‘ਨੇਸ਼ਨ ਸਟੇਟ’ ਦੇ ਆਰੀਆ ਸਮਾਜੀ ਬਿਰਤਾਂਤ ਵਿਚ ਫਸਿਆ ਸਨਾਤਨੀ ਹਿੰਦੂ

ਗੁਰਬਚਨ ਸਿੰਘ
ਇਹ ਕਿਵੇਂ ਹੋਇਆ ਕਿ ਇਕ ਪਾਸੇ ਦੱਖਣੀ ਏਸ਼ੀਆ ਦੇ ਇਸ ਖਿੱਤੇ ਨੂੰ ਇਕ ਉਪ-ਮਹਾਂਦੀਪ ਕਹਿਣ ਤੇ ਆਪਣੇ ਆਪ ਨੂੰ ਇਸ ਖੇਤਰ ਵਿਚ ਵਿਕਸਿਤ ਹੋਈ ਵੈਦਿਕ ਸਭਿਅਤਾ ਦੇ ਵਾਰਿਸ ਅਖਵਾਉਣ ਵਾਲੇ ਹਿੰਦੂ ਬੁੱਧੀਜੀਵੀ ‘ਭਾਰਤ ਇਕ ਰਾਸ਼ਟਰ’ ਦੇ ਚੱਕਰ ਵਿਚ ਫਸ ਗਏ। ਇਕ ਪਾਸੇ ਉਹ ਪਾਕਿਸਤਾਨ ਸਮੇਤ ਇਸ ਖਿੱਤੇ ਨੂੰ ‘ਅਖੰਡ ਭਾਰਤ’ ਦੇ ਨਾਂ ਹੇਠ ਇਕ-ਜੁਟ ਕਰਨਾ ਲੋਚਦੇ ਹਨ ਪਰ ਦੂਜੇ ਪਾਸੇ ‘ਹਿੰਦੀ-ਹਿੰਦੂ-ਹਿੰਦੋਸਤਾਨ’ ਦੇ ਨਾਅਰੇ ਲਾ ਕੇ ਹਿੰਦੂ ਰਾਸ਼ਟਰ ਨੂੰ ਕੇਂਦਰੀ ਹਿੰਦੋਸਤਾਨ ਦੇ ਚਾਰ-ਪੰਜ ਸੂਬਿਆਂ ਤਕ ਸੀਮਤ ਕਰ ਲੈਂਦੇ ਹਨ। ਉਨ੍ਹਾਂ ਦੀ ਇਸ ਦੁਵਿਧਾ ਦੀ ਜੜ੍ਹ ‘ਨੇਸ਼ਨ ਸਟੇਟ’ ਦੇ ਆਰੀਆ ਸਮਾਜੀ ਬਿਰਤਾਂਤ ਵਿਚ ਪਈ ਹੈ। ਪੱਛਮੀ ਤਰਜ਼ ਉਤੇ ‘ਹਿੰਦੀ-ਹਿੰਦੂ-ਹਿੰਦੋਸਤਾਨ’ ਦਾ ਬਿਰਤਾਂਤ ਸਭ ਤੋਂ ਪਹਿਲਾਂ ਆਰੀਆ ਸਮਾਜੀਆਂ ਨੇ ਦ੍ਰਿੜ ਕੀਤਾ, ਜਿਸ ਨੂੰ ‘ਪੰਜਾਬ’ ਅੰਦਰ ਜਥੇਬੰਦ ਹੋਈ ਜਨ ਸੰਘ ਨੇ ਸਾਰੇ ਦੇਸ਼ ਵਿਚ ਫੈਲਾਉਣ ਦਾ ਰੋਲ ਨਿਭਾਇਆ।

ਪੰਜਾਬ ਵਿਚ ਅੰਗਰੇਜ਼ ਸਾਮਰਾਜੀਆਂ ਦੇ ਆਉਣ ਨਾਲ ਪੱਛਮੀ ਜਮਹੂਰੀਅਤ ਦਾ ਸੰਕਲਪ ਲੋਕ-ਮਨਾਂ ਵਿਚ ਆਪਣੀਆ ਜੜ੍ਹਾਂ ਜਮਾਉਣ ਲੱਗਾ। ਇਸ ਦੇ ਲਾਜ਼ਮੀ ਸਿੱਟੇ ਵਜੋਂ ਗੁਣਾਂ ਦੀ ਬਜਾਇ ਸਿਰਾਂ ਦੀ ਗਿਣਤੀ ਜੋ਼ਰ ਫੜਦੀ ਗਈ। ਇਸ ਬਹੁਗਿਣਤੀ-ਘੱਟਗਿਣਤੀ ਦੀ ਸੋਚ ਨੇ ਹਰੇਕ ਧਰਮ ਦੇ ਲੋਕਾਂ ਨੂੰ ਆਪਣੀ ਆਪਣੀ ਗਿਣਤੀ ਵਧਾਉਣ ਦੇ ਚੱਕਰ ਵਿਚ ਫਸਾ ਦਿੱਤਾ। ਇਸ ਦੁਸ਼ਟ ਚੱਕਰ ਨੇ ਪੰਜਾਬ ਅੰਦਰਲੇ ਤਿੰਨਾਂ ਭਾਈਚਾਰਿਆਂ ਦੇ ਮਨਾਂ ਵਿਚ ਇਕ-ਦੂਜੇ ਪ੍ਰਤੀ ਨਫਰਤ ਪੈਦਾ ਕੀਤੀ। ਮਹਾਤਮਾ ਗਾਂਧੀ ਨੇ ਲਿਖਿਆ ਹੈ ਕਿ ਅੰਗਰੇਜ਼ ਸਾਮਰਾਜੀਆਂ ਨੇ ਦੇਸ਼ ਉਤੇ ਕਬਜ਼ਾ ਕਰ ਕੇ ਇੱਥੋਂ ਦੇ ਇਤਿਹਾਸ ਨੂੰ ਫਿਰਕੂ ਵੰਡ ਦੇ ਆਧਾਰ ਉਤੇ ਲਿਖਵਾਉਣਾ, ਪ੍ਰਚਾਰਨਾ ਤੇ ਇਸ ਵੰਡ ਨੂੰ ਰਾਜਸੀ ਸ਼ਹਿ ਦੇਣੀ ਸ਼ੁਰੂ ਕੀਤੀ।
