ਕੋਈ ਹੋਰ ਠਿਕਾਣਾ

ਨਿਰੰਜਨ ਬੋਹਾ
‘ਅਬ ਤੁਮ ਘਰ ਜਾ ਕਰ ਅਰਾਮ ਕਰ ਲੇ ਬੇਟਾ… ਸੁਭਹਾ ਜਲਦੀ ਆ ਜਾਣਾ।’ ਸਾਧਵੀ ਰੀਤੂ ਮਾਂ ਨੇ ਮੇਰਾ ਸਿਰ ਪਲੋਸ ਕੇ ਅਸ਼ੀਰਵਾਦ ਦੇਂਦਿਆਂ ਕਿਹਾ ਹੈ। ਆਸ਼ਰਮ ਵਿਚ ਆਰਤੀ ਦਾ ਸਾਮਾਨ ਤਿਆਰ ਕਰ ਕੇ ਪਹਿਲਾਂ ਮੈਂ ਅਕਸਰ ਛੇ ਵਜੇ ਹੀ ਘਰ ਚਲੀ ਜਾਂਦੀ ਸਾਂ ਪਰ ਗੁਰੂ ਪੂਜਨ ਦਾ ਤਿਉਹਾਰ ਨੇੜੇ ਹੋਣ ਕਰਕੇ ਆਸ਼ਰਮ ਦੀ ਸਜਾਵਟ ਦਾ ਕੰਮ ਚੱਲ ਰਿਹਾ ਹੈ, ਇਸ ਲਈ ਸੱਤ ਵੱਜ ਜਾਣ `ਤੇ ਵੀ ਮੈਂ ਆਪਣੇ ਕੰਮ ਵਿਚ ਮਗਨ ਹਾਂ।

ਪੰਜਾਹ ਦੇ ਕਰੀਬ ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਆਉਣ ਵਾਲੀਆਂ ਸਾਧਵੀਆਂ ਤੇ ਸੰਤ ਮਹਾਤਮਾ ਦੇ ਠਹਿਰਨ ਦਾ ਪ੍ਰੰਬਧ ਕਰਨਾ ਹੈ ਤੇ ਸਾਧਵੀ ਰੀਤੂ ਮਾਂ ਦੀ ਵਿਸ਼ਵਾਸ-ਪਾਤਰ ਹੋਣ ਕਾਰਨ ਇਸ ਪ੍ਰਬੰਧ ਦੀਆਂ ਵਧੇਰੇ ਜਿ਼ੰਮੇਵਾਰੀਆਂ ਮੇਰੇ ਤੇ ਮੇਰੀ ਸਹੇਲੀ ਪ੍ਰੇਮ ਲਤਾ ਕੋਲ ਹੀ ਹਨ।
‘ਮਾਂ, ਸਤਸੰਗ ਹਾਲ ਵਿਚ ਵਿਛਾਈ ਦਾ ਕੰਮ ਅਜੇ ਥੋੜ੍ਹਾ ਜਿਹਾ ਰਹਿੰਦਾ ਹੈ… ਅੱਜ ਇੱਥੇ ਹੀ ਕਿਸੇ ਕਮਰੇ ਵਿਚ ਠਹਿਰ ਜਾਂਦੀ ਹਾਂ।” ਮੈਂ ਆਪਣਾ ਕੰਮ ਨਿਬੇੜਨ ਦੇ ਮੰਤਵ ਨਾਲ ਉਨ੍ਹਾਂ ਨੂੰ ਬੇਨਤੀ ਕੀਤੀ ਹੈ।
‘ਨਹੀਂ ਬੇਟਾ ਆਸ਼ਰਮ ਮੇਂ ਸੇਵਾ ਕਰਨੀ ਔਰ ਬਾਤ ਹੈ …ਪਰ ਯਹਾਂ ਰਾਤ ਕੋ ਠਹਿਰਨਾ ਤੁਮਹਾਰੇ ਲੀਏ ਉਚਿਤ ਨਹੀਂ ਹੈ। ਯਹਾਂ ਠਹਿਰ ਕੇਵਲ ਹਮਾਰੇ ਜੈਸੀ ਸਾਧਵੀਓਂ ਕੇ ਲੀਏ ਹੈ, ਜਿਨ੍ਹੋਂ ਨੇ ਘਰ ਬਾਰ ਤਿਆਗ ਕਰ ਸੰਨਿਆਸ ਲੇ ਲੀਆ ਹੋ। ਤੁਮ ਘਰ ਜਾਓ ਬੇਟਾ, ਤੁਮਾਰੇ ਮੰਮੀ ਪਾਪਾ ਫਿਕਰ ਕਰ ਰਹੋ ਹੋਂਗੇ।”
‘ਠੀਕ ਹੈ ਮਾਂ ਚਲੀ ਜਾਤੀ ਹੂੰ।’ ਕਹਿ ਕੇ ਮੈ ਤੁਰ ਤਾਂ ਪਈ ਹਾਂ ਪਰ ਸਾਧਵੀ ਮਾਂ ਵਲੋਂ ਕਹੀ ਆਸ਼ਰਮ ਵਿਚ ਠਹਿਰ ਲਈ ਘਰ ਬਾਰ ਤਿਆਗਣ ਦੀ ਗੱਲ ਨੇ ਮੇਰੇ ਮਨ ਵਿਚ ਕੁਹਰਾਮ ਜਿਹਾ ਮਚਾ ਦਿੱਤਾ ਹੈ। ਸੋਚ ਰਹੀ ਹਾਂ ਕਿ ਬੇਚਾਰੀ ਸਾਧਵੀ ਮਾਂ ਨੂੰ ਕੀ ਪਤਾ ਕਿ ਘਰ ਬਾਰ ਤਾਂ ਮੈਂ ਉਸ ਦਿਨ ਹੀ ਤਿਆਗ ਦਿੱਤਾ ਸੀ ਜਿਸ ਦਿਨ ਇਸ ਆਸ਼ਰਮ ਵਿਚ ਦੁਰਗਾ ਭਵਾਨੀ ਦੇ ਚਰਨ ਸਪਰਸ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਠੀਕ ਹੈ ਕਿ ਮੈਂ ਆਸ਼ਰਮ ਦੇ ਨਿਯਮਾਂ ਅਨੁਸਾਰ ਰਾਤ ਨੂੰ ਸੌਣ ਲਈ ਘਰ ਚਲੀ ਜਾਂਦੀ ਹਾਂ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਉਸ ਘਰ ਨਾਲ ਜਾਂ ਘਰ ਦੇ ਮੈਂਬਰਾਂ ਨਾਲ ਹੁਣ ਮੇਰਾ ਕੋਈ ਰਿਸ਼ਤਾ ਰਹਿ ਗਿਆ ਹੈ। ਹੁਣ ਮੇਰੇ ਲਈ ਰਾਤਰੀ ਵਿਸ਼ਰਾਮ ਲਈ ਬਣੀ ਧਰਮਸ਼ਾਲਾ ਤੇ ਘਰ ਵਿਚ ਕੋਈ ਫਰਕ ਨਹੀਂ ਹੈ। ਹੁਣ ਮੇਰੀ ਮਾਂ ਤਾਂ ਸਾਧਵੀ ਰੀਤੂ ਮਾਂ ਹੀ ਹੈ। ਦਿਨ-ਰਾਤ ਦੀ ਰੋਟੀ ਵੀ ਤਾਂ ਮੈਂ ਹੁਣ ਆਸ਼ਰਮ ਦੇ ਲੰਗਰ ਵਿਚੋਂ ਹੀ ਖਾਣੀ ਹਾਂ। ਆਪਣੀ ਜਨਮ ਦੇਣ ਵਾਲੀ ਮਾਂ ਨਾਲ ਤਾਂ ਮੈਂ ਉਸ ਦਿਨ ਹੀ ਨਾਤਾ ਤੋੜ ਲਿਆ ਸੀ ਜਿਸ ਦਿਨ ਇਸ ਆਸ਼ਰਮ ਵਿਚ ਮੈਨੂੰ ਆਪਣੀ ਧੀ ਸਮਝਣ ਵਾਲੀ ਰੀਤੂ ਮਾਂ ਮਿਲ ਗਈ ਸੀ। ਮਤਰੇਅ ਬਾਪ ਹਰਨਾਮ ਦਾਸ ਨੂੰ ਤਾਂ ਮੈਂ ਪਹਿਲੇ ਦਿਨ ਤੋਂ ਹੀ ਆਪਣਾ ਬਾਪ ਨਹੀਂ ਸੀ ਸਮਝਿਆ। ਮੈਂ ਉਸਨੂੰ ਆਪਣਾ ਬਾਪ ਤਾਂ ਹੀ ਸਮਝਦੀ ਜੇ ਉਹ ਮੈਨੂੰ ਆਪਣੀ ਧੀ ਸਮਝਦਾ। ਮੈਨੂੰ ਧੀ ਸਮਝਣ ਵਾਲਾ ਮੇਰਾ ਪਾਪਾ ਤਾਂ ਰੱਬ ਨੇ ਆਪਣੇ ਕੋਲ ਬੁਲਾ ਲਿਆ ਸੀ ਤੇ ਹੁਣ ਮੇਰਾ ਬਾਪ ਕਹਾਉਂਦੇ ਹਰਨਾਮ ਦਾਸ ਨੂੰ ਤਾਂ ਮੈਂ ਬਚਪਨ ਵਿਚ ਦਾਦੀ ਤੋਂ ਸੁਣੀਆਂ ਕਹਾਣੀਆਂ ਵਿਚਲੇ ਰਾਖਸ਼ਾਂ ਤੋਂ ਵੀ ਵੱਧ ਨਫ਼ਰਤ ਕਰਦੀ ਸਾਂ। ਜਿਸ ਬਾਪ ਅੰਦਰਲੀ ਹਵਸ ਧੀ ਵਿਚੋਂ ਵੀ ਮਸ਼ੂਕਾਂ ਦੇ ਅਕਸ਼ ਤਲਾਸ਼ਦੀ ਹੋਵੇ ਉਸਨੂੰ ਬਾਪ ਕਹਿਣਾ ਵੀ ਮੈਨੂੰ ਇਸ ਪਵਿੱਤਰ ਸ਼ਬਦ ਦੀ ਤੌਹੀਨ ਲੱਗਦਾ ਹੈ। ਨਫ਼ਰਤ ਤਾਂ ਮੈਂ ਜਨਮ ਦੇਣ ਵਾਲੀ ਆਪਣੀ ਮਾਂ ਨੂੰ ਵੀ ਹਰਨਾਮ ਜਿੰਨੀ ਹੀ ਕਰਦੀ ਹਾਂ, ਫਿਰ ਵੀ ਇਸ ਘਰ ਵਿਚ ਰਾਤ ਕੱਟਣਾ ਮੇਰੀ ਮਜਬੂਰੀ ਹੈ।
ਆਸ਼ਰਮ ਤੋਂ ਘਰ ਆ ਗਈ ਹਾਂ। ਮੰਮੀ ਤੇ ਉਸ ਵਲੋਂ ਸਹੇੜਿਆ ਉਸਦਾ ਨਵਾਂ ਪਤੀ ਮੇਰੇ ਆਉਣ ਤੋਂ ਪਹਿਲਾਂ ਹੀ ਆਪਣੇ ਕਮਰੇ ਵਿਚ ਬੰਦ ਹੋ ਗਏ ਹਨ। ਜੇ ਇਹ ਘਰ ਮੇਰੇ ਅਸਲ ਪਾਪਾ ਵਲੋਂ ਨਾ ਖਰੀਦਿਆ ਹੁੰਦਾ ਤਾਂ ਇਨ੍ਹਾਂ ਦੋਹਾਂ ਮੈਨੂੰ ਇਸ ਘਰ ਵਿਚ ਕਿੱਥੇ ਠਹਿਰਣ ਦੇਣਾ ਸੀ। ਘਰ ਦੇ ਦੋ ਕਮਰਿਆ `ਤੇ ਮਾਂ ਤੇ ਹਰਨਾਮੇ ਦਾ ਕਬਜ਼ਾ ਸੀ ਪਰ ਆਪਣੇ ਪਾਪਾ ਵਾਲੇ ਕਮਰੇ ਤੋਂ ਮੈਂ ਆਪਣਾ ਕਬਜ਼ਾ ਨਹੀਂ ਸੀ ਛੱਡਿਆ। ਆਸ਼ਰਮ ਜਾਣ ਤੋਂ ਪਹਿਲਾਂ ਘਰ ਵਿਚ ਪਈ ਮੇਰੀ ਦਾਦੀ ਦੀ ਪੁਰਾਣੀ ਮਸ਼ੀਨ ਨਾਲ ਗੁਆਂਢੀ ਦਰਜੀ ਵਲੋਂ ਕੱਟ ਕੇ ਦਿੱਤੇ ਕੱਪੜੇ ਸਿਉਣ ਤੋਂ ਬਾਅਦ ਉਸਦੇ ਘਰ ਦੇ ਆਉਂਦੀ ਹਾਂ ਤੇ ਇਸ ਨਾਲ ਨਾਲ ਮੇਰੇ ਉਤਲੇ ਖਰਚੇ ਚੱਲੀ ਜਾਂਦੇ ਸਨ। ਭਾਵੇਂ ਇਸ ਉਮਰੇ ਮਾਂ ਵਲੋਂ ਨਵਾਂ ਖਸਮ ਕਰਨ ਦੀ ਗੱਲ ਮੇਰੇ ਦਾਦਕਿਆਂ ਦੇ ਨਾਲ ਮੈਨੂੰ ਵੀ ਚੰਗੀ ਨਹੀਂ ਸੀ ਲੱਗੀ ਪਰ ਮੰਮੀ ਨੇ ਆਪਣੀ ਸ਼ਰਮ ਹਯਾ ਤਾਂ ਪਾਪਾ ਦੇ ਮਰਨ ਤੋਂ ਪਹਿਲਾਂ ਹੀ ਲਾਹ ਦਿੱਤੀ ਸੀ। ਜਦੋਂ ਪਾਪਾ ਕੈਂਸਰ ਦੀ ਬਿਮਾਰੀ ਨਾਲ ਜੂਝਦੇ ਹੋਏ ਜਿ਼ੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ ਤਾਂ ਉਸ ਵੇਲੇ ਹੀ ਹਰਨਾਮੇ ਦੇ ਗੇੜੇ ਸਾਡੇ ਘਰ ਵੱਜਣ ਲੱਗ ਪਏ ਸਨ। ਹਰਨਾਮ ਛੜੇ ਵਜੋਂ ਜਾਣਿਆ ਜਾਂਦਾ ਇਹ ਰਾਖਸ਼ ਪਾਪਾ ਦੀ ਫੈਕਟਰੀ ਵਿਚ ਹੀ ਕੰਮ ਕਰਦਾ ਸੀ। ਪਾਪਾ ਦੀ ਤਬੀਅਤ ਦਾ ਪਤਾ ਲੈਣ ਦਾ ਤਾਂ ਐਵੇਂ ਬਹਾਨਾ ਸੀ ਅਸਲ ਵਿਚ ਤਾਂ ਉਹ ਮੰਮੀ ਕਾਰਨ ਹੀ ਸਾਡੇ ਘਰ ਆਉਂਦਾ ਸੀ। ਮੈਂ ਉਸ ਵੇਲੇ ਪੰਦਰਾਂ ਸਾਲ ਦੀ ਹੋ ਗਈ ਸਾਂ ਤੇ ਉਨ੍ਹਾਂ ਦੋਹਾਂ ਦੀ ਵਿਗੜੀ ਨੀਤ ਨੂੰ ਚੰਗੀ ਤਰ੍ਹਾਂ ਸਮਝਦੀ ਸਾਂ, ਪਰ ਉਨ੍ਹਾਂ ਨੂੰ ਪਾਪਾ ਦੇ ਜਿਉਂਦੇ ਜੀਅ ਗੁਲਛਰੇ ਉਡਾਉਣ ਤੋਂ ਰੋਕਣਾ ਮੇਰੇ ਹੱਥ ਵੱਸ ਨਹੀਂ ਸੀ। ਦਾਦਾ-ਦਾਦੀ, ਚਾਚੇ ਨਾਲ ਨਹਿਰੋਂ ਪਾਰ ਵਾਲੀ ਬਸਤੀ ਵਿਚ ਰਹਿੰਦੇ ਸਨ। ਮੈਂ ਮੰਮੀ ਦੀ ਕਰਤੂਤ ਉਨ੍ਹਾਂ ਨੂੰ ਦੱਸੀ ਤਾਂ ਉਹ ਸਾਡੇ ਘਰ ਮੰਮੀ ਨੂੰ ਸਮਝਾਉਣ ਵੀ ਆਏ ਪਰ ਮੰਮੀ ਤਾਂ ਉਨ੍ਹਾਂ ਨੂੰ ਵੀ ਸੂਈ ਕੁੱਤੀ ਦੀ ਤਰ੍ਹਾਂ ਪੈ ਨਿਕਲੀ ਸੀ।
‘ਥੋਨੂੰ ਕੀ, ਪਤੈ ਮੈਂ ਕਿਹੜੇ ਹਾਲੀਂ ਘਰ ਚਲਾ ਰਹੀ ਹਾਂ। ਸਾਲ ਭਰ ਤੋਂ ਥੋਡਾ ਪੁੱਤ ਮੰਜੇ `ਤੇ ਪਿਆ ਹੈ…ਹਰ ਮਹੀਨੇ ਦੋ ਹਜ਼ਾਰ ਇਕੱਲੇ ਉਸਦੀ ਦਵਾਈ `ਤੇ ਹੀ ਖਰਚ ਹੋ ਜਾਂਦੇ ਨੇ। ਜੇ ਆਹ ਹਰਨਾਮ ਨਾ ਹੁੰਦਾ ਤਾਂ ਇਸਦਾ ਕਦੋਂ ਦਾ ਭੋਗ ਪੈ ਜਾਣਾ ਸੀ ਤੇ ਅਸੀਂ ਦੋਹੇਂ ਮਾਂ-ਧੀ ਸੜਕ `ਤੇ ਭੀਖ ਮੰਗਣ ਜੋਗੀਆਂ ਰਹਿ ਜਾਂਦੀਆਂ…ਮੇਰੀ ਨਿੱਜੀ ਜਿ਼ੰਦਗੀ ਵਿਚ ਦਖ਼ਲ ਦੇਣ ਦੀ ਕੋਈ ਲੋੜ ਨਹੀਂ। ਜੇ ਆਪਣੇ ਪੁੱਤ ਤੇ ਆਪਣੀ ਇੱਜ਼ਤ ਦਾ ਬਹੁਤਾ ਦਰੇਗ ਐ ਤਾਂ ਚੁੱਕ ਕੇ ਲੈ ਜਾਓ ਇਸ ਨੂੰ ਵੀ ਆਪਣੇ ਘਰ।” ਮੰਮੀ ਗਰਜੀ ਸੀ ਤਾਂ ਬੁੱਢੇ ਦਾਦਾ-ਦਾਦੀ ਦੀ ਕੀ ਬਿਸਾਤ ਸੀ ਕਿ ਉਹ ਅੱਗਿਉਂ ਚੂੰ ਵੀ ਕਰ ਜਾਂਦੇ।
