ਅਮਰੀਕਾ ਵਿਚ ਜਾਤੀਵਾਦੀਆਂ ਦੀ ਹਾਰ

ਵਿਦਿਆ ਭੂਸ਼ਣ ਰਾਵਤ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਭਾਰਤੀ ਸਮਾਜ ਅੰਦਰ ਜਾਤੀਵਾਦ ਦੀ ਮਾਰ ਬਹੁਤ ਗਹਿਰੀ ਹੈ। ਇਸ ਕਹਿਰ ਦਾ ਅਹਿਸਾਸ ਜਾਤੀ ਵਿਤਕਰਾ ਝੱਲਣ ਵਾਲੀ ਧਿਰ ਨੂੰ ਹੀ ਹੁੰਦਾ ਹੈ। ਡਾ. ਭੀਮ ਰਾਓ ਅੰਬੇਡਕਰ ਕਹਿੰਦੇ ਹੁੰਦੇ ਸਨ ਕਿ ਭਾਰਤ ਦੇ ਲੋਕ ਜਿੱਥੇ ਵੀ ਜਾਣਗੇ, ਜਾਤ ਆਪਣੇ ਨਾਲ ਲੈ ਕੇ ਜਾਣਗੇ। ਹਾਲ ਹੀ ਵਿਚ ਅਮਰੀਕਾ ਦੇ ਸ਼ਹਿਰ ਸਿਆਟਲ ਦੀ ਸਿਟੀ ਕੌਂਸਲ ਨੇ ਜਾਤੀ ਭੇਦਭਾਵ ਉਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਉੱਥੇ ਇਸ ਨੂੰ ਵੀ ਰੰਗਭੇਦ, ਨਸਲੀ ਵਿਤਕਰਾ, ਲਿੰਗ ਭੇਦ ਵਰਗਾ ਗੰਭੀਰ ਜੁਰਮ ਮੰਨਿਆ ਜਾਵੇਗਾ। ਉਘੇ ਵਿਦਵਾਨ ਵਿਦਿਆ ਭੂਸ਼ਣ ਰਾਵਤ ਨੇ ਸਮੁੱਚੇ ਹਾਲਾਤ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ। ਇਸ ਲੇਖ ਦਾ ਉਚੇਚਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।

ਜਾਤੀ ਅਤੇ ਵਰਣ ਨੂੰ ਵਿਸ਼ਵ ਪੱਧਰ ‘ਤੇ ਭਾਰਤ, ਖ਼ਾਸ ਕਰ ਕੇ ਹਿੰਦੂਆਂ ਦਾ ਅੰਦਰੂਨੀ ਮਾਮਲਾ ਮੰਨਿਆ ਜਾਂਦਾ ਰਿਹਾ ਹੈ; ਹਾਲਾਂਕਿ ਕਿਸੇ ਵੀ ਸ਼ਖਸ ਦਾ ਸ਼ੋਸ਼ਣ ਕਰਨ ਜਾਂ ਉਸ ਨੂੰ ਗ਼ੁਲਾਮ ਬਣਾਉਣ ਨੂੰ ਕਿਸੇ ਮੁਲਕ, ਸਮਾਜ, ਧਰਮ ਜਾਂ ਜਾਤ ਦਾ ਅੰਦਰੂਨੀ ਮਾਮਲਾ ਨਹੀਂ ਕਿਹਾ ਜਾ ਸਕਦਾ। ਜਦੋਂ ਵੀ ਵਿਦੇਸਾਂ ਵਿਚ, ਖ਼ਾਸ ਕਰਕੇ ਯੂਰਪ ਅਤੇ ਅਮਰੀਕਾ ਵਿਚ, ਭਾਰਤੀ ਜਾਤ ਪ੍ਰਣਾਲੀ ਬਾਰੇ ਬਹਿਸ ਹੋਈ ਹੈ ਤਾਂ ਅਕਸਰ ਇਸ ਨੂੰ ਉਸ ਨਜ਼ਰੀਏ ਤੋਂ ਨਹੀਂ ਦੇਖਿਆ ਜਾਂਦਾ ਜੋ ਨਸਲਵਾਦ ਜਾਂ ਯਹੂਦੀ ਸਵਾਲ ਉਤੇ ਉਨ੍ਹਾਂ ਦੀਆਂ ਸਰਕਾਰਾਂ ਦੇ ਸਖ਼ਤ ਰਵੱਈਏ ਵਿਚ ਦਿਸਦਾ ਹੈ।
ਬਹੁਤੇ ਮੁਲਕਾਂ ਵਿਚ ਰੰਗ ਅਤੇ ਨਸਲ ਦੇ ਸਵਾਲ ‘ਤੇ ਕਾਨੂੰਨ ਬਣੇ ਹਨ ਪਰ ਜਾਤ ਦਾ ਮਸਲਾ ਭਾਰਤ ਦੇ ਵਿਸ਼ੇਸ਼ ਧਰਮ ਅਤੇ ਵਿਸ਼ੇਸ਼ ਜਾਤੀ ਨੂੰ ਛੱਡ ਕੇ ਹੋਰ ਕਿਤੇ ਨਾ ਹੋਣ ਕਾਰਨ ਇਸ ਉੱਪਰ ਚਰਚਾ ਵੀ ਨਹੀਂ ਹੁੰਦੀ।
ਪਹਿਲਾਂ ਤਾਂ ਇਹ ਝੂਠ ਹੈ ਕਿ ਛੂਤ-ਛਾਤ ਦਾ ਸਵਾਲ ਸਿਰਫ਼ ਧਰਮ ਅਤੇ ਮੁਲਕ ਕੇਂਦਰਿਤ ਹੈ। ਇਹ ਤੱਥ ਹੁਣ ਕਿਸੇ ਕੋਲੋਂ ਛੁਪਿਆ ਹੋਇਆ ਨਹੀਂ ਕਿ ਭਾਰਤ ਦੇ ਧਰਮ ਨੂੰ ਮੰਨਣ ਵਾਲੇ ਜ਼ਿਆਦਾਤਰ ਲੋਕਾਂ ਵਿਚ ਜਾਤ ਮੌਜੂਦ ਹੈ; ਉਹ ਭਾਵੇਂ ਹਿੰਦੂ ਹਨ, ਮੁਸਲਮਾਨ ਜਾਂ ਇਸਾਈ ਹਨ। ਦੱਖਣੀ ਏਸ਼ੀਆ ਵਿਚ ਜਾਤ-ਪਾਤ ਵੱਡਾ ਸਵਾਲ ਹੈ ਅਤੇ ਭਾਰਤ ਨੂੰ ਛੱਡ ਕੇ ਹੋਰ ਮੁਲਕਾਂ ਵਿਚ ਕੋਈ ਵੀ ਇਸ ਉੱਪਰ ਚਰਚਾ ਨਹੀਂ ਕਰਨਾ ਚਾਹੁੰਦਾ। ਨੇਪਾਲ ਨੇ ਇਸ ਸਬੰਧੀ ਹੁਣ ਹਾਂਦਰੂ ਕਦਮ ਚੁੱਕੇ ਹਨ ਅਤੇ ਉੱਥੇ ਰਾਸ਼ਟਰੀ ਦਲਿਤ ਕਮਿਸ਼ਨ ਤੇ ਛੂਤ-ਛਾਤ ਵਿਰੁੱਧ ਕਾਨੂੰਨ ਵੀ ਬਣੇ ਹਨ। ਪਾਕਿਸਤਾਨ ਵਿਚ ਰਹਿਣ ਵਾਲੇ ਸਾਰੇ ਇਸਾਈ ਦਰਅਸਲ ‘ਚੂੜ੍ਹਾ’ ਭਾਈਚਾਰੇ ਤੋਂ ਆਉਂਦੇ ਹਨ ਅਤੇ ਗੰਭੀਰ ਛੂਆ-ਛਾਤ ਤੇ ਜਾਤੀ ਵਿਤਕਰੇ ਦਾ ਸ਼ਿਕਾਰ ਹਨ ਪਰ ਉੱਥੋਂ ਦੀ ਸਰਕਾਰ ਅਤੇ ਮੀਡੀਆ ਦਲਿਤ ਸਵਾਲਾਂ ਨੂੰ ਸਿਰਫ਼ ਭਾਰਤ ਅਤੇ ਹਿੰਦੂਆਂ ਦਾ ਮਸਲਾ ਦੱਸ ਕੇ ਉਸ ਨੂੰ ਸਿਰਫ਼ ਭਾਰਤ ਵਿਰੋਧੀ ਪ੍ਰਚਾਰ ਵਜੋਂ ਵਰਤਦੀ ਹੈ। ਬੰਗਲਾਦੇਸ ਵਿਚ ਵੀ ਆਮ ਕਰ ਕੇ ਇਹੀ ਹਾਲਤ ਹੈ ਅਤੇ ਦਲਿਤਾਂ ਲਈ ਕੋਈ ਵਿਸ਼ੇਸ਼ ਕਾਨੂੰਨ ਨਹੀਂ ਹੈ; ਇਸੇ ਕਾਰਨ ਲੋਕ ਲਗਾਤਾਰ ਧਾਰਮਿਕ ਸਮੂਹਾਂ ਦੀ ਗਿਣੀ-ਮਿੱਥੀ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ।
ਡਾ. ਭੀਮ ਰਾਓ ਅੰਬੇਡਕਰ ਹਮੇਸ਼ਾ ਕਹਿੰਦੇ ਸਨ ਕਿ ਭਾਰਤ ਦੇ ਲੋਕ ਜਿੱਥੇ ਵੀ ਜਾਣਗੇ, ਜਾਤ ਆਪਣੇ ਨਾਲ ਲੈ ਕੇ ਜਾਣਗੇ। ਜਿਵੇਂ-ਜਿਵੇਂ ਯੂਰਪ, ਅਮਰੀਕਾ ਅਤੇ ਬਰਤਾਨੀਆ ਵਿਚ ਭਾਰਤੀ ਤੇ ਦੱਖਣੀ ਏਸ਼ੀਆਈ ਲੋਕਾਂ ਦਾ ਫੈਲਾਅ ਵਧ ਰਿਹਾ ਹੈ, ਉੱਥੇ ਜਾਤੀ ਵਿਤਕਰੇ ਦੇ ਸਵਾਲ ਵੀ ਵਧ ਰਹੇ ਹਨ। ਯੂ.