ਆਡੀਓ ਲੀਕ: ‘ਆਪ` ਸਰਕਾਰ ਲਈ ਖੜ੍ਹਾ ਹੋਇਆ ਨਵਾਂ ਸਿਆਸੀ ਸੰਕਟ

ਚੰਡੀਗੜ੍ਹ: ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਲੀਕ ਹੋਈ ਆਡੀਓ ਕਲਿੱਪ ਨਾਲ ‘ਆਪ` ਸਰਕਾਰ ਲਈ ਨਵਾਂ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ। ਖੁਰਾਕ ਤੇ ਸਪਲਾਈ ਵਿਭਾਗ ਬਾਬਤ ਸੌਦੇਬਾਜ਼ੀ ਵੱਲ ਸੰਕੇਤ ਕਰਦੀ ਇਹ ਕਥਿਤ ਆਡੀਓ ਕਲਿੱਪ ਦੇ ਲੀਕ ਹੋਣ ਮਗਰੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਿਰੋਧੀ ਧਿਰਾਂ ਦੇ ਨਿਸ਼ਾਨੇ `ਤੇ ਆ ਗਏ ਹਨ। ਲੀਕ ਹੋਈ ਆਡੀਓ `ਚ ਕੈਬਨਿਟ ਮੰਤਰੀ ਅਤੇ ਉਸ ਦੇ ਓ.ਐਸ.ਡੀ. ਦਰਮਿਆਨ ਗੱਲਬਾਤ ਹੋਣ ਦੀ ਗੱਲ ਆਖੀ ਜਾ ਰਹੀ ਹੈ, ਜਿਸ ਦੀ ਪੁਸ਼ਟੀ ਹੋਣੀ ਬਾਕੀ ਹੈ।

ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਕੈਬਨਿਟ ਮੰਤਰੀ ਸਰਾਰੀ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ। ਸ੍ਰੀ ਬਾਜਵਾ ਨੇ ਮੰਗ ਕੀਤੀ ਹੈ ਕਿ ਉਸ ਆਡੀਓ ਕਲਿੱਪ ਦੀ ਜਾਂਚ ਕਰਾਈ ਜਾਵੇ, ਜਿਸ ਵਿਚ ਸਰਾਰੀ ਨੂੰ ਕਥਿਤ ਤੌਰ ‘ਤੇ ਆਪਣੇ ਕਰੀਬੀ ਸਾਥੀ ਨਾਲ ਸੌਦਾ ਤੈਅ ਕਰਦੇ ਸੁਣਿਆ ਗਿਆ ਹੈ। ਆਡੀਓ ਕਲਿੱਪ ਦੀ ਪ੍ਰਮਾਣਿਕਤਾ ਦੀ ਜਾਂਚ ਕਰਨਾ ਅਤੇ ਮੁੱਦੇ ਦੀ ਤਹਿ ਤੱਕ ਜਾਣਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਨਿਰਪੱਖ ਜਾਂਚ ਉਦੋਂ ਹੀ ਸੰਭਵ ਹੋਵੇਗੀ, ਜਦੋਂ ਕੈਬਨਿਟ ਮੰਤਰੀ ਅਸਤੀਫਾ ਦੇਣ ਜਾਂ ਫਿਰ ਮੁੱਖ ਮੰਤਰੀ ਉਨ੍ਹਾਂ ਨੂੰ ਕੈਬਨਿਟ ‘ਚੋਂ ਬਰਖ਼ਾਸਤ ਕਰਨ।
ਇਸੇ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਆਡੀਓ ਸਬੰਧੀ ਕੈਬਨਿਟ ਮੰਤਰੀ ਸਰਾਰੀ ਨੂੰ ਬਰਖ਼ਾਸਤ ਕਰਕੇ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਾਂਗਰਸੀ ਆਗੂਆਂ ਨੂੰ ਤਾਂ ਝੂਠੇ ਕੇਸਾਂ ਵਿਚ ਫਸਾ ਰਹੀ ਹੈ ਤੇ ਹੁਣ ਉਹ ਦੇਖਣਗੇ ਕਿ ‘ਆਪ` ਸਰਕਾਰ ਆਪਣੇ ਮੰਤਰੀ ਖਿਲਾਫ ਕੀ ਕਾਰਵਾਈ ਕਰਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਇਹ ਮਹਿਜ ਦੋਸ਼ ਨਹੀਂ ਖੁਲਾਸੇ ਹਨ, ਜਿਨ੍ਹਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ‘ਤੇ ਭ੍ਰਿਸ਼ਟ ਗਤੀਵਿਧੀਆਂ ‘ਚ ਸ਼ਮੂਲੀਅਤ ਦਾ ਖੁਲਾਸਾ ਕਰਨ ਵਾਲੀ ਟੇਪ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਮੰਤਰੀ ਦੀ ਆਪਣੇ ਓ.ਐਸ.ਡੀ. ਨਾਲ ਹੋਈ ਗੱਲਬਾਤ ਦੀ ਆਡੀਓ ਟੇਪ ਬਾਰੇ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੰਤਰੀ ਕੁਝ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਫਿਰੌਤੀ ਦੀ ਰਕਮ ਹਾਸਲ ਕਰਨ ਦੀ ਯੋਜਨਾ ‘ਤੇ ਚਰਚਾ ਕਰਦੇ ਸੁਣੇ ਗਏ ਹਨ।