ਜੇ ਦਾਦੇ ਤੇ ਚਾਚੇ ਕੋਲ ਪਾਪਾ ਦੇ ਇਲਾਜ ਕਰਾਉਣ ਦੀ ਸਮਰੱਥਾ ਹੁੰਦੀ ਤਾਂ ਉਹ ਏਨੀ ਗੱਲ ਸੁਣ ਕੇ ਕਿਹੜਾ ਉਸਨੂੰ ਇਸ ਡੈਣ ਕੋਲ ਛੱਡ ਕੇ ਜਾਂਦਾ ਸੀ ਪਰ ਬੁੱਢੇ ਹੋ ਚੁੱਕੇ ਦਾਦਾ-ਦਾਦੀ ਤੇ ਤਿੰਨ ਧੀਆਂ ਦਾ ਬਾਪ ਚਾਚਾ ਤਾਂ ਆਪ ਮਸਾਂ ਗੁਜ਼ਾਰਾ ਕਰਦੇ ਸਨ। ਪਾਪਾ ਦੀ ਮੌਤ ਹੋਈ ਤਾਂ ਮੈਨੂੰ ਲੱਗਿਆ ਸੀ ਕਿ ਮੈਂ ਪੂਰੀ ਤਰ੍ਹਾਂ ਅਨਾਥ ਹੋ ਗਈ ਹਾਂ, ਮੰਮੀ ਤਾਂ ਉਸ ਦਿਨ ਤੋਂ ਹੀ ਮੇਰੇ ਨਾਲ ਖਾਰ ਖਾਣ ਲੱਗ ਪਈ ਸੀ ਜਿਸ ਦਿਨ ਮੈਂ ਉਸ ਤੇ ਹਰਨਾਮ ਛੜੇ ਦੀਆਂ ਕਰਤੂਤਾਂ ਦਾਦੇ ਦਾਦੀ ਨੂੰ ਦੱਸੀਆਂ ਸਨ। ਪਾਪਾ ਦੇ ਭੋਗ ਤੋਂ ਬਾਅਦ ਚਾਚੇ ਨੇ ਰਸਮੀ ਤੌਰ `ਤੇ ਮੈਨੂੰ ਆਪਣੇ ਨਾਲ ਉਨ੍ਹਾਂ ਦੇ ਘਰ ਚੱਲਣ ਲਈ ਕਿਹਾ ਜ਼ਰੂਰ ਸੀ ਪਰ ਮੈਂ ਉਸਦੀ ਮਜਬੂਰੀ ਸਮਝਦੀ ਸਾਂ। ਇਸ ਲਈ ਮੈਂ ਉਸ ਨਾਲ ਜਾਣਾ ਚਾਹੁੰਦੀ ਹੋਈ ਵੀ ਉਸ ਦੀਆਂ ਧੀਆਂ ਦੀ ਕਬੀਲਦਾਰੀ ਵਲ ਵੇਖਦਿਆਂ ਹਾਂ ਨਹੀ ਸਾਂ ਭਰ ਸਕੀ।
“ਪਾਪਾ ਦੀ ਮੌਤ ਤੋਂ ਬਾਅਦ ਤਾਂ ਮੰਮੀ ਨੂੰ ਬਿਲਕੁਲ ਖੁੱਲ੍ਹ ਹੀ ਮਿਲ ਗਈ ਸੀ। ਪਾਪਾ ਦੇ ਭੋਗ ਨੂੰ ਅਜੇ ਦੋ ਮਹੀਨੇ ਵੀ ਨਹੀਂ ਸੀ ਪਏ ਹਰਨਾਮ ਛੜੇ ਨੇ ਆਪਣਾ ਬਿਸਤਰਾ ਸਾਡੇ ਘਰ ਚੁੱਕ ਲਿਆਂਦਾ ਸੀ। ਮੈਂ ਬਥੇਰਾ ਕਲਪੀ ਸਾਂ ਉਸ ਵੇਲੇ ਤੇ ਮਾਂ ਨਾਲ ਬਥੇਰਾ ਕਲੇਸ਼ ਕੀਤਾ ਸੀ ਪਰ ਮੇਰੀ ਕੋਈ ਵਾਹ ਨਹੀਂ ਸੀ ਚੱਲੀ। ਮੇਰਾ ਕੋਈ ਮਾਮਾ ਵੀ ਤਾਂ ਨਹੀਂ ਸੀ ਜੋ ਮੰਮੀ ਨੂੰ ਜਵਾਨ ਧੀ ਦੇ ਹੁੰਦਿਆਂ ਨਵਾਂ ਖਸਮ ਕਰਨ ਤੋਂ ਰੋਕਦਾ। ਮੰਮੀ ਹੋਰੀ ਭੈਣਾਂ ਹੀ ਭੈਣਾਂ ਸਨ ਤੇ ਨਾਨਾ ਨਾਨੀ ਕਦੋਂ ਦੇ ਸਵਰਗ ਸਿਧਾਰ ਚੁੱਕੇ ਸਨ। ਪਾਪਾ ਦੀ ਮੌਤ ਤੋਂ ਮਹੀਨਾ ਕੁ ਬਾਅਦ ਦਾਦਾ ਵੀ ਚੱਲ ਵਸਿਆ ਤੇ ਚਾਚੀ-ਚਾਚੀ ਮੰਮੀ ਦੇ ਬਘਿਆੜ ਸੁਭਾਅ ਕਾਰਨ ਉਸਦੇ ਮੂੰਹ ਨਹੀਂ ਸਨ ਲੱਗਦੇ। ਕੇਵਲ ਮੈਂ ਹੀ ਸਾਂ ਆਪਣੀ ਮੰਮੀ ਨੂੰ ਗਲਤ ਪਾਸੇ ਜਾਣ ਤੋਂ ਰੋਕਣ ਵਾਲੀ। ਮਾਵਾਂ ਤਾਂ ਧੀਆਂ ਨੂੰ ਕਿਸੇ ਮਾੜੇ ਪਾਸੇ ਜਾਣ ਤੋਂ ਰੋਕਣ ਲਈ ਸਮਝਾਉਂਦੀਆਂ ਹੀ ਆਈਆਂ ਨੇ ਪਰ ਮੇਰੇ ਵਰਗੀ ਅਭਾਗਣ ਕੌਣ ਹੋਵੇਗੀ ਜਿਸ ਨੂੰ ਆਪਣੀ ਮਾਂ ਨੂੰ ਹੀ ਇਸ ਗਲੋਂ ਸਮਝਾਉਣਾ ਪੈ ਰਿਹਾ ਸੀ। ਉਸਨੂੰ ਰਸੇ ਚੱਬਣ ਦੀ ਆਦਤ ਪੈ ਗਈ ਤਾਂ ਮੇਰੇ ਸਮਝਾਇਆਂ ਉਹ ਕਿੱਥੇ ਸਮਝਦੀ ਸੀ। ਉਲਟਾ ਉਹ ਤਾਂ ਮੇਰੀ ਹੀ ਜਾਨ ਦੀ ਦੁਸ਼ਮਣ ਬਣ ਬੈਠੀ। ਜਦੋਂ ਉਹ ਹੀ ਮੇਰਾ ਬੁਰਾ ਤਕਾਉਣ ਲੱਗੀ ਤਾਂ ਫਿਰ ਹਰਨਾਮ ਮੇਰਾ ਕੀ ਲੱਗਦਾ ਸੀ। ਹਰਨਾਮ ਦੇ ਸਾਡੇ ਘਰ ਡੇਰਾ ਲਾ ਲੈਣ ‘ਤੇ ਦੋ ਦਿਨ ਤਾਂ ਮੈਂ ਰੋਟੀ ਵੀ ਛੱਡੀ ਰੱਖੀ ਸੀ। ਆਪਣੇ ਗੁਆਂਢ ਵਿਚ ਰਹਿੰਦੀ ਆਪਣੀ ਸਹੇਲੀ ਸ਼ੀਲਾ ਦੇ ਸਮਝਾਉਣ `ਤੇ ਮੈਂ ਆਪਣੇ ਆਪ ਨੂੰ ਕੁਝ ਸਹਿਜ ਤਾਂ ਕਰ ਲਿਆ ਸੀ ਫਿਰ ਵੀ ਮਾਂ ਨਾਲ ਗੱਲ ਕਰਦਿਆਂ ਮੇਰੇ ਮੂੰਹੋਂ ਕੋਈ ਚੋਭਵੀਂ ਗੱਲ ਨਿਕਲ ਹੀ ਜਾਂਦੀ ਤੇ ਘਰ ਵਿਚ ਮਹਾਂਭਾਰਤ ਛਿੜ ਪੈਂਦੀ। ਹਰਨਾਮ ਕੁਝ ਦਿਨ ਤਾਂ ਸਾਡੀ ਮਾਂ ਧੀ ਦੀ ਲੜਾਈ ਤੋਂ ਨਿਰਲੇਪ ਹੀ ਰਿਹਾ ਪਰ ਘਰ ਦੇ ਸਾਰੇ ਮਾਲਕੀ ਅਧਿਕਾਰ ਹਾਸਲ ਹੋ ਜਾਣ `ਤੇ ਉਹ ਮੰਮੀ ਦੀ ਧਿਰ ਬਣ ਖਲੋਤਾ ਤੇ ਮੈਨੂੰ ਧਮਕੀਆਂ ਦੇਣ ਲੱਗਾ, “ਤੇਰੀ ਜ਼ੁਬਾਨ ਵਧੇਰੇ ਚੱਲਣ ਲੱਗ ਪਈ ਹੈ, ਲੱਗਦੈ ਤੇਰਾ ਵੀ ਕੋਈ ਇਲਾਜ ਕਰਨਾ ਹੀ ਪਊ।”
