ਸਿੱਖੀ ਪਛਾਣ ਨੂੰ ਖੋਰਾ?

ਡਾ ਗੁਰਬਖ਼ਸ਼ ਸਿੰਘ ਭੰਡਾਲ
ਅੱਜ-ਕੱਲ੍ਹ ਪੰਜਾਬ ਆਇਆ ਹੋਇਆ ਹਾਂ। ਆਪਣੀ ਮਿੱਟੀ ਨੂੰ ਨਤਮਸਤਕ ਹੋਣ ਅਤੇ ਆਪਣੀ ਵਿਰਾਸਤ ਦੀ ਪ੍ਰਕਰਮਾ ਕਰਨ। ਚੰਗਾ ਲੱਗਦਾ ਹੈ ਆਪਣੀਆਂ ਜੜ੍ਹਾਂ ਨਾਲ ਵਾਰ ਵਾਰ ਜੁੜਨਾ ਅਤੇ ਇਸ ਦੀ ਪ੍ਰਕਰਮਾ ਨਾਲ ਖੁਦ ਨੂੰ ਸ਼ਰਸ਼ਾਰ ਕਰਨਾ। ੀੲਸ ਦੀ ਯਾਦ ਨੂੰ ਆਪਣੀ ਚੇਤਿਆਂ ਵਿਚ ਨਵਿਆਉਣਾ। ਵਧੀਆ ਲੱਗਦਾ ਹੈ ਆਪਣੇ ਪੁਰਖਿਆਂ ਦੀ ਛੋਹ ਮਾਨਣ ਵਾਲੀ ਪਿੰਡ ਦੀ ਜੂਹ ਵਿਚ ਪੈਰ ਧਰਨਾ ਅਤੇ ਇਸ ਵਿਚੋਂ ਉਨ੍ਹਾਂ ਦੇ ਮੁੜ੍ਹਕੇ ਦੀ ਸੁਗੰਧ ਨੂੰ ਮਹਿਸੂਸ ਕਰਨਾ।

ਮੇਰੇ ਪੰਜਾਬ ਆਉਣ ਕਰਕੇ ਹੀ ਮੇਰੀ ਵੱਡੀ ਬੇਟੀ ਆਪਣੇ ਬੱਚਿਆਂ ਨਾਲ ਤਿੰਨ ਕੁ ਹਫ਼ਤਿਆਂ ਲਈ ਇੰਡੀਆ ਆਈ ਹੋਈ ਹੈ ਤਾਂ ਕਿ ਜਵਾਨ ਹੋ ਰਹੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦੀ ਧਰਤੀ ਨਾਲ ਜੋੜਿਆ ਜਾਵੇ। ਉਹ ਆਪਣੇ ਦਾਦੇ, ਨਾਨਿਆਂ ਅਤੇ ਮਾਪਿਆਂ ਦੀ ਜਨਮ ਭੌਂ ਨਾਲ ਮੁਹੱਬਤ ਦਾ ਰਿਸ਼ਤਾ ਬਣਾਈ ਰੱਖਣਾ ਚਾਹੁੰਦੀ ਹੈ। ਉਨ੍ਹਾਂ ਦੀ ਸਾਂਝ ਆਪਣੀ ਉਸ ਮਿੱਟੀ ਨਾਲ ਬਣੀ ਰਹੇ ਜਿਸ ਵਿਚੋਂ ਉਠ ਕੇ ਉਨ੍ਹਾਂ ਦੇ ਬਜੁ਼ਰਗਾਂ ਅਤੇ ਮਾਪਿਆਂ ਨੇ ਅਮਰੀਕਾ ਵਿਚ ਆਪਣੀ ਪਛਾਣ ਸਿਰਜਣ ਲਈ ਖ਼ੂਬ ਮਿਹਨਤ ਕੀਤੀ ਸੀ। ਉਹ ਹੁਣ ਵੀ ਅਮਰੀਕਾ ਦੇ ਮਾਣਮੱਤੇ ਸ਼ਹਿਰੀ ਬਣ ਕੇ ਵੀ ਭਾਵਨਾਤਮਕ ਤੌਰ `ਤੇ ਆਪਣੇ ਪੰਜਾਬ ਅਤੇ ਪਿੰਡ ਨਾਲ ਜੁੜੇ ਹੋਏ ਹਨ।
ਬੇਟੀ ਦਾ ਮਨ ਸੀ ਕਿ ਉਹ ਆਪਣੇ ਬੱਚਿਆਂ ਨੂੰ ਤਿੰਨ ਕੁ ਦਿਨ ਇੰਡੀਆ ਦੀ ਰਾਜਧਾਨੀ, ਵਿਰਾਸਤੀ ਸ਼ਹਿਰ ਅਤੇ ਸਭਿਆਚਾਰਕ ਕੇਂਦਰ ਦਿੱਲੀ ਦੀ ਸੈਰ ਕਰਵਾਏ। ਇਸ ਦੀਆਂ ਦੇਖਣ ਯੋਗ ਥਾਵਾਂ ਦਿਖਾਏ ਤਾਂ ਕਿ ਉਨ੍ਹਾਂ ਨੂੰ ਦਿਲੀ ਦੀ ਵਿਰਾਸਤ ਅਤੇ ਇਸ ਨਾਲ ਜੁੜੇ ਸਿੱਖ ਇਤਿਹਾਸ ਦੀ ਪੂਰੀ ਜਾਣਕਾਰੀ ਹੋਵੇ। ਉਹ ਆਪਣੇ ਪਿੱਤਰਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ `ਤੇ ਨਾਜ਼ ਕਰ ਸਕਣ।
