ਅੱਜ ਦੀ ਸਿਆਸਤ ਅਤੇ ਰਾਹ ਦੀ ਪਛਾਣ

ਸਵਰਾਜਬੀਰ
ਰਾਹ ਸਮਾਜ ਨੂੰ ਹਮੇਸ਼ਾ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜਿਕ ਤੇ ਸਿਆਸੀ ਆਗੂ ਅਤੇ ਧਾਰਮਿਕ ਰਹਿਬਰ ਲੋਕਾਂ ਨੂੰ ਇਨ੍ਹਾਂ ਸੰਕਟਾਂ ਵਿਚੋਂ ਨਿਕਲਣ ਦੀ ਰਾਹ ਦੱਸਦੇ ਹਨ। ਪੰਜਾਬ ਦੀ ਧਰਤੀ ‘ਤੇ ਸਹੀ ਰਾਹ ਦੱਸਣ ਦੀ ਸਿਖ਼ਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਮਿਲਦੀ ਹੈ। ਬਾਬਾ ਨਾਨਕ ਜੀ ਦੇ ਸ਼ਬਦਾਂ ਤੋਂ ਸੇਧ ਲੈ ਕੇ ਪੰਜਾਬੀਆਂ ਤੇ ਸਿੱਖਾਂ ਨੇ ਆਪਣੀ ਜੀਵਨ-ਜਾਚ ਵਿਚ ਸੁਧਾਰ ਲਿਆਉਂਦਿਆਂ ਸਮਾਜਿਕ ਬਰਾਬਰੀ ਤੇ ਏਕਤਾ ਦੀ ਲੋੜ ਨੂੰ ਸਮਝਿਆ ਅਤੇ ਜਬਰ ਤੇ ਸਮਾਜਿਕ ਅਨਿਆਂ ਵਿਰੁੱਧ ਸੰਘਰਸ਼ ਕੀਤਾ। ਉਨ੍ਹਾਂ ਦਾ ਸੰਦੇਸ਼ ਸਿਰਫ਼ ਪੰਜਾਬੀਆਂ ਤੇ ਸਿੱਖਾਂ ਲਈ ਨਹੀਂ ਸਗੋਂ ਸਾਰੀ ਮਨੁੱਖਤਾ ਲਈ ਹੈ।

ਨਾਨਕ-ਬਾਣੀ ਪੜ੍ਹਦਿਆਂ ਸਾਨੂੰ ਉਸ ਸਮੇਂ ਦੇ ਸਮਾਜ ਵਿਚਲੀਆਂ ਦੁਫੇੜਾਂ, ਮਜਬੂਰੀਆਂ, ਪੱਛੜੇਪਣ, ਆਗੂਆਂ ਦੇ ਦੋਗਲੇਪਣ ਅਤੇ ਕੂੜ ਤੇ ਹਉਮੈ ਦੇ ਪਸਾਰ ਦਾ ਪਤਾ ਲੱਗਦਾ ਹੈ। ਗੁਰੂ ਸਾਹਿਬ ਨੇ ਪੰਜਾਬੀਆਂ ਨੂੰ ਸਹੀ ਸੇਧ ਦੇ ਕੇ ਸਮਾਜਿਕ ਬਰਾਬਰੀ, ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੀ ਰਾਹ ‘ਤੇ ਪਾਇਆ। ਉਨ੍ਹਾਂ ਨੇ ਪਾਖੰਡ, ਕਰਮਕਾਂਡ ਤੇ ਹੋਰ ਕੁਰੀਤੀਆਂ ਦੀ ਕੜੀ ਆਲੋਚਨਾ ਕੀਤੀ। ਉਦਾਹਰਨ ਦੇ ਤੌਰ ‘ਤੇ ‘ਰਾਗ ਸਾਰੰਗ‘ ਵਿਚ ਉਹ ਧਰਮ ਦੇ ਨਾਂ ‘ਤੇ ਵਣਜ ਕਰਦੇ ਲੋਕਾਂ ਬਾਰੇ ਲਿਖਦੇ ਹਨ, “ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥“ ਭਾਵ, ਗਿਆਨ ਤੋਂ ਸੱਖਣਾ ਆਦਮੀ ਭਜਨ ਗਾਉਂਦਾ ਹੈ; ਭੁੱਖਾ ਮੁੱਲਾਂ ਆਪਣੇ ਘਰ ਨੂੰ ਹੀ ਮਸਜਿਦ ਬਣਾ ਲੈਂਦਾ ਹੈ; ਮਖੱਟੂ ਬਣ ਕੇ ਉਹ ਕੰਨ ਪੜਵਾ ਲੈਂਦਾ ਹੈ। ਇਸ ਸ਼ਬਦ ਦੇ ਅੰਤ ਵਿਚ ਗੁਰੂ ਸਾਹਿਬ ਜੀਵਨ-ਜਾਚ ਦਾ ਉਹ ਮੰਤਰ ਦੱਸਦੇ ਹਨ ਜਿਸ ਨੇ ਪੰਜਾਬੀਆਂ ਦੇ ਜੀਵਨ ਨੂੰ ਸੱਚੀ ਰਾਹ ‘ਤੇ ਪਾਇਆ, “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥“ ਭਾਵ ਜਿਹੜਾ ਮਨੁੱਖ ਮਿਹਨਤ-ਮੁਸ਼ੱਕਤ ਕਰ ਕੇ ਰੋਜ਼ੀ ਕਮਾਉਂਦਾ ਅਤੇ ਉਸ ਨੂੰ ਲੋੜਵੰਦਾਂ ਨਾਲ ਵੰਡਦਾ ਹੈ, ਕੇਵਲ ਉਹੀ ਸੱਚੀ ਜੀਵਨ-ਰਾਹ ਨੂੰ ਜਾਣਦਾ ਹੈ।
ਬਾਬਾ ਜੀ ਨੇ ਧਰਮ ਦੇ ਨਾਂ ‘ਤੇ ਵਣਜ ਕਰਨ ਵਾਲਿਆਂ ਨੂੰ ਵੱਡੀ ਫਿਟਕਾਰ ਪਾਈ, “ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥“ ਭਾਵ, ਉਨ੍ਹਾਂ ਵਿਅਕਤੀਆਂ ਦਾ ਜੀਵਨ ਧ੍ਰਿਗ (ਲਾਹਨਤ ਮਾਰਿਆ) ਹੈ ਜੋ ਪ੍ਰਭੂ ਦੇ ਨਾਮ ਨੂੰ ਵੇਚਣ ਲਈ ਲਿਖਦੇ ਤੇ ਪੜ੍ਹਦੇ ਹਨ। ਅਜਿਹੇ ਵਿਅਕਤੀਆਂ ਦੇ ਮੁਕਾਬਲੇ ਗੁਰੂ ਨਾਨਕ ਦੇਵ ਜੀ ਨੇ ਪਰਮ ਸ੍ਰੇਸ਼ਟ ਸ਼ਖ਼ਸ ਦੀ ਪਰਿਭਾਸ਼ਾ ਇਉਂ ਕੀਤੀ ਹੈ, “ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ॥“ ਭਾਵ ਉਹ ਮਨੁੱਖ ਸ੍ਰੇਸ਼ਟ (ਪਰਧਾਨ) ਹਨ ਜਿਹੜੇ ਸੱਚ ਨੂੰ ਆਪਣਾ ਵਰਤ, ਸੰਤੋਖ ਨੂੰ ਤੀਰਥ (ਯਾਤ੍ਰਾ-ਅਸਥਾਨ), ਪ੍ਰਭੂ ਵੱਲ ਧਿਆਨ ਦੇਣ ਨੂੰ ਇਸ਼ਨਾਨ, ਦਇਆ ਨੂੰ ਆਪਣਾ ਦੇਵਤਾ ਅਤੇ ਮੁਆਫ਼ੀ ਦੇਣ ਨੂੰ ਆਪਣੀ ਮਾਲਾ ਬਣਾਉਂਦੇ ਹਨ।
ਗੁਰੂ ਸਾਹਿਬ ਨੇ ਧਾਰਮਿਕ ਭੇਖ ਕਰਨ ਵਾਲਿਆਂ ਦੇ ਕਪਟ ਨੂੰ ਨੰਗਿਆਂ ਕੀਤਾ, “ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ। ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ॥“ ਭਾਵ, ਜੋ ਚਿੱਟੇ ਕੱਪੜੇ ਪਾਉਂਦੇ ਪਰ ਜਿਨ੍ਹਾਂ ਦਾ ਚਿੱਤ (ਮਨ) ਨਿਰਦਈ ਹੈ, ਉਨ੍ਹਾਂ ਦੇ ਮੂੰਹ ਤੋਂ ਨਾਮ ਦਾ ਉਚਾਰਨ ਨਹੀਂ ਹੋ ਸਕਦਾ; ਉਹ ਦਵੈਤ (ਦੂਈ) ਭਾਵ ਵਿਚ ਗ੍ਰਸੇ ਹੋਏ ਚੋਰ ਹਨ। ਇਸੇ ਤਰ੍ਹਾਂ ਉਨ੍ਹਾਂ ਕਿਹਾ, “ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥“ ਭਾਵ ਇਸ ਬੰਦੇ ਨੇ ਮੱਥੇ `ਤੇ ਤਿਲਕ ਲਗਾਇਆ ਹੋਇਆ ਹੈ ਅਤੇ ਲੱਕ ਧੋਤੀ ਬੰਨ੍ਹੀ ਹੋਈ ਹੈ (ਭਾਵ ਧਾਰਮਿਕ ਲਿਬਾਸ ਪਾਇਆ ਹੈ) ਪਰ ਉਹਦੇ ਹੱਥ ਵਿਚ ਛੁਰੀ ਹੈ ਅਤੇ ਉਹ ਸੰਸਾਰ ਦਾ ਕਸਾਈ ਹੈ (ਭਾਵ ਉਹ ਮਨੁੱਖਤਾ ਦਾ ਖ਼ੂਨ ਕਰਦਾ ਹੈ)। ਭੇਖਧਾਰੀਆਂ ਬਾਰੇ ਬਾਬਾ ਜੀ ਨੇ ਇਹ ਵੀ ਕਿਹਾ, “ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ॥“ ਭਾਵ ਉਨ੍ਹਾਂ ਦਾ ਜਿਊਣਾ ਤੇ ਧਾਰਮਿਕ ਪੁਸ਼ਾਕ ਧ੍ਰਿਗ (ਲਾਹਨਤ ਮਾਰਿਆ) ਹੈ ਜਿਨ੍ਹਾਂ ਦੇ ਦਿਲ ਦੀ ਪਲੀਤੀ (ਕੂੜ/ਝੂਠ) ਦੂਰ ਨਹੀਂ ਹੋਈ। ‘ਸਿਰੀਰਾਗੁ` ਵਿਚ ਗੁਰੂ ਜੀ ਨੇ ਦੱਸਿਆ, “ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥“ ਭਾਵ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੇ ਲੋਕ ਧਾਰਮਿਕ ਕਿਤਾਬਾਂ (ਅਖਰ) ਨੂੰ ਦੁਬਾਰਾ ਦੁਬਾਰਾ ਪੜ੍ਹ ਕੇ ਅਸਲੀਅਤ ਤੋਂ ਦੂਰ ਜਾਂਦੇ (ਭੁੱਲਦੇ) ਹਨ ਅਤੇ ਆਪਣੇ ਭੇਖ (ਧਾਰਮਿਕ ਲਿਬਾਸ) ਦਾ ਬਹੁਤ ਅਭਿਮਾਨ ਕਰਦੇ ਹਨ।
