ਅਜੋਕਾ ਪੰਜਾਬ, ਸਿੱਖ ਭਾਈਚਾਰਾ, ਗੁਰਬਾਣੀ ਅਤੇ ਮਾਰਕਸਵਾਦ

(ਹਰਚਰਨ ਸਿੰਘ ਪਰਹਾਰ: ਗੁਰਬਚਨ ਸਿੰਘ ਵਾਦ-ਪ੍ਰਤੀਵਾਦ ਦੇ ਸੰਦਰਭ ਵਿਚ)
ਕਰਮ ਬਰਸਟ
ਫੋਨ: +91-94170-73831
ਪੰਜਾਬ ਟਾਈਮਜ਼ (15 ਫਰਵਰੀ 2023) ਦੇ ਅੰਕ ਵਿਚ ਸਰਦਾਰ ਗੁਰਬਚਨ ਸਿੰਘ ਦਾ ਲੇਖ ‘ਗੁਰਬਾਣੀ ਅੰਦਰ ਨਿਿਹਤ ਹੈ, ਸਾਂਝੀ ਪੰਜਾਬੀ ਕੌਮ’ ਸਿਰਜਣ ਦਾ ਆਧਾਰ ਪੜ੍ਹਨ ਦਾ ਮੌਕਾ ਮਿਿਲਆ। ਸ[ ਗੁਰਬਚਨ ਸਿੰਘ ਦੇ ਲੇਖ ਕਾਫ਼ੀ ਦੇਰ ਤੋਂ ਪੰਜਾਬੀ ਟਾਈਮਜ਼ ਵਿਚ ਛਪਦੇ ਆ ਰਹੇ ਹਨ। ਇਨ੍ਹਾਂ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਗੁਰਬਾਣੀ ਦੇ ਨਾਲ ਨਾਲ ਮਾਰਕਸਵਾਦ ਦਾ ਵੀ ਗੂੜ੍ਹਾ ਚਿੰਤਨ ਕੀਤਾ ਹੋਇਆ ਹੈ। ਅਜੋਕੇ ਸਮਿਆਂ ਵਿਚ ਅਜਿਹੇ ਵਿਦਵਾਨਾਂ ਦੀ ਬਹੁਤ ਲੋੜ ਹੈ ਤਾਂ ਜੋ ਪੰਜਾਬੀ ਪਾਠਕਾਂ ਨੂੰ ਗੁਰਮਤ ਅਤੇ ਮਾਰਕਸਵਾਦ ਵਰਗੇ ਗੰਭੀਰ ਦਰਸ਼ਨਾਂ ਤੋਂ ਜਾਣੂੰ ਕਰਵਾਉਂਦੇ ਰਹਿਣ।

ਪਰ ਇਸ ਲਿਖਤ ਦਾ ਸਿਰਲੇਖ ਪੜ੍ਹ ਕੇ ਹੀ ਮੇਰਾ ਮਨ ਦੁਬਿਧਾ ਵਿਚ ਪੈ ਗਿਆ। ਕੀ ਸਚਮੁੱਚ ਹੀ ਗੁਰਬਾਣੀ ਵਿਚ ਪੰਜਾਬੀ ਕੌਮ ਦੀ ਸਿਰਜਣਾ ਦੀ ਗੱਲ ਕੀਤੀ ਹੋਈ ਹੈ ਜਾਂ ਇਸਦੇ ਝਲਕਾਰੇ ਮਿਲਦੇ ਹਨ? ਬੇਸ਼ੱਕ ਉਨ੍ਹਾਂ ਨੇ ਕੌਮ ਦੇ ਸੰਕਲਪ ਬਾਰੇ ਗੁਰਬਾਣੀ ‘ਚੋਂ ਇਕ ਵੀ ਟੂਕ ਨਹੀਂ ਦਿੱਤੀ, ਬੱਸ ਇੰਨਾ ਹੀ ਲਿਿਖਆ ਹੈ ਕਿ ‘ਦੋ ਵੱਡੇ ਧਰਮਾਂ-ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵੰਡੇ ਹੋਏ ਪੰਜਾਬੀ ਸਮਾਜ ਨੂੰ ਗੁਰੂ ਨਾਨਕ ਸਾਹਿਬ ਨੇ ਇਕ ਨਵਾਂ ਅਤੇ ਸਾਂਝਾ ਸੰਕਲਪ ਦਿੱਤਾ ਹੈ। ਉਨ੍ਹਾਂ ਮੁਤਾਬਕ ਇਹ ਨਵਾਂ ਅਤੇ ਸਾਂਝਾ ਸੰਕਲਪ ‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ ਹੋਣ ਦਾ ਹੈ। ਇਸ ਦਾ ਅਰਥ ਹੈ ਕਿ ਮਨੁੱਖ ਕਿਸੇ ਕਿਸਮ ਦੇ ਧਰਮਾਂ ਵਿਚ ਵੰਡਿਆ ਹੋਇਆ ਨਹੀਂ ਹੈ, ਸਗੋਂ ਮਨੁੱਖੀ ਸਰੀਰ ਤੇ ਜਿੰਦ ਅੱਲ੍ਹਾ ਤੇ ਰਾਮ ਦੀ ਦੇਣ ਹੈ। ਮਤਲਬ ਕਿ ਉਨ੍ਹਾਂ ਨੇ ਪਰਮਾਤਮਾ ਨੂੰ ਸਿਰਫ ਅੱਲ੍ਹਾ ਤੇ ਰਾਮ ਵਿਚ ਵੰਡ ਦਿੱਤਾ ਹੈ। ਹਾਲਾਂਕਿ ਉਦੋਂ ਦੇ ਸਮਾਜ ਵਿਚ ਵੀ ਪਰਮਾਤਮਾ ਦੇ ਅਨੇਕਾਂ ਨਾਮ ਸਨ। ਧਰਮ ਤੇ ਫ਼ਿਰਕੇ ਸਨ, ਸਿੱਧ, ਨਾਥ ਤੇ ਜੋਗੀ ਸਨ। ਇਸ ਗੱਲ ਲਈ ਸ[ ਗੁਰਬਚਨ ਸਿੰਘ ਦੀ ਸਿਫ਼ਤ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਸਮਾਜ ਵਿਚ ਬਹੁਤੀ ਦੁਫੇੜ ਨਾ ਦਿਖਾ ਕੇ ਸਿਰਫ ‘ਧਰਮ ਰਹਿਤ’ ਮਨੁੱਖਤਾ ਦੀ ਸਿਰਜਣਾ ਹੋਣ ਦੀ ਗੱਲ ਕੀਤੀ ਹੈ। ਪਰ ਜਦੋਂ ਅੱਲ੍ਹਾ ਅਤੇ ਰਾਮ ਦੀ ਗੱਲ ਕਰ ਦਿੱਤੀ ਜਾਵੇ ਤਾਂ ਇਨ੍ਹਾਂ ਨੂੰ ਮੰਨਣ ਵਾਲੇ ਮੁਸਲਮਾਨਾਂ ਅਤੇ ਹਿੰਦੂਆਂ ਦੀ ਹੋਂਦ ਤੋਂ ਮੁਨਕਰ ਕਿਵੇਂ ਹੋਇਆ ਜਾ ਸਕਦਾ ਹੈ? ਗੁਰੂ ਨਾਨਕ ਨੂੰ ਇਹ ਕਹਿਣ ਦਾ ਪੂਰਾ ਹੱਕ ਹੈ ਕਿ ਉਹ ਨਾ ਹਿੰਦੂ ਹਨ ਅਤੇ ਨਾ ਹੀ ਮੁਸਲਮਾਨ। ਪਰੰਤੂ ਕੀ ਉਨ੍ਹਾਂ ਦੇ ਇਹ ਕਹਿਣ ਨਾਲ ਹੀ ਧਰਮਾਂ ਤੇ ਸਬੰਧਤ ਧਰਮਾਂ ਨੂੰ ਮੰਨਣ ਵਾਲਿਆਂ ਦੀ ਹੋਂਦ ਖਤਮ ਹੋ ਜਾਂਦੀ ਹੈ? ਕੀ ਇਸ ਤਰ੍ਹਾਂ ਇਕ ਸਰਬ ਸਾਂਝਾ ਪੰਜਾਬੀ ਮਨੁੱਖ ਸਿਰਜਿਆ ਜਾ ਸਕਿਆ ਸੀ, ਜਿਸ ਨਾਲ ‘ਪੰਜਾਬੀ ਕੌਮ’ ਦਾ ਮੁੱਢ ਬੰਨ੍ਹਿਆ ਗਿਆ ਹੋਵੇ? ਗੁਰੂ ਨਾਨਕ ਤੋਂ ਪੰਜ ਛੇ ਸਦੀਆਂ ਪਹਿਲਾਂ ਹੀ ਪੰਜਾਬੀ ਭਾਸ਼ਾ ਵਿਚ ਸਾਹਿਤ ਰਚਿਆ ਜਾਣ ਲੱਗ ਪਿਆ ਸੀ। ਬਾਬਾ ਫ਼ਰੀਦ ਤਾਂ ਗੁਰੂ ਸਾਹਿਬ ਤੋਂ ਦੋ ਸੌ ਸਾਲ ਪਹਿਲਾਂ ਗੁਰਬਾਣੀ ਵਾਲੀ ਹਿੰਦਵੀ ਬੋਲੀ ਹਟਕੇ ਠੇਠ ਪੰਜਾਬੀ ਵਿਚ ਰਚਨਾ ਕਰ ਚੁੱਕੇ ਸਨ। ਜਿਨ੍ਹਾਂ ਮੋਹਰੀ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਹ ਵੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਨਮੇ ਅਤੇ ਸਵਰਗ-ਵਾਸ ਹੋ ਚੁੱਕੇ ਸਨ। ਜਿੰਨੇ ਰੋਹ ਅਤੇ ਨਾਬਰੀ ਨਾਲ ਭਗਤ ਕਬੀਰ ਜੀ ਨੇ ਹਿੰਦੂਆਂ ਤੇ ਤੁਰਕਾਂ, ਪਾਂਡਿਆਂ ਤੇ ਮੌਲਵੀ-ਮੁਲਾਣਿਆਂ ਨੂੰ ਛੰਡਿਆ ਹੋਇਆ ਹੈ, ਉਹ ਕੋਈ ਹੋਰ ਭਗਤ ਨਹੀਂ ਕਰ ਸਕਿਆ। ਉਨ੍ਹਾਂ ਨੇ ਸਰਬ ਸਾਂਝੇ ਮਨੁੱਖ ਦੀ ਬਾਤ ਪਾਈ ਹੋਈ ਹੈ, ਕੀ ਸ[ ਗੁਰਬਚਨ ਸਿੰਘ ਨੂੰ ਸੱਤਵੀਂ ਸਦੀ ਦੇ ਪੰਜਾਬੀ ਜੋਗੀਆਂ, ਬਾਬਾ ਫ਼ਰੀਦ ਅਤੇ ਭਗਤ ਕਬੀਰ ਜੀ ਤੋਂ ‘ਪੰਜਾਬੀ ਕੌਮ’ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ? ਕੀ ਸਿਰਫ ਦੋ ਵੱਡੇ ਧਰਮਾਂ ਨੂੰ ਰੱਦ ਕਰ ਕੇ ਅਖੌਤੀ ਧਰਮ ਰਹਿਤ ਮਨੁੱਖ ਦੀ ਕੋਰੀ ਕਲਪਨਾ ਕਰਨ ਨਾਲ ਕੌਮਾਂ ਦੀ ਸਿਰਜਣਾ ਹੋ ਜਾਂਦੀ ਹੁੰਦੀ ਹੈ?