ਹਰਨਾਮ ਦੀ ਧਮਕੀ ਨਾਲ ਮੈਂ ਡਰ ਤਾਂ ਗਈ ਸਾਂ ਪਰ “ਐਵੇਂ ਭੌਂਕਦਾ ਹੈ ਕੁੱਤਾ…ਕੀ ਕਰ ਲਵੇਗਾ ਮੇਰਾ।” ਸੋਚ ਕੇ ਆਪਣੇ ਆਪ ਨੂੰ ਦਿਲਾਸਾ ਦੇਣ ਤੋਂ ਇਲਾਵਾ ਮੇਰੇ ਕੋਲ ਚਾਰਾ ਵੀ ਤਾਂ ਨਹੀਂ ਸੀ। ਪਰ ਉਹ ਕੇਵਲ ਭੌਂਕਣ ਵਾਲਾ ਨਹੀਂ ਸਗੋ ਕੱਟਣ ਵਾਲਾ ਕੁੱਤਾ ਵੀ ਸੀ। ਇਸ ਗੱਲ ਦਾ ਤਾਂ ਮੈਂ ਕਿਆਸ ਵੀ ਨਹੀਂ ਸੀ ਕੀਤਾ ਕਿ ਉਹ ਇਕ ਦਿਨ ਮੇਰਾ ਸੁੱਤੀ ਪਈ ਦਾ ਹੀ ਮੂੰਹ ਦੱਬ ਲਵੇਗਾ ਤੇ ਮੇਰੀ ਸਕੀ ਮਾਂ ਉਸਨੂੰ ਮੇਰੇ ਨਾਲ ਕੁਕਰਮ ਕਰਦਿਆਂ ਵੇਖ ਕੇ ਵੀ ਮੂਕ ਦਰਸ਼ਕ ਬਣੀ ਰਹੇਗੀ। ਸ਼ਾਇਦ ਉਹ ਮੈਨੂੰ ਕਾਣੀ ਕਰਨਾ ਚਾਹੁੰਦੇ ਸਨ ਕਿ ਮੈਂ ਗਲੀ ਮੁਹੱਲੇ ਵਿਚ ਉਨ੍ਹਾਂ ਦੀ ਡੌਂਡੀ ਨਾ ਪਿੱਟਾਂ। ਮੈਂ ਬਹੁਤ ਹੱਥ ਪੈਰ ਮਾਰੇ ਸਨ, ਬਹੁਤ ਦੁਹਾਈ ਪਾਈ ਸੀ ਪਰ ਦੈਂਤਾਂ ਵਰਗੇ ਹਰਨਾਮ ਦਾ ਮੁਕਾਬਲਾ ਕਿੰਨਾ ਚਿਰ ਕਰ ਸਕਦੀ ਸਾਂ ਤੇ ਆਖਿਰ ਮੈਂ ਮੰਮੀ ਦੀ ਹਾਜ਼ਰੀ ਵਿਚ ਹੀ ਆਪਣਾ ਉਹ ਸਭ ਕੁਝ ਲੁਟਾ ਬੈਠੀ ਸਾਂ ਜਿਸ ਨੂੰ ਕਿਸੇ ਕੁਆਰੀ ਕੁੜੀ ਦੀ ਇੱਜ਼ਤ ਆਬਰੂ ਕਿਹਾ ਜਾਂਦਾ ਹੈ।
ਅਣਹੋਣੀ ਵਾਪਰਨ `ਤੇ ਮੈਨੂੰ ਸਾਰੀ ਰਾਤ ਨੀਂਦ ਕਿੱਥੇ ਆਉਣੀ ਸੀ। ਨੀਂਦ ਤਾਂ ਮੇਰੀ ਜਿਵੇਂ ਹਮੇਸ਼ਾਂ ਲਈ ਹੀ ਉੱਡ ਗਈ ਸੀ। ਘੜੀ ਦੋ ਘੜੀ ਅੱਖ ਲੱਗਦੀ ਤੇ ਫਿਰ ਹਰਨਾਮ ਰਾਖਸ਼ ਦਾ ਚਿਹਰਾ ਅੱਖਾਂ ਅੱਗੇ ਆ ਜਾਣ `ਤੇ ਜਾਗ ਖੁੱਲ੍ਹ ਜਾਂਦੀ। ਕਈ ਵਾਰ ਤਾਂ ਦਿਨੇ ਵੀ ਬੈਠੀ ਬੈਠੀ ਦਾ ਹੀ ਮੇਰਾ ਰੋਣ ਨਿਕਲ ਜਾਂਦਾ ਪਰ ਇਕ ਤਰ੍ਹਾਂ ਨਾਲ ਮੇਰੀ ਸੌਂਕਣ ਬਣ ਚੁੱਕੀ ਮੰਮੀ ਨੇ ਮੈਨੂੰ ਚੁੱਪ ਤਾਂ ਕੀ ਕਰਾਉਣਾ ਸੀ ਉਲਟਾ ਮੱਥੇ `ਤੇ ਵੱਟ ਜਿਹੇ ਪਾ ਕੇ ਆਖਦੀ, ‘ਬਹੁਤੇ ਖੇਖਣ ਨਾ ਕਰ…ਹੁਣ ਤਾਂ ਇਸ ਗੱਲ ਦਾ ਮੈਨੂੰ ਤੇ ਹਰਨਾਮ ਨੂੰ ਹੀ ਪਤਾ ਹੈ ਜੇ ਗੱਲ ਫੈਲ ਗਈ ਤਾਂ ਸਾਰੀ ਉਮਰ ਰੋਣ ਜੋਗੀ ਹੀ ਰਹਿ ਜਾਵੇਂਗੀ।’ ਉਸ ਰਾਤ ਤਾਂ ਮੈਂ ਸਵੇਰੇ ਉਠ ਕੇ ਰੇਲ ਗੱਡੀ ਹੇਠ ਸਿਰ ਦੇਣ ਦਾ ਮਨ ਵੀ ਬਣਾ ਲਿਆ ਸੀ ਪਰ ਗੱਡੀ ਆਉਣ `ਤੇ ਟਾਈਮ `ਤੇ ਉੱਠਣ ਦੀ ਹਿੰਮਤ ਨਾ ਪਈ। ਮਰਨ ਬਾਰੇ ਸੋਚਣਾ ਸੌਖਾ ਹੈ…ਪਰ ਮਰਨਾ ਬੜਾ ਔਖਾ ਹੈ। ਆਪਣੇ ਨਾਲ ਹੋਈ ਬੀਤੀ ਕਿਸੇ ਨੂੰ ਦੱਸ ਵੀ ਤਾਂ ਨਹੀ ਸਾਂ ਸਕਦੀ। ਇੱਥੋ ਤਕ ਕਿ ਆਪਣੀ ਪੱਕੀ ਸਹੇਲੀ ਸ਼ੀਲਾ ਤੋਂ ਵੀ ਲੁਕੋ ਰੱਖਣ ਲਈ ਮਜਬੂਰ ਸਾਂ। ਭਾਵੇਂ ਮੈਨੂੰ ਕਈ ਦਿਨਾਂ ਤੋਂ ਡੋਰ ਭੋਰ ਜਿਹੀ ਹੋਈ ਵੇਖ ਕੇ ਉਸ ਨੇ ਤਰ੍ਹਾਂ ਤਰ੍ਹਾਂ ਦੇ ਅਨੁਮਾਨ ਲਾਏ ਤੇ ਮੈਥੋਂ ਵਾਰ ਵਾਰ ਪੁੱਛਿਆ ਵੀ ਸੀ ਪਰ ‘ਕੁਝ ਨਹੀਂ ਮਨ ਐਵੇਂ ਉਦਾਸ ਹੈ’ ਕਹਿ ਕਿ ਮੈਂ ਉਸਨੂੰ ਟਾਲ ਦਿੱਤਾ ਸੀ।
