‘ਲੇਜੈਂਡ ਆਫ ਮੌਲਾ ਜੱਟ` ਅਤੇ ਹਿੰਦ-ਪਾਕਿ ਦੋਸਤੀ

ਗੁਰਜੰਟ ਸਿੰਘ
ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਨੇ ਆਖਿਆ ਕਿ ਜੇ ਉਸ ਦੀ ਫਿਲਮ ‘ਦਿ ਲੇਜੈਂਡ ਆਫ ਮੌਲਾ ਜੱਟ` ਭਾਰਤ ਵਿਚ ਰਿਲੀਜ਼ ਹੁੰਦੀ ਹੈ ਤਾਂ ਦੋਵੇਂ ਮੁਲਕਾਂ ਵਿਚਾਲੇ ਦੋਸਤਾਨਾ ਸਬੰਧ ਕਾਇਮ ਹੋਣਗੇ। ਜੇਕਰ ਸੱਚਮੁਚ ਅਜਿਹਾ ਵਾਪਰਦਾ ਹੈ ਤਾਂ ਇਹ ਈਦ ਅਤੇ ਦੀਵਾਲੀ ਵਰਗਾ ਮੌਕਾ ਹੋਵੇਗਾ ਜਦੋਂ ਅਸੀਂ ਖੁਸ਼ੀ ਵਿਚ ਇੱਕ-ਦੂਜੇ ਨੂੰ ਮਠਿਆਈ ਦਿੰਦੇ ਹਾਂ।

ਜ਼ਿਕਰਯੋਗ ਹੈ ਕਿ ਬਿਲਾਲ ਲਸ਼ਾਰੀ ਦੀ ਇਹ ਫਿਲਮ ਭਾਰਤ ਵਿਚ ਪਿਛਲੇ ਸਾਲ 30 ਦਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਕੁਝ ਕਾਰਨਾਂ ਕਰ ਕੇ ਫਿਲਮ ਦੀ ਰਿਲੀਜ਼ ਟਾਲ ਦਿੱਤੀ ਗਈ। ਇਸ ਫਿਲਮ ਵਿਚ ਫਵਾਦ ਖ਼ਾਨ ਨਾਲ ਮਾਹਿਰਾ ਖ਼ਾਨ ਮੁੱਖ ਭੂਮਿਕਾ ਵਿਚ ਹੈ। ਫਿਲਮ ‘ਦਿ ਲੇਜੈਂਡ ਆਫ ਮੌਲਾ ਜੱਟ` 1979 ਵਿਚ ਬਣੀ ਹਿੱਟ ਫਿਲਮ ‘ਮੌਲਾ ਜੱਟ` ਉੱਤੇ ਆਧਾਰਿਤ ਹੈ।
ਇਹ ਫਿਲਮ ਪਾਕਿਸਤਾਨ ਵਿਚ ਪਿਛਲੇ ਸਾਲ 13 ਅਕਤੂਬਰ ਨੂੰ ਰਿਲੀਜ਼ ਕੀਤੀ ਗਈ ਸੀ ਜੋ ਹੁਣ ਤੱਕ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਾਕਿਸਤਾਨੀ ਫਿਲਮ ਬਣ ਗਈ ਹੈ। ਇਸ ਫਿਲਮ ਨੇ ਹੁਣ ਤੱਕ ਇੱਕ ਕਰੋੜ ਡਾਲਰ ਦੀ ਕਮਾਈ ਕੀਤੀ ਹੈ। ਇਹ ਫਿਲਮ ਭਾਰਤ ਵਿਚ ਰਿਲੀਜ਼ ਕੀਤੇ ਜਾਣ ਬਾਬਤ ਇਕ ਇੰਟਰਵਿਊ ਦੌਰਾਨ ਅਦਾਕਾਰ ਫਵਾਦ ਖਾਨ ਨੇ ਕਿਹਾ, “ਜੇ ਅਜਿਹਾ ਹੁੰਦਾ ਤਾਂ ਇਹ ਦੋਵੇਂ ਦੇਸ਼ਾਂ ਵਿਚਾਲੇ ਭਾਈਚਾਰਕ ਸਾਂਝ ਵਧਾਉਣ ਦਾ ਕੰਮ ਕਰੇਗੀ, ਜਿਵੇਂ ਅਸੀਂ ਖੁਸ਼ੀ ਦੇ ਮੌਕਿਆਂ `ਤੇ ਇੱਕ-ਦੂਜੇ ਨੂੰ ਮਠਿਆਈ ਦਿੰਦੇ ਹਾਂ।” ਫਵਾਦ ਨੇ ਕਿਹਾ, “ਫਿਲਮਾਂ ਅਤੇ ਸੰਗੀਤ ਅਜਿਹਾ ਆਦਾਨ-ਪ੍ਰਦਾਨ ਹੈ ਜੋ ਦੋਵੇਂ ਦੇਸ਼ਾਂ ਵਿਚਲੇ ਕੂਟਨੀਤਕ ਸਬੰਧਾਂ ਨੂੰ ਬਿਹਤਰ ਬਣਾਉਣ ਵਿਚ ਸਹਾਈ ਹੋ ਸਕਦਾ ਹੈ। ਦੋਵੇਂ ਦੇਸ਼ਾਂ ਵਿਚਾਲੇ ਅਜੇ ਵੀ ਮਾਹੌਲ ਥੋੜ੍ਹਾ ਤਣਾਅਪੂਰਨ ਹੈ ਪਰ ਦੇਖਦੇ ਹਾਂ ਕਿ ਫਿਲਮ ਰਿਲੀਜ਼ ਹੁੰਦੀ ਹੈ ਜਾਂ ਨਹੀਂ।”
ਜਦੋਂ ਤੋਂ ਪਾਕਿਸਤਾਨੀ ਅਦਾਕਾਰਾਂ ਅਤੇ ਕਲਾਕਾਰਾਂ `ਤੇ ਭਾਰਤੀ ਸਿਨੇ ਜਗਤ ਵਿਚ ਕੰਮ ਕਰਨ ਉੱਤੇ ਪਾਬੰਦੀ ਲੱਗੀ ਹੈ, ਫਵਾਦ ਖਾਨ ਦੇ ਚਾਹੁਣ ਵਾਲੇ ਇਹ ਜਾਣਨ ਲਈ ਉਤਾਵਲੇ ਹਨ ਕਿ ਉਹ ਅੱਜ-ਕੱਲ੍ਹ ਕੀ ਕਰ ਰਿਹਾ ਹੈ। ਉਸ ਨੂੰ ਆਖ਼ਰੀ ਵਾਰ ਕਰਨ ਜੌਹਰ ਦੀ ਫਿਲਮ ‘ਐ ਦਿਲ ਹੈ ਮੁਸ਼ਕਿਲ` ਵਿਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਹ ਕਿਸੇ ਵੀ ਭਾਰਤੀ ਪ੍ਰੋਜੈਕਟ ਦਾ ਹਿੱਸਾ ਨਹੀਂ ਰਿਹਾ। ਭਾਰਤੀ ਸਿਨੇ ਜਗਤ `ਚੋਂ ਲਾਂਭੇ ਹੋਣ ਮਗਰੋਂ ਉਸ ਦੇ ਪ੍ਰਸ਼ੰਸਕ ਉਸ ਨੂੰ ਦੇਖਣ ਲਈ ਬਹੁਤ ਉਤਾਵਲੇ ਸਨ ਪਰ ਉਨ੍ਹਾਂ ਨੂੰ ਆਪਣੇ ਇਸ ਚਹੇਤੇ ਸਿਤਾਰੇ ਨੂੰ ‘ਐਕਸ਼ਨ` ਵਿਚ ਦੇਖਣ ਲਈ ਛੇ ਸਾਲਾਂ ਦਾ ਲੰਮਾ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਦੀ ਇਹ ਇੱਛਾ ‘ਦਿ ਲੇਜੈਂਡ ਆਫ ਮੌਲਾ ਜੱਟ` ਨਾਲ ਪੂਰੀ ਹੋਈ ਹੈ। ਫਵਾਦ ਖਾਨ ਕੋਲ ਹੁਣ ਬਹੁਤ ਸਾਰੇ ਪ੍ਰੋਜੈਕਟ ਹਨ। ਉਹ ਪਾਕਿਸਤਾਨੀ ਫਿਲਮ ‘ਮਨੀ ਬੈਕ ਗਾਰੰਟੀ` ਵਿਚ ਨਜ਼ਰ ਆਵੇਗਾ। ਇਸ ਫਿਲਮ ਵਿਚ ਉਸ ਨਾਲ ਸਾਬਕਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਵਸੀਮ ਅਕਰਮ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਹ ਫਿਲਮ ‘ਨੀਲੋਫਰ’ ਵਿਚ ਮਾਹਿਰਾ ਖਾਨ ਨਾਲ ਦਿਖਾਈ ਦੇਵੇਗਾ। ਉਹ ਇਕ ਫਿਲਮ ਵੀ ਪ੍ਰੋਡਿਊਸ ਕਰ ਰਿਹਾ ਹੈ।
