ਜਲੰਧਰ ਜ਼ਿਮਨੀ ਚੋਣ ਲਈ ਮੈਦਾਨ ਭਖਿਆ

ਚੰਡੀਗੜ੍ਹ: ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਿਆਸੀ ਮਾਹੌਲ ਭਖ ਗਿਆ ਹੈ। ਇਹ ਸੀਟ ਪਹਿਲਾਂ ਕਾਂਗਰਸ ਕੋਲ ਸੀ ਅਤੇ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਇਥੇ ਭਾਵੇਂ ਅਜੇ ਚੋਣ ਤਰੀਕ ਦਾ ਐਲਾਨ ਨਹੀਂ ਹੋਇਆ ਪਰ ਸੂਬੇ ਦੀਆਂ ਸਿਆਸੀ ਧਿਰਾਂ ਨੇ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ।

ਆਮ ਆਦਮੀ ਪਾਰਟੀ ਵੱਲੋਂ ਭਾਵੇਂ ਮਾਹੌਲ ਠੰਢਾ ਹੈ ਪਰ ਭਾਜਪਾ, ਕਾਂਗਰਸ ਤੇ ਅਕਾਲੀ ਦਲ ਵੱਲੋਂ ਵੱਡੀ ਸਰਗਰਮੀ ਵਿਖਾਈ ਜਾ ਰਹੀ ਹੈ।
ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦੀ 14 ਜਨਵਰੀ ƒ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਗਈ ‘ਭਾਰਤ ਜੋੜੋ ਯਾਤਰਾ` ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਇਸੇ ਕਰ ਕੇ ਜਲੰਧਰ ਲੋਕ ਸਭਾ ਸੀਟ `ਤੇ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਇਹ ਚੋਣਾਂ 6 ਮਹੀਨੇ ਦੇ ਅੰਦਰ ਜੁਲਾਈ 2023 ਤੱਕ ਕਰਵਾਈ ਜਾਣੀ ਹੈ। ਕਾਂਗਰਸ ਪਾਰਟੀ ਨੇ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ƒ ਉਮੀਦਵਾਰ ਐਲਾਨ ਦਿੱਤਾ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਵੀ ਮੈਦਾਨ ਵਿਚ ਨਿੱਤਰ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕੇ ਵਿਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਵੱਲੋਂ ਵੀ ਇਸ ਸੀਟ ਲਈ ਖਾਸੀ ਦਿਲਚਸਪੀ ਦਿਖਾਈ ਜਾ ਰਹੀ ਹੈ। ਯਾਦ ਰਹੇ ਕਿ ਮੁਲਕ ਵਿਚ ਅਗਲੇ ਸਾਲ 2024 ਵਿਚ ਲੋਕ ਸਭਾ ਚੋਣਾਂ ਹਨ ਤੇ ਇਨ੍ਹਾਂ ਚੋਣਾਂ ਤੋਂ ਪਹਿਲਾਂ ਇਸ ਸੀਟ ਤੋਂ ਜਿੱਤ ਕਾਫੀ ਅਹਿਮੀਅਤ ਰੱਖਦੀ ਹੈ। ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੀ ਸੰਗਰੂਰ ਸੀਟ ਹਾਰ ਕੇ ਕਾਫੀ ਨਮੋਸ਼ੀ ਝੱਲ ਚੁੱਕੀ ਹੈ। ਇਸ ਸੀਟ ਉਤੇ ਭਗਵੰਤ ਮਾਨ ਵੱਲੋਂ ਅਸਤੀਫਾ ਦੇਣ ਪਿੱਛੋਂ ਜ਼ਿਮਨੀ ਚੋਣ ਹੋਈ ਸੀ। ਜਲੰਧਰ ਸੀਟ ਉਤੇ ਕਾਂਗਰਸ ਦਾ ਕਬਜ਼ਾ ਸੀ ਤੇ ਇਹ ਸਿਆਸੀ ਧਿਰ ਇਸ ਸੀਟ ƒ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ। ਪੰਜਾਬ ਕਾਂਗਰਸ ਵੱਲੋਂ ਇਸ ਚੋਣ ਲਈ ਇਸ ਸੀਟ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੇ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਸ ਲਈ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਉਮੀਦਵਾਰ ਐਲਾਨ ਕੇ ਪੂਰੀ ਵਾਹ ਲਾਈ ਜਾ ਰਹੀ ਹੈ।