ਮੂਨ ਦੀ ਅੱਖ ਵਿਚ ਛਲਕਿਆ ਪਰਾਇਆ ਹੰਝੂ ਮੋਹਨ ਭੰਡਾਰੀ

ਗੁਰਬਚਨ ਸਿੰਘ ਭੁੱਲਰ
ਸੰਪਰਕ: +91-80763-63058
‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕਾਂ ਵਿਚ ਅਸੀਂ ਉਘੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਦੇ ਕਾਲਮ ‘ਕਲਮਾਂ ਵਾਲੀਆਂ’ ਤਹਿਤ ਔਰਤ ਲਿਖਾਰੀਆਂ ਦੀ ਜ਼ਿੰਦਗੀ ਅਤੇ ਸਾਹਿਤ ਬਾਰੇ ਲੜੀ ਛਾਪੀ ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ। ਹੁਣ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਉਨ੍ਹਾਂ ਆਪਣੇ ਸਾਹਿਤਕਾਰ ਦੋਸਤਾਂ ਬਾਰੇ ‘ਕਲਮੀ ਚਿੱਤਰ’ ਭੇਜੇ ਹਨ, ਜਿਸ ਵਿਚ ਉਨ੍ਹਾਂ ਵੱਖ-ਵੱਖ ਲਿਖਾਰੀਆਂ ਬਾਰੇ ਬੜੀਆਂ ਦਿਲਚਸਪ ਅਤੇ ਅਣਛੋਹੀਆਂ ਗੱਲਾਂ ਕੀਤੀਆਂ ਹਨ। ਗੁਰਬਚਨ ਸਿੰਘ ਭੁੱਲਰ ਨੇ ਆਪਣੀ ਹਯਾਤੀ ਦਾ ਵੱਡਾ ਹਿੱਸਾ ਭਾਵੇਂ ਦਿੱਲੀ ਵਰਗੇ ਮਹਾਂਨਗਰ ਵਿਚ ਗੁਜ਼ਾਰਿਆ ਪਰ ਉਨ੍ਹਾਂ ਦੀਆਂ ਰਚਨਾਵਾਂ ਵਿਚ ਪਿੰਡਾਂ ਅਤੇ ਪੇਂਡੂ ਰਹਿਤਲ ਦੇ ਰੰਗ ਅਛੋਪਲੇ ਜਿਹੇ ਆਣ ਜੁੜਦੇ ਹਨ। ਉਨ੍ਹਾਂ ਦੀਆਂ ਕਿਰਤਾਂ ਵਿਚ ਸੁਹਜ ਅਤੇ ਸਲੀਕਾ ਆਪਣੀ ਮਿਸਾਲ ਆਪ ਬਣਦਾ ਹੈ। ਉਨ੍ਹਾਂ ਦੀਆਂ ਕਹਾਣੀਆਂ, ਪਲੇਠੇ ਤੇ ਇਕੋ-ਇਕ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਅਤੇ ਹੋਰ ਰਚਨਾਵਾਂ ਵਿਚ ਇਹ ਰੰਗ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਲੜੀ ਤਹਿਤ ਸ਼ੁਰੂਆਤ ਅਸੀਂ ਉਨ੍ਹਾਂ ਦੇ ਗੂੜ੍ਹੇ ਮਿੱਤਰ ਅਤੇ ਉਘੇ ਕਹਾਣੀਕਾਰ (ਮਰਹੂਮ) ਮੋਹਨ ਭੰਡਾਰੀ ਤੋਂ ਕਰ ਰਹੇ ਹਾਂ। ਇਸ ਰਚਨਾ ਦਾ ਕ੍ਰਿਸ਼ਮਈ ਅੰਦਾਜ਼ ਮੱਲੋਮੱਲੀ ਧਿਆਨ ਖਿੱਚਦਾ ਹੈ।

ਮੋਹਨ ਭੰਡਾਰੀ ਅਜਿਹਾ ਲੇਖਕ ਹੈ ਜਿਸ ਦਾ ਦੋਸਤਾਂ ਦਾ ਘੇਰਾ ਕਾਫ਼ੀ ਮੋਕਲਾ ਹੈ। ਇਸ ਵਿਚ ‘ਕੁਨਦ ਹਮ-ਜਿਸਨ ਬਾ ਹਮ-ਜਿਨਸ ਪ੍ਰਵਾਜ਼, ਕਬੂਤਰ ਵਾ ਕਬੂਤਰ, ਬਾਜ਼ ਵਾ ਬਾਜ਼’ ਦੇ ਸਿਧਾਂਤ ਅਨੁਸਾਰ ਉਹਦੇ ਹਮ-ਜਿਨਸ, ਅਰਥਾਤ ਸਿੱਧੇ-ਸਾਊ ਤੇ ਮਲੰਗ ਤਾਂ ਸ਼ਾਮਲ ਹਨ ਹੀ, ਪਰ ਜੇ ਕੋਈ ਮਾੜਾ-ਮੋਟਾ ਮੜਾ-ਮੂਜੀ ਵੀ ਪ੍ਰਵੇਸ਼ ਕਰਨਾ ਚਾਹੇ, ਉਹ ਆਖੇਗਾ, ‘ਆ ਜਾ, ਬੀਰ, ਤੂੰ ਵੀ ਆ ਜਾ।’ ਜੇ ਕਿੰਤੂ ਕੀਤਾ ਜਾਵੇ ਕਿ ਦੋਸਤੀ ਪਾਉਣ-ਨਿਭਾਉਣ ਦਾ ਕੋਈ ਤਾਂ ਛਾਣਨਾ ਹੋਣਾ ਚਾਹੀਦਾ ਹੈ, ਉਹ ਕਹੇਗਾ, ‘ਆਪਾਂ, ਬੀਰ, ਇਹਦਾ ਦਿਲ ਕਾਹਨੂੰ ਦੁਖਾਉਣਾ ਹੈ, ਆਪਣੇ ਦੋਸਤੀ ਦੇ ਮਿਆਰਾਂ ਵਿਚੋਂ ਕਿਰਨ ਵਾਲਾ ਹੋਇਆ, ਆਪੇ ਹੌਲੀ-ਹੌਲੀ ਕਿਰ ਜਾਊ।’
ਉਹਦੇ ਇਸੇ ਰਵੱਈਏ ਕਾਰਨ ਮੈਂ ਬਹੁਤ ਪਹਿਲਾਂ ਉਹਦੇ ਘਰ ਦਾ ਨਾਂ ‘ਡੇਰਾ ਬਾਬਾ ਮੋਹਨ ਭੰਡਾਰੀ’ ਰੱਖ ਦਿੱਤਾ ਸੀ। ਕਹਾਣੀਕਾਰ ਵਜੋਂ ਉਹਦੇ ਵਿਕਾਸ ਦੇ ਅਨੁਕੂਲ ਉਹਦੇ ਘਰ ਦਾ ਨੰਬਰ 1385-ਏ ਤੋਂ ਵਧ ਕੇ 3284/1 ਅਤੇ ਸੈਕਟਰ 20-ਬੀ ਤੋਂ ਵਧ ਕੇ 44-ਡੀ ਹੋ ਗਿਆ, ਪਰ ਉਹਦੀ ਡੇਰਾ-ਬਿਰਤੀ ਵਿਚ ਕੋਈ ਤਬਦੀਲੀ ਨਾ ਆਈ। ਇਸ ਡੇਰੇ ਦੀ ਕਥਾ ਵੀ ਨਿਰਾਲੀ ਹੈ। ਡਾ. ਮਹਿੰਦਰ ਸਿੰਘ ਰੰਧਾਵਾ ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਸਨ। ਜਿਵੇਂ ਸਭ ਜਾਣਦੇ ਹੀ ਹਨ, ਉਹ ਲੇਖਕਾਂ ਤੇ ਕਲਾਕਾਰਾਂ ਦੇ ਬੜੇ ਮਿਹਰਬਾਨ ਕਦਰਦਾਨ ਸਨ। ਚੰਡੀਗੜ੍ਹ ਸਾਹਿਤ ਅਕਾਦਮੀ ਵਿਚ ਮੋਹਨ ਨੇ ਕਹਾਣੀ ਪੜ੍ਹਨੀ ਸੀ ਤੇ ਰੰਧਾਵਾ ਸਾਹਿਬ ਪ੍ਰਧਾਨਗੀ ਲਈ ਬੁਲਾਏ ਹੋਏ ਸਨ। ਕਹਾਣੀ ਉਨ੍ਹਾਂ ਨੂੰ ਭਾਅ ਗਈ। ਉਨ੍ਹੀਂ ਦਿਨੀਂ ਹੀ ਇਹਦਾ ਕਹਾਣੀ-ਸੰਗ੍ਰਹਿ ‘ਤਿਲਚੌਲ਼ੀ’ ਛਪਿਆ। ਰੰਧਾਵਾ ਸਾਹਿਬ ਦੀ ਨਜ਼ਰੋਂ ਲੰਘਿਆ ਤਾਂ ਉਨ੍ਹਾਂ ਨੂੰ ਲੇਖਕ ਵਿਚ ਦਮ ਲੱਗਣਾ ਹੀ ਸੀ। ਉਨ੍ਹਾਂ ਨੇ ਚੰਡੀਗੜ੍ਹ ਸਾਹਿਤ ਅਕਾਦਮੀ ਤੋਂ ‘ਤਿਲਚੌਲ਼ੀ’ ਨੂੰ ਪਹਿਲਾ ਪੁਰਸਕਾਰ ਦੁਆਇਆ ਤੇ ‘ਤਿਲਚੌਲ਼ੀ’ ਦੇ ਲੇਖਕ ਨੂੰ ਐਗ਼ਜ਼ੈਕਟਿਵ ਦਾ ਮੈਂਬਰ ਬਣਵਾਇਆ।
ਫੇਰ ਕਿਤੇ ਮਿਲੇ ਤਾਂ ਰੰਧਾਵਾ ਸਾਹਿਬ ਕਹਿੰਦੇ, ‘ਤੇਰੇ ਘਰ ਚੱਲਾਂਗੇ ਕਿਸੇ ਦਿਨ।’
ਇਹਨੇ ਕਿਹਾ, ‘ਸੁਆਹ ਘਰ ਐ ਉਹ! ਬਾਰਾਂ ਟਾਈਪ ਦਾ ਅੱਧਾ ਕੁਆਰਟਰ।’
ਉਹ ਝੱਟ ਬੋਲੇ, ‘ਲਿਆ ਅਰਜ਼ੀ, ਪੂਰਾ ਕਰ ਦਿਆਂ।’
ਅਰਜ਼ੀ ਉੱਤੇ ਉਨ੍ਹਾਂ ਨੇ ਲਿਖਿਆ, ‘ਮੋਹਨ ਭੰਡਾਰੀ ਪੰਜਾਬੀ ਦਾ ਬਹੁਤ ਵਧੀਆ ਕਹਾਣੀਕਾਰ ਹੈ। ਅੱਧੇ ਮਕਾਨ ਵਿਚ ਇਹਦੇ ਲਿਖਣ-ਪੜ੍ਹਨ ਵਿਚ ਵਿਘਨ ਪੈਂਦਾ ਹੈ। ਇਹਨੂੰ ਇਹਦਾ ਬਣਦਾ, ਜਿਸ ਦਾ ਇਹ ਹੱਕਦਾਰ ਹੈ, ਪੂਰਾ ਮਕਾਨ ਅਲਾਟ ਕੀਤਾ ਜਾਵੇ, ਇਹਦੀ ਪਸੰਦ ਦਾ।’
ਇਹਨੇ ਦਫ਼ਤਰ ਵਾਲਿਆਂ ਤੋਂ ਆਪਣੇ ਹੱਕ ਅਨੁਸਾਰ ਗਿਆਰਾਂ ਟਾਈਪ ਦਾ ਗਰਾਊਂਡਫਲੋਰ ਮੰਗਿਆ। ਦਫ਼ਤਰ ਵਾਲਿਆਂ ਨੇ ਇਧਰਲੀਆਂ-ਓਧਰਲੀਆਂ ਮਾਰ ਕੇ ਇਹਨੂੰ ਬਾਰਾਂ ਟਾਈਪ ਦੇ ਫ਼ਸਟ ਫਲੋਰ ਦੀ ‘ਹਾਂ’ ਕਰਵਾ ਲਈ।
ਇਸ ਕਥਾ ਨਾਲ ਇਕ ਕਥਾ ਹੋਰ ਜੁੜੀ ਹੋਈ ਹੈ। ਇਹ ਆਪਣੀ ਅਰਜ਼ੀ ਲੈ ਕੇ ਜਦੋਂ ਦਫ਼ਤਰ ਦੇ ਸੁਪਰਿਨਟੈਂਡੈਂਟ ਕੋਲ ਗਿਆ, ਉਹਨੇ ਅਰਜ਼ੀ ਫੜ ਕੇ ਰੰਧਾਵਾ ਜੀ ਦਾ ਲੰਮਾ-ਚੌੜਾ ਆਰਡਰ ਗਹੁ ਨਾਲ ਪੜ੍ਹਿਆ ਤੇ ਬੋਲਿਆ, ‘ਚੰਗਾ ਕਾਕਾ, ਤੂੰ ਜਾ, ਭੰਡਾਰੀ ਸਾਹਿਬ ਨੂੰ ਭੇਜ।’
ਜਦੋਂ ਰੰਧਾਵਾ ਸਾਹਿਬ ਨੂੰ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦਾ ਵੀਸੀ ਬਣਾਏ ਜਾਣ ਦੀ ਸੋਅ ਮਿਲੀ, ਉਨ੍ਹਾਂ ਨੇ ਜਾਂਦਿਆ-ਜਾਂਦਿਆਂ ਵੀ ਕੁਝ ਲੇਖਕਾਂ ਵਗੈਰਾ ਦਾ ਭਲਾ ਕਰਨ ਬਾਰੇ ਸੋਚਿਆ। ਮੋਹਨ ਭੰਡਾਰੀ ਤੋਂ ਵੀ ਅਰਜ਼ੀ ਮੰਗ ਲਈ ਤੇ ਇਹਨੂੰ 15 ਸੈਕਟਰ ਵਿਚ ਇਕ ਕੋਨੇ ਵਾਲ ਪਲਾਟ ਮਿਲ ਗਿਆ। ਭਾਅ 28 ਰੁਪਏ ਵਰਗ ਗ਼ਜ਼। ਇਹਨੇ ਸ਼ਰਤ ਅਨੁਸਾਰ ਸਕਿਉਰਿਟੀ ਦੇ ਪੈਸੇ ਵੀ ਭਰ ਦਿੱਤੇ। ਰੰਧਾਵਾ ਸਾਹਿਬ ਲੁਧਿਆਣੇ ਚਲੇ ਗਏ। ਇਹ ਬਾਕੀ ਪੈਸੇ ਭਰਨ ਗਿਆ ਤਾਂ ਦਫ਼ਤਰੀਏ ਕਹਿੰਦੇ, ਤਾਰੀਖ਼ ਤੋਂ ਇਕ ਹਫ਼ਤਾ ਪਛੜ ਕੇ ਆਏ ਹੋ, 28 ਦੀ ਥਾਂ 39 ਰੁਪਏ ਦੇ ਹਿਸਾਬ ਚੈੱਕ ਲਿਆਓ। ਇਹ ਆਕੜ ਗਿਆ, ‘ਗਿਆਰਾਂ ਰੁਪਈਏ ਹੋਰ ਕਾਹਦੇ? ਕਿਉਂ ਦੇਵਾਂ ਮੈਂ ਗਿਆਰਾਂ ਰੁਪਈਏ ਵੱਧ?’
ਕਲਰਕ ਦੇ ਕਾਰਨ ਦੱਸੇ ਤੋਂ ਇਹਨੇ ਮਨ ਹੀ ਮਨ ਤਾਂ ਗਾਲ਼ਾਂ ਦਿੱਤੀਆਂ, ‘ਸਾਲ਼ੇ ਲੁਟੇਰੇ…ਹਰਾਮੀ…ਮੈਨੂੰ ਠੱਗਣ ਨੂੰ ਫਿਰਦੇ ਐ…’, ਪਰ ਬੋਲ ਕੇ ਆਖਿਆ, ‘ਮੈਂ ਨਹੀਂ ਦੇਣੇ ਗਿਆਰਾਂ ਰੁਪਈਏ ਵੱਧ! ਚੱਕੋ ਆਬਦਾ ਪਲਾਟ ਤੇ ਐਧਰ ਧਰੋ ਮੇਰੀ ਸਕਿਉਰਿਟੀ!’ ਜਿਨ੍ਹਾਂ ਕਲਰਕਾਂ ਉੱਤੇ ਲੋਕ ਮਹੀਨਿਆਂ-ਬੱਧੀ ਕੰਮ ਨਾ ਕਰਨ ਦਾ ਦੋਸ਼ ਲਾਉਂਦੇ ਹਨ, ਉਨ੍ਹਾਂ ਨੇ ਐਨੀ ਚੁਸਤੀ ਦਿਖਾਈ ਕਿ ਪੰਜ ਮਿੰਟ ਵਿਚ ਇਹਦੇ ਪੈਸੇ ਇਹਦੀ ਹਥੇਲੀ ਉੱਤੇ ਰੱਖ ਦਿੱਤੇ। ਇਹ ਪੈਸੇ ਮੁੜਵਾ ਕੇ ਖ਼ੁਸ਼ ਤੇ ਦਫ਼ਤਰੀਏ ਇਸ ਕਰਕੇ ਖ਼ੁਸ਼ ਕਿ ਉਸ ਪਲਾਟ ਉੱਤੇ ਇਕ ਰਸੂਖ਼ਵਾਨ ਅਧਿਕਾਰੀ ਦੀ ਅੱਖ ਸੀ ਤੇ ਉਹਨੇ ਦਫ਼ਤਰ ਵਾਲਿਆਂ ਨੂੰ ਕਹਿ ਰੱਖਿਆ ਸੀ ਕਿ ਮੋਹਨ ਭੰਡਾਰੀ ਨਾਂ ਦਾ ਬੰਦਾ ਜੇ ਕਿਸੇ ਕਾਰਨ ਪੈਸੇ ਨਾ ਭਰੇ, ਇਹ ਪਲਾਟ ਮੇਰੇ ਨਾਂ ਕਰ ਦੇਣਾ! ਹੁਣ ਤੁਸੀਂ ਇਸ ਘਟਨਾ ਨੂੰ ਇਹਦਾ ਸਵੈਮਾਣ ਆਖਣਾ ਹੈ ਕਿ ਅਕਲ ਦਾ ਘਾਟਾ, ਇਹ ਤੁਹਾਡੀ ਮਰਜ਼ੀ!
ਪੰਜਾਬੀ ਸਾਹਿਤ ਵਿਚ ਇਹਦੇ ਡੇਰੇ ਦੀ ਮਹਿਮਾ ਦੂਰ-ਦੂਰ ਫੈਲਾਉਣ ਵਿਚ ਇਹਦੀ ਸਾਹਿਤਕਾਰੀ ਤੋਂ ਇਲਾਵਾ ਪੋਸਟ-ਕਾਰਡ ਦੇ ਉਤਲੇ ਸੱਜੇ ਖੂੰਜੇ ਦਾ ਬਹੁਤ ਵੱਡਾ ਹੱਥ ਰਿਹਾ। ਇਹ ਚਿੱਠੀ ਆਮ ਕਰ ਕੇ ਕਾਰਡ ਉਤੇ ਲਿਖਦਾ ਅਤੇ ਲਿਖੇ ਭਾਵੇਂ ਕਿਸੇ ਨੂੰ ਵੀ, ਸਭ ਤੋਂ ਪਹਿਲਾਂ ਇਸ ਉਤਲੇ ਸੱਜੇ ਖੂੰਜੇ ਵਿਚ ‘ਡੇਰਾ ਬਾਬਾ ਮੋਹਨ ਭੰਡਾਰੀ’ ਦਾ ਸਿਰਨਾਵਾਂ ਲਿਖਦਾ। ਸਾਡੇ ਬਚਪਨ ਵਿਚ ਜਦੋਂ ਪਿੰਡਾਂ ਵਿਚ ਅਨਪੜ੍ਹ ਲੋਕ ਮਾਸਟਰ ਜਾਂ ਪਟਵਾਰੀ ਤੋਂ ਚਿੱਠੀ ਲਿਖਵਾਉਣ ਜਾਂਦੇ ਸਨ, ਉਹ ਪਹਿਲਾਂ ਆਪ ਹੀ ‘ਜਹਾਂ ਪਰ ਖ਼ੈਰੀਅਤ ਹੈ ਔਰ ਆਪ ਕੀ ਖ਼ੈਰੀਅਤ ਪਰਮਾਤਮਾ ਜੀ ਸੇ ਨੇਕ ਚਾਹਤੇ ਹੈਂ, ਸੂਰਤ ਹਵਾਲ ਯਿਹ ਹੈ ਕਿ’ ਲਿਖ ਕੇ ਚਿੱਠੀ ਲਿਖਵਾਉਣ ਆਏ ਮਾਈ-ਭਾਈ ਤੋਂ ਪੁਛਦਾ ਕਿ ਲਿਖਣਾ ਕੀ ਹੈ। ਇਸੇ ਮਾਸਟਰਾਨਾ-ਪਟਵਾਰੀਆਨਾ ਰੀਤ ਨੂੰ ਜੀਵਤ ਰਖਦਿਆਂ ਮੋਹਨ ਚਿੱਠੀ ਲਿਖਣੀ ਸ਼ੁਰੂ ਕਰਨ ਤੋਂ ਪਹਿਲਾਂ ਕਾਰਡ ਦੇ ਉਤਲੇ ਸੱਜੇ ਕੋਨੇ ਵਿਚ ‘ਮਕਾਨ ਨੰ: 3284/1, ਅਗਵਾੜ 44 ਡੀ, ਬਾਮਕਾਮ ਚੰਡੀਗੜ੍ਹ, ਡਾਕਖਾਨਾ ਖਾਸ, ਤਸੀਲ-ਜ਼ਿਲਾ ਚੰਡੀਗੜ੍ਹ’ ਲਿਖਣਾ ਨਹੀਂ ਸੀ ਭੁਲਦਾ। ਜਿਨ੍ਹਾਂ ਦੋਸਤਾਂ ਨੂੰ ਇਹਦੇ ਸਿਰਨਾਵੇਂ ਦਾ ਹੀ ਨਹੀਂ, ਇਹਦਾ ਵੀ ਨਹੰੁ-ਨਹੰੁ ਪਤਾ ਹੈ, ਉਨ੍ਹਾਂ ਨੂੰ ਵੀ ਇਹ ਚਿੱਠੀ ਇਉਂ ਹੀ ਲਿਖਦਾ। ਮੇਰਾ ਵਿਸ਼ਵਾਸ ਸੀ ਕਿ ਜੇ ਨਿਰਮਲ ਭਾਬੀ ਕੁਝ ਦਿਨਾਂ ਲਈ ਪੇਕੇ ਚਲੀ ਜਾਂਦੀ ਅਤੇ ਇਹਨੇ ‘ਸਾਡਾ ਜੀਅ ਨਹੀਂ ਲਗਦਾ ਕੱਲਿਆਂ ਦਾ’ ਦੱਸਣ ਲਈ ਚਿੱਠੀ ਲਿਖਣੀ ਹੁੰਦੀ, ਉਸ ਕਾਰਡ ਦੇ ਉਤਲੇ ਸੱਜੇ ਖੂੰਜੇ ਵਿਚ ਵੀ ਇਹ ਆਪਣਾ ਉਪਰੋਕਤ ਪੂਰਾ ਪਤਾ ਜ਼ਰੂਰ ਲਿਖਦਾ।
ਇਹਦੀ ਕੰਮਕਾਜੀ ਯਾਤਰਾ ਜਨਮ-ਸਥਾਨ ਬਨਭੌਰਾ ਤੋਂ ਨਿਵਾਸ-ਸਥਾਨ ਚੰਡੀਗੜ੍ਹ ਤੱਕ ਦੀ ਹੈ, ਜੋ ਕੁੱਲ ਸਵਾ-ਡੇਢ ਸੌ ਕਿਲੋਮੀਟਰ ਬਣਦੀ ਹੋਵੇਗੀ ਤੇ ਉਨ੍ਹਾਂ ਸਮਿਆਂ ਵਿਚ ਤਿੰਨ-ਚਾਰ ਘੰਟਿਆਂ ਵਿਚ ਪੂਰੀ ਹੋ ਗਈ ਹੋਵੇਗੀ। ਪਰ ਇਹਦੀ ਸਾਹਿਤਕ ਯਾਤਰਾ ਸਿੱਧਾ ਬੰਦਾ ਹੋਣ ਦੇ ਬਾਵਜੂਦ ਨੱਕ ਦੀ ਸੇਧ ਸਿੱਧੀ ਨਹੀਂ ਸੀ। ਇਹਨੇ ਪਹਿਲਾ ਸਾਹਿਤਕ ਕਦਮ 1953 ਵਿਚ ਨੌਵੀਂ ਵਿਚ ਪੜ੍ਹਦਿਆਂ ਲਿਖੀ ਕਹਾਣੀ ‘ਅੱਧਵਾਟਾ’ ਨਾਲ ਚੁੱਕਿਆ। ਬਹਾਦਰੀ ਇਹ ਕੀਤੀ ਕਿ ਪਿੰਡ ਦੀ ਕੁੜੀ ਦਾ ਨਾਂ ਵੀ ਅਸਲੀ ਲਿਖ ਦਿੱਤਾ ਤੇ ਦੇ ਵੀ ਉਹਨੂੰ ਹੀ ਦਿੱਤੀ। ਇਹਦਾ ਕਹਿਣਾ ਹੈ, ‘ਮੈਂ ਸ਼ਹੀਦ ਹੁੰਦਾ-ਹੁੰਦਾ ਬਚਿਆ। ਹੁਣ ਤਾਂ ਉਹ ਕਹਾਣੀ ਵੀ ਕਿਥੇ ਬਚੀ ਹੋਣੀ ਐ। ਲਭਦੀ ਹੀ ਨਹੀਂ। ਹੁਣ ਤਾਂ ਕਹਾਣੀ ਦੀ ਨਾਇਕਾ ਵੀ ਬੁੜ੍ਹੀ ਹੋ ਗਈ। ਅਖ਼ਬਾਰ ਵਿਚ ਲੰਮੀ-ਚੌੜੀ ਇਸ਼ਤਿਹਾਰੀ ਟਿੱਪਣੀ ਛਾਪ ਦਿੱਤੀ, ‘ਜੇ ਕਿਤੇ ਪੜ੍ਹਦੀ-ਸੁਣਦੀ ਹੋਵੇ ਤਾਂ ਮੇਰੀ ਕਹਾਣੀ ਮੋੜ ਦੇਵੇ।’ ਪਰ ਜੀ ਕਿਥੇ!’
