ਮੂਸੇਵਾਲਾ ਕੇਸ: ਲਾਰੈਂਸ ਬਿਸ਼ਨੋਈ ਕੋਲੋਂ ਪੁੱਛ-ਪੜਤਾਲ ਦੌਰਾਨ ਵੱਡੇ ਖੁਲਾਸੇ

ਮੁਹਾਲੀ: ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਅਤੇ ਹੋਰਨਾਂ ਮੁਲਜ਼ਮਾਂ ਕੋਲੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਅਹਿਮ ਸੁਰਾਗ ਮਿਲੇ ਹਨ। ਉਧਰ, ਪੰਜਾਬ ਪੁਲਿਸ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਹੁਸ਼ਿਆਰਪੁਰ ਜੇਲ੍ਹ ਵਿਚ ਬੰਦ ਜੀਜਾ ਗੁਰਿੰਦਰ ਗੋਰਾ ਨੂੰ ਪੁੱਛ-ਪੜਤਾਲ ਲਈ ਪ੍ਰੋਡਕਸ਼ਨ ਵਾਰੰਟ ‘ਤੇ ਹਿਰਾਸਤ ਵਿਚ ਲਿਆਂਦਾ।

ਪੁਲਿਸ ਅਨੁਸਾਰ ਲਾਰੈਂਸ ਬਿਸ਼ਨੋਈ ਹੀ ਇਸ ਪੂਰੇ ਘਟਨਾਕ੍ਰਮ ਦਾ ਮਾਸਟਰਮਾਈਂਡ ਹੈ। ਉਸ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਗਾਇਕਾਂ, ਅਦਾਕਾਰਾਂ ਅਤੇ ਕਾਰੋਬਾਰੀਆਂ ਕੋਲੋਂ ਫਿਰੌਤੀਆਂ ਮੰਗਣ ਦੀ ਗੱਲ ਵੀ ਕਬੂਲੀ ਹੈ। ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ ਉਹ ਤਿਹਾੜ ਜੇਲ੍ਹ ‘ਚੋਂ ਹੀ ਮੋਬਾਈਲ ਫੋਨ ‘ਤੇ ਸਿਗਨਲ ਐਪ ਰਾਹੀਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਤਾਲਮੇਲ ਕਰਦਾ ਸੀ। ਗੋਰਾ ਅਪਰਾਧਿਕ ਮਾਮਲੇ ਵਿਚ ਹੁਸ਼ਿਆਰਪੁਰ ਜੇਲ੍ਹ ਵਿਚ ਬੰਦ ਹੈ। ਉਂਜ ਉਸ ਵਿਰੁੱਧ ਵੱਖ-ਵੱਖ ਥਾਣਿਆਂ ਵਿਚ ਕਰੀਬ ਨੌਂ ਕੇਸ ਦਰਜ ਹਨ। ਸੀ.ਆਈ.ਏ. ਕੈਂਪ ਦਫਤਰ ਵਿਚ ਲਾਰੈਂਸ ਬਿਸ਼ਨੋਈ ਅਤੇ ਗੋਰਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕੀਤੀ ਗਈ। ਦੱਸਣਾ ਬਣਦਾ ਹੈ ਕਿ ਲਾਰੈਂਸ ਨੇ ਪੁੱਛਗਿਛ ਦੌਰਾਨ ਗੋਰਾ ਦਾ ਨਾਂ ਲਿਆ ਸੀ। ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਜਨਵਰੀ 2022 ਵਿਚ ਬਣਾਈ ਗਈ ਸੀ ਅਤੇ ਉਦੋਂ ਹੀ ਸੰਦੀਪ ਕੇਕੜਾ ਨੂੰ ਰੇਕੀ ਕਰਨ ਦੇ ਕੰਮ ‘ਤੇ ਲਗਾਇਆ ਗਿਆ ਸੀ। ਚੋਣਾਂ ਵਿਚ ਖੜ੍ਹੇ ਹੋਣ ਕਾਰਨ ਮੂਸੇਵਾਲਾ ਨਾਲ ਹਰ ਵੇਲੇ ਸੁਰੱਖਿਆ ਗਾਰਡ ਰਹਿੰਦੇ ਸਨ ਜਿਸ ਕਾਰਨ ਉਦੋਂ ਉਸ ਦੀ ਹੱਤਿਆ ਨਹੀਂ ਕੀਤੀ ਜਾ ਸਕੀ। ਕੇਕੜਾ ਪਲ-ਪਲ ਦੀ ਸੂਚਨਾ ਦੇ ਰਿਹਾ ਸੀ।
ਸੂਤਰ ਦੱਸਦੇ ਹਨ ਕਿ ਜਾਂਚ ਟੀਮ ਨੇ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਅਦਾਕਾਰ ਸਲਮਾਨ ਖਾਨ ਨੂੰ ਧਮਕੀਆਂ ਦੇਣ ਸਮੇਤ ਲਾਰੈਂਸ ਬਿਸ਼ਨੋਈ ਕੋਲੋਂ ਦਰਜਨ ਤੋਂ ਵੱਧ ਸਵਾਲ ਪੁੱਛੇ ਹਨ। ਪੁਲਿਸ ਨੇ ਸਵਾਲ ਕੀਤਾ ਕਿ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦੇਣ ਪਿੱਛੇ ਕੀ ਕਾਰਨ ਸਨ, ਕੀ ਉਸ (ਲਾਰੈਂਸ) ਨੇ ਮੂਸੇਵਾਲਾ ਨੂੰ ਸਿੱਧੀ ਧਮਕੀ ਦਿੱਤੀ ਸੀ ਜਾਂ ਫਿਰੌਤੀ ਮੰਗਣ ਲਈ ਧਮਕਾਇਆ ਸੀ। ਪੰਜਾਬ ਸਮੇਤ ਤਿੰਨ ਸੂਬਿਆਂ ਦੀ ਪੁਲਿਸ ਉਸ ਦਾ ਨਾਂ ਕਿਉਂ ਲੈ ਰਹੀ ਹੈ, ਉਹ ਸ਼ਾਹਰੁਖ਼ ਨੂੰ ਕਦੋਂ ਤੋਂ ਜਾਣਦਾ ਹੈ ਅਤੇ ਸੁਪਾਰੀ ਕਦੋਂ ਤੇ ਕਿਵੇਂ ਦਿੱਤੀ। ਮੂਸੇਵਾਲਾ ‘ਤੇ ਹਮਲਾ ਕਰਨ ਵਾਲੇ ਕਿੰਨੇ ਸ਼ੂਟਰ ਸਨ। ਜਦੋਂ ਉਹ ਜੇਲ੍ਹ ਵਿਚ ਬੈਠਾ ਹੈ ਤਾਂ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਕੌਣ ਚਲਾ ਰਿਹਾ ਹੈ। ਗੋਲਡੀ ਬਰਾੜ ਨਾਲ ਉਸ ਦਾ ਕੀ ਰਿਸ਼ਤਾ ਹੈ, ਉਹ ਕਦੋਂ ਇਕ-ਦੂਜੇ ਦੇ ਸੰਪਰਕ ਵਿਚ ਆਏ। ਕੀ ਗੁਰਲਾਲ ਬਰਾੜ ਵੀ ਉਸ ਦੇ ਗਰੁੱਪ ਲਈ ਕੰਮ ਕਰਦਾ ਸੀ।
ਬੁਲਟ ਪਰੂਫ ਗੱਡੀ ਹੁੰਦੀ ਤਾਂ ਵੀ ਹਮਲਾ ਕਰਨ ਦੀ ਸੀ ਯੋਜਨਾ