ਇਹ ਸਿਰਫ ਅੰਗਰੇਜ਼ ਬਸਤੀਵਾਦੀ ਸਨ, ਜਿਨ੍ਹਾਂ ਨੇ ਆ ਕੇ ਤਿੰਨਾਂ ਫਿਰਕਿਆਂ ਵਿਚ ਫਿਰਕੂ ਦੁਫੇੜ ਪੈਦਾ ਕੀਤੀ। ਅਜਿਹੀਆਂ ਝੂਠੀਆਂ ਧਾਰਨਾਵਾਂ ਪ੍ਰਚੱਲਿਤ ਕੀਤੀਆਂ, ਜਿਹੜੀਆਂ ਹੁਣ ਤਕ ਤੁਰੀਆਂ ਆ ਰਹੀਆਂ ਹਨ। ਗੁਰੂ ਸਾਹਿਬ ਦੇ ਮੂੰਹ ਵਿਚ ਅਜਿਹੇ ਸ਼ਬਦ ਪਾਏ ਗਏ ਕਿ ਜੇ ਮੁਸਲਮਾਨ ਆਪਣੀ ਬਾਂਹ ਉਤੇ ਤੇਲ ਮਲ ਕੇ ਉਸ ਨੂੰ ਤਿਲਾਂ ਵਿਚੋਂ ਲੰਘਾਉਣ ਤੇ ਬਾਂਹ ਨੂੰ ਚਿੰਬੜੇ ਹੋਏ ਤਿਲਾਂ ਦੀ ਗਿਣਤੀ ਜਿੰਨੀਆਂ ਸੌਹਾਂ ਵੀ ਚੁੱਕਣ, ਤਾਂ ਵੀ ਉਨ੍ਹਾਂ ਦੀ ਕਿਸੇ ਗੱਲ ਦਾ ਇਤਬਾਰ ਨਹੀਂ ਕਰਨਾ। ਇਸ ਝੂਠੀ ਧਾਰਨਾਂ ਨੂੰ ਪ੍ਰਚਲਿਤ ਕਰਨ ਲਈ ਗਊ-ਕੁਰਾਨ ਦੀ ਸਹੁੰ ਚੁੱਕ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਬਾਹਰ ਆਉਣ ਵਾਸਤੇ ਸਹਿਮਤ ਕਰਨ ਦੀ ਘਟਨਾ ਨੂੰ ਆਧਾਰ ਬਣਾਇਆ ਗਿਆ। ਆਰੀਆ ਸਮਾਜੀ ਅਖਬਾਰਾਂ ਨੇ ਅਜਿਹੀਆਂ ਧਾਰਨਾਵਾਂ ਨੂੰ ਖੂਬ ਪ੍ਰਚਾਰਿਆ, ਜਿਸ ਕਰਕੇ ਹਿੰਦੂ ਸਿੱਖ ਮਨਾਂ ਵਿਚ ਮੁਸਲਮਾਨਾਂ ਪ੍ਰਤੀ ਨਫਰਤ ਭਰੀ ਗਈ।
ਅੰਗਰੇਜ਼ ਸਾਮਰਾਜੀ ਬੜੇ ਸ਼ੈਤਾਨ ਸਨ। ਉਨ੍ਹਾਂ ਨੂੰ ਪਤਾ ਸੀ ਕਿ ਖਤਰਨਾਕ ਬੰਦਾ ਨਹੀਂ ਹੁੰਦਾ ਸਗੋਂ ਉਸ ਦੀ ਸੋਚ ਹੁੰਦੀ ਹੈ, ਜਿਹੜੀ ਬੰਦੇ ਨੂੰ ਚਲਾਉਂਦੀ ਹੈ। ਇਸ ਲਈ ਜੇ ਬੰਦੇ ਦੀ ਸੋਚ ਨੂੰ ਫਿਰਕੂ ਰੰਗਤ ਦੇ ਦਿੱਤੀ ਜਾਵੇ ਤਾਂ ਉਹ ਆਪੇ ਹੀ ਸਮਾਜ ਲਈ ਖਤਰਨਾਕ ਬਣ ਜਾਵੇਗਾ।
ਕੇਨਥ ਡਬਲਿਊ ਜੋਨਸ ਨੇ ਇਸ ਵਰਤਾਰੇ ਦੀ ਜਾਣਕਾਰੀ ਦਿੱਤੀ ਹੈ। ਆਪਣੀ ਲਿਖਤ ‘ਹਮ ਹਿੰਦੂ ਨਹੀਂ – ਆਰੀਆਂ ਸਿੱਖ ਰਿਸ਼ਤੇ’ ਵਿਚ ਉਸ ਨੇ ਲਿਖਿਆ ਹੈ, ‘‘ਪੰਜਾਬ ਦੇ ਉਸ ਦੌਰ ਦਾ ਇਤਿਹਾਸ ਦੋ ਘੱਟ ਗਿਣਤੀ ਭਾਈਚਾਰਿਆਂ (ਹਿੰਦੂਆਂ ਤੇ ਮੁਸਲਮਾਨਾਂ) ਵਿਚਕਾਰ ਧਾਰਮਿਕ ਮੁਕਾਬਲੇ ਦੀ ਬੜੀ ਨਾਟਕੀ ਪੇਸ਼ਕਾਰੀ ਕਰਦਾ ਹੈ। ਪੰਜਾਬੀ ਹਿੰਦੂਆਂ ਦੀ ਇਕ ਨਵੀਂ, ਆਧੁਨਿਕ ਤੇ ਸਤਿਕਾਰਤ ਧਾਰਮਿਕ ਪ੍ਰੰਪਰਾ ਸਿਰਜਣ ਦੇ ਯਤਨਾਂ ਨੇ, ਉਨ੍ਹਾਂ ਦੇ ਆਪਣੇ ਭਾਈਚਾਰੇ ਤਕ ਸੀਮਤ ਨਾ ਰਹਿ ਕੇ ਪੰਜਾਬ ਅੰਦਰਲੇ ਬਾਕੀ ਭਾਈਚਾਰਿਆਂ – ਮੁਸਲਮਾਨਾਂ ਤੇ ਸਿੱਖਾਂ ਨਾਲ ਉਨ੍ਹਾਂ ਦੇ ਰਿਸ਼ਤਿਆਂ ਨੂੰ ਵੀ ਬਦਲ ਦਿੱਤਾ। ਇਕ ਅੰਗਰੇਜ਼ੀ ਪੜ੍ਹਿਆ ਲਿਖਿਆ ਸ੍ਰੇਸ਼ਠ ਹਿੰਦੂ ਵਰਗ ਹੋਂਦ ਵਿਚ ਆਇਆ। ਇਹ ਵਰਗ ਮੁੱਖ (ਸਨਾਤਨੀ) ਹਿੰਦੂ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਤੋਂ ਟੁੁੱਟਿਆ ਹੋਇਆ ਤੇ ਹਿੰਦੂ ਸਮਾਜ ਦੇ ਬਾਹਰਲੇ ਹਾਸ਼ੀਏ ਉਤੇ ਬੈਠਾ ਹੋਇਆ ਸੀ। ਇਸ ਵਰਗ ਨੇ ਪੁਰਾਣੇ ਸੰਸਾਰ ਦੀ ਨਵੀਂ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਤਰ੍ਹਾਂ ਕਰਦਿਆਂ ਨਵਾਂ ਵਿਚਾਰਧਾਰਕ ਸੋਚ ਪ੍ਰਬੰਧ ਸਿਰਜਿਆ, ਜਿਸਦਾ ਮੰਤਵ ਬੀਤੇ ਤੇ ਵਰਤਮਾਨ ਦੀ ਨਵੀਂ ਵਿਆਖਿਆ ਕਰਨਾ ਤੇ ਭਵਿੱਖ ਲਈ ਨਵਾਂ ਦ੍ਰਿਸ਼ਟੀਕੋਣ ਸਿਰਜਣਾ ਸੀ। ਪੁਰਾਣੇ ਵਿਚਾਰਾਂ ਦੀ ਨਵੀਂ ਵਿਆਖਿਆ, ਵਿਸਥਾਰ ਤੇ ਪ੍ਰਚਾਰ ਨੇ ਜਿੱਥੇ ਸਮੂਹਿਕ ਚੇਤਨਾ ਪੈਦਾ ਕੀਤੀ, ਉਥੇ ਇਸ ਵਰਗ ਵਿਚ ਆਪਣੀ ਵਿਲੱਖਣ ਹੋਂਦ ਦਾ ਅਹਿਸਾਸ ਵੀ ਪੈਦਾ ਕੀਤਾ। ਪਰ ਨਾਲ ਹੀ ਇਨ੍ਹਾਂ ਨਵੇਂ ਵਿਸ਼ਵਾਸਾਂ ਨੂੰ ਮੰਨਣ ਤੇ ਨਾ ਮੰਨਣ ਵਾਲੇ ਵਰਗਾਂ ਵਿਚਕਾਰ ਇਕ ਦੂਰੀ ਵੀ ਪੈਦਾ ਕੀਤੀ। ਆਪਣੀ ਪਛਾਣ ਦੀ ਮੁੜ-ਵਿਆਖਿਆ ਦੇ ਇਸ ਵਰਤਾਰੇ ਨੇ ਉਨੀਵੀਂ ਸਦੀ ਦੇ ਪਿਛਲੇ ਦਹਾਕਿਆਂ ਅੰਦਰ ਪੰਜਾਬ ਵਿਚ ਐਸੀ ਹਲਚਲ ਮਚਾਈ ਕਿ ਇਸ ਨਾਲ ਵਧੇ ਵਿਚਾਰਧਾਰਕ ਤੇ ਧਾਰਮਿਕ ਟਕਰਾਅ ਨੇ ਸਾਰੇ ਧਾਰਮਿਕ ਭਾਈਚਾਰਿਆਂ ਵਿਚ ਬਹਿਸਾਂ ਦਾ ਮਾਹੌਲ ਭਖਾ ਦਿੱਤਾ। ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਆਪਣੇ-ਆਪਣੇ ਸੰਕਲਪਾਂ ਨੂੰ ਸਾਹਮਣੇ ਲਿਆਉਣਾ ਆਰੰਭ ਕੀਤਾ, ਜਿਸ ਨੇ ਦੂਜੇ ਭਾਈਚਾਰਿਆਂ ਨਾਲ ਤੇ ਆਪਣੇ ਭਾਈਚਾਰੇ ਅੰਦਰਲੇ ਵਿਚਾਰਧਾਰਕ ਸੰਘਰਸ਼ ਨੂੰ ਹੋਰ ਤੇਜ਼ ਕੀਤਾ। ਇਕ-ਦੂਜੇ ਨੂੰ ਸੁਆਲ-ਜੁਆਬ ਕਰਨ ਦੇ ਇਸ ਵਰਤਾਰੇ ਨੇ ਪੰਜਾਬੀ ਧਾਰਮਿਕ ਭਾਈਚਾਰਿਆਂ ਵਿਚਲੇ ਰਿਸ਼ਤੇ ਸਥਾਈ ਰੂਪ ਵਿਚ ਬਦਲ ਦਿੱਤੇ। ਇਸ ਤੋਂ ਵੀ ਵਧੇਰੇ ਬੁਨਿਆਦੀ ਤਬਦੀਲੀ ਇਹ ਵਾਪਰੀ ਕਿ ਇਸ ਨੇ ਬਹੁਤ ਸਾਰੇ ਸਮੂਹਾਂ ਅੰਦਰਲੇ ਆਪਣੇ ਧਾਰਮਿਕ ਸੰਕਲਪਾਂ ਨੂੰ ਵੀ ਬਦਲ ਦਿੱਤਾ।’’
