ਵਿਸ਼ਵ ਦੇ ਮਹਾਨ ਖਿਡਾਰੀ: ਮੀਲ ਦੀ ਦੌੜ ਦਾ ਮੀਰੀ ਦੌੜਾਕ ਰੌਜਰ ਬੈਨਿਸਟਰ

ਪ੍ਰਿੰ. ਸਰਵਣ ਸਿੰਘ
ਕਦੇ ਮੀਲ ਦੀ ਦੌੜ 4 ਮਿੰਟ ਤੋਂ ਘੱਟ ਸਮੇਂ `ਚ ਦੌੜਨੀ ਅਸੰਭਵ ਮੰਨੀ ਜਾਂਦੀ ਸੀ। ਮਿੱਥ ਬਣ ਗਈ ਸੀ ਕਿ ਦੌੜਾਂ ਦਾ ਦੇਵਤਾ ਦੌੜਾਕ ਦੀਆਂ ਲੱਤਾਂ ਦੀ ਸੱਤਿਆ ਖਿੱਚ ਲੈਂਦਾ ਹੈ ਤੇ ਕਿਸੇ ਨੂੰ ਮੀਲ ਦੀ ਦੌੜ ਚਾਰ ਮਿੰਟ ਤੋਂ ਘੱਟ ਪੂਰੀ ਨਹੀਂ ਕਰਨ ਦਿੰਦਾ। ਚਾਰ ਮਿੰਟ ਦੀ ਹੱਦ ਮਿਥਿਹਾਸਕ ਮੰਨੀ ਜਾਣ ਲੱਗੀ ਸੀ। ਇਸ ਹੱਦ ਨੂੰ ਪਾਰ ਕਰਨ ਦੇ ਵਾਰ ਵਾਰ ਯਤਨ ਹੁੰਦੇ ਰਹੇ ਪਰ ਵੀਹਵੀਂ ਸਦੀ ਦੇ ਅੱਧ ਤਕ ਕਿਸੇ ਦੌੜਾਕ ਨੂੰ ਕਾਮਯਾਬੀ ਨਾ ਮਿਲੀ। ਆਖ਼ਰ ਕੈਂਬਰਿਜ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਰੌਜਰ ਗਿੱਲਬਰਟ ਬੈਨਿਸਟਰ ਨੇ 6 ਮਈ 1954 ਨੂੰ ਔਕਸਫੋਰਡ ਯੂਨੀਵਰਸਿਟੀ ਦੇ ਟ੍ਰ੍ਰੈਕ ਵਿਚ ਚਾਰ ਮਿੰਟ ਦੀ ਹੱਦ ਤੋੜ ਦਿੱਤੀ। ਮੀਲ ਦੀ ਦੌੜ ਚਾਰ ਮਿੰਟ ਤੋਂ ਘੱਟ ਸਮੇਂ ਵਿਚ ਦੌੜਨ ਵਾਲਾ ਉਹ ਵਿਸ਼ਵ ਦਾ ਪਹਿਲਾ ਦੌੜਾਕ ਮੰਨਿਆ ਗਿਆ। ਫਿਰ ਉਹ ਨਾਮਵਰ ਦਿਮਾਗੀ ਡਾਕਟਰ ਬਣ ਕੇ 89 ਸਾਲ ਜੀਵਿਆ ਤੇ 3 ਮਾਰਚ 2018 ਨੂੰ ਔਕਸਫੋਰਡ ਵਿਚ ਹੀ ਪਰਲੋਕ ਸਿਧਾਰਿਆ। ਉਸ ਨੂੰ ਅਨੇਕਾਂ ਮਾਣ-ਸਨਮਾਨ ਮਿਲੇ ਤੇ ਦੌੜਦੇ ਦੇ ਸਟੈਚੂ ਸਥਾਪਿਤ ਹੋਏ।

ਰੌਜਰ ਦਾ ਜਨਮ ਰੈਲਫ਼ ਤੇ ਐਲੀਸ ਜੋੜੇ ਦੇ ਘਰ 23 ਮਈ 1929 ਨੂੰ ਇੰਗਲੈਂਡ ਦੇ ਸ਼ਹਿਰ ਹੈਰੋ ਵਿਚ ਹੋਇਆ ਸੀ। ਦੌੜਨ ਦੇ ਦਿਨੀਂ ਉਹਦਾ ਕੱਦ 6 ਫੁੱਟ 2 ਇੰਚ ਸੀ ਤੇ ਵਜ਼ਨ 70 ਕਿਲੋਗਰਾਮ। ਹੈਰੋ ਤੋਂ ਉਹਦੇ ਮਾਪੇ ਪਹਿਲਾਂ ਲੰਕਾਸ਼ਾਇਰ ਤੇ ਫਿਰ ਲੰਡਨ ਜਾ ਵਸੇ ਸਨ। ਜਦੋਂ ਰੌਜਰ ਸਿਟੀ ਆਫ਼ ਬਾਥ ਬੁਆਏ ਸਕੂਲ ਵਿਚ ਪੜ੍ਹਦਾ ਸੀ ਤਾਂ ਕਰਾਸ ਕੰਟਰੀ ਦੀ ਦੌੜ `ਚੋਂ ਪਹਿਲੀ ਟਰਾਫੀ ਜਿੱਤਿਆ ਜਿਸ ਨੂੰ ਉਹ ਅਨਮੋਲ ਇਨਾਮ ਸਮਝਦਾ ਰਿਹਾ। ਫਿਰ ਉਹ ਸੇਂਟ ਜੌਨ੍ਹ ਕਾਲਜ ਕੈਂਬਰਿਜ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਲੱਗਾ। 1945 ਵਿਚ ਉਹ ਸਿਡਨੀ ਵੁਡਰਸਨ ਨੂੰ ਮੀਲ ਦੀ ਦੌੜ ਲਾਉਂਦਿਆਂ ਵੇਖ ਕੇ ਏਨਾ ਪ੍ਰਭਾਵਿਤ ਹੋਇਆ ਕਿ ਮਨ `ਚ ਧਾਰ ਲਿਆ ਕਿ ਮੈਂ ਕਿਸੇ ਦਿਨ 4 ਮਿੰਟ ਦੀ ਦੈਵੀ ਹੱਦ ਜ਼ਰੂਰ ਉਲੰਘਾਂਗਾ। 17 ਸਾਲ ਦੀ ਉਮਰ `ਚ ਉਹ ਮੀਲ ਦੀ ਦੌੜ ਦੌੜਨ ਲੱਗ ਪਿਆ।
1913 ਵਿਚ ਮੀਲ ਦੀ ਦੌੜ ਦਾ ਵਿਸ਼ਵ ਰਿਕਾਰਡ 4:14.4 ਸਕਿੰਟ ਅਮਰੀਕਾ ਦੇ ਜਾਨ ਪਾਲ ਜੋਨਜ਼ ਨੇ ਰੱਖਿਆ ਸੀ। ਉਸ ਨੇ ਪਹਿਲੀ ਵਾਰ ਸਵਾ ਚਾਰ ਮਿੰਟ ਦੀ ਹੱਦ ਤੋੜੀ ਸੀ। 1923 ਵਿਚ ਫਿਨਲੈਂਡ ਦਾ ਪਾਵੋ ਨੁਰਮੀ ਮੀਲ 4:10.4 ਸਕਿੰਟ `ਚ ਦੌੜਿਆ। 1931 ਵਿਚ ਫਰਾਂਸ ਦੇ ਜੂਲਸ ਲਾਡੂਮੀਗ ਨੇ ਇਹ ਦੌੜ 4:9.2 ਸਕਿੰਟ ਵਿਚ ਪੂਰੀ ਕਰ ਕੇ 4:10 ਸਕਿੰਟ ਦੀ ਹੱਦ ਪਾਰ ਕਰ ਲਈ। ਉਦੋਂ ਕਿਹਾ ਜਾਣ ਲੱਗ ਪਿਆ ਕਿ ਹੁਣ 4 ਮਿੰਟ 5 ਸਕਿੰਟ ਦੀ ਸੀਮਾ ਪਾਰ ਕਰਨੀ ਅਸੰਭਵ ਹੋਵੇਗੀ। ਪਰ ਇਹ ਸੀਮਾ ਵੀ 1942 ਵਿਚ ਉਲੰਘੀ ਗਈ ਜਦੋਂ ਸਵੀਡਨ ਦੇ ਗੁੰਡਰ ਹੈਗ ਨੇ ਮੀਲ ਦੌੜ 4:4.6 ਸਕਿੰਟ `ਚ ਲਾ ਵਿਖਾਈ। ਉਸ ਪਿੱਛੋਂ ਚਾਰ ਮਿੰਟ ਦੀ ਮਿੱਥ ਤੁਰ ਪਈ ਕਿ 4 ਮਿੰਟ ਦੀ ਹੱਦ ‘ਅਜਿੱਤ’ ਹੈ। ਬਾਰਾਂ ਸਾਲ ਇਹ ਵਿਸ਼ਵਾਸ ਪੱਕਾ ਹੁੰਦਾ ਗਿਆ।
