ਇਹ ‘ਖੁਦਕੁਸ਼ੀ` ਹੈ ਜਾਂ ਸੰਸਥਾਈ ਕਤਲ…

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
8-9 ਮਾਰਚ ਦੀ ਦਰਮਿਆਨੀ ਰਾਤ ƒ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ ਮੈਡੀਕਲ ਅਤੇ ਰਿਸਰਚ ਅੰਮ੍ਰਿਤਸਰ ਵਿਚ ਡਾਕਟਰ ਪੰਪੋਸ਼ ਵੱਲੋਂ ਕੀਤੀ ‘ਖ਼ੁਦਕੁਸ਼ੀ` ਨਾਲ ਹਰ ਸੰਵੇਦਨਸ਼ੀਲ ਇਨਸਾਨ ਦਾ ਮਨ ਵਲੂੰਧਰਿਆ ਗਿਆ ਹੈ। ਪੜ੍ਹਾਈ ਵਿਚ ਅੱਵਲ ਅਤੇ 95% ਅੰਕ ਹਾਸਲ ਕਰਨ ਵਾਲੀ ਇਹ ਬੇਟੀ ਰਾਮਾਮੰਡੀ (ਜਲੰਧਰ ਸ਼ਹਿਰ) ਦੇ ਵਸਨੀਕ ਦਲਿਤ ਪਰਿਵਾਰ ਦੀ ਜਾਈ ਸੀ। ਉਹ ਬਹੁਤ ਹੀ ਹੋਣਹਾਰ ਸੀ ਅਤੇ ਇੰਟਰਨਸ਼ਿਪ ਕਰ ਰਹੀ ਸੀ।

ਲੜਕੀ ਦੋ ਦਿਨ ਤੋਂ ਹੋਸਟਲ ਦੇ ਕਮਰੇ `ਚੋਂ ਬਾਹਰ ਨਹੀਂ ਸੀ ਆਈ ਪਰ ਸੰਸਥਾ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਬੇਪ੍ਰਵਾਹ ਸੀ। ਜਦੋਂ ਫੋਨ ਉੱਪਰ ਸੰਪਰਕ ਨਾ ਹੋਣ `ਤੇ ਲੜਕੀ ਦੇ ਪਰਿਵਾਰ ਨੇ ਜਾ ਕੇ ਕਮਰਾ ਖੁੱਲ੍ਹਵਾਇਆ ਤਾਂ ਲੜਕੀ ਜ਼ਿੰਦਗੀ ਦੀ ਲੜਾਈ ਹਾਰ ਚੁੱਕੀ ਸੀ।
ਇਹ ਹਾਲਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ ਮੈਡੀਕਲ ਇੰਸਟੀਚਿਊਟ ਦੇ ਹਨ ਜੋ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੇ ਦਾਅਵੇ ਕਰਦੀ ਹੈ। ਉਂਞ ਵੀ ਭਾਰਤ ਦੇ ਮੈਡੀਕਲ ਕਾਲਜਾਂ ਵਿਚ ਮਾਹੌਲ ਐਨਾ ਅਣਮਨੁੱਖੀ ਹੈ ਕਿ ਖ਼ੁਦਕੁਸ਼ੀਆਂ ਅਤੇ ਪੜ੍ਹਾਈ ਛੱਡਣ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਹਨ। ਪਿਛਲੇ ਦਿਨੀਂ ਇਕ ਆਰ.ਟੀ.ਆਈ. ਕਾਰਕੁਨ ਵੱਲੋਂ ਮੰਗੀ ਸੂਚਨਾ ਦੇ ਜਵਾਬ `ਚ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਜਾਣਕਾਰੀ ਦਿੱਤੀ ਸੀ ਕਿ ਪਿਛਲੇ ਪੰਜ ਸਾਲਾਂ `ਚ 64 ਐੱਮ.ਬੀ.ਬੀ.ਐੱਸ. ਅਤੇ 55 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਹੈ ਅਤੇ 160 ਐੱਮ.ਬੀ.ਬੀ.ਐੱਸ. ਅਤੇ 956 ਪੋਸਟ ਗ੍ਰੈਜੂਏਟ ਵਿਦਿਆਰਥੀ ਮੈਡੀਕਲ ਕਾਲਜ ਛੱਡ ਗਏ। ਇਹ ਆਮ ਵਿਦਿਆਰਥੀਆਂ ਦੇ ਅੰਕੜੇ ਹਨ। ਜੇ ਵਿਦਿਆਰਥੀ ਦਲਿਤ ਹੈ ਤਾਂ ਉਸ ਜਾਤ ਆਧਾਰਿਤ ਅਪਮਾਨ ਅਤੇ ਜ਼ਲਾਲਤ ਦੀ ਕੋਈ ਹੱਦ ਨਹੀਂ ਹੈ ਜੋ ਉਸ ƒ ਪੈਰ-ਪੈਰ `ਤੇ ਝੱਲਣਾ ਪੈਂਦਾ ਹੈ। ਪਰਿਵਾਰ ਮੈਂਬਰਾਂ ਅਨੁਸਾਰ ਦਲਿਤ ਹੋਣ ਕਾਰਨ ਡਾ. ਪੰਪੋਸ਼ ƒ ਉਸ ਦੇ ਪ੍ਰੋਫੈਸਰ ਅਤੇ ਹੋਰ ਡਾਕਟਰ ਤਾਅਨੇ-ਮਿਹਣੇ ਦੇ ਕੇ ਮਾਨਸਿਕ ਤੌਰ `ਤੇ ਪ੍ਰੇਸ਼ਾਨ ਕਰਦੇ ਸਨ ਅਤੇ ਧਮਕਾਉਂਦੇ ਸਨ ਕਿ ਉਹ ਉਸ ƒ ਡਾਕਟਰ ਨਹੀਂ ਬਣਨ ਦੇਣਗੇ।
ਇਹ ਕੇਸ ਡਾ. ਪਾਇਲ ਤੜਵੀ ਦੀ ਕਥਿਤ ਖ਼ੁਦਕੁਸ਼ੀ ਨਾਲ ਮਿਲਦਾ-ਜੁਲਦਾ ਹੈ ਜਿਸ ਨੇ ਜਾਤਪਾਤੀ ਜ਼ਲਾਲਤ ਬਰਦਾਸ਼ਤ ਨਾ ਕਰਦੇ ਹੋਏ 22 ਮਈ 2019 ƒ ਖ਼ੁਦਕੁਸ਼ੀ ਕਰ ਲਈ ਸੀ। ਡਾ. ਪਾਇਲ ਮੁੰਬਈ ਦੇ ਟੀ.ਐਨ. ਟੋਪੀਵਾਲਾ ਨੈਸ਼ਨਲ ਪੋਸਟ ਗਰੈਜੂਏਟ ਮੈਡੀਕਲ ਕਾਲਜ ਦੀ ਵਿਦਿਆਰਥਣ ਸੀ। ਇਕ ਸੂਚੀਦਰਜ ਆਦਿਵਾਸੀ ਤੜਵੀ ਭੀਲ ਕਬੀਲੇ ਅਤੇ ਘੱਟ ਗਿਣਤੀ ਮੁਸਲਿਮ ਭਾਈਚਾਰੇ `ਚੋਂ ਹੋਣ ਕਾਰਨ ਪਾਇਲ (ਸੂਚੀਦਰਜ ਕਬਾਇਲੀ+ਘੱਟਗਿਣਤੀ+ਔਰਤ ਕਾਰਨ) ਤੀਹਰੇ ਵਿਤਕਰੇ ਦੀ ਸ਼ਿਕਾਰ ਸੀ। ਇਸੇ ਤਰ੍ਹਾਂ 17 ਜਨਵਰੀ 2016 ƒ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀ ਰੋਹਿਤ ਵੇਮੂਲਾ ਦੀ ‘ਖ਼ੁਦਕੁਸ਼ੀ` ਨੇ ਜਾਤ ਹੰਕਾਰ ਵਿਚ ਗ੍ਰਸਤ ਉੱਚ ਅਕਾਦਮਿਕ ਸੰਸਥਾਵਾਂ ਦੇ ਪ੍ਰਸ਼ਾਸਨ ਦਾ ਘਿਨਾਉਣਾ ਜਾਤਪਾਤੀ ਚਿਹਰਾ ਬੇਪਰਦ ਕੀਤਾ ਸੀ। ਇਹ ਕੁਝ ਪ੍ਰਮੁੱਖ ਮਿਸਾਲਾਂ ਹਨ ਕਿਵੇਂ ਸਾਡੇ ਸਮਾਜੀ ਪ੍ਰਬੰਧ ਦੀ ਰਗ-ਰਗ `ਚ ਫੈਲੀ ਜਾਤਪਾਤ ਹੋਣਹਾਰ ਬੱਚਿਆਂ ਦੀਆਂ ਜਾਨਾਂ ਲੈ ਰਹੀ ਹੈ।
ਇਨ੍ਹਾਂ ਤਿੰਨਾਂ ਦਾ ਸੰਤਾਪ ਸਾਂਝਾ ਹੈ। ਡਾ. ਪੰਪੋਸ਼ ƒ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ `ਚ ਔਰਤ ਰੋਗ ਵਿਭਾਗ ਦੀ ਮੁਖੀ ਡਾ. ਪ੍ਰਤਿਭਾ, ਡਾ. ਬੀਰ ਦਵਿੰਦਰ ਸਿੰਘ, ਡਾ. ਪ੍ਰਭਹਿੰਮਤ, ਪ੍ਰੋਫੈਸਰ ਸਵਾਤੀ, ਪ੍ਰਿਅੰਕਾ, ਗਗਨਦੀਪ ਕੌਰ, ਨਮਿਸ਼ਾ, ਕਰਨਬੀਰ ਸਿੰਘ, ਜਿੰਮੀ ਅਤੇ ਡਾ. ਪਿਊਸ਼ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਹ ਜਾਤ ਹੰਕਾਰੀ ਪ੍ਰੋਫੈਸਰ ਅਤੇ ਬੈਚਮੇਟ ਉਸ ƒ ਮਾਨਸਿਕ ਤੌਰ `ਤੇ ਤਸੀਹੇ ਦੇਣ ਅਤੇ ਅਪਮਾਨਿਤ ਕਰਨ ਦੇ ਦੋਸ਼ੀ ਹਨ ਜੋ ਉਸ ƒ ਪੜ੍ਹਾਈ ਛੱਡ ਜਾਣ ਲਈ ਮਜਬੂਰ ਕਰ ਰਹੇ ਸਨ ਅਤੇ ਉਸ ਦੇ ਪਰਿਵਾਰ ƒ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਸ਼ਿਕਾਇਤ ਕਰਨ `ਤੇ ਹੋਰ ਜ਼ਿਆਦਾ ਜ਼ਲੀਲ ਕਰਦੇ ਸਨ ਕਿਉਂਕਿ ਉਨ੍ਹਾਂ ƒ ਕੋਈ ਡਰ ਨਹੀਂ ਸੀ। ਲੜਕੀ ਦੀ ਮਾਤਾ ਉਸ ƒ ਹੌਸਲਾ ਦੇ ਕੇ ਸਮਾਂ ਲੰਘਾਉਣ ਲਈ ਪ੍ਰੇਰਦੀ ਰਹੀ ਪਰ ਜਾਤਪਾਤੀ ਹੰਕਾਰੀਆਂ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰ ਰਹੇ ਕਾਲਜ ਪ੍ਰਸ਼ਾਸਨ ਅੱਗੇ ਉਹ ਬੇਵਸ ਸਨ।
ਰੋਹਿਤ ਵੇਮੂਲਾ ƒ ਖ਼ੁਦਕੁਸ਼ੀ ਦੇ ਮੂੰਹ ਧੱਕਣ ਵਿਚ ਵਾਈਸ ਚਾਂਸਲਰ ਪੀ. ਅੱਪਾਰਾਉ ਅਤੇ ਮਨੁੱਖੀ ਵਸੀਲਿਆਂ ਦੀ ਕੈਬਨਿਟ ਮੰਤਰੀ ਸਮ੍ਰਿਤੀ ਇਰਾਨੀ ਸਮੇਤ ਹੁਕਮਰਾਨ ਆਰ.ਐੱਸ.ਐੱਸ.