ਮੂਸੇਵਾਲਾ ਦੇ ਪਹਿਲੀ ਬਰਸੀ ਸਮਾਗਮ ਮੌਕੇ ਮਾਪਿਆਂ ਵੱਲੋਂ ਸਰਕਾਰ ਨਾਲ ਗਿਲਾ

ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਥੇ ਪਹਿਲੀ ਬਰਸੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਹੀ ਅੰਮ੍ਰਿਤਪਾਲ ਨੂੰ ਕਾਬੂ ਕਰਨ ਦਾ ਦਿਨ ਕਿਉਂ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਸਾਰੇ ਪੰਜਾਬ ਵਿਚ ਇੰਟਰਨੈੱਟ ਬੰਦ ਹੈ ਪਰ ਲਾਰੈਂਸ ਬਿਸ਼ਨੋਈ ਦਾ ਇੰਟਰਨੈੱਟ ਜੇਲ੍ਹ ਵਿਚ ਵੀ ਖੁੱਲ੍ਹਾ ਹੈ।

ਦੂਜੇ ਪਾਸੇ ਗੋਲਡੀ ਬਰਾੜ ਨੂੰ ਕਿਉਂ ਨਹੀਂ ਕਾਬੂ ਕੀਤਾ ਜਾ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਸਨ ਕਿ ਗੋਲਡੀ ਬਰਾੜ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਗੋਲਡੀ ਬਰਾੜ ਕਹਿੰਦਾ ਹੈ ਕਿ ਉਸ ਨੂੰ ਕੋਈ ਜਿਉਂਦਾ ਨਹੀਂ ਫੜ ਸਕਦਾ। ਬਲਕੌਰ ਸਿੰਘ ਸਿੱਧੂ ਨੇ ਮੰਚ ਤੋਂ ਪਹਿਲੀ ਵਾਰ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਿਸ ਦਾ ਲੋਕਾਂ ਨੇ ਭਰਵਾਂ ਜਵਾਬ ਦਿੱਤਾ। ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਜੇਲ੍ਹ `ਚੋਂ ਇੰਟਰਵਿਊ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਉਸ ਨੇ ਮਾਰਿਆ ਹੈ ਅਤੇ ਹੁਣ ਉਸ ਦਾ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਅਜਿਹੇ ਮਾਮਲੇ ਸਰਕਾਰਾਂ ਅਤੇ ਅਦਾਲਤਾਂ ਦਾ ਮੂੰਹ ਚਿੜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਦੇਸ਼ ਦੀਆਂ ਜੇਲ੍ਹਾਂ ਵਿਚ ਬਰਾਂਚਾਂ ਖੋਲ੍ਹ ਰੱਖੀਆਂ ਹਨ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ 6 ਜਣਿਆਂ ਵਿਚੋਂ ਉਸ ਨੂੰ ਪੰਜ ਜਣੇ ਨਹੀਂ ਜਾਣਦੇ ਸਨ, ਪਰ ਉਸ ਨੂੰ ਮਾਰਨ ਲਈ ਭੇਜਣ ਵਾਲਿਆਂ ਨੂੰ ਪੁਲਿਸ ਕਿਉਂ ਨਹੀਂ ਫੜ ਰਹੀ। ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਉਨ੍ਹਾਂ ਨੂੰ ਇਨਸਾਫ ਲੈਣ ਲਈ ਪੰਜਾਬ ਵਿਧਾਨ ਸਭਾ ਦੇ ਦਰਵਾਜ਼ੇ ਉਤੇ ਪਤਨੀ ਸਮੇਤ ਬੈਠਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਉਤੇ ਕਾਰਵਾਈ ਸਿੱਧੂ ਮੂਸੇਵਾਲਾ ਦੀ ਬਰਸੀ ਉਤੇ ਇਕੱਠ ਘੱਟ ਕਰਨ ਦੇ ਇਰਾਦੇ ਨਾਲ ਕੀਤੀ ਹੈ। ਸਰਕਾਰ ਕਿਸੇ ਹੋਰ ਦਿਨ ਵੀ ਇਹ ਕਾਰਵਾਈ ਕਰ ਸਕਦੀ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਵਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਸਬੰਧੀ ਜੋ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ, ਉਸ ਨੇ ਹੀ ਕਾਤਲਾਂ ਦਾ ਹੌਸਲਾ ਵਧਾਇਆ ਹੈ ਅਤੇ ਉਸ ਉਪਰ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਇਨਸਾਫ਼ ਲਈ 11 ਮਹੀਨੇ ਦਾ ਸਮਾਂ ਲੱਗਣ ਨੂੰ ਬਹੁਤ ਮੰਦਭਾਗਾ ਦੱਸਿਆ।
ਬਰਸੀ ਸਮਾਗਮ ਦੌਰਾਨ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਭਾਰਤ ਦੇਸ਼ ਅਜੇ ਵੀ ਗੁਲਾਮ ਹੈ, ਇਥੇ ਕੋਈ ਆਜ਼ਾਦੀ ਨਹੀਂ ਹੈ। ਉਨ੍ਹਾਂ ਅੰਮ੍ਰਿਤਪਾਲ ਦੀ ਵਡਿਆਈ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਸਿੱਧੇ ਪਾਸੇ ਪਾ ਰਿਹਾ ਹੈ, ਅੰਮ੍ਰਿਤ ਛਕਾ ਰਿਹਾ ਹੈ, ਨਸ਼ੇ ਛੁਡਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਕਾਂਡ ਉਤੇ ਸਰਕਾਰ ਨੇ ਪਹਿਲਾਂ ਕਾਰਵਾਈ ਕਿਉਂ ਨਾ ਕੀਤੀ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਸਮਾਗਮ ਦੌਰਾਨ ਪੰਡਾਲ ਦੇ ਇਕ ਪਾਸੇ ਉਸ ਦਾ ਪਸੰਦੀਦਾ ਟਰੈਕਟਰ 5911 ਵੀ ਲਿਆ ਕੇ ਖੜ੍ਹਾ ਕੀਤਾ ਗਿਆ। ਇਸੇ ਤਰ੍ਹਾਂ ਜਿਸ ‘ਥਾਰ` ਜੀਪ ਵਿਚ ਉਸ ਦਾ ਕਤਲ ਕੀਤਾ ਗਿਆ ਸੀ, ਉਹ ਵੀ ਪੰਡਾਲ ਵਿਚ ਲਿਆਂਦੀ ਗਈ ਸੀ। ਭਾਵੇਂ ਇਸ ਥਾਰ ਦੇ ਟਾਇਰ ਗੋਲੀਆਂ ਮਾਰ ਕੇ ਪਾੜ ਦਿੱਤੇ ਗਏ ਸਨ ਪਰ ਬਾਅਦ ਵਿਚ ਇਸ ਦੀ ਮੁਰੰਮਤ ਕਰਵਾ ਦਿੱਤੀ ਗਈ।