ਉਹ ਪਰਿਵਾਰ ਸਮੇਤ ਅਮਰੀਕਾ ਤੋਂ ਦਿੱਲੀ ਪਹੁੰਚ ਕੇ ਤਿੰਨ ਦਿਨ ਦਿੱਲੀ ਵਿਚ ਹੀ ਠਹਿਰਨ ਅਤੇ ਇਕ ਦਿਨ ਆਗਰਾ ਘੁੰਮਣ ਦਾ ਪ੍ਰੋਗਰਾਮ ਬਣਾ ਕੇ ਹੋਟਲ ਵਿਚ ਠਹਿਰਦੀ ਹੈ। ਮੈਂ ਪੰਜਾਬ ਤੋਂ ਦਿੱਲੀ ਆ ਜਾਂਦਾ ਹਾਂ ਤਾਂ ਕਿ ਸਾਰਾ ਪਰਿਵਾਰ ਇਕੱਠਾ ਹੋ ਕੇ ਦਿੱਲੀ ਅਤੇ ਇਸ ਦੀਆਂ ਇਤਿਹਾਸਕ ਥਾਵਾਂ ਅਤੇ ਗੁਰਦੁਆਰਿਆਂ ਦੇ ਦਰਸ਼ਨ ਕਰ ਸਕੇ। ਗੁਰਦੁਆਰਿਆਂ ਦੇ ਦਰਸ਼ਨ ਕਰਨ ਅਤੇ ਇੰਡੀਆ ਗੇਟ ਆਦਿ ਦੇਖਣ ਤੋਂ ਬਾਅਦ ਮਨ ਵਿਚ ਆਉਂਦਾ ਹੈ ਕਿ ਲਾਲ ਕਿਲ੍ਹਾ ਅਤੇ ਕੁਤੁਬ ਮੀਨਾਰ ਨੂੰ ਦੇਖਿਆ ਜਾਵੇ ਅਤੇ ਇਸਦੀ ਇਤਿਹਾਸਕ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇ।
ਗੁਰਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਕ ਵਿਖੇ ਮੱਥਾ ਟੇਕ ਕੇ ਬਾਹਰ ਨਿਕਲਦੇ ਹਾਂ ਤਾਂ ਡਰਾਈਵਰ ਦੱਸਦਾ ਹੈ ਕਿ ਤੁਸੀਂ ਤੁਰ ਕੇ ਹੀ ਸਾਹਮਣੇ ਲਾਲ ਕਿਲ੍ਹੇ ਤੀਕ ਜਾ ਸਕਦੇ ਹੋ। ਕਿਲ੍ਹਾ ਦੇਖਣ ਤੋਂ ਬਾਅਦ ਫ਼ੋਨ ਕਰ ਦੇਣਾ। ਮੈਂ ਵਾਪਸ ਆ ਕੇ ਤੁਹਾਨੂੰ ਲੈ ਲਵਾਂਗਾ। ਗਰਮੀ ਵਿਚ ਪਸੀਨੇ ਨਾਲ ਗੜੁੱਚ ਹੋਣ ਦੇ ਬਾਵਜੂਦ ਬੱਚਿਆਂ ਨੂੰ ਲਾਲ ਕਿਲ੍ਹਾ ਦੇਖਣ ਦਾ ਬਹੁਤ ਚਾਅ ਸੀ।
ਲਾਲ ਕਿਲ੍ਹੇ ਦੀ ਦਾਖਲਾ ਟਿਕਟ ਲੈਣ ਲਈ ਬੇਟੀ ਲਾਈਨ ਵਿਚ ਲੱਗਦੀ ਹੈ ਤਾਂ ਇਹ ਦੇਖ ਕੇ ਹੈਰਾਨ ਹੋ ਜਾਂਦੀ ਹੈ ਕਿ ਵਿਦੇਸ਼ੀ ਨਾਗਰਿਕਾਂ ਲਈ ਦਾਖਲਾ ਟਿਕਟ ਦੀ ਕੀਮਤ 980 ਰੁਪਏ ਹੈ ਜਦਕਿ ਭਾਰਤੀ ਨਾਗਰਿਕਾਂ ਲਈ ਸਿਰਫ਼ 80 ਰੁਪਏ ਹੈ। ਬੇਟੀ ਨੂੰ ਸਮਝ ਨਹੀਂ ਆ ਰਿਹਾ ਕਿ ਟਿਕਟ ਦੀ ਕੀਮਤ ਵਿਚ ਇੰਨਾ ਫਰਕ ਕਿਉਂ ਹੈ? ਕੀ ਸਰਕਾਰ ਦੀ ਅੰਦਰਲੀ ਮਨਸ਼ਾ ਹੈ ਕਿ ਵਿਦੇਸ਼ੀ ਸੈਲਾਨੀਆਂ ਨੂੰ ਇਤਿਹਾਸਕ ਸਥਾਨ ਦੇਖਣ ਤੋਂ ਨਿਰਉਤਸ਼ਾਹਿਤ ਕੀਤਾ ਜਾਵੇ? ਜਾਂ ਇਹ ਉਨ੍ਹਾਂ ਦੀ ਆਰਥਿਕ ਲੁੱਟ ਹੈ? ਵਿਦੇਸ਼ ਵਿਚ ਕਿਸੇ ਵੀ ਦੇਖਣਯੋਗ ਸਥਾਨ `ਤੇ ਅਜਿਹਾ ਵਿਤਕਰਾ ਨਹੀਂ ਹੈ। ਹਾਂ ਬਜੁ਼ਰਗਾਂ ਅਤੇ ਵਿਦਿਆਰਥੀਆਂ ਲਈ ਰਿਆਇਤੀ ਦਰਾਂ ਹੁੰਦੀਆਂ ਹਨ। ਇਸ ਬਾਰੇ ਬਹੁਤ ਸਾਰੇ ਪ੍ਰਸ਼ਨ ਮਨ ਵਿਚ ਲੈ ਕੇ ਬੇਟੀ ਟਿਕਟਾਂ ਲੈ ਕੇ ਪਰਤਦੀ ਹੈ। (ਬਾਅਦ ਵਿਚ ਦੇਖਿਆ ਕਿ ਕੁਤੁਬ ਮੀਨਾਰ ਦੀ ਦਾਖਲਾ ਟਿਕਟ ਵੀ ਵਿਦੇਸ਼ੀ ਨਾਗਰਕਿਾਂ ਲਈ 600 ਰੁਪਏ ਹੈ ਅਤੇ ਭਾਰਤੀਆਂ ਲਈ ਸਿਰਫ਼ 40 ਰੁਪਏ ਹੈ। ਆਜਹਾ ਹੀ ਅੰਤਰ ਤਾਜ ਮਹੱਲ ਦੇਖਣ ਲਈ ਟਿਕਟ ਵਿਚ ਵੀ ਹੈ)। ਉਸਦੀ ਸੋਚ ਵਿਚ ਬਹੁਤ ਸਾਰੇ ਗਿਲੇ/ਸਿ਼ਕਵੇ ਪੈਦਾ ਹੁੰਦੇ ਹਨ। ਪਰ ਉਸਦਾ ਵਿਚਾਰ ਹੈ ਕਿ ਚਲੋ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੀ ਇਹ ਕੋਈ ਬਹੁਤੀ ਜਿ਼ਆਦਾ ਕੀਮਤ ਨਹੀਂ। ਮੈਨੂੰ ਪੁੱਛਦੀ ਹੈ ਕਿ ਜੇ ਵਿਦੇਸ਼ੀਆਂ ਨੂੰ ਇਸ ਵਿਤਕਰੇ ਬਾਰੇ ਪਤਾ ਲੱਗੇ ਤਾਂ ਉਨ੍ਹਾਂ ਦੇ ਮਨਾਂ ਵਿਚ ਭਾਰਤ ਸਰਕਾਰ ਅਤੇ ਭਾਰਤੀਆਂ ਦੀ ਮਾਨਸਿਕਤਾ ਬਾਰੇ ਉਗੀਆਂ ਸੰ਼ਕਾਵਾਂ ਕਿਹੜਾ ਰੂਪ ਧਾਰਨੀਆਂ? ਕੀ ਇਹ ਸ਼ੰਕਾਵਾਂ ਸੈਲਾਨੀਆਂ ਦੀ ਆਮਦ ਨੂੰ ਵਧਾਉਣਗੀਆਂ ਜਾਂ ਘਟਾਉਣਗੀਆਂ? ਕੀ ਸੈਲਾਨੀਆਂ ਦੇ ਮਨਾਂ ਵਿਚ ਭਾਰਤ ਵਿਚ ਉਨ੍ਹਾਂ ਨਾਲ ਹੋ ਰਹੀ ਆਰਥਿਕ ਲੁੱਟ ਬਾਰੇ ਰੋਸ ਨਹੀਂ ਪੈਦਾ ਹੋਵੇਗਾ? ਕੀ ਉਹ ਕਿਸੇ ਹੋਰ ਦੇਸ਼ ਨੂੰ ਆਪਣੇ ਸੈਰ-ਸਪਾਟੇ ਦੀ ਜਗ੍ਹਾ ਬਣਾਉਣਗੇ?
ਅਸੀਂ ਜਦ ਲਾਲ ਕਿਲ੍ਹੇ ਵਿਚ ਦਾਖਲ ਹੋਣ ਲੱਗਦੇ ਹਾਂ ਤਾਂ ਗੇਟ `ਤੇ ਤਾਇਨਾਤ ਸਕਿਉਰਿਟੀ ਵਾਲੇ ਬੇਟੀ ਦੇ ਪਰਸ ਦੀ ਤਲਾਸ਼ੀ ਲੈਂਦੇ ਹਨ। ਉਹ ਬੇਟੀ ਦੇ ਪਰਸ ਵਿਚੋਂ ਦੋ ਕੇਸਰੀ ਪਟਕੇ ਕੱਢ ਲੈਂਦੇ ਹਨ ਜਿਹੜੇ ਮੇਰੀ ਬੇਟੀ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਮੱਥਾ ਟੇਕਣ ਲਈ ਆਪਣੀਆਂ ਬੱਚੀਆਂ ਦੇ ਸਿਰਾਂ `ਤੇ ਬੰਨ੍ਹਣ ਲਈ ਖਰੀਦੇ ਸਨ ਅਤੇ ਮੱਥਾ ਟੇਕਣ ਤੋਂ ਬਾਅਦ ਇਹ ਦੋਵੇਂ ਪਟਕੇ ਆਪਣੇ ਬੈਗ ਵਿਚ ਪਾ ਲਏ ਸਨ। ਸਕਿਉਰਿਟੀ ਅਫਸਰ ਇਸ ਲਈ ਬਜਿ਼ੱਦ ਹੈ ਕਿ ਉਹ ਪਟਕੇ ਬੈਗ ਵਿਚ ਲੈ ਕੇ ਲਾਲ ਕਿਲ੍ਹਾ ਦੇਖਣ ਨਹੀਂ ਜਾ ਸਕਦੀ। ਇਨ੍ਹਾਂ ਪਟਕਿਆਂ ਨੂੰ ਸਾਡੇ ਕੋਲ ਜਮ੍ਹਾਂ ਕਰਵਾਉਣਾ ਪਵੇਗਾ ਵਰਨਾ ਅਸੀਂ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ। ਬੇਟੀ ਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਕੀ ਬੱਚਿਆਂ ਦੇ ਸਿਰ `ਤੇ ਬੰਨ੍ਹਣ ਵਾਲੇ ਪਟਕੇ ਵੀ ਕੋਈ ਖਤਰਨਾਕ ਵਸਤ ਬਣ ਗਏ ਨੇ? ਇਨ੍ਹਾਂ ਪਟਕਿਆਂ ਤੋਂ ਲਾਲ ਕਿਲ੍ਹੇ ਨੂੰ ਕੀ ਖ਼ਤਰਾ ਹੋ ਸਕਦਾ ਹੈ? ਸਰਕਾਰੀ ਤੰਤਰ ਨੇ ਪਟਕੇ `ਤੇ ਹੀ ਪ੍ਰਸ਼ਨ ਚਿੰਨ੍ਹ ਕਿਉਂ ਲਗਾਇਆ? ਕੀ ਇਹ ਧਾਰਮਿਕ ਆਜ਼ਾਦੀ ਵਿਚ ਖਲਲ ਨਹੀਂ? ਕੀ ਸਰਕਾਰ ਨੂੰ ਹੁਣ ਪਟਕਿਆਂ ਤੋਂ ਵੀ ਖੌਫ਼ ਆਉਂਦਾ ਹੈ? ਬੇਟੀ ਤਰਕ ਨਾਲ ਪੁੱਛਦੀ ਹੈ ਕਿ ਕੀ ਇਹ ਸਰਕਾਰੀ ਹੁਕਮ ਹੈ ਤਾਂ ਇਸਨੂੰ ਦਿਖਾਇਆ ਜਾਵੇ। ਅਫਸਰ ਕਹਿੰਦਾ ਹੈ ਕਿ ਸਰਕਾਰੀ ਹੁਕਮ ਤਾਂ ਨਹੀਂ ਪਰ ਇਹ ਸਾਡੇ ਉਪਰਲੇ ਅਫਸਰਾਂ ਦਾ ਹੁਕਮ ਹੈ ਕਿ ਤੁਸੀਂ ਪਟਕੇ ਲੈ ਕੇ ਅੰਦਰ ਨਹੀਂ ਜਾ ਸਕਦੇ? ਬੇਟੀ ਸੋਚਦੀ ਹੈ ਕਿ ਇਹ ਅਫਸਰਾਂ ਦਾ ਕੇਹਾ ਫੁਰਮਾਨ ਹੈ ਕਿ ਸਾਡੇ ਨਾਲ ਗੈਰਾਂ ਤੋਂ ਵੀ ਬਦਤਰ ਵਰਤਾਓ ਕੀਤਾ ਜਾ ਰਿਹਾ ਹੈ। ਬੇਟੀ ਪਟਕੇ ਅਫਸਰ ਨੂੰ ਦੇਣ ਤੋਂ ਇਨਕਾਰ ਕਰ, ਲਾਲ ਕਿਲ੍ਹੇ ਦੇ ਅੰਦਰ ਨਾ ਜਾਣ ਦਾ ਫੈਸਲਾ ਕਰਦੀ, ਪਟਕਿਆਂ ਨੂੰ ਬੈਗ ਵਿਚ ਪਾ ਲੈਂਦੀ ਹੈ। ਅਸੀਂ ਸਾਰੇ ਲਾਲ ਕਿਲ੍ਹਾ ਦੇਖਣ ਤੋਂ ਬਗੈਰ ਹੀ ਵਾਪਸ ਪਰਤ ਆਉਂਦੇ ਹਾਂ।
ਵਾਪਸੀ `ਤੇ ਮੈਂ ਆਪਣੀਆਂ ਦੋਹਤਰੀਆਂ ਅਤੇ ਦੋਹਤੇ ਦੇ ਚਿਹਰਿਆਂ `ਤੇ ਉਕਰੀ ਮਾਯੂਸੀ ਅਤੇ ਬੇਟੀ ਦੇ ਮੁੱਖ `ਤੇ ਉਕਰੇ ਗੁੱਸੇ ਦੀ ਇਬਾਰਤ ਪੜ੍ਹਨ ਵਿਚ ਰੁੱਝ ਜਾਂਦਾ ਹੈ। ਸੋਚਦਾ ਹਾਂ ਕਿ ਅਮਰੀਕਾ ਦੇ ਜੰਮਪਲ ਮੇਰੇ ਦੋਹਤਾ/ਦੋਹਤਰੀਆਂ ਕੀ ਸੋਚਦੇ ਹੋਣਗੇ? ਕੀ ਉਹ ਫਿਰ ਕਦੇ ਦਿੱਲੀ ਆਉਣ ਅਤੇ ਲਾਲ ਕਿਲ੍ਹਾ ਦੇਖਣ ਬਾਰੇ ਸੋਚਣਗੇ ਜਿਸ ਕਿਲ੍ਹੇ `ਤੇ ਕਦੇ ਕੇਸਰੀ ਨਿਸ਼ਾਨ ਝੂਲਦਾ ਰਿਹਾ ਸੀ? ਕੀ ਉਨ੍ਹਾਂ ਦਾ ਇਹੀ ਕਸੂਰ ਹੈ ਕਿ ਉਨ੍ਹਾਂ ਨੇ ਆਪਣੇ ਧਾਰਮਿਕ ਅਕੀਦੇ ਦੀ ਪੂਰਤੀ ਲਈ ਪਟਕੇ ਖਰੀਦੇ ਸਨ ਅਤੇ ਉਹ ਮੇਰੀ ਬੇਟੀ ਦੇ ਬੈਗ ਵਿਚ ਸਨ?
ਇਹ ਬੱਚੇ ਕਿਹੋ ਜਿਹਾ ਪ੍ਰਭਾਵ ਲੈ ਕੇ ਅਮਰੀਕਾ ਨੂੰ ਪਰਤਣਗੇ? ਉਹ ਜਦ ਅਮਰੀਕਾ ਵਿਚ ਆਪਣੇ ਜਮਾਤੀਆਂ ਨਾਲ ਦਿੱਲੀ ਦੀ ਇਸ ਘਟਨਾ ਬਾਰੇ ਚਰਚਾ ਕਰਨਗੇ ਤਾਂ ਭਾਰਤ ਅਤੇ ਇਸਦੀ ਅਫਸਰਸ਼ਾਹੀ ਦਾ ਕੇਹਾ ਬਿੰਬ ਅਮਰੀਕਾ ਦੇ ਗੋਰੇ ਵਿਦਿਆਰਥੀਆਂ ਦੇ ਮਨਾਂ ਵਿਚ ਪੈਦਾ ਹੋਵੇਗਾ? ਕੀ ਉਨ੍ਹਾਂ ਦੀ ਨਵੀਂ ਪਨੀਰੀ ਭਾਰਤ ਵਿਚ ਆਉਣ ਬਾਰੇ ਕਦੇ ਸੋਚੇਗੀ?