ਅਜਿਹੇ ਵਿਅਕਤੀਆਂ ਦਾ ਜੀਵਨ ਭੇਖ ਧਾਰਨ ਜਾਂ ਅਖੌਤੀ ਧਾਰਮਿਕਤਾ ਤਕ ਹੀ ਸੀਮਤ ਨਹੀਂ ਹੁੰਦਾ ਸਗੋਂ ਇਹ ਸਮਾਜ ਵਿਚ ਆਗੂਆਂ ਦੀ ਭੂਮਿਕਾ ਵੀ ਨਿਭਾਉਂਦੇ ਹਨ। ਉਨ੍ਹਾਂ ਬਾਰੇ ਗੁਰੂ ਸਾਹਿਬ ਨੇ ਸਾਵਧਾਨ ਕੀਤਾ, “ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ॥ ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ॥“ ਭਾਵ ਬੰਦਾ ਖ਼ੁਦ ਨੂੰ ਨਹੀਂ ਸਮਝਦਾ ਪਰ ਲੋਕਾਂ ਨੂੰ ਸਮਝਾਉਂਦਾ ਅਤੇ ਉਨ੍ਹਾਂ ਦਾ ਆਗੂ ਬਣਦਾ ਹੈ; ਆਪ ਅੰਨ੍ਹਾ ਹੋਣ ਦੇ ਬਾਵਜੂਦ ਲੋਕਾਂ ਨੂੰ ਰਸਤਾ ਦਿਖਾਉਂਦਾ ਅਤੇ ਸਮੂਹ ਸਾਥੀਆਂ ਨੂੰ ਕੁਰਾਹੇ ਪਾ ਦਿੰਦਾ ਹੈ। ਅਗਵਾਈ ਦਾ ਸੰਕਟ ਸਮਾਜ ਦਾ ਪ੍ਰਮੁੱਖ ਸੰਕਟ ਹੈ; ਆਗੂ ਲੋਕਾਂ ਨੂੰ ਭਰਮਾਉਂਦੇ ਤੇ ਆਪਣੀ ਤਾਕਤ ਮਜ਼ਬੂਤ ਕਰਦੇ ਰਹੇ ਹਨ। ਗੁਰੂ ਸਾਹਿਬ ਨੇ ਕਿਹਾ, “ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥“ ਭਾਵ ਜੇ ਅੰਨ੍ਹਾ ਮਨੁੱਖ ਆਗੂ ਹੋਵੇ ਤਾਂ ਉਹ ਠੀਕ ਰਸਤੇ ਨੂੰ ਕਿਵੇਂ ਪਛਾਣੇਗਾ। ਉਸ ਦੀ ਸਮਝ ਤੁੱਛ/ਘੱਟ ਹੁੰਦੀ ਹੈ, ਉਹ ਖ਼ੁਦ ਠੱਗਿਆ (ਮੁੱਸਿਆ) ਗਿਆ ਹੁੰਦਾ ਹੈ, ਉਹ ਠੀਕ ਰਸਤੇ ਨੂੰ ਕਿਵੇਂ ਪਛਾਣ ਸਕਦਾ ਹੈ। ਅਜਿਹੇ ਧਾਰਮਿਕ ਆਗੂ ਹੀ ਲੋਕਾਂ ਨੂੰ ਗੁਰੂ-ਸੰਦੇਸ਼ ਤਕ ਪਹੁੰਚਣ ਨਹੀਂ ਦਿੰਦੇ; ਉਹ ਨਵੇਂ ਕਰਮਕਾਂਡ ਸਿਰਜਦੇ, ਨਵੇਂ ਭੇਖ ਕਰਦੇ ਅਤੇ ਲੋਕਾਂ ਨੂੰ ਭਰਮਾਉਂਦੇ ਹਨ। ਦੁਖਾਂਤ ਇਹ ਹੈ ਕਿ ਇਹ ਸਭ ਕੁਝ ਧਰਮ ਦੇ ਨਾਂ `ਤੇ ਕੀਤਾ ਜਾਂਦਾ ਹੈ। ਸਹੀ ਰਾਹ ਦੀ ਪਛਾਣ ਹੋਰ ਕਠਿਨ ਹੋ ਜਾਂਦੀ ਹੈ।