-ਭਾਜਪਾ ਦੀ ਸੰਸਥਾਗਤ ਭੂਮਿਕਾ ਸਰੇਆਮ ਜੱਗ ਜ਼ਾਹਰ ਹੋਈ ਸੀ। ਇਸੇ ਤਰ੍ਹਾਂ ਡਾ. ਪਾਇਲ ਆਪਣੀਆਂ ਤਿੰਨ ਸੀਨੀਅਰ ਡਾਕਟਰਾਂ ਡਾ. ਹੇਮਾ ਅਹੂਜਾ, ਡਾ. ਅੰਕਿਤਾ ਖੰਡੇਲਵਾਲ ਅਤੇ ਡਾ. ਭਕਤੀ ਮਹਾਰੇ ਦੇ ਜਾਤ ਹੰਕਾਰੀ ਵਤੀਰੇ ਤੋਂ ਪੀੜਤ ਸੀ। ਇਹ ਤਿੰਨੇ ਗਾਇਨੀ ਵਿਭਾਗ ਵਿਚ ਸਨ ਅਤੇ ਹਰ ਵਕਤ ਵਿਭਾਗ ਦੇ ਮੁਖੀ ਦੀ ਮਿਲੀ-ਭੁਗਤ ਨਾਲ ਡਾ. ਪਾਇਲ ƒ ਤੰਗ-ਪ੍ਰੇਸ਼ਾਨ ਕਰਦੀਆਂ ਸਨ। ਰੈਗਿੰਗ ਦੌਰਾਨ ਵੀ ਉਸ ƒ ਉਸ ਦੇ ਜਾਤੀ ਪਿਛੋਕੜ ਦੇ ਆਧਾਰ `ਤੇ ਅਪਮਾਨਿਤ ਕੀਤਾ ਗਿਆ। ਉਪਰੋਕਤ ਤਿੰਨੋਂ ਡਾਕਟਰ ਮਰੀਜ਼ਾਂ ਅਤੇ ਮੈਡੀਕਲ ਸਟਾਫ਼ ਦੇ ਸਾਹਮਣੇ ਹੀ ਡਾ. ਪਾਇਲ ƒ ਜਾਤੀ ਸੂਚਕ ਤਾਹਨੇ ਅਤੇ ਗਾਹਲਾਂ ਦੇ ਕੇ ਬੇਇੱਜ਼ਤ ਕਰਦੀਆਂ ਸਨ। ਉਸ ƒ ਅਪਰੇਸ਼ਨ ਥੀਏਟਰ ਵਿਚ ਅਪਰੇਸ਼ਨ ਵੀ ਨਹੀਂ ਕਰਨ ਦਿੱਤੇ ਜਾਂਦੇ ਸਨ।
ਡਾ. ਪੰਪੋਸ਼ ਅਤੇ ਡਾ. ਪਾਇਲ ਦੇ ਪਰਿਵਾਰ ਮੈਂਬਰਾਂ ਵੱਲੋਂ ਜੋ ਹਾਲਾਤ ਬਿਆਨ ਕੀਤੇ ਗਏ, ਇਹ ਉਨ੍ਹਾਂ ਜਾਤਪਾਤੀ ਮਾਨਸਿਕਤਾ ਵਾਲਿਆਂ ਦੇ ਮੂੰਹ ਉੱਪਰ ਕਰਾਰੀ ਚਪੇੜ ਹਨ ਜਿਹੜੇ ਜਾਤ ਆਧਾਰਿਤ ਰਾਖਵੇਂਕਰਨ ਦੀ ਬਜਾਇ ਆਰਥਕ ਆਧਾਰ `ਤੇ ਰਾਖਵੇਂਕਰਨ ਦੀਆਂ ਬੇਹੂਦਾ ਦਲੀਲਾਂ ਦਿੰਦੇ ਹਨ। ਬੱਚੀਆਂ ਆਪਣੇ ਪਰਿਵਾਰਾਂ ਨਾਲ ਸਭ ਕੁਝ ਸਾਂਝਾ ਕਰਦੀਆਂ ਸਨ। ਆਪਣੀ ਜਾਨ ਲੈਣ ਦਾ ਕਦਮ ਸੰਵੇਦਨਸ਼ੀਲ ਅਤੇ ਖ਼ੁਦਦਾਰ ਇਨਸਾਨ ਉਦੋਂ ਹੀ ਚੁੱਕਦਾ ਹੈ ਜਦੋਂ ਨਿੱਤ ਦਾ ਅਪਮਾਨ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ। ਡਾ. ਪਾਇਲ ਤਾਂ ਆਪਣੇ ਪਰਿਵਾਰ ƒ ਰਿਜ਼ਰਵ ਸੀਟ ਛੱਡਣ ਲਈ 20 ਲੱਖ ਰੁਪਏ ਦਾ ਇੰਤਜ਼ਾਮ ਕਰਨ ਦੇ ਵਾਸਤੇ ਵੀ ਪਾਉਂਦੀ ਰਹਿੰਦੀ ਸੀ। ਸ਼ਿਕਾਇਤ ਕਰਨ `ਤੇ ਜਾਤ ਹੰਕਾਰੀਆਂ ਨੇ ਸਗੋਂ ਉਸ ƒ ਜ਼ਲੀਲ ਅਤੇ ਤੰਗ-ਪ੍ਰੇਸ਼ਾਨ ਕਰਨ ਦਾ ਸਿਲਸਿਲਾ ਹੋਰ ਵੀ ਤੇਜ਼ ਕਰ ਦਿੱਤਾ। ਉਸ ƒ ਧਮਕੀ ਦਿੱਤੀ ਗਈ ਕਿ ਉਸ ਦੀ ਡਿਗਰੀ ਮੁਕੰਮਲ ਨਹੀਂ ਹੋਣ ਦਿੱਤੀ ਜਾਵੇਗੀ। ਖ਼ੁਦਕੁਸ਼ੀ ਕਰਨ ਵਾਲੇ ਦਿਨ ਵੀ ਉਹ ਬੁਰੀ ਤਰ੍ਹਾਂ ਅਪਮਾਨਿਤ ਹੋ ਕੇ ਰੋਂਦੀ ਹੋਈ ਆਪਣੇ ਕਮਰੇ ਵਿਚ ਵਾਪਸ ਆਈ ਸੀ।
ਜਾਤਪਾਤੀ ਜ਼ਲਾਲਤ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਨਵਾਂ ਵਰਤਾਰਾ ਨਹੀਂ ਹੈ। ਅਜੋਕੇ ਦਰੋਣਾਚਾਰੀਆ ਆਪਣੇ ਕਸਬ ਵਿਚ ਆਪਣੇ ਪੁਰਖਿਆਂ ਦੇ ਮੁਕਾਬਲੇ ਬਹੁਤ ਹੀ ਸ਼ਾਤਰ ਅਤੇ ਤਜਰਬੇਕਾਰ ਹਨ। ਉਨ੍ਹਾਂ ਦੇ ਦਲਿਤ ਬੱਚਿਆਂ ƒ ਗਿਆਨ ਤੋਂ ਵਾਂਝੇ ਕਰਨ ਦੇ ਤਰੀਕੇ ਪੁਰਾਣੇ ਜ਼ਮਾਨੇ ਵਾਲੇ ਕੁੱਢਰ ਨਹੀਂ ਸਗੋਂ ਬਹੁਤ ਹੀ ਵਿਕਸਤ, ਸੂਖ਼ਮ ਅਤੇ ਵੰਨ-ਸਵੰਨੇ ਹਨ। ਉਹ ਪੜ੍ਹਾਈ ਵਿਚ ਹੁਸ਼ਿਆਰ ਦਲਿਤ ਬੱਚਿਆਂ ਦਾ ਮਨੋਬਲ ਤੋੜ ਕੇ ਉਨ੍ਹਾਂ ƒ ਪੜ੍ਹਾਈ ਛੱਡਣ ਲਈ ਮਜਬੂਰ ਕਰਦੇ ਹਨ। 13 ਜੂਨ 2019 ƒ ਰੋਹਤਕ ਮੈਡੀਕਲ ਕਾਲਜ (ਹਰਿਆਣਾ) ਦੇ ਪੀ.ਐੱਚ.ਡੀ. ਕਰ ਰਹੇ ਹੋਣਹਾਰ ਖੋਜਕਾਰ Eਂਕਾਰ ਨੇ ਉੱਚ ਜਾਤੀ ਹੰਕਾਰ ਦੇ ਡੰਗੇ ਖੋਜ ਮੁਖੀ ਅਤੇ ਹੋਰ ਅਧਿਆਪਕਾਂ ਦੀ ਧੱਕੇਸ਼ਾਹੀ ਨਾ ਸਹਾਰਦੇ ਹੋਏ ਖ਼ੁੁਦਕੁਸ਼ੀ ਕੀਤੀ ਸੀ। ਥੋੜ੍ਹਾ ਹੋਰ ਪਿੱਛੇ ਜਾਇਆ ਜਾਵੇ ਤਾਂ 2007 ਤੋਂ 2011 ਤੱਕ ਦੇ ਚਾਰ ਸਾਲਾਂ ਵਿਚ ਹੀ ਉੱਚ ਸਿੱਖਿਆ ਸੰਸਥਾਵਾਂ ਵਿਚ ਖ਼ੁਦਕੁਸ਼ੀਆਂ ਦੇ ਅਠਾਰਾਂ ਮਾਮਲੇ ਸਾਹਮਣੇ ਆਏ ਸਨ: ਐਮ. ਸ੍ਰੀਕਾਂਤ (ਬੀ.ਟੈਕ. ਫਾਈਨਲ ਆਈ. ਆਈ.ਟੀ. ਬਾਂਬੇ), ਅਜੈ ਸੀ. ਚੰਦਰਾ (ਪੀ.ਐਚ.ਡੀ., ਆਈ.ਆਈ., ਸਾਇੰਸਜ਼ ਬੰਗਲੌਰ), ਜਸਪ੍ਰੀਤ ਸਿੰਘ (ਐਮ.ਬੀ.ਬੀ.ਐਸ. ਫਾਈਨਲ ਜੀ.ਐਚ.ਸੀ. ਚੰਡੀਗੜ੍ਹ), ਸੇਂਠਲ ਕੁਮਾਰ (ਹੈਦਰਾਬਾਦ), ਪ੍ਰਸਾਂਤ ਬ. ਕੁਰੀਲ (ਕਾਨਪੁਰ), ਜੀ. ਸੁਮਨ (ਕਾਨਪੁਰ), ਅੰਕਿਤਾ ਵੇਧੜਾ (ਅਹਿਮਦਾਬਾਦ), ਡੀ. ਸਿਆਮ ਕੁਮਾਰ (ਵਿਜੈਵਾੜਾ), ਐਸ. ਅਮਰਾਵਤੀ (ਹੈਦਰਾਬਾਦ), ਬਾਂਦੀ ਅਨੁਸਾ (ਹੈਦਰਾਬਾਦ), ਪੁਸਪਾਂਜਲੀ ਵੀ ਪੂਰਤੀ (ਬੈਂਗਲੌਰ), ਸੁਸ਼ੀਲ ਕੁਮਾਰ ਚੌਧਰੀ (ਲਖਨਊ), ਬਾਲਮੁਕੰਦ ਭਾਰਤੀ (ਨਵੀਂ ਦਿੱਲੀ), ਜੇ.ਕੇ. ਰਮੇਸ਼ (ਬੰਗਲੌਰ), ਮਾਧੁਰੀ ਸਾਲੇ (ਕਾਨਪੁਰ), ਜੀ. ਵਾਰਾਲਕਸਮੀ (ਹੈਦਰਾਬਾਦ), ਮੁਨੀਸ਼ ਕੁਮਾਰ (ਰੁੜਕੀ) ਅਤੇ ਲਿਕੇਸ ਮੋਹਨ ਗਾਵਲੇ (ਨਵੀਂ ਦਿੱਲੀ।
ਜਾਤਪਾਤੀ ਜ਼ਲਾਲਤ ਦੀ ਗੰਭੀਰਤਾ ਦੇ ਮੱਦੇਨਜ਼ਰ 2007 ਵਿਚ ਮਨਮੋਹਨ ਸਿੰਘ ਸਰਕਾਰ ƒ ਥੋਰਾਂਟ ਕਮੇਟੀ ਬਣਾਉਣੀ ਪਈ ਸੀ। ਕਮੇਟੀ ਨੇ ਅਧਿਐਨ ਵਿਚ ਨੋਟ ਕੀਤਾ ਕਿ ਉੱਚ ਵਿਦਿਅਕ ਸੰਸਥਾਵਾਂ ਵਿਚ ਦਲਿਤ ਬੱਚਿਆਂ ਦਾ ਮਨੋਬਲ ਤੋੜ ਕੇ ਉਨ੍ਹਾਂ ƒ ਪੜ੍ਹਾਈ ਛੱਡਣ ਲਈ ਦਬਾਅ ਪਾਇਆ ਜਾਂਦਾ ਹੈ। ਅਧਿਐਨ ਅਨੁਸਾਰ 69 ਫੀਸਦੀ ਸੂਚੀਦਰਜ ਜਾਤੀਆਂ ਅਤੇ ਸੂਚੀਦਰਜ ਕਬੀਲਿਆਂ ਦੇ ਵਿਦਿਆਰਥੀਆਂ ƒ ਪੜ੍ਹਾਈ `ਚ ਅਧਿਆਪਕਾਂ ਦਾ ਸਹਿਯੋਗ ਨਹੀਂ ਮਿਲਦਾ। 72 ਫੀਸਦੀ ਵਿਦਿਆਰਥੀਆਂ ਨੇ ਮੰਨਿਆ ਕਿ ਉਨ੍ਹਾਂ ਨਾਲ ਪੜ੍ਹਾਈ ਦੌਰਾਨ ਵਿਤਕਰਾ ਹੁੰਦਾ ਹੈ। 84 ਫੀਸਦੀ ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰੈਕਟੀਕਲ ਇਮਤਿਹਾਨਾਂ ਵਿਚ ਜਾਤਪਾਤੀ ਤੁਅੱਸਬ ਕਾਰਨ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਜਾਂਦੀ ਹੈ ਪਰ ਥੋਰਾਂਟ ਕਮੇਟੀ ਨੇ ਜੋ ਸਿਫ਼ਾਰਸ਼ਾਂ ਕੀਤੀਆਂ ਉਨ੍ਹਾਂ ƒ ਲਾਗੂ ਕਰਨ ਦੀ ਕਿਸੇ ਵੀ ਹਾਕਮ ਜਮਾਤੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਜ਼ਰੂਰਤ ਨਹੀਂ ਸਮਝੀ ਗਈ, ਕਿਉਂਕਿ ਉਨ੍ਹਾਂ ਦੇ ਹਿਤ ਜਾਤਪਾਤੀ ਦਾਬੇ ƒ ਸਲਾਮਤ ਰੱਖਣ ਵਿਚ ਹਨ।
ਇਹ ਖ਼ੁਦਕਸ਼ੀਆਂ ਨਹੀਂ, ਸੰਸਥਾਈ ਕਤਲ ਹਨ ਜਿਨ੍ਹਾਂ ƒ ਸਿੱਧੇ ਤੌਰ `ਤੇ ਅੰਜਾਮ ਭਾਵੇਂ ਕੁਝ ਵਿਅਕਤੀ ਦਿੰਦੇ ਹਨ ਲੇਕਿਨ ਉਨ੍ਹਾਂ ਦੇ ਪਿੱਛੇ ਸਮੁੱਚਾ ਸਮਾਜੀ ਢਾਂਚਾ ਅਤੇ ਰਾਜਤੰਤਰ ਕੰਮ ਕਰ ਰਿਹਾ ਹੁੰਦਾ ਹੈ। ਪਹਿਲੀ ਗੱਲ ਤਾਂ ਦਲਿਤ ਵਰਗ ਵਿੱਚੋਂ ਕੋਈ ਟਾਵਾਂ-ਟਾਵਾਂ ਵਿਦਿਆਰਥੀ ਬਹੁਤ ਮੁਸ਼ਕਿਲ ਨਾਲ ਉੱਚ ਪੜ੍ਹਾਈ ਦੇ ਮੁਕਾਮ `ਤੇ ਪਹੁੰਚਦਾ ਹੈ, ਕਿਉਂਕਿ ਉਨ੍ਹਾਂ ਕੋਲ ਉਸ ਤਰ੍ਹਾਂ ਦੇ ਵਸੀਲੇ ਅਤੇ ਮਾਰਗ ਦਰਸ਼ਨ ਨਹੀਂ ਹੁੰਦਾ ਜਿਵੇਂ ਉੱਚ ਜਾਤੀਆਂ ਦੇ ਰਸੂਖ਼ਵਾਨ ਵਰਗ ਦੇ ਲੋਕਾਂ ਕੋਲ ਹੁੰਦਾ ਹੈ। ਦਿਮਾਗੀ ਕਾਬਲੀਅਤ ਦੇ ਬਾਵਜੂਦ ਜ਼ਿਆਦਾਤਰ ਦਲਿਤ ਅਤੇ ਗ਼ਰੀਬ ਬੱਚੇ ਹਾਸ਼ੀਏ `ਤੇ ਧੱਕੇ ਬੇਵਸ ਜ਼ਿੰਦਗੀ ਜਿਊਂਦੇ ਹਨ। ਜੇ ਕੋਈ ਹਿੰਮਤੀ ਬੱਚਾ ਇਸ ਬੇਕਿਰਕ ਜਾਤੀ ਅਤੇ ਜਮਾਤੀ ਢਾਂਚੇ ਵੱਲੋਂ ਪਾਈਆਂ ਜਾਂਦੀਆਂ ਰੁਕਾਵਟਾਂ ƒ ਤੋੜਦਾ ਹੋਇਆ ਕਿਸੇ ਚੰਗੇ ਮੁਕਾਮ `ਤੇ ਪਹੁੰਚ ਵੀ ਜਾਂਦਾ ਹੈ ਤਾਂ ਜਾਤ ਹੰਕਾਰੀ ਤਾਕਤਾਂ ਉਸ ਦਾ ਮਨੋਬਲ ਤੋੜਨ ਲਈ ਦਿਨ-ਰਾਤ ਇਕ ਕਰ ਦਿੰਦੀਆਂ ਹਨ। ਦਲਿਤ ਵਿਦਿਆਰਥੀਆਂ ਦੀ ਜਥੇਬੰਦ ਹੱਕ-ਜਤਾਈ ਦੀ ਸੂਰਤ ਵਿਚ ਤਾਂ ਇਹ ਤਾਕਤਾਂ ਦਲਿਤਾਂ ਦੇ ਸਵੈਮਾਣ ƒ ਕੁਚਲਣ ਅਤੇ ਉਨ੍ਹਾਂ ƒ ਸੰਸਥਾਵਾਂ ਵਿੱਚੋਂ ਕੱਢਣ ਲਈ ਹਰ ਘਿਨਾਉਣੇ ਤੋਂ ਘਿਨਾਉਣਾ ਹੱਥਕੰਡਾ ਵਰਤਦੀਆਂ ਹਨ। ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਬੰਦ ਕਰਨ, ਉਨ੍ਹਾਂ ƒ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਕੇ ਜੁਰਮਾਨੇ ਲਾਉਣ, ਹੋਸਟਲ ਵਿੱਚੋਂ ਕੱਢਣ, ਇਮਤਿਹਾਨਾਂ ਵਿਚ ਪ੍ਰੈਕਟੀਕਲ ਸਮੇਂ ਬੇਇਨਸਾਫ਼ੀ ਕਰਨ, ਉਨ੍ਹਾਂ ƒ ਮਾਨਸਿਕ ਤੌਰ `ਤੇ ਤਸੀਹੇ ਦੇਣ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਹਨ। ਖ਼ੁਦਕੁਸ਼ੀਆਂ ਦਿਖਾਉਂਦੀਆਂ ਹਨ ਕਿ ਯੂਨੀਵਰਸਿਟੀਆਂ, ਮੈਡੀਕਲ ਕਾਲਜਾਂ ਵਰਗੀਆਂ ਉਚੇਰੀਆਂ ਵਿਦਿਅਕ ਸੰਸਥਾਵਾਂ ਅੰਦਰ ਵੀ ਜਾਤਪਾਤੀ ਨਫ਼ਰਤ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ। ਉਪਰੋਕਤ ਅਠਾਰਾਂ ਖ਼ੁਦਕੁਸ਼ੀਆਂ ਦੀਆਂ ਰਿਪੋਰਟਾਂ ਵਿਚ ਵੀ ਇਸ ਵਰਤਾਰੇ ਦੀਆਂ ਬਹੁ-ਪਰਤਾਂ ਮਿਲ ਜਾਂਦੀਆਂ ਹਨ।
ਜਾਤਪਾਤੀ ਨਫ਼ਰਤ ਮਹਿਜ਼ ਵਿਅਕਤੀਆਂ ਦੀ ਸੋਚ ਵਿਚ ਨਹੀਂ ਹੈ। ਦਰਅਸਲ ਸਾਡਾ ਸਮਾਜੀ ਤੇ ਰਾਜ ਢਾਂਚਾ ਜਨਮ ਤੋਂ ਹੀ ਮਨੁੱਖ ਦੀ ਵਿਚਾਰਧਾਰਕ ਪਰਵਰਿਸ਼ ਬਹੁਤ ਹੀ ਸਿਲਸਿਲੇਵਾਰ ਤਰੀਕੇ ਨਾਲ ਜਾਤੀਵਾਦੀ ਮਨੂਵਾਦੀ ਵਿਚਾਰਧਾਰਾ ਅਨੁਸਾਰ ਕਰਦਾ ਹੈ। ਸਮਾਜ ਅਤੇ ਵਿਦਿਅਕ ਸੰਸਥਾਵਾਂ ਦਾ ਸਮੁੱਚਾ ਸਮਾਜੀ, ਸੱਭਿਆਚਾਰਕ ਅਤੇ ਸੰਸਥਾਈ ਮਾਹੌਲ ਬੱਚੇ ƒ ਇਸੇ ਸਾਂਚੇ ਵਿਚ ਢਾਲਦਾ ਹੈ। ਬਚਪਨ ਤੋਂ ਹੀ ਉੱਚ ਜਾਤੀ ਬੱਚਿਆਂ ਦੇ ਦਿਮਾਗਾਂ `ਚ ਨੀਵੀਆਂ ਜਾਤਾਂ ਵਿਰੁੱਧ ਨਫ਼ਰਤ ਭਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਵੱਡਾ ਹੋਣ `ਤੇ ਰਿਜ਼ਰਵੇਸ਼ਨ ਦੀ ‘ਬੇਇਨਸਾਫ਼ੀ` ਵਿਰੁੱਧ ਬੁੜਬੁੜ ਉਨ੍ਹਾਂ ƒ ਉਨ੍ਹਾਂ ਨਾਲ ਹੋ ਰਹੇ ‘ਵਿਤਕਰੇ` ਦਾ ਅਹਿਸਾਸ ਕਰਾਉਣਾ ਸ਼ੁਰੂ ਕਰ ਦਿੰਦੀ ਹੈ। ਇੰਞ ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਅਖਾਉਤੀ ਉੱਚ ਜਾਤਾਂ ਦੇ ਬਹੁਤ ਸਾਰੇ ਲੋਕ ਪੜ੍ਹ-ਲਿਖ ਕੇ ਵੀ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਦਲਿਤ ਬੱਚੇ ਆਪਣੀ ਕਾਬਲੀਅਤ ਅਤੇ ਮਿਹਨਤ ਦੇ ਜ਼ੋਰ ਉਨ੍ਹਾਂ ਦੇ ਬਰਾਬਰ ਉਚੇਰੀ ਪੜ੍ਹਾਈ ਵਿਚ ਪਹੁੰਚਦੇ ਹਨ; ਕਿ ਉਹ ਘੱਟੋ-ਘੱਟ ਯੋਗਤਾ ਦੇ ਆਧਾਰ `ਤੇ ਡਿਗਰੀਆਂ ਲੈ ਕੇ ਹੀ ਉਨ੍ਹਾਂ ਦੇ ਬਰਾਬਰ ਰੁਤਬੇ ਹਾਸਲ ਕਰਦੇ ਹਨ। ਰਾਖਵਾਂਕਰਨ ਤਾਂ ਸਿਰਫ਼ ਉਨ੍ਹਾਂ ƒ ਉਨ੍ਹਾਂ ਦੀ ਸਦੀਵੀ ਤੌਰ `ਤੇ ਪਿਛੜੀ ਹੋਈ ਅਤੇ ਘੋਰ ਦਾਬੇ ਦਾ ਸ਼ਿਕਾਰ ਸਥਿਤੀ ਵਿਚੋਂ ਬਾਹਰ ਆ ਕੇ ਪੜ੍ਹਾਈ ਅਤੇ ਨੌਕਰੀ ਦੇ ਮੌਕੇ ਹਾਸਲ ਕਰਨ ਵਿਚ ਮਦਦ ਹੀ ਕਰਦਾ ਹੈ। ਇਹ ਉਨ੍ਹਾਂ ƒ ਕੋਈ ਵਿਸ਼ੇਸ਼ ਸਹੂਲਤ ਨਹੀਂ ਹੈ, ਇਹ ਤਾਂ ਸਦੀਆਂ ਦੀ ਸਮਾਜੀ ਬੇਇਨਸਾਫ਼ੀ ਦੇ ਬਦਲੇ ਮਾਮੂਲੀ ਰਾਹਤ ਹੈ। ਐਪਰ ਦਲਿਤ ਬੱਚਿਆਂ ਦਾ ਸਮਾਜੀ, ਆਰਥਿਕ ਅਤੇ ਬੌਧਿਕ ਵਿਕਾਸ ਉੱਚ ਜਾਤੀ ਹਿੱਸਿਆਂ ƒ ਕਿਸੇ ਵੀ ਸੂਰਤ ਵਿਚ ਹਜਮ ਨਹੀਂ ਹੁੰਦਾ। ਉਹ ਇਸ ƒ ਆਪਣੇ ਨਾਲ ‘ਵਿਤਕਰਾ` ਸਮਝਦੇ ਹਨ। ਜਾਤਪਾਤੀ ਜ਼ਹਿਰ ਦੇ ਪ੍ਰਭਾਵ ਹੇਠ ਉਹ ਸਮਝਦੇ ਹਨ ਕਿ ਇਹ ਤਾਂ ‘ਕੰਮੀ-ਕਮੀਣ ਜਾਤਾਂ` ƒ ਸਾਡੇ ‘ਸਿਰ ਉੱਪਰ ਬਿਠਾਉਣਾ` ਹੈ। ਉਨ੍ਹਾਂ ƒ ਉੱਚ ਜਾਤੀ ਧੌਂਸ ਅਤੇ ਸਮਾਜੀ ਦਾਬੇ ਦੇ ਜ਼ੋਰ ਦਲਿਤਾਂ ƒ ਪੈਰਾਂ ਹੇਠ ਦਰੜ ਕੇ ਰੱਖਣ ਦਾ ਦਸਤੂਰ ਵਾਜਬ ਲੱਗਦਾ ਹੈ, ਦਸਤੂਰ ਜੋ ਸਦੀਆਂ ਤੋਂ ਚੱਲ ਰਿਹਾ ਹੈ।
ਡਾਕਟਰੀ, ਸੰਸਥਾਵਾਂ, ਯੂਨੀਵਰਸਿਟੀਆਂ, ਇੰਜਨੀਅਰਿੰਗ, ਆਈ.ਆਈ.ਟੀ., ਵਗੈਰਾ ਆਹਲਾ ਮਿਆਰੀ ਬੌਧਿਕ ਸੰਸਥਾਵਾਂ ਅੰਦਰ ਜਾਤੀਵਾਦ ਦਾ ਇਜ਼ਹਾਰ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਨਾਲ ਆਮ ਹੁੰਦਾ ਹੈ। ਜਿਉਂ ਹੀ ਇਹ ਪਤਾ ਲੱਗਦਾ ਹੈ ਕਿ ਫਲਾਣੇ ਵਿਦਿਆਰਥੀ/ਵਿਦਿਆਰਥਣ ƒ ਦਾਖ਼ਲਾ ‘ਰਾਖਵੇਂ ਕੋਟੇ` ਤਹਿਤ ਮਿਲਿਆ ਹੈ, ਉਦੋਂ ਹੀ ਕਥਿਤ ਉੱਚ ਜਾਤੀ ਲੋਕਾਂ ਦੇ ਦਿਮਾਗਾਂ ਵਿਚ ਸੁੱਤਾ ਪਿਆ ਜਾਤਪਾਤੀ ‘ਗੌਰਵ` ਦਾ ਕੀੜਾ ਜਾਗ ਉੱਠਦਾ ਹੈ। ਉਹ ਆਪਣੇ ਨਾਲ ‘ਬੇਇਨਸਾਫ਼ੀ` ਅਤੇ ‘ਵਿਤਕਰੇ` ਦਾ ਰੋਣਾ ਰੋਣਾ ਸ਼ੁਰੂ ਕਰ ਦਿੰਦੇ ਹਨ। ਇਹ ਉਹ ਲੋਕ ਹਨ ਜੋ ਆਮ ਤੌਰ `ਤੇ ਇਸ ਰਾਜ ਪ੍ਰਬੰਧ ਦੀਆਂ ਵੱਡੀਆਂ-ਵੱਡੀਆਂ ਵਧੀਕੀਆਂ ਅਤੇ ਬੇਇਨਸਾਫ਼ੀਆਂ ƒ ਦੇਖ ਕੇ ਵੀ ਇਸ ਤਰ੍ਹਾਂ ਅਣਡਿੱਠ ਕਰਦੇ ਰਹਿੰਦੇ ਹਨ, ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਇਹ ਲੋਕ ਫਿਰ ਦਲਿਤ ਵਿਦਿਆਰਥੀਆਂ ƒ ਨਿਤਾਣੇ ਅਤੇ ਬੇਵੱਸ ਦੇਖ ਕੇ ਜ਼ਲੀਲ ਕਰ ਕੇ ਅਤੇ ਮਾਨਸਿਕ ਤੌਰ `ਤੇ ਤਸੀਹੇ ਦੇ ਕੇ ਖ਼ੁਸ਼ੀ ਮਹਿਸੂਸ ਕਰਦੇ ਹਨ। ਅਖਾਉਤੀ ਵਿਸ਼ਵੀਕਰਨ ਅਤੇ ਨਵਉਦਾਰਵਾਦੀ ਆਰਥਿਕ ਮਾਡਲ ਦੇ ਲਾਗੂ ਹੋਣ ਨਾਲ ਸਰਕਾਰੀ ਨੌਕਰੀਆਂ ਦੇ ਖ਼ਤਮ ਹੋਣ ਅਤੇ ਰੁਜ਼ਗਾਰ ਦੀ ਬੇਯਕੀਨੀ ਵਧਣ ਨਾਲ ‘ਰਾਖਵਾਂਕਰਨ` ਵਿਰੋਧੀ ਜਾਤਪਾਤੀ ਮਾਨਸਿਕਤਾ ਵਿਚ ਬਹੁਤ ਤੇਜ਼ੀ ਨਾਲ ਇਜ਼ਾਫ਼ਾ ਹੋਇਆ ਹੈ। ਮਨੂਵਾਦੀ ਤਾਕਤਾਂ ਅਖਾਉਤੀ ਉੱਚ ਜਾਤਾਂ ਦੇ ਲੋਕਾਂ ਦੇ ਮਨਾਂ ਅੰਦਰ ਇਹ ਝੂਠ ਕੁੱਟ-ਕੁੱਟ ਕੇ ਭਰਦੀਆਂ ਆ ਰਹੀਆਂ ਹਨ ਕਿ ‘ਕੋਟੇ ਵਾਲੇ` ਮੈਰਿਟ ਵਾਲਿਆਂ ਦਾ ਹੱਕ ਮਾਰਦੇ ਹਨ। ਨਵਉਦਾਰਵਾਦੀ ‘ਵਿਕਾਸ ਮਾਡਲ` ਦੌਰਾਨ ਇਹ ਜਾਤਪਾਤੀ ਜ਼ਹਿਰ ਖ਼ਾਸ ਤੇਜ਼ੀ ਨਾਲ ਫੈਲਾਇਆ ਗਿਆ ਹੈ। ਹਿੰਦੂਤਵ ਅਤੇ ‘ਨਰਮ ਹਿੰਦੂਤਵ` ਦੀਆਂ ਪੈਰੋਕਾਰ ਤਮਾਮ ਹਾਕਮ ਜਮਾਤੀ ਤਾਕਤਾਂ ਦਾ ਇਸ ਝੂਠ ƒ ਫੈਲਾਉਣ ਵਿਚ ਆਪੋ-ਆਪਣਾ ਯੋਗਦਾਨ ਹੈ। ਇਸ ਝੂਠ ਤੋਂ ਪ੍ਰਭਾਵਿਤ ਲੋਕਾਂ ਦਾ ਤਰਕ ਇਹ ਹੈ ਕਿ ਸਰਕਾਰਾਂ ਵੋਟਾਂ ਦੀ ਖਾਤਰ ‘ਨਾਲਾਇਕ` ਹਿੱਸਿਆਂ ƒ ਯੋਗਤਾ ਤੋਂ ਛੋਟ ਦੇ ਕੇ ਮੈਰਿਟ ਵਾਲੇ ‘ਜਨਰਲ ਵਰਗ` ਤੋਂ ਪੜ੍ਹਾਈ ਅਤੇ ਨੌਕਰੀ ਦੇ ਮੌਕੇ ਖੋਂਹਦੀਆਂ ਹਨ ਅਤੇ ਇੰਞ ‘ਕੋਟੇ ਵਾਲਿਆਂ` ƒ ਉਨ੍ਹਾਂ ਦੇ ਸਿਰ `ਤੇ ਬਿਠਾਉਂਦੀਆਂ ਹਨ। ਆਪਣੇ ਨਾਲ ਇਸ ਕਥਿਤ ਵਿਤਕਰੇ ਦਾ ਬਦਲਾ ਉਹ ਦਲਿਤ ਵਿਦਿਆਰਥੀਆਂ ƒ ਦੁਰਕਾਰ ਕੇ ਅਤੇ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਨਾਲ ਉਨ੍ਹਾਂ ƒ ਜ਼ਲੀਲ ਕਰ ਕੇ ਲੈਂਦੇ ਹਨ। ਇਸੇ ਦਾ ਸ਼ਿਕਾਰ ਕਦੇ ਰੋਹਿਤ ਵੇਮੂਲਾ ਤੇ ਪਾਇਲ ਹੋਏ ਅਤੇ ਹੁਣ ਪੰਪੋਸ਼ ਹੋਈ ਹੈ। ਅਖਾਉਤੀ ਉੱਚ ਜਾਤੀ ਦੇ ਸੀਨੀਅਰ ਡਾਕਟਰ, ਪ੍ਰੋਫੈਸਰ ਅਤੇ ਹੋਰ ਸ਼ਖ਼ਸ ਉਨ੍ਹਾਂ ƒ ਹਰ ਵਕਤ ਬੇਇੱਜ਼ਤ ਕਰਨ ਅਤੇ ਨੀਵਾਂ ਦਿਖਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਸੀ ਜਾਣ ਦਿੰਦੇ। ਉਹ ਨਹੀਂ ਸੀ ਚਾਹੁੰਦੇ ਕਿ ਦਲਿਤ ਕਿਸੇ ਵੀ ਸੂਰਤ ਵਿਚ ਤਰੱਕੀ ਕਰਕੇ ਉਨ੍ਹਾਂ ਦੇ ਬਰਾਬਰ ਖੜ੍ਹਨ। ਉਹ ਚਾਹੁੰਦੇ ਸਨ ਕਿ ਜਿਵੇਂ ਦਲਿਤ ਪਹਿਲਾਂ ਅਖਾਉਤੀ ਉੱਚ ਜਾਤੀਆਂ ਦੀ ਗ਼ੁਲਾਮੀ ਕਰਦੇ ਸਨ ਅੱਜ ਵੀ ਉਸੇ ਤਰਾਂ ਵਗਾਰਾਂ ਕਰਦੇ ਰਹਿਣ ਅਤੇ ਅਣਮਨੁੱਖੀ ਹਾਲਾਤ ਵਿਚ ਦਿਨ ਕਟੀ ਕਰਦੇ ਰਹਿਣ।
