ਪੰਜਾਬ ਮਸਲਾ ਅਤੇ ਅਜੋਕੇ ਗਰਮਖਿਆਲੀ ਸਿੱਖ ਚਿੰਤਕ!

ਡਾ. ਸੁਖਪਾਲ ਸਿੰਘ ਟੋਰਾਂਟੋ
ਪੰਜਾਬ ਟਾਈਮਜ਼ ਦੇ 28 ਜਨਵਰੀ 2023 ਦੇ ਅੰਕ ਵਿਚ ਸ. ਹਰਚਰਨ ਸਿੰਘ ਪ੍ਰਹਾਰ ਦਾ ਲੇਖ ‘ਪੰਜਾਬ ਵਿਚ ਕਮਿਊਨਿਸਟ ਧਿਰਾਂ ਅਤੇ ਵਿਦਵਾਨਾਂ ਦੀ ਪਹੁੰਚ ਦੇ ਮਸਲੇ’ ਪੜ੍ਹਨ ਨੂੰ ਮਿਲਿਆ। ਦਲੀਲ, ਦਲੇਰੀ, ਹਵਾਲੇ, ਸਮੁੱਚਤਾ, ਨਿਰਪੱਖਤਾ ਅਤੇ ਸਮੇਂ-ਸਿਰ ਅਜਿਹਾ ਲੇਖ ਲਿਖਣ ਲਈ ਲੇਖਕ ਵਧਾਈ, ਪ੍ਰਸ਼ੰਸਾ ਅਤੇ ਸਾਡੇ ਧੰਨਵਾਦ ਦਾ ਹੱਕਦਾਰ ਹੈ। ਪੰਜਾਬ ਦੀ ਅਜੋਕੀ ਸਥਿਤੀ ਬਾਰੇ ਅਜਿਹੀਆਂ ਲਿਖ਼ਤਾਂ ਪ੍ਰਚੱਲਤ ਕੱਟੜਤਾ, ਸਹਿਮ ਅਤੇ ਧਮਕੀ ਦੇ ਮਾਹੌਲ ਵਿਚ ਵਿਰਲੀਆਂ ਹੁੰਦੀਆਂ ਜਾਂਦੀਆਂ ਹਨ।

ਸ. ਪਰਹਾਰ ਨੇ ਵਾਜਬ ਸੁਆਲ ਪੁੱਛੇ ਹਨ: ਸਾਕਾ ਨੀਲਾ ਤਾਰਾ ਤੋਂ ਪਹਿਲਾਂ ਲੱਗਾ ਮੋਰਚਾ ਪੰਜਾਬ ਵਿਚ ਵਾਪਰਦੀਆਂ ਹਿੰਸਕ ਘਟਨਾਵਾਂ ਦੇ ਰੂਬਰੂ ਸ਼ਾਂਤਮਈ ਕਿਵੇਂ ਸੀ? ਪੰਜਾਬ ਵਿਚ ਲੋਕਾਂ ਦੇ ਹੱਕ ਵਿਚ ਦਹਾਕਿਆਂ ਤੋਂ ਸਟੇਟ ਵਿਰੁੱਧ ਲੜਨ ਵਾਲੇ ਖੱਬੇ-ਪੱਖੀ ਜਾਂ ਅਣਪੱਖੀ ਸੈਂਕੜੇ ਲੋਕ-ਨੇਤਾਵਾਂ, ਪੱਤਰਕਾਰਾਂ, ਲੇਖਕਾਂ, ਜਾਂ ਸਿਆਸੀ ਕਾਰਕੁਨਾਂ ਦਾ ਕੀ ਕਸੂਰ ਸੀ ਕਿ ਉਨ੍ਹਾਂ ਨੂੰ ਖਾੜਕੂ ਲਹਿਰ ਨਾਲ ਅਸਹਿਮਤੀ ਰੱਖਣ ਕਰਕੇ ਹੀ ਮਾਰ ਦਿੱਤਾ ਗਿਆ? ਕਿ ਭਿੰਡਰਾਂਵਾਲਿਆਂ ਨੇ ਆਪਣਾ ਮੋਰਚਾ ਚੌਕ ਮਹਿਤੇ ਤੋਂ ਕਿਉਂ ਨਾ ਆਰੰਭ ਕੀਤਾ ਤੇ ਅਕਾਲ ਤਖ਼ਤ ਨੂੰ ਆਪਣੀ ਰਾਖੀ ਲਈ ਕਿਉਂ ਵਰਤਿਆ? ਕਿ ਜੂਨ 1984 ਤੋਂ ਪਹਿਲਾਂ ਕਿੰਨੇ ਕੁ ਸਿੱਖ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਬਣੇ ਸਨ ਤੇ ਖਾੜਕੂਆਂ ਹੱਥੋਂ ਪੰਜਾਬ ਵਿਚ ਕਿੰਨੇ ਕਤਲ ਹੋਏ ਸਨ?
ਸ. ਪਰਹਾਰ ਨੇ ਲਿਖ਼ਤਾਂ ਅਤੇ ਬਿਆਨਾਂ ਦੇ ਹਵਾਲੇ ਦੇ ਕੇ ਸਪੱਸ਼ਟ ਕੀਤਾ ਹੈ ਕਿ ਪੰਜਾਬੀ ਹਿੰਦੂਆਂ ਦੇ ਕਤਲ ਖਾਲਿਸਤਾਨੀ ਰਣ-ਨੀਤੀ ਵਜੋਂ ਭਿੰਡਰਾਂਵਾਲੇ ਦੇ ਸਮੇਂ ਤੋਂ ਹੀ ਅਪਣਾਅ ਲਏ ਗਏ ਸਨ। ਇਹ ਗੱਲ ਵਧੇਰੇ ਪੰਜਾਬੀ ਸਿੱਖਾਂ ਨੂੰ ਵੀ ਨਜ਼ਰ ਆ ਗਈ ਸੀ ਜਿਸ ਨਾਲ ਉਹ ਦਿਲੋਂ ਸਹਿਮਤ ਨਹੀਂ ਸਨ ਕਿਉਂਕਿ ਇਹ ਸਿੱਖ ਅਸੂਲਾਂ ਦੇ ਮੁੱਢੋਂ ਹੀ ਵਿਰੁੱਧ ਸੀ। ਸ਼ਾਇਦ ਇਹੀ ਕਾਰਨ ਸੀ ਕਿ ਸੰਨ 1982 ਦੇ ਲਾਗੇ ‘ਇੰਡੀਆ ਟੁਡੇ’ ਪਰਚੇ ਵੱਲੋਂ ਕਰਵਾਏ ਗਏ ਸਰਵੇਖਣ ਵਿਚ ਸਿਰਫ਼ ਸਾਢੇ ਤਿੰਨ ਫ਼ੀਸਦੀ ਸਿੱਖ ਭਿੰਡਰਾਂਵਾਲਿਆਂ ਦੇ ਹੱਕ ਵਿਚ ਖਲੋਤੇ। ਜੇ ਪਰਚਾ ਝੂਠ ਬੋਲਦਾ ਹੋਏ ਤੇ ਮੱਦਾਹਾਂ ਦੀ ਅਸਲ ਗਿਣਤੀ ਦਸ ਗੁਣਾ ਹੋਵੇ ਤਾਂ ਵੀ ਉਹ ਬਹੁ-ਗਿਣਤੀ ਨਹੀਂ ਬਣਦੀ।
ਸ਼ਾਇਦ ਹੋਰ ਪੱਤਰਕਾਰਾਂ ਜਾਂ ਲੇਖਕਾਂ ਨੇ ਇਹ ਗੱਲ ਆਖੀ ਹੋਵੇ ਪਰ ਮੈਂ ਸਭ ਤੋਂ ਪਹਿਲਾਂ ਸ. ਪਰਹਾਰ ਦੇ ਏਸ ਲੇਖ ਵਿਚ ਹੀ ਇਹ ਖੁੱਲ੍ਹੇ ਤੌਰ `ਤੇ ਪੜ੍ਹਿਆ ਹੈ ਕਿ ਸੰਭਵ ਹੈ ਪੰਜਾਬ ਵਿਚ ਹੋਏ ਹਿੰਦੂ ਭਾਈਚਾਰੇ ਦੇ ਕਤਲ ਹੀ ਨਵੰਬਰ ਚੁਰਾਸੀ ਦੇ ਸਿੱਖ ਕਤਲੇਆਮ ਦਾ ਕਾਰਨ ਬਣੇ। ਸੰਨ 1986 ਵਿਚ ਮੈਂ ਇਕ ਟ੍ਰੇਨਿੰਗ ਵਾਸਤੇ ਮਦਰਾਸ ਵਿਚ ਸਾਂ। ਮੇਰੇ ਨਾਲ ਕਮਰਾ ਸਾਂਝਾ ਕਰਨ ਵਾਲਾ ਬੀਕਾਨੇਰ ਦਾ ਤਰੁਣ ਕੁਮਾਰ ਗਹਿਲੋਤ ਸੀ, ਜੋ ਜ਼ਹੀਨ ਤੇ ਠਹਿਰਿਆ ਹੋਇਆ ਕਾਲਜ ਪ੍ਰੋਫ਼ੈਸਰ ਸੀ। ਪੰਜਾਬ ਵਿਚ ਅਪਰੇਸ਼ਨ ਬਲੈਕ ਥੰਡਰ ਚੱਲ ਰਿਹਾ ਸੀ। ਸਾਰੀ ਕਾਰਵਾਈ ਟੈਲੀਵਿਜ਼ਨ `ਤੇ ਵੇਖ਼ਦਿਆਂ ਮੈਨੂੰ ਗਹਿਲੋਤ ਨੇ ਆਖਿਆ: ‘ਮੈਨੂੰ ਪਤਾ ਹੈ – ਤੂੰ ਪੰਜਾਬ ਵਿਚ ਹਿੰਦੂ ਨਹੀਂ ਮਾਰੇ ਤੇ ਤੈਨੂੰ ਵੀ ਪਤਾ ਹੈ – ਮੈਂ ਦਿੱਲੀ ਵਿਚ ਸਿੱਖ ਨਹੀਂ ਮਾਰੇ। ਪਰ ਤੈਨੂੰ ਕਾਨਪੁਰ ਵਿਚ ਕੌਣ ਜਾਣਦਾ ਹੈ ਤੇ ਮੈਨੂੰ ਵੀ ਅੰਮ੍ਰਿਤਸਰ ਵਿਚ ਕੋਈ ਨਹੀਂ ਪਛਾਣਦਾ। ਆਪਾਂ ਦੋਵੇਂ ਕਦੀ ਵੀ ਏਨ੍ਹਾਂ ਸ਼ਹਿਰਾਂ ਵਿਚ ਅਣਿਆਈ ਮੌਤ ਏਸ ਲਈ ਮਾਰੇ ਜਾ ਸਕਦੇ ਹਾਂ ਕਿਉਂਕਿ ਪੰਜਾਬ ਦੇ ਲੋਕ ਇੰਦਰਾ ਗਾਂਧੀ ਤੇ ਬਾਲ ਠਾਕਰੇ ਨੂੰ ਜਾਣਦੇ ਹਨ ਤੇ ਹਿੰਦੁਸਤਾਨ ਦੇ ਲੋਕਾਂ ਨੂੰ ਭਿੰਡਰਾਂਵਾਲੇ, ਲੌਂਗੋਵਾਲ ਤੇ ਬਾਦਲ ਦਾ ਪਤਾ ਹੈ। ਜਿਹੜੇ ਬਿਆਨ ਏਹ ਲੀਡਰ ਦੇਣਗੇ ਉਹੀ ਤੇਰੀ ਤੇ ਮੇਰੀ ਕਿਸਮਤ ਦਾ ਜਾਂ ਜਾਨ ਦਾ ਨਿਰਣਾ ਕਰਨਗੇ। ਜਿਹੜੇ ਲੋਕ ਆਪਣੇ ਲੀਡਰਾਂ ਦੇ ਗਲਤ ਕੰਮਾਂ ਗੱਲਾਂ ਜਾਂ ਬਿਆਨਾਂ ਨੂੰ ਨਹੀਂ ਵੰਗਾਰਦੇ, ਉਹ ਆਪਣੇ ਲੀਡਰਾਂ ਕਰਕੇ ਅਜਾਈਂ ਮਾਰੇ ਜਾਂਦੇ ਹਨ!’ ਗਹਿਲੋਤ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਜਿਹੜੇ ਲੋਕ ਆਪਣੇ ਲੀਡਰਾਂ ਨੂੰ ਵੰਗਾਰਦੇ ਹਨ, ਓਹ ਵੀ ਮਾਰੇ ਜਾਂਦੇ ਹਨ। ਇਕ ਗੱਲ ਖਾੜਕੂ ਲਹਿਰ ਦੇ ਮੁੱਢ ਤੋਂ ਹੁਣ ਤਕ ਸਪੱਸ਼ਟ ਹੈ ਕਿ ਜਿਹੜਾ ਵੀ ਇਸ ਨਾਲ ਜਾਂ ਏਸਦੇ ਤਰੀਕੀਆਂ ਨਾਲ ਸਹਿਮਤ ਨਹੀਂ ਹੋਵੇਗਾ ਉਹ ਰਾਹ ਵਿਚੋਂ ਰੋੜਾ ਸਮਝ ਕੇ ਹਟਾ ਦਿੱਤਾ ਜਾਵੇਗਾ। ਭਾਵ ਅਜਿਹੀ ਸਟੇਟ ਡੈਮੋਕ੍ਰੇਟਿਕ ਨਹੀਂ ਹੋਵੇਗੀ, ਤਾਂ ਫਿਰ ਉਸ ਵਿਚ ‘ਹਲੇਮੀ ਰਾਜ’ ਜਾਂ ‘ਬੇਗਮਪੁਰੇ’ ਦੀ ਸੰਭਾਵਨਾ ਹੈ ਹੀ ਕਿੱਥੇ?