ਕੌਮ ਜਾਂ ਕੌਮੀਅਤ ਇਕ ਸਰਮਾਏਦਾਰਾਨਾ ਸੰਕਲਪ ਹੈ। ਇਹ ਸਨਅਤੀ ਇਨਕਲਾਬਾਂ ਅਤੇ ਸਰਮਾਏਦਾਰਾ ਹਕੂਮਤਾਂ ਦੀ ਸਥਾਪਨਾ ਅਤੇ ਨਾਲ ਹੀ ਜਾਗੀਰਦਾਰੀ ਸੱਤਾ ਦੇ ਖ਼ਾਤਮੇ ਨਾਲ ਜੁੜਿਆ ਹੋਇਆ ਹੈ। ਅਸ਼ੋਕ, ਵਿਕਰਮਾਦਿੱਤਿਆ, ਅਕਬਰ ਜਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਵੱਡੀਆਂ ਸਲਤਨਤਾਂ ਨੂੰ ਕੌਮਾਂ ਨਹੀਂ ਕਿਹਾ ਜਾ ਸਕਦਾ ਹਾਲਾਂਕਿ ਉਹ ਵੀ ਇਕ ਨਿਸ਼ਚਤ ਇਲਾਕੇ ਵਿਚ ਇਤਿਹਾਸਕ ਤੌਰ ‘ਤੇ ਹੋਂਦ ਵਿਚ ਆਈਆਂ ਸਨ। ਉਦੋਂ ਦੇ ਸਮਾਜ ਵੱਖ-ਵੱਖ ਕਬੀਲਿਆਂ ਅਤੇ ਨਸਲਾਂ ਤੋਂ ਬਣੇ ਹੋਏ ਸਨ। ਉਹ ਕੌਮਾਂ ਨਹੀਂ ਸਨ, ਨਾ ਹੀ ਕੌਮਾਂ ਦੇ ਅੰਸ਼ ਗੁਰਬਾਣੀ ਵਿਚ ਨਿਿਹਤ ਸਨ। ਇਹ ਮਨੁੱਖਾਂ ਦੇ ਆਮ ਅਤੇ ਢਿੱਲੇ ਤੌਰ ‘ਤੇ ਜੁੜੇ ਹੋਏ ਸਮੂਹ ਸਨ, ਜੋ ਇਕ ਬਾਦਸ਼ਾਹ ਦੀ ਹਾਰ ਜਾਂ ਜਿੱਤ ਨਾਲ ਕਦੇ ਜੁੜ ਜਾਂਦੇ ਸਨ, ਕਦੇ ਅਲਹਿਦਾ ਹੋ ਜਾਂਦੇ ਸਨ। ਗੁਰੂ ਨਾਨਕ ਵੇਲੇ ਤਾਂ ਹਾਲਤ ਬਿਲਕੁਲ ਹੀ ਖਲਾਅ ਵਾਲੀ ਸੀ। ਬਾਬਰ ਫਰਗਾਨਾ ਵਾਦੀ ਨੂੰ ਲਤਾੜਦਾ ਹੋਇਆ ਲਾਹੌਰ ਤੇ ਦਿੱਲੀ ਦੇ ਤੁਰਕਾਂ ਨੂੰ ਮੂਹਰੇ ਲਾਈ ਫਿਰਦਾ ਸੀ। ਅਜਿਹੇ ਖਿੰਡਰੇ ਹੋਏ ਸਮਾਜ ਵਿਚ ਇਕ ਕੌਮ ਦੀ ਉਸਾਰੀ ਦੀ ਕਲਪਨਾ ਕਰਨਾ ਤਾਂ ਦੂਰ ਦੀ ਗੱਲ ਹੈ ਬਲਕਿ ਇਕ ਸਾਬਤ ਸਬੂਤ ਮਨੁੱਖ ਹੋਣ ਦੀ ਗੱਲ ਕਰਨਾ ਵੀ Eਪਰਾ ਲੱਗਦਾ ਹੈ। ਗੁਰੂ ਸਾਹਿਬ ਦੀ ‘ਬਾਬਰਬਾਣੀ’ ਅਜਿਹੇ ਤਿੜਕੇ ਹੋਏ ਮਨੁੱਖ ਦੀ ਬਾਤ ਪਾਉਂਦੀ ਹੈ ਅਤੇ ਤਿੜਕੇ ਹੋਏ ਮਨੁੱਖ ਸਮਾਜ ਜਾਂ ਕੌਮ ਦੀ ਉਸਾਰੀ ਨਹੀਂ ਕਰਦੇ ਹੁੰਦੇ ਸਗੋਂ ਜਾਨ ਬਚਾਉਣ ਦਾ ਹੀਲਾ ਕਰਦੇ ਹੁੰਦੇ ਹਨ, ਜੋ ਉਹ ਕਰ ਵੀ ਰਹੇ ਸਨ। ਗੁਰੂ ਨਾਨਕ ਸਾਹਿਬ ਵੇਲੇ ਸਮਾਜ ਦੀ ਹਾਲਤ ਇਹੋ ਜਿਹੀ ਸੀ:
ਜਿਨ ਸਿਿਰ ਸੋਹਨਿ ਪਟੀਆ ਮਾਂਗੀ ਭਰੇ ਸੰਧੂਰੁ।
ਸੇ ਸਿਰ ਕਾਤੀ ਮੁੰਨਿਅਨਿ ਗਲ ਵਿਿਚ ਆਵੈ ਧੂੜਿ।
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ ਹਦੂਰਿ॥
***********************************
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ।
ਬਾਬਰਬਾਣੀ ਫਿਿਰ ਗਈ ਕੁਇਰੁ ਨ ਰੋਟੀ ਖਾਇ ॥
(ਅੰਗ-417)
ਅਜਿਹੀਆਂ ਹਾਲਤਾਂ ਵਿਚ ਕੌਮਾਂ ਦੀ ਸਿਰਜਣਾ ਨਹੀਂ ਹੋਇਆ ਕਰਦੀ, ਨਾ ਹੀ ਬਾਬਰ ਤੋਂ ਬਾਅਦ ਹੋਈ। ਇਹ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਨਹੀਂ ਹੋ ਸਕਦੀ ਸੀ ਕਿਉਂਕਿ ਕੌਮ ਦੀ ਉਸਾਰੀ ਮੂਹਰੇ ਜਾਗੀਰਦਾਰੀ ਨੇ ਬੰਨ੍ਹ ਮਾਰ ਰੱਖਿਆ ਸੀ।
ਪੰਜਾਬੀ ਕੌਮੀਅਤ ਦੀ ਉਸਾਰੀ ਦੇ ਬੀਜ ਬਰਤਾਨਵੀ ਬਸਤੀਵਾਦੀਆਂ ਵੱਲੋਂ ਪੰਜਾਬ ਉਪਰ ਕਬਜ਼ਾ ਕਰਨ ਤੋਂ ਬਾਅਦ ਹੀ ਪੁੰਗਰਨੇ ਸੁ਼ਰੂ ਹੁੰਦੇ ਹਨ ਪਰ ਹਿੰਦੂ-ਸਿੱਖਾਂ ਅਤੇ ਮੁਸਲਮਾਨਾਂ ਅੰਦਰ ਸਦੀਆਂ ਤੋਂ ਚੱਲ ਰਹੇ ਪਾੜੇ ਕਾਰਨ ਇਕਜੁਟ ਪੰਜਾਬੀ ਕੌਮੀਅਤ ਦੀ ਉਸਾਰੀ ਨਹੀਂ ਹੋ ਸਕੀ ਬਲਕਿ 1947 ਦੀ ਸੱਤਾ ਬਦਲੀ ਨਾਲ ਅਤੇ ਦੂਜੀ ਵਾਰ ਪੰਜਾਬੀ ਸੂਬੇ ਦੀ ਬਣਤਰ ਨਾਲ ਅਤੇ ਤੀਜੀ ਵਾਰੀ ਖਾਲਿਸਤਾਨੀ ਲਹਿਰ ਦੇ ਪਣਪਣ ਨਾਲ ਪੰਜਾਬੀ ਕੌਮੀਅਤ ਹੋਰ ਵੀ ਲੀਰੋ-ਲੀਰ ਹੋ ਗਈ।
ਸ[ ਅਜਮੇਰ ਸਿੰਘ ਵਰਗੇ ਕਈ ਨਵੇਂ ਸਜੇ ਸਿੱਖ ਚਿੰਤਕਾਂ ਨੇ ਇਹ ਵੀ ਜ਼ੋਰ ਲਾ ਰੱਖਿਆ ਹੈ ਕਿ ਹਿੰਦੂਤਵੀ-ਬਾਹਮਣਵਾਦੀ ਵਿਚਾਰਵਾਨ ਗੁਰਬਾਣੀ ਨੂੰ ਧੱਕੇ ਨਾਲ ਹਿੰਦੁਸਤਾਨ ਨਾਲ ਜੋੜਦੇ ਹਨ। ਕਿ ਉਹ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕਰ ਰਹੇ ਹਨ। ਅਸਲ ਵਿਚ ਇਨ੍ਹਾਂ ਦਾ ਮਨਸ਼ਾ ਇਹ ਸਾਬਤ ਕਰਨ ਦਾ ਹੈ ਕਿ ਗੁਰੂ ਸਾਹਿਬਾਨ ਦਾ ਹਿੰਦੂ ਧਰਮ ਜਾਂ ਹਿੰਦੁਸਤਾਨ ਦੇ ਸੰਕਲਪ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਉਨ੍ਹਾਂ ਦੀ ਜ਼ਿੱਦ ਹੈ ਕਿ ਜੇ ਗੁਰਬਾਣੀ ਦਾ ਹਿੰਦੂ ਧਰਮ ਜਾਂ ਸੰਸਕ੍ਰਿਤੀ ਨਾਲੋਂ ਨਾੜੂਆ ਤੋੜ ਦਿੱਤਾ ਜਾਵੇ ਤਾਂ ‘ਹਮ ਹਿੰਦੂ ਨਹੀਂ’ ਦੀ ਧਾਰਨਾ ਮੁਤਾਬਕ ‘ਸਿੱਖ ਕੌਮ’ ਦੇ ਸੰਕਲਪ ਨੂੰ ਪ੍ਰਚੰਡ ਕਰਦੇ ਹੋਏ ਵੱਖਰੇ ਸਿੱਖ ਰਾਜ ਦੀ ਵਾਜਬੀਅਤ ਅਸਾਨੀ ਨਾਲ ਜਚਾਈ ਜਾ ਸਕਦੀ ਹੈ। ਪਰ ਉਹ ਇਹ ਦੱਸਣਾ ਭੁੱਲ ਜਾਂਦੇ ਹਨ ਕਿ ਗੁਰਬਾਣੀ ਵਿਚ ਸਿੱਖ ਕੌਮ, ਧਰਮ, ਰਾਜ ਜਾਂ ਭਾਈਚਾਰੇ ਦਾ ਤਾਂ ਉੱਕਾ ਹੀ ਜ਼ਿਕਰ ਨਹੀਂ। ਇੱਥੇ ਸ[ ਗੁਰਬਚਨ ਸਿੰਘ ਦੀ ਗੱਲ ਸਹੀ ਸਾਬਤ ਹੁੰਦੀ ਹੈ ਕਿ ਗੁਰੂ ਸਾਹਿਬਾਨ ਦਾ ਉਦੇਸ਼ ਤਾਂ ਨਵੇਂ ਮਨੁੱਖ ਭਾਵ ਧਰਮ ਅਤੇ ਜਾਤ-ਪਾਤ ਤੋਂ ਨਿਰਲੇਪ ਇਕ ਗੁਰਮੁਖ ਦੀ ਉਸਾਰੀ ਕਰਨਾ ਸੀ। ਗੁਰਬਾਣੀ ਵਿਚ ਤਾਂ ਪੰਜਾਬ ਸ਼ਬਦ ਦਾ ਜ਼ਿਕਰ ਵੀ ਨਹੀਂ ਹੋਇਆ ਕਿਉਂਕਿ ਉਦੋਂ ਕਿਸੇ ਇਲਾਕੇ ਦਾ ਨਾਮ ਪੰਜਾਬ ਹੈ ਹੀ ਨਹੀਂ ਸੀ। ਪੰਜਾਬ ਸ਼ਬਦ ਦੀ ਆਮ ਵਰਤੋਂ ਤਾਂ ਅੰਗਰੇਜ਼ਾਂ ਦੀ ਆਮਦ ਤੋਂ ਬਾਅਦ ਹੀ ਸੁ਼ਰੂ ਹੁੰਦੀ ਹੈ। ਇਕ ਅੰਦਾਜ਼ੇ ਮੁਤਾਬਕ ‘ਪੰਜਾਬ’ ਸ਼ਬਦ ਪਹਿਲੀ ਵਾਰ ‘ਤਾਰੀਖ-ਏ-ਸ਼ੇਰ ਸ਼ਾਹ’ (1580) ਦੀ ਕਿਤਾਬ ਵਿਚ ਆਇਆ ਹੈ। ਇਹ ‘ਪੰਜਾਬ ਦੇ ਸ਼ੇਰ ਖਾਨ’ ਵਲੋਂ ਇੱਕ ਕਿਲ੍ਹੇ ਦੀ ਉਸਾਰੀ ਕਰਨ ਦੇ ਵੇਰਵੇ ਨਾਲ ਮਿਲਦਾ ਹੈ। ‘ਪੰਜਾਬ’ ਸ਼ਬਦ ਦਾ ਹਵਾਲਾ ‘ਆਈਨ-ਏ-ਅਕਬਰੀ’ ਭਾਗ 1 ਵਿਚ ਵੀ ਦੇਖਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ‘ਆਈਨ-ਏ-ਅਕਬਰੀ’ ਦੀ ਦੂਜੀ ਜਿਲਦ ਵਿਚ ਵੀ ‘ਪੰਜਾਬ’ ਸ਼ਬਦ ਦਰਜ ਹੈ। ਇਹ ਸ਼ਬਦ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕਿਤਾਬ ‘ਤੁਜ਼ਕ-ਏ-ਜਹਾਂਗੀਰੀ’ ਦੇ ਨਾਂ ਹੇਠ ਵੀ ਆਉਂਦਾ ਹੈ। ਇੱਕ ਸਥਾਨ ਵਜੋਂ ਪੰਜਾਬ ਦਾ ਸਭ ਤੋਂ ਪਹਿਲਾਂ ਜ਼ਿਕਰ ਹਿੰਦੂ ਮਹਾਂਕਾਵਿ ਮਹਾਂਭਾਰਤ ਵਿਚ ਮਿਲਦਾ ਹੈ, ਜਿੱਥੇ ਇਸਨੂੰ ਪੰਚ-ਨੰਦ ਕਿਹਾ ਗਿਆ ਹੈ, ਜਿਸਦਾ ਦਾ ਅਰਥ ਹੈ ‘ਪੰਜ ਦਰਿਆਵਾਂ ਦਾ ਦੇਸ਼’।
ਜਿੱਥੋਂ ਤੱਕ ਹਿੰਦੂਆਂ ਅਤੇ ਹਿੰਦੁਸਤਾਨ ਦਾ ਸੰਬੰਧ ਹੈ, ਤਾਂ ਗੁਰੂ ਨਾਨਕ ਦੇਵ ਜੀ ਦੋ ਵਾਰ ਇਸ ਸ਼ਬਦ ਦੀ ਵਰਤੋਂ ਕਰਦੇ ਹਨ:
‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।
ਆਪੈ ਦੋਸੁ ਨ ਦੇਈ ਕਰਤਾ ਜਮ ਕਰਿ ਮੁਗਲੁ ਚੜਾਇਆ।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥’ (ਅੰਗ-360)
‘ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ।
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨ ਸਮਾਲਸੀ ਬੋਲਾ ॥’ (ਅੰਗ-723)
ਇੱਥੇ ਸ[ ਗੁਰਬਚਨ ਸਿੰਘ ਦਾ ਇਹ ਦਾਅਵਾ ਵੀ ਠੀਕ ਨਹੀਂ ਲੱਗਦਾ ਕਿ ਗੁਰਬਾਣੀ ਨੇ ਮਨੁੱਖ ਨੂੰ ਸੰਕਲਪਤ ਰੱਬ ਨਾਲ਼ੋਂ ਤੋੜ ਕੇ ‘ਬ੍ਰਹਮ’ ਦੇ ਲੜ ਲਗਾ ਦਿੱਤਾ, ਕਿ ਮਨੁੱਖ ਨੂੰ ਜੰਮਣ ਮਰਨ ਭਾਵ ਚੌਰਾਸੀ (ਜੂਨਾਂ) ਦੇ ਹਿੰਦੂਵਾਦੀ ਸੰਕਲਪ ਤੋਂ ਮੁਕਤ ਕਰ ਦਿੱਤਾ। ਗੁਰਬਾਣੀ ਹਿੰਦੂ/ ਵੈਦਿਕ ਮੱਤ ਨਾਲ਼ੋਂ ਉੱਕਾ ਹੀ ਟੁੱਟੀ ਹੋਈ ਨਹੀਂ ਹੈ, ਸਗੋਂ ਵੈਦਿਕ ਸੁ਼ੱਧਤਾ ਦੀ ਨਿਰੰਤਰਤਾ ਕਹੀ ਜਾ ਸਕਦੀ ਹੈ। ਸ[ ਗੁਰਬਚਨ ਸਿੰਘ ਹਿੰਦੂਵਾਦ ਉਪਰ ਹਮਲਾ ਕਰਦੇ ਹੋਏ ਲਿਖਦੇ ਹਨ ਕਿ ‘ਸਾਕਤ’ ਭਾਵ ਸ਼ਕਤੀ ਦੇ ਪੁਜਾਰੀ ਮਨੁੱਖ ਦੇ ਦਿਮਾਗ਼ ਵਿਚ ਹਮੇਸ਼ਾ ਮਰਨ ਤੋਂ ਬਾਅਦ ਮਨ ਕਲਪਿਤ ਜਮਾਂ ਦੇ ਦੰਡ ਦੇਣ ਦਾ ਡਰ ਬਣਿਆ ਰਹਿੰਦਾ ਹੈ ਤੇ ਉਹ ਆਪਣੀ ਸਾਰੀ ਜ਼ਿੰਦਗੀ ਇਸ ਡਰ ਨਾਲ ਲੰਘਾ ਦਿੰਦਾ ਹੈ। ਕੀ ਗੁਰਬਾਣੀ ਚੌਰਾਸੀ ਲੱਖ ਜੂਨਾਂ ਤੋਂ ਇਨਕਾਰ ਕਰਦੀ ਹੈ ਜਾਂ ਯਮਰਾਜ ਦੇ ਦੰਡ ਦਾ ਜ਼ਿਕਰ ਨਹੀਂ ਕਰਦੀ। ਸਵਰਗ-ਨਰਕ ਦਾ ਸੰਕਲਪ ਹੀ ਤਾਂ ਸਮੁੱਚੇ ਧਰਮਾਂ ਦੀ ਚੂਲ਼ ਹੈ। ਗੁਰਬਾਣੀ ਵਿਚ ਇਕ ਨਹੀਂ ਅਨੇਕਾਂ ਵਾਰ ਨਰਕ ਅਤੇ ਯਮਰਾਜ ਦਾ ਡਰ ਦਿਖਾ ਕੇ ਮਨੁੱਖ ਨੂੰ ਨਾਮ ਜਪਣ ਲਈ ਪ੍ਰੇਰਿਆ ਗਿਆ ਹੈ। ਸ[ ਗੁਰਬਚਨ ਸਿੰਘ ਦੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਬਹੁਤ ਜ਼ਿਆਦਾ ‘ਡਰਾਇਆ’ ਗਿਆ ਹੈ।
‘ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ।
ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰ ਫਿਰ ਜੋਨੀ ਜੋਇਆ ॥’ ਅੰਗ-੯੯੮)
‘ਲੱਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖ਼ੁਆਰੁ। ‘ ਅੰਗ-੮੮)
ਲਖ ਚਉਰਾਸੀਹ ਫਿਰ ਫਿਰ ਆਵੈ ਬਿਰਥਾ ਜਨਮੁ ਗਵਾਇਆ। (ਅੰਗ-੬੯)
ਅਜੋਕੇ ਸਿੱਖ ਚਿੰਤਕਾਂ ਤੇ ਗਰਮ ਖਿਆਲੀਆਂ ਨੂੰ ਪਤਾ ਨਹੀਂ ਦਸ਼ਰਥ ਪੁੱਤਰ ਰਾਮਚੰਦਰ ਨਾਲ ਕਾਹਦੀ ਚਿੜ੍ਹ ਹੈ? ਸ[ ਗੁਰਬਚਨ ਸਿੰਘ ਵੀ ਇਸ ਤੋਂ ਮੁਕਤ ਨਹੀਂ ਹੋ ਪਾਏ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 2533 ਵਾਰ ਰਾਮ ਦਾ ਜ਼ਿਕਰ ਹੋਇਆ ਹੈ, ਪਰ ਇਨ੍ਹਾਂ ਦਾ ਦਾਅਵਾ ਹੈ ਕਿ ਇਹ ‘ਰਾਮ’ ਦਸ਼ਰਥ ਪੁੱਤਰ ਨਹੀਂ ਹੈ, ਸਗੋਂ ਪਰਮਾਤਮਾ ਦਾ ਹੀ ਰੂਪ ਹੈ। ਵੈਸੇ ਹਿੰਦੂ ਮਤ ਅਨੁਸਾਰ ਰਾਮ ਤੇ ਕ੍ਰਿਸ਼ਨ ਤਿੰਨ ਵੱਡੇ ਅਵਤਾਰਾਂ ਵਿਚੋਂ ਵਿਸ਼ਨੂੰ ਦੇ ਹੀ ਵੱਖ ਵੱਖ ਯੁਗਾਂ ਵਿਚ ਵੱਖ ਵੱਖ ਰੂਪ ਹਨ। ਪਰੰਤੂ ਗੁਰਬਚਨ ਜੀ ਖੁ਼ਦ ਹੀ ਆਪਾ ਵਿਰੋਧੀ ਗੱਲ ਕਰਦੇ ਹੋਏ ਫ਼ੁਰਮਾਉਂਦੇ ਹਨ ਕਿ ‘ਸਾਡਾ ਮਨੁੱਖੀ ਸਰੀਰ ਤੇ ਜਿੰਦ ਅੱਲ੍ਹਾ ਤੇ ਰਾਮ ਦੀ ਦੇਣ ਹੈ। ਅੱਲ੍ਹਾ ਮੁਸਲਮਾਨਾਂ ਲਈ ਉੱਚਤਮ ਰੱਬੀ ਹਸਤੀ ਹੈ ਅਤੇ ਰਾਮ ਹਿੰਦੂਆਂ ਲਈ ਅਵਤਾਰੀ ਮਹਾਂਪੁਰਖ ਹੈ। ਜੇ ਦਸ਼ਰਥ ਪੁੱਤਰ ਰਾਮ ਹੀ ਹਿੰਦੂਆਂ ਦਾ ਅਵਤਾਰੀ ਮਹਾਂਪੁਰਖ ਨਹੀਂ ਹੈ ਤਾਂ ਫਿਰ ਗੁਰਬਾਣੀ ਕਿਹੜੇ ਰਾਮ ਦੀ ਗੱਲ ਕਰਦੀ ਹੈ?