1944 ਵਿਚ ਸਵੀਡਨ ਦੇ ਐਂਡਰਸਨ ਨੇ ਮੀਲ ਦੀ ਦੌੜ ਦਾ ਸਮਾਂ 4:1.6 ਤਕ ਹੇਠਾਂ ਲੈ ਆਂਦਾ। 1954 ਤਕ ਕਿਸੇ ਦੌੜਾਕ ਤੋਂ ਉਤਲੇ 1.6 ਸਕਿੰਟ ਨਹੀਂ ਸਨ ਝਾੜੇ ਜਾ ਰਹੇ। ਅਖ਼ੀਰ ਰੌਜਰ ਮੈਦਾਨ `ਚ ਨਿਤਰਿਆ ਉਹ ਉੱਚੇ ਕੱਦ ਦਾ ਦਰਸ਼ਨੀ ਜੁਆਨ ਸੀ। ਉਹਦਾ ਜੁੱਸਾ ਇਕਹਿਰਾ ਤੇ ਲੱਤਾਂ ਲੰਮੀਆਂ ਸਨ ਜਿਸ ਕਰਕੇ ਕਦਮ ਵੀ ਲੰਮੇ ਸਨ। 1952 ਦੀਆਂ ਓਲੰਪਿਕ ਖੇਡਾਂ ਸਮੇਂ ਉਹ ਸਿਖਰ ਦੀ ਫਾਰਮ ਵਿਚ ਸੀ ਪਰ ਬਦਕਿਸਮਤੀ ਨਾਲ ਹੈਲਸਿੰਕੀ ਵਿਖੇ 1500 ਮੀਟਰ ਦੌੜ ਦਾ ਤਗ਼ਮਾ ਜਿੱਤਣੋਂ ਰਹਿ ਗਿਆ ਸੀ। ਅਖ਼ਬਾਰਾਂ `ਚ ਇੰਚ ਮੋਟੀਆਂ ਸੁਰਖ਼ੀਆਂ ਲੱਗੀਆਂ ਸਨ ‘ਰੌਜਰ ਰਹਿ ਗਿਆ!’
ਇਸ ਹਾਰ ਪਿੱਛੋਂ ਰੌਜਰ ਨੇ ਦੌੜਾਂ ਨੂੰ ਅਲਵਿਦਾ ਕਹਿਣ ਦੀ ਸੋਚ ਲਈ। ਪਰ ਦੌੜ ਜਾਂ ਕੋਈ ਵੀ ਖੇਡ ਜਿੰਨੀ ਜਿੱਤ ਕੇ ਛੱਡਣੀ ਸੌਖੀ ਹੁੰਦੀ ਹੈ, ਉਨੀ ਹੀ ਹਾਰ ਕੇ ਛੱਡਣੀ ਔਖੀ ਹੋ ਜਾਂਦੀ ਹੈ। ਰੌਜਰ ਵੀ ਚਾਰ ਮਿੰਟ ਦੀ ਹੱਦ ਤੋੜਨ ਤੋਂ ਪਹਿਲਾਂ ਦੌੜਾਂ ਦੌੜਨੀਆਂ ਛੱਡ ਨਾ ਸਕਿਆ। ਉਸ ਨੇ ਆਪਣੇ ਤਿੰਨ ਨਿਸ਼ਾਨੇ ਮਿੱਥ ਲਏ। ਮੀਲ ਦੀ ਦੌੜ `ਚ ਚਾਰ ਮਿੰਟ ਦੀ ਮਿਥਿਹਾਸਕ ਹੱਦ ਭੰਨਣਾ, ਕਾਮਨਵੈਲਥ ਖੇਡਾਂ ਵਿਚ ਮੀਲ ਦੀ ਦੌੜ ਦਾ ਚੈਂਪੀਅਨ ਬਣਨਾ ਤੇ ਸਾਰੇ ਯੌਰਪ ਦੀ ਗੁਰਜ ਜਿੱਤਣੀ। ਮਿਥੇ ਨਿਸ਼ਾਨਿਆਂ `ਤੇ ਪੁੱਜਣ ਲਈ ਉਸ ਨੇ ਆਸਟ੍ਰੇਲੀਆ ਦੇ ਜੰਮੇ ਤੇ ਇੰਗਲੈਂਡ ਵਾਸੀ ਕੋਚ ਫਰੈਂਚ ਸਟੈਂਫਲ ਨੂੰ ਆਪਣਾ ਉਸਤਾਦ ਧਾਰ ਲਿਆ। ਸਟੈਂਫਲ ਨੇ ਸਰਦੀਆਂ ਵਿਚ ਉਹਦੀ ਬੜੀ ਸਖ਼ਤ ਮਿਹਨਤ ਕਰਵਾਈ। ਸਖ਼ਤ ਮਿਹਨਤ ਨਾਲ ਉਹਦੇ ਅੰਦਰ ਹੋਰ ਤਾਣ ਪੈਦਾ ਹੋਇਆ ਜਿਸ ਨਾਲ ਉਹਦਾ ਤਨ-ਮਨ ਚਾਰ ਮਿੰਟ ਦੀ ਹੱਦ ਦਾ ਬੈਰੀਅਰ ਤੋੜਨ ਲਈ ਅੰਗੜਾਈਆਂ ਲੈਣ ਲੱਗ ਪਿਆ। ਆਖ਼ਰ ਬਿਧ ਬਣ ਗਈ।
