲ ਕਾਲੜਾ ਪਹਿਲਾਂ ਹੀ ਇਸ ਤੋਂ ਵੱਧ ਸਜਾ ਭੁਗਤ ਚੁੱਕੇ ਹਨ, ਜਿਸ ਕਰਕੇ ਇਸ ਕੇਸ ਵਿਚ ਇਨ੍ਹਾਂ ਦੀ ਜਲਦ ਰਿਹਾਈ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 27 ਨਵੰਬਰ 2016 ਨੂੰ ਉਕਤ ਮੁਲਜ਼ਮ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਵਿਚੋਂ ਫਿਲਮੀ ਅੰਦਾਜ਼ ‘ਚ ਚਾਰ ਗੈਂਗਸਟਰਾਂ ਤੇ ਦੋ ਖਾੜਕੂਆਂ ਨੂੰ ਛੁਡਾ ਕੇ ਲੈ ਗਏ ਸਨ। ਪੁਲਿਸ ਦੀ ਵਰਦੀ ‘ਚ ਆਏ ਪਿੰਦਾ ਤੇ ਉਸ ਦੇ ਸਾਥੀਆਂ ਨੇ ਆਪਣੇ ਹੀ ਕੁਝ ਸਾਥੀਆਂ ਨੂੰ ਹਥਕੜੀਆਂ ਲਾਈਆਂ ਹੋਈਆਂ ਸਨ, ਜਿਨ੍ਹਾਂ ਨੂੰ ਜੇਲ੍ਹ ਵਿਚ ਛੱਡਣ ਦੀ ਗੱਲ ਕਹਿ ਕੇ ਉਹ ਅੰਦਰ ਦਾਖਲ ਹੋਏ ਸਨ।
ਥਾਣਾ ਕੋਤਵਾਲੀ ਨਾਭਾ ‘ਚ ਕੇਸ ਸਬੰਧੀ ਦਰਜ ਹੋਏ ਮਾਮਲੇ ‘ਚ ਕੁੱਲ 36 ਜਣਿਆਂ ਦੇ ਨਾਮ ਹਨ। ਨਾਮਜ਼ਦ ਮੁਲਜ਼ਮਾਂ ਵਿਚੋਂ ਮਿੰਟੂ, ਵਿੱਕੀ ਗੌਂਡਰ ਤੇ ਲਾਹੌਰੀਆ ਤੋਂ ਇਲਾਵਾ ਚਰਨਪ੍ਰੀਤ ਚੰਨਾ ਦੀ ਮੌਤ ਹੋ ਚੁੱਕੀ ਹੈ। ਫਰਾਰ ਹੋਇਆ ਕਸ਼ਮੀਰਾ ਸਿੰਘ ਗਲਵੱਡੀ ਹਾਲੇ ਵੀ ਪੁਲਿਸ ਹੱੱਥ ਨਹੀਂ ਲੱਗਿਆ ਹੈ। ਕੈਦੀਆਂ ਨੂੰ ਭਜਾਉਣ ‘ਚ ਸ਼ਾਮਲ ਰਹੇ ਹੈਰੀ ਚੱਠਾ ਤੇ ਗੋਪੀ ਘਟਸ਼ਾਮਪੁਰੀਆ ਵੀ ਹਾਲੇ ਫਰਾਰ ਹਨ, ਜਦਕਿ ਵਿਦੇਸ਼ ਤੋਂ ਫੰਡ ਭੇਜਣ ਤੇ ਸਾਜ਼ਿਸ਼ ਰਚਣ ਵਾਲਾ ਰਮਨਦੀਪ ਰੋਮੀ ਹਾਂਗਕਾਂਗ ਜੇਲ੍ਹ ‘ਚ ਹੈ, ਜਿਸ ਨੂੰ ਹਵਾਲਗੀ ਅਧੀਨ ਲਿਆਉਣ ਲਈ ਨੋਡਲ ਅਫਸਰ ਵਜੋਂ ਐਸ.ਪੀ. ਹਰਵਿੰੰਦਰ ਵਿਰਕ ਦੀ ਟੀਮ ਲਗਾਤਾਰ ਚਾਰਾਜੋਈ ਕਰ ਰਹੀ ਹੈ।