ਜਿਮਨਾਸਟਿਕਸ ਦੀ ਮਲਕਾ ਲਾਰੀਸਾ ਲਤੀਨੀਨਾ

ਪ੍ਰਿੰ. ਸਰਵਣ ਸਿੰਘ

ਲਾਰੀਸਾ ਲਤੀਨੀਨਾ ਬਾਰੇ ਲਿਖਣਾ ਲਫ਼ਜ਼ਾਂ ਦੀ ਜਿਮਨਾਸਟਿਕਸ ਕਰਨਾ ਹੈ। ਲਫ਼ਜ਼ਾਂ ਦੀਆਂ ਕਲਾਬਾਜ਼ੀਆਂ ਲੁਆਉਣਾ। ਉਹ 1954 ਤੋਂ 1966 ਤਕ ਜਿਮਨਾਸਟਿਕਸ ਦੇ ਆਲਮੀ ਅਖਾੜਿਆਂ `ਚ ਛਾਈ ਰਹੀ। ਕੌਮੀ ਤੇ ਕੌਮਾਂਤਰੀ ਜਿੱਤਾਂ ਦੇ ਦਰਜਨਾਂ ਮੈਡਲ ਉਹਦੇ ਗਲ ਪੈਂਦੇ ਰਹੇ। ‘ਫਲਾਈਂਗ ਫਿਸ਼’ ਮਾਈਕਲ ਫੈਲਪਸ ਤੋਂ ਪਹਿਲਾਂ Eਲੰਪਿਕ ਖੇਡਾਂ `ਚੋਂ ਸਭ ਤੋਂ ਵੱਧ ਤਗ਼ਮੇ ਜਿੱਤਣ ਦਾ ਰਿਕਾਰਡ ਯੂ ਐੱਸ ਐੱਸ ਆਰ ਦੀ ਲਾਰੀਸਾ ਲਤੀਨੀਨਾ ਦਾ ਹੀ ਸੀ। ‘ਰਬੜ ਦੀ ਗੁੱਡੀ’ ਕਹੀ ਜਾਂਦੀ ਲਾਰੀਸਾ ਨੂੰ ਜਿਮਨਾਸਟਿਕਸ ਦੀ ਆਲਮੀ ਮਲਕਾ ਵੀ ਕਿਹਾ ਜਾਂਦੈ। ਜਦ ਉਹ ਜਿਮਨਾਸਟਿਕਸ ਦੇ ਅਣਚਿਤਵੇ ਤੇ ਔਖੇ ਈਵੈਂਟ ਕਰਦੀ ਸੀ ਤਾਂ ਦਰਸ਼ਕ ਉਹਦੇ ਕਮਾਨ ਵਰਗੇ ਲਚਕਦਾਰ ਬਦਨ ਦੀਆਂ ਕਸਰਤਾਂ ਦੇਖਦੇ ਦੰਗ ਰਹਿ ਜਾਂਦੇ ਸਨ! ਚਾਰ ਇੰਚ ਦੇ ਬੀਮ ਉਤੇ ਉਹਨੂੰ ਟੇਢੀਆਂ-ਮੇਢੀਆਂ ਤੇ ਸਿੱਧੀਆਂ-ਪੁੱਠੀਆਂ ਛਾਲਾਂ ਲਾਉਂਦੀ ਦੇਖ ਕੇ ਦੁਆਵਾਂ ਕਰਦੇ ਸਨ ਕਿ ਕੋਈ ਚੋਟ ਨਾ ਆਵੇ ਤੇ ਐਵੇਂ ਜਾਂਹ ਜਾਂਦੀ ਨਾ ਹੋਜੇ! ਉਹਦਾ ਪਤੀ ਤਾਂ ਡਰਦਾ ਮਾਰਾ ਅੱਖਾਂ ਹੀ ਮੀਟ ਲੈਂਦਾ ਸੀ ਕਿਤੇ ਭਾਣਾ ਨਾ ਵਰਤ ਜਾਵੇ ਤੇ ਧੌਣ ਦਾ ਮਣਕਾ ਨਾ ਤੁੜਵਾ ਬੈਠੇ।

