ਕਾਠਮੰਡੂ: ਨੇਪਾਲ ਦੇ ਕੇਂਦਰੀ ਸ਼ਹਿਰ ਪੋਖਰਾ ਵਿਚ ਯੇਤੀ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਘੱਟੋ-ਘੱਟ 68 ਯਾਤਰੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚੋਂ 12 ਦੀ ਸ਼ਨਾਖ਼ਤ ਕਰ ਲਈ ਗਈ ਹੈ। ਹਾਦਸੇ ਮੌਕੇ ਜਹਾਜ਼ ਵਿਚ ਪੰਜ ਭਾਰਤੀਆਂ ਸਣੇ ਕੁੱਲ 72 ਵਿਅਕਤੀ ਸਵਾਰ ਸਨ।
ਜਹਾਜ਼ ਹਵਾਈ ਅੱਡੇ ‘ਤੇ ਉਤਰਨ ਮੌਕੇ ਨਦੀ ਕੰਢੇ ਹਾਦਸੇ ਦਾ ਸ਼ਿਕਾਰ ਹੋ ਗਿਆ। ਸਰਕਾਰ ਨੇ ਹਾਦਸੇ ਦੀ ਜਾਂਚ ਲਈ ਪੰਜ ਮੈਂਬਰੀ ਜਾਂਚ ਕਮਿਸ਼ਨ ਬਣਾ ਦਿੱਤਾ ਹੈ, ਜਿਸ ਦੀ ਅਗਵਾਈ ਸਾਬਕਾ ਹਵਾਬਾਜ਼ੀ ਸਕੱਤਰ ਨਾਗੇਂਦਰ ਘਿਮੇਰੇ ਕਰਨਗੇ। ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.ਐਨ.) ਮੁਤਾਬਕ ਯੇਤੀ ਏਅਰਲਾਈਨਜ਼ ਦੇ 9ਐਨ-ਏ.ਐਨ.ਸੀ. ਏ.ਟੀ.ਆਰ-72 ਜਹਾਜ਼ ਨੇ ਕਾਠਮੰਡੂ ਦੇ ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ਤੋਂ ਸਵੇਰੇ 10:33 ਵਜੇ ਉਡਾਣ ਭਰੀ ਸੀ। ਪੋਖਰਾ ਹਿਮਾਲਾ ਵਿਚ ਵਸੇ ਮੁਲਕ ਦਾ ਪ੍ਰਮੁੱਖ ਸੈਲਾਨੀ ਕੇਂਦਰ ਹੈ। ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਪੋਖਰਾ ਹਵਾਈ ਅੱਡੇ ‘ਤੇ ਉਤਰਨ ਮੌਕੇ ਜਹਾਜ਼ ਸੇਤੀ ਨਦੀ ਦੇ ਕੰਢੇ ਪੁਰਾਣੇ ਤੇ ਨਵੇਂ ਹਵਾਈ ਅੱਡੇ ਦੇ ਵਿਚਾਲੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ‘ਚ 68 ਯਾਤਰੀ ਤੇ ਅਮਲੇ ਦੇ ਚਾਰ ਮੈਂਬਰ ਸਵਾਰ ਸਨ। ਜਹਾਜ਼ ‘ਤੇ ਸਵਾਰ ਵਿਦੇਸ਼ੀ ਨਾਗਰਿਕਾਂ ‘ਚੋਂ ਪੰਜ ਭਾਰਤੀ, ਚਾਰ ਰੂਸੀ, ਦੋ ਕੋਰਿਆਈ, ਇਕ ਇਕ ਆਸਟਰੇਲੀਅਨ, ਫਰੈਂਚ, ਅਰਜਨਟੀਨੀ ਤੇ ਇਜਰਾਇਲੀ ਨਾਗਰਿਕ ਹਨ।