ਦੁਨੀਆ ਦੇ ਵੱਖ ਵੱਖ ਦੇਸ਼ ਸੁਯੋਗ ਅਗਵਾਈ ਨਾ ਮਿਲਣ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਮਰੀਕਾ, ਯੂਰਪ, ਅਫ਼ਰੀਕਾ ਤੇ ਏਸ਼ੀਆ ਦੇ ਦੇਸ਼ਾਂ, ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ, ਵਿਚ ਇਸ ਸੰਕਟ ਦੇ ਪਸਾਰ ਦਿਖਾਈ ਦਿੰਦੇ ਹਨ। ਮਨੁੱਖਤਾ ਵਿਚ ਵੰਡੀਆਂ ਪਾਉਣ ਵਾਲੇ ਧਾਰਮਿਕ ਕੱਟੜਤਾ, ਬੁਨਿਆਦਪ੍ਰਸਤੀ, ਨਸਲਵਾਦ ਅਤੇ ਅਜਿਹੀਆਂ ਹੋਰ ਕੱਟੜਪੰਥੀ ਵਿਚਾਰਧਾਰਾਵਾਂ ਵਰਤ ਕੇ ਸੱਤਾ ‘ਤੇ ਕਬਜ਼ਾ ਜਮਾਈ ਬੈਠੇ ਹਨ। ਮਾਇਆਧਾਰੀ ਕਾਰਪੋਰੇਟੀ ਸੰਸਾਰ ਉਨ੍ਹਾਂ ਦਾ ਹਿੱਸੇਦਾਰ ਹੈ, ਉਨ੍ਹਾਂ ਦੀ ਹਮਾਇਤ ਕਰਦਾ ਤੇ ਉਨ੍ਹਾਂ ਨੂੰ ਵਰਤਦਾ ਹੈ।
ਰਵਾਇਤੀ ਸ਼ਬਦਾਂ ਵਿਚ ਕਿਹਾ ਜਾਂਦਾ ਹੈ ਕਿ ਸਮਾਜ ਵਿਚ ਨੇਕੀ ਤੇ ਬਦੀ ਦੀ ਜੰਗ ਹੁੰਦੀ ਆਈ ਹੈ। ਜੇ ਇਕ ਪਾਸੇ ਧਰਮ ਦੇ ਨਾਂ ‘ਤੇ ਵਣਜ ਕਰ ਕੇ ਮਨੁੱਖਤਾ ਵਿਚ ਵੰਡੀਆਂ ਪਾ ਕੇ ਜਾਬਰ ਜ਼ੁਲਮ ਕਰਦੇ ਰਹੇ ਹਨ ਤਾਂ ਦੂਸਰੇ ਪਾਸੇ ਮਨੁੱਖ ਸਮਾਜਿਕ ਬਰਾਬਰੀ ਅਤੇ ਏਕਤਾ ਲਈ ਲੜਦੇ ਰਹੇ ਹਨ। ਅਮਰੀਕਾ, ਯੂਰਪ ਅਤੇ ਅਫ਼ਰੀਕਾ ਵਿਚ ਨਸਲਵਾਦ ਵਿਰੁੱਧ ਵੱਡੇ ਸੰਘਰਸ਼ ਹੋਏ, ਏਸ਼ੀਆ ਤੇ ਅਫ਼ਰੀਕਾ ਦੇ ਦੇਸ਼ਾਂ ਵਿਚ ਬਸਤੀਵਾਦ ਵਿਰੁੱਧ ਲੜਦਿਆਂ ਲੱਖਾਂ ਲੋਕਾਂ ਨੇ ਜਾਨਾਂ ਦਿੱਤੀਆਂ, ਫਰਾਂਸੀਸੀ ਇਨਕਲਾਬ ਵਿਚ ਜਾਗੀਰਦਾਰੀ ਸਮਾਜ ਤੇ ਧਾਰਮਿਕ ਕੱਟੜਤਾ ਨਾਲ ਟੱਕਰ ਲਈ ਗਈ, 20ਵੀਂ ਸਦੀ ਵਿਚ ਯੂਰਪ ਦੇ ਲੋਕ ਨਾਜ਼ੀਵਾਦ ਤੇ ਫਾਸ਼ੀਵਾਦ ਵਿਰੁੱਧ ਲੜੇ। ਪੰਜਾਬ ਦੀ ਧਰਤੀ ‘ਤੇ ਵੀ ਅਜਿਹੇ ਸੰਗਰਾਮ ਹੋਏ। ਪੰਜਾਬੀ ਦੁੱਲੇ ਭੱਟੀ ਜਿਹੀ ਨਿੱਜੀ ਬਗ਼ਾਵਤ ਕਰਨ ਵਾਲੇ ਸੂਰਮਿਆਂ ਤੋਂ ਲੈ ਕੇ ਸਿੱਖ ਗੁਰੂਆਂ ਅਤੇ ਬੰਦਾ ਸਿੰਘ ਬਹਾਦਰ ਦੇ ਜੁੱਗ ਪਲਟਾਊ ਸੰਘਰਸ਼ਾਂ ਵਿਚ ਕੁਰਬਾਨੀਆਂ ਦੇਣ ਵਾਲਿਆਂ ਨੂੰ ਅਥਾਹ ਸ਼ਰਧਾ ਨਾਲ ਯਾਦ ਕਰਦੇ ਤੇ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹਨ।
ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਮਨੁੱਖ ਦੇ ਲਗਾਤਾਰ ਸੰਘਰਸ਼ ਦੇ ਬਾਵਜੂਦ ਸਰਮਾਏ ਅਤੇ ਸੱਤਾ ਨੂੰ ਕੁਝ ਹੱਥਾਂ ਵਿਚ ਸੌਂਪਣ ਅਤੇ ਧਾਰਮਿਕ ਕੱਟੜਤਾ ਦੀ ਸਿਆਸਤ ਕਰਨ ਵਾਲੀਆਂ ਸ਼ਕਤੀਆਂ ਮੁੜ ਮੁੜ ਹਾਵੀ ਕਿਉਂ ਹੋ ਜਾਂਦੀਆਂ ਹਨ; ਉਹ ਮਨੁੱਖ ਨੂੰ ਵਿਵੇਕ ਤੇ ਤਰਕ ਦੀ ਰਾਹ ਤੋਂ ਭਟਕਾਉਣ ਵਿਚ ਕਾਮਯਾਬੀ ਕਿਵੇਂ ਹਾਸਲ ਕਰਦੀਆਂ ਹਨ? 1947 ਵਿਚ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਦੁਖਾਂਤ ਵਾਪਰਿਆ ਤੇ ਸਦੀਆਂ ਤੋਂ ਇਕੱਠਾ ਵੱਸਦਾ ਪੰਜਾਬ ਵੰਡਿਆ ਗਿਆ। ਇਸ ਤੋਂ ਵੱਡਾ ਦੁਖਾਂਤ ਇਹ ਹੈ ਕਿ ਪੰਜਾਬੀਆਂ ਨੇ ਇਸ ਵੰਡ ਨੂੰ ਇਵੇਂ ਸਵੀਕਾਰ ਕਰ ਲਿਆ ਜਿਵੇਂ ਇਹ ਕੋਈ ਕੁਦਰਤੀ ਵਰਤਾਰਾ ਹੋਵੇ। ਵਿਹਾਰਕ ਪੱਧਰ ‘ਤੇ ਮਨੁੱਖ ਦੁੱਖਾਂ ਨੂੰ ਭੁੱਲ ਕੇ ਜਿਊਣ ਦੀ ਕੋਸ਼ਿਸ਼ ਕਰਦਾ ਹੈ ਪਰ ਵੱਡੇ ਇਤਿਹਾਸਕ ਦੁਖਾਂਤ ਕੌਮਾਂ ਤੇ ਸਮਾਜਾਂ ਦੀ ਜ਼ਿੰਦਗੀ ਵਿਚ ਕੱਟੜਤਾ ਦੀ ਅਜਿਹੀ ਫ਼ਸਲ ਬੀਜਦੇ ਹਨ ਜਿਹੜੀ ਸਦੀਆਂ ਪਣਪਦੀ ਰਹਿੰਦੀ ਹੈ; ਲੋਕਾਂ ਦੇ ਮਨਾਂ ਵਿਚ ਜ਼ਹਿਰ ਘੋਲਿਆ ਜਾਂਦਾ ਹੈ; ਸਦੀਆਂ, ਦਹਾਕੇ ਬੀਤ ਜਾਂਦੇ ਹਨ ਪਰ ਮਨਾਂ ‘ਚੋਂ ਜ਼ਹਿਰ ਨਹੀਂ ਨਿਕਲਦਾ।
