ਮੋਦੀ ਵੱਲੋਂ ਡੇਰਾ ਬਿਆਸ ਮੁਖੀ ਨਾਲ ਬੰਦ ਕਮਰਾ ਮੀਟਿੰਗ

ਰਈਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਰਾਧਾ ਸੁਆਮੀ ਬਿਆਸ ਪੁੱਜ ਕੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕਰੀਬ ਅੱਧੇ ਘੰਟੇ ਤੱਕ ਬੰਦ ਕਮਰਾ ਮੀਟਿੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਕਰੀਬ ਇਕ ਘੰਟੇ ਤੱਕ ਡੇਰੇ ਅੰਦਰ ਰਹੇ।

ਦੋਹਾਂ ਵਿਚਕਾਰ ਮੀਟਿੰਗ ਦੌਰਾਨ ਹੋਈ ਗੱਲਬਾਤ ਦੇ ਵੇਰਵੇ ਪ੍ਰਾਪਤ ਨਹੀਂ ਹੋ ਸਕੇ ਪਰ ਇਸ ਮੁਲਾਕਾਤ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬੰਦ ਕਮਰਾ ਮੀਟਿੰਗ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 12 ਡੇਰਾ ਬਿਆਸ ਦੇ ਏਅਰ ਬੇਸ ਤੋਂ ਹਿਮਾਚਲ ਲਈ ਰਵਾਨਾ ਹੋ ਗਏ। ਸੂਤਰਾਂ ਮੁਤਾਬਕ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਨੂੰ ਡੇਰੇ ਵਿਚ ਉਪਲਬਧ ਵੱਖ-ਵੱਖ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਮੋਦੀ ਡੇਰੇ ਅੰਦਰ ਬਣੀ ਲਾਇਬਰੇਰੀ ਤੇ ਲੰਗਰ ਹਾਲ ‘ਚ ਵੀ ਗਏ ਜਿਥੇ ਉਨ੍ਹਾਂ ਲੰਗਰ ਬਣਾਉਣ ਦੇ ਤਰੀਕਿਆਂ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਥੇ ਸੇਵਾ ਕਰ ਰਹੀਆਂ ਔਰਤਾਂ ਨਾਲ ਵੀ ਸ੍ਰੀ ਮੋਦੀ ਨੂੰ ਮਿਲਾਇਆ ਗਿਆ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਡੇਰਾ ਮੁਖੀ ਨਾਲ ਕੰਪਲੈਕਸ ਦੀ ਸੈਰ ਕਰਦਿਆਂ ਹੋਰ ਜਾਣਕਾਰੀ ਵੀ ਹਾਸਲ ਕੀਤੀ। ਇਸ ਤੋਂ ਪਹਿਲਾਂ ਸ੍ਰੀ ਮੋਦੀ ਆਦਮਪੁਰ ਤੋਂ ਹੈਲੀਕਾਪਟਰ ਰਾਹੀਂ ਸਵੇਰੇ 11 ਵੱਜ ਕੇ 10 ਮਿੰਟ ‘ਤੇ ਡੇਰਾ ਬਿਆਸ ਦੇ ਅੰਦਰ ਬਣੇ ਪ੍ਰਾਈਵੇਟ ਏਅਰ ਬੇਸ ਤੇ ਉਤਰੇ ਜਿੱਥੇ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਖੁਦ ਉਨ੍ਹਾਂ ਨੂੰ ਲੈਣ ਲਈ ਪੁੱਜੇ ਹੋਏ ਸਨ। ਆਦਮਪੁਰ ‘ਚ ਪੰਜਾਬ ਦੇ ਕੈਬਨਿਟ ਮੰਤਰੀਆਂ ਬ੍ਰਹਮ ਸ਼ੰਕਰ ਜਿੰਪਾ, ਹਰਭਜਨ ਸਿੰਘ ਈ.ਟੀ.ਓ, ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਡੀ.ਜੀ.ਪੀ. ਗੌਰਵ ਯਾਦਵ, ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਡੇਰਾ ਬਾਬਾ ਜੈਮੱਲ ਸਿੰਘ ਵਜੋਂ ਵੀ ਜਾਣੇ ਜਾਂਦੇ ਡੇਰਾ ਰਾਧਾ ਸੁਆਮੀ ਬਿਆਸ ਅੰਮ੍ਰਿਤਸਰ ਸ਼ਹਿਰ ਤੋਂ ਕਰੀਬ 45 ਕਿਲੋਮੀਟਰ ਦੀ ਦੂਰੀ ‘ਤੇ ਬਿਆਸ ਕਸਬੇ ‘ਚ ਸਥਿਤ ਹੈ। ਡੇਰੇ ਦੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼-ਵਿਦੇਸ਼ ‘ਚ ਕਈ ਸ਼ਰਧਾਲੂ ਹਨ। ਜ਼ਿਕਰਯੋਗ ਹੈ ਕਿ ਫਰਵਰੀ ‘ਚ ਪ੍ਰਧਾਨ ਮੰਤਰੀ ਨੇ ਦਿੱਲੀ ‘ਚ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ ਸੀ।