ਲਾਕਾਨੂੰਨੀ ਦੇ ਮਸਲੇ ਉਤੇ ਪੰਜਾਬ ਸਰਕਾਰ ਬੇਵੱਸ?

ਚੰਡੀਗੜ੍ਹ: ਪੰਜਾਬ ਵਿਚ ਲਾਕਾਨੂੰਨੀ ਦਾ ਮਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਿਆ ਹੈ। ਸੂਬੇ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ ਸਰਕਾਰ ਲਈ ਵੱਡੀ ਚੁਣੌਤੀ ਜਾਪ ਰਹੀਆਂ ਹਨ। ਫਿਰੌਤੀ ਲਈ ਕਤਲਾਂ ਦੇ ਵਧ ਰਹੇ ਮਾਮਲਿਆਂ ਉਤੇ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਉਤੇ ਹੈ; ਖਾਸ ਕਰ ਕੇ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਪਰ ਰਹੀਆਂ ਘਟਨਾਵਾਂ ਅੱਗੇ ਸਰਕਾਰ ਬੇਵੱਸ ਨਜ਼ਰ ਆ ਰਹੀ ਹੈ।

ਤਰਨਤਾਰਨ ਦੇ ਸਰਹਾਲੀ ਥਾਣੇ ਉਤੇ ਹੋਏ ਰਾਕੇਟ ਹਮਲੇ ਨੇ ਕਾਨੂੰਨ ਵਿਵਸਥਾ ਉਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਸੱਤ ਮਹੀਨਿਆਂ ਦੇ ਅੰਦਰ ਇਹ ਅਜਿਹਾ ਦੂਜਾ ਹਮਲਾ ਹੈ, ਜਦੋਂ ਕਿਸੇ ਪੁਲਿਸ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। 6 ਮਈ ਨੂੰ ਮੁਹਾਲੀ ਵਿਚ ਖ਼ੁਫ਼ੀਆ ਵਿਭਾਗ ਉਤੇ ਆਰ.ਪੀ.ਜੀ ਨਾਲ ਹਮਲਾ ਹੋਇਆ ਸੀ। ਸਰਹਾਲੀ ਥਾਣੇ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ‘ਚ ਥਾਣਿਆਂ ‘ਤੇ ਸਰਕਾਰੀ ਇਮਾਰਤਾਂ ਉਤੇ ਹਮਲੇ ਦਾ ਅਲਰਟ ਪਹਿਲਾਂ ਹੀ ਜਾਰੀ ਕੀਤਾ ਹੋਇਆ ਸੀ। ਇਸ ਤੋਂ ਪਹਿਲਾਂ ਵੀ ਖ਼ੁਫ਼ੀਆ ਏਜੰਸੀਆਂ ਲਗਾਤਾਰ ਕੌਮਾਂਤਰੀ ਸਰਹੱਦ ਤੋਂ ਪਾਰ ਤੇ ਵਿਦੇਸ਼ਾਂ ਵਿਚ ਬੈਠੇ ਵੱਖਵਾਦੀ ਤੱਤਾਂ ਦੀਆਂ ਗਤੀਵਿਧੀਆਂ ਬਾਰੇ ਅਲਰਟ ਜਾਰੀ ਕਰਦੀਆਂ ਆ ਰਹੀਆਂ ਹਨ ਪਰ ਅਜਿਹੇ ਅਲਰਟ ਦੇ ਬਾਵਜੂਦ ਪੰਜਾਬ ਪੁਲਿਸ ਹਮਲਿਆਂ ਨੂੰ ਰੋਕਣ ਵਿਚ ਨਾਕਾਮ ਸਾਬਤ ਹੋਈ ਹੈ। ਪਿਛਲੇ ਦਿਨੀਂ ਨਕੋਦਰ ਵਿਚ ਵਪਾਰੀ ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ਤੇ ਉਸ ਦੀ ਸੁਰੱਖਿਆ ਕਰਮੀ ਦੀ ਹੱਤਿਆ ਪਿੱਛੋਂ ਵੀ ਕਾਰੋਬਾਰੀਆਂ ਵਿਚ ਸਹਿਮ ਹੈ। ਟਿੰਮੀ ਚਾਵਲਾ ਨੂੰ ਫਿਰੌਤੀ ਲਈ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਇਸੇ ਲਈ ਪੁਲਿਸ ਨੇ ਉਸ ਦੀ ਰੱਖਿਆ ਲਈ ਹਥਿਆਰਬੰਦ ਦੋ ਪੁਲਿਸ ਕਰਮੀ ਵੀ ਦਿੱਤੇ ਹੋਏ ਸਨ ਪਰ ਇਸ ਦੇ ਬਾਵਜੂਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਉਧਰ, ਕਾਰੋਬਾਰੀਆਂ ਨੂੰ ਧਮਕੀਆਂ ਦੇਣ ਦਾ ਇਹ ਸਿਲਸਿਲਾ ਹੋਰ ਤੇਜ਼ ਹੋ ਗਿਆ ਹੈ। ਪਿਛਲੇ 6 ਮਹੀਨਿਆਂ ਵਿਚ 60 ਦੇ ਲਗਭਗ ਫਿਰੌਤੀ ਮੰਗਣ ਦੇ ਕੇਸ ਦਰਜ ਕੀਤੇ ਗਏ ਹਨ। ਇਕੱਲੇ ਲੁਧਿਆਣਾ ਸ਼ਹਿਰ ਵਿਚ ਹੀ ਪਿਛਲੇ ਕੁਝ ਦਿਨਾਂ ਵਿਚ 35 ਦੇ ਕਰੀਬ ਕੁਝ ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲੀਆਂ ਹਨ ਜਿਸ ਸਬੰਧੀ ਕੁਝ ਕੇਸ ਵੀ ਦਰਜ ਕੀਤੇ ਗਏ ਹਨ।
ਅਪਰਾਧ ਦੀਆਂ ਇਨ੍ਹਾਂ ਘਟਨਾਵਾਂ ਨੇ ਵਿਰੋਧੀ ਧਿਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਘੇਰਨ ਦਾ ਵੱਡਾ ਮੌਕਾ ਦਿੱਤਾ ਹੋਇਆ ਹੈ। ਅਕਾਲੀ ਦਲ ਦਾ ਦਾਅਵਾ ਹੈ ਕਿ ਪਿਛਲੇ 50 ਸਾਲਾਂ ਦੌਰਾਨ ਪੰਜਾਬ ਵਿਚ ਕਦੇ ਅਜਿਹੇ ਹਾਲਾਤ ਦੇਖਣ ਨੂੰ ਨਹੀਂ ਮਿਲੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਖਤਰੇ ਦੀ ਘੰਟੀ ਦੱਸਿਆ ਹੈ ਅਤੇ ਪੰਜਾਬ ਸਰਕਾਰ ਨੂੰ ਆਪਣੀ ਗੂੜ੍ਹੀ ਨੀਂਦ ਤੋਂ ਜਾਗਣ ਦੀ ਸਲਾਹ ਦਿੱਤੀ ਹੈ ਹਾਲਾਂਕਿ ਆਪ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ਪਿੱਛੋਂ ਕੀਤੀ ਸਖਤੀ ਕਾਰਨ ਮਾੜੇ ਅਨਸਰ ਬੁਖਲਾਏ ਹੋਏ ਹਨ ਤੇ ਉਹ ਹਨੇਰੇ-ਸਵੇਰੇ ਘਟਨਾਵਾਂ ਨੂੰ ਅੰਜਾਮ ਦੇ ਕੇ ਆਪਣੀ ਹੋਂਦ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।