ਗੁਰੂਜਸ ਕੌਰ ਖਾਲਸਾ ਨੇ ਸੰਗੀਤ ਜਗਤ ਦਾ ਵੱਕਾਰੀ ਗ੍ਰੈਮੀ ਐਵਾਰਡ ਜਿੱਤਿਆ

ਲਾਸ ਏਂਜਲਸ: ਵ੍ਹਾਈਟ ਸਨ ਮਿਊਜ਼ਿਕ ਗਰੁੱਪ ਦੀ ਗੁਰੂਜਸ ਕੌਰ ਖਾਲਸਾ ਨੇ ਸੰਗੀਤ ਜਗਤ ਦਾ ਵੱਕਾਰੀ ਐਵਾਰਡ ਗ੍ਰੈਮੀ ਜਿੱਤਿਆ ਹੈ। ਉਸ ਨੇ ਐਲਬਮ ‘ਮਿਸਟਿਕ ਮਿਰਰ’ ਵਿਚ ਆਪਣੇ ਗਾਇਨ ਲਈ ਇਹ ਐਵਾਰਡ ਹਾਸਿਲ ਕੀਤਾ ਹੈ। ਐਲਬਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸ਼ਬਦ ਵੀ ਸ਼ਾਮਲ ਹਨ ਜਿਨ੍ਹਾਂ ਵਿਚ ‘ਪਵਨ ਗੁਰੂ ਪਾਣੀ ਪਿਤਾ` ਸ਼ਬਦ ਵੀ ਸ਼ਾਮਲ ਹੈ। ਗੁਰੂਜਸ ਕੌਰ ਖਾਲਸਾ ਦਾ ਇਹ ਦੂਜਾ ਗ੍ਰੈਮੀ ਐਵਾਰਡ ਹੈ। ਇਸ ਤੋਂ ਪਹਿਲਾਂ ਉਸ ਨੇ ਸਾਲ 2017 ਵਿਚ ਵੀ ਇਹ ਐਵਾਰਡ ਜਿੱਤਿਆ ਸੀ।

‘ਵ੍ਹਾਈਟ ਸਨ’ ਦੀ ਐਲਬਮ ‘ਮਿਸਟਿਕ ਮਿਰਰ’ ਨੂੰ 15 ਨਵੰਬਰ, 2022 ਨੂੰ ਗ੍ਰੈਮੀ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਇਹ ਸਤੰਬਰ 2022 ਨੂੰ ਰਿਲੀਜ਼ ਹੋਈ ਸੀ। ਗੁਰੂਜਸ ਕੌਰ ਦੇ ਅਧਿਆਪਕ ਹਰਜੀਵਨ ਸਿੰਘ ਦੀ ਵੈੱਬਸਾਈਟ ਮੁਤਾਬਕ ਗੁਰੂਜਸ ਕੌਰ ਖਾਲਸਾ ਅਮਰੀਕਾ ਦੇ ਲਾਸ ਏਂਜਲਸ ਵਿਚ ਅਧਿਆਪਕ, ਸੰਗੀਤਕਾਰ ਅਤੇ ‘ਵ੍ਹਾਈਟ ਸਨ’ ਵਿਚ ਮੁੱਖ ਗਾਇਕਾ ਹੈ। ਉਹ ਕੁੰਡਲਿਨੀ ਯੋਗ ਸਿਖਾਉਂਦੀ ਹੈ ਜੋ ਅਨੁਭਵ-ਆਧਾਰਿਤ ਪ੍ਰਣਾਲੀ ਹੈ ਜਿਸ ਵਿਚ ਆਨੰਦ, ਪੂਰਤੀ ਅਤੇ ਪਿਆਰ ਦਾ ਵਿਗਿਆਨ ਸ਼ਾਮਲ ਹੁੰਦਾ ਹੈ। ਉਹ ਇਹ ਵੀ ਮੰਨਦੇ ਹਨ ਕਿ ਖੁਸ਼ੀ ਵਾਈਬ੍ਰੇਸ਼ਨਲ ਬਾਰੰਬਾਰਤਾ ਹੈ ਅਤੇ ਸਥਾਈ ਅਵਸਥਾ ਹੋ ਸਕਦੀ ਹੈ। ਯਾਦ ਰਹੇ ਕਿ ਗੁਰੂਜਸ ਕੌਰ ਕਈ ਅਧਿਆਪਕ ਸਿਖਲਾਈ ਕੋਰਸਾਂ ਦਾ ਹਿੱਸਾ ਰਹੀ ਹੈ ਅਤੇ ਅਮਰੀਕਾ ਤੇ ਵਿਦੇਸ਼ਾਂ ਵਿਚ ਕੁੰਡਲਿਨੀ ਯੋਗ ਸਿਖਾਉਂਦੀ ਹੈ। ਉਸ ਦੇ ਅਧਿਆਪਕ ਹਰਜੀਵਨ ਸਿੰਘ ਨੇ ਤਾਂਤਰਿਕ ਯੋਗੀ ਭਜਨ ਤੋਂ ਕੁੰਡਲਿਨੀ ਯੋਗ ਦੀ ਸਿਖਲਾਈ ਹਾਸਲ ਕੀਤੀ ਸੀ।