ਕਹਾਣੀ ‘ਅੱਧਵਾਟਾ’ ਨਾਲ 1953 ਦਾ ਤੁਰਿਆ ਆਖ਼ਰੀ ਕਹਾਣੀ-ਸੰਗ੍ਰਹਿ ‘ਮੂਨ ਦੀ ਅੱਖ’ ਤੱਕ ਇਹ 1993 ਵਿਚ ਪਹੁੰਚਿਆ, ਭਾਵ ਪੂਰੇ 40 ਸਾਲ ਦੀ ਯਾਤਰਾ! ਇਹ ਯਾਤਰਾ ਕਰਦਿਆਂ ਇਹਨੇ ਰਾਹ ਵਿਚ ਸਾਲਾਂ ਦੇ ਸਾਲ ਅਮਰੀਕਾ ਤੇ ਯੂਰਪ ਵਿਚ ਮਾਰਕ ਟਵੇਨ, ਐੱਚ. ਜੀ. ਵੈਲਜ਼, ਹੈਮਿੰਗਵੇ, ਸਰਮਸੈਟ ਮਾਅਮ, ਓ. ਹੈਨਰੀ, ਮੋਪਾਸਾਂ, ਕਾਮੂ ਅਤੇ ਹੋਰ ਅਨੇਕ ਲੇਖਕਾਂ ਨਾਲ ਬਿਤਾ ਛੱਡੇ। ਰੂਸ ਵਿਚ ਤਾਂ ਇਹ ਘਰ ਪਾ ਕੇ ਹੀ ਬੈਠ ਗਿਆ। ਟਾਲਸਟਾਇ, ਗੋਰਕੀ, ਦੋਸਤੋਵਸਕੀ, ਪਾਸਤੋਵਸਕੀ, ਚੈਖ਼ਵ, ਪਾਸਤਰਨਾਕ, ਸ਼ੋਲੋਖੋਵ, ਆਈਤਮਾਤੋਵ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ! ਉਹ ਆਉਣ ਦੇਣ ਤਾਂ ਇਹ ਆਵੇ। ਇਹਦਾ ਆਪਣਾ ਦਿਲ ਆਉਣ ਨੂੰ ਕਰੇ ਤਾਂ ਹੀ ਆਵੇ। ਦੇਸ ਪਰਤਿਆ ਤਾਂ ਬੰਬਈ ਤੇ ਲਾਹੌਰ ਤਾਂ ਰਾਹ ਵਿਚ ਆਉਣੇ ਹੀ ਹੋਏ, ਜਿੱਥੇ ਮੰਟੋ, ਕ੍ਰਿ਼ਸ਼ਨ ਚੰਦਰ, ਇਸਮਤ ਚੁਗਤਾਈ, ਰਾਜਿੰਦਰ ਸਿੰਘ ਬੇਦੀ, ਅਹਿਮਦ ਨਦੀਮ ਕਾਸਮੀ, ਬਲਵੰਤ ਸਿੰਘ ਤੇ ਹੋਰ ਕਿੰਨਿਆਂ ਰਹਿਣਾ ਸੀ। ਆਪਣੇ ਵਾਰਿਸ, ਬੁੱਲ੍ਹਾ, ਨਾਨਕ ਸਿੰਘ, ਵਿਰਕ ਆਦਿ ਨਾਲ ਮੁਲਾਕਾਤ ਹੋਣੀ ਤਾਂ ਸੁਭਾਵਿਕ ਹੀ ਸੀ। ਜੇ ਮੋਹਨ ਦੀ ਗਲਪ ਵਿਚ ਪਾਠਕ ਨੂੰ ਮੋਹਣ ਦੀ ਸ਼ਕਤੀ ਹੈ, ਉਹ ਇਨ੍ਹਾਂ ਸਾਰਿਆਂ ਦੀ ਅਸ਼ੀਰਵਾਦ ਤੇ ਸੰਗਤ ਸਦਕਾ ਹੈ। ਇਹਨੇ ਸ਼ਹਿਦ ਦੀ ਮੱਖੀ ਵਾਂਗ ਇਨ੍ਹਾਂ ਸਾਰੇ ਫੁੱਲਾਂ ਦਾ ਰਸ ਕਣੀ-ਕਣੀ ਕਰ ਕੇ ਆਪਣੀਆਂ ਕਹਾਣੀਆਂ ਦੇ ਮਖਿਆਲ ਵਿਚ ਸੰਜੋਇਆ-ਸਮੋਇਆ ਹੋਇਆ ਹੈ।
ਕਹਾਵਤ ਤਾਂ ਹੈ, ਬੁਰੀ ਸੰਗਤ ਦੇ ਬੁਰੇ ਨਤੀਜੇ, ਪਰ ਮੋਹਨ ਵਲੋਂ ਕੀਤੀ ਗਈ ਉਪਰੋਕਤ ਅਤੇ ਹੋਰ ਮਹਾਂਰਥੀਆਂ ਦੀ ਚੰਗੀ ਸੰਗਤ ਦਾ ਵੀ ਇਕ ਨਤੀਜਾ ਬੁਰਾ ਨਿਕਲਿਆ। ਇਹਨੇ ਮੰਚਾਂ ਉੱਤੇ ਅਤੇ ਮਹਿਫ਼ਲਾਂ ਵਿਚ ਮੋਹਨ ਭੰਡਾਰੀ ਨਾਂ ਦੇ ਲੇਖਕ ਦਾ ਬੋਲਣਾ ਹੀ ਬੰਦ ਕਰ ਦਿੱਤਾ। ਜਦੋਂ ਗੱਲ ਕਰਨੀ, ਬੁੱਲ੍ਹੇ ਨੇ ਬੇਦੀ ਨੂੰ ਐਹ ਕਿਹਾ, ਵੈਲਜ਼ ਨੇ ਵਿਰਕ ਨੂੰ ਇਕ ਚਿੱਠੀ ਵਿਚ ਐਹ ਲਿਖਿਆ, ਚੈਖ਼ਵ ਤੇ ਗੋਰਕੀ ਦੀ ਐਹ ਵਾਰਤਾਲਾਪ ਹੋਈ। ਇਸ ਸਾਰੀ ਕਿੱਸਾ-ਗੋਈ ਵਿਚਕਾਰ ਦਮ-ਘੁੱਟੇ ਮੋਹਨ ਭੰਡਾਰੀ ਦਾ ਸਾਹ ਸੌਖਾ ਕਰਨ ਲਈ ਆਖ਼ਰ ਮੈਨੂੰ ਇਹ ਡਰਾਵਾ ਦੇਣਾ ਪਿਆ, ‘ਦੇਖ ਮੇਰੇ ਭਾਈ, ਜੇ ਤੂੰ ਇਸ ਦੁਨੀਆ-ਭਰ ਦੀ ਬਜ਼ੁਰਗ-ਮੰਡਲੀ ਦੀ ਭੀੜ ਵਿਚ ਬਿਚਾਰੇ ਭੰਡਾਰੀ ਨੂੰ ਬੋਲਣ ਹੀ ਨਹੀਂ ਦੇਣਾ, ਮੇਰਾ ਤੇਰੇ ਨਾਲ ਸਭਾਵਾਂ ਵਿਚ ਤੇ ਮਹਿਫਲਾਂ ਵਿਚ ਜਾਣਾ ਬੰਦ!’
ਮਹਿਫਲਾਂ ਤੋਂ ਇਕ ਗੱਲ ਦਾ ਚੇਤਾ ਆ ਗਿਆ। ਮੋਹਨ ਨੂੰ ਦਾਰੂ ਦਾ ਖਾਸਾ ਸ਼ੌਕ ਰਿਹਾ। ਜਦੋਂ ਇਹ ਪਟਿਆਲੇ ਪੜ੍ਹਦਾ ਸੀ, ਮੁੰਡਿਆਂ ਨੇ ਰਾਤ ਨੂੰ ਮਿਲ-ਬੈਠ ਕੇ ਦਾਰੂ ਪੀਤੀ। ਅਗਲੇ ਦਿਨ ਸੁਰਜੀਤ ਪਾਤਰ ਨੇ ਕਵਿਤਾ ਲਿਖੀ ਜਿਸ ਦਾ ਇਕ ਬੰਦ ਇਉਂ ਸੀ:
ਰਾਤ ਅਸੀਂ ਕੁਝ ਜ਼ਿਆਦਾ ਈ ਪੀ ਗਏ,
ਮੈਂ ਤੇ ਮੋਹਨ ਭੰਡਾਰੀ।
ਬਰਫ਼ ਪਿਘਲ ਕੇ ਪਾਣੀ ਹੋ ਗਈ,
ਦੋਨਾਂ ਦੀ ਮੱਤ ਮਾਰੀ, ਓ ਮੋਹਨ ਭੰਡਾਰੀ!
ਜਦੋਂ ਮੈਂ ਇਹਨੂੰ ਇਸ ਕਵਿਤਾ ਦੇ ਉਤਪਤੀ-ਵਿਗਿਆਨ ਬਾਰੇ ਪੁੱਛਿਆ, ਥੋੜ੍ਹਾ ਜਿਹਾ ਸ਼ਰਮਾ ਕੇ ਕਹਿੰਦਾ, ‘ਅਸਲ ਵਿਚ ਦੋ ਘੁੱਟਾਂ ਲੱਗੀਆਂ ਵਿਚ ਮੈਂ ਐਵੇਂ ਹੀ ਕਿਸੇ ਗੱਲੋਂ ਪਾਤਰ ਨਾਲ ਰੁੱਸ ਗਿਆ। ਇਹ ਮਹਾਨ ਕਵਿਤਾ ਉਹਨੇ ਸਵੇਰੇ ਮੈਨੂੰ ਰਾਤ ਦੇ ਰੁੱਸੇ ਨੂੰ ਮਨਾਉਣ ਲਈ ਲਿਖੀ ਸੀ।’
ਦਾਰੂ ਪੀ ਕੇ ਇਹ ਬਿਲਕੁਲ ਵੱਖਰਾ ਮੋਹਨ ਭੰਡਾਰੀ ਬਣ ਜਾਂਦਾ ਹੈ, ਪੂਰੀ ਤਰ੍ਹਾਂ ਨਵਾਂ ਅਵਤਾਰ। ਦੋ ਕੁ ਵਾਰ ਇਹਦੀ ਦਾਰੂ ਦਾ ਤਜਰਬਾ ਮੈਨੂੰ ਵੀ ਹੋਇਆ। ਇਥੇ ਇਕ ਸ਼ਾਮ ਦੀ ਵਾਰਤਾ ਸੁਣਾਉਣੀ ਦਿਲਚਸਪ ਰਹੇਗੀ। ਇਹ ਓਦੋਂ ਦੀ ਗੱਲ ਹੈ ਜਦੋਂ ਮੈਂ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਸੀ। ਫ਼ਾਈਵ ਸਟਾਰ ਟੈਲੀਵਿਯਨ ਵਾਲਾ ਹੁਕਮ ਸਿੰਘ ਭੱਟੀ ਪੱਕਾ ਪਾਰਟੀਬਾਜ਼ ਸੀ; ਕੋਈ ਬਹਾਨਾ ਮਿਲੇ ਸਹੀ, ਉਹ ਦੋਸਤ-ਮਿੱਤਰ ਇਕੱਠੇ ਕਰ ਲੈਂਦਾ। ਡਾਟ ਖੁਲ੍ਹਦੇ ਤੇ ਬਿਚਾਰੇ ਮੁਰਗਿਆਂ ਦੀਆਂ ਡਾਰਾਂ ਦੀ ਸ਼ਾਮਤ ਆਉਂਦੀ। ਇਕ ਅਜਿਹੇ ਸੁਹਾਵਣੇ ਦਿਨ ਇਹਦਾ ਫੋਨ ਆਇਆ, ‘ਪਹਿਲਾਂ ਐਧਰ ਆ ਜਾਈਂ, ਇਥੋਂ ਭੱਟੀ ਦੇ ਘਰ ਚਲੇ ਚੱਲਾਂਗੇ।’ ਭੱਟੀ ਦੀ ਕੋਠੀ ਦੇ ਇਹਦੇ ਦੱਸੇ ਇਸ ਰਾਹ ਨੇ ਇਕ ਬਿਲਕੁਲ ਹੀ ਅਣਕਿਆਸੀ ਹਾਲਤ ਪੈਦਾ ਕਰ ਦਿੱਤੀ। ਜਦੋਂ ਅਸੀਂ ਇਹਦੇ ਘਰੋਂ ਤੁਰਨ ਲੱਗੇ, ਨਿਰਮਲ ਭਾਬੀ ਕਹਿੰਦੀ, ‘ਭਰਾ ਜੀ, ਹੁਣ ਸਰੀਰ ਬਹੁਤੀ ਦਾਰੂ ਝਲਦਾ ਨਹੀਂ, ਤੁਸੀਂ ਖ਼ਿਆਲ ਰੱਖਿਉ, ਬਹੁਤੀ ਨਾ ਪੀਣ।’ ਇਹ ਇਸ ਤਰ੍ਹਾਂ ਸੀ ਜਿਵੇਂ ਕੋਈ ਸ਼ੇਰ ਮੂਹਰੇ ਮਾਸ ਰੱਖ ਕੇ ਆਖੇ, ਇਹਨੂੰ ਖਾਣ ਨਾ ਦੇਈਂ।
ਲੋਕ ਸਹਿਜ-ਭਾਅ ਬਣੀਆਂ ਟੋਲੀਆਂ ਵਿਚ ਬੈਠੇ ਸਨ। ਸਾਡੀ ਟੋਲੀ ਵਿਚ ਸੰਤੋਖ ਸਿੰਘ ਧੀਰ, ਜਸਬੀਰ ਭੁੱਲਰ ਤੇ ਦੋ-ਤਿੰਨ ਹੋਰ ਮੁਹਤਬਰ ਸੱਜਨ ਸਨ। ਪਰੇ ਮੇਜ਼ ਉੱਤੇ ਬੋਤਲਾਂ ਦੀ ਕਤਾਰ ਸਜੀ ਹੋਈ ਸੀ ਤੇ ਸਲੂਣਿਆਂ ਦੇ ਬੱਠਲ ਭਰੇ ਪਏ ਸਨ। ਪਹਿਲੇ ਹਾੜੇ ਮਗਰੋਂ ਜਦੋਂ ਮੈਂ ਇਹਦੇ ਗਲਾਸ ਵਿਚੋਂ ਹਰ ਵਾਰ ਅੱਧੀ ਦਾਰੂ ਕੱਢਣੀ ਸ਼ੁਰੂ ਕੀਤੀ, ਇਹਨੇ ਮੈਨੂੰ ਕੌੜ ਅੱਖਾਂ ਨਾਲ ਦੇਖਿਆ, ਸਾਡੀ ਟੋਲੀ ਵਿਚ ਬੈਠੇ ਹੋਰਾਂ ਉੱਤੇ ਨਜ਼ਰ ਘੁਮਾਈ, ਮਜਬੂਰੀ ਦਾ ਘੁੱਟ ਭਰ ਕੇ ਸਬਰ ਦਾ ਹੌਕਾ ਲਿਆ ਤੇ ਚੁੱਪ ਕਰ ਕੇ ਅੱਧੇ ਹਾੜੇ ਵਾਲਾ ਗਲਾਸ ਚੁੱਕ ਲਿਆ। ਜਿੰਨੀ ਕੁ ਗਲਾਸ ਵਿਚ ਪੱਲੇ ਪੈਂਦੀ, ਚੁੱਕ ਲੈਂਦਾ ਤੇ ਨਾਲ ਹੀ ਜ਼ਹਿਰੀ ਨਜ਼ਰਾਂ ਨਾਲ ਮੇਰੇ ਵੱਲ ਦੇਖਦਾ, ਪਰ ਮੈਂ ਕੋਏ ਵਿਚੋਂ ਦੀ ਦੇਖ ਕੇ ਪਹਿਲਾਂ ਹੀ ਮੂੰਹ ਦੂਜੇ ਪਾਸੇ ਕਰ ਲੈਂਦਾ। ਵਾਪਸੀ ਵੇਲੇ ਅਸੀਂ ਦੋਵੇਂ ਜਸਬੀਰ ਨਾਲ ਬੈਠ ਗਏ। ਕੁਝ ਇਹਦੇ ਅੰਦਰ ਰਿਝਦਾ ਦਿਸਦਾ ਸੀ ਪਰ ਇਹ ਬੁੱਲ੍ਹਾਂ ਨੂੰ ਨਸਵਾਰ ਵਾਲੀ ਡੱਬੀ ਵਾਂਗੂੰ ਘੁੱਟੀਂ ਬੈਠਾ ਸੀ। ਮੈਂ ਇਹਦੀ ਚੁੱਪ ਦਾ ਕਾਰਨ ਪੁੱਛ ਕੇ ਪੰਗਾ ਕਾਹਦੇ ਲਈ ਲੈਣਾ ਸੀ! ਜਿਉਂ ਹੀ ਮੈਂ ਉੱਤਰਿਆ, ਇਹਨੇ ਤਵੇ ਉੱਤੇ ਸੂਈ ਰੱਖ ਦਿੱਤੀ।
ਆਪਣੇ ਘਰ ਤੱਕ ਇਹ ਮੈਨੂੰ, ਖ਼ੈਰ ਗਾਲ਼ਾਂ ਤਾਂ ਨਹੀਂ, ਲਗਭਗ-ਗਾਲ਼ਾਂ ਦਿੰਦਾ ਗਿਆ, ‘ਆਇਐ ਵੱਡਾ ਚੌਧਰੀ! ਮੇਰੀ ਦਾਰੂ ’ਤੇ ਸੈਂਸਰ ਬੋਰਡ ਬਣ ਕੇ ਬੈਠ ਗਿਆ! ਗੋਡੇ ਜਿੱਡੀ ਬੋਤਲ ਸਾਹਮਣੇ ਪਈ ਐ, ਮੋਹਨ ਤੂੰ ਨਾ ਹੋਰ ਪੀ। ਕਿਉਂ ਨਾ ਪੀਵੇ ਮੋਹਨ? ਮੈਨੂੰ ਅਡੀਟਰੀ ਦਿਖਾਉਂਦੈ। ਨਾ, ਤੂੰ ਅਡੀਟਰ ਹੋਵੇਂਗਾ ਤਾਂ ਆਬਦੇ ਦਫ਼ਤਰ ਹੋਵੇਂਗਾ, ਭਾਈ ਸਾਹਿਬ, ਮੈਂ ਨਹੀਂ ਮੰਨਦਾ ਤੇਰੀ ਅਡੀਟਰੀ ਦਾ ਰੁਅਬ! ਪੰਜਾਹ ਕਰ-ਕਰ ਛੱਡੀਆਂ ਨੇ ਮੈਂ ਇਹੋ ਜਿਹੀਆਂ ਅਡੀਟਰੀਆਂ! ਫੇਰ ਕੋਈ ਛੋਟੇ-ਵੱਡੇ ਦੀ ਸ਼ਰਮ ਨਹੀਂ, ਭਲਿਆਮਾਨਸਾ, ਪੂਰੇ ਕੱਤੀ ਦਿਨ ਵੱਡਾ ਹਾਂ ਮੈਂ ਤੈਥੋਂ। ਮੈਂ ਤਾਂ 14 ਫ਼ਰਵਰੀ ਨੂੰ ਹੀ ਜੰਮ ਪਿਆ ਸੀ, ਤੂੰ ਕਿਤੇ ਠਾਰਾਂ ਮਾਰਚ ਨੂੰ ਜਾ ਕੇ ਜੰਮਿਆ। ਜਦੋਂ ਮੇਰੀ ਕਹਾਣੀ ‘ਮੈਨੂੰ ਟੈਗੋਰ ਬਣਾ ਦੇ, ਮਾਂ’ ਬੱਚੇ-ਬੱਚੇ ਦੀ ਜ਼ਬਾਨ ਉੱਤੇ ਸੀ, ਤੈਨੂੰ ਕਹਾਣੀ ਲਿਖਣ ਵਾਸਤੇ ਕਲਮ ਫੜਨੀ ਨਹੀਂ ਸੀ ਆਉਂਦੀ। ਆਇਐ ਵੱਡਾ ਕਹਾਣੀਕਾਰ! ਗੋਡੇ ਜਿੱਡੀ ਬੋਤਲ ਵਿਚ ਦਾਰੂ ਬਚੀ ਛੱਡ ਕੇ ਆ ਗਏ, ਹੈ ਕੋਈ ਅਕਲ ਦੀ ਗੱਲ! ਉਹਨੇ ਤਾਂ ਨਹੀਂ ਸੋਚੀ, ਮੈਂ ਈ ਸਿਆਣਪ ਕਰ ਕੇ ਲੰਮੀ ਸੋਚ ਗਿਆ, ਬਈ ਚੱਲ ਦੋਸਤ ਐ ਆਪਣਾ। ਜੇ ਜੱਫੋ-ਜੱਫੀ ਵੀ ਹੋਣਾ ਹੋਵੇ, ਤੂੰ ਮੈਥੋਂ ਤਕੜਾ ਨਹੀਂ, ਭਾਈ ਸਾਹਿਬ, ਕਿਤੇ ਭੁਲੇਖੇ ਵਿਚ ਹੋਵੇਂ। ਦੱਸ ਦਿਆਂ ਮੈਂ ਤੈਨੂੰ!’