ਅਪ੍ਰੈਲ 1954 ਦੀ ਸ਼ਾਮ ਸੀ। ਲੰਡਨ ਦੇ ਇਕ ਰੈਸਤਰਾਂ ਵਿਚ ਚਾਰ ਜਣੇ ਬਿਧ ਬਣਾਉਣ ਬੈਠੇ। ਕਾਗਜ਼ ਉਤੇ ਚਾਰ ਮਿੰਟ ਦਾ ਮਿਥਿਹਾਸਕ ਬੈਰੀਅਰ ਤੋੜਨ ਦੀ ਸਕੀਮ ਉਲੀਕੀ ਜਾਣ ਲੱਗੀ। ਹੰਢੇ ਕੋਚ ਨੇ ਬਰੈਸ਼ਰ ਨੂੰ ਕਿਹਾ, “ਤੂੰ ਪੁੱਤਰਾ, ਅੱਗੇ ਲੱਗ ਕੇ ਟ੍ਰੈਕ ਦਾ ਪਹਿਲਾ ਚੱਕਰ 57-58 ਸੈਕੰਡ ਵਿਚ ਲਾਈਂ। ਦੂਜਾ ਚੱਕਰ ਸੱਠ ਸੈਕੰਡ `ਚ। ਨਾ ਇਹਤੋਂ ਹੌਲੀ, ਨਾ ਤੇਜ਼। ਲਾ ਲਏਂਗਾ?” ਬਰੈਸ਼ਰ ਨੇ ਹਿੱਕ ਥਾਪੜੀ, “ਕੋਚ ਸਾਹਿਬ, ਏਨੇ ਦੀ ਮੇਰੀ ਗਰੰਟੀ ਰਹੀ।”
ਇਹ ਉਹੀ ਕ੍ਰਿਸਟਾਫ਼ਰ ਬਰੈਸ਼ਰ ਸੀ ਜਿਸ ਨੇ ਫਿਰ 1962 ਵਿਚ ‘ਸਪੋਰਟਸਮੈੱਨ ਆਫ਼ ਅਵਰ ਟਾਈਮ’ ਪੁਸਤਕ ਲਿਖੀ। ਉਹ ਪੁਸਤਕ ਮੈਂ ਦਿੱਲੀ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਿਆਂ ਕਨਾਟ ਪਲੇਸ ਕਿਤਾਬਾਂ ਦੀ ਇਕ ਦੁਕਾਨ ਤੋਂ ਖਰੀਦੀ ਸੀ। ਉਸ ਪੁਸਤਕ ਦੇ ਪੜ੍ਹਨ ਤੋਂ ਹੀ ਮੈਨੂੰ ਪੰਜਾਬੀ ਵਿਚ ਖੇਡਾਂ ਖਿਡਾਰੀਆਂ ਬਾਰੇ ਲਿਖਣ ਦੀ ਚੇਟਕ ਲੱਗੀ ਸੀ ਅਤੇ 1960ਵਿਆਂ ਵਿਚ ਮੇਰਾ ਲੇਖ ‘ਚਾਰ ਮਿੰਟ ਦੀ ਹੱਦ’ ਸਾਹਿਤਕ ਰਸਾਲੇ ‘ਆਰਸੀ’ ਵਿਚ ਛਪਿਆ ਸੀ।
ਬੁੱਢੇ ਕੋਚ ਨੇ ਫਿਰ ਕ੍ਰਿਸ ਚੈਟਵੇ ਨੂੰ ਕਿਹਾ ਸੀ, “ਫੇਰ ਪੁੱਤਰਾ, ਤੂੰ ਅੱਗੇ ਨਿਕਲ ਜਾਈਂ ਤੇ ਤੀਜਾ ਚੱਕਰ 60 ਸੈਕੰਡ ਵਿਚ ਲਾਈਂ।” ਤੇ ਫਿਰ ਉਹ ਰੌਜਰ ਨੂੰ ਸੰਬੋਧਨ ਹੋਇਆ ਸੀ, “ਅੱਗੋਂ ਪੁੱਤਰਾ, ਤੂੰ ਦੌੜੀਂ ਸਿਰ ਮੈਦਾਨ!”