ਕਈ ਵਰ੍ਹੇ ਪਹਿਲਾਂ ਮੈਂ ਆਪਣੇ ਨਵੇਂ ਘਰ ਦੀ ਰਜਿਸਟਰੀ ਕਰਵਾਉਣ ਲਈ ਟੋਰਾਂਟੋ ਦੇ ਇਕ ਵਕੀਲ ਕੋਲ ਗਿਆ। ਉਹ ਸਾਬਤ ਸੂਰਤ ਚੜ੍ਹਾਈ ਦਾੜ੍ਹੀ ਵਾਲੇ ਸਿੱਖ ਸਨ। ਗੱਲਾਂ ਵਿਚ ਪਤਾ ਲੱਗਾ ਕਿ ਉਹ ਕਿਸੇ ਸਮੇਂ ਪੀ ਸੀ ਐਸ ਅਫ਼ਸਰ ਰਹੇ ਸਨ ਪਰ ਛੱਡ ਕੇ ਪ੍ਰਾਈਵੇਟ ਸੈਕਟਰ ਵਿਚ ਨੌਕਰੀ ਕਰਨ ਚਲੇ ਗਏ। ਮੈਂ ਹੈਰਾਨੀ ਨਾਲ ਪੁੱਛਿਆ: ਤੁਸੀਂ ਪੰਜਾਬ ਕਿਉਂ ਛੱਡਿਆ? ਉਨ੍ਹਾਂ ਦੱਸਿਆ: ਮੈਂ ਚੰਡੀਗੜ੍ਹ ਵਿਚ ਵੱਡੇ ਮਹਿਕਮੇ ਦਾ ਸੈਕਟਰੀ ਸਾਂ। ਇਕ ਦਿਨ ਇਕ ਨਾਮੀ ਖਾੜਕੂ ਆਇਆ ਤੇ ਲੱਖ ਰੁਪਏ ਦੀ ਮੰਗ ਕੀਤੀ। ਅੱਸੀਵਿਆਂ ਵਿਚ ਲੱਖ ਰੁਪਇਆ ਵੱਡੀ ਰਕਮ ਸੀ। ਮੈਂ ਨਾਂਹ ਕਰਦਿਆਂ ਆਖਿਆ: ‘ਮੈਂ ਖ਼ੁਦ ਰਿਸ਼ਵਤ ਨਹੀਂ ਲੈਂਦਾ ਸੋ ਤੁਹਾਨੂੰ ਦੇਣ ਲਈ ਮੇਰੇ ਕੋਲ ਪੈਸੇ ਨਹੀਂ’। ਉਹ ਬੋਲਿਆ: ‘ਮਹਿਕਮੇ ਤੋਂ ਇਕੱਠਾ ਕਰਵਾ ਕੇ ਦਿਉ’। ਮੈਂ ਆਖਿਆ: ‘ਮੇਰੇ ਮਾਤਹਿਤ ਅਫ਼ਸਰ ਜਾਂ ਕਰਿੰਦੇ ਆਮ ਸਾਧਾਰਨ ਬੰਦਿਆਂ ਨੂੰ ਟੰਗ ਕੇ ਤਿੰਨ ਲੱਖ ਇਕੱਠਾ ਕਰ ਲੈਣਗੇ, ਜਿਸ ਵਿਚੋਂ ਲੱਖ ਰੁਪਈਆ ਮੈਨੂੰ ਦੇ ਦੇਣਗੇ। ਮੈਂ ਗਰੀਬ ਬੰਦਿਆਂ ਨਾਲ ਬੇਇਨਸਾਫ਼ੀ ਦਾ ਕਾਰਨ ਨਹੀਂ ਬਣਨਾ’। ਉਸ ਖਾੜਕੂ ਨੇ ਜੇਬ ਵਿਚੋਂ ਪਿਸਤੌਲ ਕੱਢ ਕੇ ਮੇਜ `ਤੇ ਰੱਖ ਦਿੱਤੀ ਤੇ ਪੁੱਛਿਆ: “ਪਤੈ ਏਹ ਕੀ ਹੈ”? ਮੈਂ ਖੱਬੀ ਜੇਬ ਵਿਚੋਂ ਰੁਮਾਲ ਤੇ ਸੱਜੇ ਹੱਥ ਨਾਲ ਦਰਾਜ ਵਿਚੋਂ ਨਿੱਕਾ ਪੇਚਕਸ ਕੱਢ ਕੇ ਮੇਜ `ਤੇ ਰੱਖ ਦਿੱਤਾ। ਉਸ ਭੌਂਚੱਕਾ ਹੋ ਕੇ ਪੁੱਛਿਆ: ਏਹ ਕੀ ਹੈ? ਮੈਂ ਆਖਿਆ: ‘ਆਪਣੇ ਹੱਥ ਨਾਲ ਏਹ ਰੁਮਾਲ ਮੇਰੀਆਂ ਅੱਖਾਂ `ਤੇ ਬੰਨ੍ਹ ਦੇਹ। ਮੈਂ ਬੰਦ ਅੱਖਾਂ ਨਾਲ ਤੇਰਾ ਪਿਸਤੌਲ ਪੁਰਜ਼ਾ ਪੁਰਜ਼ਾ ਖੋਲ੍ਹ ਕੇ ਏਸ ਮੇਜ `ਤੇ ਰੱਖ ਦਿਆਂਗਾ, ਫਿਰ ਬੰਦ ਅੱਖਾਂ ਨਾਲ ਹੀ ਸਾਰਾ ਮੁੜ ਕੇ ਜੋੜ ਦਿਆਂਗਾ। ਮੈਨੂੰ ਏਹਦੀ ਧਮਕੀ ਨਾ ਦੇਹ। ਮੈਂ ਪੰਜ ਸਾਲ ਫ਼ੌਜ ਦੀ ਨੌਕਰੀ ਕੀਤੀ ਹੈ’। ਉਹ ਬੰਦਾ ਚੁਪਚਾਪ ਪਿਸਤੌਲ ਆਪਣੀ ਜੇਬ ਵਿਚ ਪਾ ਕੇ ਚਲਾ ਗਿਆ। ਫਿਰ ਦੋ ਹਫ਼ਤੇ ਬਾਅਦ ਆਇਆ, ਜੇਬ ਵਿਚੋਂ ਇਕ ਕਾਗਜ਼ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤਾ। ਉਸ ਉਤੇ ਮੇਰੇ ਪਰਵਾਰ, ਬੱਚੇ, ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਪੰਦਰਾਂ ਕੁ ਨਾਂ ਟਿਕਾਣੇ ਸਕੂਲ ਜਾਂ ਪਤੇ ਸਨ। ਕਹਿਣ ਲੱਗਾ: “ਜਾਂ ਤਾਂ ਪੈਸੇ ਦਾ ਪ੍ਰਬੰਧ ਕਰ, ਨਹੀਂ ਤਾਂ ਇਕ ਇਕ ਕਰ ਕੇ ਏਨ੍ਹਾਂ ਨੂੰ ਚੁੱਕ ਦਿਆਂਗੇ”। ਮੈਂ ਪੁੱਛਿਆ: “ਹਾਲੇ ਖਾਲਿਸਤਾਨ ਬਣਿਆ ਨਹੀਂ, ਤੇ ਏਹ ਕੁਝ ਕਰ ਰਹੇ ਹੋ ਉਹ ਵੀ ਇਕ ਜ਼ਿੰਮੇਵਾਰ, ਕਾਬਲ ਤੇ ਬੇਕਸੂਰ ਸਿੱਖ ਨਾਲ, ਤੇ ਏਨੇ ਅਣਦਿਸਦੇ ਗਰੀਬ ਲੋਕਾਂ ਨਾਲ। ਜਦ ਖਾਲਿਸਤਾਨ ਬਣ ਗਿਆ ਤਾਂ ਕੀ ਕਰੋਗੇ”? ਉਹ ਹੱਸ ਕੇ ਬੋਲਿਆ: “ਜੋ ਜੀਅ ਕਰੇਗਾ, ਕਰਾਂਗੇ। ਮੈਂ ਛੇਤੀ ਆਵਾਂਗਾ ਪੈਸੇ ਲੈਣ”। ਉਹ ਬੂਹੇ ਵਿਚੋਂ ਬਾਹਰ ਨਿਕਲਿਆ ਤੇ ਮੈਂ ਆਪਣਾ ਅਸਤੀਫ਼ਾ ਲਿਖ ਕੇ ਦਫ਼ਤਰੋਂ ਬਾਹਰ ਨਿਕਲ ਗਿਆ। ਮੈਂ ਆਪਣੇ ਮਰਨ ਦਾ ਰਿਸਕ ਲੈ ਸਕਦਾ ਸਾਂ, ਆਪਣਿਆਂ ਦੇ ਮਰਨ ਦਾ ਵਸੀਲਾ ਨਹੀਂ ਸਾਂ ਬਣਨਾ ਚਾਹੁੰਦਾ। ਛੇ ਕੁ ਮਹੀਨੇ ਮਗਰੋਂ ਉਹਦੇ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਦੀ ਖ਼ਬਰ ਸੁਣੀ। ਜ਼ਾਹਰ ਸੀ ਉਹ ਖਾੜਕੂ ਹੀ ਸੀ, ਸਰਕਾਰੀ ਜਾਂ ਏਜੰਸੀ ਦਾ ਬੰਦਾ ਨਹੀਂ ਸੀ।’
ਏਦਾਂ ਜਾਪਦਾ ਹੈ ਕਿ ਕੱਟੜ ਸਿੱਖ ਹੁਣ ਗੁਰੂ ਨਾਨਕ ਨੂੰ, ਉਨ੍ਹਾਂ ਦੀ ਬਾਣੀ, ਉਪਦੇਸ਼ ਜਾਂ ਸਿੱਖਿਆਵਾਂ ਨੂੰ ਸਿਰਫ਼ ਆਪਣਾ ਚਿਹਰਾ ਸਾਫ਼ ਸੁਥਰਾ ਰੱਖਣ ਵਾਸਤੇ ‘ਵਾਲ-ਪੇਪਰ’ ਵਾਂਗ ਹੀ ਵਰਤਦੇ ਹਨ। ਉਨ੍ਹਾਂ ਦੇ ਖਾਲਸਾ-ਰਾਜ ਦਾ ਮਾਡਲ ਮਹਾਰਾਜਾ ਰਣਜੀਤ ਸਿੰਘ ਜਿਹਾ ਵੀ ਨਹੀਂ ਜਿਸ ਵਿਚ ਇਕ ਮੁਸਲਮਾਨ ਪ੍ਰਧਾਨ ਮੰਤਰੀ ਤੇ ਇਕ ਹਿੰਦੂ ਖਜ਼ਾਨਾ ਮੰਤਰੀ ਸੀ। ਏਨ੍ਹਾਂ ਦਾ ਮਾਡਲ ਇਸਲਾਮਿਕ ਸਟੇਟ ਵਾਲਾ ਹੈ ਜਿਸ ਵਿਚ ਆਪਣੀ ਰਾਏ ਜ਼ਾਹਰ ਕਰਨ ਦੀ ਕੋਈ ਸੁਤੰਤਰਤਾ ਨਹੀਂ ਤੇ ਅਸਹਿਮਤ ਬੰਦੇ ਨੂੰ ਪੱਥਰ ਕੋੜੇ ਮਾਰਨਾ, ਹੱਥ ਵੱਢਣਾ, ਸੂਲੀ ਟੰਗਣਾ ਜਾਂ ‘ਸੋਧ ਦੇਣ’ ਵਰਗੀਆਂ ਸਜ਼ਾਵਾਂ ਸਹਿਜ ਜਾਂ ‘ਸਿੰਬੌਲਿਕ’ ਕਾਰਵਾਈਆਂ ਵਜੋਂ ਦਿੱਤੀਆਂ ਜਾਣਗੀਆਂ। ਕਿੰਨੀ ਤ੍ਰਾਸਦਿਕ ਗੱਲ ਹੈ ਕਿ ਖਾੜਕੂ ਧਿਰਾਂ ਸਿੱਖਾਂ ਦੇ ਭਵਿੱਖ ਦਾ ਨਿਰਣਾ ਕਰਨ ਦਾ ਐਲਾਨ ਕਰਦੀਆਂ ਹਨ ਪਰ ਬਹੁ-ਗਿਣਤੀ ਸਿੱਖਾਂ ਨੂੰ ਹੀ ਇਸ ਵਿਚ ਬੋਲਣ ਦਾ ਕੋਈ ਹੱਕ ਨਹੀਂ ਦਿੰਦੀਆਂ।
