‘ਬਾਗੀ ਦੀ ਧੀ’ ਦੇ ਹਵਾਲੇ ਨਾਲ ਭੁੱਲੀਆਂ ਵਿਸਰੀਆਂ ਯਾਦਾਂ

ਐਸ.ਪੀ. ਸਿੰਘ
ਫੋਨ: +91-98158-08787
ਇਹ ਰਚਨਾ ਪੱਤਰਕਾਰ ਐਸ.ਪੀ. ਸਿੰਘ ਦੀ ਲਿਖੀ ਹੋਈ ਹੈ ਜੋ ਮੂਲ ਰੂਪ ਵਿਚ ਵ੍ਹੱਟਸਐਪ ‘ਤੇ ਅੰਗਰੇਜ਼ੀ ਵਿਚ ਪੜ੍ਹਨ ਨੂੰ ਮਿਲੀ। ਇਹ ਬਿਰਤਾਂਤ ਇੰਨੇ ਸੁਹਜ ਤੇ ਸੰਵੇਦਨਾ ਵਾਲਾ ਹੈ ਕਿ ਇਹਨੂੰ ਪੜ੍ਹਦਿਆਂ 1960 ਦੇ ਕਿਸੇ ਉਸ ਦਿਨ ਵਿਚ ਗਵਾਚ ਗਿਆ ਜਦੋਂ ਸਾਡੇ ਗਿਆਨੀ ਨਿਰੰਜਨ ਸਿੰਘ ਜੀ ਸਾਨੂੰ ‘ਬਾਗੀ ਦੀ ਧੀ’ ਪੜ੍ਹਾ ਰਹੇ ਸਨ ਅਤੇ ਪਿਆਰਾ ਬਿੱਲਾ ਕਹਾਣੀ ਦਾ ਪੈਰਾ-ਦਰ-ਪੈਰਾ ਬੜੇ ਠਹਿਰਾਉ ਨਾਲ ਪੜ੍ਹ ਰਿਹਾ ਸੀ।

ਉਹਦੀ ਆਵਾਜ਼ ਦਰਦ ਵਿਚ ਭਿੱਜੀ ਸੀ ਤੇ ਮੇਰੀਆਂ ਅੱਖਾਂ ਅੱਥਰੂਆਂ ਨਾਲ। ਕਹਾਣੀ ਤਾਂ ਮੈਂ ਪਹਿਲਾਂ ਹੀ ਪੜ੍ਹ ਲਈ ਸੀ, ਸਿਲੇਬਸ ਵਿਚ ਲੱਗਾ ਕਹਾਣੀ ਸੰਗ੍ਰਹਿ ਖ਼ਰੀਦਣ ਸਮੇਂ ਹੀ। ਅੱਜ ਤਾਂ ਕਲਾਸ ਵਿਚ ਬੈਠਾ ਪਹਿਲੇ ਦਿਨ ਕਹਾਣੀ ਪੜ੍ਹਨ ‘ਤੇ ਹੋਇਆ ਦਰਦ ਛਿੱਲ ਰਿਹਾ ਸਾਂ। ਐਸ.ਪੀ. ਸਿੰਘ ਨੇ ਇਹ ਵਾਰਤਕ ਟੋਟਾ ਲਿਖ ਕੇ ਮੇਰੇ ਪਿਆਰੇ ਲੇਖਕ ਗੁਰਮੁਖ ਸਿੰਘ ਮੁਸਾਫ਼ਿਰ ਅਤੇ ‘ਬਾਗੀ ਦੀ ਧੀ’ ਦੀ ਪਾਤਰ ਲਾਜ ਵਾਸਤੇ ਮੇਰੇ ਅੰਦਰ ਮੋਹ, ਸੰਵੇਦਨਾ ਤੇ ਦਰਦ ਦਾ ਉਛਾਲਾ ਮਾਰ ਕੇ ਮੈਨੂੰ ਮੁੜ ਭਿਉਂ ਦਿੱਤਾ। ਲੇਖਕ ਨੇ ਬੰਦੇ ਦੇ ਜਜ਼ਬਿਆਂ ਅਤੇ ਭਾਵਨਾਵਾਂ ਨੂੰ ਛਿੱਲਣ, ਤਰਾਸ਼ਣ ਤੇ ਤਰਤੀਬ ਦੇਣ ਵਿਚ ਅਧਿਆਪਕ ਅਤੇ ਸਾਹਿਤ ਦੇ ਯੋਗਦਾਨ ਦੀ ਅਜਿਹੀ ਬਾਤ ਪਾਈ ਹੈ ਕਿ ਉਹਦੇ ਹੱਥ ਚੁੰਮਣ ਨੂੰ ਜੀਅ ਕਰਦਾ ਹੈ। ਮੈਂ ਇਹ ਹਸਰਤ ਪਰਗਟ ਕੀਤੀ ਕਿ ਕਾਸ਼! ਇਹ ਵਾਰਤਕ ਟੋਟਾ ਪੰਜਾਬੀ ਵਿਚ ਵੀ ਹੁੰਦਾ ਜਿਸ ਨੂੰ ਪੜ੍ਹ ਕੇ ਨਵੀਂ ਪੀੜ੍ਹੀ ‘ਪੁਰਾਣੇ’ ਸਾਹਿਤ ਦੀ ਅਜ਼ਮਤ ਤੋਂ ਜਾਣੂ ਹੋ ਸਕਦੀ ਅਤੇ ਬਹੁਮੁਖੀ ਪ੍ਰਤਿਭਾ ਵਾਲੇ ਲੇਖਕ, ਰਾਜਨੀਤੀਵਾਨ ਤੇ ਸ਼ਾਨਦਾਰ ਮਨੁੱਖ ਗੁਰਮੁਖ ਸਿੰਘ ਮੁਸਾਫ਼ਿਰ ਜੀ ਦੇ ਹਵਾਲੇ ਨਾਲ ਸੁਨਹਿਰੇ ਦੌਰ ਤੋਂ ਹੀ ਵਾਕਫ਼ ਹੋ ਸਕਦੀ ਜਦੋਂ ਲੇਖਕਾਂ ਤੇ ਲੀਡਰਾਂ ਵਿਚ ‘ਕਣ’ ਹੁੰਦਾ ਸੀ। ਅੱਜਕੱਲ੍ਹ ਕਿੱਥੇ ਹਨ ਉਹੋ ਜਿਹੇ ਲੇਖਕ, ਰਾਜਨੀਤੀਵਾਨ ਤੇ ਮਹਾਨ ਮਨੁੱਖ! ਇਹ ਲਿਖਤ ਗੁਰਮੁਖ ਸਿੰਘ ਮੁਸਾਫ਼ਿਰ ਜੀ ਦੀ ਕਹਾਣੀ ‘ਬਾਗੀ ਦੀ ਧੀ’ ‘ਤੇ ਬਣੀ ਫਿਲਮ ਦੇ ਹਵਾਲੇ ਨਾਲ ਲਿਖੀ ਗਈ ਹੈ। ਇਸ ਲਿਖਤ ਰਾਹੀਂ ਯਾਦਾਂ ਦੇ ਵਹਿਣ ਨਾਲ ਵਹਾਅ ਕੇ ਲੈ ਜਾਣ ਵਾਲੇ ਲੇਖਕ ਨੇ ਪਿਛਲੇ ਪੰਜਾਹ-ਸੱਠ ਸਾਲ ਦੇ ਇਤਿਹਾਸ ਦੀਆਂ ਵੀ ਅਨੇਕ ਤਹਿਆਂ ਫਰੋਲ ਮਾਰੀਆਂ ਅਤੇ ਹੋਰ ਲੇਖਕਾਂ ਤੇ ਲਿਖਤਾਂ ਦੀ ਮਹਾਨਤਾ ਨਾਲ ਵੀ ਸਾਂਝ ਪਵਾਈ ਹੈ। ਮੇਰੀ ਬੇਨਤੀ ਪ੍ਰਵਾਨ ਕਰਦਿਆਂ ਐਸ.ਪੀ. ਸਿੰਘ ਨੇ ਇਹ ਬਿਰਤਾਂਤ ਮੁੜ ਪੰਜਾਬੀ ਵਿਚ ਲਿਖ ਕੇ ਮੇਰੇ/ਸਾਡੇ ਸਿਰ ਅਹਿਸਾਨ ਕੀਤਾ ਹੈ। 1952-53 ਦੀ ਗੱਲ ਹੋਵੇਗੀ, ਸਾਡੇ ਘਰ ਵਿਚ ਭਾਂਡਿਆਂ ਵਾਲੇ ਵਾਧੇ ‘ਤੇ ਗੁਰਮੁਖ ਸਿੰਘ ਮੁਸਾਫ਼ਿਰ ਦੀ ‘ਗੁਟਾਰ’ ਅਤੇ ਨਾਨਕ ਸਿੰਘ ਦਾ ‘ਚਿੱਟਾ ਲਹੂ’ ਪਿਆ ਹੁੰਦਾ ਸੀ। ਮੇਰੇ ਪਿਉ ਨੇ ਰਾਤ ਨੂੰ ਲਾਲਟੈਣ ਦੇ ਚਾਨਣ ਵਿਚ ਇਹ ਕਿਤਾਬਾਂ ਦੂਜੇ ਮੰਜੇ ‘ਤੇ ਲੇਟੀ ਮੇਰੀ ਮਾਂ ਨੂੰ ਪੜ੍ਹ ਕੇ ਸੁਣਾਈਆਂ ਸਨ। ਮੈਂ ਤਾਂ ਉਹਦੇ ਨਾਲ ਪਿਆ ਮੁਫ਼ਤ ਵਿਚ ਸਭ ਕੁਝ ਸੁਣੀ ਜਾਂਦਾ ਸਾਂ। ਜਦੋ ਅਜੇ ਮੈਂ ਕਿਤਾਬ ਪੜ੍ਹਨ ਦੀ ਉਮਰ ਵਿਚ ਵੀ ਨਹੀਂ ਸਾਂ, ਮੁਸਾਫ਼ਿਰ ਅਤੇ ਨਾਨਕ ਸਿੰਘ ਦੀਆਂ ਲਿਖਤਾਂ ਦਾ ਆਸ਼ਕ ਹੋ ਗਿਆ ਸਾਂ। ਐਸ.ਪੀ. ਸਿੰਘ ਜੀ ਨੇ ਮੁਸਾਫ਼ਿਰ ਨਾਲ ਮੇਰੇ ਇਸ਼ਕ ਨੂੰ ਹੋਰ ਗੂੜ੍ਹਾ ਕਰ ਦਿੱਤਾ ਹੈ। -ਵਰਿਆਮ ਸਿੰਘ ਸੰਧੂ
ਹੁਣ ਵਿਰਲਾ ਟਾਵਾਂ ਹੀ ਕੋਈ ਸਿਆਸਤਦਾਨ ਕਿਸੇ ਕਿਤਾਬ ਨਾਲ ਬਗਲਗੀਰ ਦਿਸਦਾ ਹੈ।
ਮੁੱਦਤਾਂ ਹੋ ਜਾਂਦੀਆਂ ਹਨ ਕਿਸੇ ਨੇਤਾ ਨੂੰ ਕਿਸੇ ਕਿਤਾਬਾਂ ਦੀ ਦੁਕਾਨ ‘ਤੇ ਵੇਖਿਆਂ। ਵਿਧਾਨ ਸਭਾ ਦੀ ਲਾਇਬ੍ਰੇਰੀ ‘ਚੋਂ ਅੰਦਰ ਬਾਹਰ ਨਿਕਲਦਿਆਂ ਵੀ ਪੱਤਰਕਾਰਾਂ ਦਾ ਇਹਨਾਂ ਭੱਦਰਪੁਰਸ਼ਾਂ ਨਾਲ ਹੁਣ ਟਾਕਰਾ ਨਹੀਂ ਹੁੰਦਾ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਹੁਣ ਤਾਂ ਦੋਹਾਂ ਧਿਰਾਂ ਨੇ ਹੀ ਮਰੇ ਦਰੱਖਤਾਂ ਉੱਤੇ ਡੁੱਲ੍ਹੀ ਸਿਆਹੀ ਵਾਲੀਆਂ ਵਸਤਾਂ ਨਾਲ ਤਰਕ-ਏ-ਤੱਲੋਕਾਤ ਕਰ ਲਿਆ ਹੈ ਪਰ ਇੱਕੋ ਸਮੇਂ ਭੂੰਡਾਂ ਦੀਆਂ ਦੋ ਖੱਖਰਾਂ ਉੱਤੇ ਵੱਟੇ ਮਾਰਨ ਦਾ ਮੇਰਾ ਕੋਈ ਇਰਾਦਾ ਨਹੀਂ।
ਇਸ ਸੂਰਤ ਵਿਚ ਇਹ ਉਮੀਦ ਕਰਨੀ ਤਾਂ ਮੂਲੋਂ ਅਹਿਮਕਾਨਾ ਹੋਵੇਗੀ ਕਿ ਰੇਤੇ, ਸ਼ਰਾਬ, ਟਰਾਂਸਪੋਰਟ, ਸਿੱਖਿਆ ਜਾਂ ਰੀਅਲ ਐਸਟੇਟ ਵਿਚੋਂ ਪੀੜ੍ਹੀਆਂ ਜੋਗੀ ਕਮਾਈ ਕਰਨ ਵਾਲੇ ਹੋਣਹਾਰ ਹੁਣ ਕਹਾਣੀਆਂ, ਕਵਿਤਾਵਾਂ, ਨਾਵਲ ਵੀ ਲਿਖਣ। ਫਿਰ ਕੋਈ ਐਸੀ ਕਥਾ ਛੇੜਨਾ ਜਿਸ ਵਿਚ ਕਿਸੇ ਤਖ਼ਤ ਸਾਹਿਬ ਦੇ ਜਥੇਦਾਰ ਦਾ ਜ਼ਿਕਰ ਹੋਵੇ ਜਿਹੜਾ ਰੋਮਾਂਟਿਕ ਕਹਾਣੀਆਂ ਲਿਖਦਾ ਹੋਵੇ, ਕਿਸੇ ਨੂੰ ਜ਼ਿਕਰ-ਏ-ਕੁਫ਼ਰ ਜਾਪ ਸਕਦਾ ਹੈ। ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ‘ਭਾਰਤ ਮਾਤਾ ਦੀ ਜੈ’ ਦੇ ਨਾਹਰੇ ਲਾਉਣ ਵਾਲੇ ਲੋਕਾਂ ਬਾਰੇ ਕੋਈ ਅਲੌਕਿਕ ਕਹਾਣੀ ਲਿਖੇ ਤਾਂ ਵਰਤਾਰਾ ਅਸੰਗਤ ਸਮਝਿਆ ਜਾਵੇਗਾ। ਕੋਈ ਨੇਤਾ ਸਾਹਿਤ ਅਕਾਦਮੀ ਇਨਾਮ ਦੀ ਦੌੜ ਵਿਚ ਹੋਵੇ, ਇਹ ਤਾਂ ਕਿਸੇ ਫਰਾਡ ਵਰਗੀ ਗੱਲ ਹੈ (ਉਂਝ ਜੇ ਹੁਣ ਕਿਤੇ ਕੋਈ ਨੇਤਾ ਜੀ ਕੋਈ ਮਹਾਨ ਸਾਹਿਤਕ ਇਨਾਮ ਜਿੱਤ ਵੀ ਜਾਣ ਤਾਂ ਬਹੁਤਾ ਹੈਰਾਨ ਨਾ ਹੋਣਾ, ਪੈਸੇ ਅਤੇ ਹਕੂਮਤੀ ਮਹਿਫ਼ਲਾਂ ਵਿਚ ਰਸੂਖ ਨੂੰ ਤਰਸਦੀਆਂ ਬਹੁਤ ਸਾਰੀਆਂ ਸਾਹਿਤਕ ਸਭਾ ਸੁਸਾਇਟੀਆਂ ਇਹ ਇੰਤਜ਼ਾਮ ਕਰਨ ਨੂੰ ਪੱਬਾਂ ਭਾਰ ਹੋ ਸਕਦੀਆਂ ਹਨ)।
