ਯੂਜੀਨ: ਉਲੰਪਿਕ ਚੈਂਪੀਅਨ ਨੀਰਜ ਚੋਪੜਾ (24) ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਨੇਜ਼ੇਬਾਜ਼ੀ ਵਿਚ 88.13 ਮੀਟਰ ਦੀ ਥ੍ਰੋਅ ਨਾਲ ਇਤਿਹਾਸਕ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ 19 ਸਾਲ ਦਾ ਸੋਕਾ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਹ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਤੇ ਪਹਿਲਾ ਪੁਰਸ਼ ਟ੍ਰੈਕ ਅਤੇ ਫੀਲਡ ਅਥਲੀਟ ਬਣ ਗਿਆ ਹੈ।
ਭਾਰਤ ਲਈ ਇਕਮਾਤਰ ਕਾਂਸੀ ਦਾ ਤਗਮਾ 2003 ਦੀ ਪੈਰਿਸ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਮਹਾਨ ਅਥਲੀਟ ਅੰਜੂ ਬੌਬੀ ਜਾਰਜ ਨੇ ਲੰਬੀ ਛਾਲ ਵਿਚ ਜਿੱਤਿਆ ਸੀ ਅਤੇ ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਦੇਸ ਲਈ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਸੀ। ‘ਡਿਫੈਂਡਿੰਗ` ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 90.54 ਮੀਟਰ ਦੀ ਸ਼ਾਨਦਾਰ ਥ੍ਰੋਅ ਨਾਲ ਸੋਨ ਤਗਮਾ ਆਪਣੇ ਨਾਂ ਕੀਤਾ, ਜਦੋਂਕਿ ਉਲੰਪਿਕ ਚਾਂਦੀ ਦਾ ਤਗਮਾ ਜੇਤੂ ਚੈੱਕ ਗਣਰਾਜ ਦੇ ਜੈਕਬ ਵਡਲੇਜਚ ਨੇ 88.09 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।