ਕਈ ਸਾਲ ਪਹਿਲਾਂ ਮੈਂ ਟੋਰਾਂਟੋ ਦੀ ਸਾਹਿਤਕ ਸੰਸਥਾ ਦੀ ਮੀਟਿੰਗ ਵਿਚ ਇਕ ਬੰਦੇ ਨੂੰ ਮਿਲਿਆ ਜਿਹੜਾ ਹਿੰਦੁਸਤਾਨ ਦੀ ਇਕ ਵੱਡੀ ਤੇ ਪ੍ਰਸਿੱਧ ਯੂਨੀਵਰਸਿਟੀ ਵਿਚ ਬੋਧੀ ਵਿਭਾਗ ਦਾ ਹੈੱਡ ਸੀ। ਉਹ ਉੱਚਾ ਲੰਮਾ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਵਾਲਾ ਸਰਦਾਰ ਸੀ। ਵਾਰਤਾਲਾਪ ਵਿਚ ਮੈਂ ਪੁੱਛਿਆ: ‘ਬੁੱਧ ਧਰਮ ਵਿਚ ਕਿਵੇਂ ਦਿਲਚਸਪੀ ਹੋ ਗਈ’? ਉਹ ਬੋਲੇ: ‘ਕੋਈ ਖਾਸ ਦਿਲਸਚਪੀ ਨਹੀਂ ਸੀ। ਮੈਂ ਤਾਂ ਛੇਤੀ ਤੋਂ ਛੇਤੀ ਵਾਈਸ-ਚਾਂਸਲਰ ਬਣਨਾ ਚਾਹੁੰਦਾ ਸਾਂ। ਓਸ ਵਾਸਤੇ ਛੇਤੀ ਤੋਂ ਛੇਤੀ ਪ੍ਰੋਫ਼ੈਸਰ ਅਤੇ ਹੈੱਡ ਬਣਨਾ ਜ਼ਰੂਰੀ ਸੀ। ਅਜਿਹਾ ਮੌਕਾ ਸਭ ਤੋਂ ਵੱਧ ਬੋਧੀ-ਸਟੱਡੀਜ਼ ਵਿਭਾਗ ਵਿਚ ਹੀ ਸੀ। ਸੋ ਮੈਂ ਉਸ ਵਿਚ ਚਲਾ ਗਿਆ’! ਮੈਨੂੰ ਪਹਿਲਾਂ ਤਾਂ ਨਿਰਾਸ਼ਾ ਹੋਈ ਕਿ ਇਸ ਬੰਦੇ ਨੇ ਅਜਿਹੇ ਵੱਡੇ ਧਰਮ ਨੂੰ ਉਮਰ ਭਰ ਪੜ੍ਹਨ ਜਾਂ ਸਿੱਖਣ ਦੀ ਏਨੀ ਕੀਮਤੀ ਸੰਭਾਵਨਾ ਕਿੰਨੀ ਛੋਟੀ ਗੱਲ ਪਿੱਛੇ ਜ਼ਾਇਆ ਕਰ ਦਿੱਤੀ? ਫਿਰ ਮੈਨੂੰ ਉਸ ਦੇ ਸੱਚ ਬੋਲਣ ਲਈ ਆਦਰ ਵੀ ਮਹਿਸੂਸ ਹੋਇਆ ਕਿ ਉਹ ਮੇਰੇ ਵਰਗੇ ਨਿਤਾਂਤ ਅਣਜਾਣ ਬੰਦੇ ਨੂੰ ਪਹਿਲੀ ਵਾਰੀ ਮਿਲ ਕੇ ਵੀ ਆਪਣੇ ਗੰਭੀਰ ਵਿਦਵਾਨ ਹੋਣ ਦਾ ਪਾਖੰਡ ਨਹੀਂ ਸੀ ਕਰ ਰਿਹਾ।
ਗੱਲਾਂ ਗੱਲਾਂ ਵਿਚ ਮੈਂ ਪੁੱਛਿਆ: ‘ਬੋਧੀ ਬੰਦਿਆਂ ਨਾਲ ਮਿਲਣ ਵਰਤਣ ਦਾ ਤਜਰਬਾ ਕਿਵੇਂ ਸੀ’? ਉਨ੍ਹਾਂ ਦੱਸਿਆ: ‘ਮੈਂ ਇਕ ਵਾਰੀ ਛੁਟੀਆਂ ਕੱਟਣ ਲਈ ਕੋਲੰਬੋ ਵਿਖੇ ਸਥਿਤ ਵੱਡੇ ਬੋਧੀ ਮੱਠ ਵਿਚ ਦਸ ਕੁ ਦਿਨ ਰਿਹਾ। ਉਨ੍ਹਾਂ ਨੂੰ ਆਪਣੇ ਪਿਛੋਕੜ ਅਤੇ ਨੌਕਰੀ ਬਾਰੇ ਦੱਸਿਆ। ਰੋਜ਼ ਮੈਂ ਉਨ੍ਹਾਂ ਦੇ ਬੰਦਿਆਂ ਨਾਲ ਸਵੇਰੇ ਦਸ ਕੁ ਵਜੇ ਬਹਿਸ-ਮੁਬਾਹਸੇ ਲਈ ਬਹਿ ਜਾਂਦਾ ਜੋ ਤਿੰਨ ਚਾਰ ਵਜੇ ਤਕ ਚਲਦਾ। ਮੈਂ ਤਾਂ ਢਿੱਡੋਂ ਸਿੱਖ ਹਾਂ। ਆਪਣਾ ਤਾਂ ਬੁੱਧ ਧਰਮ ਵਿਚ ਕੋਈ ਵਿਸ਼ਵਾਸ ਹੀ ਨਹੀਂ। ਮੈਂ ਰੱਜ ਕੇ ਉਨ੍ਹਾਂ ਦੇ ਧਰਮ, ਸ਼ਾਸਤਰ, ਰਸਮਾਂ, ਤਪੱਸਿਆ, ਇਤਿਹਾਸ, ਕਥਾਵਾਂ, ਜਾਂ ਜੋ ਵੀ ਮੇਰੇ ਖਿਆਲ ਵਿਚ ਆਉਂਦਾ ਉਹਦੀ ਡਟ ਕੇ ਆਲੋਚਨਾ ਕਰਦਾ। ਕਈ ਵਾਰੀ ਤਾਂ ਮੇਰੀ ਬੋਲ-ਬਾਣੀ ਖਾਸੀ ਹਮਲਾਵਰ ਹੋ ਜਾਂਦੀ। ਮੈਂ ਉਨ੍ਹਾਂ ਨੂੰ ਰੱਜ ਕੇ ਦਸ ਦਿਨ ਪੁਣਿਆ, ਵਸ ਲੱਗੇ ਛੋਟਾ ਤੇ ਨੀਵਾਂ ਵੀ ਕੀਤਾ। ਪਰ ਉਹ ਅਜੀਬ ਲੋਕ ਸਨ। ਜਦ ਤਕ ਮੈਂ ਬੋਲਦਾ ਰਹਿੰਦਾ, ਜਿੰਨਾ ਚਿਰ ਚਾਹੇ ਬੋਲਦਾ ਰਹਿੰਦਾ, ਕਦੀ ਵਿਚੋਂ ਨਾ ਟੋਕਦੇ। ਬੜੇ ਧਿਆਨ ਨਾਲ ਸਾਰੀ ਗੱਲ ਸੁਣਦੇ। ਫਿਰ ਮੈਨੂੰ ਦਲੀਲ ਨਾਲ ਹਵਾਲੇ ਦੇ ਦੇ ਕੇ ਦੱਸਦੇ ਕਿ ਸਾਡੀ ਫ਼ਲਾਣੀ ਧਿਆਨ ਵਿਧੀ ਜਾਂ ਰਸਮ ਦੀ ਕੀ ਸਾਰਥਕਤਾ ਹੈ? ਏਹਦੇ ਨਾਲ ਸਰੀਰ ਜਾਂ ਮਨ `ਤੇ ਕੀ ਪ੍ਰਭਾਵ ਹੁੰਦੇ ਹਨ? ਜਾਂ ਸਾਡੀ ਕਿਸੇ ਚੋਣ ਦਾ ਇਤਿਹਾਸਕ ਕਾਰਨ ਕੀ ਸੀ? ਉਹ ਮੈਨੂੰ ਆਪਣੇ ਨਾਲ ਅਭਿਆਸ ਅਤੇ ਸਾਧਨਾ ਕਰਨ ਦਾ ਸੱਦਾ ਵੀ ਦਿੰਦੇ ਪਰ ਮਜਬੂਰ ਨਹੀਂ ਸੀ ਕਰਦੇ। ਮੈਂ ਭਾਵੇਂ ਕਿੰਨਾ ਉੱਚਾ ਬੋਲਾਂ, ਉਹ ਬੜੀ ਹਲੀਮੀ ਨਾਲ ਗੱਲ ਕਰਦੇ। ਜਦ ਜਾਣ ਦਾ ਦਿਨ ਆਇਆ ਤਾਂ ਮੈਨੂੰ ਜਾਪਿਆ ਏਹ ਹੁਣ ਮੈਨੂੰ ਕਦੀ ਏਥੇ ਨਾ ਵੜਨ ਦੇਣਗੇ। ਪਰ ਉਨ੍ਹਾਂ ਨੇ ਮੱਠ ਦੇ ਸਾਰੇ ਹੀ ਕੁਝ ਸੌ ਬੰਦਿਆਂ ਨੂੰ ਸੱਦ ਕੇ ਵੱਡਾ ਇਕੱਠ ਕੀਤਾ। ਮੱਠ ਵਿਚ ਆਪਣੇ ਹੱਥਾਂ ਨਾਲ ਬਣਾਈਆਂ ਦਸਤਕਾਰੀ ਦੀਆਂ ਕਿੰਨੀਆਂ ਹੀ ਵਸਤਾਂ ਮੈਨੂੰ ਤੋਹਫ਼ੇ ਵਜੋਂ ਭੇਟ ਕੀਤੀਆਂ। ਫਿਰ ਉਨ੍ਹਾਂ ਦੇ ਪ੍ਰਧਾਨ ਨੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ: ‘ਸਾਡਾ ਸੁਭਾਗ ਹੈ ਕਿ ਏਹ ਸਾਡੇ ਕੋਲ ਆ ਕੇ ਦਸ ਦਿਨ ਰਹੇ। ਏਨ੍ਹਾਂ ਸਾਡੇ ਵਿਚ ਪ੍ਰਚੱਲਤ ਕਿੰਨੀਆਂ ਹੀ ਕਮੀਆਂ ਵੱਲ ਸਾਡਾ ਧਿਆਨ ਦੁਆਇਆ। ਏਨ੍ਹਾਂ ਨਾਲ ਤਾਂ ਅਸੀਂ ਦੁਪਹਿਰ ਤਕ ਬਹਿੰਦੇ ਸਾਂ। ਫਿਰ ਅਸੀਂ ਸਾਰੇ ਜਣੇ ਆਪ ਅੱਧੀ ਰਾਤ ਤਕ ਬਹਿ ਕੇ ਏਨ੍ਹਾਂ ਦੀਆਂ ਗੱਲਾਂ ਬਾਰੇ ਵਿਚਾਰ ਕਰਦੇ ਸਾਂ। ਅਸੀਂ ਤਾਂ ਸਦੀਆਂ ਤੋਂ ਇਕੋ ਕਿਸਮ ਦੇ ਵਿਧੀ ਵਿਧਾਨ ਵਿਚ ਜੀਣ ਦੇ ਆਦੀ ਹੋ ਗਏ ਸਾਂ। ਅਸੀਂ ਅਹਿਸਾਨਮੰਦ ਹਾਂ – ਬਹੁਤ ਕਮਜ਼ੋਰੀਆਂ ਦੂਰ ਕਰਨ ਵਿਚ ਏਨ੍ਹਾਂ ਨੇ ਸਾਡੀ ਮਦਦ ਕੀਤੀ ਹੈ। ਸਾਡੀ ਇਨ੍ਹਾਂ ਨੂੰ ਬੇਨਤੀ ਹੈ ਕਿ ਜ਼ਰੂਰ-ਬਰ-ਜ਼ਰੂਰ ਦੁਬਾਰਾ ਵੀ ਆਉਣਾ। ਪਰ ਵੱਧ ਸਮੇਂ ਲਈ ਆਉਣ, ਘੱਟੋ ਘੱਟ ਮਹੀਨੇ ਭਰ ਲਈ। ਤਾਂ ਕਿ ਅਸੀਂ ਏਨ੍ਹਾਂ ਦੇ ਗਿਆਨ ਤੇ ਦ੍ਰਿਸ਼ਟੀਕੋਣ ਦਾ ਭਰਪੂਰ ਲਾਭ ਉਠਾਅ ਸਕੀਏ।’ ਮੈਂ ਆਪਣੇ ਆਪ `ਤੇ ਏਨਾ ਸ਼ਰਮਿੰਦਾ ਹੋ ਕੇ ਓਥੋਂ ਪਰਤਿਆ ਕਿ ਫੇਰ ਕਦੀ ਓਧਰ ਮੂੰਹ ਹੀ ਨਹੀਂ ਕੀਤਾ।’
ਸਿੱਖ ਅਰਦਾਸ ਵਿਚ ਸਦਾ ਵਿਵੇਕ ਦਾਨ ਦੀ ਮੰਗ ਕੀਤੀ ਜਾਂਦੀ ਹੈ। ਜਿਹੜਾ ਵਿਵੇਕ ਨਿਮਰਤਾ ਜਾਂ ਖਿਮਾ ਤੋਂ ਖ਼ਾਲੀ ਹੋਵੇ, ਉਹਨੂੰ ਵਿਵੇਕ ਕਿਹਾ ਹੀ ਕਿਵੇਂ ਜਾ ਸਕਦਾ ਹੈ? ਬਦਕਿਸਮਤੀ ਨਾਲ ਅਜਿਹੀ ਨਿਰਮਾਣਤਾ ਮੌਜੂਦਾ ਰਾਜਨੀਤਕ ਧਾਰਾ ਵਿਚੋਂ ਮਨਫ਼ੀ ਹੋ ਚੁੱਕੀ ਹੈ। ਅਸੀਂ ਓਪਰੇ ਕੀ, ਆਪਣੇ ਵੱਲੋਂ ਕੀਤੀ ਆਲੋਚਨਾ ਸੁਣਨ ਤੋਂ ਵੀ ਹੁਣ ਮੁਨਕਰ ਹਾਂ। ਧਰਮ ਸਦਾ ਜੰਗ ਨਾਲ ਨਹੀਂ ਬਚਦੇ, ਸ਼ਬਦ ਵਿਵੇਕ ਅਤੇ ਸਮੇਂ ਸਮੇਂ ਆਪਣੀ ਪਹੁੰਚ ਬਦਲਣ ਨਾਲ ਵੀ ਅਗਾਂਹ ਵਧਦੇ ਹਨ।
ਈਸਾਈ ਮੱਤ ਵਿਚ ਵਿਸ਼ਵਾਸ ਸੀ ਕਿ ਸਾਰੀ ਸ੍ਰਿਸ਼ਟੀ ਰੱਬ ਨੇ ਛੇ ਦਿਨਾਂ ਵਿਚ ਰਚ ਦਿੱਤੀ, ਸੱਤਵੇਂ ਦਿਨ ਆਰਾਮ ਫ਼ਰਮਾਇਆ। ਅਰਥਾਤ ਸ੍ਰਿਸ਼ਟੀ ਵਿਚ ਵਿਕਾਸ ਜਾਂ ਜੀਵ-ਵਿਕਾਸ ਨਹੀਂ ਹੋਇਆ। ਪਰ ਹੁਣ ਦੇ ਪੋਪ ਨੇ ਸਦੀਆਂ ਤੋਂ ਪ੍ਰਚੱਲਤ ਈਸਾਈ ਵਿਸ਼ਵਾਸ ਤਿਆਗਦਿਆਂ ਏਵੋਲਯੂਸ਼ਨ ਦੇ ਸਿਧਾਂਤ ਨੂੰ ਸਵੀਕਾਰ ਕਰ ਲਿਆ ਹੈ। ਏਵੇਂ ਹੀ ਪੋਪ ਨੇ ਸਮਲਿੰਗਕ ਰਿਸ਼ਤਿਆਂ ਨੂੰ ਸਵੀਕਾਰ ਕਰਦਿਆਂ ਕਿਹਾ: ਜੇ ਰੱਬ ਨੇ ਉਨ੍ਹਾਂ ਨੂੰ ਏਸ ਤਰ੍ਹਾਂ ਦਾ ਹੀ ਬਣਾਇਆ ਹੈ, ਤਾਂ ਅਸੀਂ ਉਹਦੀ ਰਜ਼ਾ ਵਿਚ ਰਾਜ਼ੀ ਹਾਂ। ਗੱਲ ਕਿਸੇ ਖਾਸ ਵਿਸ਼ਵਾਸ ਨੂੰ ਤੋੜਨ ਦੀ ਨਹੀਂ, ਸਮੇਂ ਅਨੁਸਾਰ ਆਪਣੇ ਵਿਸ਼ਵਾਸ ਨੂੰ ਇਤਿਹਾਸ ਨਾਲੋਂ ਅੱਡ ਕਰ ਕੇ ਅਤੇ ਨਵੀਂ ਨੀਤੀ ਘੜ ਕੇ ਆਪਣੇ ਧਰਮ ਦੀ ਸਾਰਥਿਕਤਾ ਬਣਾਈ ਰੱਖਣ ਤੇ ਉਹਦੀ ਉਮਰ ਲੰਮੀ ਕਰਨ ਦੀ ਹੈ।
ਕਹਿੰਦੇ ਹਨ ਕਿ ਸ਼ੰਕਰਾਚਾਰੀਆ ਦੇ ਪੈਰੋਕਾਰਾਂ ਨੇ ਬੋਧੀਆਂ ਨੂੰ ਜਿਊਂਦੇ ਸਾੜ ਸਾੜ ਭਾਰਤ ਵਿਚੋਂ ਕੱਢਿਆ। ਲੜਨ ਦੀ ਥਾਂ ਉਹ ਦੂਜੇ ਦੇਸਾਂ ਵਿਚ ਚਲੇ ਗਏ, ਪਰ ਆਪਣੇ ਸ਼ਬਦ ਨਾਲ ਜੁੜੇ ਰਹੇ। ਉਨ੍ਹਾਂ ਦਾ ਧਰਮ ਹਿੰਦੁਸਤਾਨ ਜਾਂ ਨੇਪਾਲ ਵਿਚ ਸੀਮਤ ਰਹਿਣ ਦੀ ਥਾਂ ਸਾਰੇ ਸੰਸਾਰ ਵਿਚ ਫੈਲ ਗਿਆ। ਪੱਛਮ ਵਿਚ ਜਦ ਕੋਈ ਈਸਾਈ ਬੰਦਾ ਹੋਰ ਕੋਈ ਧਰਮ ਅਪਨਾਉਣਾ ਚਾਹੁੰਦਾ ਹੈ ਤਾਂ ਬਹੁਤੀ ਵਾਰੀ ਬੁੱਧ ਧਰਮ ਵੱਲ ਸਭ ਤੋਂ ਪਹਿਲਾਂ ਜਾਂਦਾ ਹੈ। ਏਸਦੇ ਮੁਕਾਬਲੇ ਸਿੱਖ ਧਰਮ ਸਿੱਖਾਂ ਦੇ ਆਪਣੇ ਬੱਚਿਆਂ ਨੂੰ ਵੀ ਆਕਰਸ਼ਿਤ ਕਰਨੋਂ ਪੱਛੜ ਰਿਹਾ ਹੈ। ਏਸਦਾ ਇਕ ਵੱਡਾ ਕਾਰਨ ਬੁੱਧ ਧਰਮ ਵਿਚ ਵਾਰਤਾਲਾਪ ਦਲੀਲ ਅਤੇ ਤਜਰਬੇ ਦੀ ਸੁਤੰਤਰਤਾ ਮੌਜੂਦ ਹੋਣਾ ਹੈ। ਏਸਦੇ ਸਾਹਵੇਂ ਸਾਡੀ ਪਹੁੰਚ ਕੀ ਹੈ? ਸਾਡੇ ਸਿੱਖ ਚਿੰਤਕ ਸਾਨੂੰ ਕਿਹੜੇ ਔਜੜੇ ਰਾਹੀਂ ਧੱਕੀ ਜਾ ਰਹੇ ਹਨ।
‘ਆਰਸੀ’ ਪਰਚੇ ਦੇ ਬੰਦ ਹੋਣ ਦੇ ਸ਼ਾਇਦ ਆਖ਼ਰੀ ਵਰ੍ਹੇ ਵਿਚ ਸੰਨ 1982 ਦੇ ਲਾਗੇ-ਚਾਗੇ ਵਾਪਰੀ ਇਕ ਘਟਨਾ ਉਸਦੇ ਮੁੱਖ ਪੰਨੇ `ਤੇ ਛਪੀ ਸੀ। ਕੈਲਗਰੀ ਦੀ ਸਿੱਖ-ਸੰਗਤ ਨੇ ਖੁਸ਼ਵੰਤ ਸਿੰਘ ਨੂੰ ਬੁਲਾਇਆ। ਜਾਣ-ਪਛਾਣ ਕਰਵਾਉਂਦਿਆਂ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਨੇ ਕਿਹਾ: “ਪੰਜਾਬ ਤੋਂ ਸਾਨੂੰ ਬੁਰੀਆਂ ਕਨਸੋਆਂ ਤੇ ਖ਼ਬਰਾਂ ਆ ਰਹੀਆਂ ਹਨ। ਮੁਸ਼ਕਲ ਇਹ ਹੈ ਕਿ ਸਰਕਾਰੀ ਮੀਡੀਆ ਉਤੇ ਸਾਡਾ ਭਰੋਸਾ ਨਹੀਂ ਰਿਹਾ। ਸਾਨੂੰ ਪੰਜਾਬ ਬਾਰੇ ਅਜ ਦਾ ਸੱਚ ਜਾਣਨ ਲਈ ਕਿਸੇ ਅਜਿਹੇ ਬੰਦੇ ਦੀ ਭਾਲ ਸੀ ਜਿਹੜਾ ਸਿੱਖ ਹੋਵੇ, ਹਾਲਾਤ ਬਾਰੇ ਪੂਰੀ ਜਾਣਕਾਰੀ ਰਖਦਾ ਹੋਵੇ, ਤੇ ਨਿਰਪੱਖ ਹੋਵੇ। ਸਾਨੂੰ ਸ. ਖੁਸ਼ਵੰਤ ਸਿੰਘ ਹੀ ਅਜਿਹੇ ਸਭ ਤੋਂ ਯੋਗ ਬੰਦੇ ਲੱਭੇ। ਲਉ, ਹੁਣ ਤੁਸੀਂ ਏਨ੍ਹਾਂ ਦੇ ਵਿਚਾਰ ਸੁਣੋ।’
