ਨਵੀਂ ਦਿੱਲੀ: ਸਮੂਹਿਕ ਜਬਰ ਜਨਾਹ ਤੇ ਹੱਤਿਆ ਕੇਸ ਵਿਚ ਦੋਸ਼ੀਆਂ ਦੀ ਸਜਾ ਮੁਆਫੀ ਵਿਰੁੱਧ ਪੀੜਤਾ ਬਿਲਕੀਸ ਬਾਨੋ ਵੱਲੋਂ ਦਾਇਰ ਅਰਜ਼ੀ ‘ਤੇ ਸੁਪਰੀਮ ਕੋਰਟ ਨੇ ਕੇਂਦਰ, ਗੁਜਰਾਤ ਸਰਕਾਰ ਤੇ ਹੋਰਾਂ ਤੋਂ ਜਵਾਬ ਤਲਬ ਕੀਤਾ ਹੈ।
ਸੰਨ 2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਇਹ ਜਬਰ ਜਨਾਹ ਤੇ ਹੱਤਿਆ ਦੀਆਂ ਘਟਨਾਵਾਂ ਵਾਪਰੀਆਂ ਸਨ। ਬਾਨੋ ਨੇ ਅਰਜ਼ੀ ਦਾਇਰ ਕਰ ਕੇ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਮਿਲੀ ਸਜਾ ਮੁਆਫੀ ਨੂੰ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 18 ਅਪਰੈਲ ਨੂੰ ਰੱਖੀ ਹੈ। ਬੈਂਚ ਨੇ ਕਿਹਾ ਕਿ ਇਸ ਮਾਮਲੇ ਦੁਆਲੇ ਕਈ ਮੁੱਦੇ ਹਨ, ਜਿਨ੍ਹਾਂ ਉਤੇ ਵਿਸਤਾਰ ਨਾਲ ਸੁਣਵਾਈ ਲੋੜੀਂਦੀ ਹੈ। ਇਸ ਤੋਂ ਬਾਅਦ ਅਦਾਲਤ ਨੇ ਕੇਂਦਰ, ਗੁਜਰਾਤ ਸਰਕਾਰ ਤੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ। ਗੁਜਰਾਤ ਸਰਕਾਰ ਨੂੰ ਅਗਲੀ ਸੁਣਵਾਈ ਵੇਲੇ ਸਜਾ ਮੁਆਫੀ ਵਾਲੀਆਂ ਫਾਈਲਾਂ ਵੀ ਲਿਆਉਣ ਲਈ ਕਿਹਾ ਗਿਆ ਹੈ। ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਉਹ ਇਸ ਮਾਮਲੇ ਨੂੰ ਜਜ਼ਬਾਤੀ ਪੱਖ ਤੋਂ ਨਹੀਂ ਬਲਕਿ ਕਾਨੂੰਨ ਮੁਤਾਬਕ ਸੁਣਨਗੇ। ਜ਼ਿਕਰਯੋਗ ਹੈ ਕਿ 4 ਜਨਵਰੀ ਨੂੰ ਸੁਪਰੀਮ ਕੋਰਟ ਦੇ ਇਕ ਬੈਂਚ ਨੇ ਬਾਨੋ ਤੇ ਹੋਰਾਂ ਵੱਲੋਂ ਦਾਇਰ ਪਟੀਸ਼ਨ ਨੂੰ ਸਵੀਕਾਰ ਕੀਤਾ ਸੀ।