ਕੇ. ਵਿਚ 2013 ਵਿਚ ਸੰਸਦ ਵਿਚ ਜਾਤੀਵਾਦ ਵਿਰੋਧੀ ਕਾਨੂੰਨ ਪਾਸ ਕੀਤਾ ਗਿਆ ਸੀ ਪਰ ਭਾਰਤ ਵਿਚ ਸਰਕਾਰ ਬਦਲਣ ਤੋਂ ਬਾਅਦ ਹਿੰਦੂਤਵੀ ਲਾਬੀ ਇੰਨੀ ਮਜ਼ਬੂਤ ਹੋ ਗਈ ਕਿ ਉਨ੍ਹਾਂ ਨੇ ਇਹ ਕਾਨੂੰਨ ਲਾਗੂ ਹੋਣ ਤੋਂ ਹੀ ਰੋਕ ਦਿੱਤਾ ਅਤੇ ਕੰਜਰਵੇਟਿਵ ਸਰਕਾਰ ਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ ਕਿਉਂਕਿ ਉਹ ਭਾਰਤ ਸਰਕਾਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ।
ਜਾਤੀ ਵਿਤਕਰੇ ਦੇ ਸਵਾਲ ‘ਤੇ ਬਰਤਾਨੀਆ ਵਿਚ ਅੰਬੇਡਕਰਵਾਦੀ ਸਮੂਹਾਂ ਦਾ ਯੋਗਦਾਨ ਜੱਗ-ਜ਼ਾਹਿਰ ਹੈ। ਉਨ੍ਹਾਂ ਦੇ ਯਤਨਾਂ ਸਦਕਾ ਇੱਥੇ ਡਾ. ਅੰਬੇਡਕਰ ਯਾਦਗਾਰ ਬਣੀ ਹੈ। ਬਰਤਾਨੀਆ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ ਮੁੱਖ ਮੁਲਕ ਹਨ ਜਿੱਥੇ ਅੰਬੇਡਕਰਵਾਦੀ ਸਰਗਰਮ ਹਨ। ਇਨ੍ਹਾਂ ਦੋਵਾਂ ਮੁਲਕਾਂ ‘ਚ ਵੱਡੀ ਗਿਣਤੀ ‘ਚ ਏਸ਼ਿਆਈ ਅਤੇ ਭਾਰਤੀ ਮੂਲ ਦੇ ਲੋਕ ਹਨ ਜੋ ਅਜੇ ਵੀ ਆਪਣੀਆਂ ਪਰੰਪਰਾਵਾਂ ਅਤੇ ਆਪੋ-ਆਪਣੇ ਭਾਈਚਾਰਕ ਸੰਗਠਨਾਂ ਨਾਲ ਡੂੰਘੇ ਜੁੜੇ ਹੋਏ ਹਨ। ਸਿੱਖਾਂ ਦੇ ਗੁਰਦੁਆਰੇ ਵੱਖ-ਵੱਖ ਜਾਤਾਂ ਦੀ ਵੰਡ ਅਨੁਸਾਰ ਬਣੇ ਹੋਏ ਹਨ। ਇਸੇ ਤਰ੍ਹਾਂ ਗੁਜਰਾਤੀਆਂ ‘ਚ ਸਵਾਮੀ ਨਰਾਇਣ ਸੰਪਰਦਾਇ ਬਹੁਤ ਹਰਮਨਪਿਆਰੀ ਹੈ। ਇਸਕੌਨ ਵੀ ਉੱਚ ਜਾਤੀ ਦੇ ਵੱਡੀ ਗਿਣਤੀ ਭਾਰਤੀਆਂ ਨੂੰ ਖਿੱਚ ਰਿਹਾ ਹੈ।
ਪਿਛਲੇ ਇਕ ਦਹਾਕੇ ਤੋਂ ਇਹੀ ‘ਦੇਸ਼ ਭਗਤ’ ਭਾਰਤੀ ਸੋਸ਼ਲ ਮੀਡੀਆ ਉੱਪਰ ਹਿੰਦੂਤਵ ਦੀ ਵੱਡੀ ਟ੍ਰੋਲ ਫ਼ੌਜ ਨੂੰ ਖਾਦ-ਪਾਣੀ ਦੇ ਰਹੇ ਹਨ ਜੋ ਭਾਰਤ ਨੂੰ ਹਿੰਦੂ ਰਾਸ਼ਟਰ ਅਤੇ ਦੁਨੀਆ ਦੀ ਸਭ ਤੋਂ ਵੱਡੀ ‘ਤਾਕਤ’ ਵਜੋਂ ‘ਦੇਖਣ’ ਲਈ ਉਤਾਵਲੇ ਹਨ ਪਰ ਉਹ ਡਾਲਰ, ਯੂਰੋ ਅਤੇ ਪੌਂਡ ਦਾ ਮੋਹ ਨਹੀਂ ਤਿਆਗ ਰਹੇ।
ਉਦਾਰਵਾਦੀ ਲੋਕਤੰਤਰਾਂ ਵਿਚ ਇਹ ਲੋਕ ਘੱਟਗਿਣਤੀਆਂ ਅਤੇ ਪਰਵਾਸੀਆਂ ਦੇ ਹੱਕਾਂ ਦੀ ਵਕਾਲਤ ਕਰਦੇ ਹਨ ਪਰ ਭਾਰਤ ਵਿਚ ਕਿਸੇ ਵੀ ਘੱਟਗਿਣਤੀ ਜਾਂ ਹਾਸ਼ੀਏ ‘ਤੇ ਧੱਕੇ ਭਾਈਚਾਰੇ ਨੂੰ ਕੋਈ ਹੱਕ ਨਹੀਂ ਦੇਣਾ ਚਾਹੁੰਦੇ। ਇਨ੍ਹਾਂ ਦੇ ਵਿਆਹਾਂ ਦੇ ਤੌਰ-ਤਰੀਕੇ ਅੱਜ ਵੀ ਪੁਰਾਣੇ ਜਾਤ-ਪਾਤੀ ਸਾਂਚਿਆਂ ਵਿਚ ਹੀ ਢਲੇ ਹੋਏ ਹਨ। ਜਾਤਾਂ ਤੋਂ ਬਾਹਰ ਵਿਆਹ ਅਜੇ ਵੀ ਨਹੀਂ ਦਿਸਦੇ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਉਨ੍ਹਾਂ ਦਾ ਹਿੰਸਕ ਵਿਰੋਧ ਕੀਤਾ ਜਾਂਦਾ ਹੈ।
ਫਿਰ ਵੀ ਧਰਮ ਨਿਰਪੱਖ, ਅਗਾਂਹਵਧੂ ਅਤੇ ਅੰਬੇਡਕਰਵਾਦੀ ਸੰਗਠਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਉਹ ਜਾਤੀ ਵਿਤਕਰੇ ਦੇ ਮੁੱਦੇ ‘ਤੇ ਖੁੱਲ੍ਹ ਕੇ ਬੋਲ ਰਹੇ ਹਨ।
ਜਾਤੀ ਵਿਤਕਰੇ ਦਾ ਸਵਾਲ ਹੁਣ ਕੌਮਾਂਤਰੀ ਮੰਚਾਂ ‘ਤੇ ਮਜ਼ਬੂਤੀ ਨਾਲ ਸਾਹਮਣੇ ਆ ਚੁੱਕਾ ਹੈ। ਹਿੰਦੂਤਵੀ ਜਥੇਬੰਦੀਆਂ ਇਸ ਨੂੰ ਭਾਰਤ ਵਿਰੋਧੀ ਦੱਸ ਰਹੀਆਂ ਹਨ ਪਰ ਦੁਨੀਆ ਦੇ ਲੋਕ ਸਮਝ ਚੁੱਕੇ ਹਨ ਕਿ ਜਾਤੀਵਾਦ ਖਿਲਾਫ਼ ਮਜ਼ਬੂਤ ਆਵਾਜ਼ ਉਠਾਉਣੀ ਜ਼ਰੂਰੀ ਹੈ। ਇਸੇ ਕਾਰਨ ਡਾ. ਅੰਬੇਡਕਰ ਦਾ ਸਾਹਿਤ ਅਤੇ ਲਿਖਤਾਂ ਹੁਣ ਕੁਲ ਦੁਨੀਆ ਵਿਚ ਮਕਬੂਲ ਹੋ ਰਹੀਆਂ ਹਨ।
ਇਸ ਪ੍ਰਸੰਗ ‘ਚ ਅਮਰੀਕਾ ਤੋਂ ਵੱਡੀ ਖ਼ਬਰ ਆਈ ਹੈ ਕਿ ਸਿਆਟਲ ਨਾਮ ਦੇ ਸ਼ਹਿਰ ਨੇ ਉੱਥੇ ਜਾਤੀ ਭੇਦਭਾਵ ‘ਤੇ ਅਧਿਕਾਰਕ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਉੱਥੇ ਇਸ ਨੂੰ ਵੀ ਰੰਗਭੇਦ, ਨਸਲੀ ਵਿਤਕਰਾ, ਲਿੰਗ ਭੇਦ ਵਰਗਾ ਗੰਭੀਰ ਜੁਰਮ ਮੰਨਿਆ ਜਾਵੇਗਾ। 21 ਫਰਵਰੀ, 2023 ਨੂੰ ਸਿਆਟਲ ਦੀ ਸਿਟੀ ਕੌਂਸਲ ਨੇ ਇਸ ਬਾਬਤ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਅਨੁਸਾਰ ਨੌਕਰੀ, ਕਾਰੋਬਾਰ, ਘਰ ਕਿਰਾਏ ‘ਤੇ ਲੈਣ ਜਾਂ ਦੇਣ ਜਾਂ ਹੋਰ ਜਨਤਕ ਥਾਵਾਂ ਜਾਂ ਪ੍ਰੋਗਰਾਮਾਂ ਵਿਚ ਕਿਸੇ ਵੀ ਕਿਸਮ ਦਾ ਜਾਤਪਾਤੀ ਵਿਤਕਰਾ ਹੁਣ ਜੁਰਮ ਦੀ ਸ਼੍ਰੇਣੀ ‘ਚ ਰੱਖਿਆ ਜਾਵੇਗਾ। ਇਸ ਵਿਰੁੱਧ ਢੁਕਵੀਆਂ ਥਾਵਾਂ ‘ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ।
ਇਹ ਦੂਰਗਾਮੀ ਨਤੀਜਿਆਂ ਵਾਲਾ ਮਹੱਤਵਪੂਰਨ ਵਰਤਾਰਾ ਹੈ ਕਿਉਂਕਿ ਅਮਰੀਕਾ ਵਿਸ਼ਾਲ ਮੁਲਕ ਹੈ ਜਿੱਥੇ ਹਰ ਰਾਜ ਅੰਦਰ ਸ਼ਹਿਰਾਂ ਦੇ ਆਪਣੇ ਕਾਨੂੰਨ ਹਨ। ਇਸ ਲਈ ਸਿਆਟਲ ਸਿਟੀ ਕੌਂਸਲ ਦੇ ਇਸ ਫ਼ੈਸਲੇ ਤੋਂ ਬਾਅਦ ਜਾਤੀ ਭੇਦਭਾਵ ਦਾ ਸਵਾਲ ਹੋਰ ਸ਼ਹਿਰਾਂ ਅਤੇ ਰਾਜਾਂ ਵਿਚ ਵੀ ਜਾਵੇਗਾ ਜਿੱਥੇ ਵੱਡੀ ਗਿਣਤੀ ‘ਚ ਭਾਰਤੀ ਅਤੇ ਏਸ਼ਿਆਈ ਮੂਲ ਦੇ ਲੋਕ ਰਹਿੰਦੇ ਹਨ। ਸਿਆਟਲ ਵਿਚ ਇਸ ਸਬੰਧੀ ਲਾਬਿੰਗ ਕਰ ਰਹੀ ਭਾਰਤੀ ਮੂਲ ਦੀ ਕਾਰਪੋਰੇਟਰ ਕਸ਼ਮਾ ਸਾਵੰਤ ਦਾ ਕਹਿਣਾ ਹੈ ਕਿ ਉਹ ਪੂਰੇ ਅਮਰੀਕਾ ਵਿਚ ਇਸ ਸਬੰਧੀ ਕਾਨੂੰਨਾਂ ‘ਚ ਤਬਦੀਲੀ ਲਈ ਲੜੇਗੀ।
ਯਾਦ ਰਹੇ ਕਿ ਸਿਆਟਲ ਸ਼ਹਿਰ ਆਈ.ਟੀ. ਸੰਸਥਾਵਾਂ ਲਈ ਮਸ਼ਹੂਰ ਹੈ। ਇੱਥੇ ਦੱਖਣੀ ਏਸ਼ੀਆ ਅਤੇ ਭਾਰਤ ਤੋਂ ਆਏ ਵੱਡੀ ਗਿਣਤੀ ਪਰਵਾਸੀ ਰਹਿੰਦੇ ਹਨ। ਜ਼ਾਹਿਰ ਹੈ ਕਿ ਜਾਤੀ ਵਿਤਕਰੇ ਦੇ ਸਵਾਲ ਦੱਬੇ ਰਹਿੰਦੇ ਹਨ; ਇਸ ਲਈ ਇਹ ਸਵਾਲ ਹੁਣ ਮਹੱਤਵਪੂਰਨ ਹੋ ਗਏ ਕਿ ਜਾਤੀ ਵਿਤਕਰੇ ਅਤੇ ਛੂਆ-ਛਾਤ ਦਾ ਸਵਾਲ ਹਰ ਸਰਕਾਰੀ ਤੇ ਪ੍ਰਾਈਵੇਟ ਕੰਪਨੀ ਦੇ ਏਜੰਡੇ ‘ਤੇ ਹੋਵੇ।
ਅਸੀਂ ਸਾਰੇ ਜਾਣਦੇ ਹਾਂ ਕਿ ਅਮਰੀਕਾ ਵਿਚ ਨਸਲਵਾਦ ਅਤੇ ਨਸਲਵਾਦ ਦੀ ਸਮੱਸਿਆ ਅਜੇ ਵੀ ਗੁੰਝਲਦਾਰ ਹੈ ਤੇ ਕੁਲ ਦੁਨੀਆ ਦੇ ਮੀਡੀਆ ਦਾ ਧਿਆਨ ਸਿਰਫ਼ ਇਸ ਨਾਲ ਜੁੜੇ ਸਵਾਲਾਂ ‘ਤੇ ਹੀ ਫੋਕਸ ਰਹਿੰਦਾ ਹੈ, ਇਸ ਕਾਰਨ ਜਾਤੀ ਵਿਤਕਰੇ ਦੇ ਮਸਲੇ ਨੂੰ ਜ਼ਿਆਦਾਤਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਕਿਉਂਕਿ ਇਸ ਵਿਸ਼ੇ ਬਾਰੇ ਸਮਝ ਦੀ ਘਾਟ ਹੈ। ਇਸ ਤੋਂ ਇਲਾਵਾ, ਇਹ ਭਾਰਤ ਦੇ ‘ਉਦਾਰਵਾਦੀ’ ਦਿੱਖ ਵਾਲੇ ਸਵਰਨ ਬੁੱਧੀਜੀਵੀਆਂ ਦੀ ਵੀ ਸਮੱਸਿਆ ਹੈ ਜੋ ਭਾਰਤੀ ਸੰਸਕ੍ਰਿਤੀ ਦੀ ਉਦਾਰਤਾ ਦੇ ਝੰਡਾ ਗੱਡਦੇ ਰਹਿੰਦੇ ਹਨ ਅਤੇ ਭਾਰਤ ਜਾਂ ਸਮੁੱਚੇ ਭਾਰਤੀ ਉਪ ਮਹਾਂਦੀਪ ਦਾ ਮੁਲਾਂਕਣ ਆਰ.ਐੱਸ.ਐੱਸ. ਜਾਂ ਸੰਘ ਪਰਿਵਾਰ ਜਾਂ ਹਿੰਦੂ ਐਨਕਾਂ ਰਾਹੀਂ ਹੀ ਕਰਦੇ ਹਨ ਜਦਕਿ ਸਮੁੱਚੇ ਦੱਖਣੀ ਏਸ਼ੀਆ ਦੀ ਮੁੱਖ ਸਮੱਸਿਆ ਜਾਤ-ਪਾਤ ਹੈ ਅਤੇ ਹਿੰਦੂ ਸਮਾਜ ਵਿਚ ਜਾਤੀਵਾਦ ਸਭ ਤੋਂ ਵੱਧ ਮੌਜੂਦ ਹੈ। ਇਸ ਲਈ ਇਹ ਕਹਿਣਾ ਬੇਮਾਇਨਾ ਹੈ ਕਿ ਹੁਣ ਇਹ ਸ਼ਹਿਰਾਂ ‘ਚ ਖ਼ਤਮ ਹੋ ਗਈ ਹੈ।
