ਵਿਭੂਤੀ ਨਰਾਇਣ ਰਾਏ
ਅਨੁਵਾਦ: ਤਰਸੇਮ ਲਾਲ
ਵਿਭੂਤੀ ਨਰਾਇਣ ਰਾਏ ਪੁਲਿਸ ਅਫਸਰ ਰਹੇ ਹਨ। ਇਸ ਦੇ ਨਾਲ-ਨਾਲ ਉਹ ਲਿਖਾਰੀ ਵੀ ਹਨ। ਉਨ੍ਹਾਂ 5 ਨਾਵਲਾਂ ਤੋਂ ਇਲਾਵਾ ਭਾਰਤ ਵਿਚ ਫਿਰਕੂ ਸਿਆਸਤ ਨਾਲ ਸਬੰਧਤ ਦੋ ਪੁਸਤਕਾਂ ਲਿਖੀਆਂ ਹਨ। ‘ਫਿਰਕੂ ਦੰਗੇ ਅਤੇ ਭਾਰਤੀ ਪੁਲਿਸ’ ਨਾਂ ਦੀ ਪੁਸਤਕ ਵਿਚ ਉਨ੍ਹਾਂ ਫਿਰਕੂ ਦੰਗਿਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਛਾਣ-ਬੀਣ ਕੀਤੀ ਹੈ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਭਾਰਤ ਵਰਗੇ ਮੁਲਕ ਨੂੰ ਧਰਮ ਨਿਰਪੱਖ ਅਤੇ ਤਰੱਕੀ ਦੇ ਰਸਤੇ ‘ਤੇ ਅੱਗੇ ਵਧਾਉਣ ਲਈ ਧਾਰਮਿਕ ਕੱਟੜਤਾ, ਗੈਰ-ਵਿਗਿਆਨਕ ਸੋਚ, ਰੂੜ੍ਹੀਵਾਦੀ ਮਾਨਸਿਕਤਾ ਤੋਂ ਬਾਹਰ ਆਉਣਾ ਪਵੇਗਾ। ਇਸ ਲਿਖਤ ਦੀ ਅੱਠਵੀਂ ਕਿਸ਼ਤ ਹਾਜ਼ਰ ਹੈ। ਇਸ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਤਰਸੇਮ ਲਾਲ ਨੇ ਕੀਤਾ ਹੈ।
ਬੇਕਾਬੂ ਭੀੜ ਫਿਰਕੂ ਹਿੰਸਾ ਦਾ ਮਹੱਤਵਪੂਰਨ ਕਾਰਨ ਹੈ। ਉਤੇਜਨਾ ਤੋਂ ਬਿਨਾ ਇਸ ਪ੍ਰਸੰਗ ਵਿਚ ਜਿਵੇਂ ਪਿਰਾਮਿਡ ਦੀ ਸ਼ਕਲ ਦਾ ਜ਼ਿਕਰ ਆਇਆ ਹੈ, ਉਸ ਦਾ ਸਿਖਰ ਬਿੰਦੂ (ਉਹ ਬਿੰਦੂ ਜਿੱਥੋਂ ਹਿੰਸਾ ਸ਼ੁਰੂ ਹੁੰਦੀ ਹੈ) ਉਸ ਸਮੇਂ ਤੱਕ ਨਹੀਂ ਬਣ ਸਕਦਾ ਜਦੋਂ ਤੱਕ ਬੁਖਲਾਈ ਭੀੜ ਉਸ ਬਿੰਦੂ ‘ਤੇ ਮੌਜੂਦ ਨਾ ਹੋਵੇ। ਭੀੜ ਦੇ ਚਰਿੱਤਰ ਦੀਆਂ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਸਮਝੇ ਬਿਨਾਂ ਭੀੜ ਦੇ ਵਿਹਾਰ ਅਤੇ ਉਸ ਦੇ ਦੰਗਿਆਂ ਵਿਚ ਯੋਗਦਾਨ ਨੂੰ ਸਮਝਣਾ ਮੁਸ਼ਕਿਲ ਹੋਵੇਗਾ। ਫਿਰਕੂ ਦੰਗਿਆਂ ਦੇ ਪ੍ਰਸੰਗ ਵਿਚ ਭੀੜ ਬਹੁਤ ਸਾਰੇ ਵਿਅਕਤੀਆਂ ਦੇ ਅਰਾਜਕ ਸਮੂਹ ਨੂੰ ਕਿਹਾ ਜਾ ਸਕਦਾ ਹੈ।