ਪਰੰਤੂ ਗੁਰਬਾਣੀ ਵਿਆਕਰਨ ਮੁਤਾਬਕ ਜਿੱਥੇ ‘ਰਾਮ’ ਵਿਚ ‘ਮ’ ਦੀ ਧੁਨੀ ਹੇਠਾਂ ਔਂਕੜ ਦੀ ਮਾਤਰਾ ਲੱਗੀ ਹੋਈ ਹੈ, ਉੱਥੇ ਰਾਮੁ ਪਰਮਾਤਮਾ/ਕਰਤਾ ਪੁਰਖ ਦਾ ਲਖਾਇਕ ਹੈ ਅਤੇ ਬਿਨਾ ਮਾਤਰਾ ਵਾਲਾ ਰਾਮ ਦਸ਼ਰਥ ਪੁੱਤਰ ਹੀ ਹੈ। ਵੈਸੇ ਗੁਰਬਾਣੀ ਇਨ੍ਹਾਂ ਦੋਵੇਂ ਸ਼ਬਦਾਂ ਨਾਲ ਕੋਈ ਬਹੁਤਾ ਵਿਤਕਰਾ ਨਹੀਂ ਕਰਦੀ। ਗੁਰਬਾਣੀ ਵਿਚ ਦਸ਼ਰਥ ਪੁੱਤਰ ਰਾਮ ਵੀ ਪਰਮਾਤਮਾ ਦਾ ਹੀ ਅਵਤਾਰ ਹੈ।
ਗੁਰੂ ਨਾਨਕ ਸਾਹਿਬ ਆਸਾ ਰਾਗ ਵਿਚ ਲਿਖਦੇ ਹਨ :
‘ਹਰਿ ਗੁਰੁ ਦਾਤਾ ਰਾਮ ਗੁਪਾਲਾ।
ਜਿਉ ਭਾਵੈ ਤਿਉ ਰਾਖੁ ਦਇਆਲਾ ॥’ (ਅੰਗ-੪੧੬)
ਇਸੇ ਰਾਗ ਵਿਚ ਗੁਰੂ ਤੇਗ਼ ਬਹਾਦਰ ਜੀ ਲਿਖਦੇ ਹਨ:
ਰਾਮੁ ਜਪਹੁ ਮੇਰੀ ਸਖੀ ਸਖੈਨੀ।
ਸਤਿਗੁਰੁ ਸੇਵਿ ਦੇਖਹੁ ਪ੍ਰਭ ਨੈਨੀ।
ਨਾਨਕ ਰਾਮ ਨਾਮ ਸਰਣਾਈ।
ਸਤਿਗੁਰਿ ਰਾਖੇ ਬੰਧੁ ਨ ਪਾਈ ॥ (ਅੰਗ-੪੧੬)
ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ।
ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ॥
ਇਸ ਤੁਕ ਵਿਚ ਰਾਵਣ ਅਤੇ ਰਾਮ ਦੋ ਵਿਰੋਧੀ ਜੁੱਟਾਂ ਦਾ ਵਰਣਨ ਹੈ, ਫਿਰ ਕਿਵੇਂ ਕਹਿ ਸਕਦੇ ਹਾਂ ਕਿ ਗੁਰਬਾਣੀ ਦਸ਼ਰਥ ਪੁੱਤਰ ਰਾਮ ਦਾ ਜ਼ਿਕਰ ਨਹੀਂ ਕਰਦੀ।
ਹੋਰ ਦੇਖ ਸਕਦੇ ਹਾਂ :
‘ਜੋਗੀ ਗੋਰਖੁ ਗੋਰਖੁ ਕਰੈ।
ਹਿੰਦੂ ਰਾਮ ਨਾਮੁ ਉਚਰੈ ॥ (ਅੰਗ-੧੧੬੦)
ਸ[ ਗੁਰਬਚਨ ਸਿੰਘ ਦਾਅਵਾ ਕਰਦੇ ਹਨ ਕਿ ਗੁਰਬਾਣੀ ਅਨੁਸਾਰ ਸਾਡੇ ਆਲੇ-ਦੁਆਲੇ ਪਸਰਿਆ ਆਕਾਰ (ਵਜੂਦ) ਅਤੇ ਸਦੀਵੀ ਬ੍ਰਹਿਮੰਡ (ਬ੍ਰਹਮ) ਦੀ ਇਕ ਇਕਹਿਰੀ ਹੋਂਦ ਹੈ, ਇਹ ਇਕ/ਏਕੋ ਅਤੇ ਇਹੀ ਸਤਿ ਹੈ। ਉਹ ਕਹਿਣਾ ਚਾਹੁੰਦੇ ਹਨ ਕਿ ਇਹ ਸੰਸਾਰ ਕੋਈ ਮਾਇਆ ਨਹੀਂ ਹੈ। ਇਹ ਦਿਸਦਾ ਅਤੇ ਅਣਦਿਸਦਾ ਪਸਾਰਾ ਅੰਕ ਗਣਿਤ ਦੇ ਹਿੰਦਸੇ ਇਕ ਦਾ ਵਿਸਥਾਰ ਹੈ ਤੇ ਮਨੁੱਖ ਇਸ ਪਸਾਰੇ ਦਾ ਹੀ ਇਕ ਅੰਗ ਹੈ। ਉਹ ਆਪਣੀ ਦਲੀਲ ਦੇ ਪੱਖ ਵਿਚ ਗੁਰੂ ਨਾਨਕ ਦੇਵ ਜੀ ਦੇ ਕਿਸੇ ਹੋਰ ਪ੍ਰਸੰਗ ਵਿਚ ਲਿਖੀ/ਗਾਈ ਪਉੜੀ ਵਿਚੋਂ ਹੇਠ ਲਿਖੀ ਆਖਰੀ ਤੁਕ ਤੋੜ ਕੇ ਪੇਸ਼ ਕਰਦੇ ਹਨ :
‘ਨਾਨਕ ਸਚੁ ਦਾਤਾਰ ਸਿਨਾਖਤ ਕੁਦਰਤੀ ॥’
ਕੀ ਇਸ ਤੁਕ ਦਾ ਮਤਲਬ ਅੰਕ ਗਣਿਤ ਦੇ ਇਕ ਹਿੰਦਸੇ ਦਾ ਵਿਸਥਾਰ ਨਿਕਲਦਾ ਹੈ? ਕੀ ਇਸ ਤੁਕ ਦਾ ਮਾਰਕਸਵਾਦ ਜਾਂ ਵਿਰੋਧ ਵਿਕਾਸੀ ਪਦਾਰਥਵਾਦ ਨਾਲ ਕੋਈ ਸੰਬੰਧ ਜੁੜਦਾ ਹੈ? ਇਸ ਗੱਲ ਨੂੰ ਸਮਝਣ ਲਈ ਸਾਨੂੰ ਪੂਰੀ ਪਉੜੀ ਵੱਲ ਨਜ਼ਰ ਮਾਰਨੀ ਚਾਹੀਦੀ ਹੈ :
‘ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀ“।
ਹਟ ਪਟਣ ਬਾਜਾਰ ਹੁਕਮੀ ਢਹਸੀ“।
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ।
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ।
ਤਾਜੀ ਰਥ ਤੁਖਾਰ ਹਾਥੀ ਪਾਖਰੇ।
ਬਾਗ ਮਿਲਖ ਘਰ ਬਾਰ ਕਿਥੈ ਸੇ ਆਪਣੇ।
ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ।
ਨਾਨਕ ਸਚੁ ਦਾਤਾਰੁ ਸਿਨਾਖਤ ਕੁਦਰਤੀ ॥
ਸ[ ਗੁਰਬਚਨ ਸਿੰਘ ਜੀ ਸ਼ੰਕਰਾਚਾਰੀਆ ਉਪਰ ਇਸ ਦੁਨੀਆ ਅਤੇ ਦਿਸਦੀਆਂ ਚੀਜ਼ਾਂ ਨੂੰ ਛਲ਼ਾਵਾ ਜਾਂ ਝੂਠ ਮੰਨਣ ਦਾ ਦੋਸ਼ ਲਾਉਂਦੇ ਹਨ। ਕੀ ਇਸ ਪਉੜੀ ਵਿਚ ਇਸ ਮਾਇਆ ਅਤੇ ਸ਼ਾਹੀ ਠਾਠ-ਬਾਠ ਵਾਲੀਆਂ ਵਸਤਾਂ ਨੂੰ ਛਲ਼ਾਵਾ ਅਤੇ ਝੂਠ ਨਹੀਂ ਮੰਨਿਆ ਗਿਆ? ਉਸ ਸਾਰੀ ਮਾਇਆ ਦਾ ਜ਼ਿਕਰ ਇਸ ਪਉੜੀ ਵਿਚ ਕੀਤਾ ਗਿਆ ਹੈ। ਗੁਰਬਚਨ ਜੀ ਗੁਰਬਾਣੀ ਅਤੇ ਵੈਦਿਕ ਪਰੰਪਰਾ ਨੂੰ ਇਕ ਦੂਜੇ ਦੇ ਵਿਰੋਧ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ? ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ, ਗਰੀਬ ਗੁਰਬੇ ਦੀ ਸੇਵਾ ਕਰਨਾ, ਆਪਣੀ ਹੱਕ ਹਲਾਲ ਦੀ ਕਮਾਈ ਵਿਚੋਂ ਗਰੀਬਾਂ ਲਈ ਦਸਵੰਧ/ ਜ਼ਕਾਤ ਕੱਢਣਾ ਆਦਿ ਸਾਰੀਆਂ ਚੰਗੀਆਂ ਗੱਲਾਂ ਸ਼ਬਦਾਂ ਦੇ ਮਾਮੂਲੀ ਹੇਰ ਫੇਰ ਨਾਲ ਸਾਰੇ ਧਰਮਾਂ ਵਿਚ ਮੌਜੂਦ ਹਨ।
ਇਹ ਕਹਿਣਾ ਕਿ ‘ਹੁਕਮਿ ਰਜਾਈ ਚਲਣਾ’ ਤੇ ‘ਮਨ ਜੀਤੈ ਜਗੁ ਜੀਤੁ’ ਉਪਰ ਅਮਲ ਕਰਨ ਨਾਲ ਮਨੁੱਖ ਨੂੰ ਨਵੀਨ ਜੀਵਨ ਜੁਗਤ ਮਿਲ ਗਈ ਹੈ ਅਤੇ ਮਨੁੱਖੀ ਸਮਾਜ ਨੂੰ ਨਵੇਂ ਸਿਿਰਉਂ ਗਠਿਤ ਕਰਨ ਦਾ ਗੁਰਮੰਤਰ ਮਿਲ ਗਿਆ ਹੈ, ਪੂਰੀ ਤਰ੍ਹਾਂ ਕਪੋਲ ਕਲਪਨਾ ਹੈ। ਜੇ ਇਸ ਤਰ੍ਹਾਂ ਸੰਭਵ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਸਾਢੇ ਪੰਜ ਸੌ ਸਾਲਾਂ ਬਾਅਦ ਇਹ ਧਰਤੀ ਸਵਰਗ ਬਣ ਜਾਣੀ ਚਾਹੀਦੀ ਸੀ। ਕੀ ਇਹ ਵਿਦਵਾਨ ਦੱਸ ਸਕਦੇ ਹਨ ਕਿ ਇਹ ਧਰਤੀ ਸਵਰਗ ਕਿਉਂ ਬਣ ਸਕੀ? ਕੀ ਇਹ ਸੱਜਣ ਪੂੰਜੀਪਤੀ ਵਿਚਾਰਧਾਰਾ ਦਾ ਹੀ ਦੁਹਰਾE ਨਹੀਂ ਕਰ ਰਹੇ ਕਿ ‘ਪਹਿਲਾਂ ਆਪਣੇ ਆਪ ਨੂੰ ਸੁਧਾਰ ਲਵੋ, ਮਨ ਦੀਆਂ ਇੱਛਾਵਾਂ `ਤੇ ਕਾਬੂ ਪਾ ਲਵੋ, ਸਮਾਜ ਆਪਣੇ ਆਪ ਠੀਕ ਹੋ ਜਾਵੇਗਾ?’