ਜਦ ਉਹ ਰੈਸਤਰਾਂ `ਚੋਂ ਉੱਠੇ ਤਾਂ ਵਿਉਂਤ ਮੁਕੰਮਲ ਸੀ। ਰੌਜਰ ਨੂੰ ਹੋਰ ਸਹਾਰਾ ਦੇਣ ਲਈ ਪਹਿਲੇ ਢਾਈ ਚੱਕਰ ਬਰੈਸ਼ਰ ਅੱਗੇ ਦੌੜੇਗਾ, ਫਿਰ ਇਕ ਚੱਕਰ ਚੈਟਵੇ ਤੇ ਅਖ਼ੀਰਲਾ ਅੱਧਾ ਰੌਜਰ। ਮੁਕਾਬਲਾ 6 ਮਈ ਨੂੰ ਔਕਸਫੋਰਡ ਦੇ ਸਿੰਡਰ ਟ੍ਰੈਕ ਵਿਚ ਹੋਣਾ ਸੀ। ਜੇ ਉਸ ਦਿਨ ਹਵਾ ਵਧੇਰੇ ਤੇਜ਼ ਹੋਈ ਤਾਂ ਚਾਰ ਮਿੰਟ ਦੀ ਰੋਕ ਤੋੜਨ ਦਾ ਯਤਨ ਅਗਲੇ ਮੁਕਾਬਲੇ ਵਿਚ ਕੀਤਾ ਜਾਵੇਗਾ ਜੋ 17 ਮਈ ਨੂੰ ਹੋਣਾ ਸੀ। ਇਸ ਤੋਂ ਪਹਿਲਾਂ ਅਮਰੀਕਾ ਦੇ ਦੌੜਾਕ ਵੈੱਸ ਸੈਂਟੀ ਨੇ ਚਾਰ ਮਿੰਟ ਦੀ ਹੱਦ ਤੋੜਨ ਦਾ ਪ੍ਰੋਗਰਾਮ ਬਣਾਇਆ ਸੀ ਜਿਸ ਦਾ ਪਤਾ ਰੌਜਰ ਨੂੰ ਵੀ ਲੱਗ ਗਿਆ ਸੀ। ਰੌਜਰ ਚਾਹੁੰਦਾ ਸੀ ਕਿ ਇਸ ਧਰਤੀ `ਤੇ ਮੀਲ ਦੀ ਦੌੜ ਚਾਰ ਮਿੰਟ ਤੋਂ ਘੱਟ ਸਮੇਂ `ਚ ਦੌੜਨ ਵਾਲਾ ਪਹਿਲਾ ਦੌੜਾਕ ਉਹ ਆਪ ਹੋਵੇ। ਇਸ ਲਈ ਉਹ ਸੈਂਟੀ ਤੋਂ ਕੁਝ ਘੰਟੇ ਪਹਿਲਾਂ ਦੌੜਿਆ ਸੀ ਪਰ ਦੋਹਾਂ `ਚੋਂ ਕੋਈ ਵੀ ਚਾਰ ਮਿੰਟ ਦੀ ਹੱਦ ਪਾਰ ਨਹੀਂ ਸੀ ਕਰ ਸਕਿਆ। ਰੌਜਰ ਦਾ ਸਮਾਂ 4:2 ਸਕਿੰਟ ਰਿਹਾ ਸੀ ਜਦ ਕਿ ਸੈਂਟੀ ਦਾ 4:3 ਸਕਿੰਟ।
ਕੋਚ ਨੇ ਔਕਸਫੋਰਡ ਦੇ ਮੁਕਾਬਲੇ ਤੋਂ ਪੰਜ ਦਿਨ ਪਹਿਲਾਂ ਰੌਜਰ ਨੂੰ ਮੁਕੰਮਲ ਆਰਾਮ ਕਰਨ ਲਈ ਦਿੱਤੇ। ਉਹ ਵਿਹਲਾ ਹੋਇਆ ਦਿਮਾਗੀ ਦੌੜ ਦੌੜਦਾ ਰਿਹਾ ਅਤੇ ਅਰਦਾਸਾਂ ਕਰਦਾ ਰਿਹਾ ਕਿ ਉਸ ਦਿਨ ਹਵਾ ਤੇਜ਼ ਨਾ ਚੱਲੇ। 