ਬਾਬਾ ਸੁੰਦਰ ਜੀ

ਗੁਰਨਾਮ ਕੌਰ, ਕੈਨੇਡਾ
ਬਾਬਾ ਸੁੰਦਰ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਰਾਮਕਲੀ ਵਿਚ ਛੇ ਪਹਿਰਿਆਂ ਦੀ ‘ਸਦੁ’ ਨਾਮ ਦੀ ਬਾਣੀ ਦੇ ਕਰਤਾ ਵਜੋਂ ਸ਼ਾਮਲ ਹੈ। ਬਾਬਾ ਸੁੰਦਰ ਜੀ ਗੁਰੂ ਅਮਰਦਾਸ ਪਾਤਿਸ਼ਾਹ ਦੇ ਪੜਪੋਤੇ ਸਨ। ਪ੍ਰੋਫੈਸਰ ਸਾਹਿਬ ਸਿੰਘ ਨੇ ਉਨ੍ਹਾਂ ਦਾ ਛਜਰਾ ਇਸ ਪ੍ਰਕਾਰ ਦਿੱਤਾ ਹੈ: ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਅਨੰਦ ਜੀ ਅਤੇ ਬਾਬਾ ਅਨੰਦ ਜੀ ਦੇ ਅੱਗੋਂ ਪੁੱਤਰ ਬਾਬਾ ਸੁੰਦਰ ਜੀ।

‘ਸਿੱਖ ਇਨਸਾਈਕਲੋਪੀਡੀਆ’ ਅਨੁਸਾਰ ਬਾਬਾ ਮੋਹਰੀ ਜੀ ਦੇ ਪੁੱਤਰ ਅਤੇ ਬਾਬਾ ਸੁੰਦਰ ਜੀ ਦੇ ਪਿਤਾ ਬਾਬਾ ਅਨੰਦ, ਸੁਭਾਅ ਪੱਖੋਂ ਬਹੁਤ ਹੀ ਧਰਮਾਤਮਾ ਪੁਰਖ ਸਨ। ਇਸ ਤਰ੍ਹਾਂ ਧਾਰਮਿਕ ਅਤੇ ਪਵਿੱਤਰ ਮਾਹੌਲ ਵਿਚ ਪਲਦਿਆਂ ਬਾਬਾ ਸੁੰਦਰ ਜੀ ਦੇ ਮਨ ਵਿਚ ਆਪਣੇ ਪੜ੍ਹਦਾਦਾ ਗੁਰੂ ਅਮਰਦਾਸ ਜੀ ਲਈ ਬਹੁਤ ਹੀ ਡੂੰਘਾ ਪ੍ਰੇਮ, ਸ਼ਰਧਾ ਅਤੇ ਸਤਿਕਾਰ ਪੈਦਾ ਹੋ ਗਿਆ ਸੀ। ਉਨ੍ਹਾਂ ਦੇ ਰਚੇ ਸ਼ਬਦ ‘ਸਦੁ’ ਦਾ ਅਰਥ ਹੈ ‘ਸੱਦਾ’ ਜਾਂ ‘ਬੁਲਾਵਾ’; ਜਿਸ ਦਾ ਵਿਸ਼ਾ ਹੈ ਗੁਰੂ ਅਮਰਦਾਸ ਪਾਤਿਸ਼ਾਹ ਨੂੰ ਕਰਤਾ ਪੁਰਖ ਵੱਲੋਂ ਆਪਣੇ ਪਾਸ ਬੁਲਾਵਾ ਭੇਜਿਆ ਜਾਣਾ ਅਤੇ ਉਨ੍ਹਾਂ ਦੀ ਚੜ੍ਹਾਈ ਕਰਨ ਦਾ ਵੇਲਾ। ਪ੍ਰੋਫੈਸਰ ਸਾਹਿਬ ਸਿੰਘ ਨੇ ‘ਸਦ’ ਸ਼ਬਦ ਦਾ ਅਰਥ ਕਰਦਿਆਂ ਲਿਖਿਆ ਹੈ ਕਿ ਇਹ ਸੰਸਕ੍ਰਿਤ ਦੇ ਲਫ਼ਜ਼ ‘ਸਬਦ’ ਦਾ ਪ੍ਰਾਕ੍ਰਿਤ ਰੂਪ ਹੈ ‘ਸਦ’ ਜੋ ਪੰਜਾਬੀ ਵਿੱਚ ਭੀ ‘ਸੱਦੁ’ ਹੈ। ਸੰਸਕ੍ਰਿਤ ਦੇ ਤਾਲਵੀ ‘ਸ਼’ ਦੀ ਥਾਂ ਪ੍ਰਾਕ੍ਰਿਤ ਵਿਚ ਦੰਤਵੀ ‘ਸ’ ਰਹਿ ਗਿਆ ਅਤੇ ਦੋ ਅੱਖਰਾਂ ‘ਬਦ-(ਬ ਅੱਧਾ)’ ਦੇ ਥਾਂ ਇੱਕ ਅੱਖਰ ‘ਦ’ ਦੀ ਹੀ ਦੋਹਰੀ ਆਵਾਜ਼ ਰਹਿ ਗਈ। ਰਾਮਕਲੀ ਰਾਗ ਵਿੱਚ ਲਿਖੀ ਹੋਈ ਇਸ ਬਾਣੀ ਦਾ ਨਾਮ ‘ਸਦੁ’ ਹੈ, ਇਥੇ ਇਸ ਦਾ ਭਾਵ ਹੈ ‘ਰੱਬ ਵੱਲੋਂ ਗੁਰੂ ਅਮਰਦਾਸ ਜੀ ਨੂੰ ਆਇਆ ਹੋਇਆ ਸੱਦਾ’।
ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ ਕਿ “ਇਹ ਬਾਣੀ ਦਾ ਸਿਰਲੇਖ ਹੈ। ਇਸ ਵਿਚ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਵਣ ਦੇ ਸਮੇਂ ਦਾ ਵਰਣਨ ਹੈ ਜੋ ਬਾਬਾ ਸੁੰਦਰ ਜੀ (ਜੋ ਉਸ ਵੇਲੇ ਮੌਜੂਦ ਸਨ) ਕਰ ਰਹੇ ਹਨ। ਗੁਰੂ ਜੀ ਦਾ ਸਿੱਖ-ਸੰਗਤਾਂ ਤਾਈਂ ਅੰਤਲਾ ਉਪਦੇਸ਼ ਬਾਬਾ ਸੁੰਦਰ ਜੀ ਦੀ ਜ਼ਬਾਨੀ ਹੈ ਜੋ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਪੜਪੋਤੇ (ਮੋਹਰੀ ਜੀ ਦੇ ਪੋਤਰੇ ਅਤੇ ਅਨੰਦ ਜੀ ਦੇ ਸਪੁੱਤਰ ਸਨ) ਕਰ ਰਹੇ ਹਨ। ਜਿਵੇਂ ਅਨੰਦ ਸਾਹਿਬ ਤਿਵੇਂ ਇਸ ‘ਸਦੁ’ ਦਾ ਭਾਵ ਕੋਈ ਇਤਿਹਾਸਕ ਗੱਲ ਦੱਸਣ ਦਾ ਨਹੀਂ, ਬਲਕਿ ਉਥੇ ਖੁਸ਼ੀ ਅਤੇ ਇਥੇ ਗ਼ਮੀ ਦੇ ਮੌਕੇ ਉਤੇ ਗੁਰਬਾਣੀ ਵਰਤਣ ਦਾ ਉਪਦੇਸ਼ ਦਿੱਤਾ ਹੈ। ਭਾਵ ਦੋਹਾਂ ਦਾ ਬਾਣੀ ਦੀ ਮਹੱਤਤਾ ਹੈ।”
ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ॥
ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ॥
ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ॥
ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ॥
ਆਇਆ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ॥
ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ॥1॥
ਬਾਬਾ ਸੁੰਦਰ ਜੀ ਬਚਨ ਕਰਦੇ ਹਨ ਕਿ ਸੰਸਾਰ ਵਿਚ ਦਾਤਾ ਭਾਵ ਦੇਣਹਾਰ ਕੇਵਲ ਪਰਮਾਤਮਾ ਹੈ ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ। ਉਸ ਅਕਾਲ ਪੁਰਖ ਵਿਚ ਗੁਰੂ ਅਮਰਦਾਸ ਦੇ ਸ਼ਬਦ ਰਾਹੀਂ ਲੀਨ ਹਨ ਅਤੇ ਉਸ ਪਰਮਾਤਮਾ ਨੂੰ ਉਹ ਗੁਰੂ ਦੇ ਸ਼ਬਦ ਰਾਹੀਂ ਜਾਣਦੇ ਹਨ, ਉਹ ਉਸ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦੇ। ਜਿਹੜੇ ਗੁਰੂ ਦੇ ਸ਼ਬਦ ਰਾਹੀਂ ਉਸ ਇੱਕ ਕਰਤਾ ਪੁਰਖ ਦੇ ਨਾਮ ਨੂੰ ਧਿਆਉਂਦੇ ਹਨ; ਉਹ ਉਸ ਕਰਤਾ ਪੁਰਖ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਪਛਾਣਦੇ। ਭਗਤੀ ਦੀ ਇਹ ਪਰਮ-ਪਦਵੀ, ਇਹ ਉੱਚਾ ਦਰਜਾ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਅਤੇ ਗੁਰੂ ਅੰਗਦ ਦੀ ਮਿਹਰ ਸਦਕਾ ਪ੍ਰਾਪਤ ਕੀਤਾ ਹੈ। ਜਦ ਇਸ ਸੰਸਾਰ ਤੋਂ ਕੂਚ ਕਰਨ ਦਾ ਹੁਕਮ ਆਇਆ ਤਾਂ ਗੁਰੂ ਅਮਰਦਾਸ ਪਰਮਾਤਮਾ ਦੇ ਨਾਮ ਵਿਚ ਲੀਨ ਸਨ। ਗੁਰੂ ਅਮਰਦਾਸ ਜੀ ਨੇ ਇਸ ਸੰਸਾਰ ਵਿਚ ਰਹਿੰਦਿਆਂ ਭਗਤੀ ਦੁਆਰਾ ਉਸ ਅਟੱਲ ਅਤੇ ਅਮਰ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੋਇਆ ਸੀ।
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ॥
ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ॥
ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ॥
ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ॥
ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ॥
ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ॥2॥
ਬਾਬਾ ਸੁੰਦਰ ਜੀ ਅੱਗੇ ਬਿਆਨ ਕਰਦੇ ਹਨ ਕਿ ਕਰਤਾ ਪੁਰਖ ਦੀ ਇਹ ਰਜ਼ਾ ਕਿ ਗੁਰੂ ਅਮਰਦਾਸ ਪਰਮ ਜੋਤਿ ਵਾਹਿਗੁਰੂ ਵਿਚ ਸਮਾ ਜਾਣ ਗੁਰੂ ਸਾਹਿਬ ਦੇ ਮਨ ਨੂੰ ਚੰਗੀ ਲੱਗੀ ਅਤੇ ਉਹ ਕਰਤਾ ਪੁਰਖ ਪਾਸ ਜਾਣ ਲਈ ਤਿਆਰ ਹੋ ਗਏ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਇਹ ਬੇਨਤੀ ਕੀਤੀ ਕਿ ਮੇਰੀ ਅਰਦਾਸ ਹੈ ਕਿ ਮੇਰੀ ਲਾਜ ਰੱਖੋ! ਅਤੇ ਆਪਣੇ ਸੇਵਕਾਂ `ਤੇ ਮਿਹਰ ਕਰੋ, ਪੈਜ ਰੱਖੋ ਅਤੇ ਉਸ ਮਾਇਆ ਤੋਂ ਨਿਰਲੇਪ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਕਰੋ। ਕਰਤਾ ਪੁਰਖ ਦਾ ਇਹ ਨਾਮ ਜੋ ਮੌਤ ਦੇ ਦੂਤ ਅਤੇ ਕਾਲ ਨੂੰ ਨਾਸ ਕਰ ਦੇਣ ਵਾਲਾ ਹੈ, ਇਸ ਸੰਸਾਰ ਤੋਂ ਕੂਚ ਕਰਨ ਵੇਲੇ ਮੇਰਾ ਸਾਥੀ ਬਣੇ। ਵਾਹਿਗੁਰੂ ਨੇ ਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ, ਇਹ ਅਰਦਾਸ ਸੁਣ ਲਈ ਅਤੇ ਆਪਣੀ ਮਿਹਰ ਕਰ ਕੇ ਸਤਿਗੁਰੂ ਅਮਰਦਾਸ ਨੂੰ ਕਰਤਾ ਪੁਰਖ ਨੇ ਆਪਣੇ ਆਪ ਨਾਲ ਮਿਲਾ ਲਿਆ ਅਤੇ ਸਤਿਗੁਰੂ ਦੀ ਧੰਨ ਧੰਨ ਹੋ ਗਈ ਅਤੇ ਅਕਾਲ ਪੁਰਖ ਪਾਸੋਂ ਸ਼ਾਬਾਸ਼ ਮਿਲੀ।
ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ॥
ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ॥
ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ॥
ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ॥
ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ॥
ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ॥3॥
