ਰੌਲਾ-ਰੱਪਾ ਪਾ ਕੇ ਹੀ ਲੰਘਾਇਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਰੌਲੇ ਰੱਪੇ ਵਿਚ ਹੀ ਲੰਘ ਗਿਆ। ਵਿਰੋਧੀ ਧਿਰਾਂ ਨੇ ਜਿਥੇ ਆਪ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਉਤੇ ਹਾਕਮ ਧਿਰ ਨੇ ਪਿਛਲੀਆਂ ਸਰਕਾਰਾਂ ਸਮੇਂ ਹੋਏ ਘਪਲਿਆਂ ਤੇ ਨਕਾਮੀਆਂ ਦਾ ਚਿੱਠਾ ਖੋਲ੍ਹ ਕੇ ਆਪਣਾ ਬਚਾਅ ਕੀਤਾ।

ਵਿਰੋਧੀ ਧਿਰਾਂ ਦਾ ਮੁੱਖ ਨਿਸ਼ਾਨਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਇਕ ‘ਵਾਇਰਲ ਆਡੀਓ` ਰਹੀ। ਸਦਨ ਦੀ ਕਾਰਵਾਈ ਸ਼ੁਰੂ ਹੋਣ `ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿਫਰ ਕਾਲ ਦਾ ਐਲਾਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਦਾ ਮੌਕਾ ਦਿੱਤਾ ਤਾਂ ਉਨ੍ਹਾਂ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਮੰਤਰੀ ਮੰਡਲ `ਚੋਂ ਬਰਖਾਸਤ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ। ਵਿਰੋਧੀ ਧਿਰ ਨੇ ਇਸ ਮੁੱਦੇ `ਤੇ ਸਰਕਾਰ ਤੇ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਮੰਗ ਕੀਤੀ ਤਾਂ ਸਪੀਕਰ ਨੇ ਸਪੱਸ਼ਟ ਕੀਤਾ ਕਿ ਸਿਫਰ ਕਾਲ ਦੌਰਾਨ ਉਠੇ ਕਿਸੇ ਵੀ ਮੁੱਦੇ `ਤੇ ਸਪੀਕਰ ਸਰਕਾਰ ਨੂੰ ਜਵਾਬ ਦੇਣ ਲਈ ਪਾਬੰਦ ਨਹੀਂ ਕਰ ਸਕਦਾ।
ਮੁੱਖ ਮੰਤਰੀ ਦੇ ਬਿਆਨ ‘ਤੇ ਅੜੀ ਵਿਰੋਧੀ ਧਿਰ ਨੇ ਜਦੋਂ ਸਦਨ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਸਪੀਕਰ ਵੱਲੋਂ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਇਸ ਤੋਂ ਬਾਅਦ ਵੀ ਵਿਰੋਧੀ ਧਿਰ ਨੇ ਸਦਨ ਦੀ ਕਾਰਵਾਈ ਖ਼ਤਮ ਹੋਣ ਤੱਕ ਹੰਗਾਮਾ ਜਾਰੀ ਰੱਖਿਆ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ਵਿਚ ਪੈਸੇ ਦੀ ਵਸੂਲੀ ਦੀ ਗੱਲਬਾਤ ਸਪੱਸ਼ਟ ਸੁਣਾਈ ਦਿੰਦੀ ਹੈ ਤੇ ਮੰਤਰੀ ਨੇ ਵੀ ਆਡੀਓ ਸਹੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਲਈ ਜੇਕਰ ਵਿਜੈ ਸਿੰਗਲਾ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਇਕ ਇਮਾਨਦਾਰ ਸਰਕਾਰ ਇਸ ਮੰਤਰੀ ਦੇ ਮਾਮਲੇ ‘ਚ ਪੱਲਾ ਕਿਉਂ ਝਾੜ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਮ ਆਦਮੀ ਪਾਰਟੀ‘ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਸੀ ਤੇ ਇਹ ਬਦਲਾਅ ਹਕੀਕੀ ਰੂਪ ਵਿਚ ਦਿਖਾਈ ਦੇਣਾ ਚਾਹੀਦਾ ਹੈ। ਇਸ ਮੁੱਦੇ ‘ਤੇ ਸੁਖਪਾਲ ਸਿੰਘ ਖਹਿਰਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੋਲਣ ਦਾ ਯਤਨ ਕੀਤਾ ਪਰ ਸਪੀਕਰ ਨੇ ਦੋਵਾਂ ਨੂੰ ਇਜਾਜ਼ਤ ਨਹੀਂ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ-ਮੌਜੂਦਗੀ ਵਿੱਚ ਹੋਏ ਇਸ ਘਟਨਾਕ੍ਰਮ ਦੌਰਾਨ ਫੌਜਾ ਸਿੰਘ ਸਰਾਰੀ ਵੀ ਸਦਨ ਵਿਚ ਬੈਠੇ ਸਨ। ਕਾਂਗਰਸ ਦੇ ਵਿਧਾਇਕ ਜਦੋਂ ਇਸ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕਰਦੇ ਸਨ ਤਾਂ ਹਾਕਮ ਧਿਰ ਦੇ ਜ਼ਿਆਦਾਤਰ ਮੈਂਬਰ ਕਾਂਗਰਸੀਆਂ ‘ਤੇ ਭ੍ਰਿਸ਼ਟ ਅਤੇ ਭਾਜਪਾ ਦੀ ‘ਬੀ‘ ਟੀਮ ਹੋਣ ਦੇ ਦੋਸ਼ ਲਾ ਰਹੇ ਸਨ।
ਉਧਰ, ਪੰਜਾਬ ਵਿਧਾਨ ਸਭਾ ਵਿਚ ਗੈਰ-ਸਰਕਾਰੀ ਮਤੇ ‘ਤੇ ਹੋਈ ਚਰਚਾ ਦੌਰਾਨ ‘ਆਪ‘ ਦੇ ਵਿਧਾਇਕਾਂ ਨੇ ਕਾਂਗਰਸ ‘ਤੇ ਤਿੱਖੇ ਨਿਸ਼ਾਨੇ ਸੇਧੇ ਹਨ। ਹਾਕਮ ਧਿਰ ਦੇ ਵਿਧਾਇਕਾਂ ਨੇ ਦਲਿਤਾਂ ਦਾ ਵਜ਼ੀਫਾ ਹੜੱਪਣ ਅਤੇ ਗਰੀਬ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਦੋਸ਼ ਲਾਏ ਹਨ। ਇਸ ਮਤੇ ‘ਤੇ ਹੋਈ ਚਰਚਾ ਦੌਰਾਨ ਕਾਂਗਰਸ ਦੇ ਵਿਧਾਇਕ ਪ੍ਰਦਰਸ਼ਨ ਕਰ ਰਹੇ ਸਨ।
‘ਆਪ` ਵਿਧਾਇਕਾਂ ਵੱਲੋਂ ਕਾਂਗਰਸੀ ਮੈਂਬਰਾਂ ਨੂੰ ਚਰਚਾ ਵਿਚ ਹਿੱਸਾ ਲੈਣ ਲਈ ਕਿਹਾ ਗਿਆ। ਹਾਕਮ ਧਿਰ ਦੇ ਮੈਂਬਰਾਂ ਨੇ ਰੌਲਾ ਰੱਪਾ ਪਾ ਰਹੇ ਵਿਰੋਧੀ ਧਿਰ ਦੇ ਮੈਂਬਰਾਂ `ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਵੀ ਲਾਏ। ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਮਤਾ ਪੇਸ਼ ਕਰਦਿਆਂ ਕਿਹਾ, “ਇਹ ਸਦਨ ਰਾਜ ਸਰਕਾਰ ਨੂੰ ਪੁਰਜ਼ੋਰ ਸਿਫਾਰਿਸ਼ ਕਰਦਾ ਹੈ ਕਿ ਦਲਿਤ ਬੱਚਿਆਂ ਨੂੰ ਸਮੇਂ ਸਿਰ ਵਜ਼ੀਫਾ ਨਾ ਮਿਲਣ ਕਾਰਨ ਬੱਚਿਆਂ ਦੇ ਸਰਟੀਫਿਕੇਟ ਵਿੱਦਿਅਕ ਅਦਾਰਿਆਂ ਵੱਲੋਂ ਨਹੀਂ ਦਿੱਤੇ ਜਾਂਦੇ, ਇਸ ਲਈ ਦਲਿਤ ਬੱਚਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ।”