ਖੁਸ਼ਵੰਤ ਸਿੰਘ ਬੋਲਣ ਹੀ ਲੱਗਾ ਸੀ ਕਿ ਪਿੱਛੇ ਖੜੇ ਖਾੜਕੂ ਬੰਦਿਆਂ ਨੇ ਉੱਚੀ ਉੱਚੀ ਰੌਲ਼ਾ ਪਾਉਣਾ ਆਰੰਭ ਕਰ ਦਿੱਤਾ: ‘ਏਹਨੂੰ ਨਹੀਂ ਬੋਲਣ ਦੇਣਾ !’ ਸ਼ੋਰ ਬੇਕਾਬੂ ਹੋ ਗਿਆ ਤਾਂ ਪ੍ਰਧਾਨ ਨੇ ਸਟੇਜ `ਤੇ ਆ ਕੇ ਕਿਹਾ: “ਖੁਸ਼ਵੰਤ ਸਿੰਘ ਆਪਣੇ ਆਪ ਨਹੀਂ, ਸਾਡੀ ਬੇਨਤੀ `ਤੇ ਆਏ ਹਨ। ਤੁਸੀਂ ਪਹਿਲਾਂ ਇਨ੍ਹਾਂ ਦੀਆਂ ਦਲੀਲਾਂ ਸੁਣੋ, ਫਿਰ ਅਸੀਂ ਤੁਹਾਨੂੰ ਵੀ ਸਮਾਂ ਦੇਵਾਂਗੇ ਆਪਣੀ ਗੱਲ ਕਰਨ ਜਾਂ ਏਨ੍ਹਾਂ ਦੀ ਦਲੀਲ ਦਾ ਜੁਆਬ ਦੇਣ ਦਾ।’ ਉਹ ਬੰਦੇ ਬੋਲੇ: ‘ਓਏ, ਏਹਦੀ ਦਲੀਲ ਦਾ ਕੋਈ ਜੁਆਬ ਹੀ ਨਹੀਂ ਹੁੰਦਾ, ਏਸੇ ਕਰਕੇ ਤਾਂ ਏਹਨੂੰ ਬੋਲਣ ਨਹੀਂ ਦੇਣਾ!” ਪਰਚੇ ਵਿਚ ਇਸ ਘਟਨਾ ਦਾ ਸਿਰਲੇਖ ਸੀ: ‘ਖਾਲਿਸਤਾਨੀ ਦਲੀਲ’।
ਪੰਜਾਬ ਦੇ ਅਜੋਕੇ ਗਰਮ ਵਿਦਵਾਨ ਜਾਂ ਨੇਤਾ ਸਿਰਫ਼ ਲੜ ਮਰਨ ਨੂੰ ਹੀ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਵਜੋਂ ਪੇਸ਼ ਕਰ ਰਹੇ ਹਨ। ਅੰਗੇਰਜ਼ੀ ਦੀ ਕਹਾਵਤ ਹੈ: ‘ਜੇ ਤੁਹਾਡੇ ਹੱਥ ਵਿਚ ਇਕੋ ਇਕ ਸੰਦ ਹਥੌੜਾ ਹੀ ਹੋਵੇ, ਤਾਂ ਤੁਸੀਂ ਹਰ ਸਮੱਸਿਆਂ ਨੂੰ ਕਿੱਲ ਸਮਝਣ ਲੱਗ ਪਉਗੇ।’ ਅਰਥਾਤ: ‘ਠੋਕ ਦਿਓ’ ਹੀ ਸਾਡੀ ਸੋਚ-ਵਿਧੀ ਬਣ ਜਾਂਦੀ ਹੈ। ਅੱਜ ਦੇ ਪੰਜਾਬ ਨੂੰ ਏਵੇਂ ਦਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਜਾਪਦੀ ਹੈ ਕਿ – ਉਹ ਅੱਗ ਵਿਚ ਪੱਕੀ ਇੱਟ ਵਰਗਾ ਹੋ ਕੇ ਹਰ ਕਿਸੇ ਦੇ ਮੱਥੇ ਵਿਚ ਜਾ ਵੱਜੇ।
ਹਥਿਆਰ ਨੂੰ ਸਹੀ ਚੱਲਣ ਵਾਸਤੇ ਸ਼ਬਦ ਦੀ ਅਧੀਨਗੀ ਜ਼ਰੂਰੀ ਹੈ। ਵਰਨਾ ਅਸੀਂ ਓਨ੍ਹਾਂ ਵਰਗੇ ਹੀ ਬਣ ਜਾਂਦੇ ਹਾਂ ਜਿਨ੍ਹਾਂ ਵਿਰੁੱਧ ਅਸੀਂ ਲੜ ਰਹੇ ਹੁੰਦੇ ਹਾਂ। ਏਹਦੀ ਜਿਊਂਦੀ ਜਾਗਦੀ ਤੇ ਅਜੋਕੀ ਮਿਸਾਲ ਮੌਜੂਦਾ ਇਜ਼ਰਾਇਲੀ ਸਟੇਟ ਹੈ। ਸੱਠ ਲੱਖ ਦੀ ਗਿਣਤੀ ਵਿਚ ਹਿਟਲਰ ਹੱਥੋਂ ਮਰੇ ਯਹੂਦੀ ਨਿਰੰਤਰ ਹਥਿਆਰ ਨੂੰ ਹੀ ਹੱਲ ਵਜੋਂ ਸੋਚਣ ਸਦਕਾ ਅੱਜ ਗਰੀਬ ਫ਼ਲਸਤੀਨੀਆਂ ਲਈ ਖ਼ੁਦ ਹਿਟਲਰ ਬਣੇ ਹੋਏ ਹਨ। ਉਨ੍ਹਾਂ ਨੂੰ ਜੀਣ ਦੇ ਮੁਢਲੇ ਹੱਕ ਨਹੀਂ ਦੇ ਰਹੇ। ਜਦ ਤਾਈਂ ਸਾਰੀ ਯਹੂਦੀ ਵਸੋਂ ਨੂੰ ਕੋਵਿਡ ਦੇ ਦੋ ਟੀਕੇ ਨਹੀਂ ਲੱਗ ਗਏ, ਕਿਸੇ ਫ਼ਲਸਤੀਨੀ ਨੂੰ ਕੋਈ ਟੀਕਾ ਨਹੀਂ ਲੱਗਾ। ਫ਼ਲਸਤੀਨ ਸੰਸਾਰ ਦੀ ਸਭ ਤੋਂ ਵੱਡੀ ਅੱਧਖੁਲ੍ਹੀ ਜੇਲ੍ਹ ਬਣ ਗਿਆ ਹੋਇਆ ਹੈ। ਜਿਹੜਾ ਫ਼ਲਸਤੀਨੀ ਬਗਾਵਤ ਕਰੇ, ਉਹਨੂੰ ਮਾਰਨ ਪਿੱਛੋਂ ਉਹਦਾ ਘਰ ਚੂਨੇ ਨਾਲ ਭਰ ਦਿੱਤਾ ਜਾਂਦਾ ਹੈ, ਘਰ ਦੇ ਜੀਆਂ ਨੂੰ ਸਜ਼ਾ ਵਜੋਂ ਸਦਾ ਲਈ ਬੇਘਰ ਕਰ ਦਿੱਤਾ ਜਾਂਦਾ ਹੈ। ਸੋਚਵਾਨ ਯਹੂਦੀਆਂ ਨੂੰ ਆਪਣੇ ਦੇਸ ਵਿਚ ਹੀ ਹਾਸ਼ੀਏ `ਤੇ ਧੱਕ ਦਿੱਤਾ ਗਿਆ ਹੈ। ਜੇ ਇਕ ਜ਼ਾਲਮ ਨੂੰ ਮਾਰ ਕੇ ਉਸ ਤੋਂ ਵੱਡੇ ਜ਼ਾਲਮ ਨੇ ਪੈਦਾ ਹੋ ਜਾਣਾ ਹੈ ਤਾਂ ਫਿਰ ਅਜਿਹੀ ਤਬਦੀਲੀ ਦੀ ਸਾਰਥਕਤਾ ਹੀ ਕੀ ਹੈ? ਤਲਵਾਰ ਨੂੰ ਮਿਆਨ ਵਿਚ ਏਸ ਲਈ ਰੱਖਿਆ ਜਾਂਦਾ ਹੈ ਕਿ ਹਿੰਸਾ ਦੀ ਵੀ ਇਕ ਸੀਮਾ ਹੁੰਦੀ ਹੈ ਓਦੂੰ ਵੱਧ ਹਿੰਸਾ ਭੁਲੇਖੇ ਨਾਲ ਵੀ ਨਹੀਂ ਵਾਪਰ ਜਾਣੀ ਚਾਹੀਦੀ।
ਸਾਡੇ ਪਰਿਵਾਰ ਦੇ ਲੋਕ ਸਭ ਅਕਾਲੀ ਮੋਰਚਿਆਂ ਵਿਚ ਵਾਰ ਵਾਰ ਕੈਦ ਹੋਏ। ਮੇਰੇ ਨਾਨਾ ਜੀ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਨਾਨਕ-ਨਿਵਾਸ ਸਥਿਤ ‘ਦਰਬਾਰ’ ਵਿਚ ਉਨ੍ਹਾਂ ਦੇ ‘ਦਰਸ਼ਨਾਂ’ ਲਈ ਗਏ। ਭਿੰਡਰਾਂਵਾਲ਼ਿਆਂ ਨੇ ਪੁੱਛਿਆ: ਲੁਧਿਆਣੇ ਤੋਂ ਕੌਣ ਹੈ? ਮੇਰੇ ਨਾਨਾ ਜੀ ਅਤੇ ਇਕ ਹੋਰ ਬੰਦਾ ਖੜੇ ਹੋ ਗਏ। ਭਿੰਡਰਾਂਵਾਲੇ ਗਰਜੇ: ‘ਲੱਖ ਲਾਹਨਤ ਤੁਹਾਡੇ `ਤੇ। ਸੌ ਛਿੱਤਰ ਮਾਰਨਾ ਚਾਹੀਦਾ ਤੁਹਾਨੂੰ ਮੂੰਹ ਕਾਲ਼ਾ ਕਰ ਕੇ। ਅਵੱਲ ਤਾਂ ਮਾਰ ਹੀ ਦੇਣਾ ਚਾਹੀਦਾ ਤੁਹਾਡੇ ਵਰਗੇ ਨਿਕੰਮੇ ਤੇ ਬੇਗੈਰਤਾਂ ਨੂੰ। ਨਨਕਾਣਾ ਸਾਹਿਬ ਦੇ ਸਾਕੇ ਦਾ ਜ਼ਿੰਮੇਵਾਰ ਮਹੰਤ ਨਾਰਾਇਣ ਦਾਸ ਆਜ਼ਾਦੀ ਮਗਰੋਂ ਕਈ ਸਾਲ ਤੁਹਾਡੇ ਜ਼ਿਲ੍ਹੇ ਵਿਚ ਰਹਿੰਦਾ ਰਿਹਾ। ਤੁਹਾਥੋਂ ਉਹਨੂੰ ਗੋਲ਼ੀ ਕਿਉਂ ਨਾ ਮਾਰੀ ਗਈ?”