ਦਿੱਲੀ ਵਿਚ ਹੁਣੇ ਜਿਹੇ ‘ਕੁਲੀਨ’ ਸਮਝੀ ਜਾਂਦੀ ਹਾਊਸਿੰਗ ਸੁਸਾਇਟੀ ਦੇ ਬਾਹਰ ਮੋਚੀ (ਬੂਟ ਪਾਲਿਸ਼ ਕਰਨ ਵਾਲੇ) ਰਾਮ ਅਵਤਾਰ ਵਰਮਾ ਨੂੰ ਇਸ ਲਈ ਧਮਕਾਇਆ ਗਿਆ ਕਿਉਂਕਿ ਉਸ ਦਾ ਉਪਨਾਮ ਵਰਮਾ ਸੀ। ਕਿਸੇ ਵੀ ਸਾਹਿਬ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਵਰਮਾ ਜਾਤੀ ਦਾ ਕੋਈ ਬੰਦਾ ਚਮੜੇ/ਜੁੱਤੀਆਂ ਪਾਲਿਸ਼ ਕਰਨ ਦਾ ਕੰਮ ਵੀ ਕਰ ਸਕਦਾ ਹੈ। ਭਾਰਤੀ ਲੋਕ ਵਿਦੇਸ਼ਾਂ ‘ਚ ਜਾ ਕੇ ਉਪਨਾਮ ਜਾਂ ਪਿੰਡ ਜਾਂ ਦਾਦਾ ਆਦਿ ਦੀ ਪੜਤਾਲ ਕਰਦੇ ਹਨ ਤਾਂ ਜੋ ਜਾਤ ਦਾ ਪਤਾ ਲਗਾਇਆ ਜਾ ਸਕੇ।
ਯਾਦ ਰਹੇ ਕਿ 2016-17 ਵਿਚ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸਿੱਖਿਆ ਵਿਭਾਗ ਨੇ ਮਿਡਲ ਸਕੂਲਾਂ ਦੇ ਪਾਠਕ੍ਰਮ ਵਿਚ ਦੱਖਣੀ ਏਸ਼ੀਆ ਦੀ ਸੰਸਕ੍ਰਿਤੀ ਅਤੇ ਇਤਿਹਾਸ ਦੇ ਸਵਾਲਾਂ ਨੂੰ ਸ਼ਾਮਲ ਕਰਨ ਸਬੰਧੀ ਚਰਚਾ ਸ਼ੁਰੂ ਕੀਤੀ ਸੀ ਤਾਂ ਜੋ ਇਸ ਸਬੰਧੀ ਉਨ੍ਹਾਂ ਦਾ ਨਜ਼ਰੀਆ ਵੀ ਜਾਣਿਆ ਜਾ ਸਕੇ। ਫਿਰ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਰਵਿਦਾਸੀਆਂ, ਦਲਿਤਾਂ, ਦੱਖਣੀ ਏਸ਼ੀਆ, ਭਾਰਤ, ਔਰਤਾਂ ਦੇ ਸਵਾਲ, ਸਿੰਧੂ ਘਾਟੀ ਦੀ ਸਭਿਅਤਾ ਆਦਿ ਦੇ ਸਵਾਲਾਂ ‘ਤੇ ਵੱਖ-ਵੱਖ ਭਾਈਚਾਰਿਆਂ ਅਤੇ ਜਥੇਬੰਦੀਆਂ ਨੇ ਆਪਣੇ ਮੰਗ ਪੱਤਰ ਦਿੱਤੇ। ਅੰਤ ਵਿਚ ਪਾਠ ਪੁਸਤਕਾਂ ਵਿਚ ਜਾਤੀ ਵਿਤਕਰੇ ਅਤੇ ਜਾਤ-ਪਾਤ ਦੇ ਸਵਾਲਾਂ ਨੂੰ ਸ਼ਾਮਲ ਕਰਨ ਲਈ ਸਹਿਮਤੀ ਬਣੀ। ਉੱਥੇ 6ਵੀਂ ਅਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਣਾਏ ਜਾ ਰਹੇ ਇਨ੍ਹਾਂ ਪਾਠ-ਕ੍ਰਮਾਂ ਨੂੰ ਲੈ ਕੇ ਹਿੰਦੂਤਵ ਦੀਆਂ ਕਈ ਜਥੇਬੰਦੀਆਂ ਹਮਲਾਵਰ ਹੋ ਗਈਆਂ ਅਤੇ ਜਾਤ-ਪਾਤ ਅਤੇ ਜਾਤੀ ਭੇਦਭਾਵ ਦੇ ਸਵਾਲਾਂ ਨੂੰ ਝੂਠਾ ਅਤੇ ਹਿੰਦੂ-ਵਿਰੋਧੀ ਕਹਿਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕ ਭਾਰਤ ਨੂੰ ਵੱਖਰਾ ਰੱਖਣਾ ਚਾਹੁੰਦੇ ਸਨ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਦੱਖਣੀ ਏਸ਼ੀਆ ਦੇ ਹੋਰ ਮੁਲਕਾਂ ਨਾਲ ਜੋੜ ਕੇ ਨਹੀਂ ਦੇਖਣਾ ਚਾਹੁੰਦੇ ਸਨ। ਅੰਤ ਵਿਚ ਜਾਤੀ ਪ੍ਰਣਾਲੀ ਅਤੇ ਜਾਤੀ ਵਿਤਕਰੇ ਦੇ ਸਵਾਲ ਸ਼ਾਮਲ ਤਾਂ ਕਰ ਲਏ ਅਤੇ ਭਾਰਤ ਨੂੰ ਵੱਖਰੇ ਤੌਰ ‘ਤੇ ਦੇਖਣ ਉੱਪਰ ਵੀ ਸਹਿਮਤੀ ਹੋ ਗਈ।
ਜਾਤ-ਪਾਤ ਦਾ ਸਵਾਲ ਕੌਮਾਂਤਰੀ ਪੱਧਰ ‘ਤੇ ਉੱਠਦਾ ਦੇਖ ਕੇ ਹਿੰਦੂਤਵੀ ਲਾਬੀ ਵੀ ਚੌਕਸ ਹੋ ਗਈ ਹੈ। ਪਹਿਲਾਂ ਉਹ ਕਹਿੰਦੇ ਸਨ ਕਿ ਵਰਣ ਵਿਵਸਥਾ ‘ਕਰਮ’ ‘ਤੇ ਆਧਾਰਿਤ ਹੈ, ਇਹ ਜਨਮ ਆਧਾਰਿਤ ਨਹੀਂ ਹੈ ਪਰ ਕਿਉਂਕਿ ਕਰਮ ਦੀ ਇਸ ਖੇਡ ਵਿਚ ਭਗਵਦ ਗੀਤਾ ਦਾ ਵੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਇਸ ਲਈ ਹੁਣ ਨਵਾਂ ਸਿਧਾਂਤ ਲਿਆਂਦਾ ਜਾ ਰਿਹਾ ਹੈ ਕਿ ਜਾਤ-ਪਾਤ ਅੰਗਰੇਜ਼ਾਂ ਦੀ ਦੇਣ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇੰਗਲੈਂਡ ਅਤੇ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਨੂੰ ਭਾਰਤ ਦੇ ਵੱਡੇ ਉਦਯੋਗਪਤੀਆਂ ਤੋਂ ਵੀ ਫੰਡ ਮਿਲ ਰਹੇ ਹਨ ਅਤੇ ਪਰਵਾਸੀ ਭਾਰਤੀ ਵੀ ਇਸ ਦਿਸ਼ਾ ‘ਚ ਯਤਨਸ਼ੀਲ ਹਨ। ਇਨ੍ਹਾਂ ਯੂਨੀਵਰਸਿਟੀਆਂ ਦੇ ਮਾਹਿਰ ਹੁਣ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਰਤ ਵਿਚ ਜਾਤੀ ਵਿਵਸਥਾ ਅੰਗਰੇਜ਼ ਰਾਜ ਦੀ ਦੇਣ ਹੈ। ਵੈਸੇ ਤਾਂ ਬਿਰਤਾਂਤ ਸਿਰਜਣ ਵਿਚ ਬ੍ਰਾਹਮਣਵਾਦੀ ਤਾਕਤਾਂ ਤੋਂ ਵੱਡਾ ਕੋਈ ਨਹੀਂ ਹੈ। ਸੰਵਿਧਾਨ ਸਭਾ ਦੇ ਬਹੁਤ ਸਾਰੇ ਮੈਂਬਰਾਂ ਨੇ ਡਾ. ਅੰਬੇਡਕਰ ਨੂੰ ਉਨ੍ਹਾਂ ਦੇ ਮਹਾਨ ਕਾਰਜ ਲਈ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਆਧੁਨਿਕ ਮਨੂ ਵੀ ਕਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਬਾਬਾ ਸਾਹਿਬ ਨੇ ਮਨੁਸਮ੍ਰਿਤੀ ਨੂੰ ਅਨਿਆਂ ਦਾ ਦਸਤਾਵੇਜ਼ ਕਿਹਾ ਸੀ ਅਤੇ 25 ਦਸੰਬਰ 1927 ਨੂੰ ਮਹਾੜ ਵਿਚ ਮਨੁਸਮ੍ਰਿਤੀ ਨੂੰ ਸਾੜਿਆ ਸੀ।
ਬ੍ਰਾਹਮਣਵਾਦੀਆਂ ‘ਚ ਤੱਥਾਂ ਨੂੰ ਆਪਣੇ ਹਿਸਾਬ ਨਾਲ ਵਰਤਣ ਦਾ ਭਿਆਨਕ ਰੁਝਾਨ ਹੈ ਅਤੇ ਇਸ ਲਈ ਇਸ ਨੂੰ ਵਾਰ-ਵਾਰ ਫੜਿਆ ਜਾਣਾ ਚਾਹੀਦਾ ਹੈ। ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੇ ਵੀ.ਪੀ. ਸਿੰਘ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਇਨ੍ਹਾਂ ਉਦਾਰਵਾਦੀ ਅਤੇ ਕੱਟੜਪੰਥੀਆਂ ਨੇ ਵੀ.ਪੀ. ਸਿੰਘ ਨੂੰ ਜਾਤੀਵਾਦ ਦਾ ਜਨਮ ਦਾਤਾ ਤੱਕ ਕਹਿ ਦਿੱਤਾ ਸੀ। ਜਿਸ ਕਿਸੇ ਨੇ ਵੀ ਰਿਜ਼ਰਵੇਸ਼ਨ ਦੀ ਹਮਾਇਤ ਕੀਤੀ, ਭਾਰਤ ਦੇ ‘ਬ੍ਰਾਹਮਣਵਾਦੀ’ ਮਾਹਿਰਾਂ ਨੇ ਉਸੇ ਨੂੰ ਜਾਤੀਵਾਦੀ ਕਰਾਰ ਦਿੱਤਾ।
ਉਂਞ ਬਰਤਾਨੀਆ, ਅਮਰੀਕਾ ਅਤੇ ਕੈਨੇਡਾ ਦੀਆਂ ਸਥਾਨਕ ਸੰਸਥਾਵਾਂ ਹੁਣ ਜਿਸ ਤਰ੍ਹਾਂ ਜਾਤ-ਪਾਤ ਦੇ ਭੇਦਭਾਵ ਦੇ ਸਵਾਲ ਨੂੰ ਦੇਖ ਰਹੀਆਂ ਹਨ ਤਾਂ ਇਹ ਸੁਭਾਵਿਕ ਹੈ ਕਿ ਆਪਣੀ ਜਾਤ ਉੱਪਰ ਮਾਣ ਕਰਨ ਵਾਲੇ ਹਮੇਸ਼ਾ ਜਾਤ-ਪਾਤ ਅਤੇ ਛੂਤ-ਛਾਤ ਦੇ ਸਵਾਲਾਂ ਤੇ ਸੱਚਾਈ ਤੋਂ ਅਸਹਿਜ ਰਹਿਣਗੇ ਪਰ ਹੁਣ ਉਨ੍ਹਾਂ ਦੇ ਅਜਿਹਾ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਜਿਸ ਜਾਗਰੂਕ ਸਮਾਜ ਦੀ ਕਲਪਨਾ ਡਾ. ਅੰਬੇਡਕਰ ਕਰ ਰਹੇ ਸਨ, ਉਸ ਦਾ ਵੱਡਾ ਹਿੱਸਾ ਯਕੀਨਨ ਜਾਗਰੂਕ ਹੋ ਚੁੱਕਾ ਹੈ ਅਤੇ ਬੇਇਨਸਾਫ਼ੀ ਦਾ ਡਟ ਕੇ ਵਿਰੋਧ ਕਰ ਰਿਹਾ ਹੈ। ਭਾਰਤ ਦੇ ਹੁਕਮਰਾਨ ਜਾਂ ਅਖੌਤੀ ਉਦਾਰਵਾਦੀ ਇਸ ਨੂੰ ਭਾਵੇਂ ਜਿੰਨਾ ਮਰਜ਼ੀ ਲੁਕੋਣ, ਦੁਨੀਆ ਜਾਤੀਵਾਦ ਦੀਆਂ ਕਰੂਰ ਸਚਾਈਆਂ ਤੋਂ ਜਾਣੂ ਹੋ ਗਈ ਹੈ ਅਤੇ ਇਸ ਵਿਰੁੱਧ ਸੰਘਰਸ਼ ਵਿਚ ਡਾ. ਅੰਬੇਡਕਰ ਦੇ ਮਿਸ਼ਨ ਨਾਲ ਜੁੜੇ ਲੋਕਾਂ ਦਾ ਸਾਥ ਦੇਣ ਲਈ ਤਿਆਰ ਹੈ।