ਉਧਰ, ਭਾਰਤੀ ਅੰਬੈਸੀ ਨੇ ਇਕ ਟਵੀਟ ਵਿਚ ਕਿਹਾ ਕਿ ਜਹਾਜ਼ ‘ਚ ਪੰਜ ਭਾਰਤੀਆਂ ਸਣੇ ਕੁੱਲ 15 ਵਿਦੇਸ਼ੀ ਨਾਗਰਿਕ ਮੌਜੂਦ ਸਨ, ਜਿਨ੍ਹਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਯੇਤੀ ਏਅਰਲਾਈਨਜ ਦੇ ਅਧਿਕਾਰੀ ਨੇ ਪੰਜ ਭਾਰਤੀ ਨਾਗਰਿਕਾਂ ਦੀ ਪਛਾਣ ਅਭਿਸ਼ੇਕ ਕੁਸ਼ਵਾਹਾ, ਬਿਸਾਲ ਸ਼ਰਮਾ, ਅਨਿਲ ਕੁਮਾਰ ਰਾਜਭਰ, ਸੋਨੂ ਜੈਸਵਾਲ ਤੇ ਸੰਜੈ ਜੈਸਵਾਲ ਵਜੋਂ ਦੱਸੀ ਹੈ। ਨੇਪਾਲ ਵਿਚਲੇ ਭਾਰਤੀ ਮਿਸ਼ਨ ਨੇ ਇਕ ਟਵੀਟ ਵਿਚ ਕਿਹਾ, ”ਯੇਤੀ ਏਅਰਲਾਈਨਜ਼ ਦਾ ਏ.ਟੀ.ਆਰ-72 ਜਹਾਜ਼ ਕਾਠਮੰਡੂ ਤੋਂ ਉਡਾਣ ਭਰਨ ਮਗਰੋਂ ਪੋਖਰਾ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ। ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਉਡਾਣ ‘ਤੇ ਪੰਜ ਭਾਰਤੀ ਯਾਤਰੀ ਸਵਾਰ ਸਨ। ਰਾਹਤ ਕਾਰਜ ਜਾਰੀ ਹਨ।“ ਭਾਰਤੀ ਮਿਸ਼ਨ ਨੇ ਕਿਹਾ ਕਿ ਅੰਬੈਸੀ ਸਥਾਨਕ ਅਥਾਰਿਟੀਜ਼ ਦੇ ਸੰਪਰਕ ਵਿਚ ਹੈ ਤੇ ਹਾਲਾਤ ਉੱਤੇ ਨੇੜਿਓਂ ਨਜ਼ਰ ਬਣਾਈ ਹੋਈ ਹੈ। ਉਂਜ ਅਜੇ ਤੱਕ ਹਾਦਸੇ ਦੇ ਅਸਲ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ। ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਕਿਹਾ ਕਿ ਜਹਾਜ਼ ਨੇ ਹਾਦਸਾਗ੍ਰਸਤ ਹੋਣ ਤੋਂ ਠੀਕ ਪਹਿਲਾਂ ਆਖਰੀ ਵਾਰ ਸੰਪਰਕ ਕੀਤਾ ਸੀ।
ਯੇਤੀ ਏਅਰਲਾਈਨਜ਼ ਦੇ ਤਰਜਮਾਨ ਸੁਦਰਸ਼ਨ ਬਾਰਤੌਲਾ ਨੇ ਕਿਹਾ, ‘’ਪੋਖਰਾ ਵਿਚ ਮੌਸਮ ਬਿਲੁਕਲ ਠੀਕ ਸੀ ਤੇ ਜਹਾਜ਼ ਦਾ ਇੰਜਨ ਵੀ ਚੰਗੀ ਹਾਲਤ ਵਿਚ ਸੀ। ਸਾਨੂੰ ਨਹੀਂ ਪਤਾ ਕਿ ਜਹਾਜ਼ ਨੂੰ ਕੀ ਹੋਇਆ।“ ਹਾਲਾਂਕਿ ਕੁਝ ਸਥਾਨਕ ਮੀਡੀਆ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਕਿ ਜਹਾਜ਼ ਨੇ ਉਤਰਨ ਦੀ ਕੋਸ਼ਿਸ਼ ਕਰਨ ਮੌਕੇ ਥੋੜ੍ਹਾ ਚੌੜਾ ਗੇੜਾ ਲਿਆ ਸੀ, ਜੋ ਸ਼ਾਇਦ ਹਾਦਸੇ ਦਾ ਕਾਰਨ ਬਣਿਆ।