ਕੇਜਰੀਵਾਲ ਦੇ ਮੰਤਰੀ ਦੀ ਜੇਲ੍ਹ `ਚ ਮਾਲਸ਼ ਦੇ ਮਾਮਲੇ ਉਤੇ ਭਖੀ ਸਿਆਸਤ

ਨਵੀਂ ਦਿੱਲੀ: ਦਿੱਲੀ ਦੇ ਜੇਲ੍ਹ ਮੰਤਰੀ ਸਤੇਂਦਰ ਜੈਨ ਦੀ ਤਿਹਾੜ ਜੇਲ੍ਹ ‘ਚ ਮਾਲਸ਼ ਕਰਵਾਉਣ ਦੀ ਵੀਡੀਓ ਵਾਇਰਲ ਹੋਣ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਐਮ.ਸੀ.ਡੀ. ਚੋਣਾਂ ਤੋਂ ਪਹਿਲਾਂ ਸਿਆਸਤ ਭਖ ਗਈ ਹੈ। ਤਿਹਾੜ ਜੇਲ੍ਹ ਦੇ ਸੁਪਰਡੈਂਟ ਅਜੀਤ ਕੁਮਾਰ ਵੱਲੋਂ ਸਤੇਂਦਰ ਜੈਨ ਨੂੰ ਕਥਿਤ ਤੌਰ ‘ਤੇ ਵੀ.ਆਈ.ਪੀ. ਸਹੂਲਤਾਂ ਦੇਣ ਦੇ ਦੋਸ਼ ਹੇਠ ਮੁਅੱਤਲ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਇਹ ਵੀਡੀਓ ਵਾਇਰਲ ਹੋਈ ਹੈ।

ਭਾਜਪਾ ਅਤੇ ਕਾਂਗਰਸ ਨੇ ਮੁੱਖ ਮੰਤਰੀ ਤੇ ‘ਆਪ` ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇਸ ਮਾਮਲੇ `ਚ ਖ਼ਾਮੋਸ਼ੀ `ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਹੁਣ ‘ਸਪਾਅ ਐਂਡ ਮਸਾਜ ਪਾਰਟੀ` ਬਣ ਗਈ ਹੈ। ਉਧਰ ‘ਆਪ` ਨੇ ਦੋਸ਼ ਲਾਇਆ ਹੈ ਕਿ ਗੁਜਰਾਤ ਵਿਧਾਨ ਸਭਾ ਅਤੇ ਐਮ.ਸੀ.ਡੀ. ਦੀਆਂ ਚੋਣਾਂ `ਚ ਹਾਰ ਨੂੰ ਦੇਖਦਿਆਂ ਭਾਜਪਾ ਨੇ ਇਹ ਵੀਡੀਓ ਲੀਕ ਕਰਵਾਈ ਹੈ ਜਦਕਿ ਸਤੇਂਦਰ ਜੈਨ ਰੀੜ੍ਹ ਦੀ ਹੱਡੀ `ਚ ਸੱਟ ਲੱਗਣ ਕਾਰਨ ਫਿਜੀਓਥੈਰੇਪੀ ਕਰਵਾ ਰਹੇ ਸਨ। ਈਡੀ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਜੈਨ ਦਾ ਤਿਹਾੜ ਜੇਲ੍ਹ ਦੇ ਅੰਦਰ ਵਿਸ਼ੇਸ਼ ਇਲਾਜ ਕਰਵਾਉਣ ਦੇ ਲਗਭਗ 10 ਦਿਨਾਂ ਬਾਅਦ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ `ਤੇ ਵੀਡੀਓ ਸਾਹਮਣੇ ਆਏ ਹਨ।
13 ਸਤੰਬਰ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਮੰਤਰੀ ਜੇਲ੍ਹ ਅੰਦਰ ਬਿਸਤਰੇ ‘ਤੇ ਕੁਝ ਕਾਗ਼ਜ਼ ਪੜ੍ਹਦਿਆਂ ਦਿਖਾਈ ਦੇ ਰਿਹਾ ਹੈ ਜਦੋਂ ਕਿ ਉਸ ਕੋਲ ਬੈਠਾ ਇਕ ਵਿਅਕਤੀ ਉਨ੍ਹਾਂ ਦੇ ਪੈਰਾਂ ਦੀ ਮਾਲਸ਼ ਕਰਦਾ ਦਿਖਾਈ ਦੇ ਰਿਹਾ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸਾਂਝੇ ਕੀਤੇ ਗਏ ਵੀਡੀਓ ਨਾਲ ਟਵੀਟ ਕੀਤਾ, ‘ਸਜਾ ਦੀ ਬਜਾਏ ਸਤੇਂਦਰ ਜੈਨ ਨੂੰ ਪੂਰਾ ਵੀ.ਵੀ.ਆਈ.