ਖ਼ੈਰ, ਇਹ ਸਭ ਤਾਂ ਤੁਸੀਂ ਜਾਣਦੇ ਹੀ ਹੋ। ਅੱਜ ਤਾਂ ਮੈਂ 12 ਸਾਲ ਦੀ ਉਸ ਅੱਲ੍ਹੜ ਕੁੜੀ ਬਾਰੇ ਗੱਲ ਕਰਨੀ ਹੈ ਕਿਉਂ ਜੋ ਜ਼ਿਕਰ ਹੋਇਆ ਹੈ ਕਿ ਉਸ ਨਾਲ ਫਿਰ ਮੁਲਾਕਾਤ ਹੋਵੇਗੀ।
ਇਸ ਕਥਾ-ਏ-ਅਤੀਤ ਦੇ ਕੁਝ ਹਿੱਸੇ ਲਗਭਗ ਅਵਿਸ਼ਵਾਸਯੋਗ ਜਾਪਦੇ ਹਨ। ਇਹ ਕਥਾ ਇੱਕ ਕਹਾਣੀ ਬਾਰੇ ਹੈ, ਤੇ ਉਸ ਕਹਾਣੀ ਦੇ ਲੇਖਕ ਬਾਰੇ ਹੈ। ਕਈ ਦਹਾਕਿਆਂ ਤੋਂ ਇਹ ਲੇਖਕ, ਉਹਦੀ ਇਹ ਕਹਾਣੀ ਅਤੇ 12 ਸਾਲਾਂ ਦੀ ਉਹ ਕੁੜੀ ਮੇਰੇ ਮਨ ਮਸਤਿਕ ਵਿਚ ਕਿਸੇ ਅਟੁੱਟ ਰੂਪ ਵਿਚ ਜੁੜੇ ਹੋਏ ਹਨ। ਜਦੋਂ ਮੈਂ ਪਹਿਲੀ ਵਾਰ ਉਸ ਦੇ ਮਾਤਾ-ਪਿਤਾ, ਕਿਸ਼ਨ ਸਿੰਘ ਅਤੇ ਸ਼ਰਨ ਕੌਰ ਨੂੰ ਮਿਲਿਆ ਤਾਂ ਮੈਨੂੰ ਅਕਾਲ ਤਖ਼ਤ ਦੇ ਜਥੇਦਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਸਬੰਧ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਂ ਤਾਂ ਸਿਰਫ਼ ਉਨ੍ਹਾਂ ਦੀ ਧੀ ਨੂੰ ਜਾਣਦਾ ਸੀ- ਲਾਜ ਨੂੰ 12 ਸਾਲਾਂ ਦੀ ਲਾਜ ਨੂੰ।
ਮੈਂ ਆਪ ਹਾਲੇ ਸਿਰਫ਼ 14 ਸਾਲ ਦਾ ਸੀ।
ਸ਼ਹਿਰ ਲੁਧਿਆਣੇ ਦੇ ਬਾਹਰਲੇ ਕੰਢੇ, ਫੈਲਦੇ ਹੋਏ ਮੁਹੱਜ਼ਬ ਮਾਡਲ ਟਾਊਨ ਦੀ ਤਰਜ਼ ਉੱਤੇ ਬਣ ਰਹੇ ਉਹਦੇ ਤੋਂ ਫਾਡੀ ਮਾਡਲ ਹਾਊਸ ਇਲਾਕੇ ਦੇ ਪਾਰਲੇ ਕਿਨਾਰੇ ਤਾਂ ਪੱਕੀ ਸੜਕ ਹੀ ਹਾਲੇ ਨਵੀਂ-ਨਵੀਂ ਆਈ ਸੀ। ਉੱਥੋਂ ਰੋਜ਼ ਲੱਗਭਗ ਪੰਜ ਕਿਲੋਮੀਟਰ ਦਾ ਪੈਂਡਾ ਗਾਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚਲੇ ਸਰਕਾਰੀ ਸਕੂਲ ਵਿਚ ਜਾਣਾ ਪ੍ਰਾਪਤੀ ਵਰਗਾ ਭਾਸਦਾ ਸੀ। ਕਾਰ ਕਿਸੇ ਵਿਰਲੇ ਟਾਵੇਂ ਕੋਲ ਸੀ, ਸਕੂਟਰ ਕਿਸਮਤ ਵਾਲੇ ਕੋਲ, ਤੇ ਹਮਾਤੜ ਹਾਲੇ ਸਾਈਕਲ ਦੀ ਵਾਰ-ਵਾਰ ਉਤਰਦੀ ਚੇਨ ਚੜ੍ਹਾਉਣ ਦਾ ਮਾਹਿਰ ਬਣਨਾ ਲੋਚ ਰਿਹਾ ਸੀ। ਕਿਉਂ ਜੋ ਹਾਲੇ ਮਾਡਲ ਟਾਊਨ ਐਕਸਟੈਂਸ਼ਨ ਦਾ ਜਨਮ ਨਹੀਂ ਸੀ ਹੋਇਆ, ਕੋਠੀਆਂ ਨੇ ਹਾਲੇ ਖੇਤ ਨਹੀਂ ਸੀ ਖਾਧੇ, ਇਸ ਲਈ ਟੋਭੇ ਟਿੱਬੇ ਵੀ ਦਿੱਸਦੇ ਸਨ ਅਤੇ ਘਰਦਿਆਂ ਤੋਂ ਚੋਰੀ-ਚੋਰੀ ਸਿੱਧਵਾਂ ਵਾਲੀ ਨਹਿਰ ਵਿਚ ਤਾਰੀਆਂ ਲਾਉਣ ਜਾਂਦੇ ਅਸੀਂ ਪਰਲੀ ਨੁੱਕਰ ਤੋਂ ਉੱਠਦਾ ਧੂੰਆਂ ਦੇਖ ਸਮਝ ਜਾਂਦੇ ਕਿ ਸ਼ਮਸ਼ਾਨ ਘਾਟ ਵਿਚ ਅੱਜ ਸਿਖਰ ਦੁਪਹਿਰੇ ਫਿਰ ਕੋਈ ਮਹਿਮਾਨ ਸੜਨ ਆਇਆ ਹੈ। 1980ਵਿਆਂ ਦੇ ਸ਼ੁਰੂ ਦੇ ਸਾਲਾਂ ਵਿਚ ਸਾਡਾ ਹਕੀਕੀ, ਸੋਸ਼ਲ ਅਤੇ ਸਾਈਬਰ ਸਪੇਸ ਕੁੱਲ ਇੰਨਾ ਹੀ ਸੀ।
ਸੀਮਤ ਸਾਧਨਾਂ ਵਾਲੇ ਪਰਿਵਾਰਾਂ ‘ਚੋਂ ਆਏ ਕਿਸੇ 14 ਸਾਲਾਂ ਦੇ ਬਾਲ ਕੋਲ ਇਸ ਤੋਂ ਬਿਨਾਂ ਸਿਰਫ ਸਕੂਲ ਸੀ। ਸ਼ੈਤਾਨ ਹੀ ਆਕਾ ਹੋਵੇਗਾ ਉਸ ਅਕਲ-ਏ-ਕੁੱਲ ਵਿਦਵਾਨ ਦਾ ਜਿਸ ਨੇ ਫੈਸਲਾ ਕੀਤਾ ਹੋਵੇਗਾ ਕਿ ਨੌਵੀਂ ਜਮਾਤ ਦੇ ਵਿਦਿਆਰਥੀ ਬਲਵੰਤ ਗਾਰਗੀ ਦੀ ‘ਕੁਆਰੀ ਟੀਸੀ’ ਅਤੇ ਰਬਿੰਦਰ ਨਾਥ ਟੈਗੋਰ ਦੀ ‘ਘਰ ਵਾਪਸੀ’ (ਦਿ ਹੋਮਕਮਿੰਗ) ਦੀਆਂ ਰਮਜ਼ਾਂ ਸਮਝ ਜਾਣਗੇ। ਅਧਿਆਪਕ ਨੇ ਜ਼ਰੂਰ ਕੋਸ਼ਿਸ਼ ਕੀਤੀ ਹੋਵੇਗੀ ਪਰ ਮੈਨੂੰ ਇਹ ਚਿੰਤਾ ਰਹਿੰਦੀ ਸੀ ਕਿ ਚੰਦੀ ਕਿਉਂ ਉਸ ਕਾਮਰੇਡ ਮੁੰਡੇ ਨਾਲ ਚਲੀ ਗਈ, ਬਰਫ਼ ਦਾ ਦੇਵਤਾ ਭਾਵੇਂ ਅੰਧਵਿਸ਼ਵਾਸ ਹੋਸੀ ਪਰ ਮੌਸਮ ਤਾਂ ਕਾਫੀ ਖ਼ਰਾਬ ਸੀ। ਆਪ ਮੈਂ ਹਮੇਸ਼ਾ ਟੈਗੋਰ ਦੀ ‘ਘਰ ਵਾਪਸੀ’ ਵਾਲੀ ਕਹਾਣੀ ਦੇ ਫਟਿਕ ਵਰਗਾ ਮਹਿਸੂਸ ਕਰਦਾ ਸੀ। 1980ਵਿਆਂ ਦੇ ਸ਼ੁਰੂ ਵਿਚ 14 ਦਾ ਹੋਣਾ ਜ਼ੁਲਮ ਸੀ।
ਤੇ ਫਿਰ ਮੈਂ 12 ਸਾਲ ਦੀ ਲਾਜ ਨੂੰ ਮਿਲਿਆ।
ਪਰ ਪਹਿਲੋਂ ਪਲ ਭਰ ਲਈ ਸਿਆਸਤਦਾਨਾਂ ਦੀ ਗੱਲ ਕਰ ਲਈਏ? ਖ਼ਾਸ ਤੌਰ ਉੱਤੇ ਉਸ ਸਿਆਸਤਦਾਨ ਦੀ ਜਿਸ ਨੇ ਲਾਜ ਦੇ ਮਾਤਾ-ਪਿਤਾ ਕਿਸ਼ਨ ਸਿੰਘ ਅਤੇ ਸ਼ਰਨ ਕੌਰ ਵਰਗੀ ਜੋੜੀ ਚਿਤਵੀ? ਹੁਣ ਤਾਂ ਐਸਾ ਸਿਆਸਤਦਾਨ ਕੋਈ ਯੂਟੋਪੀਅਨ ਖਿਆਲ ਹੀ ਲੱਗੇਗਾ। ਸਕੂਲ ਵਿਚ ਅਧਿਆਪਕ ਲੱਗਿਆ, ਤਰੱਕੀ ਕਰਨ ਹਿੱਤ ‘ਗਿਆਨੀ’ ਕਰ ਲਈ, ਫਿਰ ਸ਼੍ਰੋਮਣੀ ਕਮੇਟੀ ਦਾ ਸਕੱਤਰ ਬਣ ਗਿਆ, ਤੇ ਕੁਝ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਵੀ ਰਿਹਾ। ਵਕਤ ਤੁਰਿਆ, ਨਾਲ-ਨਾਲ ਇਹ ਅਧਿਆਪਕ ਮੁਸਾਫ਼ਿਰ ਤੁਰਿਆ। ਫਿਰ ਇੱਕ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣ ਗਏ। ਕਈ ਵਾਰ ਐੱਮ.ਪੀ. ਬਣ ਲੋਕ ਸਭਾ ਵਿਚ ਵੀ ਗਏ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਬਣੇ, ਵਿਧਾਇਕ ਚੁਣੇ ਗਏ, ਫਿਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਮੇਰੇ ਇੱਕ ਹੋਰ ਪਸੰਦੀਦਾ ਸਿਆਸਤਦਾਨ ਸਤਪਾਲ ਡਾਂਗ ਤੋਂ ਹਾਰੇ ਤਾਂ ਸੰਸਦ ਮੈਂਬਰ ਬਣ ਕੇ ਰਾਜ ਸਭਾ ਪਹੁੰਚੇ। ਕਲਮ ਤੁਰਦੀ ਰਹੀ। ਕਵਿਤਾਵਾਂ, ਛੋਟੀਆਂ ਕਹਾਣੀਆਂ, ਜੀਵਨੀਆਂ, ਗਾਂਧੀ ਅਤੇ ਨਹਿਰੂ ਨਾਲ ਉਹਨਾਂ ਦੀਆਂ ਨਿੱਜੀ ਯਾਦਾਂ ‘ਵੇਖਿਆ ਸੁਣਿਆ ਗਾਂਧੀ’ ਅਤੇ ‘ਵੇਖਿਆ ਸੁਣਿਆ ਨਹਿਰੂ’ ਬਹੁਤ ਸਾਰਾ ਖਜ਼ਾਨਾ ਸਾਨੂੰ ਦਿੱਤਾ। ਸਾਹਿਤ ਅਕਾਦਮੀ ਇਨਾਮ ਵੀ ਜਿੱਤਿਆ।
ਅੱਜ ਪੰਜਾਬ ਦੇ ਕਾਂਗਰਸੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵੀ ਵੇਖ ਰਹੇ ਹਨ, ਪੰਜਾਬ ਵਿਚ ਪੁਰਾਣੇ ਕਾਂਗਰਸੀ ਪ੍ਰਧਾਨ ਨੂੰ ਭਗਵਿਆਂ ਹੁੰਦਿਆਂ ਤੱਕ ਰਹੇ ਹਨ, ਇੱਕ ਸਾਬਕਾ ਮੁੱਖ ਮੰਤਰੀ ਨੂੰ ਭਾਰਤ ਮਾਤਾ ਉੱਤੇ ਏਕਾਧਿਕਾਰ ਦਾ ਦਾਅਵਾ ਕਰਨ ਵਾਲੀ ਪਾਰਟੀ ਵਿਚ ਸ਼ਾਮਲ ਹੁੰਦਿਆਂ ਵੀ ਵੇਖ ਰਹੇ ਹਨ। ਦੇਸ਼ ਦਾ ਇਤਿਹਾਸ ਬਣਾਉਣ ਵਾਲੀ ਇਹ ਜਮਾਤ ਇਤਿਹਾਸ ਤੋਂ ਇੰਨਾ ਟੁੱਟ ਚੁੱਕੀ ਹੈ ਕਿ ਇਹਦੇ ਪਿਆਦੇ ਨਹੀਂ ਜਾਣਦੇ ਕਿ ਕਦੀ ਅਕਾਲ ਤਖ਼ਤ ਦਾ ਸਾਬਕਾ ਜਥੇਦਾਰ ਵੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਿਆ ਸੀ ਅਤੇ ਫਿਰ ਮੁੱਖ ਮੰਤਰੀ ਵੀ। ਕਿਤਾਬਾਂ ਨਾਲ ਬਗਲਗੀਰ ਕਿਤੇ ਕੋਈ ਨੇਤਾ ਦਿੱਸਦਾ ਹੁੰਦਾ ਤਾਂ ਪਤਾ ਲੱਗਦਾ!