ਮਾਨਸਾ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰਾਂ ਵੱਲੋਂ ਮਿਲ ਕੇ ਘੜੀ ਗਈ ਸੀ। ਲਾਰੈਂਸ ਜੋ ਖੁਦ ਸਾਜ਼ਿਸ਼ ਵਿਚ ਸ਼ਾਮਲ ਹੈ, ਨੇ ਤਿਹਾੜ ਜੇਲ੍ਹ ਵਿਚੋਂ ਹੀ ਮੋਬਾਈਲ ਫੋਨ ਉਤੇ ਸਿਗਨਲ ਐਪ ਰਾਹੀਂ ਦੂਸਰੇ ਸਾਥੀਆਂ ਨਾਲ ਸੰਪਰਕ ਸਾਧ ਕੇ ਘਟਨਾ ਨੂੰ ਅੰਜਾਮ ਦਿੱਤਾ ਸੀ। ਭਾਵੇਂ ਹਤਿਆਰਿਆਂ ਨੇ ਮੂਸੇਵਾਲਾ ਉਤੇ ਹਮਲਾ ਉਦੋਂ ਕੀਤਾ ਜਦੋਂ ਉਹ ਬੁਲਟ ਪਰੂਫ ਗੱਡੀ ਅਤੇ ਸੁਰੱਖਿਆ ਕਰਮੀਆਂ ਤੋਂ ਬਿਨਾ ਆਪਣੀ ਮਾਸੀ ਦੇ ਘਰ ਮਾਨਸਾ ਨੇੜਲੇ ਪਿੰਡ ਬਰਨਾਲਾ ਵਿਖੇ ਜਾ ਰਿਹਾ ਸੀ ਪਰ ਇਹ ਗੱਲ ਵੀ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਗੈਂਗ ਸਿੱਧੂ ਮੂਸੇਵਾਲਾ ਨਾਲ ਐਨੀ ਖਾਰ ਖਾਣ ਲੱਗ ਪਿਆ ਸੀ ਕਿ ਉਸ ਨੇ ਇਹ ਵੀ ਯੋਜਨਾ ਵੀ ਘੜੀ ਸੀ ਕਿ ਬੁਲਟ ਪਰੂਫ ਗੱਡੀ ਉਤੇ ਹਮਲਾ ਕਰ ਕੇ ਗਾਇਕ ਦੀ ਹੱਤਿਆ ਕੀਤੀ ਜਾਵੇ।
ਬਿਸ਼ਨੋਈ ਨੇ ਗੋਲਡੀ ਬਰਾੜ ਦਾ ਟਿਕਾਣਾ ਦੱਸਿਆ
ਮਾਨਸਾ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛ-ਪੜਤਾਲ ਦੌਰਾਨ ਅਹਿਮ ਖੁਲਾਸੇ ਕੀਤੇ ਹਨ। ਸੂਤਰਾਂ ਅਨੁਸਾਰ ਲਾਰੈਂਸ ਬਿਸ਼ਨੋਈ ਨੇ ਪੜਤਾਲ ਦੌਰਾਨ ਕੈਨੇਡਾ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੀ ਰਿਹਾਇਸ਼ ਅਤੇ ਹੋਰ ਟਿਕਾਣਿਆਂ ਬਾਰੇ ਜਾਣਕਾਰੀ ਦੇ ਦਿੱਤੀ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਕੈਨੇਡਾ ਵਿਚ ਉਹ (ਗੋਲਡੀ ਬਰਾੜ) ਕਿੱਥੇ ਰਹਿੰਦਾ ਹੈ ਅਤੇ ਕਿਹੜੇ-ਕਿਹੜੇ ਵਿਅਕਤੀ ਉਸ ਦੇ ਸੰਪਰਕ ਵਿਚ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲਾਰੈਂਸ ਬਿਸ਼ਨੋਈ ਪਹਿਲਾਂ ਹੀ ਪੁਲਿਸ ਕੋਲ ਇਹ ਮੰਨ ਚੁੱਕਾ ਹੈ ਕਿ ਉਹ ਤਿਹਾੜ ਜੇਲ੍ਹ ‘ਚੋਂ ਸਿਗਨਲ ਐਪ ਰਾਹੀਂ ਗੋਲਡੀ ਬਰਾੜ ਨਾਲ ਤਾਲਮੇਲ ਕਰਦਾ ਸੀ।