ਅੱਜ ਹਾਲਾਤ ਤੋਂ ਮਜਬੂਰ ਹੋਏ ਪੰਜਾਬੀ ਪਰਵਾਸ ਕਰ ਰਹੇ ਹਨ। ਚੜ੍ਹਦੇ ਤੇ ਲਹਿੰਦੇ ਦੋਹਾਂ ਪੰਜਾਬਾਂ ਵਿਚ ਆਪਣੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਵਿਚ ਜਾ ਵੱਸਣ ਦੀ ਹੋੜ ਹੈ; ਦੋਹਾਂ ਪੰਜਾਬਾਂ ਵਿਚ ਇਹ ਗੱਲ ਵੀ ਸਾਂਝੀ ਹੈ ਕਿ ਇੱਥੋਂ ਦੇ ਵਾਸੀਆਂ ਨੇ ਧਾਰਮਿਕ ਕੱਟੜਤਾ ਨੂੰ ਹੀ ਧਰਮ ਸਮਝ ਲਿਆ ਹੈ; ਬਾਬਾ ਫ਼ਰੀਦ-ਗੁਰੂ ਨਾਨਕ-ਭਗਤੀ ਲਹਿਰ-ਸੂਫ਼ੀ ਪਰੰਪਰਾ ਵਿਚੋਂ ਮਿਲਦੇ ਸਮਾਜਿਕ ਬਰਾਬਰੀ ਅਤੇ ਸਮਤਾ ਦੇ ਸੰਦੇਸ਼ ਨੂੰ ਵਿਸਾਰ ਦਿੱਤਾ ਹੈ; ਜਾਤੀਵਾਦ ਦਾ ਪੱਲਾ ਨਹੀਂ ਛੱਡਿਆ ਅਤੇ ਮਰਦ-ਪ੍ਰਧਾਨ ਸੋਚ ਨੂੰ ਆਪਣੀ ਜ਼ਿੰਦਗੀ ਦਾ ਧੁਰਾ ਬਣਾ ਲਿਆ ਹੈ। ਆਰਥਿਕਤਾ ਤੇ ਜਾਤੀਵਾਦ ਦੇ ਵਲੂੰਧਰੇ ਮਰਦ ਧਾਰਮਿਕ ਕੱਟੜਤਾ ‘ਚੋਂ ਸਕੂਨ ਭਾਲ ਰਹੇ ਹਨ। ਔਰਤਾਂ ਦੀ ਆਵਾਜ਼ ਉੱਭਰਦੀ ਤਾਂ ਹੈ ਪਰ ਬੁਲੰਦ ਨਹੀਂ ਹੁੰਦੀ। ਇਨ੍ਹਾਂ ਵਰਤਾਰਿਆਂ ਦੇ ਜਾਲ ਵਿਚ ਜਕੜੇ ਪੰਜਾਬੀ ਨੌਜਵਾਨ ਆਪਣੇ ਆਪ ਨਾਲ ਹਿੰਸਾ ਕਰ ਰਹੇ ਹਨ। ਸੱਤਾਧਾਰੀ, ਕਾਰਪੋਰੇਟੀ ਅਦਾਰੇ ਅਤੇ ਅਮੀਰ ਘਰਾਣੇ ਸੱਤਾ ਅਤੇ ਧਨ ਦੇ ਜ਼ੋਰ ‘ਤੇ ਤਾਕਤ ਦਾ ਕੇਂਦਰੀਕਰਨ ਕਰ ਰਹੇ ਹਨ। ਪੰਜਾਬੀਆਂ ਨੂੰ ਇਨ੍ਹਾਂ ਵਰਤਾਰਿਆਂ ਨੂੰ ਸਹੀ ਤਰ੍ਹਾਂ ਨਾਲ ਸਮਝਣ ਲਈ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਸਹੀ ਪਰਿਪੇਖ ਵਿਚ ਸਮਝਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ 1940ਵਿਆਂ ਅਤੇ 1980ਵਿਆਂ ਵਿਚ ਹੰਢਾਏ ਸੰਤਾਪ ਤੇ ਦੁਖਾਂਤ ਨੂੰ ਮੁੜ ਨਾ ਦੁਹਰਾਈਏ। ਸਾਂਝੀਵਾਲਤਾ ਇਕ-ਦੂਸਰੇ ਦੇ ਦੁੱਖ ਵੰਡਾਉਣ, ਹਮਦਰਦੀ ਤੇ ਦਇਆ ‘ਚੋਂ ਉਪਜਦੀ ਹੈ।