29 ਨਵੰਬਰ 1981 ਨੂੰ ਜਨਮੇ ਫਵਾਦ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਉਤੇ ‘ਜੱਟ ਐਂਡ ਬੌਂਡ’ ਨਾਲ ਕੀਤੀ ਸੀ। ਬਾਅਦ ਵਿਚ ਉਹ ਫਿਲਮਾਂ ਵੱਲ ਆ ਗਿਆ। ਪਹਿਲੀ ਫਿਲਮ ‘ਖੁਦਾ ਕੇ ਲੀਏ’ (2007) ਵਿਚ ਉਸ ਨੂੰ ਸਹਾਇਕ ਅਦਾਕਾਰ ਵਾਲਾ ਰੋਲ ਮਿਲਿਆ। ਸ਼ੋਇਬ ਮਨਸੂਰ ਦੀ ਇਹ ਫਿਲਮ ਖੂਬ ਹਿੱਟ ਰਹੀ ਅਤੇ ਇਸ ਦਾ ਸ਼ੁਮਾਰ ਚੰਗੀ ਕਮਾਈ ਕਰਨ ਵਾਲੀਆਂ ਫਿਲਮਾਂ ਵਿਚ ਹੋ ਗਿਆ। ਉਂਝ, ਉਸ ਨੇ ਆਪਣੀ ਸਫਲਤਾ ਦੇ ਝੰਡੇ 2010 ਵਿਚ ਆਏ ਟੈਲੀਵਿਜ਼ਨ ਨਾਟਕ ‘ਦਾਸਤਾਨ’ ਨਾਲ ਗੱਡੇ। ਇਸ ਨਾਟਕ ਵਿਚ ਅਦਾਕਾਰੀ ਬਦਲੇ ਉਸ ਨੂੰ ਪਾਕਿਸਤਾਨ ਮੀਡੀਆ ਐਵਰਾਡ ਦਾ ਸਰਵੋਤਮ ਅਦਾਕਾਰ ਦਾ ਇਨਾਮ ਹਾਸਲ ਹੋਇਆ। ਅਗਲੇ ਸਾਲ 2011 ਵਿਚ ਨਾਟਕ ‘ਹਮਸਫਰ’ ਆਇਆ ਤਾਂ ਉਸ ਦੀ ਗੁੱਡੀ ਬੁਲੰਦੀਆਂ ‘ਤੇ ਚਲੀ ਗਈ। ਇਸ ਨਾਟਕ ਵਿਚ ਉਹਦੇ ਨਾਲ ਅਦਾਕਾਰਾ ਮਾਹਿਰਾ ਖਾਨ ਵੀ ਸੀ ਅਤੇ ਇਹ ਨਾਟਕ ਭਾਰਤ ਅੰਦਰ ਵੀ ਬਹੁਤ ਚਾਅ ਤੇ ਉਤਸ਼ਾਹ ਨਾਲ ਦੇਖਿਆ ਗਿਆ।
ਹਿੰਦੀ ਫਿਲਮਾਂ ਵਿਚ ਉਹ ਫਿਲਮ ‘ਖੂਬਸੂਰਤ’ (2014) ਨਾਲ ਆਇਆ। ਇਸ ਫਿਲਮ ਲਈ ਉਸ ਨੂੰ ਫਿਲਮਫੇਅਰ ਦਾ ਸਰਵੋਤਮ ਅਦਾਕਾਰ ਦਾ ਇਨਾਮ ਵੀ ਮਿਲਿਆ। ਫਿਰ 2016 ਵਿਚ ਉਸ ਦੀਆਂ ਦੋ ਹੋਰ ਹਿੰਦੀ ਫਿਲਮ ‘ਕਪੂਰ ਐਂਡ ਸੰਨਜ਼’ ਅਤੇ ‘ਐ ਦਿਲ ਹੈ ਮੁਸ਼ਕਿਲ’ ਆਈਆਂ ਪਰ ਉਸ ਵਕਤ ਕੁਝ ਕੱਟੜਪੰਥੀਆਂ ਨੇ ਹਿੰਦੀ ਫਿਲਮਾਂ ਵਿਚ ਪਾਕਿਸਤਾਨੀ ਕਲਾਕਾਰਾਂ ਦੀ ਆਮਦ ਦਾ ਵਿਰੋਧ ਸ਼ੁਰੂ ਕਰ ਦਿੱਤਾ। ਮੋਦੀ ਸਰਕਾਰ ਨੇ ਵੀ ਇਸ ਨੂੰ ਤੂਲ ਦਿੱਤੀ। ਸਿੱਟੇ ਵਜੋਂ ਭਾਰਤੀ ਫਿਲਮਸਾਜ਼ਾਂ ਉਤੇ ਪਾਕਿਸਤਾਨੀ ਅਦਾਕਾਰਾਂ ਨੂੰ ਨਾ ਲੈਣ ਦਾ ਦਬਾਅ ਵਧਦਾ ਗਿਆ ਅਤੇ ਅੰਤ ਇਹ ਸਿਲਸਿਲਾ ਰੁਕ ਗਿਆ।