ਜਦੋਂ ਗੁਰਬਚਨ ਜੀ ਗੁਰਬਾਣੀ ਵਿਚ ਵਿਿਖਆਈ ਗਈ ਕੁਦਰਤ ਅਤੇ ਬ੍ਰਹਿਮੰਡ ਨੂੰ ਮਾਰਕਸ ਦੇ ਪਦਾਰਥਵਾਦ ਨਾਲ ਰਲਗੱਡ ਕਰਦੇ ਹਨ ਤਾਂ ਸਥਿਤੀ ਹੋਰ ਵੀ ਹਾਸੋ ਹੀਣੀ ਲੱਗਦੀ ਹੈ। ਸ[ ਗੁਰਬਚਨ ਸਿੰਘ ਬਾਰੇ ਜਿੰਨੀ ਕੁ ਇਧਰੋਂ ਉੱਧਰੋਂ ਜਾਣਕਾਰੀ ਮਿਲੀ ਹੈ, ਮੈਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਨੇ ਗੁਰਬਾਣੀ ਅਤੇ ਮਾਰਕਸਵਾਦ ਦਾ ਸਾਡੇ ਸਭਨਾਂ ਨਾਲ਼ੋਂ ਵੱਧ, ਗਹਿਰ ਗੰਭੀਰ ਅਧਿਐਨ ਕੀਤਾ ਹੋਇਆ ਹੈ। ਮੇਰੀ ਤੁੱਛ ਬੁੱਧੀ ਮੁਤਾਬਕ ਗੁਰਬਾਣੀ ਦਾ ਧੁਰਾ ਅਧਿਆਤਮਵਾਦ ਹੈ ਅਤੇ ਮਾਰਕਸਵਾਦ ਦਾ ਵਿਰੋਧ ਵਿਕਾਸੀ ਪਦਾਰਥਵਾਦ ਹੈ। ਸਰਬ ਸਾਂਝੀਵਾਲਤਾ, ਮਨੁੱਖ ਦੀ ਭਲਾਈ ਅਤੇ ਵਧੀਆ, ਉੁਸਾਰੂ ਜੀਵਨ ਜਾਚ ਦੀ ਚਾਹਨਾ ਰੱਖਣ ਦੇ ਬਾਵਜੂਦ ਵੀ ਦੋਵੇਂ ਦਰਸ਼ਨ ਪੂਰੀ ਤਰ੍ਹਾਂ ਇਕ ਦੂਜੇ ਦੇ ਵਿਰੋਧ ਵਿਚ ਖੜੇ ਹਨ। ਜੇ ਕੋਈ ਇਨ੍ਹਾਂ ਨੂੰ ਜ਼ਬਰਦਸਤੀ ਮੇਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਉਪਰ ਗੁਰਬਾਣੀ ਅਨੁਸਾਰ:
‘ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ’
ਅਤੇ ‘ਪੜਿਆ ਹੋਵੇ ਗੁਨਾਹਗਾਰ ਤਾ Eਮੀ ਸਾਧੁ ਨ ਮਾਰੀਐ’ ਵਾਲੀ ਗੱਲ ਲਾਗੂ ਹੋ ਜਾਂਦੀ ਹੈ।
ਪੰਜਾਬ ਟਾਈਮਜ਼ ਦੀ ਵੈੱਬਸਾਈਟ ਫਰੋਲਣ ਵਕਤ ਪਾਠਕਾਂ ਦੇ ਮਨਾਂ ਨੂੰ ਸ[ ਗੁਰਬਚਨ ਸਿੰਘ ਦਾ ਇਕ ਹੋਰ ਲੇਖ ‘ਨੇਸ਼ਨ ਸਟੇਟ ਬਨਾਮ ਖਾਲਿਸਤਾਨ’ ਵੀ ਧੂਹ ਪਾ ਸਕਦਾ ਹੈ। ਉਹ ਹਿੰਦੁਸਤਾਨ ਟਾਈਮਜ਼ ਦੇ ਸਾਬਕਾ ਸੰਪਾਦਕ (ਪੰਜਾਬੀ ਹਿੰਦੂ- ਸਮਝ ਨਹੀਂ ਲੱਗੀ ਕਿ ਗੁਰਬਚਨ ਜੀ ਨੇ ਇਹ ਵਿਸ਼ੇਸ਼ ਵਿਸ਼ੇਸ਼ਣ ਕਿਉਂ ਵਰਤਿਆ ਹੈ?) ਦੁਰਗਾ ਦਾਸ ਦੇ ਹਵਾਲੇ ਨਾਲ ਦੱਸਦੇ ਹਨ ਕਿ ‘ਖਾਲਿਸਤਾਨ ਸ਼ਬਦ ਦੀ ਪਹਿਲੀ ਵਾਰ ਵਰਤੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਪਣੇ ਸਰਕਾਰੀ ਦਸਤਾਵੇਜ਼ਾਂ ਵਿਚ ਕੀਤੀ ਸੀ। ਉਹ 20 ਸਤੰਬਰ 1947 ਵਾਲੇ ਦਿਨ ਨਹਿਰੂ ਦੀ ਪੰਜਾਬੀ ਹਿੰਦੂਆਂ ਦੇ ਵਫ਼ਦ ਨਾਲ ਮੁਲਾਕਾਤ ਦੀ ਗੱਲ ਕਰਦੇ ਹਨ। ਨਹਿਰੂ ਦਾ ਕਹਿਣਾ ਸੀ ਕਿ ਮਾਸਟਰ ਤਾਰਾ ਸਿੰਘ ਨੇ ਖਾਲਿਸਤਾਨ ਦੇ ਕਿਸੇ ਵੀ ਵਿਚਾਰ ਨੂੰ ਪੂਰੇ ਜ਼ੋਰ ਨਾਲ ਨਕਾਰ ਦਿੱਤਾ ਸੀ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਨਹਿਰੂ ਦੀਆਂ ਸਮੂਹਿਕ ਲਿਖਤਾਂ ਦੀਆਂ ਸੌ ਤੋਂ ਵੱਧ ਜਿਲਦਾਂ ਹਨ। 15 ਜਿਲਦਾਂ 1946 ਵਿਚ ਅੰਤਰਿਮ ਸਰਕਾਰ ਦੇ ਗਠਨ ਤੱਕ ਦੀ ਮਿਆਦ ਨੂੰ ਕਲਾਵੇ ਵਿਚ ਲੈਂਦੀਆਂ ਹਨ ਅਤੇ ਆਜ਼ਾਦੀ ਤੋਂ ਲੈ ਕੇ ਜੁਲਾਈ-ਅਗਸਤ 1961 ਤੱਕ ਦੀ ਮਿਆਦ ਨੂੰ ਕਵਰ ਕਰਨ ਵਾਲੀਆਂ ਹੋਰ 70 ਜਿਲਦਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਕ ਅੰਦਾਜ਼ੇ ਮੁਤਾਬਕ, ਮਈ 1964 ਵਿਚ ਉਸਦੀ ਮੌਤ ਤੱਕ ਦੇ ਬਾਕੀ ਸਾਲਾਂ ਨੂੰ ਕਵਰ ਕਰਨ ਲਈ ਇਸ ਲੜੀ ਨੂੰ ਪੂਰਾ ਕਰਨ ਲਈ ਹੋਰ 20 ਜਿਲਦਾਂ ਦੀ ਲੋੜ ਪਵੇਗੀ।
ਨਹਿਰੂ ਦੀਆਂ ਇਨ੍ਹਾਂ ਮੂਲ ਸਰੋਤ ਵਾਲੀਆਂ ਲਿਖਤਾਂ ਵਿਚ ਕਿਧਰੇ ਵੀ ‘ਖਾਲਿਸਤਾਨ’ ਦਾ ਜ਼ਿਕਰ ਨਹੀਂ ਮਿਲਦਾ ਪਰੰਤੂ ਸ[ ਗੁਰਬਚਨ ਸਿੰਘ ਕਿਸੇ ਦੁਰਗਾ ਦਾਸ ਦੇ ਗੌਣ ਹਵਾਲੇ ਨਾਲ ਨਹਿਰੂ ਦੇ ਗਲ ਵਿਚ ਖਾਲਿਸਤਾਨ ਦਾ ਪਟਾ ਪਾ ਰਹੇ ਹਨ। ਕੀ ਇਹ ਗੁਰਬਾਣੀ ਦੀ ਤੁਕ ‘ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ’ ਵਰਗੀ ਗੱਲ ਤਾਂ ਨਹੀਂ ਹੋ ਰਹੀ? ਉਹ ਅੱਗੇ ਜਾ ਕੇ ਖਾਲਿਸਤਾਨ ਦੇ ਭਵਿੱਖਨਕਸ਼ੇ ਬਾਰੇ ਸੰਤ ਜਰਨੈਲ ਸਿੰਘ ਦੇ ਮੂੰਹੋਂ ਕਢਵਾਉਂਦੇ ਹਨ ਕਿ (ਸੰਤਾਂ ਵਾਸਤੇ) ‘ਖਾਲਿਸਤਾਨ ਸ਼ਬਦ ਦਾ ਅਰਥ ਹਿੰਦੁਸਤਾਨ ਅਤੇ ਪਾਕਿਸਤਾਨ ਵਰਗੀ ਇਕ ਹੋਰ ਨੇਸ਼ਨ ਸਟੇਟ ਵਰਗਾ ਨਹੀਂ ਸੀ। ਸੰਤਾਂ ਵਾਸਤੇ ਖਾਲਿਸਤਾਨ ਦਾ ਭਾਵ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਲੇਮੀ ਰਾਜ ਬੇਗਮਪੁਰਾ ਤੇ ਅਕਾਲ ਪੁਰਖ ਦੀ ਸਿੱਧੀ ਸਰਪ੍ਰਸਤੀ ਹੇਠ ਕਾਇਮ ਸਿੱਖ ਪਾਤਸ਼ਾਹੀ ਸੀ।’ ਹੁਣ ਅਕਾਲ ਪੁਰਖ ਦੀ ਸਿੱਧੀ (ਭਾਵ ਦੇਹ-ਧਾਰੀ) ਸਰਪ੍ਰਸਤੀ ਤੋਂ ਕੀ ਅਰਥ ਕੱਢਿਆ ਜਾਵੇ? ਕੀ ਅਕਾਲ ਪੁਰਖ ਖੁਦ ਕਿਸੇ ਦੇਹਧਾਰੀ ਅਵਤਾਰ ਦੇ ਰੂਪ ਵਿਚ ਪ੍ਰਗਟ ਹੋਣਗੇ ਜਾਂ ਮਿਿਥਹਾਸਕ ਚਿਤਰ-ਗੁਪਤ ਵਾਂਗ ਕਿਸੇ ਸੰਸਾਰਕ ਵਿਅਕਤੀ ਦੇ ਕੰਧੇੜੇ ਚੜ੍ਹ ਕੇ ਸਿੱਧੀ ਨਿਗਰਾਨੀ ਰੱਖਿਆ ਕਰਨਗੇ? ਇਸ ਸਵਾਲ ਦੇ ਜਵਾਬ ਦੀ ਉਡੀਕ ਰਹੇਗੀ।
ਇਸੇ ਲੇਖ ਵਿਚ ਸ[ ਗੁਰਬਚਨ ਸਿੰਘ ਨੇ ਪ੍ਰੋ[ ਗੁਰਭਗਤ ਸਿੰਘ ਦੇ ਹਵਾਲੇ ਨਾਲ ਕੌਮ ਦੇ ਸੰਕਲਪ ਨੂੰ ਰੱਦ ਕਰ ਦਿੱਤਾ ਹੈ ਅਤੇ ਸਭਿਆਚਾਰ ਨੂੰ ਵਿਸ਼ਾਲ ਸੰਕਲਪ ਮੰਨਦੇ ਹੋਏ, ਇਸਦੇ ਅਧਾਰ ‘ਤੇ ਸਮਾਜ ਦੀ ਮੁੜ-ਬਣਤਰ ਦੀ ਉਮੀਦ ਜਗਾਈ ਹੈ। ਭਵਿੱਖ ਦੱਸੇਗਾ ਕਿ ਵੰਨ-ਸੁਵੰਨੇ ਸਭਿਆਚਾਰਾਂ ਦੁਆਲੇ ਉਸਰੇ ਸਮਾਜ ਦੀ ਰੂਪ-ਰੇਖਾ ਪਹਿਲਾਂ ਤੋਂ ਮਿੱਥੇ/ਕਲਪਿਤ ਖਾਲਿਸਤਾਨ ਨਾਲ਼ੋਂ ਕਿਵੇਂ ਵੱਖਰੀ ਹੋਵੇਗੀ। ਲੇਕਿਨ ਪ੍ਰੋ[ ਗੁਰਭਗਤ ਸਿੰਘ ਵੱਲੋਂ ਕਲਪੀ ਵਿਸਮਾਦੀ ਪੂੰਜੀ ਦੇ ਮਨ-ਪਰਚਾਊ ਵਿਚਾਰ ਦੀ ਸੰਖੇਪ ਜਿਹੀ ਪੜਚੋਲ ਕਰਨੀ ਬਣਦੀ ਹੈ। ਗੁਰਬਾਣੀ ਵਿਚ ਇਕ ਤੁਕ ਆਉਂਦੀ ਹੈ, ‘ਇਸ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ। ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥’ ਅੰਗ-417) ਗੁਰਬਾਣੀ ਦੇ ‘ਖੱਬੇ ਪੱਖੀ’ ਵਿਆਖਿਆਕਾਰਾਂ ਨੇ ਇਸ ਤੁਕ ਨੂੰ ਇੰਨਾ ਇਨਕਲਾਬੀ ਬਣਾ ਕੇ ਪੇਸ਼ ਕੀਤਾ ਹੈ ਕਿ ਉਹ ਮਾਰਕਸ ਤੇ ਐਂਗਲਜ਼ ਨੂੰ ਵੀ ਪਿੱਛੇ ਛੱਡ ਜਾਂਦੇ ਹਨ ਅਤੇ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਗੁਰੂ ਸਾਹਿਬ ਨੇ ਧਨ ਦੌਲਤ ਦਾ ਵਿਰੋਧ ਕਰਦੇ ਹੋਏ, ਇਸਨੂੰ ਪਾਪ ਰਾਹੀਂ ਕੀਤੀ ਕਮਾਈ ਕਿਹਾ ਸੀ। ਅਜਿਹਾ ਕਹਿਣ ਵੇਲੇ ਉਨ੍ਹਾਂ ਦੀ ਮਨਸ਼ਾ ਮਾਰਕਸਵਾਦ ਨੂੰ ਰੱਦ ਕਰ ਕੇ ਨੀਵਾਂ ਦਿਖਾਉਣ ਦੀ ਹੁੰਦੀ ਹੈ। ਇਹ ਦੱਸਣਾ ਹੁੰਦਾ ਹੈ ਕਿ ਜਿਹੜੀ ਗੱਲ ਮਾਰਕਸ ਨੇ 1850 ਦੇ ਨੇੜੇ ਤੇੜੇ ਲੱਭੀ ਸੀ ਉਹ ਬਾਬਾ ਜੀ ਨੇ 1520-25 (ਬਾਬਰ ਵਲੋਂ ਕੀਤੇ ਹਮਲੇ ਤੇ ਦਿੱਲੀ ਤਖ਼ਤ ‘ਤੇ ਕਾਬਜ਼ ਹੋਣ ਵੇਲੇ) ਲੱਭ ਲਈ ਸੀ।