ਭਿੰਡਰਾਂਵਾਲ਼ਿਆਂ ਦਾ ਜ਼ਿਕਰ ਸੰਤ ਦੇ ਖਿਤਾਬ ਨਾਲ ਕੀਤਾ ਜਾਂਦਾ ਹੈ। ਪੂਰਬ ਦੀ ਅਧਿਆਤਮ ਧਾਰਾ ਵਿਚ ਦੋ ਸ਼ਬਦ ਹਨ ਸਾਧ ਤੇ ਸੰਤ। ਸਾਧ ਦਾ ਅਰਥ ਹੈ ਜਿਸ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਾਂ ਹਿੰਸਾ ਹਾਲੇ ਜਿਉਂਦੀ ਹੈ, ਕਈ ਵਾਰੀ ਜਾਗਦੀ ਵੀ ਹੈ, ਪਰ ਉਹ ਆਪਣੇ ਆਪ ਨੂੰ ਏਨ੍ਹਾਂ ਦਾ ਹੁਕਮ ਮੰਨਣੋਂ ਰੋਕ ਲੈਂਦਾ ਹੈ ਕਿਉਂਕਿ ਓਸਨੇ ਆਪਣੇ ਮਨ ਨੂੰ ‘ਸਾਧ’ ਲਿਆ ਹੈ। ਸੰਤ ਉਹ ਹੈ, ਜਿਸ ਅੰਦਰੋਂ ਇਹ ਸਭ ਭਾਵਨਾਵਾਂ ਵਿਦਾ ਹੋ ਚੁੱਕੀਆਂ ਹਨ। ਉਸ ਅੰਦਰ ਹਿੰਸਾ ਹੁਣ ਉਠਦੀ ਹੀ ਨਹੀਂ। ਸੰਤ-ਸਿਪਾਹੀ ਦੀ ਭਾਵਨਾ ਅਨੁਸਾਰ ਉਹ ਲੜੇ ਵੀ ਤਾਂ ਸਿਰਫ਼ ਬਚਾਅ ਵਾਸਤੇ ਲੜਦਾ ਹੈ, ਹਿੰਸਾ ਦਾ ਰਸ ਲੈਣ ਲਈ ਨਹੀਂ, ਤੇ ਲੋੜੋਂ ਵੱਧ ਉਹ ਤਿਲ-ਭਰ ਵੀ ਹਿੰਸਾ ਨਹੀਂ ਕਰਦਾ। ਨਨਕਾਣਾ ਸਾਹਿਬ ਦੇ ਸਾਕੇ ਵਿਚ ਕੁਰਬਾਨ ਹੋਣ ਵਾਲ਼ੇ ਸਿੱਖ ਕਿਸੇ ਨੂੰ ਮਾਰਨ ਨਹੀਂ, ਆਪਣੇ ਗੁਰਧਾਮ ਨੂੰ ਵਿਲਾਸੀ ਮਹੰਤ ਦੇ ਕਬਜ਼ੇ ਵਿਚੋਂ ਛੁਡਾਉਣ ਗਏ ਸਨ। ਗੁਰਧਾਮ ਸੁਤੰਤਰ ਹੋ ਗਿਆ ਤਾਂ ਉਨ੍ਹਾਂ ਦਾ ਕਾਰਜ ਪੂਰਾ ਹੋ ਗਿਆ। ਮਹੰਤ ਨੂੰ ਮਾਰਨਾ ਉਨ੍ਹਾਂ ਦਾ ਮਕਸਦ ਨਹੀਂ ਸੀ, ਇਸ ਲਈ ਉਸਦੇ ਪਿੱਛੇ ਨਹੀਂ ਗਏ। ਬਿਬੇਕ ਦਾਨ ਮੰਗਣ ਜਾਂ ਉਸ ਨਾਲ ਜੀਣ ਵਾਲੇ ਲੋਕ ਏਵੇਂ ਹੀ ਕਰਦੇ ਹਨ।
ਨਨਕਾਣਾ ਸਾਹਿਬ ਵਿਚ ਸ਼ਹੀਦ ਹੋਣ ਵਾਲੇ ਸਿੱਖਾਂ ਨੂੰ ਵੀ ਗੋਲ਼ੀ ਚਲਾਉਣੀ ਆਉਂਦੀ ਹੋਵੇਗੀ। ਗੁਰਧਾਮ ਦੀ ਆਜ਼ਾਦੀ ਲਈ ਉਨ੍ਹਾਂ ਇਹ ਰਾਹ ਨਹੀਂ ਚੁਣਿਆ। ਕਿਸਾਨ ਮੋਰਚੇ ਵਿਚ ਮਹੀਨਿਆਂ ਬੱਧੀ ਪਹਿਰੇ `ਤੇ ਖੜੇ ਪੰਜਾਬ, ਹਰਿਆਣੇ ਯੂਪੀ ਦੇ ਪੇਂਡੂ ਲੋਕਾਂ ਵਿਚੋਂ ਵੀ ਬਹੁਤ ਸਾਰਿਆਂ ਨੂੰ ਗੋਲ਼ੀ ਚਲਾਉਣੀ ਆਉਂਦੀ ਹੋਵੇਗੀ। ਉਨ੍ਹਾਂ ਵੀ ਇਹ ਰਾਹ ਨਹੀਂ ਚੁਣਿਆ। ਹਰ ਜੰਗ ਹਥਿਆਰ ਨਾਲ਼ ਜਾਂ ਦੂਜਿਆਂ ਨੂੰ ਪੈਰਾਂ ਹੇਠ ਦੇ ਦੇ, ਦਾਬੇ ਮਾਰ ਮਾਰ ਜਾਂ ਅਪਮਾਨ ਕਰ ਕਰ ਨਹੀਂ ਲੜੀ ਜਾਂਦੀ। ਦੁਸ਼ਮਣ ਦੀ ਅੱਖ ਵਿਚ ਅੱਖ ਪਾ ਕੇ ਅਡੋਲ ਖਲੋਤਾ ਨਿਹੱਥਾ ਸ਼ਾਂਤ ਮਨੁੱਖ ਵੀ ਆਪਣੇ ਆਪ ਵਿਚ ਹਥਿਆਰ ਹੁੰਦਾ ਹੈ।
ਹਥਿਆਰ ਪੰਜਾਬ ਦਾ ਸਰੀਰ ਹੋਵੇਗਾ, ਪਰ ਏਹਦੀ ਰੂਹ ਸ਼ਬਦ ਦੀ ਬਣੀ ਹੋਈ ਹੈ। ਏਹ ਸ਼ਬਦ ਪੰਜਾਬ ਦੀ ਜੜ੍ਹ ਵਿਚ ਸੂਫ਼ੀ ਬਾਬਿਆਂ, ਭਗਤਾਂ ਤੇ ਗੁਰੂ ਬਾਬਿਆਂ ਰਲ ਕੇ ਪਾਇਆ ਹੈ। ਪੰਜਾਬ ਨੂੰ ਸ਼ਸਤਰਾਂ ਨੇ ਭੂਤਕਾਲ ਵਿਚ ਬਚਾਇਆ ਵੀ ਹੈ ਪਰ ਲੂਹਿਆ ਵੀ ਹੈ। ਹਾਂ, ਸ਼ਬਦ ਨੇ ਸਦਾ ਬਚਾਇਆ ਹੈ। ਪਰ ਹੁਣ ਦਾ ਪੰਜਾਬ ਸ਼ਬਦ, ਵਿਚਾਰ, ਵਾਰਤਾਲਾਪ, ਸੋਚ, ਸੁਹਿਰਦਤਾ ਅਤੇ ਸਦਭਾਵਨਾ ਤੋਂ ਪਰ੍ਹੇ ਤਿਲਕਦਾ ਜਾਂਦਾ ਦਿਸਦਾ ਹੈ। ਏਦਾਂ ਕਰਨ ਦਾ ਨਤੀਜਾ ਅਸੀਂ ਨਾ-ਮੁੜਨ-ਯੋਗ ਤਰੀਕੇ ਨਾਲ ਭੁਗਤ ਚੁੱਕੇ ਹਾਂ, ਪਰ ਸੋਚਣ, ਸਮਝਣ ਸੁਣਨ ਜਾਂ ਮੰਨਣ ਲਈ ਹਾਲੇ ਵੀ ਤਿਆਰ ਨਹੀਂ।
ਸੰਨ 1982 ਵਿਚ ਮੈਂ ਝੋਨੇ ਦੀ ਦੁਆਈ ‘ਮਚੈਟੀ’ ਦਾ ਸਰਵੇਅ ਕਰਨ ਲਈ ਤਰਨਤਾਰਨ ਦੇ ਪੰਜ ਪਿੰਡਾਂ ਵਿਚ ਗਿਆ। ਏਦੂੰ ਪਹਿਲਾਂ ਮੈਂ ਮਾਝੇ ਦੇ ਪਿੰਡਾਂ ਵਿਚ ਨਹੀਂ ਸਾਂ ਵਿਚਰਿਆ। ਪਹਿਲੇ ਦਿਨ ਰਜਿਸਟਰ ਅਨੁਸਾਰ ਮੈਂ ਪਾਲ ਸਿੰਘ ਦੇ ਘਰ ਜਾਣਾ ਸੀ। ਬੱਸ ਤੋਂ ਉਤਰ ਕੇ ਮੈਂ ਪਿੰਡ ਦੇ ਚੌਕ ਵਿਚ ਪੂਰੇ ਨੀਲੇ ਬਾਣੇ ਵਿਚ ਸਜੇ ਖੁੱਲ੍ਹੇ ਦਾੜ੍ਹੇ ਵਾਲੇ ਬਜ਼ੁਰਗ ਨੂੰ ਪੁੱਛਿਆ: ‘ਪਾਲ ਸਿੰਘ ਦਾ ਘਰ ਕਿੱਧਰ ਹੈ’? 80 ਵਰ੍ਹਿਆਂ ਦੇ ਬਜ਼ੁਰਗ ਨੇ ਦੋਵੇਂ ਹੱਥ ਜੋੜ ਕੇ ਕਿਹਾ: ‘ਸਤਿ ਸ੍ਰੀ ਅਕਾਲ ਬੇਟਾ ਜੀ। ਜੀ ਆਇਆਂ ਨੂੰ ਸਾਡੇ ਪਿੰਡ ਵਿਚ। ਰਾਹ ਵਿਚ ਪਹਿਲਾਂ ਮੇਰਾ ਘਰ ਆਉਂਦਾ ਹੈ। ਗਰਮੀ ਦਾ ਦਿਨ ਏ। ਲੱਸੀ ਪੀ ਕੇ, ਝੱਟ ਆਰਾਮ ਕਰੋ। ਫਿਰ ਪਾਲ ਸੁੰਹ ਦੇ ਘਰ ਮੈਂ ਤੁਹਾਨੂੰ ਆਪ ਛੱਡ ਆਵਾਂਗਾ।’ ਸ਼ਹਿਰ ਵਿਚ ਜੰਮੇ ਪਲੇ, ਪਿੰਡ ਦੀ ਤਹਿਜ਼ੀਬ ਅਤੇ ਭਾਸ਼ਾ ਤੋਂ ਉੱਕੇ ਹੀ ਕੋਰੇ ਮੇਰੇ ਵਰਗੇ ਮੁੰਡੇ ਖੁੰਡੇ ਲਈ ਮਾਝੇ ਦੇ ਪਿੰਡ ਵਿਚ ਜੀਣ ਵਰਤਣ ਦਾ ਇਹ ਪਹਿਲਾ ਸਬਕ ਸੀ। ਉਸ ਮਗਰੋਂ ਮੈਂ ਜਿਸ ਵੀ ਪਿੰਡ ਗਿਆ, ਜਿਸਨੂੰ ਵੀ ਮਿਲਿਆ, ਪਹਿਲਾਂ ਆਦਰ ਨਾਲ ਫ਼ਤਹਿ ਬੁਲਾਅ ਕੇ ਮਿਲਿਆ।
ਫ਼ਾਸਟ ਫ਼ਾਰਵਰਡ ਕਰਾਂ ਤਾਂ ਸੰਨ 1991 ਦਾ ਚਿੱਤਰ ਅੱਖਾਂ ਅੱਗੇ ਆਉਂਦਾ ਹੈ। ਲੁਧਿਆਣੇ ਬੱਸ ਅੱਡੇ ਲਾਗਲੇ ਰੇਲਵੇ ਫ਼ਾਟਕ ਕੋਲ 70 ਵਰ੍ਹਿਆਂ ਦਾ ਗਰੀਬੜਾ ਜਿਹਾ ਸਿੱਖ ਬਜ਼ੁਰਗ ਸੜਕ ਪਾਰ ਕਰਨ ਲਈ ਰੁਕਿਆ ਹੋਇਆ ਸੀ। ਦੁਪਹਿਰ 3 ਵਜੇ ਦਾ ਟ੍ਰੈਫ਼ਿਕ ਉਹਨੂੰ ਰਾਹ ਨਹੀਂ ਸੀ ਦੇ ਰਿਹਾ। ਉਹਨੂੰ ਮਾਮੂਲੀ ਜਿਹੀ ਥਾਂ ਦਿਸੀ ਤਾਂ ਭੱਜ ਕੇ ਸੜਕ ਪਾਰ ਕਰਨ ਲੱਗਾ। ਸਕੂਟਰ `ਤੇ ਸੁਆਰ ਦੋ ਜੁਆਨ ਸਿੱਖ ਮੁੰਡੇ ਤੇਜ਼ੀ ਨਾਲ ਆਏ। ਡਰਾਈਵ ਕਰਦੇ ਮੁੰਡੇ ਨੇ ਸਕੂਟਰ ਨੂੰ ਮੋੜਾ ਦੇ ਕੇ ਬਜ਼ੁਰਗ ਲਾਗੋਂ ਕੱਢਿਆ। ਪਿੱਛੇ ਬੈਠੇ ਸਿੱਖ ਮੁੰਡੇ ਨੇ ਵੱਟ ਕੇ ਬਜ਼ੁਰਗ ਦੇ ਮੂੰਹ `ਤੇ ਚਪੇੜ ਮਾਰੀ ਤੇ ਮਾਂ-ਭੈਣ ਦੀਆਂ ਗਾਲ਼ਾਂ ਕੱਢੀਆਂ। ਰਫ਼ਤਾਰ `ਤੇ ਆਉਂਦੇ ਸਕੂਟਰ ਦੇ ਨਾਲ਼ ਨਾਲ਼ ਉਸ `ਤੇ ਬੈਠੇ ਬੰਦੇ ਦੀ ਚਪੇੜ ਵਿਚ ਵੀ ਚੋਖੀ ਰਫ਼ਤਾਰ ਸੀ। ਬਜ਼ੁਰਗ ਮੂਧੇ ਮੂੰਹ ਸੜਕ `ਤੇ ਡਿੱਗਾ, ਉਹਦੀ ਪੱਗ ਲਹਿ ਗਈ ਤੇ ਕੋਲੋਂ ਲੰਘਦੇ ਟਰੱਕ ਹੇਠ ਆਉਣੋਂ ਮਸਾਂ ਬਚਿਆ। ਸੰਨ 1995 ਵਿਚ ਪੀਏਯੂ ਵਿਖੇ ਸਾਡੀ ਕਾਨਫ਼ਰੰਸ ਲਈ ਪਰਚਾ ਛਾਪਣ ਵਾਲਾ ਪ੍ਰਿੰਟਰ ਬੰਦਾ ਲੁਧਿਆਣੇ ਦੇ ਰਣਧੀਰ ਸਿੰਘ ਨਗਰ ਘਰ ਜਾਂਦਿਆਂ ਸ਼ਾਮੀਂ 8 ਵਜੇ ਆਪਣੇ ਸਕੂਟਰ ਤੋਂ ਡਿੱਗ ਪਿਆ, ਉਹਦੀ ਲੱਤ ਟੁੱਟ ਗਈ। ਉਹਦੇ ਲਾਗਿਓਂ ਕਈ ਬੰਦੇ ਲੰਘੇ, ਪਰ ਪਹਿਲਾ ਬੰਦਾ ਜਦ ਆ ਕੇ ਉਸ ਕੋਲ ਮਦਦ ਲਈ ਰੁਕਿਆ ਤਾਂ ਰਾਤ ਦੇ ਸਾਢੇ ਯਾਰਾਂ ਵੱਜ ਚੁੱਕੇ ਸਨ।