ਇਹ ਸਤਰਾਂ ਲਿਖਣ ਵੇਲੇ ਲਾਰੀਸਾ ਉਮਰ ਦੇ 87ਵੇਂ ਵਰ੍ਹੇ ਵਿਚ ਹੈ ਤੇ ਪੂਰੀ ਤਰ੍ਹਾਂ ਨੌ ਬਰ ਨੌ ਹੈ। ਉਸ ਨੇ ਮੈਲਬੌਰਨ-1956, ਰੋਮ-1960 ਤੇ ਟੋਕੀE-1964 ਦੀਆਂ Eਲੰਪਿਕ ਖੇਡਾਂ `ਚੋਂ 18 ਮੈਡਲ ਜਿੱਤੇ। ਉਨ੍ਹਾਂ ਵਿਚ 14 ਮੈਡਲ ਵਿਅਕਤੀਗਤ ਤੇ 4 ਮੈਡਲ ਟੀਮ ਵਜੋਂ ਸਨ। ਉਸ ਦਾ ਵਿਅਕਤੀਗਤ ਤੌਰ `ਤੇ ਸਭ ਤੋਂ ਵੱਧ ਮੈਡਲ ਜਿੱਤਣ ਦਾ Eਲੰਪਿਕ ਰਿਕਾਰਡ 1964 ਤੋਂ 2016 ਤਕ 52 ਸਾਲ ਕਾਇਮ ਰਿਹਾ ਜਦਕਿ ਵਿਅਕਤੀਗਤ ਤੇ ਟੀਮ ਵਜੋਂ ਸਭ ਤੋਂ ਵੱਧ ਮੈਡਲ ਜਿੱਤਣ ਦਾ ਰਿਕਾਰਡ ਵੀ 1964 ਤੋਂ 2012 ਤਕ 48 ਸਾਲ ਨਹੀਂ ਸੀ ਟੁੱਟਿਆ। Eਲੰਪਿਕ ਖੇਡਾਂ ਦਾ ਇਹ ਕਾਰਨਾਮਾ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਣ ਵਾਲਾ ਕ੍ਰਿਸ਼ਮਾ ਹੈ। ਲਾਰੀਸਾ ਨੇ ਕੇਵਲ Eਲੰਪਿਕ ਖੇਡਾਂ ਵਿਚੋਂ ਹੀ ਸਭ ਤੋਂ ਵੱਧ ਤਗ਼ਮੇ ਜਿੱਤਣ ਦਾ ਰਿਕਾਰਡ ਨਹੀਂ ਰੱਖਿਆ, ਉਸ ਨੇ ਵਿਸ਼ਵ ਚੈਂਪੀਅਨਸਿ਼ਪਾਂ ਵਿਚੋਂ ਵੀ 9 ਸੋਨੇ, 4 ਚਾਂਦੀ ਤੇ 1 ਤਾਂਬੇ ਦੇ ਤਗ਼ਮੇ ਸਮੇਤ 14 ਤਗ਼ਮੇ ਅਤੇ ਯੂਰਪੀ ਚੈਂਪੀਅਨਸਿ਼ਪਾਂ ਵਿਚੋਂ ਵੀ 14 ਤਗ਼ਮੇ ਜਿੱਤੇ ਸਨ। ਸੋਵੀਅਤ ਚੈਂਪੀਅਨਸਿ਼ਪਾਂ, ਰੂਸੀ ਕੱਪਾਂ ਅਤੇ ਕੌਮੀ ਤੇ ਕੌਮਾਂਤਰੀ ਪੱਧਰ `ਤੇ ਜਿੱਤੇ ਸਾਰੇ ਮੈਡਲ ਗਿਣਨੇ ਹੋਣ ਤਾਂ ਗਿਣਤੀ ਸੌ ਤੋਂ ਵੀ ਵਧ ਜਾਂਦੀ ਹੈ।
ਸੱਚੀ ਗੱਲ ਹੈ ਮਨੁੱਖੀ ਸਮਰੱਥਾ ਤੇ ਸੰਭਾਵਨਾ ਦੀ ਕੋਈ ਸੀਮਾ ਨਹੀਂ। ਉਹ ਜੋ ਨਹੀਂ ਸੋ ਕਰ ਸਕਦਾ ਹੈ। ਹਰ Eਲੰਪਿਕਸ ਵਿਚ ਨਵੇਂ ਤੋਂ ਨਵੇਂ ਸਥਾਪਤ ਹੁੰਦੇ ਰਿਕਾਰਡ, ਦੋ ਹੱਥਾਂ, ਦੋ ਪੈਰਾਂ ਤੇ ਇੱਕ ਸਿਰ ਵਾਲੇ ਮਨੁੱਖੀ ਜੀਵ ਦੀ ਇਹ ਜਿਉਂਦੀ ਜਾਗਦੀ ਮਿਸਾਲ ਹਨ। ਐਵੇਂ ਨਹੀਂ ਕਿਹਾ ਜਾਂਦੈ ‘ਬੰਦਾ ਬੜੀ ਸ਼ੈਅ’ ਹੈ! ਉਹ ਜਿਹੜੇ ਪਾਸੇ ਵੀ ਪੈਂਦਾ ਹੈ ਕਮਾਲਾਂ ਕਰ ਵਿਖਾਉਂਦਾ ਹੈ।
ਆਧੁਨਿਕ ਔਰਤਾਂ ਨੂੰ ਇਹ ਜਾਣ ਕੇ ਅਫਸੋਸ ਹੋਵੇਗਾ ਕਿ ਪੁਰਾਤਨ Eਲੰਪਿਕ ਖੇਡਾਂ ਵਿਚ ਔਰਤਾਂ ਨੂੰ ਭਾਗ ਲੈਣ ਜਾਂ ਸ਼ਾਮਲ ਹੋਣ ਦੀ ਆਗਿਆ ਨਹੀਂ ਸੀ। ਯੂਨਾਨ ਦੀਆਂ ਦੇਵੀਆਂ, ਦੇਵਤਿਆਂ ਦੀ ਪੂਜਾ ਕਰ ਸਕਦੀਆਂ ਤੇ ਖੇਡਾਂ ਦੀ ਜੋਤ ਜਗਾ ਸਕਦੀਆਂ ਸਨ। ਉਨ੍ਹਾਂ ਲਈ Eਲੰਪਿਕ ਖੇਡਾਂ ਵੇਖਣੀਆਂ ਵੀ ਵਰਜਿਤ ਸਨ। ਪੁਰਾਤਨ Eਲੰਪਿਕ ਖੇਡਾਂ 776 ਪੂ: ਈ: ਤੋਂ ਸ਼ੁਰੂ ਹੋਈਆਂ ਸਨ। ਪਹਿਲੀ ਵਾਰ ਸਟੇਡੀਅਮ ਦੀ ਇਕੋ ਸਿੱਧੀ ਦੌੜ ਲੱਗੀ ਸੀ ਤੇ ਖੇਡਾਂ ਇਕੋ ਦਿਨ ਵਿਚ ਸਮਾਪਤ ਹੋ ਗਈਆਂ ਸਨ। ਕੋਰੋਬਸ ਨਾਂ ਦਾ ਲਾਂਗਰੀ ਇਹ ਦੌੜ ਜਿੱਤਿਆ ਸੀ ਜਿਸ ਨੂੰ ਪ੍ਰਥਮ Eਲੰਪਿਕ ਚੈਂਪੀਅਨ ਮੰਨਿਆ ਜਾਂਦਾ ਹੈ। ਫਿਰ ਇਹ ਖੇਡਾਂ ਪੰਜ ਦਿਨਾਂ ਦੀਆਂ ਹੋਣ ਲੱਗੀਆਂ ਤੇ ਈਵੈਂਟ ਵੀ ਪੰਜ ਹੋ ਗਏ ਜਿਨ੍ਹਾਂ ਵਿਚ ਕੁਸ਼ਤੀਆਂ ਤੇ ਰੱਥ ਦੌੜਾਂ ਵੀ ਸ਼ਾਮਲ ਸਨ। ਉਦੋਂ ਔਰਤਾਂ ਨੂੰ Eਲੰਪਿਕ ਖੇਡਾਂ ਵਿਚ ਭਾਗ ਲੈਣ ਤੇ ਖੇਡ ਮੁਕਾਬਲੇ ਵੇਖਣ ਦੀ ਏਨੀ ਸਖ਼ਤ ਮਨਾਹੀ ਸੀ ਕਿ ਉਲੰਘਣਾ ਦੀ ਸੂਰਤ ਵਿਚ ਉੱਚੀ ਪਹਾੜੀ ਤੋਂ ਡੂੰਘੀ ਖੱਡ `ਚ ਸੁੱਟ ਕੇ ਮਾਰਨ ਦੀ ਸਜ਼ਾ ਲਾਗੂ ਸੀ।
Eਲੰਪਿਕ ਖੇਡਾਂ ਦੇ ਇਤਿਹਾਸ `ਚੋਂ ਵੇਰਵਾ ਮਿਲਦਾ ਹੈ ਕਿ Eਲੰਪਿਕ ਚੈਂਪੀਅਨਾਂ ਦੇ ਪਰਿਵਾਰ ਦੀ ਇਕ ਔਰਤ ਨੇ ਆਪਣੇ ਪੁੱਤਰ ਨੂੰ ਰੀਝਾਂ ਨਾਲ ਪਾਲ ਪੋਸ ਕੇ Eਲੰਪਿਕ ਚੈਂਪੀਅਨ ਬਣਾਉਣ ਲਈ ਤਿਆਰ ਕੀਤਾ ਸੀ। ਜਦ ਉਹ Eਲੰਪਿਕ ਖੇਡਾਂ ਵਿਚ ਭਾਗ ਲੈਣ ਗਿਆ ਤਾਂ ਮਾਂ ਤੋਂ ਪਿੱਛੇ ਨਾ ਰਹਿ ਹੋਇਆ। ਉਹ ਘਰੋਂ ਨਿਕਲੀ ਤੇ ਮਰਦਾਵੇਂ ਭੇਸ ਵਿਚ ਸਟੇਡੀਅਮ ਅੰਦਰ ਦਾਖਲ ਹੋ ਗਈ ਤਾਂ ਜੋ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤਰ ਨੂੰ Eਲੰਪਿਕ ਚੈਂਪੀਅਨ ਬਣਦਾ ਵੇਖ ਸਕੇ। ਜਦ ਉਹਦੇ ਪੁੱਤਰ ਨੇ ਅਖਾੜੇ ਵਿਚ ਆਖ਼ਰੀ ਘੋਲ ਜਿੱਤ ਲਿਆ ਤਾਂ ਉਹਤੋਂ ਖ਼ੁਸ਼ੀ ਸੰਭਾਲੀ ਨਾ ਗਈ ਤੇ ਉਹ ਆਪ ਮੁਹਾਰੇ ਅਖਾੜੇ ਵੱਲ ਭੱਜ ਟੁਰੀ। Eਲੰਪਿਕ ਚੈਂਪੀਅਨ ਬਣੇ ਪੁੱਤਰ ਨੂੰ ਕਲਾਵੇ `ਚ ਲੈਂਦਿਆਂ ਉਹਦਾ ਮਰਦਾਵਾਂ ਭੇਸ ਲਹਿ ਗਿਆ ਜਿਸ ਨਾਲ ਉਹਦੀ ਔਰਤ ਹੋਣ ਦੀ ਪਛਾਣ ਜ਼ਾਹਿਰ ਹੋ ਗਈ। ਉਸ ਨੂੰ ਜੱਜਾਂ ਸਾਹਵੇਂ ਪੇਸ਼ ਕੀਤਾ ਗਿਆ। ਜੱਜਾਂ ਨੇ ਸਜ਼ਾ ਤਾਂ ਉਸ ਨੂੰ ਪਹਾੜੀ ਤੋਂ ਖੱਡ ਵਿਚ ਸੁੱਟਣ ਦੀ ਦੇਣੀ ਸੀ ਪਰ ਉਹ Eਲੰਪਿਕ ਚੈਂਪੀਅਨ ਦੀ ਮਾਂ ਹੋਣ ਕਰਕੇ ਉਹਦੇ `ਤੇ ਰਹਿਮ ਕਰ ਗਏ ਅਤੇ ਉਸ ਦੀ ਜਾਨ ਬਖ਼ਸ਼ ਦਿੱਤੀ। ਪਰ ਇਹ ਜ਼ਰੂਰ ਕੀਤਾ ਕਿ ਇਸ ਘਟਨਾ ਤੋਂ ਬਾਅਦ ਸਟੇਡੀਅਮ ਦੇ ਦਰਾਂ `ਤੇ ਪਹਿਰੇ ਹੋਰ ਸਖ਼ਤ ਕਰ ਦਿੱਤੇ ਗਏ ਤਾਂ ਜੋ ਕੋਈ ਹੋਰ ਔਰਤ ਮਰਦਾਵਾਂ ਭੇਸ ਧਾਰ ਕੇ ਵੀ ਖੇਡਾਂ ਵੇਖਣ ਨਾ ਆ ਸਕੇ। ਇਹ ਖੇਡਾਂ ਹਰ ਚਾਰ ਸਾਲਾਂ ਪਿਛੋਂ ਜੂਨ-ਜੁਲਾਈ ਦੀ ਪੂਰਨਮਾਸ਼ੀ ਨੂੰ ਹੁੰਦੀਆਂ ਸਨ ਜਿਨ੍ਹਾਂ ਨੂੰ Eਲੰਪੀਅਦ ਕਿਹਾ ਜਾਂਦਾ ਸੀ। ਯੂਨਾਨ ਵਿਚ ਉਦੋਂ ਸਮਾਂ/ਸੰਨ Eਲੰਪੀਅਦਾਂ ਵਿਚ ਹੀ ਗਿਣਿਆ ਜਾਂਦਾ ਸੀ।