ਪੀ. ਮਜ਼ਾ ਮਿਲ ਰਿਹਾ ਹੈ? ਤਿਹਾੜ ਜੇਲ੍ਹ ਦੇ ਅੰਦਰ ਮਾਲਸ਼? ਹਵਾਲਾਬਾਜ਼, ਜਿਨ੍ਹਾਂ ਨੂੰ 5 ਮਹੀਨਿਆਂ ਤੋਂ ਜ਼ਮਾਨਤ ਨਹੀਂ ਮਿਲੀ ਹੈ, ਦੇ ਸਿਰ ਦੀ ਮਾਲਸ਼! ‘ਆਪ‘ ਸਰਕਾਰ ਵੱਲੋਂ ਚਲਾਈ ਜਾ ਰਹੀ ਜੇਲ੍ਹ ਵਿਚ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ।‘ ਭਾਜਪਾ ਦੇ ਇਕ ਹੋਰ ਤਰਜਮਾਨ ਗੌਰਵ ਭਾਟੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਸਪਾ ਅਤੇ ਮਸਾਜ ਪਾਰਟੀ‘ ਬਣ ਗਈ ਹੈ। ਉਨ੍ਹਾਂ ਵੀਡੀਓ ਦਾ ਹਵਾਲਾ ਦਿੰਦਿਆਂ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਜੇਲ੍ਹ ‘ਚ ਜੈਨ ਨੂੰ ਮਿਲ ਰਹੀ ਵੀ.ਆਈ.ਪੀ. ਸਹੂਲਤ ਦਾ ਜਵਾਬ ਦੇਣ।
ਭਾਜਪਾ ਨੇ ਹਾਰ ਦੇ ਡਰ `ਚੋਂ ਵੀਡੀਓ ਲੀਕ ਕੀਤੀ: ਸਿਸੋਦੀਆ
ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਗੁਜਰਾਤ ਵਿਧਾਨ ਸਭਾ ਅਤੇ ਐਮ.ਸੀ.ਡੀ. ਚੋਣਾਂ ‘ਚ ਹਾਰ ਦੇ ਡਰ ਕਾਰਨ ਸਤੇਂਦਰ ਜੈਨ ਦੀ ਜੇਲ੍ਹ ‘ਚ ਮਾਲਸ਼ ਕਰਾਉਣ ਦੀ ਵੀਡੀਓ ਲੀਕ ਕਰਵਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੈਨ ਦੀ ਰੀੜ੍ਹ ਦੀ ਹੱਡੀ ‘ਚ ਸੱਟ ਕਾਰਨ ਫਿਜੀਓਥੈਰੇਪੀ ਕਰਵਾ ਰਹੇ ਸਨ। ਭਗਵਾ ਪਾਰਟੀ ‘ਤੇ ਸੌੜੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਜੈਨ ਜੇਲ੍ਹ ‘ਚ ਡਿੱਗ ਗਏ ਸਨ ਜਿਸ ਕਾਰਨ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਦੇ ਦੋ ਅਪਰੇਸ਼ਨ ਵੀ ਕਰਾਉਣੇ ਪਏ ਸਨ ਅਤੇ ਡਾਕਟਰਾਂ ਨੇ ਹੀ ਉਨ੍ਹਾਂ ਨੂੰ ਫਿਜੀਓਥੈਰੇਪੀ ਕਰਾਉਣ ਦੀ ਸਲਾਹ ਦਿੱਤੀ ਸੀ।
ਅਕਾਲੀ ਦਲ ਨੇ ਕੇਜਰੀਵਾਲ ਦਾ ਅਸਤੀਫਾ ਮੰਗਿਆ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ‘ਤੇ ਦਿੱਲੀ ਤੇ ਪੰਜਾਬ ਦੀਆਂ ਜੇਲ੍ਹਾਂ ਵਿਚ ਅਪਰਾਧੀਆਂ ਦੇ ਗੱਠਜੋੜ ਦੀ ਪੁਸ਼ਤਪਨਾਹੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਦਿੱਲੀ ਦੇ ਜੇਲ੍ਹ ਮੰਤਰੀ ਵੱਲੋਂ ਜੇਲ੍ਹ ਵਿਚ ਮਾਲਸ਼ ਕਰਵਾਏ ਜਾਣ ਦੀ ਵੀਡੀਓ ਦਿਖਾਉਂਦਿਆਂ ਸ੍ਰੀ ਮਜੀਠੀਆ ਨੇ ਮੰਗ ਕੀਤੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣਾ ਅਸਤੀਫਾ ਦੇਣ ਅਤੇ ਜੇਲ੍ਹ ਮੰਤਰੀ ਸਤਿੰਦਰ ਜੈਨ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।