ਇਹ ਜ਼ਰੂਰੀ ਨਹੀਂ ਕਿ ਉਸ ਵਿਚ ਸ਼ਾਮਲ ਸਾਰੇ ਲੋਕ ਇਕੋ ਜਿਹੇ ਕਾਰਨਾਂ ਕਰਕੇ ਉਸ ਵਿਚ ਸ਼ਾਮਲ ਹੋਣ। ਮਿਸਾਲ ਵਜੋਂ ਧਾਰਮਿਕ ਕੱਟੜਤਾ ਵਿਚ ਗ੍ਰਸੀ ਭੀੜ ਵਿਚ ਬਹੁਤੇ ਲੋਕ, ਹੋਰ ਕਾਰਨਾਂ ਕਰਕੇ ਵੀ ਹਾਜ਼ਰ ਹੋ ਸਕਦੇ ਹਨ। ਭੀੜ ਦੇ ਇਕ ਹਿੱਸੇ ਕੋਲ ਆਪਣੇ ਧਰਮ ਦੇ ਅਪਮਾਨ ਦਾ ਬਦਲਾ ਲੈਣ ਜਾਂ ਦੂਜੇ ਧਰਮ ਦੇ ਲੋਕਾਂ ਨੂੰ ਸਬਕ ਸਿਖਾਉਣ ਦਾ ਕਾਰਨ ਹੋ ਸਕਦਾ ਹੈ। ਭੀੜ ਦੇ ਵਿਚ ਸ਼ਾਮਲ ਕਿਸੇ ਹੋਰ ਸਮੂਹ ਦਾ ਧਿਆਨ ਭੀੜ ਦੁਆਰਾ ਕੀਤੀ ਹਿੰਸਾ ਦਾ ਆਉਣ ਵਾਲੀਆਂ ਚੋਣਾਂ ‘ਤੇ ਕੀ ਅਸਰ ਪਵੇਗਾ, ਵੱਲ ਹੋ ਸਕਦਾ ਹੈ। ਬਹੁਤ ਸਾਰੇ ਲੋਕ ਕੇਵਲ ਭੀੜ ਵਧਾਉਣ ਲਈ ਵੀ ਹੋ ਸਕਦੇ ਹਨ।
ਭੀੜ ਦੀ ਬਣਤਰ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਭੀੜ ਦਾ ਬਹੁਤ ਵੱਡਾ ਹਿੱਸਾ ਬਿਨਾਂ ਕਿਸੇ ਕਾਰਨ ਵੀ ਉਥੇ ਮੌਜੂਦ ਹੋ ਸਕਦਾ ਹੈ। ਇਹ ਹਾਲਾਤ ਆਮ ਤੌਰ ‘ਤੇ ਬਾਜ਼ਾਰਾਂ, ਸਰਕਾਰੀ ਦਫਤਰਾਂ, ਕਚਹਿਰੀਆਂ ਜਾਂ ਸਿੱਖਿਆ ਸੰਸਥਾਵਾਂ ਦੇ ਆਸ-ਪਾਸ ਦਿਖਾਈ ਦੇ ਸਕਦੇ ਹਨ। ਇਨ੍ਹਾਂ ਥਾਵਾਂ ‘ਤੇ ਇਕ ਨਿਸ਼ਚਿਤ ਸਮੇਂ ‘ਤੇ ਹਮੇਸ਼ਾ ਕਾਫੀ ਲੋਕ ਹਾਜ਼ਰ ਰਹਿੰਦੇ ਹਨ ਅਤੇ ਕੋਈ ਵੀ ਪ੍ਰਭਾਵੀ ਕੇਂਦਰ ਇਨ੍ਹਾਂ ਨੂੰ ਆਪਣੇ ਵੱਲ ਖਿੱਚ ਸਕਦਾ ਹੈ। ਭਾਰਤੀ ਪ੍ਰਸੰਗ ਵਿਚ ਇਸ ਦੀਆਂ ਦੋ ਅਹਿਮ ਮਿਸਾਲਾਂ ਹਨ। ਰਾਮ ਜਨਮ ਭੂਮੀ ਅੰਦੋਲਨ ਵਿਚ ਹਿੰਦੂਤਵੀ ਸ਼ਕਤੀਆਂ ਨੇ ਅਯੁੱਧਿਆ ਅੰਦਰ ਆਪਣੇ ਵੱਡੇ ਪ੍ਰੋਗਰਾਮਾਂ ਸਮੇਂ ਉਹੀ ਦਿਨ ਚੁਣਿਆ, ਜਦ ਕੋਈ ਮਹੱਤਵਪੂਰਨ ਹਿੰਦੂ ਤਿਉਹਾਰ ਕਾਰਨ ਵੱਡੀ ਸੰਖਿਆ ਵਿਚ ਲੋਕ ਮੌਜੂਦ ਹੋਣ। ਇਸ ਪਿੱਛੇ ਉਨ੍ਹਾਂ ਦੀ ਇਹ ਮਾਨਸਿਕਤਾ ਸੀ ਕਿ ਉਨ੍ਹਾਂ ਨੂੰ ਬਹੁਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਜ਼ਿਆਦਾ ਤਾਕਤ ਨਾ ਲਾਉਣੀ ਪਵੇ।
ਦੂਜੀ ਮਿਸਾਲ ਮੁਸਲਿਮ ਇਲਾਕਿਆਂ ਦੀ ਹੈ ਜਿੱਥੇ 24 ਘੰਟੇ ਲੋਕ ਸੜਕਾਂ ‘ਤੇ ਦਿਖਾਈ ਦਿੰਦੇ ਹਨ। ਇਨ੍ਹਾਂ ਇਲਾਕਿਆਂ ਵਿਚ ਵੀ ਬਿਨਾਂ ਵਿਸ਼ੇਸ਼ ਕੋਸ਼ਿਸ਼ ਦੇ ਭੀੜ ਇਕੱਠੀ ਕੀਤੀ ਜਾ ਸਕਦੀ ਹੈ। ਬਹੁਗਿਣਤੀ ਸਮੂਹ ਮੁਸਲਮਾਨਾਂ ਵਲੋਂ ਦੰਗਾ ਕਰਨ ਦੀ ਧਾਰਨਾ ਦੇ ਪੱਖ ਵਿਚ ਇਹ ਦਲੀਲ ਵੀ ਦਿੰਦਾ ਹੈ ਕਿ ਦੰਗੇ ਉਥੇ ਹੀ ਹੁੰਦੇ ਹਨ ਜਿੱਥੇ ਮੁਸਲਮਾਨਾਂ ਦੀ ਸੰਘਣੀ ਵਸੋਂ ਹੁੰਦੀ ਹੈ। ਇਹ ਸੋਚ ਕਿਸੇ ਸਰਲੀਕਰਨ ਦਾ ਨਤੀਜਾ ਨਹੀਂ, ਇਸ ਵਿਚ ਸੱਚਾਈ ਹੈ। ਸੰਘਣੀ ਆਬਾਦੀ ਵਿਚ ਰਾਤ ਦਿਨ ਸੜਕਾਂ ‘ਤੇ ਘੁੰਮ ਰਹੀ ਭੀੜ ਪਿੱਛੇ ਆਰਥਿਕ ਤੇ ਸਮਾਜਿਕ ਕਾਰਨ ਹੁੰਦੇ ਹਨ।
ਲੀਡਰਸ਼ਿਪ ਦੀ ਭੂਮਿਕਾ ਅਕਸਰ ਭੀੜ ਇਕੱਠੀ ਕਰਕੇ ਉਸ ਨੂੰ ਭੜਕਾਹਟ ਦੇ ਸਿਖਰ ‘ਤੇ ਪਹੁੰਚਣ ਤੋਂ ਬਾਅਦ ਸਮਾਪਤ ਹੋ ਜਾਂਦੀ ਹੈ। ਬਹੁਤ ਘੱਟ ਮੌਕਿਆਂ ‘ਤੇ ਹਿੰਸਾ ਦੌਰਾਨ ਭੀੜ ਦੀ ਲੀਡਰਸ਼ਿਪ ਦੀ ਕੜੀ ਬਰਕਰਾਰ ਰਹਿੰਦੀ ਹੈ। ਲੀਡਰਸ਼ਿਪ ਦੇ ਹਾਸ਼ੀਏ ‘ਤੇ ਜਾਣ ਦੀ ਪ੍ਰਕਿਰਿਆ ਉਸ ਦੀਆਂ ਆਪਣੀਆਂ ਕਰਤੂਤਾਂ ਦਾ ਨਤੀਜਾ ਹੁੰਦੀ ਹੈ।