ਇਹ ਸੰਸਥਾਈ ਵਰਤਾਰਾ ਨਿਖੇਧੀਆਂ ਨਾਲ ਰੁਕਣ ਵਾਲਾ ਨਹੀਂ ਹੈ। ਸਮੂਹ ਇਨਸਾਫ਼ਪਸੰਦ ਤਾਕਤਾਂ ƒ ਜਾਤਪਾਤੀ ਦਾਬੇ ਦੇ ਵੱਖੋ-ਵੱਖਰੇ ਇਜ਼ਹਾਰਾਂ ਵਿਰੁੱਧ ਸਿਲਸਿਲੇਵਾਰ ਅਤੇ ਲਗਾਤਾਰਤਾ ਨਾਲ ਬਹੁਪੱਖੀ ਲੜਾਈ ਛੇੜਣੀ ਚਾਹੀਦੀ ਹੈ। ਦਲਿਤਾਂ ਦੀ ਜਾਤ ਆਧਾਰਿਤ ਲਾਮਬੰਦੀ ਇਸ ਅਨਿਆਂ ਦੇ ਖ਼ਿਲਾਫ਼ ਰਸਮੀ ਵਿਰੋਧ ਤਾਂ ਦਰਜ ਕਰਵਾ ਸਕਦੀ ਹੈ ਜਾਂ ਰਾਖਵੇਂਕਰਨ ƒ ਖ਼ਤਮ ਕਰਨ ਦੀਆਂ ਕੁਛ ਕੁ ਮਨੂਵਾਦੀ ਚਾਲਾਂ ƒ ਵਕਤੀ ਤੌਰ `ਤੇ ਰੋਕਣ ਦਾ ਸਾਧਨ ਤਾਂ ਬਣ ਸਕਦੀ ਹੈ ਲੇਕਿਨ ਉਹ ਜਾਤਪਾਤ ƒ ਬਰਕਰਾਰ ਰੱਖ ਰਹੇ ਇਸ ਆਦਮਖ਼ੋਰ ਰਾਜ ਢਾਂਚੇ ਦੀ ਸਮਾਜੀ ਬੁਨਿਆਦ ƒ ਚਕਨਾਚੂਰ ਕਰਨਾ ਤਾਂ ਦੂਰ, ਇਸ ਦੇ ਬਨੇਰੇ ਵੀ ਨਹੀਂ ਭੋਰ ਸਕਦੀ। ਆਮ ਦਲਿਤ ਦੀ ਇਹ ਚੇਤਨਾ ਬਣਨੀ ਚਾਹੀਦੀ ਹੈ ਕਿ ਦਲਿਤਾਂ ਦੇ ਨਾਂ `ਤੇ ਚੁਣੇ ਜਾਣ ਵਾਲੇ ‘ਨੁਮਾਇੰਦੇ` ਇਸ ਢਾਂਚੇ ਦਾ ਹਿੱਸਾ ਬਣ ਕੇ ਇਸ ƒ ਬਚਾਉਣ ਲਈ ਸੇਫਟੀ ਵਾਲਵ ਦੀ ਭੂਮਿਕਾ ਹੀ ਨਿਭਾ ਸਕਦੇ ਹਨ। ਇਸ ਨਾਲ ਇਕ ਨਿੱਕੇ ਜਿਹੇ ਹਿੱਸੇ ਦਾ ਨਿੱਜੀ ਫ਼ਾਇਦਾ ਤਾਂ ਹੋ ਸਕਦਾ ਹੈ ਲੇਕਿਨ ਇਹ ਆਮ ਦਲਿਤ ਸਮਾਜ ਦੀ ਜਾਤਪਾਤੀ ਦਾਬੇ, ਵਿਤਕਰੇ ਅਤੇ ਬੇਇਨਸਾਫ਼ੀ ਤੋਂ ਬੰਦ-ਖ਼ਲਾਸੀ ਦਾ ਸਾਧਨ ਨਹੀਂ ਬਣ ਸਕਦਾ।
ਦਲਿਤ ਬੱਚਿਆਂ ƒ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਮਾਨਸਿਕ ਤੌਰ `ਤੇ ਵੀ ਸਿੱਖਿਅਤ ਕਰਨਾ ਪਵੇਗਾ। ਕਿਤਾਬੀ ਗਿਆਨ ਦੇ ਨਾਲ-ਨਾਲ ਉਨ੍ਹਾਂ ƒ ਹੀਣ ਭਾਵਨਾ `ਚੋਂ ਕੱਢਣਾ ਵੀ ਜ਼ਰੂਰੀ ਹੈ ਤਾਂ ਜੋ ਉਹ ਜਾਤ ਹੰਕਾਰੀਆਂ ਦੇ ਕਰੂਰ ਹਮਲਿਆਂ ਸਮੇਂ ਬੇਵੱਸ ਮਹਿਸੂਸ ਨਾ ਕਰਨ ਸਗੋਂ ਅਜਿਹੇ ਹਾਲਾਤ ਨਾਲ ਟੱਕਰ ਲੈ ਕੇ ਇਨ੍ਹਾਂ ਤਾਕਤਾਂ ਦੇ ਮਨਸੂਬਿਆਂ ƒ ਹਰਾਉਣ ਲਈ ਮਾਨਸਿਕ ਤੌਰ `ਤੇ ਹੋਰ ਦ੍ਰਿੜ ਹੋਣ। ਸਾਡੇ ਦਲਿਤ ਹਿੱਸਿਆਂ ƒ ਸੁਚੇਤ ਹੋਣਾ ਪਵੇਗਾ ਕਿ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਆਪਣੇ ਬੱਚਿਆਂ ƒ ਐਸੇ ਉਸਾਰੂ ਸਾਹਿਤ ਨਾਲ ਜੋੜਨਾ ਜ਼ਰੂਰੀ ਹੈ ਜੋ ਉਨ੍ਹਾਂ ƒ ਜਾਤਪਾਤ ਵਿਰੁੱਧ ਸੰਘਰਸ਼ ਦੀ ਜ਼ਰੂਰਤ, ਚੇਤਨਾ, ਜਾਤਪਾਤ ਵਿਰੁੱਧ ਸੰਘਰਸ਼ ਦੇ ਇਤਿਹਾਸ ਅਤੇ ਸਮਾਜੀ ਨਿਆਂ ਲਈ ਅਜੋਕੇ ਤਕਾਜ਼ਿਆਂ ਬਾਰੇ ਜਾਗਰੂਕ ਕਰੇ। ਅਜਿਹੀ ਜਾਗਰੂਕਤਾ ਅਤੇ ਸੋਝੀ ਹੀ ਅਤਿ ਪ੍ਰਤੀਕੂਲ ਹਾਲਾਤ `ਚ ਉਨ੍ਹਾਂ ਦਾ ਮਨੋਬਲ ਉੱਚਾ ਰੱਖ ਸਕਦੀ ਹੈ ਅਤੇ ਉਹ ਮਨੂਵਾਦੀ ਤਾਕਤਾਂ ਵੱਲੋਂ ਉਨ੍ਹਾਂ ਦਾ ਰਾਹ ਰੋਕਣ ਲਈ ਗਿਣ-ਮਿੱਥ ਕੇ ਸਿਰਜੇ ਦਿਲ ਤੋੜੂ ਮਾਹੌਲ ਵਿਚ ਜਾਤ ਹੰਕਾਰੀਆਂ ਅੱਗੇ ਹਿੱਕ ਤਣ ਕੇ ਖੜ੍ਹੇ ਰਹਿ ਸਕਦੇ ਹਨ।