ਆਪਾਂ ਸਾਰੇ ਬਾਬਾ ਨਾਨਕ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ। ਉਹ ਸਾਡੇ ਮਹਾਨ ਵੱਡੇ ਵਡੇਰੇ ਹਨ। ਉਸ ਵੇਲੇ ਜੋ ਪਦਾਰਥਕ ਹਾਲਤਾਂ ਤੇ ਸਥਾਪਤ ਵਿਚਾਰਧਾਰਾ ਸੀ, ਨੂੰ ਵਾਚਦਿਆਂ ਹੋਇਆਂ, ਪਸਰੇ ਹੋਏ ਪਖੰਡਾਂ/ ਕਰਮਕਾਂਡਾਂ ਦਾ ਵਿਰੋਧ ਕੀਤਾ। ਦਿੱਤੀਆਂ ਹੋਈਆਂ ਹਾਲਤਾਂ ਵਿਚ ਜੋ ਵੀ ਉਨ੍ਹਾਂ ਨੇ ਪ੍ਰਵਚਨ ਕੀਤੇ, ਉਹ ਅਗਾਂਹਵਧੂ ਅਤੇ ਇਨਕਲਾਬੀ ਸਨ। ਪਰ ਇਹ ਕਹਿਣਾ ਕਿ ਬਾਬਾ ਜੀ ਨੂੰ ਪੂੰਜੀ ਦੀ ਵਿਿਗਆਨਕ ਸਮਝ ਸੀ, ਇਹ ਦਰੁਸਤ ਨਹੀਂ ਹੈ। ਪੂੰਜੀ ਸਰਮਾਏਦਾਰੀ ਦੌਰ ਦਾ ਵਰਤਾਰਾ ਹੈ ਜਦੋਂ ਕਿ ਦੌਲਤ (ਮਾਇਆ) ਇਕੱਠੀ ਕਰਨਾ ਜਾਗੀਰਦਾਰੀ ਦੌਰ ਦੀ ਗੱਲ ਸੀ।
ਦੌਲਤ ਆਪਣੇ ਆਪ ਵਿਚ ਖਰੀਦ/ਵੇਚ ਕਰਨ ਦੀ ਸਮਰੱਥਾ ਰੱਖਦੀ ਹੈ ਪਰ ਹਰ ਦੌਲਤ ਪੂੰਜੀ ਨਹੀਂ ਹੁੰਦੀ। ਪੂੰਜੀ ਸਿਰਫ ਉਸ ਦੌਲਤ ਨੂੰ ਕਿਹਾ ਜਾਂਦਾ ਹੈ ਜੋ ਸਨਅਤ, ਖੇਤੀ ਜਾਂ ਕਿਰਤ ਦੀ ਲੁੱਟ ਕਰਨ ਵਾਲੇ ਕਿਸੇ ਵੀ ਖੇਤਰ ਵਿਚ ਲੱਗਦੀ ਹੈ ਅਤੇ ਵਾਧੂ ਕਦਰ ਦੀ ਲੁੱਟ ਕਰਦੀ ਅੱਗੇ ਫੈਲਦੀ ਹੈ। ਨਿਵੇਸ਼ ਕੀਤੀ ਹੋਈ ਅਤੇ ਕਿਰਤ ਦੀ ਲੁੱਟ ਕਰਦਿਆਂ ਇਸ ਵਿਚ ਹੋਰ ਪਸਾਰਾ ਕਰਨ ਵਾਲੀ ਦੌਲਤ ਹੀ ਪੂੰਜੀ ਹੁੰਦੀ ਹੈ। ਬੋਰੀ ਵਿਚ ਪਾ ਕੇ ਧਰਤੀ ਵਿਚ ਰੱਖੀ ਦੌਲਤ ਦਾ ਇਕ ਵਟਾਂਦਰਾ ਮੁੱਲ ਜ਼ਰੂਰ ਹੁੰਦਾ ਹੈ, ਪਰ ਇਹ ਮਾਇਆ ਹੁੰਦੀ ਹੈ ਪੂੰਜੀ ਨਹੀਂ। ਇਹ ਲੁੱਟ ਖਸੁੱਟ ਨਹੀਂ ਕਰ ਸਕਦੀ।
ਬਾਬਾ ਨਾਨਕ ਜੀ ਦੀ ‘ਬਾਬਰਬਾਣੀ’ ਦੇ ਜਿਸ ਸ਼ਬਦ ਵਿਚੋਂ ਇਹ ਤੁਕ ਚੁੱਕ ਕੇ ਇਸਦਾ ‘ਇਨਕਲਾਬੀਕਰਨ’ ਕੀਤਾ ਜਾਂਦਾ ਹੈ, ਉਸਦਾ ਪ੍ਰਸੰਗ ਸਿਰਫ ਬਾਬਰ ਦੇ ਹਮਲੇ ਤੋਂ ਬਾਅਦ ਲੋਧੀ ਖਾਨਦਾਨ, ਇਸਦੇ ਸੂਬੇਦਾਰਾਂ, ਦਰਬਾਰੀਆਂ ਅਤੇ ਹੋਰ ਭੋਗ ਵਿਲਾਸੀ/ਅਯਾਸ਼ ਅਹਿਲਕਾਰਾਂ ਅਤੇ ਉਨ੍ਹਾਂ ਦੀਆਂ ਔਰਤਾਂ ਦੀ ਹੋਈ ਦੁਰਦਸ਼ਾ ਬਿਆਨ ਕਰਨਾ ਹੈ। ਪ੍ਰੋ[ ਗੁਰਭਗਤ ਸਿੰਘ ਨੇ ਇਸ ਤੁਕ ਵਿਚੋਂ ਵਿਸਮਾਦ ਲੱਭ ਕੇ, ਆਪਣੇ ਮਨਮਰਜ਼ੀ ਦੇ ਅਰਥ ਹੀ ਦਿੱਤੇ ਹੋਏ ਹਨ, ਪੂੰਜੀਪਤੀਆਂ ਨੂੰ ਲੋਕ-ਪੱਖੀ ਬਣਾ ਧਰਿਆ ਹੈ। ਅਜਿਹੇ ਵਿਦਵਾਨਾਂ ਤੇ ‘ਪੜਿਆ ਹੋਵੇ ਗੁਨਾਹਗਾਰ ਤਾ Eਮੀ ਸਾਧੁ ਨ ਮਾਰੀਐ’ ਵਾਲੀ ਧਾਰਨਾ ਲਾਗੂ ਹੁੰਦੀ ਹੈ।
ਪਤਾ ਚੱਲਿਆ ਹੈ ਕਿ ਗੁਰਬਚਨ ਸਿੰਘ ਜੀ ਕਿਸੇ ਵੇਲੇ ਪ੍ਰੋ[ ਗੁਰਭਗਤ ਸਿੰਘ ਦੀ ਪੰਜਾਬੀ ਕੌਮ ਦੀ ਲੱਭਤ ਦੇ ਕਾਇਲ ਸਨ ਅਤੇ ਹੁਣ ਸਭਿਆਚਾਰ ਵਾਲੀ ਧਾਰਨਾ ਦੇ ਉਪਾਸ਼ਕ ਹਨ ਤਾਂ ਸੰਭਵ ਹੈ ਕਿ ਉਹ ਵਿਸਮਾਦੀ ਪੂੰਜੀ ਸਮੇਤ ਪ੍ਰੋ[ ਗੁਰਭਗਤ ਸਿੰਘ ਦੀਆਂ ‘ਵਿਸਮਾਦੀ ਪੁਲਾਂਘਾਂ’ ਦੇ ਵੀ ਪ੍ਰਸੰ਼ਸਕ ਹੋਣਗੇ। ਪ੍ਰੋ[ ਸਾਹਿਬ ‘ਕੁਐਂਤਮ ਵਿਿਗਆਨ’ ਮੁਤਾਬਕ ਵਿਕਾਸ ਨੂੰ ਮਾਰਕਸ ਦੀ ਦਵੰਦਾਤਮਕ ਵਿਧੀ ਅਨੁਸਾਰ ਨਹੀਂ ਮੰਨਦੇ। ਉਹ ਦੱਸ ਕੇ ਗਏ ਹਨ ਕਿ ‘ਚੇਤਨਤਾ ਜਾਂ ਦ੍ਰਿਸ਼ਟੀ ਦਾ ਵਿਕਾਸ ਕੇਵਲ ਅਤੀਤ ਜਾਂ ਕਾਰਨ/ਪ੍ਰਭਾਵ ਰੇਖਾਗਤਤਾ ਨਾਲ ਜੁੜਿਆ ਹੋਇਆ ਨਹੀਂ। ਚੇਤਨਤਾ ਕਦੇ ਵੀ ਆਪਣੀਆਂ ਸੀਮਾਵਾਂ ਨੂੰ ਲੰਘ ਕੇ ਪੁਲਾਂਘੀ ਹੋ ਸਕਦੀ ਹੈ।’ ਕੀ ਇਹ ਧਾਰਨਾ ਵਿਿਗਆਨ ਨੂੰ ਸਿਰ ਪਰਨੇ ਖੜ੍ਹਾ ਕਰਨ ਵਾਲੀ ਨਹੀ ਹੈ? ਮਨੁੱਖੀ ਚੇਤਨਾ ਭੌਤਿਕ ਵਿਕਾਸ ਦਾ ਦਿਮਾਗੀ ਝਲਕਾਰਾ ਹੁੰਦਾ ਹੈ। ਜਿਹੜੀ ਵਸਤੂ ਜਾਂ ਗਤੀ ਨੂੰ ਪੰਜ ਗਿਆਨ ਇੰਦਰੀਆਂ ਰਾਹੀਂ ਅਨੁਭਵ ਨਹੀਂ ਕੀਤਾ ਜਾ ਸਕਦਾ, ਹੁਣ ਤੱਕ ਦਾ ਵਿਿਗਆਨਕ ਵਿਕਾਸ ਉਸਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ।
ਵਿਰੋਧ ਵਿਕਾਸੀ ਦਰਸ਼ਨ ਦੀ ਪ੍ਰਸਿੱਧ ਟੂਕ ਹੈ ਕਿ ‘ਇਹ ਮਨੁੱਖਾਂ ਦੀ ਚੇਤਨਾ ਨਹੀਂ ਹੈ ਜੋ ਉਨ੍ਹਾਂ ਦੀ ਹੋਂਦ ਨੂੰ ਨਿਰਧਾਰਤ ਕਰਦੀ ਹੈ, ਸਗੋਂ ਇਸਦੇ ਉਲਟ, ਉਨ੍ਹਾਂ ਦੀ ਸਮਾਜਿਕ ਹੋਂਦ ਹੈ ਜੋ ਉਨ੍ਹਾਂ ਦੀ ਚੇਤਨਾ ਨੂੰ ਨਿਰਧਾਰਤ ਕਰਦੀ ਹੈ।’ ਮਾਰਕਸਵਾਦ ਦਾ ਸਬੰਧ ਪਦਾਰਥ ਬਨਾਮ ਮਨ ਦੇ ਵਿਰੋਧ ਨਾਲ ਨਹੀਂ ਹੈ, ਬਲਕਿ ਇਹ ਤਾਂ ਹਕੀਕੀ ਸੰਸਾਰ ਅਤੇ ਇਸ ਤੋਂ ਪ੍ਰਾਪਤ ਵਿਚਾਰਾਂ ਨਾਲ ਹੈ। ਇਸ ਅਸਲ ਸੰਸਾਰ ਵਿਚ ਉਹ ਸਭ ਕੁਝ ਸ਼ਾਮਲ ਹੁੰਦਾ ਹੈ ਜਿਸਨੂੰ ਦੇਖਿਆ ਜਾ ਸਕਦਾ ਹੈ – ਭਾਵ, ਉਹ ਹਰ ਚੀਜ਼ ਜਿਸ ਨੂੰ ਪਰਖ ਦੁਆਰਾ ਇਕ ਬਾਹਰਮੁਖੀ ਤੱਥ ਐਲਾਨਿਆ ਜਾ ਸਕਦਾ ਹੈ। ਮਕੈਨੀਕਲ ਭੌਤਿਕਵਾਦ ਇਹ ਮੰਨਦਾ ਹੈ ਕਿ ਸਾਡੇ ਵਿਚਾਰ ਸਾਡੇ ਦਿਮਾਗ ਦੇ ਸੈੱਲਾਂ ਵਿਚ ਪਰਮਾਣੂਆਂ ਦੀ ਗਤੀ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ। ਲੇਕਿਨ ਮਾਰਕਸਵਾਦ ਦਾ ਕਹਿਣਾ ਹੈ ਕਿ ਸਾਡੇ ਸਮਾਜਿਕ ਅਨੁਭਵ ਦੁਆਰਾ ਹੀ ਸਾਡੇ ਵਿਚਾਰਾਂ ਨੂੰ ਨਿਰਧਾਰਿਤ ਕੀਤਾ ਜਾ ਸਕਦਾ ਹੈ। ਇੰਦਰੀਆਂ ਦੁਆਰਾ ਜਾਂ ਸਿੱਧੀਆਂ ਸਰੀਰਕ ਲੋੜਾਂ ਵਜੋਂ ਮਹਿਸੂਸ ਕੀਤਾ ਵਰਤਾਰਾ ਹੀ ਮਨੁੱਖੀ ਚੇਤਨਾ ਦਾ ਅੰਗ ਬਣਦਾ ਹੈ। ਕਥਿਤ ਵਿਸਮਾਦੀ ਪੁਲਾਂਘ ਕਦੇ ਵੀ ਚੇਤਨਾ ਦੇ ਖੇਤਰ `ਚ ਨਹੀਂ ਪੁੱਟੀ ਜਾਂਦੀ ਸਗੋਂ ਇਹ ਵਰਤਾਰਾ ਪਹਿਲਾਂ ਪਦਾਰਥ ਵਿਚ ਵਾਪਰਦਾ ਹੈ ਅਤੇ ਬਾਅਦ ਵਿਚ ਚੇਤਨਾ ਦਾ ਹਿੱਸਾ ਬਣਦਾ ਹੈ: ਇਹ ਮਸਲਾ ਕਾਮਰੇਡ ਲੈਨਿਨ ਨੇ ਅਲੈਗਜ਼ੈਂਡਰ ਬੋਗਦਾਨੋਬ ਦੇ ਅਜਿਹੇ ਹੀ ਭੰਬਲਭੂਸੇ ਭਰੇ ਵਿਚਾਰਾਂ ਨੂੰ ਮਿਸਮਾਰ ਕਰਨ ਲਈ ‘ਮਟੀਰੀਅਲਿਜ਼ਮ ਐਂਡ ਐਂਪੀਰੀE-ਕ੍ਰਿਟੀਸਿਜ਼ਮ’ ਸਿਰਲੇਖ ਹੇਠ ਆਪਣੀ ਅਹਿਮ ਪੁਸਤਕ ਵਿਚ ਬੜੀ ਚੰਗੀ ਤਰ੍ਹਾਂ ਸਮਝਾਇਆ ਹੋਇਆ ਹੈ: ਸਾਥੀ ਗੁਰਬਚਨ ਸਿੰਘ ਦੇ ਲੇਖਾਂ ਨੂੰ ਪੜ੍ਹਦਿਆਂ ਮੈਨੂੰ ਵਾਰ-ਵਾਰ ਬੋਗਦਾਨੋਬ ਦਾ ਚੇਤਾ ਆਉਂਦਾ ਰਿਹਾ। ਹੈਰਾਨੀ ਹੁੰਦੀ ਹੈ ਕਿ ਦੋ ਸਦੀਆਂ ਤੋਂ ਵੀ ਵੱਧ ਸਮੇਂ ਪਿੱਛੋਂ ਅਲੈਗਜ਼ੈਂਡਰ ਬੋਗਦਾਨੋਬ ਦੀ ਉਦੋਂ ਦੀ ਬੇਚੈਨ ਰੂਹ ਸਾਡੇ ਵੀਰ ਗੁਰਬਚਨ ਸਿੰਘ ਅੰਦਰ ਕਿੱਧਰੋਂ ਆ ਛਾਉਣੀਆਂ ਪਾਈਆਂ ਹਨ!