ਭ ਇਕੱਠੇ ਹੋਏ ਲੋਕ ਤਾੜੀਆਂ ਮਾਰ ਕੇ ਅਤੇ ਨਾਅਰਿਆਂ ਰਾਹੀਂ ਲੀਡਰਸ਼ਿਪ ਪ੍ਰਤੀ ਆਪਣੀ ਮਨਜ਼ੂਰੀ ਪ੍ਰਗਟ ਕਰਦੇ ਹਨ। ਇਹ ਮਨਜ਼ੂਰੀ ਹਾਸਲ ਕਰਨ ਲਈ ਲੀਡਰਸ਼ਿਪ ਅੰਦਰ ਉਨ੍ਹਾਂ ਦੇ ਵਿਅਕਤੀਤਵ ਦੀ ਪ੍ਰੀਖਿਆ ਹੁੰਦੀ ਹੈ। ਭਇਸ ਵਿਚ ਆਗੂ ਟੀਮ ਅੰਦਰ ਆਪਸੀ ਅੰਤਰ ਵਿਰੋਧ ਉਭਰ ਕੇ ਸਾਹਮਣੇ ਆਉਂਦੇ ਹਨ। ਆਗੂ ਟੀਮ ਦੀ ਲੋਕਾਂ ਦੇ ਵੱਖ-ਵੱਖ ਹਿੱਸਿਆਂ ਵਲੋਂ ਪ੍ਰਵਾਨਗੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਕਿਹੜਾ ਕਿੰਨਾ ਗਰਮ ਭਾਸ਼ਣ ਦਿੰਦਾ ਹੈ। ਇਹ ਗਰਮ ਭਾਸ਼ਣ ਹੋਰ ਗਰਮ ਹੁੰਦੇ-ਹੁੰਦੇ ਭੀੜ ਨੂੰ ਹਿਸਟੀਰੀਆ ਜਾਂ ਪਾਗਲਪਨ ਦੀ ਹੱਦ ਤੱਕ ਉਤੇਜਿਤ ਕਰ ਦਿੰਦੇ ਹਨ। ਹੌਲੀ-ਹੌਲੀ ਲੀਡਰਸ਼ਿਪ ਦੀ ਭੂਮਿਕਾ ਘੱਟ ਹੁੰਦੀ ਜਾਂਦੀ ਹੈ ਜਾਂ ਉਸ ਵਿਚ ਸ਼ਾਮਲ ਸ਼ਰਾਰਤੀ ਲੋਕ ਅਗਵਾਈ ਦੀ ਭੂਮਿਕਾ ਵਿਚ ਆ ਜਾਂਦੇ ਹਨ। ਬਹੁਤ ਸਾਰੇ ਮੌਕਿਆਂ ‘ਤੇ ਅਸੀਂ ਦੇਖਦੇ ਹਾਂ ਕਿ ਭੀੜ ਦੁਆਰਾ ਹਿੰਸਾ ਸ਼ੁਰੂ ਕਰਨ ਤੋਂ ਬਾਅਦ ਜਾਂ ਪੁਲਿਸ ਨਾਲ ਟੱਕਰ ਹੋਣ ਤੋਂ ਬਾਅਦ ਸਥਾਪਤ ਰਾਜਨੀਤਕ ਆਗੂ ਉੱਥੋਂ ਦੌੜ ਜਾਂਦੇ ਹਨ।
ਭੜਕਾਊ ਭੀੜ ਆਮ ਤੌਰ ‘ਤੇ ਬਹੁਤ ਉਤੇਜਿਤ ਹੁੰਦੀ ਹੈ ਅਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਸ਼ੋਰ, ਮੁੱਕੇ ਲਹਿਰਾਉਂਦੀ ਜਾਂ ਬੇਨਿਯਮਤ ਉੱਛਲਦੀ ਹੈ। ਭੀੜ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਦੀ ਆਵਾਜ਼ ਭੀੜ ਵਿਚ ਗੁੰਮ ਹੋ ਜਾਂਦੀ ਹੈ ਅਤੇ ਉਸ ਥਾਂ ‘ਤੇ ਮੌਜੂਦ ਹਰ ਮੈਂਬਰ, ਆਪਣੀਆਂ ਗੁਆਚੀਆਂ ਹੋਈਆਂ ਆਵਾਜ਼ਾਂ ਨੂੰ ਆਪੋ-ਆਪਣੇ ਢੰਗ ਨਾਲ ਮੁੜ ਲੋਕਾਂ ਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ ਹੈ। ਘਟਨਾਵਾਂ ਨੂੰ ਸਮਝਣ ਲਈ ਤਰਕ ਦੀ ਥਾਂ ਸੁਝਾਅ ਵੱਧ ਕਾਰਗਰ ਸਾਬਤ ਹੁੰਦੇ ਹਨ। ਅਫਵਾਹਾਂ ਆਮ ਤੌਰ ‘ਤੇ ਸਹੀ ਸੂਚਨਾਵਾਂ ਦਾ ਬਦਲ ਬਣ ਜਾਂਦੀਆਂ ਹਨ। ਭੀੜ ਵਿਚ ਜ਼ਿਆਦਾ ਸਰਗਰਮ ਮੈਂਬਰ ਆਪਣੇ ਸੁਝਾਵਾਂ ਅਤੇ ਮੂੰਹ ਜ਼ਬਾਨੀ ਸਰੀਰਕ ਸੰਕੇਤਾਂ ਨਾਲ ਆਪਣਾ ਪਿੱਛਾ ਕਰਨ ਲਈ ਬੇਵੱਸ ਕਰ ਦਿੰਦੇ ਹਨ।
ਭੀੜ ਦਾ ਇਕ ਹੋਰ ਮਹੱਤਵਪੂਰਨ ਲੱਛਣ ਹੁੰਦਾ ਹੈ ਕਰੂਰਤਾ। ਭੀੜ ਅੰਦਰ ਸਾਰੇ ਲੋਕ ਆਪਣੇ ਨਿੱਜੀ ਜੀਵਨ ਅੰਦਰ ਅਜਿਹੀ ਹਿੰਸਕ ਕਾਰਵਾਈ ਬਾਰੇ ਸੋਚ ਵੀ ਨਹੀਂ ਸਕਦੇ, ਜਿਹੋ ਜਿਹੀ ਉਹ ਭੀੜ ਵਿਚ ਸ਼ਾਮਲ ਹੋ ਕੇ ਕਰਦੇ ਹਨ। ਮਿਸਾਲ ਵਜੋਂ ਅਹਿੰਸਕ ਜਾਂ ਘੱਟ ਹਿੰਸਕ ਸਮੂਹ ਵੀ ਭੀੜ ਵਿਚ ਤਬਦੀਲ ਹੁੰਦੇ ਹੀ ਚਮਤਕਾਰੀ ਹੱਦ ਤੱਕ ਹਿੰਸਕ ਕਾਰਵਾਈਆਂ ਕਰਦੇ ਹਨ। ਭਾਰਤੀ ਪ੍ਰਸੰਗ ਵਿਚ ਔਰਤਾਂ, ਬੋਧੀਆਂ ਜਾਂ ਜੈਨੀਆਂ ਵਲੋਂ ਸਮੂਹਿਕ ਹਿੰਸਾ ਵਿਚ ਸ਼ਾਮਲ ਹੋਣ ਦੀਆਂ ਘਟਨਾਵਾਂ ਇਸ ਸ਼੍ਰੇਣੀ ਵਿਚ ਆਉਂਦੀਆਂ ਹਨ। ਜਿਵੇਂ-ਜਿਵੇਂ ਸਮਾਜ ਵਿਚ ਹਿੰਸਾ ਵਧਦੀ ਹੈ, ਉਸੇ ਅਨੁਪਾਤ ਵਿਚ ਜਾਂ ਉਸ ਤੋਂ ਵੱਧ ਹਿੰਸਾ ਸਮੂਹਿਕ ਗਤੀਵਿਧੀਆਂ ਦੌਰਾਨ ਭੀੜ ਦੀ ਹਿੰਸਾ ਵੀ ਦੇਖੀ ਜਾਂਦੀ ਹੈ। ਅੱਜ ਦੇ ਭਾਰਤ ਅੰਦਰ ਸਮਾਜ ਵਿਚ ਭੀੜ ਦੇ ਜੰਗਲੀ ਰੂਪ ਦੀ ਸਭ ਤੋਂ ਭਿਆਨਕ ਮਿਸਾਲ ਇੰਦਰਾ ਗਾਂਧੀ ਦੀ ਹੱਤਿਆ ਸਮੇਂ 31 ਅਕਤੂਬਰ 1984 ਤੋਂ ਬਾਅਦ ਦੇਖਣ ਨੂੰ ਮਿਲਦਾ ਹੈ। ਚਾਰ ਪੰਜ ਦਿਨਾਂ ਵਿਚ ਹੀ ਬਹੁਤ ਬੇਰਹਿਮੀ ਨਾਲ ਚਾਰ ਹਜ਼ਾਰ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ। ਇਹ ਕਤਲੇਆਮ ਹਰ ਥਾਂ ਭੜਕੀ ਭੀੜ ਨੇ ਕੀਤੇ। ਜਨਤਕ ਥਾਵਾਂ ‘ਤੇ ਉਨ੍ਹਾਂ ਨੂੰ ਜਿੰਦਾ ਜਲਾਇਆ ਗਿਆ। ਜਲਦੇ ਹੋਏ ਲੋਕਾਂ ਦੇ ਚਾਰੇ ਪਾਸੇ ਭੀੜ ਤਾੜੀਆਂ ਵਜਾ-ਵਜਾ ਕੇ ਨੱਚਦੀ ਰਹੀ। ਭੀੜ ਵਿਚ ਸ਼ਾਮਲ ਲੋਕ ਇਕੱਠੇ ਨਾ ਹੋਣ ਦੀ ਹਾਲਤ ਵਿਚ ਅਜਿਹੀਆਂ ਘਟਨਾਵਾਂ ਕਰਨ ਬਾਰੇ ਤਾਂ ਦੂਰ ਦੀ ਗੱਲ, ਦੇਖਣਾ ਵੀ ਪਸੰਦ ਨਾ ਕਰਦੇ।
ਸਮਾਜਵਾਦੀ ਵਿਦਵਾਨ ਡਾ. ਰਾਮ ਮਨੋਹਰ ਲੋਹੀਆ ਨੇ ਭੀੜ ਦਾ ਅੰਗ ਬਣ ਚੁੱਕੇ ਆਮ ਭਾਰਤੀ ਦੇ ਵਿਹਾਰ ਨੂੰ ਸਮਝਣ ਲਈ ‘ਕਰੂਰ ਕਾਇਰਤਾ’ ਸ਼ਬਦ ਵਰਤੇ ਹਨ।ਭ ਰੋਜ਼ ਆਪਣੇ ਸਮਾਜਿਕ ਜੀਵਨ ਵਿਚ ਮਿਲਦੀਆਂ ਹਨ; ਜਿਵੇਂ ਬੱਸ ਸਟੈਂਡ ‘ਤੇ ਕਿਸੇ ਸ਼ੱਕੀ ਜੇਬ ਕਤਰੇ ਨੂੰ ਫੜ ਕੇ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣਾ ਜਾਂ ਕਿਸੇ ਪਿੰਡ ਵਿਚ ਕਿਸੇ ਔਰਤ ਨੂੰ ਡੈਣ ਕਰਾਰ ਦੇ ਕੇ ਜਿੰਦਾ ਜਲਾ ਦੇਣਾ। ਜਦੋਂ ਕੋਈ ਸਭ ਦੇ ਸਾਹਮਣੇ ਕਿਸੇ ਕਮਜ਼ੋਰ ਨਾਲ ਗੁੰਡਾਗਰਦੀ ਕਰਦਾ ਹੈ ਤਾਂ ਅਸੀਂ ਬੂਹੇ ਬਾਰੀਆਂ ਬੰਦ ਕਰਕੇ ਅੰਦਰ ਦੁਬਕ ਜਾਂਦੇ ਹਾਂ। ਇਹੀ ਲੋਕ ਮਰੀਅਲ ਜਿਹੇ ਚੋਰ ਨੂੰ ਫੜ ਕੇ ਉਸ ਦਾ ਕੁਟਾਪਾ ਕਰਨ ਲਈ ਸ਼ੇਰ ਬਣ ਜਾਂਦੇ ਹਨ। ਹਰ ਆਦਮੀ ਉਸ ਦਾ ਕੁਟਾਪਾ ਕਰਨ ਲਈ ਕਾਹਲਾ ਹੁੰਦਾ ਹੈ। ਆਮ ਭਾਰਤੀ ਦੇ ਚਰਿੱਤਰ ਵਿਚ ਛੁਪੀ ਇਹ ਕਰੂਰ ਕਾਇਰਤਾ ਭੀੜ ਵਿਚ ਸ਼ਾਮਲ ਹੁੰਦੇ ਹੀ ਭਿਆਨਕ ਕਰੂਰਤਾ ਵਿਚ ਬਦਲ ਜਾਂਦੀ ਹੈ।
ਸੰਘਣੀ ਅਬਾਦੀ ਵਾਲੇ ਰਿਹਾਇਸ਼ੀ ਮੁਸਲਿਮ ਇਲਾਕਿਆਂ ਵਿਚ ਚੌਵੀ ਘੰਟੇ ਸੜਕਾਂ ਅਤੇ ਜਨਤਕ ਥਾਵਾਂ ‘ਤੇ ਲੋਕਾਂ ਦੀ ਭੀੜ ਦੇਖੀ ਜਾ ਸਕਦੀ ਹੈ। ਬਿਨਾਂ ਕਿਸੇ ਉਦੇਸ਼ ਤੋਂ ਮਟਰਗਸ਼ਤੀ ਕਰਦੇ ਲੋਕ ਹਿੰਸਾ ਲਈ ਅਸਾਨੀ ਨਾਲ ਪ੍ਰੇਰਿਤ ਕੀਤੀ ਜਾਣ ਵਾਲੀ ਭੀੜ ਦਾ ਅੰਗ ਬਣ ਜਾਂਦੇ ਹਨ। ਇਹੀ ਕਾਰਨ ਹੈ ਕਿ ਸੰਘਣੀ ਆਬਾਦੀ ਵਾਲੇ ਮੁਸਲਿਮ ਇਲਾਕਿਆਂ ਵਿਚ ਹਿੰਦੂ ਬਸਤੀਆਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਹਿੰਸਾ ਭੜਕਾਈ ਜਾ ਸਕਦੀ ਹੈ। ਹਿੰਦੂਤਵਵਾਦੀ ਸ਼ਕਤੀਆਂ ਵਲੋਂ ਮੁਸਲਿਮ ਇਲਾਕਿਆਂ ਵਿਚ ਲੋਕਾਂ ਦੇ ਸੜਕਾਂ ‘ਤੇ ਰਾਤ ਦਿਨ ਮੌਜੂਦ ਰਹਿਣ ਕਾਰਨ ਅਰਾਜਕਤਾ ਅਤੇ ਹਿੰਸਾ ਦੇ ਪੈਦਾ ਹੋਣ ਦਾ ਵਿਸ਼ਵਾਸ ਸਾਬਤ ਕਰਨ ਲਈ ਪੜਚੋਲ ਕਰਨ ਦੀ ਲੋੜ ਹੈ। ਅਸਲ ਵਿਚ ਉਸ ਪਿਛੇ ਕਾਰਨ ਸਮਾਜਿਕ ਅਤੇ ਆਰਥਿਕ ਹਨ। ਇਨ੍ਹਾਂ ਕਾਰਨਾਂ ਨੂੰ ਸਮਝੇ ਬਿਨਾਂ ਮੁਸਲਿਮ ਭੀੜ ਦੇ ਵਿਹਾਰ ਨੂੰ ਸਮਝਣਾ ਮੁਸ਼ਕਿਲ ਹੈ।
ਭਾਰਤੀ ਸਮਾਜ ਵਿਚ ਰਿਹਾਇਸ਼ੀ ਬਸਤੀਆਂ ਇਤਿਹਾਸਕ ਕਾਰਨਾਂ ਕਰਕੇ ਧਰਮ ਅਤੇ ਜਾਤੀ ਦੇ ਆਧਾਰ ‘ਤੇ ਵਿਕਸਿਤ ਹੁੰਦੀਆਂ ਹਨ। ਖਾਣ-ਪਾਣ, ਰੀਤੀ-ਰਿਵਾਜ ਅਤੇ ਸਮਾਜਿਕ ਸੁਰੱਖਿਆ ਵਰਗੇ ਕਾਰਨਾਂ ਕਰਕੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਵੱਖ-ਵੱਖ ਫਿਰਕਿਆਂ ਦੇ ਰਿਹਾਇਸ਼ੀ ਖੇਤਰਾਂ ਵਿਚ ਵੰਡ ਦੀ ਸਾਫ ਲਾਈਨ ਦਿਖਾਈ ਦਿੰਦੀ ਹੈ। ਜਿੱਥੇ ਮੁਸਲਮਾਨ ਨਹੀਂ ਸਨ, ਉਨ੍ਹਾਂ ਥਾਵਾਂ ‘ਤੇ ਹਿੰਦੂ ਆਬਾਦੀ ਜਾਤੀਆਂ ਦੇ ਆਧਾਰ ‘ਤੇ ਇਲਾਕੇ ਵੰਡ ਕੇ ਰਹਿੰਦੀ ਹੈ। ਕਿਸੇ ਵੱਡੀ ਮੁਸਲਿਮ ਆਬਾਦੀ ਵਿਚ ਕਿੱਤੇ, ਪੇਸ਼ੇ ਅਤੇ ਸਮਾਜਿਕ ਆਰਥਿਕ ਹੈਸੀਅਤ ਮੁਤਾਬਕ ਲੋਕ ਅਲੱਗ-ਅਲੱਗ ਟੋਲੇ ਬਣਾ ਕੇ ਰਹਿੰਦੇ ਸਨ। ਆਜ਼ਾਦੀ ਤੋਂ ਬਾਅਦ ਵੀ ਇਹੀ ਸਥਿਤੀ ਬਣੀ ਰਹੀ।