ਜਸਬੀਰ ਹੂੰ-ਹਾਂ ਕਰਦਾ ਰਿਹਾ ਕਿ ਕਿਤੇ ਇਹ ਇਤਰਾਜ਼ ਨਾ ਕਰੇ ਕਿ ਤੂੰ ਮੇਰੀ ਗੱਲ ਦਾ ਹੁੰਗਾਰਾ ਕਿਉਂ ਨਹੀਂ ਭਰਦਾ! ਸ਼ੁਕਰ-ਸ਼ੁਕਰ ਕਰ ਕੇ ਉਹਨੂੰ 44 ਸੈਕਟਰ ਆਇਆ। ਮੋਹਨ ਨੇ ਉੱਤਰ ਕੇ ਉਹਦੇ ਨਾਲ ਹੱਥ ਮਿਲਾਇਆ ਤੇ ਤੁਰਨ ਲੱਗੇ ਨੇ, ਪਤਾ ਨਹੀਂ ਆਪਣੇ ਆਪ ਨੂੰ ਕਿ ਜਸਬੀਰ ਨੂੰ ਸੁਣਾ ਕੇ ਬੁੜਬੁੜ ਕੀਤੀ, ‘ਗੋਡੇ ਜਿੱਡੀ ਬੋਤਲ, ਓਵੇਂ ਦਿੱਸੀ ਜਾਂਦੀ ਐ, ਮੇਜ਼ ’ਤੇ ਪਈ। ਆਇਐ ਵੱਡਾ…’
ਦਾਰੂ ਨਾਲ ਗੱਲ ਤਾਂ ਇਸ਼ਕ ਦੀ ਵੀ ਜੁੜਦੀ ਹੈ, ਪਰ ਇਹ ਪੱਲਾ ਨਹੀਂ ਫੜਾਉਂਦਾ। ਇਕ ਵਾਰ ਇਹਨੇ ਕਿਤੇ ਲਿਖਿਆ, ‘ਮੇਰੀ ਸ਼ੁਰੂ ਤੋਂ ਇਕੋ ਹੀ ਨੌਕਰੀ ਰਹੀ ਹੈ ਤੇ ਇਕੋ ਹੀ ਤੀਵੀਂ।’ ਜਦੋਂ ਮੈਂ ਕਿਹਾ ਕਿ ਤੇਰੇ ਇਸ ਕਥਨ ਵਿਚੋਂ ਝੋਰਾ, ਪਛਤਾਵਾ, ਵਿਗੋਚਾ ਤੇ ਤਰਸੇਵਾਂ ਝਲਕਦੇ ਨੇ, ਝੱਟ ਨਵੇਂ ਅਰਥ ਕੱਢ ਦਿੱਤੇ, ‘ਮੇਰਾ ਮਤਲਬ ਸੀ ਤੇ ਹੈ ਕਿ ਮੈਂ ਸਬਰ-ਸੰਤੋਖ ਵਾਲਾ ਬੰਦਾ ਹਾਂ, ਕਾਮਨਾ-ਗ੍ਰਸਤ ਨਹੀਂ!’ ਮੈਂ ਆਖਿਆ, ‘ਫੇਰ ਤੂੰ ਵੱਡੇ ਸੰਤੋਖੀ ਨੇ ਇਕ ਇੰਟਰਵਿਊ ਵਿਚ ਇਹ ਕਿਉਂ ਕਿਹਾ ਸੀ, ‘ਬਾਹਰ ਜਿੰਨੇ ਮਰਜ਼ੀ ਚੁਹਲ-ਮੁਹਲ ਰੱਖੋ, ਆਖ਼ਰ ਆਉਣਾ ਤਾਂ ਘਰ ਹੀ ਹੈ’।’ ਉਹ ਜ਼ੋਰ ਦੀ ਹੱਸਿਆ ਤੇ ਫਲਸਫਾ ਘੋਟਣ ਲੱਗਿਆ, ‘ਓ ਭਾਈ ਸਾਹਿਬ, ਉਹ ਤਾਂ ਹੱਸਣ-ਖੇਡਣ ਮਨ ਕਾ ਚਾਉ ਵਾਲੀ ਬਾਤ ਹੈ। ਘਰ, ਦਰ ਤੇ ਡਰ ਜਿਥੇ ਸਾਨੂੰ ਘੇਰੀਂ ਰਖਦੇ ਨੇ, ਉਥੇ ਨਿੱਘੀ ਪਨਾਹ ਵੀ ਦਿੰਦੇ ਨੇ। ਮੀਆਂ-ਬੀਵੀ ਦੇ ਆਪਸੀ ਵਿਸ਼ਵਾਸ ਸਾਹਮਣੇ ਇਹੋ ਜਿਹੇ ਸਵਾਲਾਂ ਤੇ ਇਕਬਾਲਾਂ ਦੀ ਕੀ ਵੱਟੀਂਦੀ ਐ! ਨਾਲੇ ਮਾਸ਼ੂਕ ਦਾ ਘਰ ਮਿਲਣਾ ਏਨਾ ਸੌਖਾ ਨਹੀਂ ਭਾਈ। ਮੈਂ ਤਾਂ ਇਹ ਸੱਚ ਪੰਜਾਹ ਸਾਲ ਪਹਿਲਾਂ ਹੀ, ਜਦੋਂ ਦਾਸ ਕਵਿਤਾ ਲਿਖਦਾ ਹੁੰਦਾ ਸੀ, ਇਕ ਕਵਿਤਾ ਵਿਚ ਉਚਰ ਦਿੱਤਾ ਸੀ:
ਭਾਲ ਥੱਕੇ ਹਾਂ ਬੜਾ, ਤੇਰਾ ਘਰ ਨਹੀਂ ਮਿਲਦਾ।
ਤੇਰਾ ਘਰ ਮਿਲਦਾ ਹੈ, ਤਾਂ ਤੂੰ ਘਰ ਨਹੀਂ ਮਿਲਦਾ।
ਜੀਹਨੂੰ ਮਿਲਦੈਂ ਤੂੰ ਬੱਸ ਐਵੇਂ ਹੀ ਮਿਲ ਜਾਨੈਂ,
ਜੀਹਨੂੰ ਨਹੀਂ ਮਿਲਦਾ, ਉਮਰ ਭਰ ਨਹੀਂ ਮਿਲਦਾ!’
ਫੇਰ ਇਹਨੇ ਸ਼ਰਾਫ਼ਤ ਦੇ ਉਹ ਸਰਟੀਫ਼ਿਕੇਟ ਦਿਖਾਉਣੇ ਸ਼ੁਰੂ ਕਰ ਦਿੱਤੇ ਜੋ ਲੇਖਿਕਾਵਾਂ ਨੇ ਦਿੱਤੇ ਸਨ, ‘ਇਕ ਲੇਖਿਕਾ ਦਾ ਕਥਨ ਤਾਂ ਤੂੰ ਵੀ ਜਾਣਦਾ ਹੈਂ। ਤੂੰ ਉਹਦੇ ਬਾਰੇ ਓਦੋਂ ਵੀ ਮੈਥੋਂ ਸਫ਼ਾਈ ਮੰਗੀ ਸੀ। ਉਸ ਮਿਹਰਬਾਨ ਨੇ ਵਚਨ ਕੀਤਾ ਸੀ ਕਿ ‘ਮੋਹਨ ਭੰਡਾਰੀ ਏਨਾ ਸਾਊ, ਕੂਲ਼ਾ, ਮਾਸੂਮ, ਹਲੀਮ ਤੇ ਮਿੱਠ-ਬੋਲੜਾ ਹੈ ਕਿ ਇਹਦਾ ਨਾਂ ਤਾਂ ਭੋਲਾ ਭੰਡਾਰੀ ਹੋਣਾ ਚਾਹੀਦਾ ਸੀ।’ ਇਕ ਹੋਰ ਲੇਖਿਕਾ ਦਾ ਈਮਾਨਦਾਰ ਮੱਤ ਸੀ, ‘ਮੋਹਨ ਭੰਡਾਰੀ ਥਰੀ ਇਨ ਵਨ ਹੈ, ਚੰਚਲ ਪ੍ਰਕਿਰਤੀ, ਸਾਧੂ ਬਿਰਤੀ ਤੇ ਹੱਥਾਂ ਦਾ ਕਿਰਤੀ!’ ਏਨੇ ਕੀਮਤੀ ਸਰਟੀਫ਼ਿਕੇਟ ਐਵੇਂ ਨਹੀਂ ਮਿਲਦੇ, ਭਾਈ, ਸ਼ਰੀਫ਼-ਸਾਊ ਬਣਨਾ ਪੈਂਦਾ ਹੈ, ਜੇ ਨਾ ਬਣਿਆ ਜਾਵੇ, ਘੱਟੋ-ਘੱਟ ਸ਼ਰੀਫ਼-ਸਾਊ ਦਿੱਸਣਾ ਤਾਂ ਪੈਂਦਾ ਹੀ ਹੈ।’
ਇਹ ਜ਼ਿੰਦਗੀ ਦੇ ਵਿਸ਼ਾਲ ਪਿੜ ਵਿਚੋਂ ਛਾਂਟ-ਛਾਂਟ ਕੇ ਵਿਸ਼ੇ ਚੁਣਨ ਦਾ ਉਸਤਾਦ ਹੈ। ਇਨ੍ਹਾਂ ਵਿਸ਼ਿਆਂ ਨੂੰ ਇਹ ਸਰਲ ਜ਼ਬਾਨ, ਦਿਲਚਸਪ ਬਿਆਨ, ਸੁਭਾਵਿਕ ਮੋੜਾਂ ਅਤੇ ਸਫਲ ਨਿਭਾਅ ਨਾਲ ਪੇਸ਼ ਕਰਦਾ ਹੈ। ਇਹਦੇ ਬਹੁਤੇ ਪਾਤਰ, ਇਸਤਰੀਆਂ ਵੀ ਅਤੇ ਪੁਰਸ਼ ਵੀ, ਸਮੇਂ ਅਤੇ ਸਮਾਜ ਦੇ ਦਰੜੇ ਹੋਏ ਹਨ। ਇਹ ਉਹ ਲੋਕ ਹਨ ਜੋ ਨਾਲੀ ਦੇ ਕੀੜਿਆਂ ਵਰਗੀ ਆਪਣੀ ਜ਼ਿੰਦਗੀ ਉਤੇ ਝਾਤ ਪਾਉਂਦੇ ਹਨ, ਤਾਂ ਉਨ੍ਹਾਂ ਦੀਆਂ ਆਪਣੀਆਂ ਛੱਤਾਂ ਵਿਚੋਂ ਹੀ ਮਿੱਟੀ ਡਿੱਗ-ਡਿੱਗ ਕੇ ਉਨ੍ਹਾਂ ਦੇ ਸਿਰ ਭਰਦੀ ਰਹਿੰਦੀ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਨੂੰ ਮਰਿਆਂ ਪੰਦਰਾਂ-ਪੰਦਰਾਂ ਸਾਲ ਹੋ ਗਏ ਹਨ, ਪਰ ਜਿਨ੍ਹਾਂ ਦੇ ਸਿਵੇ ਅਜੇ ਤੱਕ ਨਹੀਂ ਬਲੇ। ਇਹ ਉਹ ਲੋਕ ਹਨ ਜਿਨ੍ਹਾਂ ਦੀ ਬੱਸ ਇਕੋ ਤਾਂਘ ਹੈ ਕਿ ਕੋਈ ਤਾਂ ਉਨ੍ਹਾਂ ਨੂੰ ਪਛਾਣੇ। ਤੇ ਜਦੋਂ ਉਹ ਵੇਖਦੇ ਹਨ ਕਿ ਉਨ੍ਹਾਂ ਨੂੰ ਜਿਉਂਦੇ-ਜੀਅ ਪਛਾਣਨ ਵਾਲਾ ਕੋਈ ਨਹੀਂ ਮਿਲਣ ਲੱਗਿਆ ਤਾਂ ਉਨ੍ਹਾਂ ਦੀ ਸੱਧਰ ਇਉਂ ਪਰਗਟ ਹੁੰਦੀ ਹੈ: ‘ਮੈਂ ਸੜਕ ਉਤੇ ਮਰਨਾ ਪਸੰਦ ਕਰਦਾ ਹਾਂ। ਹਨੇਰੇ ’ਚ ਮੇਰੀ ਲਾਸ਼ ਪਈ ਹੋਵੇ। ਲੋਕ ਮੇਰੇ ਮੂੰਹ ਉਤੇ ਬੈਟਰੀਆਂ ਦਾ ਚਾਨਣ ਸੁੱਟਣ ਤੇ ਪਛਾਣਨ ਦੀ ਕੋਸ਼ਿਸ਼ ਕਰਨ…ਮਰਨ ਤੋਂ ਪਿਛੋਂ ਤਾਂ ਪਛਾਣਨਗੇ ਹੀ ਨਾ!’