ਲਾਰੀਸਾ ਦੇ ਜੀਵਨ ਅਤੇ ਖੇਡ ਕੈਰੀਅਰ ਉਪਰ ਝਾਤ ਮਾਰਦੇ ਹਾਂ ਤਾਂ ਕਈ ਗੱਲਾਂ ਅਚੰਭੇ ਭਰੀਆਂ ਲੱਗਦੀਆਂ ਹਨ। ਉਹ 1930ਵਿਆਂ ਦੀ ਭੁੱਖਮਰੀ ਦੌਰਾਨ ਯੂਕਰੇਨ ਦੇ ਇਕ ਗ਼ਰੀਬ ਪਰਿਵਾਰ ਵਿਚ ਜੰਮੀ ਸੀ। ਉਹਦਾ ਜਨਮ ਸੈਮੀEਨ ਆਂਦਰੇ ਵਿਚ ਡੀਰੀ ਦੇ ਘਰ ਮਾਤਾ ਅਨੀਸੀਮੋਵਨਾ ਬਾਰਾਬਿਮੁਕ ਡੀਰੀ ਦੀ ਕੁੱਖੋਂ 27 ਦਸੰਬਰ 1934 ਦੀ ਬਰਫੀਲੀ ਰਾਤ ਨੂੰ ਯੂਕਰੇਨ ਦੇ ਸ਼ਹਿਰ ਕੀਵ ਨੇੜੇ ਖੇਰਸਨ ਵਿਚ ਹੋਇਆ ਸੀ। ਉਦੋਂ ਸੋਵੀਅਤ ਰੂਸ ਵਿਚ ਇਨਕਲਾਬ ਆ ਚੁੱਕਾ ਸੀ ਤੇ ਯੂਕਰੇਨ ਸੋਵੀਅਤ ਸੰਘ ਦਾ ਅੰਗ ਬਣਿਆ ਹੋਇਆ ਸੀ। ਜਦੋਂ ਯੂਕਰੇਨ ਵਿਚ ਖੇਤੀਬਾੜੀ ਦੇ ਸਾਂਝੇ ਫਾਰਮ ਬਣਨ ਲੱਗੇ ਤਾਂ ਬਹੁਤੇ ਕਿਸਾਨਾਂ ਨੇ ਆਪੋ ਆਪਣੇ ਡੰਗਰ ਵੱਛੇ ਵੱਢ ਕੇ ਖਾਣੇ ਸ਼ੁਰੂ ਕਰ ਲਏ ਸਨ ਕਿ ਹੁਣ ਤਾਂ ਸਭ ਕੁਝ ਸਾਂਝਾ ਹੋ ਜਾਣਾ ਹੈ। ਕੁਝ ਸਮਾਂ ਸਥਿਤੀ ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ ਵਰਗੀ ਬਣੀ ਰਹੀ ਸੀ। ਇਉਂ ਕਰਨ ਨਾਲ ਖੇਤੀ ਫਸਲਾਂ ਦੇ ਉਤਪਾਦਨ ਦਾ ਕਾਲ਼ ਪੈ ਗਿਆ ਸੀ। ਰੂਸੀ ਨਾਵਲ ‘ਨਵੀਂ ਧਰਤੀ ਨਵੇਂ ਸਿਆੜ’ ਵਿਚ ਇਸ ਦਾ ਭਰਪੂਰ ਜਿ਼ਕਰ ਹੈ।
ਭੁੱਖ ਨੰਗ ਦਾ ਸਤਾਇਆ ਸੈਮੀEਨ ਆਂਦਰੇ ਵਿਚ ਆਪਣੀ 11 ਮਹੀਨਿਆਂ ਦੀ ਦੁੱਧ ਚੁੰਘਦੀ ਧੀ ਲਾਰੀਸਾ ਤੇ ਜੁਆਨ ਜਹਾਨ ਪਤਨੀ ਨੂੰ ਛੱਡ ਕੇ ਫੌਜ ਵਿਚ ਭਰਤੀ ਹੋ ਗਿਆ ਸੀ। ਮੁੜ ਕਦੇ ਉਹ ਪਤਨੀ ਤੇ ਧੀ ਦਾ ਮੂੰਹ ਵੇਖਣ ਵਾਪਸ ਨਾ ਆ ਸਕਿਆ। ਪਿੱਛੋਂ ਉਹਦੀ ਧੀ ਕਿਵੇਂ ਪਲ਼ੀ, ਕਿਵੇਂ ਪੜ੍ਹੀ ਅਤੇ ਕਿਵੇਂ Eਲੰਪਿਕ ਖੇਡਾਂ ਦੀ ਸਰਵੋਤਮ ਜਿਮਨਾਸਟ ਬਣੀ ਤੇ ਸਭ ਤੋਂ ਵੱਧ ਤਗ਼ਮੇ ਜਿੱਤੀ, ਇਹ ਵਿਸ਼ਵ ਭਰ ਦੇ ਬੱਚਿਆਂ, ਕਿਸ਼ੋਰਾਂ ਤੇ ਨੌਜੁਆਨਾਂ ਲਈ ਉਤਸ਼ਾਹਜਨਕ ਤੇ ਪ੍ਰੇਰਨਾਦਾਇਕ ਕਹਾਣੀ ਹੈ। ਇਸ ਤੋਂ ਸਬਕ ਮਿਲਦੈ ਕਿ ਹਾਲਾਤ ਭਾਵੇਂ ਕਿੰਨੇ ਵੀ ਮਾੜੇ ਹੋਣ, ਉਹ ਉੱਦਮ, ਹਿੰਮਤ ਤੇ ਮਿਹਨਤ ਕਰਨ ਵਾਲਿਆਂ ਨੂੰ ਅੱਗੇ ਵਧਣੋਂ ਨਹੀਂ ਰੋਕ ਸਕਦੇ।
ਲਾਰੀਸਾ ਦੀ ਅਨਪੜ੍ਹ ਮਾਂ ਆਪਣੀ ਧੀ ਨੂੰ ਪਾਲਣ ਤੇ ਪੜ੍ਹਾਉਣ ਲਈ ਸਫਾਈ ਸੇਵਕਾ ਬਣੀ ਤੇ ਰਾਤਾਂ ਨੂੰ ਚੌਕੀਦਾਰੇ ਦਾ ਕੰਮ ਕਰਨ ਲੱਗੀ। ਪਿਤਾ ਫੌਜ ਵਿਚ ਮਸ਼ੀਨ ਗੰਨ ਆਪ੍ਰੇਟਰ ਬਣਿਆ ਜੋ ਸਤਾਲਿਨਗਰਾਦ ਦੀ ਲੜਾਈ ਵਿਚ ਮਾਰਿਆ ਗਿਆ। ਉਦੋਂ ਉਹ 37ਵੇਂ ਸਾਲ ਵਿਚ ਸੀ। ਲਾਰੀਸਾ ਲਾਗਲੇ ਸਕੂਲ ਵਿਚ ਪੜ੍ਹਨ ਲੱਗੀ ਤਾਂ ਉਹਦੀ ਰੁਚੀ ਬੇਲੇ ਡਾਂਸ ਵਿਚ ਹੋ ਗਈ। ਉਹ ਬੇਲੇ ਡਾਂਸਰ ਬਣ ਵੀ ਗਈ ਪਰ ਨਾਲ ਦੀ ਨਾਲ ਜਿਮਨਾਸਟਿਕਸ ਵੀ ਸਿੱਖਣ ਲੱਗੀ। ਮਾਂ ਔਖੀ ਸੌਖੀ ਪੰਜਾਹ ਰੂਬਲ ਫੀਸ ਤਾਰਦੀ ਰਹੀ। ਅਜੇ ਉਹ 16 ਸਾਲ ਦੀ ਸੀ ਕਿ ਸਕੂਲਾਂ ਦੀ ਨੈਸ਼ਨਲ ਚੈਂਪੀਅਨ ਬਣ ਗਈ ਅਤੇ ਪੂਰਨ ਤੌਰ `ਤੇ ਜਿਮਨਾਸਟਿਕਸ ਨੂੰ ਸਮਰਪਿਤ ਹੋ ਗਈ। 1953 ਵਿਚ ਉਹ ਹਾਈ ਸਕੂਲ ਤੋਂ ਆਨਰਜ਼ ਕਰਨ ਉਪਰੰਤ ਕੀਵ ਦੇ ਲੈਨਿਨ ਪੌਲੀਟੈਕਨਿਕ ਇੰਸਟੀਚਿਊਟ ਵਿਚ ਦਾਖਲ ਹੋਈ। ਉਥੇ ਉਸ ਨੂੰ ਜਿਮਨਾਸਟਿਕਸ ਦਾ ਵਧੀਆ ਕੋਚ ਮਿਸ਼ਾਕੋਵ ਮਿਲ ਗਿਆ। ਉਸੇ ਸਾਲ ਉਸ ਨੇ ਰੋਮ ਵਿਖੇ ਵਰਲਡ ਜਿਮਨਾਸਟਿਕਸ ਚੈਂਪੀਅਨਸਿ਼ਪ `ਚੋਂ ਆਪਣੀ ਟੀਮ ਨਾਲ ਗੋਲਡ ਮੈਡਲ ਜਿੱਤ ਲਿਆ। ਲਾਰੀਸਾ ਜਿਸ ਦਾ ਪਹਿਲਾਂ ਨਾਂ ਲਾਰੀਸਾ ਸੈਮੀEਨੋਵਨਾ ਡੀਰੀ ਸੀ ਵਿਆਹ ਕਰਾਉਣ ਨਾਲ ਲਾਰੀਸਾ ਲਤੀਨੀਨਾ ਬਣ ਗਈ ਜਿਸ ਦਾ ਯੂਕਰੇਨੀ ਉਚਾਰਣ ਲਾਤਿਯਾਨੀਨਾ ਹੈ। ਉਹਦਾ ਪਹਿਲਾ ਵਿਆਹ ਉਹਦੇ ਸਕੂਲ ਵਿਚ ਪੜ੍ਹਦੇ ਮਿੱਤਰ ਈਵਾਨ ਲਾਤੀਨਿਨ ਨਾਲ ਹੋਇਆ ਜੋ ਜਹਾਜ਼ੀ ਇੰਜਨੀਅਰ ਬਣ ਗਿਆ ਸੀ। ਪਹਿਲੇ ਵਿਆਹ `ਚੋਂ ਬੇਟੀ ਇਵਾਨੋਵਲਾ ਤਾਤਿਆਨਾ ਨੇ 17 ਦਸੰਬਰ 1958 ਨੂੰ ਜਨਮ ਲਿਆ। ਲਾਰੀਸਾ ਚਾਰ ਮਹੀਨੇ ਦੀ ਗਰਭਵਤੀ ਸੀ ਜਦੋਂ 1958 ਦੀ ਵਰਲਡ ਜਿਮਨਾਸਟਿਕਸ ਚੈਂਪੀਅਨਸਿ਼ਪ ਵਿਚੋਂ ਪੰਜ ਮੈਡਲ ਜਿੱਤੀ। ਉਸ ਨੇ ਗਰਭਵਤੀ ਹੋਣ ਦਾ ਭੇਤ ਇਸ ਲਈ ਨਹੀਂ ਸੀ ਖੋਲ੍ਹਿਆ ਬਈ ਕਿਤੇ ਉਸ ਨੂੰ ਟੀਮ ਵਿਚੋਂ ਬਾਹਰ ਨਾ ਕੱਢ ਦਿੱਤਾ ਜਾਵੇ। 1966 ਵਿਚ ਉਸ ਨੇ ਕਿਹਾ ਕਿ ਮੇਰੀਆਂ 1958 ਦੀਆਂ ਜਿੱਤਾਂ ਦਾ ਅੱਧਾ ਸਿਹਰਾ ਮੇਰੀ ਅਣਜੰਮੀ ਧੀ ਦੇ ਸਿਰ ਹੈ। ਉਸ ਦਾ ਇਕ ਪੁੱਤਰ ਵੀ ਹੈ।
ਲਾਰੀਸਾ ਨੇ ਤਿੰਨ ਵਿਆਹ ਕੀਤੇ। ਉਸ ਦਾ ਦੂਜਾ ਪਤੀ ਉਹਦਾ ਜਿਮਨਾਸਟਿਕਸ ਕੋਚ ਹੀ ਸੀ ਤੇ ਤੀਜਾ ਪਤੀ ਯੂਰੀ ਇਜ਼ਰੇਲਵਿਚ ਫੈਲਡਮੈਨ ਰੂਸ ਦਾ ਸਾਬਕਾ ਸਾਈਕਲਿਸਟ ਚੈਂਪੀਅਨ ਹੈ। ਲਾਰੀਸਾ ਨੇ ਮੈਲਬੌਰਨ ਦੀਆਂ Eਲੰਪਿਕ ਖੇਡਾਂ `ਚੋਂ 4 ਸੋਨੇ, 1 ਚਾਂਦੀ, 1 ਤਾਂਬੇ ਦਾ ਤਗਮਾ ਤੇ ਰੋਮ ਦੀਆਂ Eਲੰਪਿਕ ਖੇਡਾਂ `ਚੋਂ 3 ਸੋਨੇ, 2 ਚਾਂਦੀ, 1 ਤਾਂਬੇ ਦਾ ਤਗ਼ਮਾ ਜਿੱਤ ਕੇ ਆਪਣੀ ਜਿਮਨਾਸਟਿਕਸ ਕਲਾ ਦਾ ਲੋਹਾ ਮਨਵਾਇਆ ਸੀ। ਟੋਕੀE ਦੀਆਂ Eਲੰਪਿਕ ਖੇਡਾਂ ਵਿਚੋਂ 2 ਸੋਨੇ, 2 ਚਾਂਦੀ, 2 ਤਾਂਬੇ ਦੇ ਤਗਮੇ ਜਿੱਤ ਕੇ Eਲੰਪਿਕ ਮੈਡਲਾਂ ਦੀ ਗਿਣਤੀ 18 ਕਰ ਦਿੱਤੀ ਸੀ ਜਿਨ੍ਹਾਂ ਦਾ ਰਿਕਾਰਡ ਅੱਧੀ ਸਦੀ ਤਕ ਕਾਇਮ ਰਿਹਾ। ਉਸ ਨੇ 1957 ਦੀ ਯੂਰਪੀਅਨ ਚੈਂਪੀਅਨਸਿ਼ਪ `ਚੋਂ ਪੰਜ ਸੋਨ ਤਗਮੇ ਅਤੇ 1958 ਦੀ ਵਿਸ਼ਵ ਚੈਂਪੀਅਨਸਿ਼ਪ `ਚੋਂ 5 ਸੋਨੇ, 1 ਚਾਂਦੀ ਅਤੇ 1962 ਦੀ ਵਿਸ਼ਵ ਚੈਂਪੀਅਨਸਿ਼ਪ ਵਿਚੋਂ ਵੀ ਛੇ ਤਗਮੇ ਜਿੱਤੇ ਸਨ। ਪਰ 1966 ਦੀ ਵਿਸ਼ਵ ਚੈਂਪੀਅਨਸਿ਼ਪ `ਚੋਂ ਕੇਵਲ 1 ਤਗਮਾ ਜਿੱਤ ਸਕੀ ਜਿਸ ਪਿੱਛੋਂ ਰਿਟਾਇਰ ਹੋ ਗਈ ਤੇ ਮਾਸਕੋ ਵਿਚ ਵਸ ਗਈ। 1968, 1972 ਤੇ 1976 ਦੀਆਂ Eਲੰਪਿਕ ਖੇਡਾਂ ਵਿਚ ਉਹ ਸੋਵੀਅਤ ਰੂਸ ਦੀਆਂ ਜਿਮਨਾਸਟਿਕਸ ਟੀਮਾਂ ਦੀ ਕੋਚ ਬਣੀ ਜਿਨ੍ਹਾਂ ਨੇ ਦਰਜਨਾਂ ਮੈਡਲ ਜਿੱਤੇ। ਮਾਸਕੋ ਦੀਆਂ Eਲੰਪਿਕ ਖੇਡਾਂ-1980 ਵਿਚ ਉਹ ਜਿਮਨਾਸਟਿਕਸ ਦੇ ਮੁਕਾਬਲਿਆਂ ਦੀ ਮੁੱਖ ਪ੍ਰਬੰਧਕ ਸੀ। ਸਰਗਰਮ ਮੁਕਾਬਲਿਆਂ ਸਮੇਂ ਉਹਦਾ ਸਰੀਰਕ ਵਜ਼ਨ 52 ਕਿਲੋਗਰਾਮ ਰਿਹਾ ਤੇ ਕੱਦ 5 ਫੁੱਟ 3 ਇੰਚ। ਸਿਡਨੀ ਦੀਆਂ Eਲੰਪਿਕ ਖੇਡਾਂ ਸਮੇਂ Eਲੰਪਿਕ ਪਿੰਡ ਦੀ ਇਕ ਸੜਕ ਦਾ ਨਾਂ ਲਾਰੀਸਾ ਲਤੀਨੀਨਾ ਵੇਅ ਰੱਖਿਆ ਗਿਆ। ਅੰਤਰਰਾਸ਼ਟਰੀ Eਲੰਪਿਕ ਕਮੇਟੀ ਨੇ ਉਸ ਨੂੰ Eਲੰਪਿਕ ਆਰਡਰ ਨਾਲ ਸਨਮਾਨਿਤ ਕੀਤਾ ਤੇ ਉਸ ਦੀ ਤਸਵੀਰ Eਲੰਪਿਕ ਹਾਲ ਆਫ਼ ਫੇਮ ਵਿਚ ਲਾਈ ਗਈ। ਉਸ ਨੂੰ ਆਰਡਰ ਆਫ਼ ਲੈਨਿਨ ਅਵਾਰਡ, ਸੋਵੀਅਤ ਬੈਜ ਆਫ਼ ਆਨਰ ਤੇ ਯੂਕਰੇਨ ਸਟਾਰ ਦੇ ਅਵਾਰਡ ਵੀ ਮਿਲੇ। ਸ਼ਾਲਾ! ਉਹ ਹੋਰ ਲੰਮੀ ਉਮਰ ਜੀਵੇ ਤੇ ਖਿਡਾਰੀਆਂ ਦੀ ਪ੍ਰੇਰਨਾ ਸਰੋਤ ਬਣੀ ਰਵ੍ਹੇ!