(ਹਵਾਲਾ, ‘ਹਮ ਹਿੰਦੂ ਨਹੀਂ’ ਆਰੀਆ ਸਿੱਖ ਰਿਸ਼ਤੇ, 1877-1905, ਕੇਨਥ ਡਬਲਿਊ ਜੋਨਸ, ਜਰਨਲ ਆਫ ਏਸ਼ੀਅਨ ਸਟੱਡੀਜ਼, ਜਿਲਦ 32, ਅੰਕ 3, ਮਈ 1973, ਸਫਾ 457)
ਅੰਗਰੇਜ਼ੀ ਪੜ੍ਹੇ-ਲਿਖੇ ਤੇ ਬਸਤੀਵਾਦੀ ਆਰਥਿਕ ਰਿਸ਼ਤਿਆਂ ਦੀ ਬਦੌਲਤ ਨਵੇਂ-ਨਵੇਂ ਅਮੀਰ ਬਣੇ ਇਸ ਸ੍ਰੇਸ਼ਠ ਹਿੰਦੂ ਵਰਗ ਰਾਹੀਂ ਪੰਜਾਬ ਅੰਦਰ ਪਹਿਲਾਂ ਬ੍ਰਹਮੋ ਸਮਾਜ ਤੇ ਫਿਰ ਆਰੀਆ ਸਮਾਜ ਦੀ ਆਮਦ ਹੋਈ। ਆਰੀਆ ਸਮਾਜ ਦੀ ਆਮਦ ਨੇ ਪੰਜਾਬ ਅੰਦਰ ਹਿੰਦੂ-ਸਿੱਖ-ਮੁਸਲਮਾਨ ਤੁਫਰਕਾ ਕਿਵੇਂ ਪੈਦਾ ਕੀਤਾ, ਇਸ ਵਰਤਾਰੇ ਨੂੰ ਹਾਲ ਦੀ ਘੜੀ ਲਾਂਭੇ ਛੱਡਦੇ ਹੋਏ ਇੱਥੇ ਅਸੀਂ ਸਿਰਫ ਪੱਛਮੀ ਨੇਸ਼ਨ ਸਟੇਟ ਦੀ ਤਰਜ਼ ਉਤੇ ਉਭਰੇ ‘ਹਿੰਦੂ ਰਾਸ਼ਟਰਵਾਦ’ ਦੀ ਗੱਲ ਕਰਾਂਗੇ।
ਸ਼ਹੀਦ ਭਗਤ ਸਿੰਘ ਹੁਰਾਂ ਦੇ ਸ਼ਬਦਾਂ ਵਿਚ, ‘‘ਏਧਰ ਆਰੀਆ ਸਮਾਜ ਦਾ ਸੰਚਾਰ ਹੋਇਆ। ਸਵਾਮੀ ਦਯਾ ਨੰਦ ਸਰਸਵਤੀ ਨੇ ਸਾਰੇ ਭਾਰਤ ਵਰਸ਼ ਵਿਚ ਹਿੰਦੀ ਦਾ ਪ੍ਰਚਾਰ ਕਰਨ ਦਾ ਭਾਵ ਰੱਖਿਆ। ਹਿੰਦੀ ਭਾਸ਼ਾ ਆਰੀਆ ਸਮਾਜ ਦਾ ਇਕ ਅੰਗ ਬਣ ਗਈ। ਧਾਰਮਿਕ ਅੰਗ ਬਣ ਜਾਣ ਦਾ ਇਕ ਲਾਭ ਇਹ ਹੋਇਆ ਕਿ ਆਰੀਆ ਸਮਾਜੀਆਂ ਦੀ ਕੱਟੜਤਾ ਨਾਲ ਹਿੰਦੀ ਭਾਸ਼ਾ ਨੇ ਆਪਣੀ ਥਾਂ ਬਣਾ ਲਈ।’’… ‘‘ ਮੁਸਲਮਾਨਾਂ ਵਿਚ ਭਾਰਤੀਅਤਾ ਦੀ ਹਰ ਤਰ੍ਹਾਂ ਘਾਟ ਹੈ, ਉਹ ਸਾਰੇ ਭਾਰਤ ਵਿਚ ਭਾਰਤੀਅਤਾ ਦੀ ਮਹੱਤਤਾ ਨਾ ਸਮਝ ਕੇ ਅਰਬੀ ਲਿਪੀ ਤੇ ਫਾਰਸੀ ਭਾਸ਼ਾ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ। ਸਾਰੇ ਭਾਰਤ ਦੀ ਇਕ ਭਾਸ਼ਾ ਤੇ ਉਹ ਵੀ ਹਿੰਦੀ ਹੋਣ ਦਾ ਮਹੱਤਵ ਉਨ੍ਹਾਂ ਦੀ ਸਮਝ ਵਿਚ ਨਹੀਂ ਆਉਂਦਾ।’’… ‘‘‘ਸਭ ਦੇ ਸਾਹਮਣੇ ਇਸ ਵੇਲੇ ਮੁਖ ਸੁਆਲ ਭਾਰਤ ਨੂੰ ਇਕ ਰਾਸ਼ਟਰ ਬਣਾਉਣਾ ਹੈ, ਇਕ ਰਾਸ਼ਟਰ ਬਣਾਉਣ ਲਈ ਇਕ ਭਾਸ਼ਾ ਹੋਣਾ ਜ਼ਰੂਰੀ ਹੈ।’’ .. ‘‘ਸਾਨੂੰ ਆਪਣੇ ਦੇਸ ਵਿਚ ਇਸ ਆਦਰਸ਼ ਨੂੰ ਕਾਇਮ ਕਰਨਾ ਹੋਵੇਗਾ। ਸਾਰੇ ਦੇਸ ਵਿਚ ਇਕ ਭਾਸ਼ਾ, ਇਕ ਲਿਪੀ, ਇਕ ਸਾਹਿਤ, ਇਕ ਆਦਰਸ਼ ਤੇ ਇਕ ਰਾਸ਼ਟਰ ਬਣਾਉਣਾ ਪਵੇਗਾ। ਪਰ ਸਾਰੀਆਂ ਏਕਤਾਵਾਂ ਤੋਂ ਪਹਿਲਾਂ ਇਕ ਭਾਸ਼ਾ ਦਾ ਹੋਣਾ ਜ਼ਰੂਰੀ ਹੈ।’’
(ਹਵਾਲਾ : ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ, ਸੰਪਾਦਕ (ਸ਼ਹੀਦ ਭਗਤ ਸਿੰਘ ਦੇ ਭਾਣਜੇ) ਪ੍ਰੋ. ਜਗਮੋਹਨ ਸਿੰਘ)
ਇਹ ਸੀ ਆਰੀਆ ਸਮਾਜੀ ਸੋਚ ਦਾ ਤੱਤ : ਇਕ ਭਾਸ਼ਾ, ਇਕ ਲਿਪੀ, ਇਕ ਸਾਹਿਤ, ਇਕ ਆਦਰਸ਼ ਤੇ ਇਕ ਰਾਸ਼ਟਰ। ਇਸ ਸੋਚ ਨੇ ਪੰਜਾਬ ਅੰਦਰ ਤਾਂ ਨਕਾਰੀ ਰੋਲ ਨਿਭਾਇਆ ਹੀ ਪਰ ਨਾਲ ਹੀ ਇਸ ਨੇ ਬਾਕੀ ਦੇਸ ਵਿਚ ਵੀ ‘ਹਿੰਦੀ-ਹਿੰਦੂ-ਹਿੰਦੋਸਤਾਨ’ ਦੇ ਬਿਰਤਾਂਤ ਨੂੰ ਦ੍ਰਿੜ ਕੀਤਾ। ਇਹ ਆਰੀਆ ਸਮਾਜੀ ਸੋਚ ਹਿੰਦੋਸਤਾਨੀ ਦੇ ਸਮਾਜੀ ਪਿੜ ਵਿਚ ਗੱਡਿਆ ਸੇਹ ਦਾ ਤਕਲਾ ਹੈ। ਨੌਜਵਾਨ ਪੀੜ੍ਹੀ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ ਕਿ ਅਜੋਕੀ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਨਾਂ ਜਨ ਸੰਘ ਹੁੰਦਾ ਸੀ ਤੇ ਇਸ ਦਾ ਮੁੱਢ ਪੰਜਾਬ ਦੇ ਆਰੀਆ ਸਮਾਜੀਆਂ ਨੇ ਬੰਨ੍ਹਿਆ ਸੀ। ਇਹ ਸੱਚ ਹੈ ਕਿ ਆਰ.ਐਸ.ਐਸ. ਦਾ ਜਨਮ ਮਹਾਰਾਸ਼ਟਰ ਵਿਚ ਹੋਇਆ ਤੇ ਹਿੰਦੂ ਧਰਮ ਨਾਲ ਸਬੰਧਤ ਸੁਧਾਰਵਾਦੀ ਲਹਿਰਾਂ ਦਾ ਗੜ੍ਹ ਉਸ ਵੇਲੇ ਦਾ ਬੰਗਾਲ ਸੀ। ਪਰ ਮਨੂਵਾਦੀ ਹਿੰਦੂਆਂ ਨੂੰ ਰਾਜਸੀ ਲੀਡਰਸ਼ਿਪ ਦੇਣ ਪੱਖੋਂ ਪੰਜਾਬ ਦੇ ਇਨ੍ਹਾਂ ਆਰੀਆ ਸਮਾਜੀਆਂ ਦਾ ਅਹਿਮ ਰੋਲ ਰਿਹਾ ਹੈ।
