ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ

ਇਸਲਾਮਾਬਾਦ: ਭਾਰਤ ਨਾਲ ਕਾਰਗਿਲ ਜੰਗ ਛੇੜਨ ਵਾਲੇ ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਤੇ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦਾ ਦੁਬਈ ਵਿਚ ਦੇਹਾਂਤ ਹੋ ਗਿਆ। ਉਹ ਇਕ ਲਾਇਲਾਜ ਬੀਮਾਰੀ ਨਾਲ ਜੂਝ ਰਹੇ ਸਨ। ਦੱਸਣਯੋਗ ਹੈ ਕਿ 79 ਸਾਲਾ ਮੁਸ਼ੱਰਫ ਪਾਕਿਸਤਾਨ ਵਿਚ ਅਪਰਾਧਕ ਦੋਸ਼ਾਂ ਤੋਂ ਬਚਣ ਲਈ ਸਵੈ-ਜਲਾਵਤਨ ਹੋ ਕੇ ਯੂ.ਏ.ਈ. ਵਿਚ ਰਹਿ ਰਹੇ ਸਨ।

ਲੰਮੀ ਬੀਮਾਰੀ ਮਗਰੋਂ ਉਨ੍ਹਾਂ ਦੀ ਮੌਤ ਦੁਬਈ ਦੇ ਹਸਪਤਾਲ ਵਿਚ ਹੋਈ ਹੈ। ਕਾਰਗਿਲ ‘ਚ ਨਾਕਾਮ ਹੋਣ ਤੋਂ ਬਾਅਦ ਜਨਰਲ ਮੁਸ਼ੱਰਫ ਨੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 1999 ਵਿਚ ਰਾਜ ਪਲਟੇ ਰਾਹੀਂ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ 1999 ਤੋਂ 2008 ਤੱਕ ਵੱਖ-ਵੱਖ ਅਹੁਦਿਆਂ ਉਤੇ ਪਾਕਿਸਤਾਨ ‘ਤੇ ਰਾਜ ਕੀਤਾ। ਉਹ ਪਾਕਿਸਤਾਨ ਦੇ ਰਾਸ਼ਟਰਪਤੀ ਵੀ ਰਹੇ। ਸਾਬਕਾ ਜਨਰਲ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਚੋਟੀ ਦੇ ਫੌਜੀ ਅਧਿਕਾਰੀਆਂ ਨੇ ਡੂੰਘੀ ਸੰਵੇਦਨਾ ਜ਼ਾਹਿਰ ਕੀਤੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀ ਜਨਰਲ ਪਰਵੇਜ ਦੇ ਦੇਹਾਂਤ ‘ਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਕਾਰਗਿਲ ਜੰਗ ਦਾ ਖਾਕਾ ਤਿਆਰ ਕਰਨ ਵਿਚ ਜਨਰਲ ਮੁਸ਼ੱਰਫ ਮੋਹਰੀ ਸਨ। ਇਹ 1999 ਵਿਚ ਉਸ ਵੇਲੇ ਲੜੀ ਗਈ ਜਦ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਆਪਣੇ ਹਮਰੁਤਬਾ ਨਵਾਜ਼ ਸ਼ਰੀਫ਼ ਨਾਲ ਸ਼ਾਂਤੀ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ। ਦਸੰਬਰ 2007 ਵਿਚ ਵਿਰੋਧੀ ਧਿਰ ਦੀ ਆਗੂ ਬੇਨਜੀਰ ਭੁੱਟੋ ਦੀ ਹੱਤਿਆ ਤੋਂ ਬਾਅਦ ਮੁਸ਼ੱਰਫ ਦੇ ਭਾਈਵਾਲਾਂ ਨੂੰ 2008 ਦੀਆਂ ਚੋਣਾਂ ਵਿਚ ਹਾਰ ਮਿਲੀ। ਇਸ ਤੋਂ ਬਾਅਦ ਉਹ ਇਕੱਲੇ ਰਹਿ ਗਏ।