ਮੈਂ ਇਹ ਵੀ ਸੋਚਦਾ ਹਾਂ ਕਿ ਬੜੇ ਮਾਣ ਨਾਲ ਆਪਣੇ ਬੱਚਿਆਂ ਨੂੰ ਦਿੱਲੀ ਘੁਮਾਉਣ ਦਾ ਸੁਪਨਾ ਲੈ ਕੇ ਆਈ ਮੇਰੀ ਬੇਟੀ ਦੇ ਮਨ ਵਿਚ ਕੀ ਬੀਤਦੀ ਹੋਵੇਗੀ? ਉਹ ਸਿੱਖ ਲੀਡਰਸਿ਼ਪ ਬਾਰੇ ਕੀ ਸੋਚਦੀ ਹੋਵੇਗੀ ਜਿਸ ਨੇ ਸਿੱਖੀ ਦੀ ਪਛਾਣ ਨੂੰ ਖੋਰਾ ਲਾਉਣ ਅਤੇ ਇਸ ਦੀ ਅਮੀਰ ਪਛਾਣ ਨੂੰ ਨਿਘਾਰਨ ਵਿਚ ਕੋਈ ਕਸਰ ਨਹੀਂ ਛੱਡੀ? ਕੀ ਸਿੱਖ ਪਛਾਣ ਦੇ ਅਲੰਬਰਦਾਰ ਅਤੇ ਚੌਧਰ ਦੇ ਦਮਗਜ਼ੇ ਮਾਰਨ ਵਾਲੇ ਕੋਈ ਮੁਨਾਸਬ ਜਵਾਬ ਦੇਣਗੇ ਕਿ ਕਿਉਂ ਸਕਿਉਰਿਟੀ ਵਾਲੇ ਬੱਚੇ ਦੇ ਸਿਰ `ਤੇ ਬੰਨ੍ਹਣ ਵਾਲੇ ਪਟਕੇ ਦੇ ਅੰਦਰ ਜਾਣ ਤੋਂ ਵੀ ਤ੍ਰਿਹਿੰਦੇ ਨੇ? ਕਿਹੜੇ ਅਫਸਰ ਨੇ ਜੋ ਅਜਿਹੇ ਹੁਕਮਾਂ ਰਾਹੀਂ ਸਿੱਖੀ ਦੀ ਪਛਾਣ ਨੂੰ ਖਤਮ ਕਰਨ `ਤੇ ਤੁਲੇ ਹੋਏ ਨੇ? ਕਿਉਂ ਉਨ੍ਹਾਂ ਨੂੰ ਸਿੱਖੀ ਦੇ ਪਹਿਰਾਵੇ ਤੋਂ ਨਫਰਤ ਹੈ? ਕੀ ਇਹੀ ਨਫ਼ਰਤ ਹੌਲੀ ਹੌਲੀ ਦਸਤਾਰ ਦੀ ਤਲਾਸ਼ੀ ਜਾਂ ਦਸਤਾਰ ਉਤਾਰ ਕੇ ਹੀ ਲਾਲ ਕਿਲ੍ਹੇ ਵਿਚ ਦਾਖ਼ਲ ਹੋਣ ਦੀ ਨੌਬਤ ਤੀਕ ਤਾਂ ਨਹੀਂ ਪਹੁੰਚ ਜਾਵੇਗੀ? ਯਾਦ ਰੱਖਣਾ! ਹੁਕਮਰਾਨਾਂ ਦੀਆਂ ਅਜਿਹੀਆਂ ਨਿੱਕੀਆਂ-ਨਿੱਕੀਆਂ ਚਾਲਾਂ ਹੀ ਬਹੁਤ ਵੱਡੇ ਅਰਥ ਰੱਖਦੀਆਂ ਨੇ ਅਤੇ ਇਨ੍ਹਾਂ ਰਾਹੀਂ ਉਹ ਭਵਿੱਖ ਨੂੰ ਆਪਣੀ ਮਰਜ਼ੀ ਅਨੁਸਾਰ ਮੋੜਾ ਦੇ ਸਕਦੇ ਹਨ।
ਹੌਲੀ ਹੌਲੀ ਨਿਰਾਸ਼ਾ ਨਾਲ ਭਰੇ ਕਦਮਾਂ ਨਾਲ ਲਾਲ ਕਿਲ੍ਹੇ ਤੋਂ ਬਾਹਰ ਨਿਕਲ ਕੇ ਜਦ ਲਾਲ ਕਿਲ੍ਹੇ ਵੱਲ ਝਾਤੀ ਮਾਰਦਾ ਹਾਂ ਤਾਂ ਖੁਦ `ਤੇ ਹੀ ਨਮੋਸ਼ੀ ਹੋਣ ਲੱਗਦੀ ਹੈ। ਸੋਚਦਾ ਹਾਂ ਕਿ ਕੀ ਪਿਛਲੇ ਦਿਨੀਂ ਲਾਲ ਕਿਲ੍ਹੇ ਵਿਚ ਸਰਕਾਰ ਵਲੋਂ ਧਾਰਮਿਕ ਸਮਾਗਮ ਕਰਵਾਉਣ ਵੇਲੇ ਸਿਰ `ਤੇ ਬੰਨੇ੍ਹ ਹੋਏ ਪਟਕਿਆਂ ਨਾਲ ਵੀ ਇੰਝ ਹੀ ਹੋਇਆ ਹੋਵੇਗਾ? ਕੀ ਉਹ ਪਟਕੇ ਕਿਸੇ ਖਾਸ ਵਿਚਾਰਧਾਰਾ ਨਾਲ ਸਬੰਧਤ ਸਨ ਜਾਂ ਇਨ੍ਹਾਂ ਨੂੰ ਖਾਸ ਵਿਧੀ ਨਾਲ ਤਿਆਰ ਕੀਤਾ ਗਿਆ ਸੀ? ਇਨ੍ਹਾਂ ਪਟਕਿਆਂ ਨੂੰ ਅੰਦਰ ਕਿਉਂ ਜਾਣ ਦਿੱਤਾ ਗਿਆ? ਲੀਡਰਾਂ ਵਲੋਂ ਕੀਤਾ ਜਾ ਰਿਹਾ ਇਹ ਧਾਰਮਿਕ ਅਡੰਬਰ ਸਿੱਖ ਲੀਡਰਾਂ ਦਾ ਉਹ ਕੋਹਝਾ ਰੂਪ ਜ਼ਾਹਰ ਕਰਦਾ ਹੈ ਜਿਸਨੂੰ ਲੁਕਾਉਣ ਲਈ ਇਹ ਲੀਡਰ ਕਈ ਪਰਤਾਂ ਵਿਚ ਜਿਉਂਦੇ ਹਨ। ਵਿਦੇਸ਼ਾਂ ਵਿਚ ਏਅਰਪੋਰਟਾਂ `ਤੇ ਹੁੰਦੀ ਦਸਤਾਰ ਦੀ ਤਲਾਸ਼ੀ ਬਾਰੇ ਤਾਂ ਇਹੀ ਲੀਡਰ ਬਹੁਤ ਬਿਆਨਬਾਜ਼ੀ ਕਰਦੇ ਹਨ। ਪਰ ਅਸੀਂ ਆਪਣੇ ਆਪ `ਤੇ ਕਦੇ ਵੀ ਸ਼ਰਮਿੰਦੇ ਨਹੀਂ ਹੁੰਦੇ ਜਦ ਸਾਡੇ ਹੀ ਦੇਸ਼ ਵਿਚ ਸਾਡੇ ਧਾਰਮਿਕ ਚਿੰਨ੍ਹਾਂ ਦੀ ਦੁਰਗਤੀ ਕੀਤੀ ਜਾਂਦੀ ਹੈ ਜਾਂ ਇਸ ਦੀ ਅਵੱਗਿਆਂ ਕਰਨ ਵਿਚ ਧਾਰਮਿਕ ਕੱਟੜਤਾ ਦਾ ਕਰੂਰ ਚਿਹਰਾ ਸਾਹਮਣੇ ਆਉਂਦਾ ਹੈ।
ਦਰਅਸਲ ਜਦ ਕੋਈ ਲੀਡਰ ਕੌਮ ਦੀ ਕੀਮਤ `ਤੇ ਨਿੱਜੀ ਮੁਫਾਦ ਪੂਰੇ ਕਰਨ ਅਤੇ ਖੁਦ ਨੂੰ ਨਿਲਾਮ ਕਰਨ ਦੇ ਰਾਹ ਤੁਰ ਪਵੇ ਤਾਂ ਰਾਜ ਕਰੇਂਦੀਆਂ ਪਾਰਟੀਆਂ ਲਈ ਬਹੁਤ ਆਸਾਨ ਹੁੰਦਾ ਹੈ ਅਜਿਹੇ ਲੀਡਰਾਂ ਦਾ ਮੁੱਲ ਲਾਉਣਾ। ਵਿਕੇ ਹੋਏ ਲੀਡਰ ਸਿਰਫ਼ ਚਾਪਲੂਸੀ ਦਾ ਹੀ ਨਾਮਕਰਨ ਹੋ ਜਾਂਦੇ ਨੇ।
ਇਹ ਘਟਨਾ ਦੇਖਣ ਨੂੰ ਬਹੁਤ ਨਿੱਕੀ ਜਿਹੀ ਹੈ ਪਰ ਮੇਰੇ ਸੰਵੇਦਨਸ਼ੀਲ ਮਨ ਵਿਚ ਬਹੁਤ ਤੌਖ਼ਲੇ ਪੈਦਾ ਕਰ ਗਈ ਹੈ। ਇਨ੍ਹਾਂ ਤੌਖ਼ਲਿਆਂ ਵਿਚੋਂ ਸਭ ਤੋਂ ਵੱਡਾ ਤੌਖ਼ਲਾ ਹੈ ਸਿੱਖੀ ਪਛਾਣ ਦਾ। ਇਸ ਲਈ ਸਿੱਖ ਲੀਡਰ ਕਿੰਨਾ ਕੁ ਸੰਜੀਦਾ ਨੇ? ਕੀ ਸਿੱਖ ਪਛਾਣ ਨੂੰ ਲੱਗ ਰਿਹਾ ਇਹ ਖੋਰਾ ਕਦੇ ਰੁਕੇਗਾ ਵੀ ਕਿ ਨਹੀਂ? ਕੀ ਸਿੱਖ ਚਿੰਤਕਾਂ ਨੇ ਇਸਨੂੰ ਕਦੇ ਗੰਭੀਰਤਾ ਨਾਲ ਲਿਆ ਹੈ? ਕੀ ਦਿੱਲੀ ਵਿਚ ਵੱਸਦੇ ਸਿੱਖਾਂ ਨੂੰ ਇਸ ਬਾਰੇ ਗਿਆਨ ਹੈ ਕਿ ਬੈਗ ਵਿਚ ਪਟਕੇ ਹੋਣ `ਤੇ ਤੁਹਾਨੂੰ ਲਾਲ ਕਿਲ੍ਹੇ ਵਿਚ ਜਾਣ ਤੋਂ ਰੋਕਿਆ ਜਾਵੇਗਾ ਜਾਂ ਉਹ ਸੱਭ ਕੁਝ ਜਾਣਦੇ ਹੋਏ ਵੀ ਅਗਿਆਨੀ ਹੋਣ ਦਾ ਢੌਂਗ ਕਰ ਰਹੇ ਹਨ?