ਪਹਿਲੀ ਵਾਰ 1924 ਵਿਚ ਲਾਲਾ ਲਾਜਪਤ ਰਾਏ ਨੇ ਕਿਹਾ ਸੀ ਕਿ ਪੰਜਾਬ ਅੰਦਰ ਬਹੁਗਿਣਤੀ ਵਿਚ ਰਹਿੰਦਾ ਮੁਸਲਮਾਨ ਸਮਾਜ, ਹਿੰਦੂ-ਸਿੱਖ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਅਤੇ ਪੰਜਾਬ ਦੇ ਇਕ ਹਿੱਸੇ ਵਿਚ ਜਿੱਧਰ ਹਿੰਦੂ-ਸਿੱਖਾਂ ਦੀ ਬਹੁਗਿਣਤੀ ਹੈ, ਉਸ ਨੂੰ ਮੁਸਲਿਮ ਬਹੁਗਿਣਤੀ ਵਾਲੇ ਹਿੱਸੇ ਤੋਂ ਵੱਖ ਕਰ ਦੇਣਾ ਚਾਹੀਦਾ ਹੈ। 1932 ਵਿਚ ਭਾਈ ਪਰਮਾਨੰਦ ਨੇ ਕਿਹਾ ਸੀ ਕਿ ਸਾਨੂੰ ਮੁਸਲਿਮ ਬਹੁਗਿਣਤੀ ਵਾਲੇ ਪੰਜਾਬ ਇਲਾਕੇ ਉਤੇ ਕੋਈ ਇਤਰਾਜ਼ ਨਹੀਂ, ਜੇ ਇਸ ਵਿਚੋਂ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਕੱਢ ਕੇ ਦਿੱਲੀ ਜਾਂ ਯੂ ਪੀ ਦੇ ਨਾਲ ਮਿਲਾ ਦਿੱਤੇ ਜਾਣ। ਪੰਜਾਬ ਅੰਦਰ ਆਰੀਆ ਸਮਾਜ ਨਾਲ ਸਿੱਧੇ ਜੁੜੇ ਹਿੰਦੂਆਂ ਦੀ ਗਿਣਤੀ ਭਾਵੇਂ ਬਹੁਤ ਜ਼ਿਆਦਾ ਨਹੀਂ ਹੈ ਪਰ ਪੰਜਾਬ ਵਿਚ ਛਪਣ ਵਾਲੇ ਸਾਰੇ ਹਿੰਦੀ ਤੇ (ਉਸ ਵੇਲੇ ਛਪਦੇ) ਉਰਦੂ ਅਖ਼ਬਾਰ ਲਗਪਗ ਆਰੀਆ ਸਮਾਜੀ ਹੱਥਾਂ ਵਿਚ ਰਹੇ ਹਨ, ਜਿਸ ਕਰਕੇ ਉਹ ਪੰਜਾਬ ਦੀ ਹਿੰਦੂ ਜਨਤਾ ਦੇ ਬਹੁਤ ਵੱਡੇ ਹਿੱਸਿਆਂ ਤੇ ਖਾਸ ਕਰਕੇ ਸ਼ਹਿਰੀ ਹਿੰਦੂਆਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ।
ਸਵਾਮੀ ਦਇਆ ਨੰਦ ਰਚਿਤ ‘ਸਤਿਆਰਥ ਪ੍ਰਕਾਸ਼’ ਪੜ੍ਹਿਆਂ ਹੀ ਪਤਾ ਲੱਗਦਾ ਹੈ ਕਿ ਇਹ ਵੈਦਿਕ ਫਿਲਾਸਫੀ ਦੀ ਅਜੋਕੀ ਵਿਆਖਿਆ ਨਹੀਂ ਬਲਕਿ ਮਨੂਵਾਦ ਦੀ ਨਵੀਂ ਵਿਆਖਿਆ ਹੈ। ਇਹ ਮਨੂਵਾਦੀ ਸੋਚ ਆਪਣੇ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਟਿੱਚ ਸਮਝਦੀ ਹੈ। ਇਸੇ ਵਿਆਖਿਆ ਦੇ ਆਧਾਰ ਉਤੇ ਸਤਿਆਰਥ ਪ੍ਰਕਾਸ਼ ਵਿਚ ਸਿੱਖ ਧਰਮ, ਇਸਲਾਮ ਤੇ ਇਸਾਈਅਤ ਦੀ ਮੰਦੀ ਸ਼ਬਦਾਵਲੀ ਵਿਚ ਆਲੋਚਨਾ ਕੀਤੀ ਗਈ। ਸਾਮਰਾਜੀ ਰਾਜਨੀਤੀ ਤੇ ਇਸੇ ਆਰੀਆ ਸਮਾਜੀ ਸੋਚ ਨੇ ਹਿੰਦੂਆਂ ਦੇ ਮਨਾਂ ਵਿਚ ਬਾਕੀ ਧਰਮਾਂ ਪ੍ਰਤੀ ਨਫਰਤ ਭਰੀ। ਆਰੀਆ ਸਮਾਜ ਦੀ ਇਸੇ ਮਨੂੰਵਾਦੀ ਸੋਚ ਨੇ ਹਿੰਦ-ਪਾਕਿ ਵੰਡ ਕਰਵਾਈ, ਜਿਸ ਦਾ ਖਮਿਆਜ਼ਾ ਲੱਖਾਂ ਪੰਜਾਬੀਆਂ ਨੇ ਆਪਣੀਆਂ ਜਾਨਾਂ ਦੇ ਕੇ ਹਿੰਦ-ਪਾਕਿ ਵੰਡ ਦੇ ਰੂਪ ਵਿਚ ਭੁਗਤਿਆ। ਆਰੀਆ ਸਮਾਜੀਆਂ ਦਾ ਇਹੀ ਰਾਸ਼ਟਰਵਾਦੀ ਬਿਰਤਾਂਤ ਹੁਣ ਮੋਦੀਕਿਆਂ ਦੇ ਰੂਪ ਵਿਚ ਇਸ ਸਮੁੱਚੇ ਖਿੱਤੇ ਲਈ ਤਬਾਹੀ ਦਾ ਸਬੱਬ ਬਣ ਗਿਆ ਹੈ।