1992 ਜਾਂ ਉਸ ਮਗਰੋਂ ਦਾ ਇਹ ਉਹ ਪੰਜਾਬ ਨਹੀਂ ਜਿਸ ਵਿਚ ਮੈਂ ਜੰਮਿਆਂ ਸਾਂ। ਜਾਂ ਜਿਸ ਵਿਚ ਖਾੜਕੂ ਸੁਖਦੇਵ ਸਿੰਘ ਝਾਮਕੇ ਦੇ ਪਿੰਡ ਦੇ ਹਿੰਦੂ ਨੰਬਰਦਾਰ ਨੇ ਮਚੈਟੀ ਦਾ ਸਰਵੇਅ ਕਰਦਿਆਂ ਮੇਰੇ ਸੰਗਦਿਆਂ ਵੀ ਮੇਰੀ ਕਮੀਜ਼ ਧੱਕੇ ਨਾਲ ਲੁਹਾ ਕੇ ਉਹਦੀ ਪਾਟੀ ਜੇਬ ਆਪਣੀ ਘਰ ਵਾਲੀ ਕੋਲੋਂ ਤਰੋਪਾ ਭਰਵਾਅ ਕੇ ਦਿੱਤੀ ਸੀ। ਤੇ ਕਿਸੇ ਹੋਰ ਜੱਟ ਨੇ ਮੈਨੂੰ ਭੁੱਖਾ ਵੇਖ ਕੇ ਘਰ ਵਾਲੀ ਨੂੰ ਕਿਹਾ ਸੀ: ‘ਸ਼ਹਿਰੋਂ ਆਇਐ। ਕੱਲ੍ਹੀ ਦਾਲ ਨਾ ਦੇਈਂ। ਮੁੰਡੇ ਲਈ ਆਂਡਿਆਂ ਦੀ ਭੁਰਜੀ ਬਣਾ ਦੇ।’ ਮੈਂ ਤਾਂ ਓਸ ਪੰਜਾਬ ਵਿਚ ਜੰਮਿਆ ਸਾਂ ਜਿਸ ਦੇ ਰਿਸ਼ੀ ਬਾਲਮੀਕ ਨੇ ਅਗਨੀ-ਪ੍ਰੀਖਿਆ ਵਿਚ ਸੁੱਚੀ ਹੋ ਕੇ ਨਿਕਲਣ ਮਗਰੋਂ ਵੀ ਬਨਬਾਸੀ ਹੋਈ ਗਰਭਵਤੀ ਮਾਂ ਸੀਤਾ ਨੂੰ ਓਟ ਆਸਰਾ ਦਿੱਤਾ ਸੀ। ਚੌਦਾਂ ਵਰ੍ਹੇ ਮੱਚੀ ਖਾੜਕੂ ਅੱਗ ਨਾਲ ਪੰਜਾਬ ਦੇ ਹੱਕ ਤਾਂ ਨਹੀਂ ਮਿਲੇ, ਦੁੱਖ ਤਾਂ ਨਹੀਂ ਘਟਿਆ, ਪਰ ਸਦੀਆਂ ਲਾ ਕੇ ਪੰਜਾਬ ਨੇ ਭਾਈਚਾਰੇ, ਸੁਹਿਰਦਤਾ, ਨਿਤਾਣੇ ਦੀ ਰਾਖੀ, ਬਜ਼ੁਰਗ ਦੇ ਆਦਰ, ਇਸਤਰੀ ਦੀ ਪੱਤ ਰੱਖਣ ਦਾ ਜਿਹੜਾ ਸਭਿਆਚਾਰ ਰਚਿਆ ਸੀ ਉਹ ਵੀ ਤੀਲਾ ਤੀਲਾ ਹੋ ਗਿਆ। ਹੋਰ ਤਾਂ ਹੋਰ, ਲੋਕਾਂ ਹੱਥੋਂ ਆਪਣੇ ਹੀ ਘਰਾਂ ਦੇ ਵਿਹੜਿਆਂ ਅਤੇ ਛੱਤਾਂ `ਤੇ ਸੌਣਾ ਤਕ ਖੁੱਸ ਗਿਆ। ਏਨੀ ਸੁਤੰਤਰਤਾ ਵੀ ਨਾ ਰਹੀ। ਜੋ ਕੁਝ ਮਾੜਾ ਮੋਟਾ ਹਾਲੇ ਬਚ ਗਿਆ ਹੈ, ਅੱਗ ਲਾਉਣ ਦੀ ਨਵੀਂ ਕੋਸ਼ਿਸ਼ ਵਿਚ ਉਹ ਵੀ ਸ਼ਾਇਦ ਬਲ਼ ਜਾਵੇ।
ਸੰਨ ਸੰਤਾਲ਼ੀ ਦੀ ਆਜ਼ਾਦੀ ਤੋਂ ਕਈ ਵਰ੍ਹੇ ਪਹਿਲਾਂ ਦੀ ਗੱਲ ਹੈ। ਸਾਡਾ ਪਿੰਡ ਜ਼ਿਲ੍ਹਾ ਸ਼ੇਖੂਪੁਰੇ ਵਿਚ ਸੀ। ਚੋਖੀ ਜ਼ਮੀਨ ਸੀ। ਇਕ ਦਿਨ ਸਵੇਰਸਾਰ ਇਕ ਬੰਦਾ ਬਲ਼ਦ ਦਾ ਰੱਸਾ ਫ਼ੜੀ ਸਾਡੇ ਘਰ ਆਇਆ। ਮੇਰੀ ਦਾਦੀ ਦੇ ਸਿਰ `ਤੇ ਪਿਆਰ ਦਿੱਤਾ। ਫਿਰ ਖੇਤ ਵਿਚ ਮੇਰੇ ਦਾਦਾ ਜੀ ਸ. ਸ਼ੇਰ ਸਿੰਘ ਨੂੰ ਮਿਲ ਕੇ ਬੋਲਿਆ: ‘ਮੈਂ ਤੇਰੇ ਸਹੁਰੇ ਪਿੰਡੋਂ ਹਾਂ, ਏਸ ਨਾਤੇ ਤੇਰੇ ਘਰ ਨੂੰ ਆਪਣੀ ਭੈਣ ਦਾ ਘਰ ਜਾਣ ਕੇ ਤੇਰੇ ਕੋਲ ਰਹਿਣ ਆਇਆਂ’। ਦਾਦਾ ਜੀ ਨੇ ਕਿਹਾ: ‘ਜੰਮ ਜੰਮ ਰਹੋ, ਜਿੰਨਾ ਚਿਰ ਜੀਅ ਕਰੇ’। ਉਹ ਬੋਲਿਆ: ‘ਮੈਂ ਡਾਕੂਆਂ ਦਾ ਸਾਥੀ ਹਾਂ। ਅਸੀਂ ਲਾਇਲਪੁਰ ਦੀ ਜੇਲ੍ਹ ਤੋੜ ਕੇ ਅੱਡੋ ਅੱਡ ਦਿਸ਼ਾ ਵਿਚ ਭੱਜੇ ਹਾਂ। ਮੈਂ ਪੁਲਸ ਦੀ ਘੋੜੀ ਕੱਢੀ ਤੇ ਨਿਕਲਿਆ। ਉਨ੍ਹਾਂ ਮੇਰਾ ਖੁਰਾ ਨੱਪਿਆ। ਰਾਹ ਵਿਚ ਮੈਂ ਕਿਸੇ ਕੋਲੋਂ ਘੋੜੀ ਵੱਟੇ ਬਲ਼ਦ ਲੈ ਲਿਆ। ਮੈਂ ਠਾਣੇ ਅੱਗੋਂ ਵੀ ਲੰਘਿਆ ਤਾਂ ਉਨ੍ਹਾਂ ਸ਼ੱਕ ਨਾ ਕੀਤਾ। ਪਰ ਹੁਣ ਮੈਂ ਥੱਕ ਗਿਆਂ। ਡਾਕੇ ਨਹੀਂ ਮਾਰਨਾ ਚਾਹੁੰਦਾ, ਚੈਨ ਨਾਲ ਰਹਿਣਾ ਚਾਹੁੰਦਾਂ। ਮੇਰਾ ਤੇਰੇ ਘਰ ਕਿੰਨਾ ਚਿਰ ਰਹਿਣ ਦਾ ਸੁਆਲ ਨਹੀਂ, ਮੈਂ ਸਦਾ ਲਈ ਰਹਿਣਾ ਹੈ। ਜੇ ਤੂੰ ਆਸਰਾ ਨਹੀਂ ਦੇ ਸਕਦਾ ਤਾਂ ਕੋਈ ਗੱਲ ਨਹੀਂ।’ ਦਾਦਾ ਜੀ ਨੇ ਕਿਹਾ: ‘ਮੈਨੂੰ ਇਤਰਾਜ਼ ਨਹੀਂ, ਪਰ ਸਾਂਝਾ ਘਰ ਹੈ, ਵੱਡੇ ਭਰਾਵਾਂ ਨੂੰ ਪੁੱਛਣਾ ਪਏਗਾ’। ਵਿਚਕਾਰਲੇ ਭਰਾ ਸੁੰਦਰ ਸਿੰਘ ਨੇ ਕਿਹਾ: ‘ਸ਼ਰਨ ਆਏ ਦੀ ਲਾਜ ਰੱਖਣੀ ਪੈਣੀ ਹੈ, ਉਹ ਭਾਵੇਂ ਡਾਕੂ ਹੋਵੇ। ਗੁਰਾਂ ਦਾ ਹੁਕਮ ਹੈ।’ ਵੱਡੇ ਭਰਾ ਲਾਲ ਸਿੰਘ ਨੇ ਆਖਿਆ: ‘ਏਹਦਾ ਨਾਉਂ ਮੇਰੇ ਵਾਂਗ ਲਾਲ ਸਿੰਘ ਰੱਖ ਦਿਓ। ਜਿੱਥੇ ਕਿਤੇ ਗੱਲ ਹੋਵੇਗੀ, ਲੋਕਾਂ ਨੂੰ ਜਾਪੇਗਾ ਮੇਰਾ ਜ਼ਿਕਰ ਹੋ ਰਿਹੈ। ਏਦਾਂ ਇਹ ਤੁਰਿਆ ਫਿਰਿਆ ਵੀ ਲੁਕਿਆ ਰਹੇਗਾ।’ ਉਹ ਬੰਦਾ ਨੌਂ ਸਾਲ਼ ਸਾਡੇ ਘਰ ਰਿਹਾ। ਘਰ ਖੇਤ ਦਾ ਹਰ ਕੰਮ ਕਰਦਾ। ਅੱਖ ਸਦਾ ਨੀਵੀਂ ਰਖਦਾ। ਘਰ ਦੇ ਜਾਂ ਪਿੰਡ ਦੇ ਕਿਸੇ ਬੰਦੇ ਨੂੰ ਉਹਦੇ ਕੋਲੋਂ ਸ਼ਿਕਾਇਤ ਨਹੀਂ ਹੋਈ। ਪਰ ਬੜਾ ਬਾਗੀ ਤੇ ਜ਼ਿੱਦੀ ਬੰਦਾ ਸੀ। ਜੇ ਉਹਨੂੰ ਜਾਪਦਾ ਕਿ ਅਸੀਂ ਕੋਈ ਗੱਲ ਗਲ਼ਤ ਕਰ ਰਹੇ ਹਾਂ ਜਾਂ ਕਿਸੇ ਨਾਲ ਸਾਡੇ ਹੱਥੋਂ ਵਿਤਕਰਾ ਹੋ ਗਿਆ ਹੈ ਤਾਂ ਲੜ ਪੈਂਦਾ। ਰੋਟੀ ਖਾਣੀ ਛੱਡ ਦੇਂਦਾ। ਇਕ ਵਾਰੀ ਉਸ ਚਾਰ ਦਿਨ ਰੋਟੀ ਨਾ ਖਾਧੀ ਜਦ ਤਕ ਉਹਦੀ ਗੱਲ ਮੰਨੀ ਨਾ ਗਈ। ਵੰਡ ਪਿੱਛੋਂ ਸਾਡੇ ਨਾਲ ਪਾਣੀਪੱਤ ਆ ਗਿਆ। ਸੰਨ ’51 ਵਿਚ ਉਹਦੀ ਬਿਮਾਰੀ ਨਾਲ਼ ਮੌਤ ਹੋ ਗਈ।
ਅੱਜ ਦਾ ਪੰਜਾਬ ਸ਼ਾਇਦ ਕਿਸੇ ਓਪਰੇ ਨੂੰ ਵਰ੍ਹਿਆਂਬੱਧੀ ਕੀ, ਦਿਨ ਭਰ ਲਈ ਵੀ ਸ਼ਾਇਦ ਆਪਣੇ ਘਰ ਵਿਚ ਆਸਰਾ ਨਹੀਂ ਦੇਵੇਗਾ। ਸਰਕਾਰਾਂ ਤਾਂ ਦੂਰ, ਸਾਨੂੰ ਇਕ ਦੂਜੇ `ਤੇ ਹੀ ਭਰੋਸਾ ਨਹੀਂ ਰਿਹਾ। ਦੁੱਧ ਦੇ ਸੜੇ ਅਸੀਂ ਹੁਣ ਲੱਸੀ ਵੀ ਫੂਕ ਮਾਰ ਮਾਰ ਪੀਂਦੇ ਹਾਂ। ਸਦੀਆਂ ਲਾ ਕੇ ਰਚਿਆ ਪੰਜਾਬੀ ਸਭਿਆਚਾਰ ਦਾ ਤਾਣਾ ਪੇਟਾ ਖਾੜਕੂਵਾਦ ਦੇ ਵੇਲ਼ੇ ਮੋਰੀ ਮੋਰੀ ਹੋ ਗਿਆ। ਸਾਨੂੰ ਸਰਕਾਰਾਂ ਚੰਗੀਆਂ ਨਹੀਂ ਮਿਲੀਆਂ, ਪਰ ਸਾਡੀ ਖ਼ਾਤਰ ਲੜਨ ਦਾ ਦਾਅਵਾ ਕਰਨ ਵਾਲ਼ੇ ਬਹੁਤ ਸਾਰੇ ਵੀ ਓਸੇ ਤਰ੍ਹਾਂ ਦੇ ਹੀ ਮਿਲੇ ਹਨ। ਕਾਂਗਰਸ ਨੂੰ ਪੰਜਾਬ ਦੇ ਦੁੱਖ ਦਾ ਕਾਰਨ ਮੰਨਿਆ ਜਾਂਦਾ ਹੈ, ਪਰ ਪੰਜਾਬ ਵਿਚ ਅੱਗ ਬਾਲਣ ਮਗਰੋਂ ਫੇਰ ਵੀ ਉਹ 20 ਸਾਲ ਰਾਜ ਕਰ ਗਏ। ਓਵੇਂ ਹੀ ਜਿਵੇਂ ਦੀਪ ਸਿੱਧੂ ਦੇ ਲਾਲ ਕਿਲ੍ਹੇ `ਤੇ ਝੰਡਾ ਝੁਲਾਉਣ ਦਾ ਲਾਭ ਅਜੋਕੀ ਕੇਂਦਰੀ ਸਰਕਾਰ ਨੂੰ ਹੀ ਹੋਇਆ। ਇਤਿਹਾਸਕ ਤੌਰ `ਤੇ ਪੰਜਾਬ ਲਈ ਲੜ ਮਰਨ ਦੇ ਸੱਦੇ ਦੇਣ ਵਾਲ਼ੇ – ਜਾਣੇ ਜਾਂ ਅਣਜਾਣੇ – ਅੰਤ ਨੂੰ ਵੇਲ਼ੇ ਦੀਆਂ ਸਰਕਾਰਾਂ ਦੇ ਹੱਕ ਵਿਚ ਹੀ ਭੁਗਤ ਗਏ। ਜਾਪਦਾ ਹੈ ਅੱਗੋਂ ਵੀ ਏਹੀ ਹੋਵੇਗਾ। ਪਰ ਏਨ੍ਹਾਂ ਲੜਾਈਆਂ ਦੇ ਆਪੂੰ-ਬਣੇ ਲੀਡਰ ਏਦਾਂ ਕਰ ਕਿਉਂ ਰਹੇ ਹਨ?