ਮੇਰਾ ਉਖੜਿਆ ਮਨ ਵੇਖ ਕੇ ਹੀ ਸ਼ੀਲਾ ਨੇ ਮੈਨੂੰ ਸ਼ਹਿਰ ਵਿਚਲੇ ਸਾਧਵੀ ਮਾਂ ਰੀਤੂ ਦੇ ਆਸ਼ਰਮ ਜਾਣ ਦੀ ਸਲਾਹ ਦਿੱਤੀ ਸੀ। ਉਹ ਆਪ ਵੀ ਆਪਣੀ ਮਾਤਾ ਨਾਲ ਹਰ ਰੋਜ਼ ਇਸ ਆਸ਼ਰਮ ਵਿਚ ਸੇਵਾ ਕਰਨ ਜਾਂਦੀ ਸੀ। ਬਸ ਮੈਂ ਇਕ ਵਾਰ ਉਸਦੇ ਨਾਲ ਇਸ ਆਸ਼ਰਮ ਵਿਚ ਕੀ ਆਈ ਕਿ ਆਸ਼ਰਮ ਦੀ ਹੀ ਬਣ ਕੇ ਰਹਿ ਗਈ। ਮੈਂ ਅੱਖਾਂ ਮੀਚ ਕੇ ਮਾਂ ਸਾਧਵੀ ਕੋਲ ਇਹੀ ਅਰਦਾਸ ਕਰਦੀ ਕਿ ਹੇ ਸਾਧਵੀ ਮਾਂ ਮੈਨੂੰ ਐਨੀ ਸ਼ਕਤੀ ਦੇ ਕਿ ਮੈਂ ਹਰਨਾਮ ਨਾਂ ਦੇ ਰਾਖਸ਼ ਦਾ ਸੰਘਾਰ ਕਰ ਸਕਾਂ। ਇਸ ਆਸ਼ਰਮ ਨਾਲ ਕੁਝ ਮਰਦ ਸੰਤ ਵੀ ਜੁੜੇ ਹੋਏ ਸਨ, ਜਿਨ੍ਹਾਂ ਨੂੰ ਆਸ਼ਰਮ ਦੀ ਸੰਗਤ ‘ਮੁਨੀ ਜੀ’ ਕਹਿ ਕੇ ਸਤਿਕਾਰ ਦੇਂਦੀ ਸੀ। ਦਿਨ ਵੇਲੇ ਇਹ ਮੁਨੀ ਆਸ਼ਰਮ ਦਾ ਸਾਰਾ ਕੰਮ ਕਾਜ ਵੇਖਦੇ ਤੇ ਰਾਤ ਸਮੇਂ ਇਨ੍ਹਾਂ ਨੂੰ ਆਸ਼ਰਮ ਵਿਚ ਰਹਿਣ ਦੀ ਆਗਿਆ ਨਹੀਂ ਸੀ। ਉਹ ਆਸ਼ਰਮ ਤੋਂ ਬਾਹਰ ਬਣਾਏ ਕੁਆਰਟਰਾਂ ਵਿਚ ਰਹਿੰਦੇ ਸਨ ਪਰ ਮੰਦਰ ਦੀ ਮਾਲਕੀ ਵਰਗੀ ਮੁੱਖ ਸਰਪ੍ਰਸਤੀ ਪੀੜ੍ਹੀ ਦਰ ਪੀੜ੍ਹੀ ਸਾਧਵੀਆਂ ਕੋਲ ਹੀ ਚਲੀ ਆ ਰਹੀ ਸੀ। ਦੋ ਸਾਲ ਪਹਿਲਾਂ ਸਾਧਵੀ ਊਸ਼ਾ ਦੇ ਅਕਾਲ ਚਲਾਣੇ ਤੋਂ ਬਾਅਦ ਉਸਦੀ ਥਾਂ ਲੈਣ ਵਾਲੀ ਸਾਧਵੀ ਰੀਤੂ ਮਾਂ ਦੀ ਜ਼ੁਬਾਨ ਵਿਚ ਏਨਾ ਰਸ ਸੀ ਕਿ ਉਸ ਵਲੋਂ ਹਰ ਮੰਗਲਵਾਰ ਸਤਿਸੰਗ ਕਰਨ ਵਾਲੇ ਦਿਨ ਸ਼ਰਧਾਲੂ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚਣ ਲੱਗ ਪਏ ਸਨ। ਮੈਂ ਸਾਧਵੀ ਰੀਤੂ ਮਾਂ ਦੇ ਮੂੰਹੋਂ ਦੁਰਗਾ ਭਵਾਨੀ ਵਲੋਂ ਰਾਖਸ਼ਾਂ ਦਾ ਸੰਘਾਰ ਕਰਨ ਦੀ ਵਾਰਤਾ ਸੁਣਦੀ ਤਾਂ ਮੈਨੂੰ ਬਹੁਤ ਸਕੂਨ ਜਿਹਾ ਮਿਲਦਾ। ਮੈਨੂੰ ਲੱਗਦਾ ਮਾਂ ਦੁਰਗਾ ਭਵਾਨੀ ਵਲੋਂ ਮਾਰੇ ਰਾਖਸ਼ ਜਿਵੇਂ ਹਰਨਾਮ ਦੇ ਹੀ ਭਾਈ ਬੰਦੂ ਹੋਣ। ਕਥਾ ਵਾਰਤਾ ਤਾਂ ਸੁਰੇਸ਼ ਮੁਨੀ ਜੀ ਵੀ ਚੰਗੀ ਕਰ ਲੈਂਦੇ ਸਨ ਪਰ ਉਨ੍ਹਾਂ ਦੀ ਵਾਣੀ ਵਿਚ ਉਹ ਰਸ ਨਹੀਂ ਹੈ ਜੋ ਰੀਤੂ ਮਾਂ ਦੇ ਪ੍ਰਵਚਨਾਂ ਵਿਚ ਹੈ। ਆਸ਼ਰਮ ਦੇ ਲੰਗਰ ਤੇ ਹੋਰ ਕੰਮਾਂ ਵਿਚ ਦਿਲਚਸਪੀ ਪੈਦਾ ਹੋਣ `ਤੇ ਮੇਰਾ ਵਧੇਰੇ ਸਮਾਂ ਆਸ਼ਰਮ ਵਿਚ ਹੀ ਬੀਤਣ ਲੱਗਾ ਸੀ ਤੇ ਰੀਤੂ ਮਾਂ ਨਾਲ ਵੀ ਮੇਰੇ ਤਾਰ ਚੰਗੀ ਤਰ੍ਹਾਂ ਜੁੜ ਗਏ ਸਨ।
ਉਸ ਦਿਨ ਤੋਂ ਬਜ਼ਾਰ ਵਿਚੋ ਉਚੇਚਾ ਖਰੀਦਿਆ ਤਿੱਖਾ ਚਾਕੂ ਵੀ ਆਪਣੇ ਸਿਰਹਾਣੇ ਹੇਠ ਰੱਖਣ ਲੱਗ ਪਈ ਹਾਂ। ਹਫਤੇ ਕੁ ਬਾਅਦ ਫਿਰ ਹਰਨਾਮ ਅੰਦਰਲਾ ਪਸ਼ੂ ਜਾਗ ਪਿਆ ਸੀ ਪਰ ਇਸ ਵਾਰ ਮੈਂ ਪੂਰੀ ਤਰ੍ਹਾਂ ਸੁਚੇਤ ਸਾਂ। ਉਹ ਅਜੇ ਮੇਰੇ ਮੰਜੇ ਦੇ ਨੇੜੇ ਹੀ ਪੰਹੁਚਿਆ ਸੀ ਕਿ ਮੈਂ ਫੁਰਤੀ ਨਾਲ ਚਾਕੂ ਸਿਰਹਾਣੇ ਥੱਲਿਉਂ ਕੱਢ ਲਿਆ ਸੀ ਉਸ `ਤੇ ਵਾਰ ਕਰਨ ਲਈ ਉਲਰੀ ਸਾਂ ਕਿ ਪਤਾ ਨਹੀਂ ਕਿਵੇਂ ਉਹ ਮੈਨੂੰ ਝਕਾਨੀ ਦੇ ਕੇ ਮੇਰੇ ਕਮਰੇ ਵਿਚੋ ਬਾਹਰ ਭੱਜ ਗਿਆ ਸੀ। ਪਰ ਪੰਜ ਸਾਲ ਬੀਤ ਗਏ ਨੇ ਮੁੜ ਅਜਿਹੀ ਨੌਬਤ ਫਿਰ ਨਹੀਂ ਸੀ ਆਈ। ਸ਼ਾਇਦ ਉਸ ਨੂੰ ਮੇਰੇ ਅੰਦਰ ਘੁਲ ਰਹੇ ਜ਼ਹਿਰ ਦਾ ਅਹਿਸਾਸ ਹੋ ਗਿਆ ਸੀ। ਭਾਵੇਂ ਆਸ਼ਰਮ ਦੇ ਕੰਮਾਂ ਵਿਚ ਰੁੱਝਿਆਂ ਦਿਨ ਦਾ ਤਾਂ ਪਤਾ ਨਹੀਂ ਚੱਲਦਾ ਕਿ ਕਦੋਂ ਬੀਤ ਗਿਆ ਪਰ ਘਰ ਦੇ ਘੁਟਵੇਂ ਜਿਹੇ ਮਾਹੌਲ ਵਿਚ ਰਾਤ ਕੱਟਣੀ ਅਜੇ ਵੀ ਮੇਰੇ ਲਈ ਬਹੁਤ ਮੁਸ਼ਕਲ ਹੈ। ਰਾਤ ਪੈਣ `ਤੇ ਪਾਪਾ ਅਕਸਰ ਮੇਰੇ ਸੁਪਨਿਆਂ ਵਿਚ ਉੱਤਰ ਆਉਂਦਾ ਹੈ। ਕਿੰਨਾ ਪਿਆਰ ਕਰਦਾ ਸੀ ਮੇਰਾ ਪਾਪਾ ਮੈਨੂੰ। ਕੇ ਉਹ ਅੱਜ ਜਿਉਂਦਾ ਹੁੰਦਾ ਤਾਂ ਉਸ ਨੂੰ ਮੇਰਾ ਘਰ ਵਸਾਉਣ ਦੀ ਕਿੰਨੀ ਚਿੰਤਾ ਹੋਣੀ ਸੀ। ਵੀਹਾਂ ਸਾਲਾਂ ਦੀ ਹੋ ਗਈ ਹਾਂ ਪਰ ਹੁਣ ਇਹ ਚਿੰਤਾ ਕੌਣ ਕਰੇ। ਹੁਣ ਤਾਂ ਸੋਚ ਲਿਆ ਹੈ ਕਿ ਸਾਰੀ ਉਮਰ ਮਾਂ ਰੀਤੂ ਸਾਧਵੀ ਦੇ ਚਰਨਾਂ ਵਿਚ ਹੀ ਬਿਤਾਵਾਂਗੀ। ਬੇਚਾਰੇ ਚਾਚੇ ਨੇ ਮੇਰੇ ਲਈ ਇਕ ਮੁੰਡਾ ਜ਼ਰੂਰ ਵੇਖਿਆ ਸੀ ਪਰ ਉਸਦੇ ਸਿਰੇ ਦਾ ਨਸ਼ੇੜੀ ਹੋਣ ਦਾ ਪਤਾ ਲੱਗਣ `ਤੇ ਉਹ ਵੀ ਚੁੱਪ ਕਰ ਰਿਹਾ ਸੀ।