ਬੇਸ਼ੱਕ ਅਸਲ ਮਸਲਾ ਵੇਦਾਂ ਵਿਚਲੇ ਆਤਮਿਕ ਗਿਆਨ ਨੂੰ ਅਜੋਕੇ ਪ੍ਰਸੰਗ ਵਿਚ ਨਵਿਆਉਣ ਤੇ ਅਪਣਾਉਣ ਦਾ ਹੈ। ਵੈਦਿਕ ਫਿਲਾਸਫੀ ਵਿਚ ਬਹੁਤ ਕੁਝ ਭਰਮਾਊ ਰਲਿਆ ਹੋਇਆ ਹੈ ਪਰ ਇਸ ਵਿਚ ਆਤਮਿਕ ਗਿਆਨ ਦਾ ਤੱਤ ਵੀ ਮੌਜੂਦ ਹੈ। ਇਨ੍ਹਾਂ ਭਰਮਾਊ ਧਾਰਨਾਵਾਂ ਤੇ ਇਨ੍ਹਾਂ ਵਿਚਲੇ ਆਤਮਿਕ ਗਿਆਨ ਦੇ ਤੱਤ ਨੂੰ ਨਿਖੇੜਨ ਦੀ ਲੋੜ ਹੈ। ਇਹ ਕੰਮ ਗੁਰਮਤਿ ਨੇ ਕੀਤਾ ਹੈ। ਗੁਰਮਤਿ ਦੇ ਇਸ ਵਿਰਸੇ ਨੂੰ ਅੱਗੇ ਤੋਰਨ ਦੀ ਲੋੜ ਹੈ। ਵੈਦਿਕ ਫਿਲਾਸਫੀ ਵਿਚ ਦਰਜ ਹੈ : ਸਾਰੇ ਜਨ ਸੁਖੀ ਵਸਣ। ਗੁਰਮਤਿ ਨੇ ਇਸੇ ਵੈਦਿਕ ਧਾਰਨਾ ਨੂੰ ਸਰਬਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੇ ਰੂਪ ਵਿਚ ਅਗੇ ਤੋਰਿਆ ਹੈ। ‘ਵਾਸੂਦੇਵਾ ਕਟੁੰਬਕਮ’ ਭਾਵ ਸਾਰਾ ਵਿਸ਼ਵ ਇਕ ਪਰਿਵਾਰ ਹੈ, ਨੂੰ ਏਕ ਪਿਤਾ ਏਕਸ ਕੇ ਹਮ ਬਾਰਿਕ॥ ਦੇ ਰੂਪ ਵਿਚ ਨਵਿਆਇਆ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਹਿੰਦੋਸਤਾਨ ਦੇ ਲੋਕਾਂ ਕੋਲ ਇਕ ਅਜਿਹਾ ਸਿਧਾਂਤ ਹੈ, ਜਿਹੜਾ ਵੈਦਿਕ ਫਿਲਾਸਫੀ ਤੇ ਇਸਲਾਮ ਵਿਚਕਾਰ ਪੁਲ ਦਾ ਕੰਮ ਕਰ ਸਕਦਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਸਿੱਖੀ ਨੂੰ ਦੋਹਾਂ ਧਰਮਾਂ ਤੋਂ ਨਿਆਰਾ ਤੇ ਦੋਹਾਂ ਧਰਮਾਂ ਵਿਚਲੀ ਕਾਣ ਮੇਟਣ ਵਾਲੇ ਧਰਮ ਵਜੋਂ ਪੇਸ਼ ਕੀਤਾ ਹੈ। ਪੱਛਮ ਵਿਚ ਧਰਮ ਬਾਰੇ ਵਰਤੇ ਜਾਂਦੇ ਸ਼ਬਦ ਰਿਲੀਜਨ ਤੇ ਪੂਰਬ ਵਿਚਲੇ ਸ਼ਬਦ ਧਰਮ ਦੇ ਸੰਕਲਪ ਵੱਖੋ-ਵੱਖਰੇ ਹਨ। ਵੈਦਿਕ ਫਿਲਾਸਫੀ ਤੇ ਬੁੱਧ ਮਤਿ ਵਿਚ ਵਰਤੇ ਗਏ ਧਰਮ ਸ਼ਬਦ ਦੇ ਸੰਕਲਪ ਦੀ ਸਭ ਤੋਂ ਵਧੇਰੇ ਸਪੱਸ਼ਟ ਵਿਆਖਿਆ ਗੁਰਮਤਿ ਨੇ ਕੀਤੀ ਹੈ। ਧਰਮ ਦਾ ਇਹ ਸੰਕਲਪ ਹਿੰਦੂਆਂ, ਮੁਸਲਮਾਨਾਂ ਸਮੇਤ ਸੰਸਾਰ ਭਰ ਦੇ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਸਕਦਾ ਹੈ। ਤੀਜੀ ਸੰਸਾਰ ਜੰਗ ਵੱਲ ਵਧ ਰਹੇ ਸੰਸਾਰ ਨੂੰ ਰਾਹ ਵਿਖਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਇਸ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ।
