ਫ਼ਰੀਦਕੋਟ: ਕੋਟਕਪੂਰਾ ਗੋਲੀ ਕਾਂਡ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਿੱਜੀ ਤੌਰ ‘ਤੇ ਸਥਾਨਕ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਹਾਈ ਕੋਰਟ ਦੇ ਹੁਕਮਾਂ ‘ਤੇ ਦੋਵੇਂ ਬਾਦਲਾਂ ਨੂੰ 5-5 ਲੱਖ ਦੇ ਜ਼ਮਾਨਤਨਾਮੇ ਭਰਨ ਤੋਂ ਬਾਅਦ ਚੱਲਦੇ ਮੁਕੱਦਮੇ ਤੱਕ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਸਾਬਕਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ 7 ਹਜ਼ਾਰ ਪੰਨਿਆਂ ਦੇ ਚਲਾਨ ਦੀ ਨਕਲ ਵੀ ਸੌਂਪੀ ਹੈ। ਦੋ ਘੰਟੇ ਦੇਰੀ ਨਾਲ ਅਦਾਲਤ ਵਿਚ ਪੁੱਜੇ ਬਾਦਲਾਂ ਦੀ ਪੇਸ਼ੀ ਸਮੇਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ।
ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਮੌਕੇ ਅਕਾਲੀ ਦਲ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਬਾਦਲਾਂ ਦੇ ਫ਼ਰੀਦਕੋਟ ਪਹੁੰਚਣ ਤੋਂ ਪਹਿਲਾਂ ਅਦਾਲਤ ਦੇ ਬਾਹਰ ਦੋ ਹਜ਼ਾਰ ਤੋਂ ਵੱਧ ਅਕਾਲੀ ਵਰਕਰ ਸੜਕਾਂ ਦੇ ਦੋਵੇਂ ਪਾਸੇ ਇਕੱਠੇ ਹੋ ਗਏ ਸਨ, ਜਿਨ੍ਹਾਂ ਨੇ ਬਾਦਲਾਂ ਦੇ ਪਹੁੰਚਣ ‘ਤੇ ਨਾਅਰੇ ਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਅਕਾਲੀ ਵਰਕਰ ਅਦਾਲਤੀ ਕੰਪਲੈਕਸ ਦੇ ਅੰਦਰ ਨਹੀਂ ਗਏ ਜਦੋਂ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਦਾਲਤ ਦੇ ਬਾਹਰ ਹੀ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ। ਅਕਾਲੀ ਦਲ ਨੇ ਇਕੱਠੇ ਹੋਏ ਹਜ਼ਾਰਾਂ ਵਰਕਰਾਂ ਦੀ ਆਓ ਭਗਤ ਲਈ ਕਚਹਿਰੀ ਰੋਡ ‘ਤੇ ਚਾਰ ਵੱਡੇ ਬੂਥ ਵੀ ਲਾਏ ਸਨ ਜਿਥੇ ਲੰਗਰ ਅਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਸਮੁੱਚੇ ਸਮਾਗਮ ਦੀ ਅਗਵਾਈ ਕਰ ਰਹੇ ਸਨ। ਬਾਦਲ ਪਰਿਵਾਰ ਅਤੇ ਅਕਾਲੀ ਦਲ ਦੀ ਕੋਰ ਕਮੇਟੀ ਨੇ ਅਦਾਲਤੀ ਸੁਣਵਾਈ ਖਤਮ ਹੋਣ ਤੋਂ ਬਾਅਦ ਬੰਟੀ ਰੋਮਾਣਾ ਦੇ ਘਰ ਦੁਪਹਿਰ ਦਾ ਖਾਣਾ ਵੀ ਖਾਧਾ। ਪ੍ਰਕਾਸ਼ ਸਿੰਘ ਬਾਦਲ ਕਰੀਬ 35 ਮਿੰਟ ਅਦਾਲਤ ਵਿਚ ਰਹੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਕਿਸੇ ਵੀ ਵਿਅਕਤੀ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਉਧਰ, ਕੋਟਕਪੂਰਾ ਗੋਲੀ ਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਫਰੀਦਕੋਟ ਦੇ ਸਾਬਕਾ ਐਸ.ਐਸ.ਪੀ. ਸੁਖਮਿੰਦਰ ਸਿੰਘ ਮਾਨ ਅਤੇ ਥਾਣਾ ਸਿਟੀ ਕੋਟਕਪੂਰਾ ਦੇ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਵੀ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਇਨ੍ਹਾਂ ਦੋਵਾਂ ਨੂੰ ਵੀ 5-5 ਲੱਖ ਦੇ ਮੁਚੱਲਕੇ ਭਰਨ ਤੋਂ ਬਾਅਦ ਜ਼ਮਾਨਤ ਦੇ ਦਿੱਤੀ। ਅਦਾਲਤ ਦੇ ਹੁਕਮ ਦੇ ਬਾਵਜੂਦ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਡੀ.ਆਈ.ਜੀ. ਅਮਰ ਸਿੰਘ ਚਾਹਲ ਅਤੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਅਦਾਲਤ ਵਿਚ ਪੇਸ਼ ਨਹੀਂ ਹੋਏ।
ਅਦਾਲਤ ਨੇ ਪੇਸ਼ ਨਾ ਹੋਣ ਵਾਲੇ ਮੁਲਜ਼ਮਾਂ ਨੂੰ ਦੁਬਾਰਾ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਕੇਸ ਦੀ ਅਗਲੀ ਤਰੀਕ 12 ਅਪਰੈਲ ਨਿਸ਼ਚਿਤ ਕੀਤੀ ਹੈ। ਇਸੇ ਦਰਮਿਆਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਸਾਬਕਾ ਡੀ.ਜੀ.ਪੀ. ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਨੂੰ ਅਗਾਉਂ ਜ਼ਮਾਨਤ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਵੀ ਫਰੀਦਕੋਟ ਅਦਾਲਤ ਵਿਚ ਪੇਸ਼ ਹੋ ਕੇ ਜ਼ਮਾਨਤਨਾਮਾ ਭਰਨ ਦੇ ਨਿਰਦੇਸ਼ ਦਿੱਤੇ ਗਏ ਹਨ।