ਇਹਦੀ ਸਾਰੀ ਉਮਰ ਡੀ. ਪੀ. ਆਈ. ਦੇ ਦਫ਼ਤਰ ਵਿਚ ਨੌਕਰੀ ਕਰਦਿਆਂ ਲੰਘੀ ਜਿਥੇ ਇਹਦਾ ਵਾਹ ਦੀਨ-ਦੁਖਿਆਰੇ ਅਧਿਆਪਕਾਂ ਤੇ ਕਲਰਕਾਂ ਨਾਲ ਪੈਂਦਾ। ਇਸੇ ਕਰਕੇ ਇਹਨੇ ਆਪਣੀ ਰਚਨਾ ਵਿਚ ਗੱਲ ਹਮੇਸ਼ਾ ਦੱਬਿਆਂ-ਕੁਚਲਿਆਂ ਦੀ ਕੀਤੀ। ਪਰ ਸਿਰਫ਼ ਲੋਕ-ਹਿਤੈਸ਼ੀ ਸਾਹਿਤ ਨੂੰ ਸਮਰਪਿਤ ਰਹਿੰਦਿਆਂ ਸਰਗਰਮ ਰਾਜਨੀਤੀ ਤੋਂ ਇਹ ਕੋਹਾਂ ਦੂਰ ਰਿਹਾ। ਇਕ ਵਾਰ ਇਕ ਸੱਜਨ ਨੇ ਪੁੱਛਿਆ, ‘ਭੰਡਾਰੀ ਜੀ, ਤੁਸੀਂ ਕਾਂਗਰਸ ਵਿਚ ਹੋ ਜਾਂ ਜਨਤਾ ਪਾਰਟੀ ਵਿਚ? ਸੀ.ਪੀ.ਐਮ. ਵਿਚ ਹੋ ਕਿ ਸੀ.ਪੀ.ਆਈ. ਵਿਚ?’ ਇਹਦਾ ੳੁੱਤਰ ਸੀ, ‘ਡੀ.ਪੀ.ਆਈ. ਵਿਚ!’
ਜੇ ਉਹਨੂੰ ਕਿਸੇ ਚਾਪਲੂਸ ਸਾਹਿਤਕ ਥਾਂ ਲਿਜਾਣ ਲਈ ਕੋਈ ਆਦਮੀ ਹੈਲੀਕਾਪਟਰ ਵੀ ਲਿਆਵੇ, ਇਹ ਦੇਹਲੀ ਨਾਲ ਅੱਡੀ ਅੜਾ ਲੈਂਦਾ ਹੈ, ਪਰ ਜਿਥੇ ਜਾਣਾ ਪੁਗਦਾ ਹੋਵੇ, ਇਹ ਸੜਕ ਦੇ ਕਿਨਾਰੇ-ਕਿਨਾਰੇ ਕਈ-ਕਈ ਕੋਹ ਪੈਦਲ ਤੁਰ ਪੈਂਦਾ ਹੈ, ਜਾਂ ਬਾਹਰਲੀ ਸੜਕ ਉਤੇ ਆ ਕੇ ਰਿਕਸ਼ੇ ਵਿਚ ਬੈਠਦਾ ਹੈ ਅਤੇ ਆਦੇਸ਼ ਦਿੰਦਾ ਹੈ, ‘ਚੱਲ ਬਈ ਮਿੱਤਰਾ!’ ਇਹ ਇਸ ਲਈ ਕਿਉਂਕਿ ਇਹ ਸਕੂਟਰ-ਕਾਰ ਚਲਾਉਣ ਵਾਲੇ ਆਦਮੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਹੁਨਰਮੰਦ ਵਿਅਕਤੀ ਮੰਨਦਾ ਹੈ ਅਤੇ ਹਉਕਾ ਲੈ ਕੇ ਪੁਛਦਾ ਹੈ: ‘ਜਾਰ, ਕੋਈ ਸਵਾਰੀ ਲੈ ਤਾਂ ਲੈਂਦੇ ਪਰ ਰੱਬ ਨੇ ਮੈਨੂੰ ਇਹ ਚਲਾਉਣ ਦਾ ਹੁਨਰ ਚੁਟਕੀ-ਭਰ ਵੀ ਕਾਹਤੋਂ ਨਹੀਂ ਦਿੱਤਾ?’ ਕਦੇ ਜਵਾਨੀ ਵਿਚ ਇਹਨੇ ਹੋਰ ਇੱਲਤਾਂ ਵਾਂਗ ਸਾਈਕਲ ਚਲਾਉਣਾ ਸਿੱਖਿਆ ਸੀ, ਜਵਾਨੀ ਢਲਦਿਆਂ ਹੀ ਦੂਜੀਆਂ ਇੱਲਤਾਂ ਵਾਂਗ ਉਹ ਵੀ ਭੁੱਲ ਗਿਆ।
ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਕਰਨ ਵਾਲੀ ਇਹਦੀ ਪੁਸਤਕ ‘ਮੂਨ ਦੀ ਅੱਖ’ ਨੂੰ ਪੰਜਾਬੀ ਦੇ ਇਕ ਅਖ਼ਬਾਰ ਨੇ ਇਹ ਖ਼ਬਰ ਛਾਪਣ ਸਮੇਂ ‘ਮਨ ਦੀ ਅੱਖ’ ਛਾਪ ਦਿੱਤਾ। ਪੜ੍ਹ ਕੇ ਲੱਗਿਆ, ਅਖ਼ਬਾਰ ਦੀ ਇਹ ਗ਼ਲਤੀ ਕਿੰਨੀ ਸਹੀ ਹੈ। ਮੋਹਨ ਉਹੋ ਲਿਖਦਾ ਹੈ ਜੋ ਉਹਦੀ ਮਨ ਦੀ ਅੱਖ ਦੇਖਦੀ ਅਤੇ ਦਸਦੀ ਹੈ। ਇਹਨੇ ਕਦੀ ਕੇਵਲ ਬਾਹਰਲੀਆਂ ਅੱਖਾਂ ਨਾਲ ਦੇਖਿਆ ਹੋਇਆ ਨਹੀਂ ਲਿਖਿਆ। ਇਹਦਾ ਸਾਹਿਤ-ਗੀਤ ‘ਮਨ ਕੀ ਆਂਖੇਂ ਖੋਲ੍ਹ, ਬਾਬਾ, ਮਨ ਕੀ ਆਂਖੇਂ ਖੋਲ੍ਹ’ ਹੈ। ਤੇ ਇਕ ਵਾਰ ਮਨ ਦੀਆਂ ਅੱਖਾਂ ਸਾਹਮਣੇ ਕੁਝ ਵਾਪਰ ਜਾਵੇ ਤਾਂ ਚਮੇਲੀ ਦੀਆਂ ਕਲੀਆਂ ਦੀ ਚੰਗੇਰ ਲੈ ਕੇ ਬੈਠੀ ਮਾਲਣ ਦੇ ਹਾਰ ਗੁੰਦਣ ਵਾਂਗ ਇਹ ਛੋਟੇ-ਛੋਟੇ, ਸਰਲ-ਸਵਾਹਰੇ ਵਾਕ ਜੋੜ-ਜੋੜ ਕੇ ਕਹਾਣੀ ਸਿਰਜਦਾ ਹੈ। ਕੋਈ ਕਾਹਲ ਨਹੀਂ, ਕੋਈ ਚਲਾਊ ਕੰਮ ਨਹੀਂ। ਇਕ ਕਹਾਣੀ ਨੂੰ ਨਿੰਮਣ ਤੋਂ ਲੈ ਕੇ ਜੰਮਣ ਤੱਕ ਹਫ਼ਤੇ ਵੀ ਲੱਗ ਸਕਦੇ ਹਨ, ਮਹੀਨੇ ਵੀ ਤੇ ਵਰ੍ਹੇ ਵੀ। ਜੇ ਪੂਰਾ ਹੋਣਾ ਉਡੀਕਦੀ ਕਹਾਣੀ ਦਾ ਜਾਣਕਾਰ ਕੋਈ ਸਾਹਿਤਕਾਰ ਦੋਸਤ ਜਾਂ ਕੋਈ ਸੰਪਾਦਕ ਉਹਨੂੰ ਛੇਤੀ ਸਿਰੇ ਲਾਉਣ ਲਈ ਜ਼ੋਰ ਪਾਵੇ, ਇਹ ਬਹੁਤ ਠਰੰ੍ਹਮੇ ਨਾਲ ਪੁੱਛੇਗਾ, ‘ਕਿਉਂ, ਬੀਰ, ਅੱਜ ਪਰਲੋ ਆਉਣ ਵਾਲੀ ਐ ਬਈ ਭਲਕੇ ਦਾ ਦਿਨ ਨਹੀਂ ਚੜ੍ਹਨਾ।’
ਇਉਂ ਮਠਾਰ-ਮਠਾਰ ਕੇ ਲਿਖੀ ਹੋਈ ਕਹਾਣੀ ਉੱਤੇ ਇਹਨੂੰ ਵਾਜਬ ਮਾਣ ਹੁੰਦਾ ਹੈ। ਆਖਰ ਇਹ ਅਨੇਕ ਭਾਸ਼ਾਵਾਂ ਦੇ ਵੱਡੇ-ਵੱਡੇ ਕਹਾਣੀਕਾਰਾਂ ਦਾ ਵਾਰਸ ਜੋ ਆਪਣੇ ਆਪ ਨੂੰ ਸਮਝਦਾ ਹੈ। ਇਹ ਚੰਗਾ ਲਿਖਣ ਵਾਲਿਆਂ ਨੂੰ ਤਾਂ ਸਲਾਮ ਕਰਨ ਲਈ ਤਿਆਰ ਹੀ ਨਹੀਂ, ਉਤਾਵਲਾ ਵੀ ਹੋਇਆ ਰਹਿੰਦਾ ਹੈ, ਪਰ ਕਿਸੇ ਸਭਾ ਜਾਂ ਮਹਿਫ਼ਲ ਵਿਚ ਕਿਸੇ ਲੰਡੂ ਕਹਾਣੀਕਾਰ ਦੀ ਫੋਕੀ ਵਡਿਆਈ ਸੁਣ ਕੇ ਪੁੱਛੇਗਾ, ‘ਇਹ ਕੌਣ ਹੋਇਆ, ਬੀਰ, ਇਹ ਕਦੋਂ ਜੰਮ ਪਿਆ?’ ਪਰ ਦੂਜੇ ਪਾਸੇ ਸਨਿਮਰ! ਸਨਿਮਰ ਕਾਹਦਾ, ਭੋਲਾ-ਭੰਡਾਰੀ ਕਹੀਏ! ਜਦੋਂ ਪੁਸਤਕ ‘ਮੂਨ ਦੀ ਅੱਖ’ ਛਪਣੀ ਸੀ ਜਿਸ ਨੂੰ ਅੱਗੇ ਚੱਲ ਕੇ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ, ਮੈਨੂੰ ਚਿੱਠੀ ਆਈ, ‘ਆਰਸੀ ਪਬਲਿਸ਼ਰਜ਼ ਵਾਲੇ ਤੈਨੂੰ ਮੇਰੇ ਨਵੇਂ ਛਪ ਰਹੇ ਕਹਾਣੀ-ਸੰਗ੍ਰਹਿ ਦੇ ਫਰਮੇ ਭੇਜ ਦੇਣਗੇ। ਮੇਰੇ ਬਾਰੇ ਜਾਣਕਾਰੀ ਦਾ ਇਕ-ਅੱਧ ਸਫ਼ਾ ਤੂੰ ਲਿਖ ਦੇਵੀਂ। ਮੈਂ ਆਪਣੇ ਵਲੋਂ ਪੁਸਤਕ ਵਿਚ, ਕਹਾਣੀਆਂ ਤੋਂ ਬਿਨਾਂ, ਕੁਝ ਨਹੀਂ ਛਾਪਣਾ। ਤੂੰ ਲਿਖੇਂਗਾ ਤਾਂ ਉਸੇ ਵਿਚ ਸਭ ਕੁਝ ਆ ਜਾਵੇਗਾ।’
ਜਾਣਕਾਰੀ ਕਰਵਾਏ ਜਾਣ ਦੀ ਇਹਦੀ ਇੱਛਾ ਉਤੇ ਮੈਂ ਅੰਦਰ ਹੀ ਅੰਦਰ ਹੱਸਿਆ। ਇਹ ਉਮਰ ਦੇ ਪੱਖੋਂ ਮੇਰਾ ਹਾਣੀ, ਕਹਾਣੀ ਦੇ ਪੱਖੋਂ ਸਮਕਾਲੀ ਅਤੇ ਰਿਸ਼ਤੇ ਦੇ ਪੱਖੋਂ ਦੋਸਤ ਹੈ। ਇਸ ਪ੍ਰਸੰਗ ਵਿਚ ਛੋਟੇ-ਵੱਡੇ ਵਾਲੀ ਗੱਲ ਨਾ ਕੋਈ ਹੈ, ਨਾ ਅਸੀਂ ਕਦੇ ਸੋਚੀ ਹੈ। ਜਾਣਕਾਰੀ ਤਾਂ ਕਿਸੇ ਛੋਟੇ ਲੇਖਕ ਬਾਰੇ ਕੋਈ ਵੱਡਾ ਲੇਖਕ ਦਿੰਦਾ ਹੈ। ਪਰ ਮੇਰੀ ਝਿਜਕ ਦੇ ਟਾਕਰੇ ਦੀ ਹੀ ਉਹਦੀ ਜ਼ਿੱਦ ਸੀ। ਆਖ਼ਰ ਉਹਦੀ ਨਿਆਣਿਆਂ ਵਾਲੀ ਰਿਹਾੜ ਅੱਗੇ ਮਜਬੂਰ ਹੋ ਕੇ ਮੈਂ ਜੋ ਦੋ ਪੰਨੇ ਲਿਖੇ, ਉਨ੍ਹਾਂ ਵਿਚ ਉਹਦੇ ਬਾਰੇ ਇਹ ਵੀ ਆਖਿਆ, ‘ਜੇ ਪੰਜਾਬੀ ਸਾਹਿਤ ਨੂੰ ਇਕ ਫੁਲਵਾੜੀ ਨਾਲ ਤੁਲਨਾ ਦੇਣੀ ਹੋਵੇ, ਮੋਹਨ ਤਾਂ ਉਹਦੀ ਗਲਪ-ਕਿਆਰੀ ਦਾ ਇਕ ਇਕੋਤਰ ਸੌ ਪੱਤੀਆ ਗੁਲਾਬ ਹੈ।’
