ਵੰਡ ਵੇਲੇ ਵਿਛੜੇ ਭੈਣ-ਭਰਾ ਦਾ ਹੋਇਆ ਮੇਲ

ਇਸਲਾਮਾਬਾਦ: ਦੇਸ਼ ਵੰਡ ਵੇਲੇ ਆਪਣੇ ਪਰਿਵਾਰ ਤੋਂ ਵਿੱਛੜਨ ਤੋਂ 75 ਸਾਲ ਬਾਅਦ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਪਾਕਿਸਤਾਨ ਤੋਂ ਆਈ ਆਪਣੀ ਮੁਸਲਿਮ ਭੈਣ ਨੂੰ ਮਿਲਣ ‘ਤੇ ਜਲੰਧਰ ਦੇ ਅਮਰਜੀਤ ਸਿੰਘ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।
ਵੰਡ ਵੇਲੇ ਪਾਕਿਸਤਾਨ ਜਾ ਰਹੇ ਪਰਿਵਾਰ ਤੋਂ ਅਮਰਜੀਤ ਸਿੰਘ ਤੇ ਉਸ ਦੀ ਭੈਣ ਵਿੱਛੜ ਗਏ ਸਨ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਵ੍ਹੀਲਚੇਅਰ ਉਤੇ ਅਮਰਜੀਤ ਸਿੰਘ ਦੀ ਆਪਣੀ ਭੈਣ ਕੁਲਸੂਮ ਅਖਤਰ ਨਾਲ ਭਾਵੁਕ ਮੁਲਾਕਾਤ ਹੋਣ ਉਤੇ ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਅਮਰਜੀਤ ਸਿੰਘ ਆਪਣੀ ਭੈਣ ਨੂੰ ਮਿਲਣ ਲਈ ਵੀਜ਼ਾ ਲੈ ਕੇ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚਿਆ। 65 ਸਾਲਾ ਕੁਲਸੂਮ ਭਰਾ ਨੂੰ ਦੇਖ ਕੇ ਆਪਣੀਆਂ ਭਾਵਨਾਵਾਂ ਉਤੇ ਕਾਬੂ ਨਹੀਂ ਰੱਖ ਸਕੀ। ਦੋਵੇਂ ਇਕ ਦੂਜੇ ਨੂੰ ਜੱਫੀ ਪਾ ਕੇ ਰੋਂਦੇ ਰਹੇ। ਉਹ ਆਪਣੇ ਭਰਾ ਨੂੰ ਮਿਲਣ ਲਈ ਆਪਣੇ ਪੁੱਤਰ ਸ਼ਹਿਜਾਦ ਅਹਿਮਦ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਫੈਸਲਾਬਾਦ ਸਥਿਤ ਆਪਣੇ ਜੱਦੀ ਸ਼ਹਿਰ ਤੋਂ ਗਈ ਸੀ। ਕੁਲਸੂਮ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ 1947 ਵਿਚ ਜਲੰਧਰ ਤੋਂ ਪਾਕਿਸਤਾਨ ਜਾਣ ਵੇਲੇ ਪੁੱਤ ਤੇ ਧੀ ਤੋਂ ਵਿੱਛੜ ਗਏ ਸਨ। ਕੁਲਸੂਮ ਨੇ ਕਿਹਾ ਕਿ ਉਹ ਪਾਕਿਸਤਾਨ ਵਿਚ ਪੈਦਾ ਹੋਈ ਸੀ ਅਤੇ ਆਪਣੀ ਮਾਂ ਤੋਂ ਆਪਣੇ ਗੁਆਚੇ ਹੋਏ ਭਰਾ ਅਤੇ ਭੈਣ ਬਾਰੇ ਸੁਣਦੀ ਸੀ। ਉਸ ਨੇ ਦੱਸਿਆ ਕਿ ਉਸ ਦੀ ਮਾਂ ਜਦੋਂ ਵੀ ਆਪਣੇ ਗੁੰਮ ਹੋਏ ਬੱਚਿਆਂ ਨੂੰ ਯਾਦ ਕਰਦੀ ਤਾਂ ਰੋਣ ਲੱਗ ਜਾਂਦੀ ਸੀ। ਉਸ ਨੂੰ ਉਮੀਦ ਨਹੀਂ ਸੀ ਕਿ ਉਹ ਕਦੇ ਆਪਣੇ ਵਿੱਛੜਿਆਂ ਨੂੰ ਮਿਲ ਸਕੇਗੀ। ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦਾ ਦੋਸਤ ਦਾਰਾ ਸਿੰਘ ਭਾਰਤ ਤੋਂ ਪਾਕਿਸਤਾਨ ਆਇਆ ਸੀ ਅਤੇ ਉਸ ਨੂੰ ਵੀ ਮਿਲਿਆ ਸੀ। ਉਸ ਦੀ ਮਾਂ ਨੇ ਦਾਰਾ ਸਿੰਘ ਨੂੰ ਆਪਣੇ ਪੁੱਤਰ ਤੇ ਧੀ ਬਾਰੇ ਦੱਸਿਆ। ਉਸ ਨੇ ਉਨ੍ਹਾਂ ਨੂੰ ਆਪਣੇ ਪਿੰਡ ਦਾ ਨਾਮ ਅਤੇ ਉਸ ਦੇ ਘਰ ਦਾ ਸਥਾਨ ਵੀ ਦੱਸਿਆ। ਸਰਦਾਰ ਦਾਰਾ ਸਿੰਘ ਫਿਰ ਪਿੰਡ ਵਿਚ ਉਸ ਦੇ ਘਰ ਗਿਆ ਅਤੇ ਉਸ ਨੇ ਉਥੋਂ ਦੱਸਿਆ ਕਿ ਉਸ ਦਾ ਪੁੱਤਰ ਜਿੰਦਾ ਹੈ ਪਰ ਉਸ ਦੀ ਧੀ ਮਰ ਚੁੱਕੀ ਹੈ। ਉਸ ਦੇ ਬੇਟੇ ਦਾ ਨਾਮ ਅਮਰਜੀਤ ਸਿੰਘ ਹੈ, ਜਿਸ ਨੂੰ 1947 ਵਿਚ ਸਿੱਖ ਪਰਿਵਾਰ ਨੇ ਗੋਦ ਲਿਆ ਸੀ। ਭਰਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੁਲਸੂਮ ਨੇ ਵਟਸਐਪ ਉਤੇ ਅਮਰਜੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਬਾਅਦ ਵਿਚ ਮਿਲਣ ਦਾ ਫੈਸਲਾ ਕੀਤਾ। ਕੁਲਸੂਮ ਨੇ ਪਿੱਠ ਦੇ ਗੰਭੀਰ ਦਰਦ ਦੇ ਬਾਵਜੂਦ ਆਪਣੇ ਭਰਾ ਨੂੰ ਮਿਲਣ ਲਈ ਕਰਤਾਰਪੁਰ ਜਾਣ ਦੀ ਹਿੰਮਤ ਜੁਟਾਈ।