ਇਸ ਵੇਲੇ ਜੇ ਮੇਰੀ ਕੋਈ ਸਭ ਤੋਂ ਵੱਧ ਚਿੰਤਾ ਕਰਦਾ ਹੈ ਤਾਂ ਉਹ ਮੇਰੀ ਸਹੇਲੀ ਸ਼ੀਲਾ ਹੀ ਹੈ। ਪਿਆਰ ਤਾਂ ਮੈਨੂੰ ਮਾਂ ਰੀਤੂ ਵੀ ਬਥੇਰਾ ਦੇਂਦੀ ਹੈ ਪਰ ਉਹ ਸ਼ੀਲਾ ਵਾਂਗ ਮੇਰੀਆਂ ਮਜਬੂਰੀਆਂ ਬਾਰੇ ਨਹੀਂ ਜਾਣਦੀ। ਭਾਵੇਂ ਸ਼ੀਲਾ ਦਾ ਵਿਆਹ ਸਾਲ ਪਹਿਲੋਂ ਨੇੜਲੇ ਪਿੰਡ ਭੱਠਲੀਂ ਹੋ ਗਿਆ ਸੀ ਪਰ ਜਦੋਂ ਵੀ ਉਹ ਪੇਕੇ ਘਰ ਆਉਂਦੀ ਹੈ ਤਾਂ ਮੇਰਾ ਪਤਾ ਸਾਰ ਜ਼ਰੂਰ ਲੈਂਦੀ। ਉਹ ਵੀ ਬੇਚਾਰੀ ਕਈ ਸਾਲ ਸੋਮਵਾਰ ਦੇ ਵਰਤ ਰੱਖ ਕੇ ਆਪਣੀ ਹਰ ਰੀਝ ਪੂਰੀ ਕਰਨ ਵਾਲੇ ਪਤੀ ਦੀ ਕਾਮਨਾ ਕਰਦੀ ਰਹੀ, ਪਰ ਮਾਪਿਆਂ ਦੀ ਗਰੀਬੀ ਕਾਰਨ ਉਸਨੂੰ ਸਕੂਲ ਅੱਗੇ ਚਾਹ ਦਾ ਖੋਖਾ ਰੱਖ ਕੇ ਔਖਾ ਸੌਖਾ ਗੁਜ਼ਾਰਾ ਕਰਨ ਵਾਲਾ ਪਤੀ ਹੀ ਨਸੀਬ ਹੋਇਆ ਸੀ। ਉਸ ਮੇਰੇ ਨਾਲ ਗੱਲ ਕਰਨ ਤੋਂ ਵੀ ਪਹਿਲਾਂ ਮੇਰੀ ਮੰਮੀ ਕੋਲ ਕਿਸੇ ਪ੍ਰਾਈਵੇਟ ਸਕੂਲ ਵਿਚ ਚਪੜਾਸੀ ਲੱਗੇ ਆਪਣੇ ਦਿਓਰ ਦੀ ਦੱਸ ਮੇਰੇ ਲਈ ਪਾਈ… ਪਰ ਮੰਮੀ ਨੇ ਚੱਜ ਦਾ ਹੁੰਗਾਰਾ ਨਾ ਭਰਿਆ। ਮੇਰੀ ਸਹੇਲੀ ਹੋਣ ਕਾਰਨ ਮੰਮੀ ਉਸ ਨੂੰ ਕਿਹੜਾ ਪਸੰਦ ਕਰਦੀ ਸੀ। ਸ਼ਾਮ ਨੂੰ ਅਸੀਂ ਆਸ਼ਰਮ ਗਈਆਂ ਤਾਂ ਉਸ ਮਾਂ ਰੀਤੂ ਦੀ ਹਾਜ਼ਰੀ ਵਿਚ ਹੀ ਮੇਰੇ ਰਿਸ਼ਤੇ ਦੀ ਗੱਲ ਛੇੜ ਲਈ।
“ਮਾਂ, ਮੈਂ ਤਾਂ ਹੁਣ ਤੁਹਾਡੇ ਚਰਨਾਂ ਵਿਚ ਹੀ ਰਹਿਣਾ ਹੈ ਸਾਰੀ ਉਮਰ …ਮੇਰਾ ਦਿਲ ਨਹੀਂ ਕਰਦਾ ਹੁਣ ਵਿਆਹ-ਵਿਊਹ ਕਰਾਉਣ ਨੂੰ…।” ਉਸ ਵੇਲੇ ਮੈਨੂੰ ਕੇਵਲ ਇਹੀ ਜਵਾਬ ਸੁਝਿਆ ਸੀ।
ਭਾਵੇਂ ਸ਼ੀਲਾ ਤੇ ਰੀਤੂ ਮਾਂ ਨੇ ਮੇਰੀ ਗੱਲ ਇਹ ਕਹਿ ਕੇ ਹਾਸੇ ਵਿਚ ਪਾ ਲਈ ਸੀ ਕਿ ਪਹਿਲਾਂ ਸਾਰੀਆਂ ਹੀ ਕੁੜੀਆਂ ਇਸ ਤਰ੍ਹਾਂ ਹੀ ਕਿਹਾ ਕਰਦੀਆਂ ਨੇ, ਪਰ ਮੈਂ ਆਪਣੇ ਵਲੋਂ ਸੱਚ ਹੀ ਬੋਲ ਰਹੀ ਸਾਂ। ਹਰਨਾਮ ਰਾਖਸ਼ ਵਲੋਂ ਕੀਤੇ ਕੁਕਰਮ ਬਾਅਦ ਮੈਨੂੰ ਤਾਂ ਮਰਦ ਦੇ ਨਾਂ ਤੋਂ ਹੀ ਡਰ ਲੱਗਣ ਲੱਗ ਪਿਆ ਸੀ। ਕੱਚੀ ਉਮਰੇ ਹੋਏ ਰੇਪ ਦੀਆਂ ਪੀੜਾਂ ਯਾਦ ਆਉਣ `ਤੇ ਮੈਨੂੰ ਹੁਣ ਵੀ ਤਰੇਲੀਆਂ ਆਉਣ ਲੱਗ ਪੈਂਦੀਆਂ ਨੇ ਤੇ ਸਾਰੇ ਸਰੀਰ ਵਿਚੋ ਚੀਸਾਂ ਨਿਕਲਣ ਲੱਗਦੀਆਂ ਨੇ। ਉਸ ਵੇਲੇ ਤਾਂ ਗੱਲ ਹਾਸੇ ਵਿਚ ਪੈ ਗਈ ਸੀ ਪਰ ਘਰ ਆ ਕੇ ਮੈਂ ਸਾਰੀ ਰਾਤ ਸੋਚਦੀ ਰਹੀ ਸਾਂ। ਸਵੇਰ ਹੋ ਗਈ ਸੀ ਪਰ ਮੈਂ ਕਿਸੇ ਨਤੀਜੇ `ਤੇ ਨਹੀਂ ਸਾਂ ਅੱਪੜ ਸਕੀ।
ਮੈਂ ਆਪਣੀਆਂ ਸਕੀਆਂ ਭੈਣਾਂ ਤੋਂ ਵੀ ਵੱਧ ਮੋਹ ਕਰਨ ਵਾਲੀ ਸਹੇਲੀ ਸ਼ੀਲਾ ਨੂੰ ਵੀ ਰੁੱਖਾ ਜਵਾਬ ਨਹੀਂ ਸਾਂ ਦੇਣਾ ਚਾਹੁੰਦੀ ਤੇ ਵਿਆਹ ਕਰਵਾ ਕੇ ਕਿਸੇ ਨਵੇਂ ਨਰਕ ਵਿਚ ਵੀ ਡਿੱਗਣ ਤੋਂ ਬਚਣਾ ਚਾਹੁੰਦੀ ਸਾਂ। ਹੁਣ ਤਾਂ ਮੈਨੂੰ ਆਸ਼ਰਮ ਵਿਚ ਸਾਧਵੀ ਮਾਂ ਤੇ ਸਾਧ ਸੰਗਤ ਦੀ ਸੇਵਾ ਕਰਕੇ ਹੀ ਦਿਲ ਨੂੰ ਕੁਝ ਸਕੂਨ ਮਿਲਦਾ ਸੀ ਤੇ ਇਸ ਸਕੂਨ ਨੂੰ ਛੱਡਣ ਦਾ ਰਿਸਕ ਮੈਂ ਨਹੀਂ ਸਾਂ ਲੈਣਾ ਚਾਹੁੰਦੀ, ਇਸ ਲਈ ਮੈਂ ਉਸਨੂੰ ਤਰਲਾ ਜਿਹਾ ਕਰਦਿਆਂ ਕਿਹਾ ਸੀ, “ਭੈਣ ਬਣ ਕੇ ਕੁਝ ਸਮਾਂ ਸੋਚਣ ਦਾ ਮੌਕਾ ਦੇਹ ਮੈਨੂੰ…।”
