ਸਾਰਾ ਪੰਜਾਬ ਕ੍ਰਿਕਟਰ ਅਰਸ਼ਦੀਪ ਸਿੰਘ ਦੀ ਪਿੱਠ `ਤੇ

ਚੰਡੀਗੜ੍ਹ: ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਾਕਿਸਤਾਨ ਖਿਲਾਫ ਦੁਬਈ ਵਿਚ ਖੇਡੇ ਗਏ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿਚ ਬੱਲੇਬਾਜ਼ ਆਸਿਫ ਅਲੀ ਦਾ ਕੈਚ ਛੱਡਣ ਕਾਰਨ ਸੋਸ਼ਲ ਮੀਡੀਆ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁਝ ਲੋਕਾਂ ਵੱਲੋਂ ਟਵਿੱਟਰ ‘ਤੇ ਅਰਸ਼ਦੀਪ ਸਿੰਘ ਨੂੰ ‘ਖਾਲਿਸਤਾਨੀ’ ਕਿਹਾ ਗਿਆ ਅਤੇ ਕੈਚ ਛੱਡੇ ਜਾਣ ਮਗਰੋਂ ਉਸ ਦੇ ਵਿਕੀਪੀਡੀਆ ਪੇਜ ‘ਤੇ ਵੀ ‘ਵੱਖਵਾਦੀ ਖਾਲਿਸਤਾਨੀ ਲਹਿਰ’ ਨਾਲ ਸਬੰਧਤ ਲਿਖ ਦਿੱਤਾ ਗਿਆ ਹੈ। ਅਰਸ਼ਦੀਪ ਨੂੰ ਜਾਣਬੁੱਝ ਕੇ ਕੈਚ ਛੱਡਣ ਤੇ ਪਾਕਿਸਤਾਨ ਦਾ ਹਮਾਇਤੀ ਦੱਸਿਆ ਜਾ ਰਿਹਾ ਹੈ।

ਉਧਰ, ਸਿੱਖ ਭਾਈਚਾਰੇ ਨੇ ਇਸ ਉਤੇ ਸਖਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਸ ਮਾਮਲੇ ਉਤੇ ਪੰਜਾਬ ਸਰਕਾਰ ਤੇ ਵਿਰੋਧੀ ਧਿਰਾਂ ਮੁਹਾਲੀ ਵਾਸੀ ਕ੍ਰਿਕਟਰ ਅਰਸ਼ਦੀਪ ਦੇ ਹੱਕ ਵਿਚ ਨਿੱਤਰ ਆਈਆਂ ਹਨ। ਸੂਬਾ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕ੍ਰਿਕਟਰ ਦੇ ਸਮਰਥਨ ਵਿਚ ਆਵਾਜ਼ ਬੁਲੰਦ ਕੀਤੀ ਹੈ। ਮੀਤ ਹੇਅਰ ਨੇ ਅਰਸ਼ਦੀਪ ਦੀ ਮਾਂ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ ਤੇ ਭਰੋਸਾ ਦਿਵਾਇਆ ਕਿ ਪੰਜਾਬ ਅਤੇ ਪੂਰਾ ਦੇਸ਼ ਉਸ ਦੇ ਨਾਲ ਹੈ। ‘ਆਪ’ ਸੰਸਦ ਮੈਂਬਰ ਰਾਘਵ ਚੱਢਾ, ਹਰਭਜਨ ਸਿੰਘ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੀ 23 ਸਾਲ ਦੇ ਤੇਜ ਗੇਂਦਬਾਜ਼ ਦੀ ਪਿੱਠ ‘ਤੇ ਆ ਗਏ ਹਨ। ਭਾਰਤ ਇਹ ਮੈਚ ਪੰਜ ਵਿਕਟਾਂ ਨਾਲ ਹਾਰ ਗਿਆ ਸੀ। ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਟਵੀਟ ਕੀਤਾ, “ਨੌਜਵਾਨ ਅਰਸ਼ਦੀਪ ਸਿੰਘ ਦੀ ਆਲੋਚਨਾ ਬੰਦ ਕਰੋ। ਕੋਈ ਜਾਣਬੁੱਝ ਕੇ ਕੈਚ ਨਹੀਂ ਛੱਡਦਾ।” ਇਸੇ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਅਰਸ਼ਦੀਪ ਦਾ ਸਮਰਥਨ ਕੀਤਾ ਹੈ। ਉਧਰ, ਕੁਝ ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਹੈ ਕਿ ਅਰਸ਼ਦੀਪ ਨੂੰ ਸਿੱਖ ਹੋਣ ਕਾਰਨ ਭਾਜਪਾ ਤੇ ਆਰ.ਐਸ.ਐਸ. ਹਮਾਇਤੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।