ਮੋਹਨ ਨੇ ਸਾਰੀ ਜ਼ਿੰਦਗੀ ਕਹਾਣੀਆਂ ਤੋਂ ਬਿਨਾਂ ਮੌਲਕ ਹੋਰ ਕੁਝ ਨਹੀਂ ਲਿਖਿਆ, ਕਦੇ ਕਿਤੇ ਬਹੁਤੇ ਉਛਾਲੇ ਵਿਚ ਆ ਕੇ ਜਾਂ ਕਿਸੇ ਮਜਬੂਰੀ ਵਿਚ ਫਸ ਦੇ ਇੱਕਾ-ਦੁੱਕਾ ਕਲਮੀ ਚਿੱਤਰ ਭਾਵੇਂ ਲਿਖ ਦਿੱਤੇ ਹੋਣ। ਮੇਰੇ ਨਿੱਜੀ ਘੇਰੇ ਵਿਚਲੇ ਕੁਝ ਲੇਖਕਾਂ ਦੇ ਕਲਮੀ ਚਿਤਰਾਂ ਦੀ ਮੇਰੀ ਪੁਸਤਕ ‘ਨੇੜੇ ਨੇੜੇ’ ਛਪੀ ਤਾਂ ਇਹਨੂੰ ਕੁਝ ਵਧੇਰੇ ਹੀ ਚਾਅ ਚੜ੍ਹ ਗਿਆ। ਚਿੱਠੀ ਵਿਚ ਕਹਿੰਦਾ, ਇਹਦੇ ਬਾਰੇ ਇਕ ਰਸਾਲੇ ਵਿਚ ਮੈਂ ਲਿਖੂੰ। ਤੇ ਫੇਰ ਇਹ ਚਿੱਠੀਆਂ ਵਿਚ ਲਿਖਣ ਬਾਰੇ ਸੋਚ ਰਹੇ ਹੋਣ, ਵਿਉਂਤ ਬਣਾ ਰਹੇ ਹੋਣ, ਤਿਆਰੀ ਕਰ ਰਹੇ ਹੋਣ, ਵਿਚਾਰ ਬੀੜ ਰਹੇ ਹੋਣ ਦੀਆਂ ਸੂਚਨਾਵਾਂ ਭੇਜਦਾ ਰਿਹਾ। ਚਿੱਠੀ ਪੜ੍ਹ ਕੇ ਮੇਰੇ ਉਹ ਮਰਾਸੀ ਯਾਦ ਆ ਜਾਂਦਾ ਜੋ ਝਖੇੜੇ ਨਾਲ ਬੁਰੀ ਤਰ੍ਹਾਂ ਉਲਝੇ ਹੋਏ ਗੁਆਰੇ ਦੇ ਖੇਤ ਦੇ ਦੁਆਲੇ ਸਾਰਾ ਦਿਨ ਦਾਤੀ ਹੱਥ ਵਿਚ ਫੜ ਕੇ ਗੇੜੇ ਕਢਦਾ ਰਿਹਾ ਸੀ ਤੇ ਉਹਨੂੰ ਇਹ ਨਹੀਂ ਸੀ ਸੁੱਝ ਰਿਹਾ ਕਿ ਪਹਿਲੀ ਦਾਤੀ ਕਿੱਥੇ ਪਾਵੇ! ਮੈਂ ਇਹਦੀ ਬਾਕੀ ਦੀ ਚਿੱਠੀ ਦਾ ਜਵਾਬ ਦੇ ਦਿੰਦਾ ਅਤੇ ਇਸ ਗੱਲ ਉਤੇ ਹੱਸ ਛਡਦਾ।
ਇਕ ਵਾਰ ਮੈਂ ਮਿਲਣ ਗਿਆ ਤਾਂ ਨਿਰਮਲ ਭਾਬੀ ਬੋਲੀ, ‘ਭਰਾ ਜੀ, ਇਨ੍ਹਾਂ ਦੀ ਬਾਂਹ ਪੱਥਰ ਹੇਠੋਂ ਕੱਢੋ।…ਗੱਤੇ ਉਤੇ ਕਾਗਜ਼ ਲਾ ਕੇ ਪੈੱਨ ਰੱਖ ਕੇ ਥੋਡੀ ਕਿਤਾਬ ਲੈ ਕੇ ਬੈਠ ਜਾਂਦੇ ਨੇ। ਮੈਥੋਂ ਬਿੰਦੇ-ਝੱਟੇ ਚਾਹ ਕਰਵਾਉਂਦੇ ਰਹਿੰਦੇ ਨੇ ਤੇ ਸਿਗਰਟਾਂ ਫੂਕਦੇ ਰਹਿੰਦੇ ਨੇ। ‘ਨੇੜੇ ਨੇੜੇ’ ਬਾਰੇ ਲਿਖਦੇ ਕੁਛ ਨਹੀਂ ਤੇ ਕਹਿੰਦੇ ਨੇ, ਜਿੰਨਾ ਚਿਰ ਗੁਰਬਚਨ ਦੀ ਕਿਤਾਬ ਬਾਰੇ ਨਹੀਂ ਲਿਖ ਲੈਂਦਾ, ਹੋਰ ਕੁਛ ਨਹੀਂ ਲਿਖਣਾ। ਹੁਣ ਤਾਂ ਚਿੱਠੀਆਂ ਵੀ ਨਹੀਂ ਲਿਖਦੇ।’
ਮੈਨੂੰ ਉਹਦੀ ਦਰਦਨਾਕ ਸੰਕਟੀ ਹਾਲਤ ਉਤੇ ਤਰਸ ਆਇਆ ਤੇ ਮੈਂ ਆਖਿਆ, ‘ਮੋਹਨ ਭੰਡਾਰੀ, ਜਾਹ ਮੈਂ ਤੈਨੂੰ ਤੇਰੇ ਹੀ ਵਚਨ ਤੋਂ ਮੁਕਤ ਕੀਤਾ।’
ਮੈਂ ‘ਪੰਜਾਬੀ ਟ੍ਰਿਬਿਊਨ’ ਵਿਚ ਪਹੁੰਚਿਆ ਤਾਂ ਪਹਿਲੀ ਮਿਲਣੀ ਵਿਚ ਹੀ ਜ਼ੋਰ ਪਾਇਆ, ‘ਮੋਹਨ, ਹੁਣ ਤੂੰ ਮੇਰੇ ਲਈ ਲਿਖਣੈਂ, ਲਗਾਤਾਰ। ਕੀ ਲਿਖਣੈਂ, ਇਹ ਤੂੰ ਆਪੇ ਸੋਚ।’
ਉਹ ਅੱਖਾਂ ਵਿਚ ਅਤੇ ਬੁੱਲ੍ਹਾਂ ਵਿਚ ਸ਼ਰਾਰਤ ਲਿਆ ਕੇ ਬੋਲਿਆ, ‘ਇਹ ਤੂੰ ਕਹਿਨੈਂ, ਬੀਰ? ਯਾਦ ਐ, ਉਹ ਗੱਲ, ‘ਨੇੜੇ ਨੇੜੇ’ ਵਾਲੀ!’
ਚਾਹ ਫੜਾਉਂਦੀ ਨਿਰਮਲ ਭਾਬੀ ਪ੍ਰੇਸ਼ਾਨ ਹੋ ਉੱਠੀ, ‘ਭਰਾ ਜੀ, ਫੇਰ ਇਨ੍ਹਾਂ ਦੀ ਬਾਂਹ ਪੱਥਰ ਹੇਠ ਦੇਣ ਲੱਗੇ ਹੋ!’
ਪਰ ਇਸ ਵਾਰ ਮੋਹਨ ਨੇ ਪੱਥਰ ਨੂੰ ਪੈਰ ਨਾਲ ਪਰ੍ਹੇ ਧੱਕ ਕੇ ਬਾਂਹ ਬਚਾ ਲਈ ਅਤੇ ਅਜਿਹਾ ਕਲਮ-ਕਸਾ ਕੀਤਾ ਕਿ ਖੱਟਰ ਵਹਿੜਕੇ ਵਾਂਗ ਨੱਥ ਖਿੱਚ-ਖਿੱਚ ਕੇ ਬੁਛਕਾਰਨਾ ਪੈਂਦਾ, ‘ਮੋਹਨ, ਬੱਸ, ਸਾਢੇ ਤਿੰਨ ਪੰਨੇ ਹੋਣ।’
ਉਹ ਹਸਦਾ, ‘ਬੀਰ, ਮਹਿੰਗੇ ਭਾਅ ਦਾ ਕਾਗਜ਼, ਸਾਢ ਪਾ ਕੇ ਅੱਧਾ ਖਾਲੀ ਕਿਉਂ ਛੱਡਣੈਂ, ਚਾਰੇ ਭਰਾਂਗੇ। ਸਗੋਂ ਇਕ ਪੰਨਾ ਹੋਰ, ਕੁੱਲ ਬੱਸ ਪੰਜ ਸਲਿੱਪਾਂ।’ ਉਹ ਕਾਗ਼ਜ਼ ਨੂੰ ਛੋਟਾ ਦਿਖਾਉਣ ਲਈ ਸਲਿੱਪ ਆਖਣ ਦੀ ਹੁਸ਼ਿਆਰੀ ਵਰਤਦਾ।
ਜਦੋਂ ਮੈਂ ਪੰਜਵੇੇਂ ਪੰਨੇ ਤੋਂ ਵਰਜਦਾ, ਉਹ ਸਭਿਆਚਾਰ ਦਾ ਗਵਾਹ ਭੁਗਤਾ ਦਿੰਦਾ, ‘ਚਾਰ ਮਾੜੇ ਹੁੰਦੇ ਐ, ਬੀਰ, ਚਾਰਾਂ ਦੀ ਤਾਂ ਚੰਡਾਲ-ਚੌਕੜੀ ਹੁੰਦੀ ਐ। ਪੰਜ ਪਿਆਰੇ ਹੁੰਦੇ ਐ!’ ਫੇਰ ਉਹ ਪੰਜ ਪੰਨਿਆਂ ਵਿਚ ਵੀ ਆਪਣੀ ਸਾਧਾਰਨ ਲਿਖਾਈ ਨਾਲੋਂ ਛੋਟੇ ਅੱਖਰ ਪਾਉਣ ਦੀ ਚਲਾਕੀ ਵਰਤਦਾ। ਮੇੇਰੀ ਸੰਪਾਦਕੀ ਮਜਬੂਰੀ ਆਖਦੀ, ‘ਜਾਂ ਤਾਂ ਇਹ ਰੱਬ ਦਾ ਬੰਦਾ ਕੁਛ ਲਿਖਦਾ ਨਹੀਂ ਸੀ, ਹੁਣ ਲਿਖਣ ਲੱਗਿਐ ਤਾਂ ਰੁਕਦਾ ਨਹੀਂ। ਇਹਦਾ ਕੜ ਪਾਟ ਗਿਐ।’
ਆਪਣੀ ਕਲਾ-ਕੌਸ਼ਲਤਾ ਨੂੰ ਨਿਖਾਰਦੇ ਰਹਿਣ ਦੇ ਯਤਨ ਅਤੇ ਮਹਾਂ-ਕਲਮੀਆਂ ਤੋਂ ਮਿਲੀ ਸੋਝੀ ਦੇ ਇਹਦੇ ਸੁਮੇਲ ਦਾ ਹੀ ਫਲ ਹੈ ਕਿ ਪਹਿਲੇ ਕਹਾਣੀ-ਸੰਗ੍ਰਹਿ ਤੋਂ ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲੇ ਪੰਜਵੇਂ ਤੱਕ ਇਹਦੀ ਕਲਮੀ ਯਾਤਰਾ ਵਿਕਾਸ-ਯਾਤਰਾ ਹੈ। ਪਹਿਲੇ ਸੰਗ੍ਰਹਿ ‘ਤਿਲਚੌਲੀ’ ਨਾਲ ਮਨੁੱਖੀ ਸਮਾਜ ਦੀ ਵੰਨਸੁਵੰਨਤਾ, ਉਹਦੀ ਸਾਂਝ ਅਤੇ ਇਸ ਸਾਂਝ ਦੇ ਬਾਵਜੂਦ ਉਹਦੇ ਵਖਰੇਵੇਂ ਇਹਦੀ ਰਚਨਾ ਵਿਚ ਉਜਾਗਰ ਹੋਏ। ਇਹਨੇ ਸਮਾਜਕ ਤਿਲਚੌਲੀ ਦੇ ਤਿਲਾਂ ਨੂੰ ਵੀ ਦੇਖਿਆ-ਦਿਖਾਇਆ, ਚੌਲਾਂ ਨੂੰ ਵੀ ਅਤੇ ਉਨ੍ਹਾਂ ਵਿਚ ਰਲੇ ਹੋਏ ਰੋੜਾਂ-ਕੰਕਰਾਂ ਨੂੰ ਵੀ। ਇਸ ਪਹਿਲੇ ਕਹਾਣੀ-ਸੰਗ੍ਰਹਿ ਦੀ ਪਕਿਆਈ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਉਸ ਵਿਚਲੀ ਕਹਾਣੀ ‘ਮੈਨੂੰ ਟੈਗੋਰ ਬਣਾ ਦੇ, ਮਾਂ’ ਇਹਦੇ ਪੰਜਵੇਂ ਕਹਾਣੀ-ਸੰਗ੍ਰਹਿ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਮਗਰੋਂ ਵੀ ਅਨੇਕ ਲੋਕਾਂ ਦੇ ਦਿਲ ਵਿਚ ਇਹਦੀ ਪ੍ਰਤੀਨਿਧ ਕਹਾਣੀ ਬਣੀ ਰਹੀ। ਉਸ ਕਹਾਣੀ ਦੀ ਸਫਲਤਾ ਦਾ ਇਕ ਕਿੱਸਾ ਹੋਰ ਸੁਣ ਲਵੋ। ਇਸ ਕਹਾਣੀ ਵਾਲੇ ਘੁਮਿਆਰਾਂ ਦੇ ਮੁੰਡੇ ਦਾ ਪਾਤਰ-ਚਿਤਰਨ ਦੇਖ-ਪੜ੍ਹ ਕੇ ਸੰਤ ਸਿੰਘ ਸੇਖੋਂ ਹੈਰਾਨ ਰਹਿ ਗਏ ਤੇ ਜਦੋਂ ਅਗਲੀ ਵਾਰ ਕਿਤੇ ਮਿਲੇ, ਇਹਨੂੰ ਸਵਾਲ ਕੀਤਾ, ‘ਭੰਡਾਰੀ ਤੂੰ ਘੁਮਿਆਰ ਹੁੰਨੈਂ?’ ਮੈਂ ਨਹੀਂ ਸਮਝਦਾ, ਉਸ ਕਹਾਣੀ ਦੀ ਇਸ ਤੋਂ ਵੱਧ ਕੋਈ ਹੋਰ ਪ੍ਰਸੰਸਾ ਹੋ ਸਕਦੀ ਹੈ!
ਦੂਜੇ ਸੰਗ੍ਰਹਿ ‘ਮਨੁੱਖ ਦੀ ਪੈੜ’ ਨਾਲ ਇਹਨੇ ਇਸ ਪੈੜ ਦੇ ਦੂਰ ਅਤੀਤ ਤੱਕ ਫੈਲੇ ਹੋਏ ਨਿਸ਼ਾਨ ਦੇਖੇ ਵੀ ਤੇ ਦਿਖਾਏ ਵੀ ਕਿ ਮਨੁੱਖ ਕਿੱਥੋਂ ਤੁਰਿਆ, ਕਿਧਰ ਨੂੰ ਤੁਰਿਆ, ਕਿਤੇ ਪਹੁੰਚਿਆ ਅਤੇ ਹੁਣ ਇਹਦੀ ਪੈੜ ਦੀ ਸੇਧ ਕਿਧਰ ਨੂੰ ਹੈ। ਤੀਜੇ ਸੰਗ੍ਰਹਿ ‘ਕਾਠ ਦੀ ਲੱਤ’ ਵਿਚੋਂ ਇਹਦੀ ਇਹ ਸੋਝੀ ਸਾਹਮਣੇ ਆਈ ਕਿ ਮਨੁੱਖੀ ਸਮਾਜ ਇੱਛਤ ਵਿਕਾਸ ਕਿਵੇਂ ਕਰੇ ਤੇ ਅੱਗੇ ਕਿਵੇਂ ਵਧੇ, ਜਦੋਂ ਸਾਰੇ ਫਲਸਫਿਆਂ, ਸਾਰੇ ਸਿਧਾਂਤਾਂ, ਸਾਰੇ ਗਿਆਨਾਂ ਤੇ ਸਾਰੇ ਵਿਗਿਆਨਾਂ ਦੇ ਬਾਵਜੂਦ ਇਹਦੀ ਬਹੁਭਾਂਤੀ ਮਤਭੇਦਾਂ, ਟਕਰਾਵਾਂ ਤੇ ਵਾਦ-ਵਿਵਾਦਾਂ ਦੀ ਕਾਠ ਦੀ ਲੱਤ ਇਹਦੀ ਪੇਸ਼ ਨਹੀਂ ਜਾਣ ਦਿੰਦੀ।
ਇਹ ਸੋਝੀ ਉਹਦੀ ਕਹਾਣੀ-ਕਲਾ ਵਿਚ ਇਕ ਮੋੜ ਬਣੀ। ਉਸ ਸਮੇਂ ਇਹਦੀ ਇਸ ਤੀਜੀ ਪੁਸਤਕ ਬਾਰੇ ਲਿਖਦਿਆਂ ਮੈਂ ਕਿਹਾ ਸੀ: ‘ਮੋਹਨ ਭੰਡਾਰੀ ਸਾਡੇ ਉਨ੍ਹਾਂ ਜਾਣੇ-ਪਛਾਣੇ ਕਹਾਣੀਕਾਰਾਂ ਵਿਚੋਂ ਹੈ, ਜਿਨ੍ਹਾਂ ਦੇ ਪੈਰ ਭਲਕੇ ਮੂਹਰਲੀ ਕਤਾਰ ਵਿਚ ਥਾਂ ਮੱਲਣ ਲਈ ਅੱਗੇ ਵਧੇ ਹੋਏ ਹਨ। ਉਹਨੇ ਆਪਣੀ ਥਾਂ ਪਹਿਲੇ ਸੰਗ੍ਰਹਿ ‘ਤਿਲਚੌਲੀ’ ਨਾਲ ਹੀ ਬਣਾ ਲਈ ਸੀ ਅਤੇ ਦੂਜੇ ਸੰਗ੍ਰਹਿ ‘ਮਨੁੱਖ ਦੀ ਪੈੜ’ ਨਾਲ ਉਹ ਹੋਰ ਪੱਕੇ ਪੈਰੀਂ ਹੋ ਗਿਆ ਸੀ। ਹੁਣ ਉਹਦਾ ਤੀਜਾ ਸੰਗ੍ਰਹਿ ‘ਕਾਠ ਦੀ ਲੱਤ’ ਸਾਡੇ ਸਾਹਮਣੇ ਹੈ, ਜੋ ਨਿਰਸੰਦੇਹ ਉਹਦੇ ਨਿਰੰਤਰ ਵਿਕਾਸ ਦਾ ਲਖਾਇਕ ਹੈ।’
ਮੋਹਨ ਭੰਡਾਰੀ ਦੇ ਬਹੁਤੇ ਪਾਤਰ ਇਹਦੀ ਕਹਾਣੀ ‘ਦੋਸ਼ੀ’ ਵਾਲੇ ਮੁੰਡੇ ਵਾਂਗ ਅਜਿਹੇ ਹਨ, ਜਿਨ੍ਹਾਂ ਦੇ ਹਿੱਸੇ ਧੁੱਪ-ਛਾਂ ਦੀ ਖੇਡ ਵਿਚ ਸਦਾ ਧੁੱਪ ਹੀ ਆਉਂਦੀ ਹੈ ਤੇ ਉਹ ਧੁੱਪੇ ਬੈਠੇ ਰੜ੍ਹਦੇ ਰਹਿੰਦੇ ਹਨ। ਪਰ ਉਸ ਮੁੰਡੇ ਨੂੰ ਤਾਂ ਕਹਾਣੀ ਵਿਚਲੀ ਕੁੜੀ, ਜੀਹਦੇ ਹਿੱਸੇ ਹਮੇਸ਼ਾ ਛਾਂ ਹੀ ਆਉਂਦੀ ਸੀ, ਤਰਸ ਖਾ ਕੇ ਅਤੇ ਪਿਆਰ ਨਾਲ ਗੱਲ੍ਹ ਉਤੇ ਚੂੰਢੀ ਭਰਦਿਆਂ ਖਿੜ-ਖਿੜ ਹਸਦੀ ਹੋਈ ਆਖ ਦਿੰਦੀ ਹੈ, ‘ਵੇ ਆ ਜਾ ਕਮਲਿਆ, ਮੇਰੇ ਕੋਲ ਛਾਂਵੇਂ…।’ ਇਹਦੇ ਉੁਲਟ ਇਹਦੇ ਬਹੁਤੇ ਪਾਤਰਾਂ ਨੂੰ ਜ਼ਿੰਦਗੀ ਕੋਈ ਅਜਿਹਾ ਮਿੱਠਾ ਸੱਦਾ ਨਹੀਂ ਦਿੰਦੀ। ਉਹ ਧੁੱਪੇ ਬੈਠੇ ਰੜ੍ਹਦੇ ਰਹਿੰਦੇ ਹਨ। ਭੰਡਾਰੀ ਦੀ ਸਫ਼ਲਤਾ ਇਸ ਗੱਲ ਵਿਚ ਹੈ ਕਿ ਇਹ ਉਨ੍ਹਾਂ ਪਾਤਰਾਂ ਦੀ ਧੁਰ-ਅੰਦਰ ਦੀ ਪੀੜ ਪਾਠਕ ਸਾਹਮਣੇ ਢੇਰੀ ਕਰ ਦਿੰਦਾ ਹੈ। ਇਹ ਉਨ੍ਹਾਂ ਦੇ ਦਿਲਾਂ ਉਤੇ ਪਿਆ ਹੋਇਆ ਕੋਈ ਅੱਟਣ ਅਤੇ ਪੈਰਾਂ ਉਤੇ ਪਈ ਹੋਈ ਕੋਈ ਬਿਆਈ ਪਾਠਕ ਦੀਆਂ ਨਜ਼ਰਾਂ ਤੋਂ ਓਹਲੇ ਨਹੀਂ ਰਹਿਣ ਦਿੰਦਾ।
ਚੌਥੇ ਸੰਗ੍ਰਹਿ ‘ਪਛਾਣ’ ਨਾਲ ਵਿਅਕਤੀਆਂ ਤੇ ਉਨ੍ਹਾਂ ਦੀਆਂ ਕਹਿਣੀਆਂ-ਕਰਨੀਆਂ ਦੀ ਅਤੇ ਹਾਲਤਾਂ ਤੇ ਘਟਨਾਵਾਂ ਦੇ ਪਿਛੋਕੜਾਂ, ਆਧਾਰਾਂ ਤੇ ਕਾਰਨਾਂ ਦੀ ਇਹਦੀ ਪਛਾਣ ਪੱਕੀ ਵੀ ਹੋ ਗਈ ਤੇ ਸਪੱਸ਼ਟ ਵੀ। ਤੇ ਆਪਣੇ ਪੰਜਵੇਂ ਸੰਗ੍ਰਹਿ ‘ਮੂਨ ਦੀ ਅੱਖ’ ਨਾਲ ਇਹਨੇ ਇਹ ਗੱਲ ਸਥਾਪਤ ਕੀਤੀ ਕਿ ਸਾਹਿਤਕਾਰ ਦੀ ਅੱਖ ਮੂਨ ਦੀ ਅੱਖ ਵਾਂਗ ਹਰ ਹੀਲੇ, ਸੁੱਤੇ ਹੋਇਆਂ ਵੀ ਖੁੱਲ੍ਹੀ ਰਹਿਣੀ ਚਾਹੀਦੀ ਹੈ ਅਤੇ ਉਸ ਵਿਚ ਇਕ ਹੰਝੂ ਅਜਿਹਾ ਹੋਣਾ ਹੀ ਚਾਹੀਦਾ ਹੈ ਜਿਸ ਵਿਚ ਸਾਰੀ ਲੋਕਾਈ ਦਾ ਦਰਦ ਘੁਲਿਆ ਹੋਇਆ ਹੋਵੇ। ਇਹਦੀ ਇਸ ਪੁਸਤਕ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ। ਇਹ ਪੁਰਸਕਾਰ ਐਲਾਨੇ ਜਾਣ ਤੋਂ ਬਹੁਤ ਪਹਿਲਾਂ ਮੈਂ ਲਿਖਿਆ ਸੀ :
‘ਮੋਹਨ ਭੰਡਾਰੀ ਇਸ ਸਮੇਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਕਾਰਜਸ਼ੀਲ ਕੁਝ ਇਕ ਗਿਣਨਯੋਗ ਨਾਂਵਾਂ ਵਿਚੋਂ ਇਕ ਹੈ। ‘ਮੂਨ ਦੀ ਅੱਖ’ ਵਿਚ ਉਹਦੀਆਂ ਪਿਛਲੇ ਕੁਝ ਸਾਲਾਂ ਵਿਚ ਲਿਖੀਆਂ ਉਹ ਸੱਤ ਕਹਾਣੀਆਂ ਸ਼ਾਮਲ ਹਨ ਜੋ ਸਿੱਧੇ-ਅਸਿੱਧੇ ਤੌਰ ਉਤੇ ਕਥਿਤ ‘ਪੰਜਾਬ ਸਮੱਸਿਆ’ ਨਾਲ ਜੁੜੀਆਂ ਹੋਈਆਂ ਹਨ। ਪਿਛਲੇ ਡੇਢ ਦਹਾਕੇ ਵਿਚ ਪੰਜਾਬ ਜਿਸ ਭਿਆਨਕ ਦੌਰ ਵਿਚੋਂ ਲੰਘਿਆ ਹੈ, ਉਸ ਸੰਬੰਧੀ ਥੱਬਿਆਂ ਦੇ ਥੱਬੇ ਕਾਵਿ ਅਤੇ ਗਲਪ ਰਚਨਾਵਾਂ ਹੋਈਆਂ ਹਨ। ਪਰ ਇਸ ਵਿਚੋਂ ਬਹੁਤਾ ਕੁਝ ਬਹੁਤ ਪੇਤਲੇ ਢੰਗ ਨਾਲ ਅਤੇ ਸਤਹੀ ਕਿਸਮ ਦਾ ਲਿਖਿਆ ਗਿਆ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਜਿਨ੍ਹਾਂ ਕੁਝ ਇਕ ਗਲਪਕਾਰਾਂ ਨੇ ਇਨ੍ਹਾਂ ਸੀਮਾਵਾਂ ਤੋਂ ਪਾਰ ਜਾ ਕੇ ਇਸ ਘੁੰਮਣ-ਘੇਰੀ ਵਿਚ ਉਲਝੇ ਹੋਏ ਪਾਤਰਾਂ ਦੀ ਮਾਨਸਿਕਤਾ ਵਿਚ ਝਾਕਣ ਦਾ ਯਤਨ ਕੀਤਾ ਹੈ, ਮੋਹਨ ਭੰਡਾਰੀ ਉਨ੍ਹਾਂ ਵਿਚੋਂ ਹੈ। ਪੰਜਾਬੀਆਂ ਦੀਆਂ ਉਹ ਪੀੜ੍ਹੀਆਂ ਅਜੇ ਜੀਵਤ ਹਨ ਜਿਨ੍ਹਾਂ ਨੇ ਸੰਤਾਲੀ ਦਾ ਕਹਿਰ ਝੱਲਿਆ ਜਾਂ ਵੇਖਿਆ ਸੀ। ਉਸ ਤੋਂ ਲਗਭਗ ਤਿੰਨ ਦਹਾਕੇ ਪਿਛੋਂ ਹੀ ਆਈ ਇਸ ਨਵੀਂ ਮੁਸੀਬਤ ਸਮੇਂ ਭੈਭੀਤ ਹੋਏ ਲੋਕਾਂ ਦਾ ਦੇਸ ਦੀ ਵੰਡ ਸਮੇਂ ਦੀਆਂ ਅਨਹੋਣੀਆਂ ਨੂੰ ਚੇਤੇ ਕਰ ਕੇ ਕੰਬਣਾ ਸੁਭਾਵਿਕ ਸੀ। ਪੰਜਾਬ ਦੇ ਦੁਖਾਂਤ ਦੀ ਸਤਹਾ ਤੋਂ ਹੇਠਾਂ ਝਾਤ ਪਾਉਣ ਵਿਚ ‘ਮੂਨ ਦੀ ਅੱਖ’ ਦਾ ਪਾਠ ਸਹਾਈ ਹੋਵੇਗਾ।’