ਪਰ 14 ਸਾਲਾਂ ਦੀ ਉਮਰੇ ਮੈਂ ਇਹ ਸਭ ਨਹੀਂ ਸੀ ਜਾਣਦਾ। ਮੈਂ ਤਾਂ ਸਿਰਫ ਲਾਜ ਨੂੰ ਜਾਣਦਾ ਸੀ। ਉਹ 12 ਸਾਲ ਦੀ ਸੀ ਜਾਂ ਲਗਭਗ ਏਡੀ ਕੁ; ਤੇ ਉਹਦੇ ਮਾਂ-ਬਾਪ ਕੋਲ ਤਿਰੰਗਾ ਸੀ। ਸਿਰੇ ਦੇ ਬਗ਼ਾਵਤੀ। ਜੇਲ੍ਹ ਤਾਂ ਪਹੁੰਚਣਾ ਹੀ ਸੀ। ਜੇਲ੍ਹ ਪਹੁੰਚ ਝੰਡੇ ਨੂੰ ਲੈ ਕੇ ਪੰਗਾ ਪੈ ਚੁੱਕਾ ਸੀ। ਕਿਸ਼ਨ ਸਿੰਘ ਦੀ ਵੱਖਰੀ ਹੀ ਮੁਸ਼ਕਿਲ ਸੀ- “ਰਾਤ ਥਾਣੇ ਵਿਚ ਗੁਜ਼ਰ ਹੋਵੇਗੀ ਕਿ ਜੇਲ੍ਹ ਵਿਚ ਬਸਰ ਹੋਵੇਗੀ? ਕਿਹੜਾ ਮੁਕਾਮ ਬਿਹਤਰ ਹੈ?” ਸਾਡੇ ਅਧਿਆਪਕ ਨੇ ਸਾਨੂੰ ਸਵਾਲ ਪੁੱਛਿਆ ਸੀ। ਸਾਡੇ ਕੋਲ ਅਜਿਹੀ ਕੋਈ ਪੁਖ਼ਤਾ ਜਾਣਕਾਰੀ ਨਹੀਂ ਸੀ ਜਿਸ ਦੇ ਆਧਾਰ ਉੱਤੇ ਅਸੀਂ ਕੋਈ ਤਸੱਲੀਬਖਸ਼ ਜਵਾਬ ਦਿੰਦੇ।
ਹੁਣ ਪਿੱਛੇ ਵੇਖ ਪਤਾ ਲੱਗਦਾ ਹੈ ਕਿ 1980ਵਿਆਂ ਦੀ ਸ਼ੁਰੂਆਤ ਕਿੰਨੀ ਸਿਆਸੀ ਉਥਲ ਪੁਥਲ ਦੀ ਹਾਮਿਲ ਸੀ ਪਰ ਅਸੀਂ ਉਸ ਅੱਲ੍ਹੜ ਉਮਰੇ ਸ਼ਾਇਦ ਓਡੇ ਸਿਆਣੇ ਨਹੀਂ ਸਾਂ। ਇੰਟਰਨੈਟ, ਸੋਸ਼ਲ ਮੀਡੀਆ, ਟੈਲੀਫੋਨ ਛੱਡੋ, ਸਾਨੂੰ ਤਾਂ ਮਸੀਂ-ਮਸੀਂ ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ਤੱਕ ਸੂਈ ਘੁਮਾਉਣੀ ਆਈ ਸੀ। ਮੈਂ ਅਤੇ ਮੇਰੇ ਬਹੁਤ ਸਾਰੇ ਦੋਸਤ ਐਸੇ ਪਰਿਵਾਰਾਂ ‘ਚੋਂ ਆਏ ਸਾਂ ਜਿਨ੍ਹਾਂ ਘਰੀਂ ਨਾ ਟੀ.ਵੀ. ਸੀ, ਨਾ ਫੋਨ। ਜ਼ਿਆਦਾਤਰ ਕੋਲ ਦੋ ਪਹੀਆਂ ਵਾਲਾ ਕੁਝ ਨਹੀਂ ਸੀ। ਸਾਡੇ ਬਹੁਤੇ ਅਧਿਆਪਕ ਸਕੂਲੇ ਵੀ ਪੈਡਲ ਮਾਰਦੇ ਆਉਂਦੇ। ਅਖ਼ਬਾਰ ਸਾਰੇ ਘਰਾਂ ਵਿਚ ਨਹੀਂ ਸੀ ਆਉਂਦਾ। ਸਾਰੇ ਹਫ਼ਤੇ ਦਾ ਮਹਿਵਰ ਸ਼ੁੱਕਰਵਾਰ ਦੀ ਸ਼ਾਮ ਹੁੰਦੀ ਜਦੋਂ ਨੇਮ ਨਾਲ ਗੁਆਂਢੀ ਦੇ ਘਰ ਉਹਨਾਂ ਦੇ ਬਲੈਕ ਐਂਡ ਵ੍ਹਾਈਟ ਟੈਕਸਲਾ ਟੈਲੀਵਿਜ਼ਨ ‘ਤੇ ਹਫ਼ਤਾਵਾਰੀ ਫਿਲਮ ਦੇਖਣ ਲਈ ਜਾਂਦੇ ਸੀ। ਅਫਵਾਹਾਂ ਜ਼ਰੂਰ ਸੁਣਦੇ ਸੀ ਉਹਨੀ ਦਿਨੀਂ ਕਿ ਛੇਤੀ ਹੀ ਟੀ.ਵੀ. ਰੰਗੀਨ ਹੋ ਰਿਹਾ ਹੈ ਪਰ ਸੁਣੀਆਂ-ਸੁਣਾਈਆਂ ਉੱਤੇ ਕੌਣ ਵਿਸ਼ਵਾਸ ਕਰਦਾ ਸੀ? ਨਾਲੇ ਸਾਡੀ ਨੌਵੀਂ ਦੀ ਪੰਜਾਬੀ ਵਾਰਤਕ ਵਾਲੀ ਕਿਤਾਬ ਵਿਚ ‘ਪੇਮੀ ਦੇ ਨਿਆਣੇ’ ਵੀ ਸੀ।
ਪੁਲਿਸ ਜਾਂ ਥਾਣਿਆਂ ਦਾ ਜ਼ਿਕਰ ਸਾਡੇ ਆਸ-ਪਾਸ ਹੋਣਾ ਸ਼ੁਰੂ ਹੋ ਚੁੱਕਾ ਸੀ। ਨਿਰੰਕਾਰੀ ਸੰਪਰਦਾ ਦਾ ਮੁਖੀ ਮਾਰਿਆ ਗਿਆ ਸੀ, ਇੱਕ ਅਖਬਾਰ ਦਾ ਮਾਲਕ ਵੀ ਮਾਰਿਆ ਜਾ ਚੁੱਕਾ ਸੀ ਅਤੇ ਹਵਾ ਵਿਚ ਮੋਟਰਸਾਈਕਲਾਂ ਉੱਤੇ ਤਿੰਨ-ਤਿੰਨ ਸਵਾਰ ਹੋ ਕੇ ਬਾਗ਼ੀ ਹੋ ਜਾਣ ਅਤੇ ਕੌਮ ਲਈ ਕੁਝ ਇਨਕਲਾਬੀ ਕਰ ਦੇਣ ਦੀ ਚਰਚਾ ਸੀ। ਸਾਡੀ 14 ਸਾਲਾਂ ਵਾਲਿਆਂ ਦੀ ਢਾਣੀ ਵਿਚ ਹਾਲੇ ਰਾਜਨੀਤੀ ਜਾਂ ਥਾਣਿਆਂ ਬਾਰੇ ਬਹੁਤੀ ਚਰਚਾ ਨਹੀਂ ਸੀ ਹੁੰਦੀ। ਦਰਅਸਲ ਰਾਜਨੀਤੀ ਜਾਂ ਥਾਣਿਆਂ ਬਾਰੇ ਸਾਡੀ ਜਾਣਕਾਰੀ ਬੜੀ ਸੀਮਤ ਸੀ। ਜਦੋਂ ਸ਼ਾਸਨ ਤੁਹਾਨੂੰ ਬਾਗ਼ੀ ਤਸੱਵੁਰ ਕਰਦਾ ਹੈ ਤਾਂ ਪੁਲਿਸ ਕੀ ਕਰਦੀ ਹੈ, ਥਾਣੇ ਵਿਚ ਕੀ ਹੁੰਦਾ ਹੈ, ਜਾਂ ਥਾਣੇ ਬਨਾਮ ਜੇਲ੍ਹ ਵਿਚ ਬਿਤਾਈ ਕੋਈ ਰਾਤ ਵਿਚਲਾ ਕਿਹੜਾ ਵੱਡਾ ਜਾਂ ਸੂਖਮ ਅੰਤਰ ਹੁੰਦਾ ਹੈ, ਸਾਨੂੰ ਇਹ ਸਭ ਆਮ ਗਿਆਨ ਪਹਿਲੀ ਵਾਰ ਮਿਲ ਰਿਹਾ ਸੀ। ਇਹ ਕਹਾਣੀ ਸੀ ਪਰ ਅੱਲ੍ਹਾ ਅਤੇ ਮਿਉਂਸਿਪੈਲਿਟੀ ਦੀਆਂ ਬਖਸ਼ੀਆਂ ਨਿਆਮਤਾਂ ਨਾਲ ਵਰੋਸਾਏ ਮਾਡਲ ਟਾਊਨ ਦੇ ਹਮਾਤੜ ਭੂਆ ਦੇ ਮੁੰਡੇ ਲੱਗਦੇ ਮਾਡਲ ਹਾਊਸ ਦੀ ਅਸਲੋਂ ਪਾਰਲੀ ਨੁੱਕਰੋਂ ਪੈਡਲ ਮਾਰ ਮਾਰ ਸਕੂਲ ਪਹੁੰਚੇ ਉਸ 14 ਸਾਲ ਦੇ ਮੁੰਡੇ ਲਈ ਇਹ ਮਹਿਜ਼ ਕਹਾਣੀ ਨਹੀਂ ਸੀ।
ਇਹ ਲਾਜ ਦੀ ਜ਼ਿੰਦਗੀ ਸੀ। 12 ਸਾਲਾਂ ਦੀ ਕੁੜੀ ਦੀ ਬਾਤ ਸੀ। ਇਹ ‘ਗਾਤਰੇ ਵਾਲੀ ਕ੍ਰਿਪਾਨ’ ਪਾਈ ਉਸ ਔਰਤ ਦੀ ਕਹਾਣੀ ਸੀ ਜਿਸ ਦੇ ਹੱਥ ‘ਕੌਮੀ ਝੰਡਾ’ ਵੀ ਸੀ। ਇਹ ‘ਭਾਰਤ ਮਾਤਾ ਦੀ ਜੈ’ ਦਾ ਮਾਮਲਾ ਵੀ ਸੀ।
ਇਹ ਸਮਾਂ ਸੀ 1980ਵਿਆਂ ਦੀ ਸ਼ੁਰੂਆਤ ਦਾ ਜਦੋਂ ਪੰਜਾਬ ‘ਕੌਮਪ੍ਰਸਤ’ ਬਨਾਮ ‘ਦੇਸ਼ਭਗਤ’ ਵਾਲੀ ਬਹਿਸ ਦਾ ਗਵਾਹ ਬਣ ਰਿਹਾ ਸੀ। ਮੈਂ ਅਕਸਰ ਅਕਾਲੀ ਪੱਤ੍ਰਿਕਾ ਜਾਂ ਅਜੀਤ ਵਿਚ ਪੰਥਪ੍ਰਸਤ ਹੋਣ ਬਾਰੇ ਪੜ੍ਹਦਾ ਸਾਂ। ਲਾਜ ਚਾਹੁੰਦੀ ਸੀ ਕਿ ਉਸ ਦੇ ਪਿਤਾ ਉਸ ਨੂੰ ਲੈ ਕੇ ਪਰੇਸ਼ਾਨ ਨਾ ਹੋਣ, ਤੇ ਉਹਨੂੰ ਇਹ ਚੰਗਾ ਨਹੀਂ ਸੀ ਲੱਗਦਾ ਕਿ ਜਿਹੜੀ ਉਮਰੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਸੀ, ਉਸ ਉਮਰੇ ਉਹਨੂੰ ਭਾਰਤ ਮਾਤਾ ਲਈ ਜੇਲ੍ਹ ਜਾਣ ਦੀ ਵੀ ਇਜਾਜ਼ਤ ਨਹੀਂ ਸੀ।
ਮੋਟਰਸਾਈਕਲ ਉੱਤੇ ਤੀਹਰੀ ਸਵਾਰੀ ਵਾਲੇ ਅਤੇ ਤਿਰੰਗੇ ਦੇ ਇਕਲੌਤੇ ਜ਼ਾਮਨ ਹੋਣ ਦਾ ਦਾਅਵਾ ਕਰਦੇ ਅੱਜ ਐਸੀ ਕਹਾਣੀ ਪੜ੍ਹ ਭੰਬਲਭੂਸੇ ਵਿਚ ਪੈ ਜਾਣਗੇ। ਸੂਹੇ ਫਰੇਰੇ ਵਾਲਿਆਂ ਤਾਂ ਹੁਣ ਇਨਕਲਾਬ ਤੋਂ ਸੰਨਿਆਸ ਹੀ ਲੈ ਲਿਆ ਹੈ, ਇਸ ਲਈ ਉਹਨਾਂ ਦੀ ਤਾਂ ਕੋਈ ਉਲਝਣ ਹੀ ਨਹੀਂ ਪਰ ਉਸ ਦਿਨ ਲਾਜ ਦੀ ਕਥਾ ਨੇ ਧੁਰ ਅੰਦਰ ਤੱਕ ਵਲੂੰਧਰ ਛੱਡਿਆ ਸੀ। ਸ਼ਾਇਦ ਇਸ ਲਈ ਕਿ ਉਹਨੂੰ 102 ਡਿਗਰੀ ਬੁਖਾਰ ਸੀ, ਜਾਂ ਸ਼ਾਇਦ ਇਸ ਲਈ ਕਿਉਂਕਿ ਉਹ ਉਹੀ ਗੱਲ ਕਰਦੀ ਸੀ ਜਿਹੜੀ ਲੱਗਦਾ ਸੀ, ਸਾਨੂੰ ਕਹਿਣੀ ਚਾਹੀਦੀ ਸੀ ਪਰ ਮੈਂ ਇੱਕ ਗੱਲ ਬਾਰੇ ਬੜਾ ਸਪੱਸ਼ਟ ਸਾਂ: ਉਹਨੂੰ ਇਸ ਤਰ੍ਹਾਂ ਨਹੀਂ ਸੀ ਚਲੇ ਜਾਣਾ ਚਾਹੀਦਾ! ਮੈਂ ਹਮੇਸ਼ਾ ਉਹਦੀ ਭੂਆ ਜੀ ਵੀਰਾਂਵਾਲੀ ਨੂੰ ਮਿਲਣਾ ਚਾਹੁੰਦਾ ਸੀ, ਇਹ ਪੁੱਛਣ ਲਈ ਕਿ “ਕਿਉਂ?” ਮੈਨੂੰ ਵੀਰਾਂਵਾਲੀ ਤੋਂ ਨਫ਼ਰਤ ਜਿਹੀ ਹੋ ਗਈ ਸੀ। ਮੇਰੇ ਅਧਿਆਪਕ ਸਾਹਿਬਾਨ ਚਾਹੁੰਦੇ ਸਨ ਕਿ ਮੈਂ ਉਸ ਦਾ ਦਰਦ ਵੀ ਤਾਂ ਮਹਿਸੂਸ ਕਰਾਂ, ਉਸ ਨਾਲ ਵੀ ਹਮਦਰਦੀ ਕਰਾਂ। ਇਹ ਮਾਮਲਾ ਬੜੀ ਉਲਝਣ ਵਾਲਾ ਸੀ। 12 ਸਾਲ ਦੀ ਲਾਜ ਮਰ ਗਈ ਸੀ।
ਉਸ ਸਰਕਾਰੀ ਸੀਨੀਅਰ ਮਾਡਲ ਸਕੂਲ, ਪੀ.ਏ.ਯੂ. ਲੁਧਿਆਣਾ ਵਿਖੇ, ਸਾਡੇ ਪੰਜਾਬੀ ਦੇ ਅਧਿਆਪਕ ਪੁਰਸ਼ੋਤਮ ਲਾਲ ਨਿਰਮਲ ਸਰ, ਸਾਨੂੰ ਕਹਾਣੀ ਇੰਨੀ ਸ਼ਿੱਦਤ ਅਤੇ ਭਾਵਨਾ ਨਾਲ ਸੁਣਾਉਂਦੇ ਕਿ ਅਸੀਂ ਮਸਤ ਹੋ ਕੇ ਸੁਣਦੇ। ਜਦੋਂ ਲਾਜ ਇਕੱਲੀ ਰਹਿ ਗਈ, ਕਿਸੇ ਉਹਦੀ ਸਾਰ ਨਾ ਲਈ ਅਤੇ ਆਖਰੀ ਵਾਕ ਨਾਲ ਮਰ ਗਈ ਤਾਂ ਮੈਂ ਭਰੀ ਜਮਾਤ ਵਿਚ ਉੱਚੀ-ਉੱਚੀ ਰੋ ਪਿਆ ਸਾਂ।
ਇਹ ਉਹ ਵਾਹਦ ਵਾਕਿਆ ਹੈ ਜਦੋਂ ਸਾਰਿਆਂ ਸਾਹਵੇਂ ਰੋਣ ਦੇ ਬਾਵਜੂਦ ਮੈਨੂੰ ਸ਼ਰਮ ਨਹੀਂ ਸੀ ਆਈ। ਮੈਂ ਕਿਹੜਾ ਇਕੱਲਾ ਸਾਂ ਰੋਣ ਵਾਲਾ? ਕੋਈ ਦਰਜਨ ਤੋਂ ਵੱਧ ਬੱਚੇ, ਮੁੰਡੇ ਕੁੜੀਆਂ ਉਸ ਦੁਪਹਿਰ ਨੂੰ ਅਚਾਨਕ ਟੁੱਟ ਗਏ ਸਨ, ਫੁੱਟ ਪਏ ਸਨ। ਬਾਕੀ ਵੀ ਹੱਕੇ-ਬੱਕੇ ਰਹਿ ਗਏ ਸਨ। ਬੱਚਿਆਂ ਦੇ ਪ੍ਰਤੀਕਰਮ ਤੋਂ ਤਾਂ ਨਿਰਮਲ ਸਰ ਆਪ ਵੀ ਹਿੱਲ ਗਏ ਸਨ: “ਓਏ ਕੀ ਹੋ ਗਿਆ ਤੁਹਾਨੂੰ? ਇਹ ਤਾਂ ਸਿਲੇਬਸ ਵਿਚ ਵੀ ਨਹੀਂ।”
ਗੁਰਮੁਖ ਸਿੰਘ ਮੁਸਾਫ਼ਿਰ ਦੀ ਲਿਖੀ ‘ਬਾਗ਼ੀ ਦੀ ਧੀ’ ਸਾਡੇ ਸਿਲੇਬਸ ਦਾ ਹਿੱਸਾ ਨਹੀਂ ਸੀ। ਨਿਰਮਲ ਸਰ ਅਕਸਰ ਸਾਨੂੰ ਕੁਝ ਉਹਨਾਂ ਕਹਾਣੀਆਂ ਅਤੇ ਕਵਿਤਾਵਾਂ ਬਾਰੇ ਦੱਸਦੇ ਸਨ ਜੋ ਸਾਡੇ ਸਿਲੇਬਸ ਵਿਚ ਸ਼ਾਮਲ ਨਹੀਂ ਸਨ ਪਰ ਜਿਹੜੀਆਂ ਉਹਨਾਂ ਨੂੰ ਪਸੰਦ ਸਨ ਅਤੇ ਜਿਨ੍ਹਾਂ ਬਾਰੇ ਉਹ ਸਮਝਦੇ ਸਨ ਕਿ ਵਿਦਿਆਰਥੀਆਂ ਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਉਹਨਾਂ ਨੇ ਸਾਨੂੰ ‘ਤੂਤਾਂ ਵਾਲਾ ਖੂਹ’ ਪੜ੍ਹਾਇਆ ਪਰ ਨਾਲ ਹੀ ਸਾਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਕੰਮ ਵਜੋਂ ਨਾਨਕ ਸਿੰਘ ਦਾ ‘ਚਿੱਟਾ ਲਹੂ’ ਪੜ੍ਹਨ ਦੀ ਵੀ ਤਾਕੀਦ ਕਰ ਦਿੱਤੀ। ਜਦੋਂ ਮੈਂ ਪੁੱਛਿਆ ਕਿ ਅਸੀਂ ‘ਚਿੱਟਾ ਲਹੂ’ ਕਿਉਂ ਪੜ੍ਹੀਏ, ਸਾਡੇ ਸਿਲੇਬਸ ਵਿਚ ਨਹੀਂ, ਤਾਂ ਉਹਨਾਂ ਆਖਿਆ ਕਿ ਉਹਨਾਂ ਇਹ ਨਾਵਲ ਮੇਰੀ ਉਮਰ ਦੇ ਬੜੇ ਵਿਦਿਆਰਥੀਆਂ ਨੂੰ ਕਈ ਸਾਲਾਂ ਤੱਕ ਪੜ੍ਹਾਇਆ ਸੀ। ਸਾਡੀ ਵਾਰੀ ‘ਚਿੱਟਾ ਲਹੂ’ ਹਟਾ ਕੇ ਸੋਹਣ ਸਿੰਘ ਸੀਤਲ ਦਾ ‘ਤੂਤਾਂ ਵਾਲਾ ਖੂਹ’ ਲੱਗ ਗਿਆ ਸੀ। “ਇੱਕ ਗੱਲ ਪੱਕੀ ਹੈ ਕਿ ਤੁਸੀਂ ਵੱਡੇ ਹੋ ਕੇ ਐਸੇ ਬਹੁਤ ਲੋਕਾਂ ਨੂੰ ਮਿਲੋਗੇ ਜਿਨ੍ਹਾਂ ਨੇ ‘ਚਿੱਟਾ ਲਹੂ’ ਪੜ੍ਹਿਆ ਹੋਵੇਗਾ। ਤੁਹਾਨੂੰ ਉਹਨਾਂ ਨਾਲ ਗੱਲ ਕਰਨਾ ਸੌਖਾ ਲੱਗੇਗਾ। ਦੋ ਲੋਕ ਜਿਨ੍ਹਾਂ ਨੇ ਇੱਕੋ ਜਿਹੀਆਂ ਕਹਾਣੀਆਂ ਪੜ੍ਹੀਆਂ ਹੋਣ, ਵਧੀਆ ਗੱਲਾਂ ਕਰਦੇ ਹਨ। ਉਹਨਾਂ ਕੋਲ ਗੱਲ ਕਰਨ ਲਈ ਬਹੁਤ ਕੁਝ ਹੁੰਦਾ ਹੈ।”
ਮੈਨੂੰ ਨਹੀਂ ਪਤਾ ਕਿ ਪੁਰਸ਼ੋਤਮ ਲਾਲ ਨਿਰਮਲ ਸਰ ਅੱਜਕੱਲ੍ਹ ਕਿੱਥੇ ਹਨ। ਮੈਂ ਉਮੀਦ ਕਰਦਾ ਹਾਂ ਕਿ ਉਹ ਚੰਗੀ ਸਿਹਤ ਦੇ ਮਾਲਿਕ ਹਨ ਅਤੇ ਉਨ੍ਹਾਂ ਦੀ ਲੰਮੀ ਉਮਰ ਲਈ ਪ੍ਰਾਰਥਨਾ ਕਰਦਾ ਹਾਂ (ਹੁਣ ਤਾਂ ਬਿਨਾਂ ਸਿਲੇਬਸ ਪੜ੍ਹਾਉਣ ਵਾਲੇ ਨੂੰ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ)।
ਵਰ੍ਹਿਆਂ ਬਾਅਦ ਜਦੋਂ ਮੈਂ ਚਾਰਲਸ ਡਿਕਨਜ਼ ਦੀ ‘ਓਲਡ ਕਿਓਰੌਸਿਟੀ ਸ਼ੌਪ’ ਪੜ੍ਹੀ ਤਾਂ ਉਦੋਂ ਵੀ ਮੈਂ ਛੋਟੀ ਨੈੱਲ ਦੀ ਮੌਤ ਲਈ ਤਿਆਰ ਨਹੀਂ ਸਾਂ।
ਯੂਨੀਵਰਸਿਟੀ ਦੀ ਪੰਜ-ਮੰਜ਼ਲੀ ਐਮ.ਐਸ. ਰੰਧਾਵਾ ਲਾਇਬਰੇਰੀ ਦੀ ਤੀਜੀ ਮੰਜ਼ਿਲ ਉੱਤੇ ਉਸ ਛੋਟੀ ਨੈੱਲ ਦੀ ਮੌਤ ਵਾਲਾ ਦ੍ਰਿਸ਼ ਪਹਿਲੀ ਵਾਰੀ ਅਛੋਪਲਿਆਂ ਹੀ ਆਣ ਟੱਕਰਿਆ ਸੀ। ਉਸ ਦਿਨ ਬਹੁਤੀ ਗਹਿਮਾ-ਗਹਿਮੀ ਨਹੀਂ ਸੀ। ਲਾਇਬਰੇਰੀ ਦਾ ਸ਼ਾਂਤ ਚੁੱਪ ਮਾਹੌਲ, ਵਿਰਲੀ ਜਿਹੀ ਕੋਈ ਉੱਚੀ ਅੱਡੀ ਵਾਲੀ ਦੀ ਕਦਮ-ਛਾਪ ਦੀ ਟੱਕ-ਟੱਕ ਦੀ ਆਵਾਜ਼, ਬੇਹੱਦ ਪੁਰਾਣੀਆਂ ਕਿਤਾਬਾਂ ਦੀ ਉਹ ਬੜੀ ਸਪੈਸ਼ਲ ਜਿਹੀ ਮਧੁਰ ਸੁਗੰਧ ‘ਓਲਡ ਕਿਓਰੌਸਿਟੀ ਸ਼ੌਪ’ ਦੇ ਇਸ ਬਹੁਤ ਪੁਰਾਣੇ ਐਡੀਸ਼ਨ ਦੇ ਨਾਜ਼ੁਕ ਜਿਹੇ ਭੁਰਦੇ ਜਾਂਦੇ ਪੰਨੇ ਕਿਸੇ ਵੀ ਚੀਜ਼ ਨੇ ਮੈਨੂੰ ਦੀ ਅਜਿਹੀ ਮੌਤ ਲਈ ਤਿਆਰ ਨਹੀਂ ਸੀ ਕੀਤਾ। ਇਹ ਕਿੰਨੀ ਹਿਲਾ ਦੇਣ ਵਾਲੀ, ਕਿੰਨੀ ਪਵਿੱਤਰ ਜਿਹੀ ਮੌਤ ਸੀ!
ਇਸ ਵਾਰ ਮੈਂ ਬੁਰੀ ਤਰ੍ਹਾਂ ਰੋਇਆ ਨਹੀਂ ਸੀ। ਮੈਂ ਹੁਣ ਕਿਹੜਾ ਕੋਈ 14 ਸਾਲਾਂ ਦਾ ਸਾਂ? ਮੇਰੀਆਂ ਗੱਲ੍ਹਾਂ ‘ਤੇ ਕੁਝ ਹੰਝੂ ਜ਼ਰੂਰ ਵਹਿ ਤੁਰੇ ਸਨ ਪਰ ਤੁਹਾਨੂੰ ਸੱਚ ਦੱਸਾਂ, ਮੈਂ ਥੋੜ੍ਹਾ ਜਿਹਾ ਗੁੱਸੇ ਵੀ ਸਾਂ। ਥੋੜ੍ਹਾ ਕਿਉਂ, ਮੈਂ ਤਾਂ ਡਿਕਨਜ਼ ਨਾਲ ਡਾਢਾ ਨਾਰਾਜ਼ ਸਾਂ। ਨੈੱਲ ਨੂੰ ਮਾਰਨਾ ਜ਼ਰੂਰੀ ਸੀ? ਮੇਰੇ ਲਈ ਤਾਂ ਇਹ ਇੱਕ ਵਾਰ ਫਿਰ ਲਾਜ ਹੀ ਸੀ। ਮੈਂ ਇਨ੍ਹਾਂ ਦੋਹਾਂ ਕੁੜੀਆਂ ਬਾਰੇ ਬਹੁਤ ਸੋਚਿਆ। ਨੈੱਲ ਲਾਜ ਤੋਂ ਦੋ ਕੁ ਸਾਲ ਵੱਡੀ ਸੀ। ਉਹ ਉਦੋਂ ਤੋਂ ਮੇਰੇ ਦਿਮਾਗ ਵਿਚ ਵਸੀਆਂ ਹੋਈਆਂ ਹਨ।
***
ਮੇਰੇ ਅਜ਼ੀਜ਼ ਦੋਸਤ ਅਤੇ ਇਸ ਸ਼ਹਿਰ ਵਿਚ ਮਿਲੇ ਖੂਬਸੂਰਤ ਸੀਰਤ ਵਾਲੇ ਇਨਸਾਨ ਫਿਲਮ ਡਾਇਰੈਕਟਰ ਮੁਕੇਸ਼ ਗੌਤਮ ਨੇ ਹੁਣ ਲਾਜ ਬਾਰੇ ਫਿਲਮ ਬਣਾਈ ਹੈ। ਉਹਨਾਂ ਲਾਜ ਦਾ ਨਾਮ ਸ਼ਾਇਦ ਕੁਝ ਹੋਰ ਰੱਖਿਆ ਹੋਵੇ ਪਰ ਕਹਿੰਦੇ ਉਹਨੂੰ ਉਹੀ ਨੇ ਜੋ ਗੁਰਮੁਖ ਸਿੰਘ ਮੁਸਾਫ਼ਿਰ ਕਿਹਾ ਸੀ: ‘ਬਾਗ਼ੀ ਦੀ ਧੀ’। ਕੀ ਗੌਤਮ ਨੇ ਉਹਦੀ ਕਹਾਣੀ ਇੰਨ-ਬਿੰਨ ਬਿਆਨ ਕੀਤੀ ਹੈ? ਕੀ ਉਹਨਾਂ ਨੇ ਕਹਾਣੀ ਦੀਆਂ ਸਤਰਾਂ ਨੂੰ ਚੁੱਕਿਆ ਅਤੇ ਕੋਈ ਨਵਾਂ ਪੈਟਰਨ ਬੁਣਿਆ ਹੈ? ਕੀ ਫਿਲਮ ਆਜ਼ਾਦੀ ਦੀ ਤਵਾਰੀਖ਼ ‘ਚੋਂ ਉਪਜੀ ਕਹਾਣੀ ਨੂੰ ਸਾਡੇ ਅੱਜ ਦੇ ਨਿਜ਼ਾਮ-ਓ-ਸਮਾਜ ਸਾਹਵੇਂ ਲਿਆ ਧਰਦੀ ਹੈ? ਕੀ ਉਦੋਂ ਦੇ ਅਤੇ ਹੁਣ ਦੇ ਸਿਯਾਕ-ਓ-ਸਬਾਕ਼ ਵਿਚਲੀਆਂ ਤੰਦਾਂ ਦੀ ਬਾਤ ਪਾਉਂਦੀ ਹੈ?
ਮੇਰੇ ਕੋਲ ਇੰਨੇ ਸਾਰੇ ਸਵਾਲ ਹਨ ਕਿ ਮੁਕੇਸ਼ ਗੌਤਮ ਦੀ ਖੁਸ਼ਕਿਸਮਤੀ ਹੈ, ਮੇਰੀ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ; ਨਹੀਂ ਤਾਂ ਸਵਾਲ ਸੁਣਦੇ-ਸੁਣਦੇ ਦੁਖੀ ਹੋ ਜਾਂਦੇ। ਛਿੱਥੇ ਪੈਣਾ ਉਹਨਾਂ ਨੂੰ ਆਉਂਦਾ ਨਹੀਂ। ਬੜੇ ਸੰਵੇਦਨਸ਼ੀਲ ਵਿਅਕਤੀ ਹਨ। ਕੁਝ ਦਿਨ ਪਹਿਲਾਂ ਉਹਨਾਂ ਦੇ ਦਫ਼ਤਰ ਵਾਲੇ ਕਮਰੇ ਅੰਦਰ ਝਾਤ ਮਾਰੀ। ਮਨ ਸੀ ਕਿ ‘ਬਾਗ਼ੀ ਦੀ ਧੀ’ ਬਾਰੇ ਉਹਨਾਂ ਨਾਲ ਆਪਣੇ ਅਨੁਭਵ ਬਾਰੇ ਗੱਲ ਕੀਤੀ ਜਾਵੇ ਪਰ ਇਹ ਵੀ ਅਹਿਸਾਸ ਸੀ ਕਿ ਗੱਲਾਂ ਕੁਝ ਐਸੀਆਂ ਯਾਦਾਂ ਦਾ ਹੜ੍ਹ ਵੀ ਲਿਆ ਸਕਦੀਆਂ ਹਨ ਕਿ ਮੈਂ ਫਿੱਸ ਪਵਾਂ। ਦਰਵਾਜ਼ੇ ‘ਤੇ ਦਸਤਕ ਦੇਣ ਤੋਂ ਪਹਿਲਾਂ ਇੱਕ ਪਲ ਲਈ ਝਿਜਕਿਆ, ਤੇ ਹਾਲੇ ਦਿਲ ਨੂੰ ਤਕੜਾ ਹੀ ਕਰ ਰਿਹਾ ਸਾਂ ਕਿ ਅੰਦਰ ਝਾਕ ਕੇ ਦੇਖਿਆ, ਉਹ ਖੇਤੀਬਾੜੀ ਨੀਤੀ ਮਾਹਿਰ ਦਵਿੰਦਰ ਸ਼ਰਮਾ ਨਾਲ ਕੋਈ ਡੂੰਘੀ ਵਿਚਾਰ ਚਰਚਾ ਕਰ ਰਹੇ ਸਨ। ਮੈਂ ਆਪਣੇ ਮਨ ਨੂੰ ਕਿਹਾ, “ਅੱਜ ਰਹਿਣ ਦਿੰਦੇ ਹਾਂ”, ਤੇ ਬਿਨਾਂ ਦਸਤਕ ਦਿੱਤਿਆਂ ਮੁੜ ਆਇਆ।
ਮੈਂ ਜਾਣਦਾ ਹਾਂ ਕਿ ਇਹ ਕਮਜ਼ੋਰ ਦਿਲ ਵਿਅਕਤੀ ਵਾਲੀ ਪਹੁੰਚ ਸੀ ਪਰ ਕਿਸੇ ਲਾਜ, ਕਿਸੇ ਨੈੱਲ ਨੂੰ ਗੁਆਉਣ ਦੀ ਹਿੰਮਤ ਕਿੱਥੋਂ ਲਿਆਵੇ ਕੋਈ ਸਾਦਾ ਲੋਹ ਇਨਸਾਨ? ਜਾਂ ਇਸ ਬਾਰੇ ਗੱਲ ਕਰਨ ਲਈ ਕਿ ਕਿਸੇ ਐਸੀ ਕੁੜੀ ਨੂੰ ਗੁਆਉਣ ਦਾ ਕੀ ਮਤਲਬ ਸੀ? ਮੇਰੇ ਵਜੂਦ ਦਾ ਕੁਝ ਹਿੱਸਾ ਹਮੇਸ਼ਾ ਟੈਗੋਰ ਦੀ ‘ਦਿ ਹੋਮਕਮਿੰਗ’ ਵਾਲਾ ਫਟਿਕ ਹੀ ਰਿਹਾ ਹੈ। ਤੁਹਾਡੇ ਅੰਦਰ ਕਿਤੇ ਨਾ ਕਿਤੇ ਕਿਸੇ ਧੁਰ ਅੰਦਰੂਨ ਵਿਚ ਹਮੇਸ਼ਾ ਉਹ 14 ਸਾਲ ਵਾਲਾ ਵਿਅਕਤੀ ਹੁੰਦਾ ਹੈ। ਲਾਜ, ਨੈੱਲ, ਫਟਿਕ- ਨਾਮੁਰਾਦ ਬੁਖਾਰ ਕਦੇ ਜਾਂਦਾ ਹੀ ਨਹੀਂ।
ਕੁਝ ਦਿਨਾਂ ਬਾਅਦ ਦਵਿੰਦਰ ਸ਼ਰਮਾ ਨਾਲ ਗੱਲ ਹੋਈ। “ਤੁਸੀਂ ਉਸ ਦਿਨ ਮੁਕੇਸ਼ ਗੌਤਮ ਜੀ ਨਾਲ ਬੈਠੇ ਸੀ।”
“ਤੇ ਤੁਸੀਂ ਅੰਦਰ ਕਿਉਂ ਨਾ ਆਏ? ਉਹ ਆਪਣੀ ਫਿਲਮ ‘ਬਾਗ਼ੀ ਦੀ ਧੀ’ ਦੇ ਪੋਸਟਰ ਬਾਰੇ ਗੱਲ ਕਰ ਰਹੇ ਸਨ।”
… ਮੇਰਾ ਰੋਣ ਨਿਕਲ ਜਾਣਾ ਸੀ ਫੋਨ ਉੱਤੇ।
ਹੁਣ ਮੈਂ ਮੁਕੇਸ਼ ਗੌਤਮ ਦੀ ਫਿਲਮ ਦਾ ਇੰਤਜ਼ਾਰ ਕਰ ਰਿਹਾ ਹਾਂ। ਹੁਣ ਸੋਚਣਾ ਵੀ ਨਹੀਂ ਉਦਾਸੀ ਦਾ ਇਲਾਜ ਕਰਨ ਬਾਰੇ। ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ। ਭਾਵੇਂ 50 ਟੱਪ ਚੁੱਕਾ ਹਾਂ, 14 ਸਾਲਾਂ ਵਾਲੇ ਨੂੰ ਬਹੁਤ ਪਿੱਛੇ ਛੱਡ ਆਇਆ ਹਾਂ, ਸ਼ਮਸ਼ਾਨ ਘਾਟ ਦੁਆਲੇ ਹੁਣ ਕੋਠੀਆਂ ਹੀ ਕੋਠੀਆਂ ਹਨ, ਸੜਨ ਆਏ ਮੁਰਦਿਆਂ ਦਾ ਵੀ ਸਾਹ ਘੁੱਟਦਾ ਹੈ, ਮਾਡਲ ਟਾਊਨ ਅਤੇ ਮਾਡਲ ਹਾਊਸ ਵਰਗੇ ਅਮੀਰਾ ਸਿਰਨਾਵਿਆਂ ਦੀਆਂ ਤਰੱਕੀਯਾਫ਼ਤਾ ਭੈਣਾਂ ਅਰਬਨ ਅਸਟੇਟਾਂ ਅਤੇ ਮਾਡਲ ਟਾਊਨ ਐਕਸਟੈਂਸ਼ਨਾਂ ਵੀ ਤਰੱਕੀਆਂ ਪਈਆਂ ਕਰਦੀਆਂ ਹਨ ਪਰ ਰੋਣ ਉੱਤੇ ਹਾਲੇ ਕਿਹੜਾ ਹਕੂਮਤੀ ਰੋਕ ਲੱਗੀ ਹੈ? ਨਾਲੇ ਹਨੇਰੇ ਸਿਨੇਮੇ ਵਿਚ ਕਿਸ ਦੇਖਣਾ ਹੈ?
