‘ਸੋਨੇ ਚਾਂਦੀ ਕੇ ਬੁੱਤ` ਦੇ ਦਿਲਚਸਪ ਕਿੱਸੇ ਅਤੇ ਖਵਾਜਾ ਅਹਿਮਦ ਅੱਬਾਸ

ਸੁਰਿੰਦਰ ਸਿੰਘ ਤੇਜ
ਫੋਨ: 98555-01488
ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਤੇਜ ਨੇ ਇਸ ਲੇਖ ਵਿਚ ਉਘੇ ਫਿਲਮਸਾਜ਼ ਅਤੇ ਲਿਖਾਰੀ ਖਵਾਜਾ ਅਹਿਮਦ ਅੱਬਾਸ ਦਾ ਉਹ ਰੂਪ ਉਘਾੜਿਆ ਹੈ ਜਿਸ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਹਨ।…

ਬਹੁਪਰਤੀ ਸ਼ਖ਼ਸੀਅਤ ਸਨ ਖਵਾਜਾ ਅਹਿਮਦ ਅੱਬਾਸ। ਅੰਗਰੇਜ਼ੀ, ਉਰਦੂ ਅਤੇ ਹਿੰਦੀ ਦੇ ਨਾਮਵਰ ਅਦੀਬ। ਸੋਚ ਪੱਖੋਂ ਖੱਬੇ-ਪੱਖੀ ਸਮਤਾਵਾਦੀ, ਅਮਲਾਂ ਪੱਖੋਂ ਪੱਕੇ ਆਦਰਸ਼ਵਾਦੀ। ਰੂਹੋਂ ਨਿੱਘੇ, ਜ਼ੁਬਾਨ ਤੋਂ ਖਰ੍ਹਵੇ। ਪੇਸ਼ੇ ਵਜੋਂ ਉਹ ਫਿਲਮਸਾਜ਼, ਪਟਕਥਾ ਲੇਖਕ, ਕਹਾਣੀਕਾਰ, ਨਿਬੰਧਕਾਰ, ਪੱਤਰਕਾਰ ਅਤੇ ਕਾਲਮਨਵੀਸ ਸਨ। ਉਨ੍ਹਾਂ ਦਾ ਹਫ਼ਤਾਵਾਰੀ ਕਾਲਮ ਅੰਗਰੇਜ਼ੀ ਅਖ਼ਬਾਰ ‘ਬਾਂਬੇ ਕਰੋਨੀਕਲ` (ਬਾਅਦ ਵਿਚ ‘ਬਲਿਟਜ਼`) ਵਿਚ ਚਾਰ ਦਹਾਈਆਂ ਤੋਂ ਵੱਧ ਸਮਾਂ ਲਗਾਤਾਰ ਛਪਿਆ। ਫਿਲਮਸਾਜ਼ ਤੇ ਪਟਕਥਾ ਲੇਖਕ ਵਜੋਂ ਉਨ੍ਹਾਂ ਦੀਆਂ ਚਾਰ ਫਿਲਮਾਂ ‘ਜਾਗਤੇ ਰਹੋ` (1956), ‘ਸ਼ਹਿਰ ਔਰ ਸਪਨਾ` (1963), ‘ਸਾਤ ਹਿੰਦੋਸਤਾਨੀ` (1969) ਅਤੇ ‘ਦੋ ਬੂੰਦ ਪਾਨੀ` (1971) ਨੂੰ ਕੌਮੀ ਐਵਾਰਡ ਮਿਲੇ। ਉਨ੍ਹਾਂ ਦੀ ਕਹਾਣੀ `ਤੇ ਆਧਾਰਿਤ ਚੇਤਨ ਆਨੰਦ ਦੀ ਫਿਲਮ ‘ਨੀਚਾ ਨਗਰ` (1946) ਕਾਨ ਕੌਮਾਂਤਰੀ ਫਿਲਮ ਮੇਲੇ ਵਿਚ ਬਿਹਤਰੀਨ ਫਿਲਮ ਦੇ ਐਵਾਰਡ ‘ਸੁਨਹਿਰੀ ਪਾਮ` ਨਾਲ ਨਿਵਾਜੀ ਗਈ। ਉਨ੍ਹਾਂ ਦੀ ਹੀ ਪਟਕਥਾ `ਤੇ ਬਣੀ ‘ਆਵਾਰਾ` (1951) ਨੇ ਕਾਰਲੋਵੀ ਵੇਰੀ ਕੌਮਾਂਤਰੀ ਫਿਲਮ ਮੇਲੇ `ਚ ਪੁਰਸਕਾਰ ਜਿੱਤਿਆ।
ਇਸ ਹਸਤੀ ਦੀਆਂ ਚੋਣਵੀਆਂ ਲਿਖਤਾਂ ਨੂੰ ਹੁਣ ਸਈਅਦਾ ਹਮੀਦ ਅਤੇ ਸੁਖਪ੍ਰੀਤ ਕਾਹਲੋਂ ਨੇ ਸੰਪਾਦਿਤ ਅਤੇ ਅੰਗਰੇਜ਼ੀ `ਚ ਅਨੁਵਾਦ ਕਰ ਕੇ ‘ਸੋਨੇ ਚਾਂਦੀ ਕੇ ਬੁੱਤ` ਸੰਗ੍ਰਹਿ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਹੈ। ਸਈਅਦਾ ਅੱਬਾਸ ਦੀ ਭਾਣਜੀ ਹੈ ਅਤੇ ਸੁਖਪਾਲ ਫਿਲਮ ਇਤਿਹਾਸਕਾਰ ਤੇ ਵਿਦਵਾਨ ਲੇਖਕ। ਕਿਤਾਬ ਦੇ ਚਾਰ ਅਨੁਭਾਗ ਹਨ: ਫ਼ਨ ਔਰ ਫ਼ਨਕਾਰ; ਕਹਾਨੀਆਂ, ਫਿਲਮੀ ਮਜ਼ਮੂਨ, ਬਾਂਬੇ ਕਰੋਨੀਕਲ ਸੇ। ਇਹ ਅਨੁਭਾਗ ਅੱਬਾਸ ਦੀ ਵਿਦਵਤਾ ਤੇ ਦਾਨਿਸ਼ਵਰੀ ਦਾ ਝਰੋਖਾ ਹਨ।
ਅੱਬਾਸ ਨਵ-ਯਥਾਰਥਵਾਦੀ ਸਿਨੇਮਾ ਦਾ ਪਰਚਮਬਰਦਾਰ ਸੀ। ਛੋਟੇ ਬਜਟ ਦੀਆਂ ਫਿਲਮਾਂ ਰਾਹੀਂ ਵੱਡੇ ਸੁਨੇਹੇ ਦੇਣ ਵਾਲਾ। ਉਸ ਦੀਆਂ ਫਿਲਮਾਂ ਨੇ ਟਿਕਟ ਖਿੜਕੀ `ਤੇ ਕਦੇ ਭੀੜਾਂ ਨਹੀਂ ਜੁਟਾਈਆਂ; ਫਿਰ ਵੀ ਇਹ ਬਣਦੀਆਂ ਰਹੀਆਂ: 1943 ਤੋਂ 1987 ਤਕ। ਮੰਨਿਆ ਜਾਂਦਾ ਹੈ ਕਿ ਇਸ ਸਿਰੜੀ ਕੰਮ ਲਈ ਧਨ ਉਸ ਨੂੰ ਰਾਜ ਕਪੂਰ ਦੀਆਂ ਫਿਲਮਾਂ ਲਈ ਪਟਕਥਾ ਲੇਖਣ ਰਾਹੀਂ ਮਿਲਦਾ ਰਿਹਾ। ‘ਆਵਾਰਾ` (1951) ਤੋਂ ਲੈ ਕੇ ‘ਬੌਬੀ’ (1973) ਤਕ ਰਾਜ ਕਪੂਰ ਦੀਆਂ ਫਿਲਮਾਂ ਦੀ ਪਟਕਥਾ ਅੱਬਾਸ ਅਤੇ ਫਿਲਮ ਪ੍ਰਚਾਰਕ ਵੀ.ਪੀ. ਸਾਠੇ ਦੀ ਜੋੜੀ ਲਿਖਦੀ ਰਹੀ। ਰਾਜ ਕਪੂਰ ਦੀਆਂ ਬਹੁਤੀਆਂ ਫਿਲਮਾਂ ਸੁਪਰਹਿੱਟ ਹੋਈਆਂ, ਅੱਬਾਸ ਦੀਆਂ ਸੁਪਰ ਫਲੌਪ। ਅੱਬਾਸ ਨੇ ਇਸ ਕਿਤਾਬ ਵਿਚ ਖ਼ੁਦ ਤਸਲੀਮ ਕੀਤਾ ਹੈ ਕਿ ਫਿਲਮ ਦੇ ਮਾਧਿਅਮ ਰਾਹੀਂ ਲੋਕਾਂ ਦਾ ਮਨ ਮੋਹ ਲੈਣ ਦਾ ਜੋ ਹੁਨਰ ਰਾਜ ਕਪੂਰ ਕੋਲ ਸੀ, ਉਹ ਉਸ (ਅੱਬਾਸ) ਕੋਲ ਨਹੀਂ ਸੀ। ਉਸ ਮੁਤਾਬਿਕ “ਰਾਜ ਸੁਪਨਿਆਂ ਦਾ ਸੌਦਾਗਰ ਸੀ, ਮੈਂ ਅਸਲੀਅਤ ਦਾ ਵਣਜਾਰਾ। ਗਾਹਕ ਹਮੇਸ਼ਾ ਚਕਾਚੌਂਧ ਵੱਲ ਜਾਂਦਾ ਹੈ।” ਫਿਲਮਸਾਜ਼ ਦੇ ਰੂਪ ਵਿਚ ਅੱਬਾਸ ਕਲਾਕਾਰਾਂ ਦੀ ਚੋਣ, ਯੋਗਤਾ ਦੇ ਲਿਹਾਜ਼ ਨਾਲ ਕਰਦਾ ਰਿਹਾ ਪਰ ‘ਸਾਤ ਹਿੰਦੋਸਤਾਨੀ` ਵਿਚ ਅਮਿਤਾਭ ਬੱਚਨ ਦੀ ਚੋਣ ‘ਹਰਿਵੰਸ਼ ਰਾਏ ਬੱਚਨ ਦਾ ਪੁੱਤਰ` ਹੋਣ ਕਰ ਕੇ ਕੀਤੀ। ਅਮਿਤਾਭ ਅੱਬਾਸ ਨੂੰ ਸਦਾ ਮਾਮੂ ਬੁਲਾਉਂਦਾ ਰਿਹਾ ਪਰ ਅੱਬਾਸ ਦੀ ਕਿਸੇ ਹੋਰ ਫਿਲਮ ਵਿਚ ਉਸ ਨੇ ਕੰਮ ਨਹੀਂ ਕੀਤਾ। ਅੱਬਾਸ ਮੁਤਾਬਿਕ “ਅਮਿਤ (ਅਮਿਤਾਭ ਬੱਚਨ) ਆਪਣੇ ਅਕਸ ਦਾ ਮੁਰੀਦ ਰਿਹਾ, ਮੈਂ ਆਪਣੇ ਸਵੈਮਾਣ ਦਾ।”
ਯੂਸੁਫ਼ ਖ਼ਾਨ (ਦਿਲੀਪ ਕੁਮਾਰ) ਨੂੰ ਉਹ ਬਿਹਤਰੀਨ ਅਦਾਕਾਰ ਮੰਨਦਾ ਸੀ ਪਰ ਨਾਲ ਹੀ ਉਸ ਦਾ ਆਲੋਚਕ ਵੀ ਸੀ। ਉਸ ਦੀ ਰਾਇ ਸੀ ਕਿ ਦਿਲੀਪ ਕੁਮਾਰ ਨੇ ਆਪਣੇ ਰੁਤਬੇ ਨੂੰ ‘ਭਾਰਤੀ ਸਿਨੇਮਾ ਦੀ ਬਿਹਤਰੀ ਲਈ ਕਦੇ ਨਹੀਂ ਵਰਤਿਆ।` ਇਸੇ ਖਿਝ ਦਾ ਪ੍ਰਗਟਾਵਾ ਉਸ ਨੇ ‘ਉੜਨ ਖਟੋਲਾ` (1956) ਦੇਖ ਕੇ ਇੰਜ ਕੀਤਾ, “ਯੂਸੁਫ਼, ਤੂੰ ਏਨੇ ਬੇਹੂਦਾ ਰੋਲ ਕਿਉਂ ਕਰਦਾ ਏ?” ਦਿਲੀਪ ਕੁਮਾਰ ਉਦੋਂ ਤਾਂ ਚੁੱਪ ਰਿਹਾ ਪਰ ਅੱਬਾਸ ਦੀ ਫਿਲਮ ‘ਗਿਆਰਾਂ ਹਜ਼ਾਰ ਲੜਕੀਆਂ` (1963) ਦੇ ਪ੍ਰੀਮੀਅਰ ਸਮੇਂ ਬਦਲਾਖੋਰੀ `ਤੇ ਉਤਰ ਆਇਆ। ਉਸ ਨੇ ਫਿਲਮੀ ਹਸਤੀਆਂ ਦੀ ਭੀੜ ਦੇ ਸਾਹਮਣੇ ਅੱਬਾਸ ਨੂੰ ਸਵਾਲ ਕੀਤਾ, “ਖਵਾਜਾ, ਤੂੰ ਏਨੀਆਂ ਬੋਰ ਫਿਲਮਾਂ ਕਿਉਂ ਬਣਾਉਂਦਾ ਏ?”
ਅਜਿਹੇ ਦਰਜਨਾਂ ਕਿੱਸੇ-ਕਹਾਣੀਆਂ ਨਾਲ ਲੈਸ ਹੈ ਇਹ ਕਿਤਾਬ ‘ਸੋਨੇ ਚਾਂਦੀ ਕੇ ਬੁੱਤ`। ਪੜ੍ਹ ਕੇ ਆਨੰਦ ਆਉਂਦਾ ਹੈ ਪਰ ਕਿਤੇ-ਕਿਤੇ ਤੱਥਾਂ ਪ੍ਰਤੀ ਲਾਪਰਵਾਹੀ ਬੇਸੁਆਦੀ ਵੀ ਪੈਦਾ ਕਰਦੀ ਹੈ।