ਬਾਬਾ ਸੁੰਦਰ ਜੀ ਅਨੁਸਾਰ ਗੁਰੂ ਅਮਰਦਾਸ ਜੀ ਨੇ ਕਹਿਆ ਕਿ ਮੇਰੇ ਸਿੱਖੋ, ਪੁੱਤਰੋ, ਭਾਈਓ ਮੇਰੇ ਪ੍ਰਭੂ ਨੂੰ ਇਹ ਚੰਗਾ ਲੱਗਿਆ ਹੈ ਅਤੇ ਉਸ ਦਾ ਇਹ ਹੁਕਮ ਆਇਆ ਹੈ ਕਿ ਮੇਰੇ ਪਾਸ ਆਉ। ਮੈਨੂੰ ਉਸ ਅਕਾਲ ਪੁਰਖ ਦਾ ਭਾਣਾ, ਉਸ ਦੀ ਰਜ਼ਾ ਚੰਗੀ ਲੱਗੀ ਹੈ ਅਤੇ ਰਜ਼ਾ ਮੰਨਣ ‘ਤੇ ਮੇਰੇ ਵਾਹਿਗੁਰੂ ਨੇ ਮੈਨੂੰ ਸ਼ਾਬਾਸ਼ ਦਿੱਤੀ ਹੈ। ਅਕਾਲ ਪੁਰਖ, ਵਾਹਿਗੁਰੂ ਦਾ ਭਗਤ ਉਹੀ ਹੈ ਜੋ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ, ਉਸ ਦੀ ਰਜ਼ਾ ਵਿਚ ਚੱਲਦਾ ਹੈ। ਉਸ ਦੇ ਅੰਦਰ ਪੂਰਨ ਅਨੰਦ ਹੁੰਦਾ ਹੈ, ਪੂਰਨ ਅਨੰਦ ਦੇਣ ਵਾਲਾ ਅਨਹਦ ਨਾਦ ਵੱਜਦਾ ਹੈ ਅਤੇ ਵਾਹਿਗੁਰੂ ਆਪ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਤੁਸੀਂ ਮੇਰੇ ਪੁੱਤ, ਭਾਈ, ਮੇਰਾ ਪਰਿਵਾਰ ਹੋ ਅਤੇ ਸਭ ਆਪਣੇ ਮਨ ਵਿਚ ਆਪ ਨਿਰਣਾ ਕਰ ਕੇ ਦੇਖੋ ਕਿ ਧੁਰ ਦਰਗਾਹ ਤੋਂ ਆਇਆ ਪਰਵਾਨਾ ਬਦਲਦਾ ਨਹੀਂ ਹੁੰਦਾ, ਇਸ ਲਈ ਗੁਰੂ ਹੁਣ ਅਕਾਲ ਪੁਰਖ ਕੋਲ ਜਾ ਰਿਹਾ ਹੈ।
ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ॥
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ॥
ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ॥
ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ॥
ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ॥
ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ॥4॥
ਬਾਬਾ ਸੁੰਦਰ ਜੀ ਅੱਗੇ ਬਿਆਨ ਕਰਦੇ ਹਨ ਕਿ ਸਤਿਗੁਰੂ ਅਮਰਦਾਸ ਜੀ ਨੇ ਆਪਣੀ ਮਰਜ਼ੀ ਅਨੁਸਾਰ ਸਾਰੇ ਪਰਿਵਾਰ ਨੂੰ ਆਪਣੇ ਪਾਸ ਸੱਦਿਆ ਅਤੇ ਹੁਕਮ ਕੀਤਾ ਕਿ ਮੇਰੇ ਕੂਚ ਕਰਨ `ਤੇ ਮੇਰੇ ਪਿੱਛੋਂ ਵਿਛੋੜੇ ਵਿਚ ਕਿਸੇ ਨੇ ਰੋਣਾ ਨਹੀਂ ਕਿਉਂਕਿ ਇਹ ਮੈਨੂੰ ਚੰਗਾ ਨਹੀਂ ਲੱਗਣਾ। ਜਿਸ ਮਨੁੱਖ ਨੂੰ ਆਪਣੇ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ ਹੈ, ਵਡਿਆਈ ਹੁੰਦੀ ਚੰਗੀ ਲੱਗਦੀ ਹੈ ਉਹ ਆਪਣੇ ਮਿੱਤਰ ਨੂੰ ਇੱਜ਼ਤ ਮਿਲਣ ‘ਤੇ, ਸਤਿਕਾਰ ਮਿਲਣ ‘ਤੇ ਖੁਸ਼ ਹੁੰਦਾ ਹੈ। ਕਹਿਣ ਤੋਂ ਭਾਵ ਹੈ ਕਿ ਗੁਰੂ ਅਮਰਦਾਸ ਨੂੰ ਪਿਆਰ ਕਰਨ ਵਾਲਿਆਂ ਨੂੰ ਰੋਣ ਦੀ ਥਾਂ ਖੁਸ਼, ਪ੍ਰਸੰਨ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਵਾਹਿਗੁਰੂ ਦੀ ਦਰਗਾਹ ਤੋਂ ਵਡਿਆਈ ਮਿਲ ਰਹੀ ਹੈ। ਗੁਰੂ ਅਮਰਦਾਸ ਕਹਿੰਦੇ ਹਨ ਕਿ ਤੁਸੀਂ ਮੇਰੇ ਪੁੱਤਰੋ ਅਤੇ ਭਰਾਵੋ ਆਪਣੇ ਮਨ ਵਿਚ ਵਿਚਾਰ ਕਰ ਕੇ ਦੇਖੋ ਕਿ ਵਾਹਿਗੁਰੂ ਆਪ ਗੁਰੂ ਨੂੰ ਇੱਜ਼ਤ ਦਾ ਸਰੋਪਾ ਦੇ ਰਿਹਾ ਹੈ, ਸਨਮਾਨ ਨਾਲ ਨਵਾਜ਼ ਰਿਹਾ ਹੈ, ਇਸ ਲਈ ਖੁਸ਼ ਹੋਵੋ। ਬਾਬਾ ਸੁੰਦਰ ਜੀ ਅੱਗੇ ਦੱਸਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਵਿਚ ਹੀ ਗੁਰੂ ਰਾਮਦਾਸ ਜੀ ਨੂੰ ਆਪ ਗੁਰ-ਗੱਦੀ `ਤੇ ਬਿਰਾਜਮਾਨ ਕੀਤਾ ਭਾਵ ਗੁਰੂ ਥਾਪਿਆ ਅਤੇ ਸਾਰੇ ਸਿੱਖਾਂ, ਗੁਰਭਾਈਆਂ, ਪੁੱਤਰਾਂ, ਭਰਾਵਾਂ ਨੂੰ ਗੁਰੂ ਰਾਮਦਾਸ ਜੀ ਦੇ ਚਰਨੀਂ ਲਾ ਦਿੱਤਾ।
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥
ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ॥
ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ॥5॥
ਅੱਗੇ ਫ਼ੁਰਮਾਇਆ ਹੈ ਕਿ ਜੋਤੀ ਜੋਤਿ ਸਮਾਉਣ ਵੇਲੇ ਸਤਿਗੁਰੂ ਅਮਰਦਾਸ ਜੀ ਬੋਲੇ ਕਿ ਮੇਰੇ ਪਿੱਛੋਂ ਸਿਰਫ਼ ਰੱਬੀ ਕੀਰਤਨ ਕਰਨਾ ਹੈ। ਵਾਹਿਗੁਰੂ ਦੇ ਪੰਡਿਤਾਂ ਨੂੰ, ਅਰਥਾਤ ਸੰਤ-ਜਨਾਂ ਨੂੰ ਸੱਦਣਾ ਹੈ ਜਿਹੜੇ ਅਕਾਲ ਪੁਰਖ ਦੀ ਕਥਾ-ਵਾਰਤਾ ਰੂਪੀ ਪੁਰਾਣ ਪੜ੍ਹਨ ਅਰਥਾਤ ਨਿਰੋਲ ਵਾਹਿਗੁਰੂ ਦੇ ਗੁਣਾਂ ਦੀ ਕਥਾ ਕਰਨ। ਵਾਹਿਗੁਰੂ ਦੀ ਕਥਾ ਕਰਨੀ ਹੈ, ਉਸ ਦੇ ਨਾਮ ਦੀ ਕਥਾ ਨੂੰ ਸੁਣਨਾ ਹੈ ਕਿਉਂਕਿ ਪਰਵਦਗਾਰ ਦੇ ਪ੍ਰੇਮ-ਰੂਪੀ ਅਰਥੀ ਹੀ ਗੁਰੂ ਦੇ ਮਨ ਨੂੰ ਚੰਗੀ ਲੱਗਦੀ ਹੈ। ਕਹਿਣ ਤੋਂ ਭਾਵ ਹੈ ਕਿ ਰੋਣ-ਪਿੱਟਣ ਅਤੇ ਫ਼ਜ਼ੂਲ ਦੀ ਸਜਾਵਟ ਵਾਲੇ ਬਿਬਾਣ ਦੀ ਥਾਂ ਵਾਹਿਗੁਰੂ ਦੇ ਕੀਰਤਨ ਨਾਲ ਜਾਂਦੀ ਅਰਥੀ ਸ੍ਰੇਸ਼ਟ ਹੈ। ਸਤਿਗੁਰੂ ਨੇ ਆਦੇਸ਼ ਕੀਤਾ ਕਿ ਪੱਤਿਆਂ ਦੇ ਬਣੇ ਹੋਏ ਡੂਨੇ ਜਿਨ੍ਹਾਂ ਉੱਤੇ ਪਿੰਡ ਰੱਖੀਦੇ ਹਨ, ਦੀ ਥਾਂ ਸਤਿਸੰਗਤਿ ਕਰਨੀ ਹੈ। ਕਹਿਣ ਤੋਂ ਭਾਵ ਹੈ ਕਿ ਪਿੰਡ, ਪੱਤਲ, ਕਿਰਿਆ, ਦੀਵਾ ਆਦਿ ਰਸਮਾਂ ਕਰਨ ਦੀ ਥਾਂ ਸਤਿਸੰਗਤਿ ਵਿਚ ਜੁੜਨਾ ਹੈ ਅਤੇ ਕਰਤਾ ਪੁਰਖ ਨੂੰ ਯਾਦ ਕਰਨਾ ਹੈ। ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ ਉਸ ਵੇਲੇ ਕਿਹਾ ਕਿ ਸਤਿਗੁਰੂ ਨੂੰ ਅਕਾਲ ਪੁਰਖ ਮਿਲ ਪਿਆ ਅਰਥਾਤ ਗੁਰੂ ਅਮਰਦਾਸ ਜੀ ਦੀ ਜੋਤਿ ਆਪਣੇ ਸਰੋਤ ਕਰਤਾ ਪੁਰਖ ਦੀ ਜੋਤਿ ਵਿਚ ਸਮਾ ਗਈ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ, ਗੁਰਗੱਦੀ ਸੌਂਪੀ ਅਤੇ ਗੁਰੂ ਦੇ ਸ਼ਬਦ ਦੀ ਸਚੀ ਰਾਹਦਾਰੀ ਦਿੱਤੀ, ਗੁਰੂ ਦੇ ਸ਼ਬਦ ਦਾ ਨਿਸ਼ਾਨ ਦਿੱਤਾ।
ਸਤਿਗੁੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ॥