***
1840ਵਿਆਂ ਦੀ ਸ਼ੁਰੂਆਤ ਸੀ। ਨਿਊਯਾਰਕ ਦੇ ਡੌਕਸ ਉੱਤੇ ‘ਓਲਡ ਕਿਓਰੌਸਿਟੀ ਸ਼ੌਪ’ ਦੀ ਆਖਰੀ ਕਿਸ਼ਤ ਦੀ ਉਡੀਕ ਕਰਦੇ ਹਜ਼ਾਰਾਂ ਅਮਰੀਕੀ ਪਾਠਕ ਚੀਕ-ਚੀਕ ਕੇ ਪੁੱਛ ਰਹੇ ਸਨ ਕਿ ਨੈੱਲ ਠੀਕ ਤਾਂ ਹੈ ਨਾ? ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਛੋਟੀ ਨੈੱਲ ਦੀ ਮੌਤ ਹੋ ਗਈ ਹੈ ਤਾਂ ਹਜ਼ਾਰਾਂ ਦਿਲ ਟੁੱਟਿਆਂ ਬਾਰੇ ਬਹੁਤ ਹਵਾਲੇ ਮਿਲਦੇ ਹਨ। ਨਾਰਵੇ ਦੀ ਇੱਕ ਲੇਖਕ ਨੇ ਤਾਂ ਕਿਤਾਬ ਪੜ੍ਹਨ ਤੋਂ ਬਾਅਦ ਉਹਨੂੰ ਜ਼ੇਰੇ-ਜ਼ਮੀਨ ਦਫ਼ਨ ਕਰ ਦਿੱਤਾ। ਉਹਦਾ ਕਹਿਣਾ ਸੀ ਕਿ ਨੈੱਲ ਦੇ ਦਰਦ ਨੂੰ ਕੋਈ ਨਹੀਂ ਸਮਝ ਸਕਦਾ ਅਤੇ ਕਿਸੇ ਨੂੰ ਅਧਿਕਾਰ ਨਹੀਂ ਇਸ ਨੂੰ ਪੜ੍ਹਨ ਦਾ। ਜਦੋਂ ‘ਹੈਰੀ ਪੌਟਰ’ ਵਾਲਾ ਕਿਤਾਬ ਖਰੀਦਣ ਲਈ ਧੱਕੇ ਮਾਰਦੀਆਂ ਭੀੜਾਂ ਦਾ ਵਰਤਾਰਾ ਮੰਜ਼ਰ-ਏ-ਆਮ ਸੀ ਤਾਂ ਬਹੁਤ ਸਾਰੇ ਆਲੋਚਕਾਂ ਨੇ ਜ਼ਿਕਰ ਕੀਤਾ ਸੀ ਕਿ ਪਿਛਲੀ ਵਾਰ ਸਾਹਿਤ ਦੀ ਦੁਨੀਆ ਨੇ ਅਜਿਹਾ ਕ੍ਰਿਸ਼ਮਾ ਉਦੋਂ ਦੇਖਿਆ ਸੀ ਜਦੋਂ ‘ਓਲਡ ਕਿਓਰੌਸਿਟੀ ਸ਼ੌਪ’ ਲਈ ਹਜੂਮ ਉਮੜੇ ਸਨ।
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਬਾਰੇ ਹੋਰ ਗੱਲ ਕਰਨ ਦਾ ਮਨ ਹੈ। ਮੌਕਾ ਬਣਿਆ ਹੈ ਤਾਂ ਕਰ ਲਈ ਜਾਵੇ? ਹੁਣ ਕਦੋਂ ਕਿਸੇ ਅਕਾਲ ਤਖ਼ਤ ਦੇ ਜਥੇਦਾਰ ਨੇ ਮੁੱਖ ਮੰਤਰੀ ਬਣਨਾ ਹੈ? ਮੁਸਾਫ਼ਿਰ ਰਾਵਲਪਿੰਡੀ ਦੇ ਕੈਂਪਬੈਲਪੁਰ ਜ਼ਿਲ੍ਹੇ ਦੇ ਪਿੰਡ ਅੜ੍ਹਵਾਲ ਜਾਂ ਅੱਡਵਾਲ ਤੋਂ ਸਨ। ਅੱਜਕੱਲ੍ਹ ਗੂਗਲ ਮੈਪ ਉੱਤੇ ਅਡਿਆਲਾ ਰੋਡ ਦੇ ਨਾਲ ਦਿਸ ਜਾਵੇਗਾ। ਇੱਥੇ ਹੀ ਉਹ ਅਡਿਆਲਾ ਜੇਲ੍ਹ ਹੈ ਜਿੱਥੇ ਨਵਾਜ਼ ਸ਼ਰੀਫ਼ ਅਤੇ ਉਹਨਾਂ ਦੀ ਧੀ ਨੇ ਭ੍ਰਿਸ਼ਟਾਚਾਰ ਕੇਸ ਵਿਚ ਮੁਲੱਵਸ ਪਾਏ ਜਾਣ ਬਾਅਦ ਕਿਆਮ ਕੀਤਾ ਸੀ। ਮੁਸਾਫ਼ਿਰ ਦਾ ਪਿੰਡ ਵੈਸੇ ਵਰਿੰਦਰ ਲਾਲ ਚੋਪੜਾ ਵਰਗੇ ਵਿਗਿਆਨੀ ਕਾਰਨ ਵੀ ਪ੍ਰਸਿੱਧ ਹੈ। ਕਿਸਾਨ ਮੋਰਚੇ ਵਾਲਿਆਂ ਭਾਵੇਂ ਬਹੁਤਾ ਨਹੀਂ ਗੌਲਿਆ ਪਰ ਵਰਿੰਦਰ ਲਾਲ ਚੋਪੜਾ ਦਾ ਕਣਕ ਦੀ ਪੈਦਾਵਾਰ ਵਧਾਉਣ ਵਿਚ ਬੜਾ ਯੋਗਦਾਨ ਹੈ ਅਤੇ ਉਹ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਦੇ ਚੇਅਰਮੈਨ ਵੀ ਰਹੇ। ਇੱਕ ਪਦਮ ਭੂਸ਼ਣ ਵੀ ਉਹਨਾਂ ਦੀ ਝੋਲੀ ਪਿਆ। ਇਤਫਾਕਨ, ਇਹ ਵੀ ਦੱਸ ਦਿਆਂ ਕਿ ਮੁਸਾਫ਼ਿਰ ਨੂੰ ਵੀ ਪਦਮ ਵਿਭੂਸ਼ਨ ਨਾਲ ਨਿਵਾਜਿਆ ਗਿਆ ਸੀ। ਉਂਝ, ਇਸੇ ਪਿੰਡ ਤੋਂ ਬਾਬਾ ਬੂਟਾ ਸਿੰਘ ਜੀ ਨਿਰੰਕਾਰੀ ਵਰਗੇ ਅਧਿਆਤਮਿਕ ਵਿਅਕਤੀ ਵੀ ਆਏ ਜਿਨ੍ਹਾਂ ਨੇ ‘ਸੰਤ ਨਿਰੰਕਾਰੀ ਮਿਸ਼ਨ’ ਦੀ ਸਥਾਪਨਾ ਕੀਤੀ। ਅੱਜ ਇਸ ਸੰਪਰਦਾ ਦਾ ਨਾਮ ਸੁਣ ਪੰਥਕ ਹਲਕੇ ਵੱਖਰੀ ਸੁਰ ਵਿਚ ਵਿਚਾਰ ਪ੍ਰਗਟ ਕਰਦੇ ਹਨ ਪਰ ਸਪੱਸ਼ਟ ਹੈ ਕਿ ਬਾਗ਼ੀ ਦੀ ਧੀ ਦੇ ਸਮਿਆਂ ਵਿਚ ਪੰਥਪ੍ਰਸਤੀ ਅਤੇ ਕੌਮੀ ਝੰਡੇ ਦੀ ਪ੍ਰਸਤੀ ਵਿਚਕਾਰ ਕੋਈ ਲਾਲ ਸੂਹੀ ਲਕੀਰ ਨਹੀਂ ਸੀ। ਬਸ ਭਾਵਨਾਵਾਂ, ਕੁਰਬਾਨੀ ਦੇ ਜਜ਼ਬੇ, ਪੰਥ ਪਿਆਰ ਦਾ ਗ਼ਦਰ ਮੱਚਿਆ ਪਿਆ ਸੀ। ਐਸੇ ਹੀ ਸਮਿਆਂ ਵਿਚ ਕਿਸ਼ਨ ਸਿੰਘ ਅਤੇ ਸ਼ਰਨ ਕੌਰ ਵਰਗੀਆਂ ਜੋੜੀਆਂ ਹੋਣੀਆਂ ਸਨ।
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਭਾਈ ਜੋਧ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਅਤੇ ਪ੍ਰੋ: ਮੋਹਨ ਸਿੰਘ ਨਾਲ ਉਸ ਪੀੜ੍ਹੀ ਦੇ ਵੱਡੇ ਪੋਠੋਹਾਰੀਆਂ ਦੀ ਲੜੀ ਦਾ ਹਿੱਸਾ ਸਨ। ਪੋਠੋਹਾਰ ਦੇ ਕਲਰ ਕਹਾਰ ਕਸਬੇ ਵਿਚ ਅਧਿਆਪਕ ਦੀ ਨੌਕਰੀ ਮਿਲੀ। ਨਾਲ ਲੱਗੇ ਸਾਥੀ ਅਧਿਆਪਕ ਦਾ ਨਾਮ ਸੀ ਗਿਆਨੀ ਹੀਰਾ ਸਿੰਘ ਦਰਦ। ਅਤੇ ਦੋਹਾਂ ਦਾ ਪ੍ਰਿੰਸੀਪਲ ਰੂਹ-ਸ਼ਨਾਸ ਆਦਮੀ ਸੀ ਜਿਸ ਦਾ ਨਾਮ ਸੀ ਮਾਸਟਰ ਤਾਰਾ ਸਿੰਘ! ਕੀ ਨਹੀਂ ਕੁਰਬਾਨ ਕਰ ਦਿਆਂਗਾ ਮੈਂ ਅੱਜ ਉਸ ਸਕੂਲ ਦਾ ਵਿਦਿਆਰਥੀ ਹੋਣ ਲਈ?