ਕਈ ਵਰ੍ਹੇ ਪਹਿਲਾਂ ਸਾਡੇ ਘਰ ਅਮਰੀਕਾ ਤੋਂ ਇਕ ਪਰਿਵਾਰ ਆਇਆ। ਘਰ ਵਿਚ ਬਹੁਤ ਸਾਰੇ ਬੂਟੇ ਲੱਗੇ ਸਨ, ਕਈ ਅਜਿਹੇ ਜਿਨ੍ਹਾਂ `ਤੇ ਮਹੀਨਿਆਂ ਮਗਰੋਂ ਇਕ ਅੱਧ ਪੱਤਾ ਉਗਦਾ ਸੀ। ਪਰਿਵਾਰ ਦੇ ਪੰਜ ਸਾਲਾ ਬੱਚੇ ਨੇ ਆਉਂਦੇ ਸਾਰ ਹਰ ਬੂਟੇ ਦਾ ਹਰ ਪੱਤਾ ਤੋੜ ਤੋੜ ਵਗਾਹ ਮਾਰਿਆ। ਉਹਦੀ ਮਾਂ ਨੇ ਮਾਣ ਨਾਲ ਕਿਹਾ: ‘ਏਹਨੂੰ ਪੱਤੇ ਤੋੜ ਕੇ ਸੁਆਦ ਆਉਂਦੈ। ਬੜਾ ਸ਼ਰਾਰਤੀ ਹੈ – ਝਿੜਕਾਂ ਖਾ ਕੇ ਵੀ ਨਹੀਂ ਰੁਕਦਾ। ਚਲੋ ਕੋਈ ਗੱਲ ਨਹੀਂ, ਹੋਰ ਪੱਤੇ ਆ ਜਾਣਗੇ।’ ਮੈਂ ਇਕ ਮਨੋਵਿਗਿਆਨੀ ਮਿੱਤਰ ਨਾਲ ਗੱਲ ਕੀਤੀ ਤਾਂ ਉਸ ਕਿਹਾ: ‘ਏਸਦੇ ਮਾਂ ਬਾਪ ਏਹਦੇ ਵੱਲ ਧਿਆਨ ਨਹੀਂ ਦੇਂਦੇ ਹੋਣੇ। ਪਹਿਲਾਂ ਏਹ ਬੱਚਾ ਧਿਆਨ ਖਿੱਚਣ ਲਈ ਇਹ ਕੰਮ ਕਰਦਾ ਹੋਣਾ। ਹੁਣ ਹੌਲੀ ਹੌਲੀ ਏਹਨੂੰ ਏਸ ਹਿੰਸਾ ਵਿਚ ਰਸ ਔਣ ਲੱਗ ਪਿਆ ਹੈ।’
ਕਦੀ ਕਦੀ ਜਾਪਦਾ ਹੈ: ਪੰਜਾਬ ਦੇ ਅਜੋਕੇ ਗਰਮ-ਵਿਦਵਾਨ ਉਸੇ ਬੱਚੇ ਵਰਗੇ ਹਨ। ਉਨ੍ਹਾਂ ਨੂੰ ਹਿੰਸਾ ਵਿਚ ਰਸ ਹੈ। ਜੇ ਉਹ ਪਹਿਲਾਂ ਨਕਸਲੀ ਲਹਿਰ ਵਿਚ ਸਨ ਤੇ ਹੁਣ ਖਾੜਕੂ ਲਹਿਰ ਵਿਚ ਹਨ – ਤਾਂ ਕਿਸੇ ਤਬਦੀਲੀ ਦੀ ਤਾਂਘ ਵਿਚ ਨਹੀਂ ਹਨ। ਜਿਹੜਾ ਵੀ ਪਲੇਟਫ਼ਾਰਮ ਉਨ੍ਹਾਂ ਦੀ ਹਿੰਸਾ ਨੂੰ ਰਾਹ ਜਾਂ ਜਸਟੀਫ਼ਿਕੇਸ਼ਨ ਬਖ਼ਸ਼ ਦੇਂਦਾ ਹੈ, ਉਹ ਉਸੇ ਵਿਚ ਸ਼ਾਮਲ ਹੋ ਜਾਂਦੇ ਹਨ। ਉਨ੍ਹਾਂ ਦੀ ਪਛਾਣ ਹੀ ਹਿੰਸਾ ਨੂੰ ਉਘਾੜਣ ਕਰਕੇ ਬਣੀ ਹੋਈ ਹੈ। ਸ਼ਾਇਦ ਉਸ ਮਾਂ ਵਾਂਗ ਉਹ ਵੀ ਇਹੀ ਸੋਚਦੇ ਹਨ ਕਿ ਪੰਜਾਬ ਦੇ ਨੌਜੁਆਨ ਪੱਤੇ ਟੁੱਟਦੇ ਨੇ ਤਾਂ ਟੁੱਟਣ ਦਿਉ, ਆਪਣਾ ਰਸ ਲਉ, ਕੋਈ ਗੱਲ ਨਹੀਂ ਹੋਰ ਪੱਤੇ ਆ ਜਾਣਗੇ।
ਸਾਡੇ ਗਰਮ-ਖਿਆਲੀਏ ਸਿੱਖ ਮਹਾਤਮਾ ਗਾਂਧੀ ਦੇ ਸਖ਼ਤ ਵਿਰੁੱਧ ਹਨ। ਚਲੋ, ਉਨ੍ਹਾਂ ਦੀ ਮਰਜ਼ੀ। ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇ ਲਕਸ਼ਮੀ ਆਪਣੀ ਬੇਟੀ ਨਯਨਤਾਰਾ ਨੂੰ ਪਹਿਲੀ ਵਾਰੀ ਗਾਂਧੀ ਦੇ ਦਰਸ਼ਨ ਕਰਵਾਉਣ ਲੈ ਗਈ। ਰਾਜਘਾਟ ਲਾਗੇ ਗਾਂਧੀ ਆਪਣੀ ਪ੍ਰਾਰਥਨਾ ਵਿਚ ਲੀਨ ਸਨ। ਉਨ੍ਹਾਂ ਨੂੰ ਮਿਲਣ ਵਾਲੇ ਇਕ ਪਾਸੇ ਖੜ੍ਹੇ ਸਨ। ਨਯਨਤਾਰਾ ਦੇ ਹੱਥ ਵਿਚ ਗਾਂਧੀ ਦੇ ਗਲ਼ ਵਿਚ ਪਾਉਣ ਲਈ ਹਾਰ ਸੀ। ਪ੍ਰਾਰਥਨਾ ਮੁੱਕਣ ਮਗਰੋਂ ਗਾਂਧੀ ਮੁੜੇ ਤਾਂ ਵੇਖ ਕੇ ਨਯਨਤਾਰਾ ਨੇ ਚਾਣਚੱਕ ਤੇ ਉੱਚੀ ਸਾਰੀ ਕਿਹਾ: “ਮੈਂ ਨਹੀਂ ਹਾਰ ਪਾਉਣਾ! ਵੇਖਣ ਨੂੰ ਕਿੰਨਾ ਭੱਦਾ ਬੰਦਾ ਹੈ ਇਹ!” ਜੇ ਕੋਈ ਸਾਡੇ ਵਿਚ ਕਿਸੇ ਨੂੰ ਵੀ ਅੱਜ ਇਹ ਗੱਲ ਕਹੇ ਤਾਂ ਸ਼ਾਇਦ ਅਸੀਂ ਧਰਤੀ ਵਿਚ ਧਸ ਜਾਈਏ। ਜੇ ਅਸੀਂ ਪੰਜਾਬੀ ਖਾੜਕੂ ਹੋਈਏ ਤਾਂ ਸ਼ਾਇਦ ਅਜਿਹੇ ਬੰਦੇ ਨੂੰ ਖੜੇ ਪੈਰੀਂ ਸੋਧ ਦੇਈਏ। ਗਾਂਧੀ ਨੇ ਸੁਣਿਆ, ਲਾਗੇ ਆ ਕੇ ਨਯਨਤਾਰਾ ਦੇ ਸਿਰ `ਤੇ ਹੱਥ ਰੱਖ ਆਸ਼ੀਰਵਾਦ ਦਿੰਦਿਆਂ ਆਖਿਆ: ‘ਉਮੀਦ ਹੈ, ਸਾਰੀ ਉਮਰੇ ਏਵੇਂ ਹੀ ਸੱਚ ਬੋਲਦੀ ਰਹੇਗੀ।’
ਜੋ ਕੁਝ ਵੇਖਦੇ ਵੇਖਦੇ ਅਸੀਂ ਥੱਕ ਜਾਂਦੇ ਹਾਂ, ਉਸਨੂੰ ਅੱਖੋਂ ਪਰੋਖਾ ਕਰਨ ਲਗਦੇ ਹਾਂ। ਹਰਚਰਨ ਪਰਹਾਰ ਹੁਰਾਂ ਪੰਜਾਬ ਦੀ ਅਜੋਕੀ ਤ੍ਰਾਸਦੀ ਨੂੰ ਸਾਡੀਆਂ ਅੱਖਾਂ ਅੱਗੇ (ਏਸਨੂੰ ਵੇਖਣਾ ਸਾਡੀ ਲੋੜ ਵਾਂਗ) ਮੁੜ ਫ਼ੋਕਸ ਕੀਤਾ ਹੈ। ਉਨ੍ਹਾਂ ਦੇ ਉੱਦਮ ਲਈ ਉਨ੍ਹਾਂ ਪ੍ਰਤੀ ਆਦਰ ਮਹਿਸੂਸ ਹੁੰਦਾ ਹੈ। ਰੱਬ ਉਨ੍ਹਾਂ ਨੂੰ ਸੁਰੱਖਿਅਤ ਰੱਖੇ। ਅਰਦਾਸ ਹੈ ਕਿ ਉਹ ਵੀ ਉਮਰ ਭਰ ਏਵੇਂ ਹੀ ਸੱਚ ਬੋਲਦੇ ਰਹਿਣ।