ਸ[ ਗੁਰਬਚਨ ਸਿੰਘ ਲੈਨਿਨ ਨੂੰ ਮਾਰਕਸ ਦੇ ਵਿਰੋਧ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਵਿਚ ਲੈਨਿਨ ਦੀ ਭੰਡੀ ਕਰਦੇ ਹੋਏ ਲਿਖਦੇ ਹਨ: ‘ਲੈਨਿਨ ਨੇ 1917 ਦੇ ਇਨਕਲਾਬ ਨੂੰ ਅੱਗੇ ਵਧਾਉਂਦਿਆਂ ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫ਼ਿਲਾਸਫ਼ੀ ਦੇ ਬਹੁਤ ਸਾਰੇ ਅਹਿਮ ਪੱਖਾਂ ਨੂੰ ਅਣਗੌਲਿਆ ਕਰ ਦਿੱਤਾ। ਉਸ ਨੇ ਮਨੁੱਖ ਦੇ ਪਦਾਰਥਕ ਵਿਕਾਸ ਉੱਤੇ ਜ਼ੋਰ ਦਿੰਦਿਆਂ, ਉਸ ਦੇ ਸਮਾਜੀ ਤੇ ਆਤਮਿਕ ਵਿਕਾਸ ਨੂੰ ਕੋਈ ਥਾਂ ਨਾ ਦਿੱਤੀ… ਸਰਬੱਤ ਦੇ ਭਲੇ ਦੀ ਕਾਮਨਾ ਕਰਨ ਵਾਲਾ ਮਨੁੱਖ ਸਿਰਜਿਆ ਹੀ ਨਾ ਜਾ ਸਕਿਆ…ਨਵੀਂ ਆਰਥਿਕ ਨੀਤੀ ਨੇ ਮਨੁੱਖ ਦੀਆਂ ਸੀਮਤ ਬੁਨਿਆਦੀ ਲੋੜਾਂ ਦੀ ਪੈਦਾਵਾਰ ਉੱਤੇ ਜ਼ੋਰ ਦੇਣ ਦੀ ਥਾਂ ਸਰਮਾਏਦਾਰਾਂ ਵਾਂਗ ਮਨੁੱਖ ਦੀਆਂ ਖਪਤਕਾਰੀ ਵਸਤੂਆਂ ਦੀ ਪੈਦਾਵਾਰ `ਤੇ ਜ਼ੋਰ ਦਿੱਤਾ। ਇਹੀ ਕਾਰਨ ਸੀ ਕਿ ਮੁੱਖ ਜ਼ੋਰ ਖੇਤੀਬਾੜੀ ਉਪਰ ਦੇਣ ਦੀ ਬਜਾਇ ਸਾਰਾ ਜ਼ੋਰ ਦੇਸ ਦੇ ਸਨਅਤੀਕਰਨ ਉਪਰ ਲਾ ਦਿੱਤਾ ਗਿਆ ਅਤੇ ਕਿਸਾਨੀ ਨੂੰ ਹਮੇਸ਼ਾ ਲਈ ਨੌਕਰਸ਼ਾਹੀ ਦੇ ਗੁਲਾਮ ਬਣਾ ਦਿੱਤਾ ਗਿਆ।’
ਇਹ ਲੰਬੀ ਟੂਕ ਦੇਣ ਦਾ ਮਕਸਦ ਸ[ ਗੁਰਬਚਨ ਸਿੰਘ ਦੀ ਸੋਚ ਵਿਚ ਆਈ ਕਾਣ ਨੂੰ ਦਰਸਾਉਣਾ ਹੈ। ਲੇਖਕ ਨੂੰ ਭਲੀ-ਭਾਂਤ ਪਤਾ ਹੈ ਕਿ 1917-24 ਦੇ ਦੌਰ ਵਿਚ ਰੂਸ ਕਿਹੜੀਆਂ ਹਾਲਤਾਂ ਵਿਚੋਂ ਲੰਘ ਰਿਹਾ ਸੀ। ਅਜੇ ਘਰੇਲੂ ਖਾਨਾਜੰਗੀ ਮੁੱਕੀ ਵੀ ਨਹੀਂ ਸੀ ਕਿ ਰੂਸ ਨੂੰ ਜਰਮਨੀ ਵੱਲੋਂ ਕੀਤੇ ਹਮਲੇ ਦਾ ਸਾਹਮਣਾ ਕਰਨਾ ਪੈ ਗਿਆ। ਪਾਰਟੀ ਦੇ ਸਭ ਤੋਂ ਵਧੀਆ ਕਾਡਰ ਨੂੰ ਜੰਗ ਦੇ ਮੁਹਾਜ਼ ‘ਤੇ ਭੇਜਣਾ ਪੈ ਗਿਆ। ਦੂਜੇ ਬੰਨੇ ਜਾਗੀਰਦਾਰਾਂ ਨੇ ਪੇਂਡੂ ਖੇਤਰ ਅੰਦਰ ਤਬਾਹੀ ਮਚਾ ਰੱਖੀ ਸੀ। ਇਹ ਖੂਨ ਖ਼ਰਾਬੇ ਵਾਲੀ ਅਜਿਹੀ ਹਾਲਤ ਸੀ ਕਿ ‘ਮਾਂਵਾਂ ਨੂੰ ਪੁੱਤ ਨਹੀਂ ਸਿਆਣਦੇ ਸਨ।’ ਰੂਸ ਦੇ ਕਾਮਰੇਡਾਂ ਕੋਲ ਸਮਾਜਵਾਦ ਦਾ ਕੋਈ ਹਾਸਲ ਨਮੂਨਾ ਵੀ ਨਹੀਂ ਸੀ। ਉਹ ਮਾਂਵਾਂ ਦੇ ਪੇਟੋਂ ਤਾਂ ਲਿਖ ਕੇ ਆਏ ਨਹੀਂ ਸਨ। ਇਸ ਲਈ ਕਮਿਊਨਿਸਟ ਸਿਧਾਂਤ ਦੀ ਰੋਸ਼ਨੀ ਵਿਚ ਜੋ ਕੁਝ ਵੀ ਸਮਾਜ ਵਿਚ ਹਾਸਲ ਸੀ, ਉਸੇ ਨਾਲ ਕੰਮ ਚਲਾਉਣਾ ਪਿਆ। ਰੂਸ ਵਿਚ ਉਦੋਂ ਵੀ ਅਜਿਹੇ ਵਿਦਵਾਨਾਂ ਦੀ ਘਾਟ ਨਹੀਂ ਸੀ। ਲੋਕ ਅਕਾਲ ਤੇ ਭੁੱਖਮਰੀ ਨਾਲ ਮਰ ਰਹੇ ਸਨ ਪਰ ਸ[ ਗੁਰਬਚਨ ਸਿੰਘ ਜੀ ਫ਼ਤਵਾ ਸੁਣਾ ਰਹੇ ਹਨ ਕਿ ਲੈਨਿਨ ਨੇ ਖਪਤਕਾਰੀ ਵਸਤੂਆਂ ਦੀ ਪੈਦਾਵਾਰ ‘ਤੇ ਜ਼ੋਰ ਦੇ ਦਿੱਤਾ। ਪਿੰਡਾਂ ਦੀ ਕਿਸਾਨੀ ਕੁਲਕਾਂ ਦੇ ਜ਼ੁਲਮਾਂ ਥੱਲੇ ਤ੍ਰਾਹ ਤ੍ਰਾਹ ਕਰ ਰਹੀ ਸੀ ਪਰ ਇਹ ਦੱਸ ਰਹੇ ਹਨ ਕਿ ਲੈਨਿਨ ਨੇ ਕਿਸਾਨੀ ਨੂੰ ਨੌਕਰਸ਼ਾਹੀ ਦਾ ਸਦੀਵੀ ਗੁਲਾਮ ਬਣਾ ਦਿੱਤਾ। ਉਹ ਖੇਤੀਬਾੜੀ ਉਪਰ ਜ਼ੋਰ ਨਾ ਦੇਣ ਦਾ ਉਲਾਂਭਾ ਵੀ ਦੇ ਰਹੇ ਹਨ ਪਰ ਕੀ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਮਾਰਕਸ ਦੇ ਮਾਰਕਸਵਾਦ ਅੰਦਰ ਕਿਸਾਨੀ ਦੀ ਹੋਂਦ ਤੇ ਹੋਣੀ ਬਾਰੇ ਕੀ ਕੁਝ ਲਿਿਖਆ ਮਿਲਦਾ ਹੈ। ਉਨ੍ਹਾਂ ਨੇ ਮਾਰਕਸ-ਐਂਗਲਜ਼ ਦੇ ਜਰਮਨੀ ਤੇ ਫਰਾਂਸ ਵਿਚ ਕਿਸਾਨੀ ਸਵਾਲ ਬਾਰੇ ਲੇਖ ਤਾਂ ਜ਼ਰੂਰ ਪੜ੍ਹੇ ਹੋਣਗੇ।
ਇਹ ਠੀਕ ਹੈ ਕਿ ਕਾਮਰੇਡ ਲੈਨਿਨ ਦਾ ਸਮਾਜਵਾਦ ਦਾ ਤਜਰਬਾ ਬੁਰੀ ਤਰ੍ਹਾਂ ਅਸਫ਼ਲ ਹੋਇਆ ਤੇ ਇਸ ਅਸਫ਼ਲਤਾ ਦੇ ਕਾਰਨਾਂ ਨੂੰ ਜਾਣਨ ਲਈ ਪਿਛਲੀ ਲਗਪਗ ਪੌਣੀ ਸਦੀ ਤੋਂ ਪੰਜ-ਸੱਤ ਜਾਂ ਦਸ ਨਹੀਂ ਸਗੋਂ ਸੈਂਕੜੇ ਧੁਰੰਤਰ ਵਿਦਵਾਨ ਇਸ ਕਹਾਣੀ ਨੂੰ ਸਮਝਣ ਲਈ ਖੌਜਲਦੇ ਆ ਰਹੇ ਹਨ। ਇਸ ਖੇਤਰ ਵਿਚ ਚਾਰਲਸ ਬੈਟਲਹਾਈਮ, ਪਾਲ ਸਵਿਜੀ ਜਾਂ ਪ੍ਰੋ[ ਰਣਧੀਰ ਸਿੰਘ ਵਰਗੇ ਦਿE ਕੱਦ ਅਤੇ ਪ੍ਰਤੀਬੱਧ ਵਿਦਵਾਨਾਂ ਨੇ ਆਪਣੀ ਪੂਰੀ ਪੂਰੀ ਉਮਰ ਲਗਾ ਕੇ ਕੰਮ ਕੀਤਾ ਹੋਇਆ ਹੈ। ਤਿੰਨ-ਚਾਰ ਸਾਲ ਪਹਿਲਾਂ ਗੁਰਬਚਨ ਸਿੰਘ ਨੇ ਵੀ ‘ਖੱਬੇਪੱਖੀ ਲਹਿਰ ਦਾ ਮੁੜ ਉਬਾਰ’ ਸਿਰਲੇਖ ਹੇਠਲੇ ਆਪਣੇ ਲੇਖ ਵਿਚ ਪ੍ਰੋ[ ਰਣਦੀਰ ਸਿੰਘ ਦੇ ਇਸੇ ਕੰਮ ਦੀ ਉਚੇਚੇ ਤੌਰ `ਤੇ ਚਰਚਾ ਕੀਤੀ ਸੀ: ਤਾਂ ਫਿਰ ਗੁਰਬਚਨ ਸਿੰਘ ਬਾਈ ਦਾ ਇਹ ਫਤਵਾ ਸਿਰ ਨਿਵਾ ਕੇ ਕਿੰਜ ਸਵੀਕਾਰ ਕਰ ਲਿਆ ਜਾਵੇ ਕਿ ਲੈਨਿਨ ਵਲੋਂ ਮਾਰਕਸ ਦੀ ਵਿਕਸਿਤ ਭੌਤਿਕਵਾਦੀ ਫਿਲਾਸਫੀ ਨੂੰ ਨਾ ਸਮਝਣ ਕਾਰਨ ਹੀ ਰੂਸ ਵਿਚ ਸਮਾਜਵਾਦੀ ਸਮਾਜ ਬਣਾਉਣ ਦੇ ਤਜਰਬੇ ਦੀ ਸਾਰੀ ਜੜ੍ਹ ਪੁੱਟੀ ਗਈ ਸੀ।
ਸਰਦਾਰ ਸਾਹਿਬ ਅੱਗੇ ਲਿਖਦੇ ਹਨ ਕਿ ‘ਲੈਨਿਨ ਨੇ ਕਮਿਊਨਿਜ਼ਮ ਨੂੰ ਨਾਸਤਿਕਤਾ ਨਾਲ ਬੰਨ੍ਹ ਕੇ, ਮਾਰਕਸ ਵੱਲੋਂ ਵਿਕਸਿਤ ਕੀਤੇ ਕੁਦਰਤ ਤੇ ਮਨੁੱਖ ਦੇ ਆਪਸੀ ਰਿਸ਼ਤੇ ਨੂੰ ਹੀ ਮਨੁੱਖ ਦੀ ਚੇਤਨਾ ਵਿਚੋਂ ਮਨਫੀ ਕਰ ਦਿੱਤਾ।’ ਇਸ ਤੋਂ ਅੱਗੇ ਉਹ ਵਿਿਗਆਨਕ ਸਮਾਜਵਾਦ ਅਤੇ ਵਿਰੋਧੀ ਵਿਕਾਸੀ ਮਾਰਕਸਵਾਦ ਵਿਚ ਮਸਨੂਈ ਵੰਡ ਦਾ ਝੇੜਾ ਛੇੜ ਲੈਂਦੇ ਹਨ। ਇਕ ਪਾਸੇ ਉਹ ਲੈਨਿਨ ਉਪਰ ਕਮਿਊਨਿਜ਼ਮ ਨੂੰ ਨਾਸਤਿਕਤਾ ਨਾਲ ਬੰਨ੍ਹਣ ਦਾ ਦੋਸ਼ ਲਾਉਂਦੇ ਹਨ ਅਤੇ ਦੂਜੇ ਪਾਸੇ ਵਿਰੋਧਵਿਕਾਸੀ ਪਦਾਰਥਵਾਦ (ਭਾਵ ਮਾਰਕਸ-ਐਂਗਲਜ਼) ਨੂੰ ਨਾਸਤਿਕਤਾਵਾਦੀ ਅਤੇ ਧਰਮ ਦਾ ਕੱਟੜ ਵਿਰੋਧੀ ਦੱਸਦੇ ਹਨ।
ਮੈਨੂੰ ਤਾਂ ਅਜੇ ਇਹ ਸਮਝ ਨਹੀਂ ਲੱਗੀ ਕਿ ਕੀ ਉਹ ਮਾਰਕਸ ਦੀ ਨਾਸਤਿਕ ਹੋਣ ਵਜੋਂ ਸਿਫ਼ਤ ਕਰ ਰਹੇ ਹਨ? ਲੈਨਿਨ ਵੱਲੋਂ ਕਮਿਊਨਿਜ਼ਮ ਨੂੰ ਨਾਸਤਿਕਤਾ ਨਾਲ ਬੰਨ੍ਹਣ ਤੋਂ ਉਨ੍ਹਾਂ ਦੀ ਕੀ ਮੁਰਾਦ ਹੈ ਜਦੋਂਕਿ ਕਮਿਊਨਿਜ਼ਮ ਦਾ ਆਧਾਰ ਹੀ ਮਾਰਕਸਵਾਦ ਤੇ ਵਿਰੋਧ ਵਿਕਾਸੀ ਪਦਾਰਥਵਾਦ ਹੈ।
ਸ[ ਗੁਰਬਚਨ ਸਿੰਘ ਖੁ਼ਦ ਕਮਿਊਨਿਸਟ ਰਹੇ ਹਨ ਅਤੇ ਜਾਣਦੇ ਹਨ ਕਿ ਮਾਰਕਸਵਾਦ ਅਨੁਸਾਰ ਸਮਾਜਿਕ ਵਿਿਗਆਨ ਅਤੇ ਕੁਦਰਤੀ ਵਿਿਗਆਨ ਦੋਵਾਂ ਦਾ ਆਧਾਰ ਹੀ ਵਿਰੋਧ ਵਿਕਾਸੀ ਪਦਾਰਥਵਾਦ ਹੈ, ਪਰੰਤੂ ਸਮਾਜ ਵਿਿਗਆਨ ਦੇ ਨਿਯਮ ਅੰਕ ਗਣਿਤ ਜਾਂ ਭੌਤਿਕ ਵਿਿਗਆਨ ਵਾਂਗ ਨਿਸ਼ਚਤ ਸੂਤਰਾਂ ਅਨੁਸਾਰ ਨਹੀਂ ਚੱਲਦੇ। ਸਮਾਜ ਵਿਿਗਆਨ ਦੀਆਂ ਧਾਰਨਾਵਾਂ ਪਦਾਰਥਕ ਹਾਲਤਾਂ ਵਿਚ ਤਬਦੀਲੀ ਆਉਣ ਨਾਲ ਬਦਲ ਜਾਂਦੀਆਂ ਹਨ। ਮਾਰਕਸ ਦੇ ਸਮਿਆਂ ਵਿਚ ਸਮਾਜ ‘ਪੂੰਜੀਵਾਦੀ ਮੁਕਾਬਲੇ’ ਦੇ ਦੌਰ ਵਿਚੋਂ ਲੰਘ ਰਿਹਾ ਸੀ। ਉਦੋਂ ਪੂੰਜੀਵਾਦ ਨੇ ਕੁਦਰਤ ਅਤੇ ਵਾਤਾਵਰਨ ਦੀ ਉਹ ਬਰਬਾਦੀ ਨਹੀਂ ਕੀਤੀ ਸੀ, ਜੋ ਅਜ਼ਾਰੇਦਾਰਾ ਸਰਮਾਏ ਭਾਵ ਸਾਮਰਾਜਵਾਦ ਦੇ ਦੌਰ ਵਿਚ ਸੁ਼ਰੂ ਹੋ ਚੁੱਕੀ ਸੀ ਅਤੇ ਇਸ ਵੇਲੇ ਕੁਦਰਤ, ਮਨੁੱਖ ਤੇ ਵਾਤਾਵਰਨ ਦੀ ਤਬਾਹੀ ਆਪਣੀ ਚਰਮ ਸੀਮਾ `ਤੇ ਪਹੁੰਚ ਚੁੱਕੀ ਹੈ। ਲੈਨਿਨ ਦਾ ਦੌਰ ਸਾਮਰਾਜੀ ਸਰਮਾਏ ਦਾ ਦੌਰ ਸੀ, ਇਸ ਲਈ ਨਵੀਆਂ ਹਾਲਤਾਂ ਵਿਚ ਮਾਰਕਸ ਦੀ ਮਾਰਕਸਵਾਦੀ ਵਿਚਾਰਧਾਰਾ ਵਿਚ ਰਣਨੀਤੀ ਤੇ ਕਾਰਜਨੀਤੀ ਵਿਚ ਵਾਧੇ ਕਰਨੇ ਜ਼ਰੂਰੀ ਹੋ ਗਏ ਸਨ। ਇਸ ਵਰਤਾਰੇ ਨੂੰ ਮਾਰਕਸਵਾਦ ਨਾਲ਼ੋਂ ਦੂਰੀ ਦੀ ਬਜਾਏ ਇਸ ਵਿਚਲੇ ਨਿਰੰਤਰ ਵਿਕਾਸ ਵਜੋਂ ਲੈਣਾ ਚਾਹੀਦਾ ਹੈ। ਅੰਤੋਨੀE ਗ੍ਰਾਮਸ਼ੀ, ਹਰਬਰਟ ਮਾਰਕਿਊਜ ਅਤੇ ਜਾਰਜ ਲੁਕਾਸ ਵਰਗੇ ਅਨੇਕਾਂ ਨਵੇਂ ਚਿੰਤਕਾਂ ਨੇ ਲੈਨਿਨ ਨੂੰ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਮਾਰਕਸਵਾਦੀ ਸਿਧਾਂਤਕਾਰ ਸਵੀਕਾਰ ਕੀਤਾ ਹੋਇਆ ਹੈ।
ਠੋਸ ਇਤਿਹਾਸਕ ਸਥਿਤੀਆਂ ਵਿਚ ਵਿਰੋਧਵਿਕਾਸੀ ਪਦਾਰਥਵਾਦ ਦੀਆਂ ਸਿਧਾਂਤਕ ਅਤੇ ਵਿਹਾਰਕ ਲੋੜਾਂ ਸਦਕਾ ਲੈਨਿਨਵਾਦ ਇਸ ਦਵੰਦਵਾਦੀ ਵਿਧੀ ਦਾ ਅਗਲੇਰਾ ਵਿਕਾਸ ਹੈ। ਲੈਨਿਨ ਉਪਰ ਦੋਸ਼ ਲੱਗਦੇ ਰਹੇ ਹਨ ਕਿ ਉਹ ਮਾਰਕਸਵਾਦ ਤੋਂ ਦੂਰ ਜਾ ਰਿਹਾ ਹੈ ਜਾਂ ਮਕੈਨੀਕਲ ਢੰਗ ਨਾਲ ਲਾਗੂ ਕਰ ਰਿਹਾ ਹੈ। ਹਰਬਰਟ ਮਾਰਕਿਊਜ ਇਸ ਸਥਿਤੀ ਉਪਰ ਟਿੱਪਣੀ ਕਰਦੇ ਹਨ ਕਿ ‘ਜੇਕਰ ਲੈਨਿਨ ਦੀ ਮਾਰਕਸ ਵੱਲ ਵਾਪਸੀ ਦੀ ਗੱਲ ਕੀਤੀ ਜਾਵੇ, ਤਾਂ ਲੈਨਿਨ ਨੇ ਖੁ਼ਦ ਨੂੰ ਆਪਣੀ ਪਾਰਟੀ ਦੇ ਸੰਗੀ ਸਾਥੀਆਂ ਤੋਂ ਨਿਖੇੜਣ ਦੇ ਅਰਥਾਂ ਵਿਚ ਹੀ ਉਹ ਮਾਰਕਸ ਕੋਲ ਵਾਪਸ ਪਰਤਿਆ ਹੈ। ਉਸ ਵੇਲੇ ਲੈਨਿਨ ਦੇ ਬਹੁਤ ਸਾਰੇ ਸਾਥੀ ਦਵੰਦਵਾਦ ਨੂੰ ਵੀ ਸਤਹੀ ਤੌਰ ‘ਤੇ ਹੀ ਸਮਝਦੇ ਸਨ ਅਤੇ ਇਸ ਨੂੰ ਕੁੱਢਰ ਢੰਗ ਨਾਲ ਲਾਗੂ ਕਰਦੇ ਸਨ।’
ਲੈਨਿਨ ਜਾਂ ਕਿਸੇ ਵੀ ਕਮਿਊਨਿਸਟ ਆਗੂ ਦੀ ਪੜਚੋਲ ਕਰਨ ਵੇਲੇ ਸਾਨੂੰ ਮਾਰਕਸ ਦੀ ਇਸ ਪ੍ਰਸਿੱਧ ਟੂਕ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ, ‘ਦੁਨੀਆ ਭਰ ਦੇ ਚਿੰਤਕਾਂ ਨੇ ਇਸ ਸਮਾਜ ਦੀ ਵੱਖ ਵੱਖ ਢੰਗਾਂ ਨਾਲ ਵਿਆਖਿਆ ਕੀਤੀ ਹੈ, ਪਰ ਅਸਲ ਸਵਾਲ ਤਾਂ ਇਸ ਸਮਾਜ ਨੂੰ ਬਦਲਣ ਦਾ ਹੈ।’
ਹਰਚਰਨ ਸਿੰਘ ਪਰਿਹਾਰ ਨੇ ਆਪਣੇ ਲੇਖ ‘ਪੰਜਾਬ ਵਿਚ ਕਮਿਊਨਿਸਟ ਧਿਰਾਂ ਅਤੇ ਸਿੱਖ ਵਿਦਵਾਨਾਂ ਦੀ ਪਹੁੰਚ ਦੇ ਮਸਲੇ’ (28 ਜਨਵਰੀ 2023) ਵਿਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ‘ਸਮਝ ਨਹੀਂ ਆਉਂਦੀ ਕਿ ਸ[ ਗੁਰਬਚਨ ਸਿੰਘ ਅਤੇ ਉਨ੍ਹਾਂ ਦਾ ਪੁਰਾਣਾ ਸਾਥੀ ਸ[ ਅਜਮੇਰ ਸਿੰਘ ਕਾਮਰੇਡ ਉਗਰਾਹਾਂ ਤੇ ਉਸਦੀ ਜਥੇਬੰਦੀ `ਤੇ ਕਿਉਂ ਤਪੇ ਪਏ ਹਨ।’ ਬੇਸ਼ੱਕ ਜੋਗਿੰਦਰ ਸਿੰਘ ਉਗਰਾਹਾਂ ਨੇ ਕਦੇ ਵੀ ‘ਕਾਮਰੇਡ’ ਹੋਣ ਦਾ ਦਾਅਵਾ ਨਹੀਂ ਕੀਤਾ, ਪਰ ਸਿੱਖ ਵਿਦਵਾਨਾਂ ਵੱਲੋਂ ਹਮੇਸ਼ਾ ਹੀ ਉਗਰਾਹਾਂ ਨੂੰ ਕਮਿਊਨਿਸਟ ਦੇ ਤੌਰ `ਤੇ ਭੰਡਿਆ ਜਾਂਦਾ ਹੈ। ਸਿੱਖ ਭਾਈਚਾਰੇ ਵਿਚ ਕਿਸੇ ਨੂੰ ਭੰਡਣ ਲਈ ਉਸਨੂੰ ਕਾਮਰੇਡ, ਨਾਸਤਿਕ ਜਾਂ ਸਿੱਖ ਵਿਰੋਧੀ ਕਹਿ ਦੇਣਾ ਬਹੁਤ ਸੌਖਾ ਕੰਮ ਹੈ। ਪਰੰਤੂ ਕਿਸਾਨ ਲਹਿਰ ਦੇ ਇਕ ਵੱਡੇ ਆਗੂ ਜਿਸ ਨੇ ਆਪਣੀ ਜਵਾਨੀ ਤੇ ਬੁਢਾਪਾ ਕਿਸਾਨ ਲਹਿਰ ਨੂੰ ਜਥੇਬੰਦ ਕਰਨ ਲਈ ਝੋਕ ਰੱਖਿਆ ਹੋਵੇ, ਨੂੰ ਬੇਬੁਨਿਆਦ ਆਧਾਰਾਂ `ਤੇ ਭੰਡ ਕੇ ਕੀ ਕਿਸਾਨ ਲਹਿਰ ਵਿਚੋਂ ਨਿਖੇੜਿਆ ਜਾ ਸਕਦਾ ਹੈ? ਇਹ ਦੋਵੇਂ ਸਿੱਖ ਵਿਦਵਾਨ ਕਿਸੇ ਵੇਲੇ ਉਸੇ ਰਾਜਨੀਤੀ ਵਾਲੀ ਜਥੇਬੰਦੀ ਨਾਲ ਲੰਬਾ ਸਮਾਂ ਕੰਮ ਕਰਦੇ ਰਹੇ ਸਨ। ਇਨ੍ਹਾਂ ਨੇ ਆਪਣਾ ਵੱਖਰਾ ਧੜਾ ਬਣਾ ਕੇ ਆਪਣੇ ਪੁਰਾਣੇ ਸਾਥੀਆਂ ਨੂੰ ਖਦੇੜਨ ਦੀ ਪੂਰੀ ਵਾਹ ਲਗਾ ਦਿੱਤੀ ਸੀ। ਉਗਰਾਹਾਂ ਤੇ ਉਸ ਦੇ ਸਾਥੀਆਂ ਨੇ ਆਪਣੀ ਸਮਝ ਅਤੇ ਸਮਰੱਥਾ ਨਾਲ ਸਾਲਾਂਬੱਧੀ, ਪੂਰੀ ਤਨਦੇਹੀ ਨਾਲ ਪੰਜਾਬ ਦੇ ਪੇਂਡੂ ਖੇਤਰਾਂ ਦੇ ਮਿਹਨਤਕਸ਼ ਲੋਕਾਂ ਨੂੰ ਲਾਮਬੱਧ ਕਰਨ ਦੀ ਕੋਸਿ਼ਸ਼ ਕੀਤੀ ਅਤੇ ਇਤਿਹਾਸਕ ਕਿਸਾਨ ਮੋਰਚੇ ਵਿਚ ਉਨ੍ਹਾਂ ਦੀ ਬਹੁਤ ਹੀ ਸੁਯੋਗ ਅਗਵਾਈ ਵੀ ਕੀਤੀ। ਕੀ ਇਹ ਸੱਚ ਨਹੀਂ ਹੈ? ਸ[ ਗੁਰਬਚਨ ਸਿੰਘ ਨੇ ਪਰਹਾਰ ਦੀ ਸ਼ੰਕਾ ਨਵਿਰਤ ਕਰਨ ਦੀ ਬਜਾਏ ਆਪਣੇ ਅਗਲੇ ਲੇਖ ਵਿਚ ਉਗਰਾਹਾਂ ਨੂੰ ਇਉਂ ਪੇਸ਼ ਕਰ ਦਿੱਤਾ, ਜਿਵੇਂ ਕਿਤੇ ਉਹ ਹੀ ਸਮੁੱਚੇ ਸੰਸਾਰ ਦੀਆਂ ਮੁਸ਼ਕਲਾਂ ਲਈ ਜ਼ਿੰਮੇਵਾਰ ਹੋਵੇ। ਸ[ ਗੁਰਬਚਨ ਸਿੰਘ ਵਰਗੇ ਗੁਣਵਾਨ ਲੇਖਕ ਕੋਲ਼ੋਂ ਅਜਿਹੀ ‘ਸਿਰਪਾੜੂ’ ਟਿੱਪਣੀ ਦੀ ਆਸ ਨਹੀਂ ਸੀ।