ਮੈਨੂੰ ਹਾਲੇ ਵੀ ਠੀਕ ਠੀਕ ਨਹੀਂ ਪਤਾ ਕਿ ਮੁਸਾਫ਼ਿਰ ਨੇ ‘ਬਾਗ਼ੀ ਦੀ ਧੀ’ ਕਦੋਂ ਲਿਖੀ ਸੀ। ਮੈਂ ਮੁਕੇਸ਼ ਗੌਤਮ ਨੂੰ ਫ਼ੋਨ ਕਰਕੇ ਪੁੱਛਣਾ ਚਾਹੁੰਦਾ ਸੀ ਪਰ ਜੇ ਉਹਨਾਂ ਪੁੱਛ ਲਿਆ ਕਿਉਂ ਜਾਣਨਾ ਚਾਹੁੰਦਾ ਹਾਂ ਮੈਂ ਤਾਂ ਸ਼ਾਇਦ ਕੁਝ ਲਿਖਣ ਤੋਂ ਹੀ ਨਾ ਮਨ੍ਹਾ ਕਰ ਦੇਣ। ਡਰਦੇ ਨੇ ਪੁੱਛਿਆ ਨਹੀਂ। ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਮੇਰੇ ਮਿੱਤਰ ਬਲਵਿੰਦਰ ਨੇ ਮੈਨੂੰ 1954 ਦੀ ਸਿੱਖ ਪਬਲਿਸ਼ਿੰਗ ਹਾਊਸ ਅੰਮ੍ਰਿਤਸਰ ਦੀ ਛਾਪੀ ‘ਸਭ ਹੱਛਾ’ ਸਿਰਲੇਖ ਵਾਲੀ ਕਿਤਾਬ ਲੱਭ ਦਿੱਤੀ ਹੈ। ਸਾਫ਼ ਹੈ ਕਿ ਕਹਾਣੀ ਸੰਤਾਲੀ ਤੋਂ ਪਹਿਲਾਂ ਦੀ ਹੈ।
ਮਰਹੂਮ ਕਰਤਾਰ ਸਿੰਘ ਕਾਲੜਾ ਨਾਲ ਆਖ਼ਿਰੀ ਦਹਾਕੇ ਮੇਰੀ ਬੜੀ ਚੰਗੀ ਸ਼ਨਾਸਾਈ ਰਹੀ। ਉਹ ਪੰਜਾਬੀ ਆਲੋਚਨਾ ਦੀ ਦੁਨੀਆ ਦੇ ਵੱਡੇ ਸ਼ਖਸ ਸਨ, ਗ਼ਜ਼ਲਗੋਈ ਅਤੇ ਅਰੂਜ਼ ਪਿੰਗਲ ਦੇ ਐਸੇ ਉਸਤਾਦ ਸਨ ਜਿਨ੍ਹਾਂ ਨੂੰ ਆਪਣੇ ਹੱਕ ਤੋਂ ਬਹੁਤ ਘੱਟ ਪਜ਼ੀਰਾਈ ਹਾਸਿਲ ਹੋਈ। ਉਹਨਾਂ ਆਪਣੀ ਵਫ਼ਾਤ ਤੋਂ ਕੋਈ ਦੋ ਕੁ ਵਰ੍ਹੇ ਪਹਿਲੋਂ ਹੀ ਮੈਨੂੰ ਦੱਸਿਆ ਸੀ ਕਿ ਗੁਰਮੁਖ ਸਿੰਘ ਦੇ ਕਹਾਣੀ ਦਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਨਾਨਕ ਸਿੰਘ ‘ਤਾਸ਼ ਦੇ ਪੱਤੇ’ ਲਿਖ ਚੁੱਕਾ ਸੀ, ਗੁਰਬਖਸ਼ ਸਿੰਘ ਨੇ ‘ਅਣਵਿਆਹੀ ਮਾਂ’ ਨਾਲ ਆਪਣੀ ਪਛਾਣ ਬਣਾ ਲਈ ਸੀ ਅਤੇ ਸੰਤ ਸਿੰਘ ਸੇਖੋਂ ਦੀ ‘ਪੇਮੀ ਦੇ ਨਿਆਣੇ’ ਧੁੰਮਾ ਪਾ ਚੁੱਕੀ ਸੀ। ਸੋ, ਮੈਦਾਨ ਵਿਚ ਜਗ੍ਹਾ ਕਿੱਥੇ ਸੀ? ਕ੍ਰਿਸ਼ਨ ਚੰਦਰ, ਰਜਿੰਦਰ ਸਿੰਘ ਬੇਦੀ, ਉਪੇਂਦਰ ਨਾਥ ਅਸ਼ਕ ਅਤੇ ਸਆਦਤ ਹਸਨ ਮੰਟੋ ਪਹਿਲਾਂ ਹੀ ਲਘੂ ਗਲਪ ਦੇ ਖੇਤਰ ਵਿਚ ਰਾਜ ਕਰ ਰਹੇ ਸਨ। ਇਹ ਉਹ ਦੌਰ ਸੀ ਜਦੋਂ ਮੁਸਾਫ਼ਿਰ ਨੇ ‘ਬਾਗ਼ੀ ਦੀ ਧੀ’ ਲਿਖੀ ਸੀ।
“ਸੋਚ ਕੇ ਦੇਖ, ਕਿਆ ਸਮਾਂ ਹੋਵੇਗਾ!” ਕਾਲੜਾ ਸਾਹਿਬ ਕਹਿੰਦੇ। ਉਹਨਾਂ ਦੇ ਚਲਾਣੇ ਤੋਂ ਬਾਅਦ ਮੈਂ ਇੱਕ ਦਿਨ ਸਾਹਿਤ ਜਗਤ ਵਿਚ ਖੂਬਸੂਰਤ ਬਾਤ ਪਾਉਣ ਦੀ ਕਲਾ ਰੱਖਦੇ ਗੁਰਭਜਨ ਗਿੱਲ ਨੂੰ ਪੁੱਛਿਆ ਕਿ ਕਰਤਾਰ ਸਿੰਘ ਕਾਲੜਾ ਦੇ ਬਹੁਤੇ ਸੋਹਲੇ ਕਿਉਂ ਨਹੀਂ ਸੁਣਨ ਨੂੰ ਮਿਲੇ? ਉਹ ਕਹਿਣ ਲੱਗੇ ਪਈ ਆਦਮੀ ਤਾਂ ਉਹ ਬਹੁਤ ਵੱਡਾ ਸੀ ਪਰ ਕਿਸੇ ਧੜੇ ਨਾਲ ਨਹੀਂ ਸੀ, ਇਸ ਲਈ ਮਰਨ ਦੀ ਖ਼ਬਰ ਆਈ ਤਾਂ ਆਪਣੇ ਆਪ ਨੂੰ ਕੇਂਦਰੀ ਦੱਸਦੀ ਸਾਹਿਤ ਸਭਾ ਨੇ ਪ੍ਰੈਸ ਰਿਲੀਜ਼ ਨਾਲ ਹੀ ‘ਇੰਨਾ ਲਿਲਾਹੀ ਵਾ ਇੰਨਾਂ ਇਲਾਹੀ ਰਾਜਿਉਣ’ ਵਾਲੀ ਰਸਮ ਨਿਭਾ ਦਿੱਤੀ। ਮੈਂ ਅੱਗਿਓਂ ਚੁੱਪ ਹੀ ਹੋ ਗਿਆ। ਕਾਵਾਂ ਦੀ ਚਲਦੀ ਹੈ, ਢੱਗੇ ਹੁਣ ਆਪਣੀ ਮੌਤ ਕਿੱਥੇ ਮਰਦੇ ਹਨ।
ਮੇਰਾ ਸਾਹਿਤ ਨਾਲ ਬਹੁਤ ਵਾਹ ਵਾਸਤਾ ਕਦੀ ਰਿਹਾ ਨਹੀਂ। ਦਸਵੀਂ ਜਮਾਤ ਤੋਂ ਬਾਅਦ ਕਦੀ ਕਵਿਤਾ ਕਹਾਣੀ ਨਾਲ ਮਿਲਣੀ ਨਹੀਂ ਹੋਈ। ਵਿਗਿਆਨ ਦੀਆਂ ਕਿਤਾਬਾਂ ਨਾਲ ਸ਼ੈਲਫਾਂ ਭਰ ਗਈਆਂ। ਜੀਵ ਵਿਗਿਆਨ ਵਿਚ ਦਿਲਾਂ ਰੂਹਾਂ ਦੀ ਕੋਈ ਗੱਲ ਨਹੀਂ ਹੁੰਦੀ। ਸੋ, ਇਹ ਕਦੀ ਨਾ ਪੜ੍ਹਨ ਸੁਣਨ ਨੂੰ ਮਿਲਿਆ ਕਿ ਕਿਸ ਧੁਰ ਅੰਦਰਲੇ ਦਰਦ ਵਿਚੋਂ ਲਾਜ ਜਨਮੀ ਹੋਵੇਗੀ? ਕਿਉਂ ਕੋਈ ਹਸਾਸ ਵਿਅਕਤੀ ਲਾਜ ਨੂੰ ਮਰਨ ਦੇਵੇਗਾ? (ਡਿਕਨਜ਼, ਇਹ ਸਵਾਲ ਤੈਨੂੰ ਵੀ ਹੈ!) ਕਈ ਸਾਲ ਪਹਿਲਾਂ ਮੈਂ ਕਿਤੇ ਪੜ੍ਹਿਆ ਸੀ ਕਿ ਮੁਸਾਫ਼ਿਰ ਨੇ ਆਪਣੀ ਹਕੀਕੀ ਜ਼ਿੰਦਗੀ ਵਿਚ ਜਵਾਨ ਕਿਸ਼ੋਰ ਉਮਰ ਧੀ ਗਵਾਈ ਸੀ ਅਤੇ ਉਸ ਗਮ ਵਿਚੋਂ ਕਹਾਣੀ ਦਾ ਜਨਮ ਹੋਇਆ ਸੀ ਪਰ ਹੁਣ ਮੈਨੂੰ ਉਹ ਹਵਾਲਾ ਯਾਦ ਨਹੀਂ। ਹਾਂ, ਇੰਨਾ ਜ਼ਰੂਰ ਜਾਣਦਾ ਹਾਂ ਕਿ ਉਹ ਆਪਣੇ ਪਿਤਾ ਨੂੰ ਆਖ਼ਿਰੀ ਵਾਰ ਦੇਖਣਾ ਚਾਹੁੰਦੇ ਸਨ ਪਰ ਜੇਲ੍ਹ ਵਿਚ ਹੀ ਸਨ ਜਦੋਂ ਪਿਤਾ ਰੁਖ਼ਸਤਗੀ ਪਾ ਗਏ। ਕੀ ਕਹਾਣੀ ਨਿੱਜੀ ਦੁੱਖ ਦੇ ਅਜਿਹੇ ਤੀਬਰ ਤੱਤਾਂ ‘ਚੋਂ ਉਪਜੀ ਹੋਵੇਗੀ?
1997 ਵਿਚ ਜਦੋਂ ਕਰਤਾਰ ਸਿੰਘ ਦੁੱਗਲ ਨੂੰ ਤਾਜ਼ਾ-ਤਾਜ਼ਾ ਰਾਜ ਸਭਾ ਐੱਮ.ਪੀ. ਦੇ ਤੌਰ ‘ਤੇ ਨਾਮਜ਼ਦ ਕੀਤਾ ਗਿਆ ਸੀ ਤਾਂ ਉਹ ਅਕਸਰ ਹੀ ਸੰਸਦ ਦੀ ਪਹਿਲੀ ਮੰਜ਼ਿਲ ‘ਤੇ ਸਾਡੇ ਕਮਰੇ ਪੀ.ਟੀ.ਆਈ. ਦੇ ਕੈਂਪ ਆਫਿਸ ਵਿਚੋਂ ਲੰਘ ਕੇ ਸਦਨ ਵਿਚ ਜਾਂਦੇ। ਇਹ ਰਸਤਾ ਸ਼ਾਰਟ ਕੱਟ ਜੋ ਸੀ। ਕਈ ਵਾਰ ਉਹ ਕਮਰੇ ਵਿਚ ਪੰਜਾਬੀ ਬੋਲਣ ਵਾਲੇ ਇਕਲੌਤੇ ਪੱਗ ਵਾਲੇ ਮੁੰਡੇ ਕੋਲ ਰੁਕ ਜਾਂਦੇ, ਥੋੜ੍ਹੀ ਜਿਹੀ ਗੱਲਬਾਤ ਕਰਦੇ। ਅਜਿਹੀ ਹੀ ਇਕ ਮਿਲਣੀ ਵੇਲੇ ਉਹਨਾਂ ਮੈਨੂੰ ਮੁਸਾਫ਼ਿਰ ਬਾਰੇ ਨੈਸ਼ਨਲ ਬੁੱਕ ਟਰੱਸਟ ਦੀ ਛਾਪੀ ਛੋਟੀ ਜਿਹੀ ਜੀਵਨੀ ਦਿੱਤੀ। ਮੁਸਾਫ਼ਿਰ ਬਾਰੇ ਲੇਖ ਵੀ ਉਹਨਾਂ ਦਾ ਆਪਣਾ ਲਿਖਿਆ ਸੀ ਅਤੇ ਚੰਦ ਕੁ ਕਹਾਣੀਆਂ ਦਾ ਇੰਤਖ਼ਾਬ ਵੀ ਉਹਨਾਂ ਆਪ ਹੀ ਕੀਤਾ ਸੀ। ‘ਬਾਗ਼ੀ ਦੀ ਧੀ’ ਦਾ ਅੰਗਰੇਜ਼ੀ ਅਨੁਵਾਦ ਵੀ ਇਸੇ ਵਿਚ ਸ਼ਾਮਲ ਸੀ। ਮੈਂ ਕਹਾਣੀ ਦੀ ਫੋਟੋ ਕਾਪੀ ਕਰਵਾ ਕੇ ਪੀ.ਟੀ.ਆਈ. ਵਿਚ ਆਪਣੇ ਸਾਥੀਆਂ ਵਿਚ ਵੰਡੀ ਪਰ ਮੈਨੂੰ ਕਦੀ ਵੀ ‘ਖਾਲਸਾ ਇਜ਼ ਰੈਡੀ (ਠਹੲ ਖਹਅਲਸਅ ਸਿ ਰੲਅਦੇ) ਵਾਲਾ ਤਰਜਮਾ ਚੰਗਾ ਨਹੀਂ ਲੱਗਿਆ। ਜਿਹੜੀ ਗੱਲ “ਲੌ, ਖਾਲਸਾ ਤਿਆਰ-ਬਰ-ਤਿਆਰ ਹੈ” ਵਿਚ ਸੀ, ਉਹ ਸੁਰ ਨਹੀਂ ਛੋਂਹਦਾ ਇਹ ਜੁਮਲਾ। ਨਾਲੇ ਕਿੱਥੇ ‘ਬਾਗ਼ੀ ਦੀ ਧੀ’ ਤੇ ਕਿੱਥੇ ‘ਦਿ ਰੈਬਲਜ਼ ਡੌਟਰ’
