ਝੂਠਾ ਪੁਲਿਸ ਮੁਕਾਬਲਾ: ਦੋ ਸੇਵਾਮੁਕਤ ਥਾਣੇਦਾਰਾਂ ਨੂੰ ਉਮਰ ਕੈਦ

ਮੁਹਾਲੀ: ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਲਗਭਗ ਤਿੰਨ ਦਹਾਕੇ ਪੁਰਾਣੇ ਫਰਜ਼ੀ ਪੁਲਿਸ ਮੁਕਾਬਲੇ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ ਦੋ ਸੇਵਾਮੁਕਤ ਅਫਸਰਾਂ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਏ.ਐਸ.ਆਈ. ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਤੇ 1-1 ਲੱਖ ਰੁਪਏ ਜਰਮਾਨੇ ਦੀ ਸਜਾ ਸੁਣਾਈ ਹੈ। ਮਾਮਲੇ ਵਿਚ ਨਾਮਜ਼ਦ ਦੋ ਪੁਲਿਸ ਅਫਸਰਾਂ ਇੰਸਪੈਕਟਰ ਪੂਰਨ ਸਿੰਘ ਤੇ ਏ.ਐਸ.ਆਈ. ਜਗੀਰ ਸਿੰਘ ਦੀ ਟਰਾਇਲ ਦੌਰਾਨ ਮੌਤ ਹੋ ਚੁੱਕੀ ਹੈ।

ਪੀੜਤ ਪਰਿਵਾਰ ਦੇ ਵਕੀਲਾਂ ਸਰਬਜੀਤ ਸਿੰਘ, ਜਗਜੀਤ ਸਿੰਘ ਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਅਪਰੈਲ 1993 ਵਿਚ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਸਿੱਖ ਨੌਜਵਾਨ ਹਰਬੰਸ ਸਿੰਘ ਵਾਸੀ ਉਬੋਕੇ (ਤਰਨ ਤਾਰਨ) ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲਿਆ ਸੀ। ਪੁਲਿਸ ਮੁਤਾਬਕ ਹਰਬੰਸ ਸਿੰਘ ਨੇ ਪੁੱਛ-ਪੜਤਾਲ ਦੌਰਾਨ ਮੰਨਿਆ ਸੀ ਕਿ ਉਸ ਨੇ ਚੰਬਲ ਇਲਾਕੇ ਵਿਚ ਹਥਿਆਰ ਲੁਕਾ ਕੇ ਰੱਖੇ ਹੋਏ ਹਨ। ਨੌਜਵਾਨ ਦੇ ਦੱਸਣ ਅਨੁਸਾਰ 15 ਅਪਰੈਲ 1993 ਨੂੰ ਤਰਨ ਤਾਰਨ ਜ਼ਿਲ੍ਹੇ ਦੀ ਪੁਲਿਸ ਹਥਿਆਰ ਬਰਾਮਦ ਕਰਵਾਉਣ ਲਈ ਹਰਬੰਸ ਸਿੰਘ ਨੂੰ ਆਪਣੇ ਨਾਲ ਲਿਜਾ ਰਹੀ ਸੀ ਕਿ ਰਸਤੇ ਵਿਚ ਖਾੜਕੂਆਂ ਨੇ ਪੁਲਿਸ ਟੀਮ ‘ਤੇ ਫਾਇਰਿੰਗ ਕਰ ਦਿੱਤੀ ਤੇ ਮੁਕਾਬਲੇ ਵਿਚ ਹਰਬੰਸ ਸਿੰਘ ਅਤੇ ਇਕ ਹੋਰ ਅਣਪਛਾਤਾ ਖਾੜਕੂ ਮਾਰਿਆ ਗਿਆ ਸੀ। ਇਸ ਸਬੰਧੀ ਤਰਨ ਤਾਰਨ ਪੁਲਿਸ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ ਕਰਨ ਸਬੰਧੀ ਅਣਪਛਾਤੇ ਖਾੜਕੂਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ ਲਾਇਆ ਸੀ ਕਿ ਹਰਬੰਸ ਸਿੰਘ ਨੂੰ ਹਿਰਾਸਤ ‘ਚੋਂ ਛੁਡਾਉਣ ਲਈ ਹੀ ਖਾੜਕੂਆਂ ਨੇ ਫਾਇਰਿੰਗ ਕੀਤੀ ਸੀ। ਦੂਜੇ ਪਾਸੇ ਪੀੜਤ ਪਰਿਵਾਰ ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਲਈ ਲੰਮਾ ਸਮਾਂ ਤਤਕਾਲੀ ਸਰਕਾਰ ਤੇ ਉੱਚ ਪੁਲਿਸ ਅਧਿਕਾਰੀਆਂ ਦੇ ਤਰਲੇ ਕੱਢਦਾ ਰਿਹਾ ਪਰ ਕਿਤੇ ਸੁਣਵਾਈ ਨਾ ਹੋਈ। ਇਸ ਮਗਰੋਂ ਉੱਚ ਅਦਾਲਤ ਦੇ ਹੁਕਮਾਂ ‘ਤੇ ਮ੍ਰਿਤਕ ਨੌਜਵਾਨ ਦੇ ਭਰਾ ਪਰਮਜੀਤ ਸਿੰਘ ਦੀ ਸ਼ਿਕਾਇਤ ‘ਤੇ 25 ਜਨਵਰੀ 1999 ਨੂੰ ਉਕਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਧਾਰਾ 302, 364, 318 ਅਤੇ 34 ਅਧੀਨ ਅਪਰਾਧਿਕ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀ.ਬੀ.ਆਈ. ਦੀ ਅਦਾਲਤ ਵਿਚ ਚੱਲ ਰਹੀ ਸੀ। ਸੀ.ਬੀ.ਆਈ. ਵੱਲੋਂ ਮੁੱਢਲੀ ਜਾਂਚ ਮਗਰੋਂ 13 ਦਸੰਬਰ 2002 ਨੂੰ ਉਕਤ ਪੁਲਿਸ ਅਫ਼ਸਰਾਂ ਖ਼ਿਲਾਫ਼ ਧਾਰਾ 302, 218 ਅਤੇ 120ਬੀ ਅਧੀਨ ਮੁਹਾਲੀ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਸੀ। ਕੇਸ ਦੀ ਸੁਣਵਾਈ ਦੌਰਾਨ ਸੀ.ਬੀ.ਆਈ. ਨੇ 17 ਗਵਾਹ ਪੇਸ਼ ਕੀਤੇ ਅਤੇ ਪੀੜਤ ਪਰਿਵਾਰ ਦੇ ਵਕੀਲਾਂ ਨੇ ਤੱਥਾਂ ਦੇ ਆਧਾਰ ‘ਤੇ ਉੁਸਾਰੂ ਦਲੀਲਾਂ ਦਿੱਤੀਆਂ। ਲੰਘੀ 27 ਅਕਤੂਬਰ ਨੂੰ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੋਵੇਂ ਪੁਲਿਸ ਨੂੰ ਦੋਸ਼ੀ ਕਰਾਰ ਦਿੱਤਾ ਸੀ।