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ॥
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ॥
ਕੋਈ ਕਰੈ ਬਖੀਲੀ ਨਿਵੇ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ॥
ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ॥
ਕਹੇ ਸੁੰਦਰੁ ਸੁਣਹੁ ਸੰਤਹੁ ਜਗਤੁ ਪੈਰੀ ਪਾਇ ਜੀਉ॥6॥1॥
ਗੁਰੂ ਅਮਰਦਾਸ ਜੀ ਨੇ ਜਦੋਂ ਇਹ ਬਚਨ ਕੀਤਾ, ਆਗਿਆ ਕੀਤੀ ਕਿ ਗੁਰੂ ਰਾਮਦਾਸ ਨੂੰ ਗੁਰੂ ਮੰਨਣਾ ਹੈ ਤਾਂ ਗੁਰੂ ਦੇ ਸਿੱਖਾਂ ਨੇ ਗੁਰੂ ਦੀ ਰਜ਼ਾ ਨੂੰ ਮੰਨ ਲਿਆ, ਆਗਿਆ ਦੀ ਪਾਲਣਾ ਕੀਤੀ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ ਗੁਰੂ ਦੇ ਸਨਮੁਖ ਆਏ, ਗੁਰੂ ਦੀ ਆਗਿਆ ਦੀ ਪਾਲਣਾ ਕੀਤੀ ਅਤੇ ਗੁਰੂ ਰਾਮਦਾਸ ਨੂੰ ਮੱਥਾ ਟੇਕਿਆ, ਸੀਸ ਨਿਵਾਇਆ ਅਤੇ ਗੁਰੂ ਦੇ ਸਨਮੁਖ ਸੁਰਖ਼ਰੂ ਹੋਕੇ ਖੜ੍ਹੇ ਹੋਏ। ਗੁਰੂ ਅਮਰਦਾਸ ਜੀ ਨੇ ਜਿਸ ਗੁਰੂ ਰਾਮਦਾਸ ਵਿਚ ਆਪਣਾ ਆਪ ਰੱਖਿਆ ਅਰਥਾਤ ਗੁਰੂ ਰਾਮਦਾਸ ਵਿਚ ਆਪਣੀ ਜੋਤਿ ਟਿਕਾ ਦਿੱਤੀ, ਸਾਰਿਆਂ ਨੇ ਉਸ ਗੁਰੂ ਰਾਮਦਾਸ ਨੂੰ ਪੈਰੀਂ ਪੈਣਾ ਕੀਤਾ, ਗੁਰੂ ਮੰਨ ਕੇ ਉਨ੍ਹਾਂ ਅੱਗੇ ਸੀਸ ਝੁਕਾਇਆ। ਜਿਸ ਕਿਸੇ ਨੇ ਈਰਖਾ ਕੀਤੀ ਅਤੇ ਪੈਰੀਂ ਪੈਣਾ ਨਹੀਂ ਕੀਤਾ ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਆਪ ਲਿਆ ਕੇ ਗੁਰੂ ਰਾਮਦਾਸ ਜੀ ਦੇ ਅੱਗੇ ਪੈਰੀਂ ਪੈਣਾ ਕਰਾਇਆ। ਬਾਬਾ ਸੁੰਦਰ ਜੀ ਨੇ ਕਿਹਾ ਕਿ ਕਿ ਸੰਤ ਜਨੋ! ਸੁਣੋ ਅਕਾਲ ਪੁਰਖ ਨੂੰ ਅਤੇ ਗੁਰੂ ਅਮਰਦਾਸ ਨੂੰ ਇਹੀ ਚੰਗਾ ਲੱਗਿਆ ਉਨ੍ਹਾਂ ਨੇ ਗੁਰੂ ਰਾਮਦਾਸ ਨੂੰ ਵਡਿਆਈ ਬਖਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ; ਲਿਖੇ ਲੇਖ ਨੂੰ ਰੱਬ ਦੀ ਰਜ਼ਾ ਜਾਣ ਕੇ ਮੰਨਿਆ ਅਤੇ ਸਾਰਾ ਜਗਤ ਗੁਰੁ ਰਾਮਦਾਸ ਜੀ ਦੇ ਪੈਰੀਂ ਪਿਆ ਅਰਥਾਤ ਗੁਰੂ ਰਾਮਦਾਸ ਜੀ ਨੂੰ ਗੁਰੂ ਸਵੀਕਾਰ ਕੀਤਾ।
ਬਾਬਾ ਸੁੰਦਰ ਜੀ ਦੀ ਇਸ ਬਾਣੀ ਤੋਂ ਸਾਨੂੰ ਇਹ ਸਮਝਣ ਵਿਚ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ ਕਿ ਗੁਰੂ ਸਾਹਿਬ ਨੇ ਅਕਾਲ ਚਲਾਣੇ ਸਮੇਂ ਪਿੰਡ, ਪੱਤਲ, ਦੀਵਾ, ਕਿਰਿਆ ਆਦਿ ਰਸਮਾਂ ਕਰਨ ਤੋਂ ਮਨਾਹੀ ਕੀਤੀ ਹੈ। ਕਿਸੇ ਪੰਡਤਿ ਨੂੰ ਸੱਦ ਕੇ ਇਹ ਕਿਰਿਆ ਕਰਮ ਕਰਨ ਦੀ ਥਾਂ ਵਾਹਿਗੁਰੂ ਦਾ ਨਾਮ ਜਪਣ ਵਾਲੇ ਅਤੇ ਉਸ ਦੇ ਗੁਣਾਂ ਦਾ ਗਾਇਨ ਕਰਨ ਵਾਲੇ ਸੰਤਜਨਾਂ, ਗੁਰਮੁਖਿ ਜਨਾਂ ਨਾਲ ਮਿਲ ਕੇ ਰੱਬੀ ਬਾਣੀ ਦਾ ਕੀਰਤਨ ਕਰਨ, ਕਰਤਾ ਪੁਰਖ ਦੇ ਗੁਣਾਂ ਦਾ ਗਾਇਨ ਕਰਨ ਲਈ ਕਿਹਾ ਹੈ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ‘ਤੇ ਬਿਰਾਜਮਾਨ ਕੀਤਾ ਅਤੇ ਸਮੇਤ ਆਪਣੇ ਪੁੱਤਰ-ਪੋਤਰਿਆਂ, ਰਿਸ਼ਤੇਦਾਰਾਂ ਅਤੇ ਸਾਰੀ ਸਿੱਖ ਸੰਗਤਿ ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਮੰਨ ਕੇ ਉਨ੍ਹਾਂ ਅੱਗੇ ਸੀਸ ਝੁਕਾਉਣ ਲਈ ਕਿਹਾ। ਸਮੇਤ ਪਰਿਵਾਰ ਦੇ ਸਾਰੀ ਸੰਗਤਿ ਨੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਗੁਰੂ ਅੱਗੇ ਸੀਸ ਨਿਵਾਇਆ। ਜਿਸ ਕਿਸੇ ਨੇ ਈਰਖਾ ਦੇ ਵੱਸ ਹੋ ਕੇ ਇਸ ਦਾ ਵਿਰੋਧ ਕਰਨਾ ਚਾਹਿਆ ਉਸ ਨੂੰ ਵੀ ਗੁਰੂ ਅਮਰਦਾਸ ਜੀ ਨੇ ਆਪ ਸਮਝਾਇਆ ਅਤੇ ਸਬੰਧਤ ਵਿਅਕਤੀਆਂ ਨੇ ਹੁਕਮ ਦੀ ਪਾਲਣਾ ਕੀਤੀ। ਇਸ ਦੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇਣ ਮੌਕੇ ਬਾਣੀ ਵੀ ਸੌਂਪੀ:
ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨਿਸਾਣੁ ਜੀਉ॥
‘ਸਦ’ਦੀ ਪੰਜਵੀਂ ਪਉੜੀ ਬਾਰੇ ਕਿਸੇ ਕਿਸਮ ਦਾ ਭੁਲੇਖਾ ਖਾਣ “ਇਸ ਪਉੜੀ ਵਿਚ ਗੁਰੂ ਅਮਰਦਾਸ ਜੀ ਵਲੋਂ ਕਿਰਿਆ ਕਰਨ ਦੀ ਹਿਦਾਇਤ ਦਾ ਜ਼ਿਕਰ ਹੈ” ਤੋਂ ਸੁਚੇਤ ਕਰਦਿਆਂ ਪ੍ਰੋਫੈਸਰ ਸਾਹਿਬ ਸਿੰਘ ਨੇ ‘ਦਰਪਣ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਲਿਖਿਆ ਹੈ ਕਿ “ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਹੀ ਸਮਝਣ ਲਈ ਇਹ ਅੱਤ ਜ਼ਰੂਰੀ ਹੈ ਕਿ ਉਸ ਵਕਤ ਦੀ ਪੰਜਾਬੀ ਦੇ ਵਿਆਕਰਨਿਕ ਨਿਯਮਾਂ ਦੀ ਥੋੜੀ ਬਹੁਤ ਸਮਝ ਹੋਵੇ। ” ਉਨ੍ਹਾਂ ਨੇ ਅੱਗੇ ਲਫ਼ਜ਼ “ਪੰਡਿਤ, ਪੜਹਿ ਅਤੇ ਪਾਵਏ” ਦੀ ਵਿਆਕਰਨਿਕ ਵਿਆਖਿਆ ਕਰਦਿਆਂ ਲਿਖਿਆ ਹੈ ਕਿ “ਲਫ਼ਜ਼ ‘ਪੰਡਿਤ’ ਬਹੁ ਬਚਨ ਹੈ, ਲਫ਼ਜ਼ ‘ਪੜਹਿ’ ਭੀ ਬਹੁ ਬਚਨ ਹੈ। ਹਿੰਦੂ ਸੱਜਣ ਮਰੇ ਪ੍ਰਾਣੀ ਪਿਛੋਂ ਕਿਰਿਆ ਕਰਾਂਦੇ ਹਨ। ਕਿਰਿਆ ਕਰਨ ਵਾਲੇ ਬ੍ਰਾਹਮਣ ਨੂੰ ਆਚਰਜ ਆਖੀਦਾ ਹੈ। ਇਹ ਆਚਰਜ ਖ਼ਾਨਦਾਨੀ ਹੀ ਤੁਰੇ ਆਉਂਦੇ ਹਨ। ਹਰੇਕ ਘਰ ਦਾ ਇਕੋ ਹੀ ਆਚਰਜ ਹੁੰਦਾ ਹੈ। ਜੇ ਗੁਰੂ ਅਮਰਦਾਸ ਜੀ ਵਲੋਂ ਕਿਰਿਆ ਦੀ ਹਿਦੈਤ ਹੁੰਦੀ, ਤਾਂ ਲਫ਼ਜ਼ ‘ਪੰਡਿਤ’ ਏਥੇ ਇਕ ਬਚਨ ਹੁੰਦਾ, ਇਸ ਦੀ ਸ਼ਕਲ ‘ਪੰਡਿਤੁ’ ਹੁੰਦੀ, ਅੱਖਰ ‘ਤ’ ਦੇ ਅੰਤ ਵਿਚ (_) ਹੁੰਦਾ। ਲਫ਼ਜ਼ ‘ਗੋਪਾਲ’ ਸੰਬੰਧ ਕਾਰਕ ਵਿਚ ਹੈ। ‘ਕੇਸੋ ਗੋਪਾਲ ਪੰਡਿਤ’ ਦਾ ਅਰਥ ਹੈ ‘ਕੇਸੋ ਗੋਪਾਲ ਦੇ ਪੰਡਿਤ। ’ ਕੇਸੋ ਅਤੇ ਗੋਪਾਲ ਪਰਮਾਤਮਾ ਦੇ ਨਾਮ ਹਨ; ਜਿਵੇਂ:-
‘ਕਬੀਰ ਕੇਸੋ ਕੇਸੋ ਕੂਕੀਐ’
ਅਤੇ
‘ਗੋਪਾਲ ਤੇਰਾ ਅਰਤਾ’।
ਸਤਿਗੁਰੂ ਜੀ ਵਲੋਂ ਹਦਾਇਤ ਇਹ ਹੈ ਕਿ ਸਾਡੇ ਪਿਛੋਂ ਪਰਮਾਤਮਾ ਦੇ ਪੰਡਤਾਂ ਨੂੰ ਸੱਦਣਾ, ਭਾਵ ਸਤਸੰਗੀਆਂ ਨੂੰ ਬੁਲਾਣਾ ਜੋ ਆ ਕੇ ਗਰੁੜ ਪੁਰਾਣ ਦੇ ਥਾਂ ‘ਹਰਿ ਹਰਿ ਕਥਾ’ ਪੜ੍ਹਨ। ਇਸੇ ਦੀ ਹਦਾਇਤ ਦੀ ਤਾਕੀਦ ਅਗਲੀਆਂ ਦੋ ਤੁਕਾਂ ਵਿਚ ਕੀਤੀ ਹੈ।
“ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ॥”
ਲਫ਼ਜ਼ ‘ਪਾਵਏ’ ਵਰਤਮਾਨ ਕਾਲ ਹੈ, ਅੱਨ ਪੁਰਖ, ਇਕ ਵਚਨ। ਇਸ ਦਾ ਅਰਥ ਹੈ ‘ਪਾਂਦਾ ਹੈ’। ਕਿਸੇ ਭੀ ਹਾਲਤ ਵਿਚ ਲਫ਼ਜ਼ ਹੁਕਮੀ ਭਵਿੱਖਤ ਕਾਲ ਵਿਚ ਨਹੀਂ ਹੈ। ਤੀਜੀ ਤੁਕ ਵਿਚ ਜ਼ਿਕਰ ਹੈ ਕਿ ‘ਬੇਬਾਣ ਹਰਿ ਰੰਗੁ ਗੁਰ ਭਾਵਏ’ (ਗੁਰੂ ਨੂੰ ਹਰੀ ਦਾ ਪਿਆਰ-ਰੂਪ ਬੇਬਾਣ ਚੰਗਾ ਲੱਗਦਾ ਹੈ)। ਚੌਥੀ ਤੁਕ ਦੇ ਲਫ਼ਜ਼ ‘ਪਾਵਏ’ ਦਾ ਕਰਤਾ ਕਾਰਕ ਲਫ਼ਜ਼ ‘ਗੁਰੁ’ ਹੈ (ਗੁਰੂ ਪਿੰਡ ਪਤਲਿ ਕਿਰਿਆ ਦੀਵਾ ਫੁੱਲ – ਇਹ ਸਭ ਕੁਝ ‘ਹਰਿਸਰ’ ਵਿਚ ਪਾਂਦਾ ਹੈ, ਭਾਵ, ਇਹ ਸਾਰੀ ਰਸਮ ਨੂੰ ਗੁਰੂ ਸਤਸੰਗ ਤੋਂ ਸਦਕੇ ਕਰਦਾ ਹੈ)।
ਇਸ ਸੰਖੇਪ ਚਰਚਾ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਗੁਰੂ ਅੰਤਮ ਰਸਮਾਂ ਦੇ ਰੂਪ ਵਿਚ ਸੰਗਤੀ ਤੌਰ ‘ਤੇ ਇਕੱਤਰ ਹੋ ਕੇ ਗੁਰਬਾਣੀ ਦੀ ਕਥਾ-ਕੀਰਤਨ ਅਤੇ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਹਨ; ਹੋਰ ਕਿਸੇ ਵੀ ਕਿਸਮ ਦੀਆਂ ਬਬਾਣ, ਦੀਵਾ, ਪੱਤਲ, ਕਿਰਿਆ ਆਦਿ ਦੀ ਮਨਾਹੀ ਕਰਦੇ ਹਨ। ਸਿੱਖ ਲਈ ਦੁੱਖ ਦੀ ਘੜੀ ਵਿਚ ਵੀ ਨਾਮ ਸਿਮਰਨ ਦਾ ਉਪਦੇਸ਼ ਹੈ;ਜਿਵੇਂ ਗੁਰੂ ਰਾਮਦਾਸ ਜੀ ਨੇ ਫੁਰਮਾਇਆ ਹੈ:
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥2॥
ਗੁਰੂ ਸਾਹਿਬਾਨ ਨੇ ਸਿੱਖ ਦੇ ਜਨਮ, ਜੀਵਨ ਅਤੇ ਅੰਤਮ ਸਮੇਂ ਨੂੰ ਸੌਖੇ ਅਤੇ ਸਹੀ ਢੰਗ ਨਾਲ ਬਸਰ ਕਰਨ ਲਈ ਨਾਮ ਸਿਮਰਨ ਨਾਲ ਜੋੜਿਆ ਹੈ, ਕਿਸੇ ਕਿਸਮ ਦੇ ਕਰਮ-ਕਾਂਡ ਅਤੇ ਵਾਧੂ ਰਸਮਾਂ ਵਿਚ ਸਮਾਂ ਅਤੇ ਜੀਵਨ ਵਿਅਰਥ ਕਰਨ ਦੀ ਜ਼ਰੂਰਤ ਨਹੀਂ ਹੈ।