ਭਾਵੇਂ ਸ਼ੀਲਾ ਖੁਦ ਇਸ ਦੁਬਿਧਾ ਵਿਚ ਸੀ ਕਿ ਮੈਂ ਇਸ ਰਿਸ਼ਤੇ ਲਈ ਹਾਂ ਕਿਉਂ ਨਹੀਂ ਭਰ ਰਹੀ ਪਰ ਉਸ ਇਕ ਵਾਰ ਫਿਰ ਵੀ ਉਸ ਮੇਰੇ `ਤੇ ਦਾਅਵਾ ਜਿਹਾ ਜਤਾਉਂਦਿਆਂ ਕਿਹਾ ਸੀ, “ਜਿੰਨਾ ਚਿਰ ਮਰਜ਼ੀ ਸੋਚ ਲੈ…ਪਰ ਆਪਣੀ ਦਰਾਣੀ ਮੈਂ ਤੈਨੂੰ ਬਣਾ ਹੀ ਲੈਣਾ ਹੈ।’
ਗੁਰੂ ਪੂਜਨ ਉਤਸਵ ਵਿਚ ਚਾਰ ਦਿਨ ਰਹਿ ਗਏ ਹਨ। ਆਸ਼ਰਮ ਦੀ ਸਜਾਵਟ ਕਰਨ ਦੀ ਜਿ਼ੰਮੇਵਾਰੀ ਕਾਰਨ ਹੁਣ ਕਈ ਦਿਨਾਂ ਤੋਂ ਮੈਨੂੰ ਸਵੇਰੇ ਛੇ ਵਜੇ ਹੀ ਉੱਥੇ ਜਾਣਾ ਪੈਂਦਾ ਹੈ ਤੇ ਸ਼ਾਮ ਨੂੰ ਵਾਪਸ ਆਉਣ `ਤੇ ਵੀ ਸੱਤ ਵੱਜ ਜਾਂਦੇ ਹਨ। ਕੱਲ੍ਹ ਤਾਂ ਘਰ ਪਰਤਣ ਵੇਲੇ ਰਾਤ ਦੇ ਅੱਠ ਵੱਜ ਗਏ ਸਨ ਤੇ ਆਸ਼ਰਮ ਦਾ ਚੌਕੀਦਾਰ ਮੈਨੂੰ ਘਰ ਛੱਡ ਕੇ ਗਿਆ ਸੀ। ਮੰਮੀ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਆਸ਼ਰਮ ਵਿਚੋਂ ਹੀ ਆਈ ਹਾਂ ਪਰ ਉਹ ਜਿਵੇਂ ਮੇਰੇ ਤੋਂ ਬਦਲਾ ਲੈਣ ਲਈ ਉਤਾਰੂ ਸੀ, ਉਸ ਪੈਂਦੀ ਸੱਟੇ ਹੀ ਅੱਗ ਉਂਗਲੀ “ਕਿਹੜੇ ਯਾਰ ਨਾਲ ਧੱਕੇ ਖਾਹ ਕੇ ਆਈ ਹੈਂ ਇਸ ਵੇਲੇ।”
ਮੈਨੂੰ ਗੁੱਸਾ ਤਾਂ ਬਹੁਤ ਆਇਆ ਸੀ ਪਰ ਅੰਦਰੇ ਹੀ ਅੰਦਰ ਪੀ ਗਈ ਸਾਂ। ਐਵੇਂ ਕੀ ਫਾਇਦਾ ਹੈ ਰਾਤ ਨੂੰ ਸੁੱਤੇ ਪਏ ਗੁਆਂਢੀਆਂ ਨੂੰ ਜਗਾ ਕੇ ਤਮਾਸ਼ਾ ਵਿਖਾਉਣ ਦਾ। ਮੰਮੀ ਨੇ ਤਾਂ ਬੇ-ਸ਼ਰਮੀ ਧਾਰ ਹੀ ਲਈ ਸੀ ਪਰ ਮੈਂ ਤਾਂ ਉਸਦੇ ਪੱਧਰ `ਤੇ ਨਹੀਂ ਸਾਂ ਜਾ ਸਕਦੀ। ਇਸ ਲਈ ਚੁੱਪ ਕਰ ਕੇ ਅੰਦਰ ਲੇਟ ਗਈ ਹਾਂ। ਸਾਰੀ ਰਾਤ ਰੋਂਦੀ ਰਹੀ ਆਪਣੇ ਆਪ ਨਾਲ ਗੱਲਾਂ ਕਰਦੀ ਰਹੀ। ਜੇ ਮੇਰੇ ਕੋਲ ਕੋਈ ਹੋਰ ਠਿਕਾਣਾ ਹੁੰਦਾ ਤਾਂ ਸ਼ਾਇਦ ਮੈਂ ਇਸ ਵੇਲੇ ਇਹ ਘਰ ਛੱਡ ਕੇ ਭੱਜ ਵੀ ਜਾਂਦੀ। ਇਸ ਵੇਲੇ ਦਿਲ ਕੀਤਾ ਕਿ ਸ਼ੀਲਾ ਨੂੰ ਹੁਣੇ ਫੋਨ ਕਰ ਕੇ ਹਾਂ ਭਰ ਦਿਆਂ। ਇਸ ਨਰਕ ਨਾਲੋਂ ਤਾਂ ਵੱਡਾ ਨਰਕ ਨਹੀਂ ਹੋਵੇਗਾ ਸ਼ੀਲਾ ਦੇ ਸਹੁਰਿਆਂ ਦਾ ਘਰ। ਫਿਰ ਇਹ ਸੋਚ ਆ ਗਈ ਕਿ ਸਵੇਰੇ ਸਾਧਵੀ ਮਾਂ ਨੂੰ ਆਪਣੀ ਸਾਰੀ ਬੀਤੀ ਦੱਸ ਕੇ ਉਸਦੀ ਸਲਾਹ ਮੁਤਾਬਿਕ ਕੋਈ ਫੈਸਲਾ ਲਵਾਂਗੀ। ਉਹ ਮੈਨੂੰ ਆਪਣੀਆਂ ਧੀਆਂ ਦੇ ਬਰਾਬਰ ਸਮਝਦੀ ਹੈ, ਕੋਈ ਠੀਕ ਹੀ ਸਲਾਹ ਦੇਵੇਗੀ। ਉਂਝ ਵੀ ਮੈਂ ਕਈ ਦਿਨਾਂ ਤੋਂ ਸਾਧਵੀ ਮਾਂ ਨੂੰ ਆਪਣੇ ਬਾਰੇ ਸਭ ਕੁਝ ਦੱਸ ਕੇ ਮਨ ਦਾ ਭਾਰ ਹੌਲਾ ਕਰਨ ਦੀ ਸੋਚ ਰਹੀ ਸਾਂ ਪਰ ਹੌਸਲਾ ਜਿਹਾ ਨਹੀਂ ਸੀ ਪੈ ਰਿਹਾ। ਇਕ ਵਾਰ ਤਾਂ ਮੈਂ ਰੀਤੂ ਮਾਂ ਕੋਲ ਇਹ ਬੇਨਤੀ ਵੀ ਕਰ ਚੁੱਕੀ ਸਾਂ ਕਿ ਉਹ ਮੈਨੂੰ ਆਪਣੀ ਸ਼ਰਨ ਵਿਚ ਲੈ ਕੇ ਆਪਣੇ ਵਾਂਗ ਚਿੱਟੇ ਵਸਤਰ ਧਾਰਨ ਕਰਨ ਦੀ ਇਜਾਜ਼ਤ ਦੇ ਦੇਣ ਪਰ ਮਾਂ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਸੀ, “ਨਹੀਂ ਬੇਟਾ ਤੇਰੇ ਹੱਸਣੇ ਖੇਡਣੇ ਕੇ ਦਿਨ ਹੈਂ ਅਭੀ…ਤੇਰੇ ਲੀਏ ਇਤਨਾ ਹੀ ਬਹੁਤ ਹੈ ਕਿ ਸਾਧ ਸੰਗਤ ਕੀ ਸੇਵਾ ਕਰਨੇ ਕਾ ਅਵਸਰ ਤੁਝੇ ਮਿਲਤਾ ਰਹੇ।”