ਮਤੇ ‘ਤੇ ਹੋਈ ਚਰਚਾ ਦੌਰਾਨ ਵਿਧਾਇਕਾ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਮੰਤਰੀ ਤੇ ਹੋਰਨਾਂ ਨੇ ਦਲਿਤਾਂ ਨੂੰ ਦਿੱਤੇ ਜਾਣ ਵਾਲੇ ਵਜ਼ੀਫੇ ਡਕਾਰੇ ਅਤੇ ਵੱਡੇ ਘਪਲੇ ਕੀਤੇ ਹਨ। ਇਹੀ ਕਾਰਨ ਹੈ ਕਿ ਦਲਿਤ ਬੱਚੇ ਡਿਗਰੀਆਂ ਲੈ ਲਈ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਪਲੇਬਾਜਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਕਲੀਨ ਚਿੱਟਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਜਦੋਂ ਗਰੀਬਾਂ ਦੇ ਵਜ਼ੀਫਿਆਂ ਦੀ ਗੱਲ ਹੋ ਰਹੀ ਹੈ ਤਾਂ ਕਾਂਗਰਸ ਦੇ ਵਿਧਾਇਕ ਚਰਚਾ ‘ਚ ਹਿੱਸਾ ਲੈਣ ਦੀ ਥਾਂ ਭੱਜਣ ਦੇ ਮੌਕੇ ਲੱਭ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਜਿਹੜੇ ਕਾਂਗਰਸੀ ਰੌਲਾ ਪਾ ਰਹੇ ਹਨ, ਉਨ੍ਹਾਂ ਦੇ ਹਲਕਿਆਂ ਦੇ ਦਲਿਤਾਂ ਦੇ ਹੱਕ ਵੀ ਕਾਂਗਰਸ ਨੇ ਹੀ ਮਾਰੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਚੁੱਪ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਤਿੰਨੋਂ ਵਿਧਾਇਕਾਂ ਨੇ ਕਾਂਗਰਸ ਵੱਲੋਂ ਫੌਜਾ ਸਿੰਘ ਸਰਾਰੀ ਦੇ ਮੁੱਦੇ ‘ਤੇ ਕਾਂਗਰਸ ਦੇ ਪ੍ਰਦਰਸ਼ਨ ਦਾ ਕੋਈ ਸਾਥ ਨਾ ਦਿੱਤਾ। ਮਨਪ੍ਰੀਤ ਸਿੰਘ ਇਯਾਲੀ, ਗਨੀਵ ਮਜੀਠੀਆ ਅਤੇ ਡਾ. ਸੁਖਵਿੰਦਰ ਸਿੰਘ ਸੁੱਖੀ ਚੁੱਪ-ਚਾਪ ਬੈਠੇ ਰਹੇ। ‘ਆਪ‘ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਜਦੋਂ ਬਰਗਾੜੀ ਮਾਮਲੇ ‘ਤੇ ਸੁਖਬੀਰ ਸਿੰਘ ਬਾਦਲ ‘ਤੇ ਬਰਗਾੜੀ ਮੁੱਦੇ ਨੂੰ ਲੈ ਕੇ ਨਿਸ਼ਾਨਾ ਸੇਧਿਆ ਤਾਂ ਅਕਾਲੀ ਦਲ ਦੇ ਦੋ ਵਿਧਾਇਕ ਡਾ. ਸੁੱਖੀ ਤੇ ਸ੍ਰੀਮਤੀ ਮਜੀਠੀਆ ਬੋਲਣ ਲਈ ਖੜ੍ਹੇ ਹੋਏ। ਹੰਗਾਮੇ ਦੌਰਾਨ ਆਪਣੀ ਗੱਲ ਨਾ ਆਖ ਸਕੇ ਤਾਂ ਤਿੰਨੋਂ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਮਨਪ੍ਰੀਤ ਸਿੰਘ ਇਯਾਲੀ ਤਾਂ ਸੁਖਬੀਰ ਸਿੰਘ ਬਾਦਲ ਦੇ ਹੱਕ ‘ਚ ਖੜ੍ਹੇ ਵੀ ਨਾ ਹੋਏ।