1982 ਤੋਂ ਬਾਅਦ ਇੱਕ ਯੁੱਗ ਗੁਜ਼ਰਿਆ ਹੈ। ਹੁਣ ਅਕਾਲ ਤਖ਼ਤ ਦੇ ਜਥੇਦਾਰ ਵੀ ਨਿਵੇਕਲੇ ਤਰੀਕੇ ਲੱਗਦੇ ਹਨ, ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਅਤੇ ਮੇਰੇ ਸੂਬੇ ਦੇ ਮੁੱਖ ਮੰਤਰੀ ਵੀ। ਹੁਣ ਤਾਂ ਮੈਂ ਵੀ ਕਿੰਨਾ ਬਦਲ ਗਿਆ ਹਾਂ। ਆਪਣੇ ਆਪ ਹੰਝੂ ਨਹੀਂ ਕਿਰਦੇ ਹੁਣ। ਮੁਕੇਸ਼ ਗੌਤਮ ਦੀ ਫਿਲਮ 11 ਨਵੰਬਰ ਨੂੰ ਸਿਨੇਮਾ ਘਰਾਂ ਵਿਚ ਲੱਗ ਰਹੀ ਹੈ। ਲਾਜ ਨਾਲ ਮੁਲਾਕਾਤ ਨੂੰ ਲੈ ਕੇ ਦਿਲ ਵਿਚ ਬਹੁਤ ਕੁਝ ਚੱਲ ਰਿਹਾ ਹੈ, ਦਿਲ ਉੱਤੇ ਵੀ ਬਹੁਤ ਕੁਝ ਬਰਪਾ ਹੈ। ਆਪਣੀ ਉਮਰ ਹੁਣ ਕਿਸ਼ਨ ਸਿੰਘ ਤੋਂ ਵਡੇਰੀ ਲੱਗਦੀ ਹੈ। ਹੁਣ ਤਕ ਤਾਂ ਆਪਣੇ ਕੁਝ ਹਮਉਮਰ ਦੋਸਤਾਂ ਦੇ ਸਸਕਾਰ ਵਿਚ ਵੀ ਸ਼ਰੀਕ ਹੋ ਚੁੱਕਾ ਹਾਂ, ਆਪਣੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਵੀ ਆਖਿ਼ਰੀ ਪਗਡੰਡੀ ਜਾਂਦਿਆਂ ਦੇਖ ਚੁੱਕਾ ਹਾਂ। 14 ਸਾਲ ਦੇ ਉਸ ਲੜਕੇ ਨਾਲੋਂ ਜ਼ਿਆਦਾ ਮੌਤਾਂ ਅਤੇ ਤਬਾਹੀ ਬਾਰੇ ਪੜ੍ਹਿਆ ਹੈ ਜੋ 1982 ਵਿਚ ਉਸ ਸਰਕਾਰੀ ਸਕੂਲ ਦੇ ਕਮਰੇ ਵਿਚ ਪਹਿਲੀ ਵਾਰ ਲਾਜ ਲਈ ਰੋਇਆ ਸੀ।
ਪੁਰਸ਼ੋਤਮ ਲਾਲ ਨਿਰਮਲ ਸਰ, ਮੈਂ ਹੁਣ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਵੀਰਾਂਵਾਲੀ ਦਾ ਵਾਹ ਕਿਉਂ ਨਹੀਂ ਚੱਲਿਆ। ਉਦੋਂ ਮੈਂ ਐਵੇਂ ਉਸ ਨਾਲ ਗੁੱਸੇ ਵਿਚ ਸੀ। ਹੁਣ ਮਿਲੇ ਤਾਂ ਮੁਆਫ਼ੀ ਮੰਗ ਲਵਾਂਗਾ। ਸਾਨੂੰ ਬਿਹਤਰ ਮਨੁੱਖ ਬਣਾਉਣ ਲਈ ਤੁਹਾਡਾ ਬਹੁਤ ਸਾਰਾ ਧੰਨਵਾਦ। ਸਰਕਾਰੀ ਸਕੂਲਾਂ ਦੇ ਮਾਸਟਰ ਹਾਲੇ ਵੀ ਇਹ ਕੰਮ ਕਰ ਰਹੇ ਹੋਣਗੇ, ਐਸੀ ਆਸ ਹੈ।
ਮੈਂ ਇਨ੍ਹੀਂ ਦਿਨੀਂ ‘ਓਲਡ ਕਿਓਰੌਸਿਟੀ ਸ਼ੌਪ’ ਦੁਬਾਰਾ ਪੜ੍ਹ ਰਿਹਾ ਹਾਂ, ਤੇ ਉਸ ਪੰਨੇ ‘ਤੇ ਪਹੁੰਚਣ ਵਿਚ ਹੁਣ ਕੁਝ ਹੀ ਦਿਨ ਬਾਕੀ ਹਨ ਜਿਸ ਨੂੰ ਮੈਂ ਕਈ ਸਾਲ ਪਹਿਲਾਂ ਮੋੜ ਕੇ ਰੱਖ ਦਿੱਤਾ ਸੀ ਕਿਉਂਜੋ ਉਹਨੂੰ ਪੜ੍ਹਨ ਤੋਂ ਡਰ ਲੱਗਦਾ ਸੀ। ਇਸ ਵਾਰ ਕੋਸ਼ਿਸ਼ ਰਹੇਗੀ ਕਿ ਬਿਨਾ ਰੋਇਆਂ ਪੜ੍ਹਿਆ ਜਾਵੇ। ਮੇਰੇ ਸ਼ਾਂਤ ਚਿੱਤ ਵਿਚ ਵੀ ਤਾਂ ਕਦੀ ਲਾਜ ਉਸ ਛੋਟੀ ਨੈੱਲ ਨੂੰ ਮਿਲੇ, ਟੈਗੋਰ ਦਾ ਫਟਿਕ ਵੀ ਉਥੇ ਆਵੇ। ਹੁਣ ਤਾਂ ਕਿੰਨਾ ਹੀ ਸਮਾਂ ਹੋ ਗਿਆ ਏ ਸਾਨੂੰ ਸਾਰਿਆਂ ਨੂੰ ਬਿਨਾ ਰੋਏ ਇਕੱਠੇ ਬੈਠਿਆਂ। ਮੇਰਾ ਝੂਠਾ ਸੱਚਾ ਜਿਹਾ ਵਾਅਦਾ ਹੈ ਕਿ ਮੈਂ ਨਹੀਂ ਰੋਵਾਂਗਾ।
ਤੁਸੀਂ ਵੀ ਨਾ ਰੋਣਾ ਪਰ ਲਾਜ ਨੂੰ ਮਿਲਣਾ। ‘ਬਾਗ਼ੀ ਦੀ ਧੀ’ ਨੂੰ। ਤੁਹਾਨੂੰ ਤਾਂ ਪਹਿਲਾਂ ਹੀ ਦੱਸ ਦਿੱਤਾ ਹੈ ਮੈਂ ਕਿ ਉਸ ਨਾਲ ਕੀ ਹੋਵੇਗਾ। 1982 ਵਿਚ ਮੈਂ ਕਲਾਸ ਦੇ ਹੁਸ਼ਿਆਰ-ਤਰੀਨ ਬੱਚਿਆਂ ਵਿਚ ਗਿਣਿਆ ਜਾਂਦਾ ਸਾਂ ਪਰ ਉਸ ਦਿਨ ਖ਼ਤਾ ਖਾ ਗਿਆ ਸਾਂ। ਮੁਸਾਫ਼ਿਰ ਜੀ ਦੀਆਂ ਆਖ਼ਿਰੀ ਸਤਰਾਂ ਸਨ: “ਲਾਜ ਦੇ ਕਮਰੇ ਵਿਚ ਪੁੱਜਣ ਤੱਕ ਉਸ ਦੇ ਸਾਰੇ ਅੱਥਰੂ ਵਗ ਚੁੱਕੇ ਸਨ। ਆਪਣੀ ਮਾਤਾ ਨੂੰ ਦੇਖ ਕੇ ਲਾਜ ਦੀਆਂ ਅੱਖਾਂ ਅੱਡੀਆਂ ਗਈਆਂ। ਸਵੇਰ ਦੇ ਦੀਵੇ ਦੀ ਇਹ ਆਖ਼ਿਰੀ ਝਲਕ ਸੀ।” ਸ਼ਾਇਦ ਮਨ ਇੰਨਾ ਉਦਾਸ ਸੀ ਕਿ ਲਾਜ ਨਾਲ ਕੀ ਹੋਇਆ, ਇਹ ਸਮਝਣ ਵਿਚ ਮੈਨੂੰ ਕੁਝ ਪਲ ਲੱਗ ਗਏ ਸਨ। ਜਦੋਂ ਸਮਝ ਆਈ ਤਾਂ ਫੁੱਟ ਪਿਆ ਸਾਂ। ਟੁੱਟ ਗਿਆ ਸਾਂ। ਕੁੱਲ 14 ਦਾ ਤਾਂ ਸਾਂ।
ਮੈਨੂੰ ਪਤਾ ਹੈ ਕਿ ਇਹ ਸਿਰਫ਼ ਕਹਾਣੀ ਹੈ। ‘ਓਲਡ ਕਿਓਰੌਸਿਟੀ ਸ਼ੌਪ’ ਵੀ ਤਾਂ ਸਿਰਫ ਇੱਕ ਕਹਾਣੀ ਹੀ ਸੀ। ‘ਘਰ ਵਾਪਸੀ’ ਵੀ ਸਿਰਫ ਕਹਾਣੀ ਹੀ ਸੀ। ਲਾਜ ਨੂੰ, ਛੋਟੀ ਨੈੱਲ ਨੂੰ, ਫਟਿਕ ਨੂੰ ਬਸ ਸਿਰਫ ਬੁਖ਼ਾਰ ਸੀ ਜੋ ਕਦੀ ਉਤਰਿਆ ਹੀ ਨਹੀਂ। ਮੈਨੂੰ ਹਾਲੇ ਵੀ ਫਟਿਕ ਦਿਸਦਾ ਰਹਿੰਦਾ ਹੈ, ਉਹ ਆਪਣਾ ਸਿਰ ਬਹੁਤ ਹੌਲੀ-ਹੌਲੀ ਮੋੜ ਰਿਹਾ ਹੈ, ਅਤੇ ਬਿਨਾ ਕਿਸੇ ਨੂੰ ਦੇਖੇ ਬੋਲ ਰਿਹਾ ਹੈ: “ਮਾਂ, ਛੁੱਟੀਆਂ ਆ ਗਈਆਂ ਹਨ।”
ਸਾਰੀਆਂ ਕਹਾਣੀਆਂ ਸਾਡੇ ਜੀਵਨ ਦੇ ਸਿਲੇਬਸ ਦਾ ਹਿੱਸਾ ਨਹੀਂ ਹੁੰਦੀਆਂ। ਕੁਝ ਆਪਣੇ ਆਪ ਵਿਚ ਜੀਵਨ ਹਨ। ਜੀਵਨ ਦੀ ਕਿਤਾਬ ਦੇ ਧਿਆਨ ਨਾਲ ਮੋੜ ਕੇ ਰੱਖੇ ਔਰਾਕ਼ ਹਨ। ਸਾਡੀ ਸਫਹਾ-ਏ-ਹਸਤੀ ਦਾ ਕੁੱਲ ਹਾਸਿਲ ਹਨ।
ਜੇ ਤੁਸੀਂ ‘ਬਾਗ਼ੀ ਦੀ ਧੀ’ ਦੇਖ ਲਵੋਗੇ ਤਾਂ ਫਿਰ ਸਾਡੇ ਕੋਲ ਗੱਲ ਕਰਨ ਲਈ ਹੋਰ ਬਹੁਤ ਕੁਝ ਹੋਵੇਗਾ। ਤੁਸੀਂ ਭੁੱਲ ਗਏ ਮੇਰੇ ਨਿਰਮਲ ਸਰ ਦੇ ਸ਼ਬਦ? ਧਿਆਨ ਨਾਲ ਸੁਣੋ, ਉਹ ਤੁਹਾਡੇ ਕੰਨ ਵਿਚ ਕਹਿ ਰਹੇ ਹਨ: ‘ਕੋਈ ਦੋ ਵਿਅਕਤੀ ਜਿਹੜੇ ਇੱਕੋ ਕੁੜੀ ਲਈ ਕਦੀ ਰੋਏ, ਜਿਨ੍ਹਾਂ ਕਦੀ ਇੱਕੋ ਲੜਕੇ ਦਾ ਦੁੱਖ ਜਾਣਿਆ, ਜਿਨ੍ਹਾਂ ਕਦੀ ਕਿਸੇ ਇੱਕ ਕਿਸ਼ਨ-ਸ਼ਰਨ ਵਰਗੇ ਮਾਂ-ਬਾਪ ਨੂੰ ਜਾਣਿਆ, ਜਿਨ੍ਹਾਂ ਕਿਸੇ ਸਾਂਝੀ ਜ਼ਿੰਦਗੀ ਨਾਲ ਸ਼ਨਾਸੀ ਕੀਤੀ, ਜਿਨ੍ਹਾਂ ਉਹੀ ਕਿਤਾਬਾਂ ਪੜ੍ਹੀਆਂ, ਉਹੀ ਫਿਲਮਾਂ ਦੇਖੀਆਂ, ਉਸੇ ਦੁਨੀਆ ਨੂੰ ਜਾਣਿਆ, ਉਹਨਾਂ ਕੋਲ ਗੱਲ ਕਰਨ ਲਈ ਹਜ਼ਾਰਾਂ ਸਾਂਝੀਆਂ ਕਹਾਣੀਆਂ ਹੋਣਗੀਆਂ।’
ਗੁਰਮੁਖ ਸਿੰਘ ਮੁਸਾਫ਼ਿਰ ਦੀ ਕਹਾਣੀ ਵਿਚ ਲਾਜ ਦੀ ਮਾਂ ਨੂੰ ਦੇਖ-ਭਾਲ ਕਰਨ ਵਾਲੇ ਨੇ ਆਖ਼ਿਰੀ ਸ਼ਬਦ ਕਹੇ ਸਨ: “ਹੁਣ ਤੇ ਜੀ ਉਹ ਤੁਹਾਨੂੰ ਹੀ ਉਡੀਕਦੀ ਹੈ।”
ਮੈਂ ਉੱਥੇ ਹੋਵਾਂਗਾ ਲਾਜ। 11 ਨਵੰਬਰ ਨੂੰ ਆਪਾਂ ਮਿਲਾਂਗੇ। ਮੁਕੇਸ਼ ਗੌਤਮ ਕੋਈ ਵੀ ਨਾਓਂ ਰੱਖਿਆ ਹੋਵੇ ਤੇਰਾ, ਜ਼ਮਾਨਾ ਤੈਨੂੰ ਮੁਸਾਫ਼ਿਰ ਦੀ ‘ਬਾਗ਼ੀ ਦੀ ਧੀ’ ਨੂੰ ਕਦੀ ਨਹੀਂ ਭੁੱਲੇਗਾ। ਉਦੋਂ ਤੂੰ ਮੈਥੋਂ ਜੂਨੀਅਰ ਜਮਾਤਣ ਲੱਗਦੀ ਸੀ, ਹੁਣ ਧੀ ਵਰਗੀ। ਚਾਲੀ ਸਾਲਾਂ ਬਾਅਦ ਵੀ ਮੈਂ ਤੈਨੂੰ ਪਛਾਣ ਲਵਾਂਗਾ।