ਮਨ ਵਿਚ ਇਹ ਵੀ ਸੋਚਦਾ ਹਾਂ ਕਿ ਕੀ ਅਜਿਹਾ ਕਦਮ ਪ੍ਰਦੇਸਾਂ ਵਿਚ ਜੰਮੇ ਪਲੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਤੋਂ ਮੁਨਕਰੀ ਤਾਂ ਨਹੀਂ? ਕੀ ਸਰਕਾਰੀ ਤੰਤਰ ਇਹ ਚਾਹੁੰਦਾ ਹੈ ਕਿ ਭਾਰਤੀ ਮੂਲ ਦੇ ਬੱਚੇ ਆਪਣੇ ਪਿੱਤਰੀ ਦੇਸ਼ ਨੂੰ ਨਾ ਮੁੜਨ ਅਤੇ ਆਪਣੀਆਂ ਜੜ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਭੁੱਲ ਜਾਣ? ਇਹ ਬੇਗਾਨਗੀ ਬੱਚਿਆਂ ਦੇ ਮਨਾਂ `ਤੇ ਕੀ ਅਸਰ ਕਰੇਗੀ ਇਹ ਤਾਂ ਭਵਿੱਖ ਵਿਚ ਪਤਾ ਲੱਗੇਗਾ। ਪਰ ਇਕ ਗੱਲ ਯਕੀਨੀ ਹੈ ਕਿ ਬੱਚੇ ਆਪਣੇ ਨਾਲ ਇਹ ਨਾ-ਭੁੱਲਣਯੋਗ ਯਾਦ ਲੈ ਕੇ ਜਾਣਗੇ ਜਿਹੜੀ ਆਪਣੇ ਬਜ਼ੁਰਗਾਂ ਦੀਆਂ ਕੀਤੀਆਂ ਕੁਤਾਹੀਆਂ ਜਾਂ ਮੌਜੂਦਾ ਸਿੱਖ ਲੀਡਰਾਂ ਵਲੋਂ ਪਾਲੇ ਜਾ ਰਹੇ ਰਾਜ-ਧਰਮ `ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਜ਼ਰੂਰ ਲਾਉਣਗੀਆਂ।
ਮਨ ਬਹੁਤ ਪੀੜਤ ਹੈ। ਇਸ ਪੀੜਾ ਨੂੰ ਘਟਾਉਣ ਲਈ ਮੈਂ ਬੇਟੀ ਨੂੰ ਦਿੱਲੀ ਦੇਖਣ ਦਾ ਵਿਚਾਰ ਤਿਆਗ ਕੇ ਪੰਜਾਬ ਨੂੰ ਜਾਣ ਦੀ ਸਲਾਹ ਦਿੰਦਾ ਹਾਂ। ਅਗਲੇ ਦਿਨ ਹੀ ਅਸੀਂ ਪੰਜਾਬ ਆ ਜਾਂਦੇ ਹਾਂ ਜਿੱਥੇ ਮੈਂ ਚਾਹੁੰਦਾ ਹਾਂ ਕਿ ਬੱਚੇ ਆਪਣੇ ਨਾਨਕੇ ਘਰ ਆ ਕੇ, ਇਸ ਬੀਤੀ ਹੋਈ ਘਟਨਾ ਨੂੰ ਭੁੱਲ ਕੇ, ਨਿੱਕੀਆਂ ਨਿੱਕੀਆਂ ਖੁਸ਼ੀਆਂ ਵਿਚੋਂ ਜੀਵਨ ਦੀਆਂ ਬਹੁਤ ਹੀ ਪਿਆਰੀਆਂ ਤੇ ਅਮੁੱਲ ਯਾਦਾਂ ਨੂੰ ਚੇਤਿਆਂ ਵਿਚ ਵਸਾ ਲੈਣ ਤਾਂ ਕਿ ਉਹ ਆਉਣ ਵਾਲੇ ਸਮੇਂ ਵਿਚ ਆਪਣੀ ਵਿਰਾਸਤ ਅਤੇ ਨਾਨਕੇ ਘਰ ਨਾਲ ਹਮੇਸ਼ਾ ਜੁੜੇ ਰਹਿਣ। ਇਹ ਹੀ ਮੇਰੀ ਦਿਲੀ ਤਮੰਨਾ ਸੀ ਜਦ ਮੈਂ ਉਨ੍ਹਾਂ ਨੂੰ ਅਮਰੀਕਾ ਤੋਂ ਪੰਜਾਬ ਆਉਣ ਦੀ ਤਾਕੀਦ ਕੀਤੀ ਸੀ।