ਪੰਜਾਂ ਕਹਾਣੀ-ਸੰਗ੍ਰਹਿਆਂ ਦੀ ਮੌਲਕ ਰਚਨਾ ਤੋਂ ਇਲਾਵਾ ਇਹਨੇ ਕੁਝ ਪੁਸਤਕਾਂ ਪੰਜਾਬੀ ਵਿਚ ਅਨੁਵਾਦ ਵੀ ਕੀਤੀਆਂ ਹਨ ਤੇ ਕੁਝ ਪੁਸਤਕਾਂ ਦਾ ਸੰਪਾਦਨ ਵੀ ਕੀਤਾ ਹੈ। ਇਹਦੀਆਂ ਆਪਣੀਆਂ ਕਹਾਣੀਆਂ ਦੇ ਅਨੁਵਾਦ ਦੀਆਂ ਹਿੰਦੀ ਵਿਚ ਦੋ ਪੁਸਤਕਾਂ ਛਪੀਆਂ ਹਨ। ਮਾਣ-ਸਨਮਾਨ ਵੀ ਖਾਸੇ ਮਿਲੇ ਹਨ।
ਸਾਹਿਤ ਅਕਾਦਮੀ ਦੇ ਇਨਾਮ ਦਾ ਐਲਾਨ ਪੰਜਾਬੀ ਸਾਹਿਤ ਵਿਚ ਇਕ ਖਾਸੀ ਵੱਡੀ ਘਟਨਾ ਹੁੰਦਾ ਹੈ। ਨਾਂ ਦਾ ਪਤਾ ਲਗਦਿਆਂ ਹੀ ਸਾਹਿਤਕਾਰ ਉਸ ਦੇ ਸਹੀ ਜਾਂ ਬੇਸਹੀ ਹੋਣ ਬਾਰੇ ਨਿਰਣਾ ਦੇਣ ਲਗਦੇ ਹਨ। ਬੇਸਹੀ ਹੋਣ ਦੀ ਸੂਰਤ ਵਿਚ ਨਾਲ ਹੀ ਇਹ ਖੋਜ ਹੱਥ ਲੈ ਲਈ ਜਾਂਦੀ ਹੈ ਕਿ ਇਨਾਮੀ ਲੇਖਕ/ਲੇਖਿਕਾ ਨੇ ਇਹ ਕਿਸ-ਵਿਧ ਪ੍ਰਾਪਤ ਕੀਤਾ ਹੈ, ਉਹਨੇ ਕੀਹਦੇ ਨਾਲ ਸਿੱਧੀ ਜਾਂ ਕੀਹਦੇ ਰਾਹੀਂ ਕਦੋਂ ਤੇ ਕਿੱਥੇ ਮੁਲਾਕਾਤ ਕੀਤੀ ਹੈ, ਉਹਨੇ ਦਿੱਲੀ ਕੀਹਦੇ ਕੋਲ ਕਦੋਂ ਤੇ ਕਿੰਨਾ ਲੰਮਾ ਨਿਵਾਸ ਕੀਤਾ ਹੈ, ਵਗੈਰਾ ਵਗੈਰਾ। ਪਰ ਇਹਨੂੰ ਇਨਾਮ ਮਿਲਿਆ ਤਾਂ ਪਹਿਲਾਂ ਦਿੱਤੇ ਗਏ ਸਹੀ ਇਨਾਮਾਂ ਵਾਂਗ ਸਾਰੀ ਸਾਹਿਤਕ ਸਾਧ-ਸੰਗਤ ਨੇ ਦੋਵੇਂ ਬਾਂਹਾਂ ਖੜ੍ਹੀਆਂ ਕਰ ਕੇ ਉਚਾਰਿਆ, ‘ਸਹੀ !’ ਤੇ ਕਿਸੇ ਨੂੰ ਵੀ ਇਸ ਇਨਾਮ ਦਾ ‘ਕਿਵੇਂ’ ਜਾਣਨ ਲਈ ਖੋਜ ਹੱਥ ਲੈਣ ਦੀ ਲੋੜ ਨਹੀਂ ਪਈ।
ਸਭ ਨੂੰ ਪਤਾ ਹੈ ਕਿ ‘ਡੇਰਾ ਬਾਬਾ ਮੋਹਨ ਭੰਡਾਰੀ’ ਵਿਚੋਂ ਇਹ ਘੱਟ ਹੀ ਬਾਹਰ ਨਿੱਕਲਦਾ ਹੈ; ਇਨਾਮਾਂ-ਸਨਮਾਨਾਂ ਵਰਗੇ ਕਿਸੇ ਕੰਮ ਲਈ ਤਾਂ ਨਿੱਕਲਦਾ ਹੀ ਨਹੀਂ। ਮੰਨ ਲਵੋ, ਕਿਸੇ ਨੇ ਕਦੀ ਕਿਹਾ ਹੁੰਦਾ, ‘ਭੰਡਾਰੀ ਜੀ, ਤੁਸੀਂ ਜੇ ਅਮਕੇ ਬੰਦੇ ਨੂੰ ਮਿਲ ਲਵਂੋ, ਸਾਹਿਤ ਅਕਾਦਮੀ ਦੇ ਇਨਾਮ ਦਾ ਚੱਕਰ ਚੱਲ ਸਕਦਾ ਹੈ।’
ਇਹਦਾ ਜਵਾਬ ਅੱਗੋਂ ਸਵਾਲ ਦੇ ਰੂਪ ਵਿਚ ਹੋਣਾ ਸੀ, ‘ਕਿਹੜੀ ਸਾਹਿਤ ਅਕਾਦਮੀ, ਬੀਰ, ਤੇ ਕੌਣ ਅਮਕਾ?’ ਤੇ ਫੇਰ ਇਹਨੇ ਦੱਸ ਪਾਉਣ ਵਾਲੇ ਨੂੰ ਪੁੱਛਣਾ ਸੀ, ‘ਬੀਰ, ਇਹ ਇਨਾਮ ਹੁੰੁਦਾ ਕਿੰਨੇ ਦਾ ਐ?’ ਤੇ ਇਨਾਮ ਦੀ ਰਕਮ ਦੱਸੇ ਜਾਣ ਉਤੇ ਇਹਨੇ ਹੱਥ ਉਤੇ ਹੱਥ ਮਾਰ ਕੇ ਜ਼ੋਰ ਨਾਲ ਹੱਸਣਾ ਸੀ, ‘ਕੁੱਲ ਐਨੀ ਰਕਮ? ਬੱਸ? ਬੀਰ, ਮੈਂ ਏਨੇ ਪੈਸਿਆਂ ਪਿੱਛੇ ਅਮਕੇ ਕੋਲ ਜਾਵਾਂ ਤੇ ਆਬਦੀ ਇੱਜ਼ਤ ਗੁਆਵਾਂ? ਕਮਲਿਆ, ਕਰੋੜੀਂ ਹੱਥ ਨਾ ਆਉਂਦੀ, ਦਾਨਸ਼ਮੰਦਾਂ ਦੀ ਪਤ!’ ਤੇ ਫੇਰ ਇਹਨੇ ਅਗਲੇ ਨੂੰ ਇਹ ਦੱਸਣ ਲੱਗ ਪੈਣਾ ਸੀ ਕਿ ਗੋਗੋਲ, ਪੁਸ਼ਕਿਨ, ਗੋਰਕੀ, ਮੰਟੋ, ਰਾਜਿੰਦਰ ਸਿੰਘ ਬੇਦੀ, ਵਗੈਰਾ ਵਗੈਰਾ ਨੇ ਸਾਹਿਤਕ ਇਨਾਮਾਂ ਬਾਰੇ ਕੀ ਕਿਹਾ ਸੀ।
ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਤਾਂ ਮੈਂ ਕਿਹਾ, ‘ਮੋਹਨ, ਇਹ ਅੱਧਾ ਇਨਾਮ ਨਿਰਮਲ ਭਾਬੀ ਦਾ, ਜੀਹਨੇ ਤੇਰੇ ਵਰਗੇ ਬੰਦੇ ਨੂੰ ਸਾਰੀ ਉਮਰ ਓਟਿਆ-ਸਾਂਭਿਆ ਤੇ ਲਿਖਣ ਲਈ ਪ੍ਰੇਰਦੀ ਰਹੀ।’
ਉਹ ਗੰਭੀਰ ਹੋ ਕੇ ਬੋਲਿਆ, ‘ਕੋਈ ਸ਼ੱਕ ਐ!’
ਮੈਂ ਮੁਸਕਰਾਇਆ, ‘ਜਿਵੇਂ ਅਣਖੀ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਵੇਲੇ ਮੈਂ ਮਖੌਲ ਕੀਤਾ ਸੀ ਬਈ ਅੱਧਾ ਇਨਾਮ ‘ਕੋਠੇ ਖੜਕ ਸਿੰਘ’ ਨਾਵਲ ਦਾ ਤੇ ਅੱਧਾ ਮੇਰੇ ਲਿਖੇ ਹੋਏ ਮੁਖਬੰਦ ਦਾ ਜਿਸ ਸਦਕਾ ਇਹ ਇਨਾਮ ਮਿਲਿਆ ਹੈ, ਓਵੇਂ ਅੱਧਾ ਇਨਾਮ ‘ਮੂਨ ਦੀ ਅੱਖ’ ਦੀ ਮੇਰੀ ਆਦਿਕਾ ਦਾ।’
ਉਹਨੇ ਮੇਰਾ ਹੱਥ ਘੁੱਟਿਆ, ‘ਸ਼ੱਕ ਈ ਕੋਈ ਨ੍ਹੀਂ!’
ਮੈਂ ਹੱਸਿਆ, ‘ਤਿੰਨ ਅੱਧੇ ਕਰਨੇ ਪੈਣਗੇ! ਅੱਧਾ ਇਨਾਮ ‘ਪੰਜਾਬੀ ਟ੍ਰਿਬਿਊਨ’ ਦਾ ਜੀਹਨੇ ਤੇਰਾ ਸਾਹਿਤਕ ਕਾਲਮ ਲਗਾਤਾਰ ਛਾਪ ਕੇ ਤੈਨੂੰ ‘ਪ੍ਰਸਿੱਧ’ ਕੀਤਾ।’
ਉਹਨੇ ਜੱਫੀ ਪਾ ਲਈ, ‘ਇਹਦੇ ਵਿਚ ਵੀ ਕੋਈ ਸ਼ੱਕ ਨ੍ਹੀਂ!’ ਤੇ ਉਹਦੀਆਂ ਅੱਖਾਂ ਮੋਹ ਨਾਲ ਗਿੱਲੀਆਂ ਹੋ ਗਈਆਂ।
ਮੋਹਨ ਜਜ਼ਬਾਤੀ ਬੰਦਾ ਹੈ ਜਿਵੇਂ ਹਰੇਕ ਚੰਗਾ ਲੇਖਕ ਹੁੰਦਾ ਹੈ। ਆਦਮੀ ਕੋਈ ਵੀ ਹੋਵੇ, ਉਹਦੇ ਦੁਖ-ਦਰਦ ਨਾਲ ਇਹਦੀ ਅੱਖ ਵਿਚ ਉਹ ਹੰਝੂ ਆ ਲਿਸ਼ਕਦਾ ਹੈ ਜੋ ਇਹਦੀ ਕਹਾਣੀ ਵਾਲੀ ਮੂਨ ਦੀ ਅੱਖ ਵਿਚ ਅਟਕਿਆ ਹੋਇਆ ਸੀ। ਅਸਲ ਵਿਚ ਇਹਦੀ ਅੱਖ ਉਸ ਮੂਨ ਦੀ ਅੱਖ ਹੀ ਹੈ ਜਿਸ ਕਰ ਕੇ ਇਹ ਕੇਵਲ ‘ਮੂਨ ਦੀ ਅੱਖ’ ਪੁਸਤਕ ਵਾਲਾ ਮੋਹਨ ਭੰਡਾਰੀ ਹੀ ਨਹੀਂ, ਮਨੁੱਖ ਵਜੋਂ ਵੀ ਮੂਨ ਦੀ ਅੱਖ ਵਾਲਾ ਮੋਹਨ ਭੰਡਾਰੀ ਹੈ!
ਆਪਣਾ ਬਾਰਾਂ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ‘ਤਣ-ਪੱਤਣ’ ਮੈਨੂੰ ਭੇਟ ਕਰਦਿਆਂ ਇਹਨੇ ਲਿਖਿਆ: ‘ਦੋਸਤੀ ਦੇ ਉਸ ਪੜਾਅ ਦੇ ਨਾਂ ਜਿਥੇ ਵਿਸ਼ੇਸ਼ਣਾਂ ਦੀ ਮੁਥਾਜੀ ਨਹੀਂ ਹੁੰਦੀ! ਗੁਰਬਚਨ ਸਿੰਘ ਭੁੱਲਰ ਨੂੰ!’ ਮੋਹਨ ਦੀ ਵਿਸ਼ੇਸ਼ਣਾਂ ਤੋਂ ਉੱਚੀ ਦੋਸਤੀ ਨੂੰ ਸਲਾਮ!