6 ਮਈ ਨੂੰ ਉਹ ਫਿਕਰ ਨਾਲ ਜਾਗਿਆ। ਬਿਰਖਾਂ ਦੇ ਪੱਤੇ ਹਿਲਦੇ ਵੇਖ ਕੇ ਉਹਦਾ ਦਿਲ ਦਹਿਲਿਆ, ਹਵਾ! ਇਸ ਤਾਂ ਤੇਜ਼ ਹੋ ਰਹੀ ਐ! ਉਹ ਬੇਦਿਲਾ ਜਿਹਾ ਗੱਡੀ ਚੜ੍ਹਿਆ। ਅਗਲੇ ਸਟੇਸ਼ਨ `ਤੇ ਉਹਦਾ ਕੋਚ ਉਡੀਕ ਰਿਹਾ ਸੀ। ਰੌਜਰ ਦੀ ਪਰੇਸ਼ਾਨੀ ਕੋਚ ਨੇ ਬੁੱਝ ਲਈ। ਉਸ ਨੇ ਰੌਜਰ ਨੂੰ ਹੌਂਸਲਾ ਦਿੱਤਾ, “ਪੁੱਤਰਾ ਦਿਲ ਨਾ ਛੱਡ। ਤੇਰੀ ਤਿਆਰੀ ਤਾਂ ਤਿੰਨ ਛਪੰਜਾ ਵਾਲੀ ਐ। ਚਹੁੰ ਮਿੰਟਾਂ ਤੋਂ ਥੱਲੇ ਤਾਂ ਤੂੰ ਸ਼ੁਗਲੇ ਕਰਦਾ ਆ ਜਾਏਂਗਾ। ਤੇਜ਼ ਹਵਾ ਦਾ ਤੈਨੂੰ ਵਹਿਮ ਐ। ਇੰਗਲੈਂਡ ਵਿਚ ਕਦੇ ਵੀ ਇਸ ਤੋਂ ਮੱਠੀ ਹਵਾ ਨਹੀਂ ਵਗੀ।”
ਏਨੇ ਨਾਲ ਰੌਜਰ ਹੌਂਸਲੇ ਵਿਚ ਹੋ ਗਿਆ। ਅੱਗੇ ਗਏ ਤਾਂ ਬਰੈਸ਼ਰ ਤੇ ਚੈਟਵੇ ਕਾਹਲੀ ਹਵਾ ਤੋਂ ਘਬਰਾਏ ਹੋਏ ਸਨ। ਫਰਫਰਾਉਂਦੇ ਝੰਡੇ ਵੇਖ ਕੇ ਉਹ ਨਿੱਘਰੀ ਜਾ ਰਹੇ ਸਨ। ਪਰ ਬੁੱਢੇ ਕੋਚ ਨੇ ਅੱਖਾਂ ਕਹਿਰੀਆਂ ਕਰ ਕੇ ਕਿਹਾ, “ਇਹੋ ਦਿਨ ਆ ਪੁੱਤਰੋ, ਇਹੋ ਦਿਨ! ਨਹੀਂ ਤਾਂ ਭਲਕੇ ਫੇਰ ਅਖ਼ਬਾਰਾਂ ਵਿਚ ਸੁਰਖੀਆਂ ਲੱਗਣਗੀਆਂ ‘ਰੌਜਰ ਫਿਰ ਰਹਿ ਗਿਆ! ਲੋਕ ਤੁਹਾਨੂੰ ਗਲੀਆਂ `ਚ ਘੇਰ ਕੇ ਪੁੱਛਣਗੇ, ਤੁਹਾਨੂੰ ਕੀ ਹੋ ਗਿਆ ਸੀ? ਅੱਜ ਸਭ ਦੀਆਂ ਅੱਖਾਂ ਤੁਹਾਡੇ `ਤੇ ਨੇ।” ਕੋਚ ਦੀਆਂ ਕਰਾਰੀਆਂ ਗੱਲਾਂ ਨੇ ਅਥਲੀਟਾਂ ਨੂੰ ਖੁੰਧਕ ਖੁਆ ਦਿੱਤੀ ਤੇ ਉਹ ਟ੍ਰੈਕ ਵੱਲ ਵਧੇ ਅਤੇ ਦੌੜਨ ਵਾਲੀ ਲਕੀਰ ਉਤੇ ਜਾ ਖੜ੍ਹੇ ਹੋਏ। ਮੌਸਮ ਠੰਢਾ ਸੀ ਜਿਸ ਕਰਕੇ ਟ੍ਰੈਕ ਦੁਆਲੇ ਖੜ੍ਹੇ ਦਰਸ਼ਕਾਂ ਨੇ ਓਵਰਕੋਟ ਪਾਏ ਹੋਏ ਸਨ। ਨਾਲ ਵਗਦੇ ਟੇਮਜ਼ ਦਰਿਆ ਤੋਂ ਠੰਢੀ ਰਿਵੀ ਆ ਰਹੀ ਸੀ। ਦੌੜ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸੇਂਟ ਜਾਰਜ ਗਿਰਜੇ ਦੇ ਝੰਡੇ ਵੱਲ ਵੇਖਿਆ। ਫਰਫਰਾਉਂਦਾ ਝੰਡਾ ਪਲ ਛਿਣ ਲਈ ਟਿਕ ਗਿਆ ਸੀ। ਹਵਾ ਰੁਕ ਗਈ! ਤਿੰਨਾਂ ਨੇ ਜੋਸ਼-ਵੱਸ ਇਕ ਦੂਜੇ ਦੀਆਂ ਅੱਖਾਂ `ਚ ਵੇਖਿਆ ਤੇ ਦੌੜ ਸ਼ੁਰੂ ਹੋ ਗਈ। ਬਰੈਸ਼ਰ ਹਵਾ ਨੂੰ ਚੀਰਦਾ ਅੱਗੇ ਵਧਦਾ ਗਿਆ। ਰੌਜਰ ਤੇ ਚੈਟਵੇ ਉਹਦੀ ਓਟ `ਚ ਦੌੜਦੇ ਗਏ।
ਦੂਜੇ ਚੱਕਰ `ਚ ਰੌਜਰ ਬੋਲਿਆ, ‘ਤੇਜ਼, ਹੋਰ ਤੇਜ਼!’ ਪਰ ਬਰੈਸ਼ਰ ਤਾਂ ਅੱਗੇ ਹੀ ਸਿਰ ਮੈਦਾਨ ਸੀ। ਤੀਜੇ ਚੱਕਰ ਵਿਚ ਚੈਟਵੇ ਨੇ ਲੀਡ ਲੈਣੀ ਸੀ। ਬਰੈਸ਼ਰ ਨੇ ਉਹਦੇ ਸਾਹਾਂ ਦੀ ਆਵਾਜ਼ ਕੰਨਾਂ ਬਰਾਬਰ ਸੁਣੀ। ਤਿੰਨ ਚੱਕਰ ਪੂਰੇ ਹੋਏ। ਟਾਈਮ ਕੀਪਰਾਂ ਦੀ ਆਵਾਜ਼ ਆਈ, ਤਿੰਨ ਮਿੰਟ.. ਤਿੰਨ ਮਿੰਟ ਇਕ ਸੈਕੰਡ…। ਸਵਾ ਤਿੰਨ, ਸਾਢੇ ਤਿੰਨ ਚੱਕਰ ਪੂਰੇ ਹੋਏ, ਹੁਣ ਸਾਰਾ ਦਾਰੋਮਦਾਰ ਰੌਜਰ ਦੀਆਂ ਲੱਤਾਂ `ਤੇ ਸੀ। ਰੌਜਰ ਗੋਲੀ ਵਾਂਗ ਚੈਟਵੇ ਕੋਲੋਂ ਨਿਕਲਿਆ। ਸਾਰੇ ਦਰਸ਼ਕ ਪੱਬਾਂ ਭਾਰ ਖੜ੍ਹੇ ਹੋ ਗਏ। ਰੌਜਰ ਲੰਮੇ ਕਦਮਾਂ ਨਾਲ ਫੀਤੇ ਤਕ ਦੌੜਦਾ ਗਿਆ। ਕੋਈ ਗ਼ੈਬੀ ਤਾਕਤ ਉਹਦੀਆਂ ਲੱਤਾਂ ਦੀ ਸੱਤਿਆ ਨਾ ਖੋਹ ਸਕੀ। ਪਰ ਫੀਤਾ ਛੋਂਹਦਿਆਂ ਰੌਜਰ ਤੋਂ ਖੜ੍ਹਾ ਨਾ ਰਿਹਾ ਗਿਆ ਤੇ ਉਹ ਕੋਚ ਤੇ ਮੈਨੇਜਰ ਦੀਆਂ ਬਾਹਾਂ ਵਿਚ ਡਿੱਗ ਪਿਆ। ਕੁਝ ਸਮੇਂ ਪਿੱਛੋਂ ਲਾਊਡ ਸਪੀਕਰ ਤੋਂ ਆਵਾਜ਼ ਗੂੰਜੀ, “ਫਸਟ ਨੰਬਰ 41, ਰੌਜਰ ਬੈਨਿਸਟਰ। ਟਾਈਮ ਜੋ ਨਵਾਂ ਮੀਟ ਰਿਕਾਰਡ, ਇੰਗਲਿਸ਼ ਨੇਟਿਵ, ਬ੍ਰਿਟਿਸ਼ ਨੈਸ਼ਨਲ, ਬ੍ਰਿਟਿਸ਼ ਆਲ ਕਮਰਜ਼, ਯੌਰਪੀਨ, ਬ੍ਰਿਟਿਸ਼ ਅੰਪਾਇਰ ਅਤੇ ਵਰਲਡ ਰਿਕਾਰਡ ਹੈ: ਤਿੰਨ ਮਿੰਟ… ਸੈਕੰਡ ਦਰਸ਼ਕਾਂ ਦੇ ਹੁਲਾਸਮਈ ਸ਼ੋਰ ਵਿਚ ਦੱਬੇ ਗਏ। ਗੋਰੇ ਗੋਰੀਆਂ ਨੇ ਹੈਟ ਹਵਾ `ਚ ਚਲਾ ਮਾਰੇ। ਉਨ੍ਹਾਂ ਨੇ ਇਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਤੇ ਖ਼ੁਸ਼ੀ ਦੇ ਚੁੰਮਣ ਸਾਂਝੇ ਕੀਤੇ। ਆਖ਼ਰ ਦੌੜਾਂ ਦਾ ਦੇਵਤਾ, ਹੱਡ ਮਾਸ ਦੇ ਜਾਏ ਧਰਤ-ਪੁੱਤਰ ਨੇ ਜਿੱਤ ਲਿਆ ਸੀ। ਰੌਜਰ ਦੀ ਜਿੱਤ ਨੇ ਸਾਰੀ ਵਲਾਇਤ ਨੂੰ ਮਾਣ ਨਾਲ ਸੂਹਾ ਕਰ ਦਿਤਾ। ਦੌੜ ਦਾ ਸਮਾਂ ਸੀ 3 ਮਿੰਟ 59.4 ਸਕਿੰਟ!
ਇਕ ਵਾਰ ਚਾਰ ਮਿੰਟ ਦੀ ਹੱਦ ਟੁੱਟੀ ਤੇ ਫਿਰ ਟੁੱਟਦੀ ਹੀ ਤੁਰੀ ਗਈ। ਪਿਛਲੀ ਸਦੀ ਵਿਚ 7 ਜੁਲਾਈ 1999 ਨੂੰ 3:43.13 ਸਕਿੰਟ ਤਕ ਤਾਂ ਆ ਹੀ ਗਈ ਹੈ। ਵੇਖਦੇ ਹਾਂ 3:40 ਸਕਿੰਟ ਦੀ ਹੱਦ ਹੁਣ ਕਦੋਂ ਟੁੱਟਦੀ ਹੈ?