ਮੁਹਾਲੀ: ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫਤਾਰ ਕਰਕੇ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛ-ਪੜਤਾਲ ਦੌਰਾਨ ਦੋ ਸ਼ੂਟਰਾਂ ਨੂੰ ਜਾਣਨ ਦੀ ਗੱਲ ਮੰਨੀ ਹੈ। ਬੀਤੇ ਦਿਨੀਂ ਪੰਜਾਬ ਪੁਲਿਸ ਦੀ ਸਿਟ ਨੇ ਚਾਰ ਸ਼ੂਟਰਾਂ ਜਗਰੂਪ ਸਿੰਘ ਉਰਫ਼ ਰੂਪਾ ਵਾਸੀ ਅੰਮ੍ਰਿਤਸਰ, ਮੋਨੂੰ ਕੁੱਸਾ ਵਾਸੀ ਮੋਗਾ ਅਤੇ ਪ੍ਰਿਆਵਰਤ ਜੋਸ਼ੀ ਤੇ ਅੰਕਿਤ ਦੋਵੇਂ ਵਾਸੀ ਸੋਨੀਪਤ ਦੀ ਪਛਾਣ ਹੋਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ‘ਚੋਂ ਰੂਪਾ ਤੇ ਕੁੱਸਾ ਨੂੰ ਲਾਰੈਂਸ ਬਿਸ਼ਨੋਈ ਜਾਣਦਾ ਹੈ ਅਤੇ ਇਹ ਦੋਵੇਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿਚ ਸਨ।
ਸੂਤਰਾਂ ਮੁਤਾਬਕ ਲਾਰੈਂਸ ਬਿਸ਼ਨੋਈ ਨੇ ਐਸ.ਓ.ਆਈ. ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਮਰਹੂਮ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਨੂੰ ਆਪਣਾ ਵੱਡਾ ਭਰਾ ਦੱਸਦਿਆਂ ਕਿਹਾ ਕਿ ਵਿੱਕੀ ਦੇ ਕਤਲ ਨਾਲ ਉਸ ਨੂੰ ਜਬਰਦਸਤ ਝਟਕਾ ਲੱਗਿਆ ਸੀ। ਲਾਰੈਂਸ ਅਨੁਸਾਰ ਵਿੱਕੀ ਮਿੱਡੂਖੇੜਾ ਦਾ ਕਤਲ ਸਿੱਧੂ ਮੂਸੇਵਾਲਾ ਦੇ ਮੈਨੇਜਰ ਜਸ਼ਨਪ੍ਰੀਤ ਸਿੰਘ ਨੇ ਮੁਖਬਰੀ ਕਰਕੇ ਕਰਵਾਇਆ ਸੀ। ਇਸ ਸਬੰਧੀ ਉਸ (ਲਾਰੈਂਸ) ਨੇ ਮੂਸੇਵਾਲਾ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣੇ ਮੈਨੇਜਰ ਦਾ ਸਾਥ ਨਾ ਦੇਵੇ ਪਰ ਉਹ ਨਹੀਂ ਮੰਨਿਆ। ਲਾਰੈਂਸ ਤੋਂ ਪੁੱਛ-ਪੜਤਾਲ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਜ਼ਿਆਦਾਤਰ ਗੈਂਗਸਟਰ ਸਿਗਨਲ ਐਪ ਰਾਹੀਂ ਇਕ ਦੂਜੇ ਨਾਲ ਤਾਲਮੇਲ ਕਰਦੇ ਹਨ। ਇਸ ਤਕਨੀਕ ਦੀ ਵਰਤੋਂ ਨਾਲ ਫੜੇ ਜਾਣ ਦਾ ਬਹੁਤਾ ਡਰ ਨਹੀਂ ਹੁੰਦਾ ਹੈ।
ਉਧਰ, ਮੂਸੇਵਾਲਾ ਦੀ ਹੱਤਿਆ ਕੇਸ ਦੇ ਸ਼ੱਕੀ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦੀ ਨਿਸ਼ਾਨਦੇਹੀ ‘ਤੇ ਹੁਣ ਤੱਕ 13 ਹਥਿਆਰ ਬਰਾਮਦ ਕੀਤੇ ਗਏ ਹਨ। ਉਸ ਨੇ ਇਹ ਅਸਲਾ ਮੱਧ ਪ੍ਰਦੇਸ਼ ਤੋਂ ਮੰਗਵਾਇਆ ਸੀ।
ਡਰੇਕ ਨੇ ਰੇਡੀਓ ਸ਼ੋਅ ਦੌਰਾਨ ਚਲਾਇਆ ਮੂਸੇਵਾਲਾ ਦਾ ਗੀਤ
ਮੁੰਬਈ: ਕੈਨੇਡੀਅਨ ਗਾਇਕ ਤੇ ਰੈਪਰ ਡਰੇਕ ਨੇ ਆਪਣੇ ਰੇਡੀਓ ਸ਼ੋਅ ‘ਟੇਬਲ ਫਾਰ ਵਨ` ਦੇ ਪਹਿਲੇ ਐਪੀਸੋਡ ਦੌਰਾਨ ਮਰਹੂਮ ਪੰਜਾਬੀ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਦਾ ਗੀਤ ਵਜਾ ਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਜ਼ਿਕਰਯੋਗ ਹੈ ਕਿ ਡਰੇਕ ਨੇ ਹਾਲ ਹੀ ਵਿਚ ਆਪਣੀ ਨਵੀਂ ਐਲਬਮ ‘ਆਨੈਸਟਲੀ, ਨੈਵਰਮਾਈਂਡ` ਰਿਲੀਜ ਕੀਤੀ ਹੈ। ‘ਹਿਪਹੌਪਐਨਮੋਰ` ਦੀ ਰਿਪੋਰਟ ਮੁਤਾਬਕ ਡਰੇਕ ਨੇ ਆਪਣੇ ਰੇਡੀਓ ਸ਼ੋਅ ਦੌਰਾਨ ਮਰਹੂਮ ਗਾਇਕ ਮੂਸੇਵਾਲਾ ਦਾ ਗੀਤ ‘295` ਅਤੇ ‘ਜੀ-ਸ਼ਿਟ` ਵਜਾਇਆ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦਾ ਗੀਤ ‘295` ਹਾਲ ਹੀ ਵਿਚ ਬਿਲਬੋਰਡ ਗਲੋਬਲ 200 ਚਾਰਟ ਵਿਚ ਸ਼ਾਮਲ ਹੋਇਆ ਹੈ। ਇਸ ਤੋਂ ਪਹਿਲਾਂ ਇੰਸਟਾਗ੍ਰਾਮ `ਤੇ ਡਰੇਕ ਨੇ ਮੂਸੇਵਾਲਾ ਦੀ ਤਸਵੀਰ ਸਾਂਝੀ ਕਰਦਿਆਂ ‘ਤੇਰੀ ਆਤਮਾ ਨੂੰ ਸ਼ਾਂਤੀ ਮਿਲੇ, ਮੂਸੇ` ਲਿਖਿਆ ਸੀ। ਮੂਸੇਵਾਲਾ ਨੂੰ ਯਾਦ ਕਰਨ `ਤੇ ਗਾਇਕ ਦੇ ਪ੍ਰਸੰਸਕਾਂ ਵੱਲੋਂ ਡਰੇਕ ਦੀ ਸ਼ਲਾਘਾ ਕੀਤੀ ਗਈ ਹੈ।