ਸਵੇਰੇ ਪੌਣੇ ਛੇ ਵਜੇ ਹੀ ਆਸ਼ਰਮ ਵੱਲ ਤੁਰ ਪਈ ਹਾਂ। ਸਾਧਵੀ ਮਾਂ ਰੀਤੂ ਦੀ ਗੁਫਾ ਦੇ ਦੀਵਾਰ `ਤੇ ਹੀ ਪਹੁੰਚੀ ਹਾਂ ਕਿ ਅੰਦਰੋਂ ਤਿੱਖੀ ਅਵਾਜ਼ ਸੁਣਾਈ ਦਿੱਤੀ ਹੈ, “ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਰਲੇ-ਮਿਲੇ ਹੋ… ਬਹੁਤ ਹੋ ਗਈ ਸੇਵਾ ਇਸ ਠੱਗੀ ਦੇ ਆਸ਼ਰਮ ਦੀ…।” ਮੇਰੇ ਪੈਰ ਥਾਏਂ ਹੀ ਰੁਕ ਗਏ ਨੇ। ਇਹ ਆਵਾਜ਼ ਤਾਂ ਮੇਰੀ ਸਹੇਲੀ ਪ੍ਰੇਮਲਤਾ ਦੀ ਹੈ। ਇਸ ਨੂੰ ਕੀ ਹੋ ਗਿਆ ਹੈ…ਇਹ ਕਿਉਂ ਰੀਤੂ ਮਾਂ ਨੂੰ ਇਸ ਤਰ੍ਹਾਂ ਬੋਲ ਰਹੀ ਹੈ…। ਲਗਭਗ ਮੇਰੀ ਹਮ ਉਮਰ ਪ੍ਰੇਮਲਤਾ ਵੀ ਮੇਰੇ ਵਾਂਗ ਹੀ ਸਾਧਵੀ ਮਾਂ ਦੇ ਨੇੜੇ ਹੋਣ ਦਾ ਸੁਭਾਗ ਰੱਖਦੀ ਹੈ ਤੇ ਆਸ਼ਰਮ ਦੀ ਸਜਾਵਟ ਵਿਚ ਉਹ ਵੀ ਮੇਰੇ ਨਾਲ ਹੀ ਸ਼ਾਮਿਲ ਰਹੀ ਹੈ ਤੇ ਕੱਲ੍ਹ ਸ਼ਾਮ ਤਕ ਤਾਂ ਅਸੀਂ ਆਸ਼ਰਮ ਵਿਚ ਇਕੱਠੀਆਂ ਸੇਵਾ ਕਰਦੀਆਂ ਰਹੀਆਂ ਹਾਂ। ਮੈਨੂੰ ਉਹ ਵੀ ਆਪਣੇ ਵਾਂਗ ਹੀ ਗਰੀਬ ਪਿਛੋਕੜ ਦੀ ਤੇ ਦੁੱਖਾਂ ਦੀ ਮਾਰੀ ਲੱਗਦੀ ਹੈ, ਇਸ ਲਈ ਉਸ ਨਾਲ ਮੇਰਾ ਸਹੇਲਪੁਣਾ ਵੀ ਚੰਗਾ ਨਿਭ ਰਿਹਾ ਹੈ।
“ਕੀ ਗੱਲ ਹੈ ਪ੍ਰੇਮ, ਮਾਂ ਨਾਲ ਐਨਾ ਉੱਚੀ ਕਿਉਂ ਬੋਲ ਰਹੀ ਏਂ…।’ ਗੁਫਾ ਵਿਚ ਪ੍ਰਵੇਸ਼ ਕਰਦਿਆਂ ਮੈਂ ਚਿੰਤਾ ਨਾਲ ਪੁੱਛਿਆ ਹੈ।
“ਅੱਜ ਮੈਂ ਉੱਚੀ ਬੋਲ ਰਹੀ ਹਾਂ… ਕੱਲ੍ਹ ਨੂੰ ਤੈਨੂੰ ਵੀ ਬੋਲਣਾ ਪੈ ਸਕਦਾ ਹੈ ਭੈਣੇ… ਚੰਗਾ ਚਾਹੁੰਦੀ ਹੈਂ ਤਾਂ ਜਿਨ੍ਹੀਂ ਪੈਰੀਂ ਆਈ ਹੈਂ ਉਨ੍ਹੀਂ ਪੈਰੀਂ ਵਾਪਸ ਘਰ ਨੂੰ ਮੁੜ ਜਾਹ।” ਪ੍ਰੇਮ ਲਤਾ ਦੀ ਅਵਾਜ਼ ਅਜੇ ਵੀ ਗੁੱਸੇ ਨਾਲ ਕੰਬ ਰਹੀ ਹੈ।
“ਪਰ ਗੱਲ ਕੀ ਹੋਈ ਅਜਿਹੀ?” ਮੇਰੇ ਅੰਦਰ ਕਿਸੇ ਹੋਰ ਹੋਣੀ ਵਾਪਰਨ ਦਾ ਡਰ ਪੈਦਾ ਹੋ ਗਿਆ ਹੈ।
“ਕੀ ਦੱਸਾਂ ਤੈਨੂੰ… ਕੱਲ੍ਹ ਸ਼ਾਮ ਤੈਨੂੰ ਤਾਂ ਘਰ ਛੱਡਣ ਲਈ ਚੌਕੀਦਾਰ ਗਿਆ ਸੀ ਪਰ ਮੇਰੇ ਨਾਲ ਇਸ ਸੁਰੇਸ਼ ਮੁਨੀ ਨੂੰ ਭੇਜ ਦਿੱਤਾ… ਰਸਤੇ ਵਿਚ ਸੁੰਨੀ ਜਿਹੀ ਥਾਂ `ਤੇ ਉਸ ਮੇਰੀ ਬਾਂਹ ਫੜ ਲਈ ਤੇ ਮੈਂ ਇਕ ਕਰਾਰਾ ਜਿਹਾ ਥੱਪੜ ਉਸਦੇ ਜੜ ਦਿੱਤਾ, ਪਤਾ ਨਹੀਂ ਚੱਲਿਆ ਫਿਰ ਕਿੱਧਰ ਛਿਪਣ ਹੋ ਗਿਆ ਉਹ ਹਰਾਮਜ਼ਾਦਾ…।’ ਪ੍ਰੇਮ ਲਤਾ ਦੀ ਗੱਲ ਸੁਣ ਕੇ ਮੇਰੇ ਆਪਣੇ ਕੰਨ ਸ਼ਾਂਅ-ਸ਼ਾਂਅ ਕਰਨ ਲੱਗੇ ਹਨ।
“ਤੂੰ ਠੀਕ ਕੀਤਾ ਪ੍ਰੇਮ ਲਤਾ… ਘਬਰਾ ਨਾ ਮੈਂ ਤੇਰੇ ਨਾਲ ਹਾਂ।” ਮੈਂ ਉਸਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ।
“ਆਪ ਦੋਨੋਂ ਮੇਰੀ ਬੇਟੀਉਂ ਜੈਸੀ ਹੈਂ…ਫਿਰ ਵੀ ਮੈਂ ਆਪ ਕੇ ਪਾਂਵ ਪੜਤੀ ਹੂੰ…ਆਸ਼ਰਮ ਕੀ ਬਾਤ ਬਾਹਰ ਨਾ ਜਾਏ… ਆਸ਼ਰਮ ਕੀ ਪ੍ਰਤਿਸ਼ਠਾ ਕਾ ਸਵਾਲ ਹੈ।’ ਸਾਧਵੀ ਹੁਣ ਮਿੰਨਤਾਂ ਤਰਲਿਆਂ `ਤੇ ਉਤਰ ਆਈ ਹੈ।
“ਹੂੰ”…ਗੁੱਸੇ ਭਰੀ ਹੁੰਕਾਰ ਛੱਡਦਿਆਂ ਪ੍ਰੇਮ ਲਤਾ ਤੇਜ਼ੀ ਨਾਲ ਬਾਹਰ ਨਿਕਲ ਆਈ ਹੈ ਤੇ ਮੈਂ ਵੀ ਉਸਦੇ ਕਦਮਾਂ ਨਾਲ ਆਪਣੇ ਕਦਮ ਮਿਲਾਏ ਹਨ। ਸਾਧਵੀ ਨੇ ਸਾਨੂੰ ਰੋਕਣਾ ਤਾਂ ਚਾਹਿਆ ਹੈ ਪਰ ਰੋਕ ਨਹੀਂ ਸਕੀ।
‘ਕਿਹਾ ਸਮਾਂ ਆ ਗਿਆ ਹੈ ਕਿ ਔਰਤ ਨਾ ਆਪਣੇ ਘਰ ਵਿਚ ਸੁਰੱਖਿਅਤ ਹੈ ਤੇ ਨਾ ਰੱਬ ਦੇ ਘਰ ਵਿਚ … ਹੁਣ ਮੈਨੂੰ ਵੀ ਆਪਣਾ ਕੋਈ ਹੋਰ ਠਿਕਾਣਾ ਲੱਭਣਾ ਪਵੇਗਾ।’ ਬੁੜਬੁੜਾਉਂਦਿਆਂ ਮੈਂ ਆਪਣੇ ਆਪ ਨੂੰ ਹੀ ਕਿਹਾ ਹੈ ਤੇ ਰਾਹ ਵਿਚ ਤੁਰੇ ਜਾਂਦਿਆਂ ਹੀ ਫੋਨ ਲਾ ਲਿਆ ਹੈ ‘ਹੈਲੋ ਸ਼ੀਲਾ ਮੈਂ ਮਿਨਾਕਸ਼ੀ ਬੋਲ ਰਹੀ ਹਾਂ।’