22 ਅਕਤੂਬਰ, 2022 ਨੂੰ ਪੰਜਾਬ ਟਾਈਮਜ਼ ਵਿਚ ਛਪੇ ‘ਨੇਸ਼ਨ ਸਟੇਟ ਬਨਾਮ ਖਾਲਿਸਤਾਨ’ ਸਿਰਲੇਖ ਵਾਲੇ ਆਪਣੇ ਅਹਿਮ ਲੇਖ ਵਿਚ ਉਹ ਲਿਖਦੇ ਹਨ, ‘ਅੱਜ ਰੂਸ ਅਤੇ ਚੀਨ ਵਿਚ ਸਾਮਰਾਜੀ ਮਾਇਆਧਾਰੀਆਂ ਦਾ ਰਾਜ ਹੈ ਅਤੇ ‘ਉਗਰਾਹਾਂ’ ਵਰਗੇ ਕੁੱਝ ਲੋਕ ਟਰੇਡ ਯੂਨੀਅਨ ਦੇ ਝੰਡੇ ਹੇਠ ਸਾਮਰਾਜੀ ਖਪਤਕਾਰੀ ਦੀ ਜੂਠ ਉੱਤੇ ਪਲਦੇ ਹੋਏ, ਉਨ੍ਹਾਂ ਮਹਾਨ ਕਮਿਊਨਿਸਟ ਸ਼ਹਾਦਤਾਂ ਦੇ ਇਤਿਹਾਸ ਨਾਲ ਖਿਲਵਾੜ ਕਰ ਰਹੇ ਹਨ। ਰੂਸ ਅਤੇ ਯੂਕਰੇਨ ਦੀ ਜੰਗ ਵੀ ਇਸੇ ‘ਨੇਸ਼ਨ ਸਟੇਟ’ ਦੀ ਦੇਣ ਹੈ, ਜਿਸਨੇ ਸਮੁੱਚੀ ਮਨੁੱਖਤਾ ਦੀ ਹੋਂਦ ਹੀ ਦਾਅ ਉਤੇ ਲਾ ਦਿੱਤੀ ਹੈ।’
ਅਜਿਹੀ ਕੌੜੀ ਟਿੱਪਣੀ ਕਰਦੇ ਸਮੇਂ ਉਹ ਗੁਰਬਾਣੀ ਦੀਆਂ ਮਹਾਨ ਸਿੱਖਿਆਵਾਂ ਨੂੰ ਵੀ ਭੁੱਲ ਗਏ:
‘ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ।
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ॥’ (ਅੰਗ-੧੫)
‘ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ।
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥ (ਅੰਗ-੪੬੩)
ਸ[ ਗੁਰਬਚਨ ਸਿੰਘ ਨੂੰ ਨਿਮਾਣੀ ਜਿਹੀ ਗੁਜ਼ਾਰਿਸ਼ ਹੈ ਕਿ ਕੀ ਉਹ ਕੋਈ ਠੋਸ ਸਬੂਤ ਪੇਸ਼ ਕਰ ਸਕਦੇ ਹਨ ਕਿ
1[ ਰੂਸ ਅਤੇ ਚੀਨ ਅੰਦਰ ਸਾਮਰਾਜੀ ਮਾਇਆਧਾਰੀਆਂ ਦਾ ਰਾਜ ਸਥਾਪਤ ਕਰਨ ਵਿਚ ਉਗਰਾਹਾਂ ਦੀ ਕੀ ਭੂਮਿਕਾ ਰਹੀ ਹੈ?
2[ ਉਗਰਾਹਾਂ ਵਰਗੇ ਲੋਕ ਸਾਮਰਾਜੀ ਖਪਤਕਾਰੀ ਦੀ ਜੂਠ ਉਪਰ ‘ਤੇ ਕਿਵੇਂ ਪਲ ਰਹੇ ਹਨ?
3[ ਇਹ ਸੱਜਣ ਖੁਦ ਸਾਮਰਾਜੀ ਖਪਤਕਾਰੀ ਦੀ ਜੂਠ ਤੋਂ ਕਿਵੇਂ ਮੁਕਤ ਹਨ?
4[ ਉਗਰਾਹਾਂ ਵਰਗੇ ਲੋਕ ਮਹਾਨ ਕਮਿਊਨਿਸਟ ਸ਼ਹਾਦਤਾਂ ਦੇ ਇਤਿਹਾਸ ਨਾਲ ਕਿਵੇਂ ਖਿਲਵਾੜ ਕਰ ਰਹੇ ਹਨ ਅਤੇ ਤੁਹਾਡੇ ਵਰਗੇ ਪੰਥਕ ਵਿਦਵਾਨਾਂ ਨੇ ਸ਼ਹਾਦਤਾਂ ਦੇ ਇਸ ਮਹਾਨ ਇਤਿਹਾਸ ਨੂੰ ਬੁਲੰਦ ਕਰਨ ਲਈ ਪਹਿਲਾਂ ਕੀ ਕੀਤਾ ਸੀ ਅਤੇ ਇਸ ਵੇਲੇ ਕੀ ਯੋਗਦਾਨ ਪਾ ਰਹੇ ਹੋ[[[? ਵੈਸੇ ਤਾਂ ਯੋਗਦਾਨ ਅਜਮੇਰ ਸਿੰਘ ਦਾ ਸਭ ਤੋਂ ਵੱਡਾ ਦਿਸਦਾ ਹੀ ਹੈ: ਤਿੰਨ ਸਦੀਆਂ ਤੋਂ ਕੌਮ ਦੇ ਸੁੱਤੇ ਪਏ ਅਵਚੇਤਨ ਨੂੰ ਜਗਾਉਣ ਲਈ ਅਤੇ ਆਪਣੀ ਪੁਰਾਣੀ ਪਾਰਟੀ ਦੇ ਸਾਥੀਆਂ ਨੂੰ (ਉਗਰਾਹਾਂ ਹੁਰਾਂ ਨੂੰ) ਨਾਸਤਿਕ ਅਤੇ ਨੀਵਾਂ ਦਿਖਾਉਣ ਲਈ ਦੀਪ ਸਿੱਧੂ ਵਰਗੇ ਨਿਰਛਲ ਅਤੇ ਜਜ਼ਬਾਤੀ ਨੌਜਵਾਨ ਨੂੰ ਪ੍ਰੇਰ ਕੇ ਉਸ ਵਲੋਂ ਕਰਵਾਈ ਲਾਲ ਕਿਲ੍ਹੇ ‘ਤੇ ਚੜ੍ਹਾਈ! ਪਿਛਲੇ ਦਿਨੀਂ, 24 ਫਰਵਰੀ ਨੂੰ ਸਿੱਖ ਵਿਊ ਚੈਨਲ ‘ਤੇ ‘ਸਿੱਖ ਕੌਮ ਅੰਦਰ ਇਨਸਾਫ਼ ਲੈਣ ਦੀ ਤਾਂਘ ਤੇ ਦੀਪ ਸਿੱਧੂ’ ਸਿਰਲੇਖ ਹੇਠਲੇ ਤਾਜ਼ਾ ਪ੍ਰਵਚਨ ਵਿਚ ਉਹ ਆਪਣੇ ਇਸ ਹੋਣਹਾਰ ਸ਼ਾਗਿਰਦ ਨੂੰ ਯਾਦ ਕਰਦਿਆਂ ਕੂੰਜ ਵਾਂਗ ਕੁਰਲਾਉਂਦਾ ਹੈ। ਇਸ ‘ਤੇ ਸਾਨੂੰ ਜਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਪਰੰਤੂ ਕੀ ਉਸ ਦੇ ਇਸ ਦਾਅਵੇ ਨਾਲ ਵੀ ਸਹਿਮਤ ਹੋਇਆ ਜਾ ਸਕਦਾ ਹੈ ਜਦੋਂ ਉਹ ਆਪਣੇ ਪ੍ਰਵਚਨ ਵਿਚ ਦੀਪ ਸਿੱਧੂ ਦੀ ਬੇਵਕਤ ਮੌਤ ਨਾਲ ਪਏ ਘਾਟੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦੇ ਸਿੱਟੇ ਵਜੋਂ ਕੌਮ ਨੂੰ ਪਏ ਘਾਟੇ ਨਾਲ ਜੋੜਨ ਤਕ ਵੀ ਚਲਿਆ ਜਾਂਦਾ ਹੈ! ਕੀ ਤੁਸੀਂ ਦੀਪ ਸਿੱਧੂ ਦੇ ‘ਵਾਰਸ’ ਭਾਈ ਅਮ੍ਰਿਤਪਾਲ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਅਜਨਾਲਾ ਥਾਣੇ ਅੰਦਰ ਰਚਾਈ ‘ਤਾਂਡਵ ਲੀਲਾ’ ਦੀ ਡਟਵੀਂ ਪ੍ਰੋੜਤਾ ਵਿਚ ‘ਅਜਨਾਲੇ ਦਾ ਘਟਨਾਕ੍ਰਮ’ ਸਿਰਲੇਖ ਹੇਠ ਜਾਰੀ ਕੀਤਾ ਪ੍ਰਵਚਨ ਸੁਣਿਆ ਹੈ। ਪੰਜਾਬ ਤੇ ਚੋਟੀ ਦੇ ਪੱਤਰਕਾਰਾਂ, ਰਾਜਸੀ ਆਗੂਆਂ ਦੇ ਨਾਲ-ਨਾਲ ਕਿਸਾਨ ਨੇਤਾਵਾਂ ਦੀ ਜਹੀ-ਤਹੀ ਫੇਰਨ ਤੋਂ ਇੱਥੇ ਵੀ ਖੁੰਝਿਆ ਨਹੀਂ ਹੈ। ਕੀ ਤੁਸੀਂ ਉਸ ਵਲੋਂ ਮਾਰੇ ਗਏ ਅਜਿਹੇ ਸਭ ਯੱਕੜਾਂ ਨਾਲ ਸਹਿਮਤ ਹੋ? ਤੁਸੀਂ ਸਾਨੂੰ ਇਹ ਵੀ ਦੱਸੋ ਹੁਣ ਜਦੋਂ ਦੀਪ ਸਿੱਧੂ ਦੀ ਉਸ ਨਾਲੋਂ ਵੀ ਵੱਧ ਨਿਰਛਲ ਸਾਥਣ, ਰੀਨਾ ਰਾਏ ਨੇ ਆਪਣੇ ਸਾਥੀ ਦੀ ਹਾਦਸੇ ਵਿਚ ਮੌਤ ਜਾਂ ‘ਸ਼ਹਾਦਤ’ ਬਾਰੇ ਸਾਰੀ ਸੱਚਾਈ ਜੱਗ ਜ਼ਾਹਰ ਕਰ ਦਿੱਤੀ ਹੈ ਤਾਂ ਉਸ ਦੀ ਇਸ ‘ਸਿੰਬਲ ਸਿਰਜਣਾ’ ਦੀ ਮੁਹਿੰਮ ਨੂੰ ਕਿੰਜ ਸਮਝਿਆ ਜਾਵੇ!
ਮੇਰੇ ਇਨ੍ਹਾਂ ਸਵਾਲਾਂ ਨੂੰ ਕੋਈ ਮਿਹਣਾ ਨਾ ਮੰਨਣਾ ਪਰ ਤੁਸੀਂ ਆਪਣੇ ਲੇਖਾਂ ਤੇ ਕਿਤਾਬਾਂ ਵਿਚ ਵਾਰ-ਵਾਰ ਕਹਿੰਦੇ ਆ ਰਹੇ ਹੋ ਕਿ ਲੈਨਿਨ ਨੇ ਮਾਰਕਸ ਦੀ ਭੌਤਿਕਵਾਦੀ ਫਿਲਾਸਫੀ ਦੀ ਧੁਰ ਆਤਮਾ ਨੂੰ ਪਛਾਣਿਆ ਨਾ, ਇਸ ਕਰਕੇ ਸਾਰੀ ਬਰਬਾਦੀ ਹੋਈ। ਹੁਣ ਤੁਸੀਂ ਤਾਂ ਬਾਬਾ ਨਾਨਕ ਅਤੇ ਕਾਰਲ ਮਾਰਕਸ ਦੋਵਾਂ ਪੈਗੰਬਰਾਂ ਦੇ ਸੰਦੇਸ਼ ਦੀ ਥਾਹ ਪਾਈ ਬੈਠੇ ਹੋ- ਪਰ ਪਿਛਲੇ ਵੀਹ-ਤੀਹ ਵਰ੍ਹਿਆਂ ਦੌਰਾਨ ਤੁਹਾਡੇ ਕੋਲੋਂ ‘ਉਸ ਦਿਨ 26 ਜਨਵਰੀ ਨੂੰ ਲਾਲ ਕਿਲ੍ਹੇ ਉਪਰ ਚੜ੍ਹਾਈ’ ਤੋਂ ਬਿਨਾ ਹੋਰ ਕੋਈ ਕਿੰਨੀ ਕੁ ਗੱਲ ਬਣੀ ਹੈ। ਇਸ ਸਵਾਲ ਦਾ ਜਵਾਬ ਮੈਨੂੰ ਬੇਸ਼ੱਕ ਨਾ ਦੇਣਾ ਪਰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛਣ ਦੀ ਖੇਚਲ ਜ਼ਰੂਰ ਕਰਨਾ।