ਉਨ੍ਹਾਂ ਕਿਹਾ ਕਿ ਓ.ਐਸ.ਡੀ. ਨੇ ਖੁਦ ਇਹ ਗੱਲ ਆਖੀ ਹੈ ਕਿ ਇਹ ਆਡੀਓ ਟੇਪ ਅਸਲੀ ਹੈ ਅਤੇ ਇਹ ਹੁਣ ਸਰਕਾਰ ਦੇ ਹੱਥ ਹੈ ਕਿ ਉਹ ਇਹ ਟੇਪ ਸੀ.ਬੀ.ਆਈ. ਨੂੰ ਸੌਂਪ ਕੇ ਜਾਂਚ ਕਰਵਾਉਂਦੀ ਹੈ ਜਾਂ ਨਹੀਂ। ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਸ੍ਰੀ ਸਰਾਰੀ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਅਕਾਲੀ ਆਗੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮੁੱਖ ਮੰਤਰੀ ਤੇ ‘ਆਪ` ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦੋਹਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ। ਉਨ੍ਹਾਂ ਮੰਗ ਕੀਤੀ ਕਿ ਸਰਾਰੀ ਨੂੰ ਤੁਰੰਤ ਬਰਖ਼ਾਸਤ ਕਰ ਕੇ ਕੇਸ ਦਰਜ ਕੀਤਾ ਜਾਵੇ। ਅਕਾਲੀ ਆਗੂ ਨੇ ਮੰਤਰੀ ਸਰਾਰੀ ਦੇ ਗੈਰਕਾਨੂੰਨੀ ਖਣਨ ਵਿਚ ਸ਼ਾਮਲ ਹੋਣ ਦੇ ਦੋਸ਼ ਵੀ ਲਾਏ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਬਚਾਅ ਲਈ ਪੱਬਾਂ ਭਾਰ ਹੈ ਜਿਨ੍ਹਾਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਦਾ ਜਨਤਕ ਤੌਰ `ਤੇ ਪ੍ਰਚਾਰ ਕੀਤਾ ਸੀ।
ਪੰਜਾਬ ਦਾ ਪੈਸਾ ਦੂਜੇ ਸੂਬਿਆਂ ‘ਚ ਜਾ ਰਿਹਾ: ਅਸ਼ਵਨੀ
ਚੰਡੀਗੜ੍ਹ: ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪੈਸੇ ਨੂੰ ਦੂਜੇ ਸੂਬਿਆਂ ਵਿਚ ਜਾ ਕੇ ਚੋਣ ਪ੍ਰਚਾਰ ‘ਤੇ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਵਾਸਤੇ ਜਿਹੜਾ ਪੈਸਾ ਪੰਜਾਬ ਨੂੰ ਦਿੱਤਾ ਗਿਆ ਹੈ, ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਮਾਰਟ ਸਿਟੀ ਦੇ ਪੈਸੇ ਵਿਚ ਘੁਟਾਲੇ ਹੋਏ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਖੁਦ ਨੂੰ ਕੱਟੜ ਇਮਾਨਦਾਰ ਵਜੋਂ ਪ੍ਰਚਾਰਨ ਵਾਲੀ ਪਾਰਟੀ, ਕੱਟੜ ਬੇਈਮਾਨ ਸਾਬਤ ਹੋ ਰਹੀ ਹੈ। ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਥਾਂ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਨ ਵਿਚ ਲੱਗੀ ਹੋਈ ਹੈ।