ਹੁਣ ਤਕ ਪੱਛਮੀ ਤਰਜ਼ ਦੀਆਂ ਬਣੀਆਂ ਸਾਰੀਆਂ ਨੇਸ਼ਨ ਸਟੇਟਾਂ ਬਸਤੀਵਾਦੀ ਲੁੱਟ ਦੇ ਢੰਗਾਂ ਨਾਲ ਮਨਮਾਨੀ ਕਰਦੀਆਂ ਆ ਰਹੀਆਂ ਹਨ। ਸੰਸਾਰ ਭਰ ਵਿਚੋਂ ਗਰੀਬੀ, ਬਿਮਾਰੀ ਤੇ ਬੇਰੁਜ਼ਗਾਰੀ ਖਤਮ ਕਰ ਕੇ ਖੁਸ਼ਹਾਲ ਸਮਾਜ ਸਿਰਜਣ ਦੇ ਉਨ੍ਹਾਂ ਦੇ ਲਾਏ ਨਾਅਰਿਆਂ ਦੀ ਹੁਣ ਫੂਕ ਨਿਕਲ ਚੁੱਕੀ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਸੰਸਾਰ ਭਰ ਵਿਚ ਜਿਹੜਾ ਵੀ ਢਾਂਚਾ ਜਾਂ ਖਿੱਤਾ ਪੱਛਮੀ ਸਿੱਖਿਆ ਪ੍ਰਬੰਧ ਦੇ ਨਜ਼ਰੀਏ ਦਾ ਗੁਲਾਮ ਹੈ, ਓਥੇ ਗਰੀਬੀ ਬਿਮਾਰੀ ਤੇ ਬੇਰੁਜ਼ਗਾਰੀ ਵਰਗੇ ਮੁੱਦੇ ਕਦੇ ਖਤਮ ਨਹੀਂ ਹੋ ਸਕਦੇ। ਪੱਛਮੀ ਪ੍ਰਬੰਧ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਸਮੱਸਿਆਵਾਂ ਦਾ ਹੱਲ ਉਨ੍ਹਾਂ ਸੰਵਿਧਾਨਾਂ ਵਿਚੋਂ ਲੱਭ ਰਹੇ ਹਨ, ਜਿਹੜੇ ਸੰਵਿਧਾਨ ਬਹੁਤ ਹੱਦ ਵੇਲਾ ਵਿਹਾ ਚੁੱਕੇ ਹਨ। ਆਮ ਲੋਕ ਸਮੱਸਿਆਵਾਂ ਦੇ ਬੋਝ ਦੇ ਨਾਲ ਨਾਲ ਸੰਵਿਧਾਨਕ ਗੁਲਾਮੀ ਦੇ ਬੋਝ ਹੇਠ ਵੀ ਦੱਬੇ ਹੋਏ ਹਨ। ਅੱਜ ਪੱਛਮੀ ਗੁਲਾਮੀ ਤੋਂ ਕੇਵਲ ਉਹ ਲੋਕ ਹੀ ਬਚੇ ਹਨ ਜੋ ਆਪਣੀ ਰਵਾਇਤੀ ਕੁਦਰਤੀ ਸਮਝ ਅਨੁਸਾਰ ਪੱਛਮੀ ਵਿਗਿਆਨਕ ਸਭਿਆਚਾਰ ਦਾ ਹਿੱਸਾ ਨਹੀਂ ਬਣੇ। ਕੁਦਰਤੀ ਪਛਾਣਾਂ ਵਾਲੀ ਵੰਨ-ਸੁਵੰਨਤਾ ਨੂੰ ਬਚਾਉਂਦੇ ਹੋਏ ਬਣੀ ਸੰਸਾਰ ਸਾਂਝ ਹੀ ਹੁਣ ਸਦੀਵੀ ਹੋਵੇਗੀ। ਆਧੁਨਿਕ ਗੁਲਾਮੀ ਤੋਂ ਬਚਣ ਲਈ ਹਰ ਭਾਈਚਾਰੇ ਜਾਂ ਖਿੱਤੇ ਨੂੰ ਨਵੀਂ ਸੰਸਾਰ ਮੰਡੀ ਤੇ ਨੇਸ਼ਨ ਸਟੇਟ ਦੀ ਪੜ੍ਹਾਈ ਲਿਖਾਈ ਤੋਂ ਦੂਰ ਆਪਣੇ ਪਿਤਾ ਪੁਰਖੀ ਕੁਦਰਤੀ ਸਮਝ ਜਾਂ ਨਜ਼ਰੀਏ ਵਾਲੀ ਪੜ੍ਹਾਈ ਨੂੰ ਪਹਿਲ ਦੇਣੀ ਚਾਹੀਦੀ ਹੈ। ਗੁਰਮਤਿ ਅਜਿਹੀ ਜੀਵਨ ਜਾਚ ਦੀ ਪੁਸ਼ਟੀ ਕਰਦੀ ਹੈ।