ਦੇਸ਼ ਦੀ ਵੰਡ ਸਮੇਂ ਮੁਸਲਿਮ ਮੱਧ ਵਰਗ ਦਾ ਵੱਡਾ ਹਿੰਸਾ ਚੰਗੇ ਭਵਿੱਖ ਦੀ ਆਸ ਵਿਚ ਪਾਕਿਸਤਾਨ ਚਲਿਆ ਗਿਆ। ਇਨ੍ਹਾਂ ਵਿਚ ਵਕੀਲ, ਡਾਕਟਰ, ਅਧਿਆਪਕ, ਵਪਾਰੀ, ਉਦਯੋਗਪਤੀ ਲੋਕ ਸਨ। ਇਨ੍ਹਾਂ ਪੇਸ਼ੇਵਰ ਲੋਕਾਂ ਦੇ ਪਰਵਾਸ ਨੇ ਰਿਹਾਇਸ਼ੀ ਇਲਾਕਿਆਂ ਦੀ ਬਣਤਰ ‘ਤੇ ਕਾਫੀ ਅਸਰ ਪਾਇਆ। ਵੱਡਾ ਮੱਧ ਵਰਗ ਕਿਸੇ ਫਿਰਕੇ ਦੇ ਜੀਵਨ ਨੂੰ ਕਈ ਪੱਧਰਾਂ ‘ਤੇ ਪ੍ਰਭਾਵਿਤ ਕਰਦਾ ਹੈ। ਇਸ ਵਿਚ ਮਕਾਨਾਂ ਦੀ ਵਸਤੂ ਕਲਾ (ਆਰਕੀਟੈਕਚਰ) ਰਿਹਾਇਸ਼ੀ ਇਲਾਕਿਆਂ ਵਿਚ ਜਲ ਨਿਕਾਸੀ ਪ੍ਰਬੰਧ, ਮਲ ਨਿਕਾਸੀ ਪ੍ਰਬੰਧ ਅਤੇ ਪਾਰਕ ਵਰਗੀਆਂ ਸਹੂਲਤਾਂ ਬਾਰੇ ਉਸ ਸਮੂਹ ਦੀ ਪਹਿਲ ਅਤੇ ਸੋਚ ਵੀ ਸ਼ਾਮਲ ਹੈ। ਮੱਧ ਵਰਗ ਦੇ ਬਿਨਾਂ ਮੁਸਲਿਮ ਇਲਾਕੇ ਕਿਸੇ ਸ਼ਹਿਰ ਦੀ ਸਭ ਤੋਂ ਗੰਦੀ, ਦੁਰਗੰਧ ਭਰੀ ਬਸਤੀ ਵਿਚ ਤਬਦੀਲ ਹੋ ਗਏ। ਗਰੀਬੀ, ਜਹਾਲਤ ਅਤੇ ਬੇਰੋਕ ਵਧਦੀ ਆਬਾਦੀ ਨਾਲ ਸਰਾਪੀਆਂ ਬਸਤੀਆਂ ਅਜੀਬ ਕਿਸਮ ਦਾ ਤਲਿਸਮ ਸਿਰਜਦੀਆਂ ਹਨ। ਅਸੁਰੱਖਿਆ ਅਤੇ ਫਿਰਕੂ ਵੈਰਭਾਵ ਕਾਰਨ ਇਨ੍ਹਾਂ ਬਸਤੀਆਂ ਵਿਚ ਰਹਿਣ ਵਾਲੇ ਮੁਸਲਿਮ ਲੋਕ ਕਿਤੇ ਹੋਰ, ਖੁੱਲ੍ਹੀਆਂ ਥਾਵਾਂ ‘ਤੇ ਰਲੀਆਂ ਮਿਲੀਆਂ ਆਬਾਦੀਆਂ ਵਿਚ ਮਕਾਨ ਜਾਂ ਪਲਾਟ ਨਹੀਂ ਖਰੀਦ ਸਕਦੇ ਅਤੇ ਨਾ ਹੀ ਉੱਥੇ ਰਹਿਣ ਬਾਰੇ ਸੋਚ ਸਕਦੇ ਹਨ। ਇਸ ਲਈ ਸਾਲੋ-ਸਾਲ ਅਤੇ ਪੀੜ੍ਹੀ ਦਰ ਪੀੜ੍ਹੀ ਉਨ੍ਹਾਂ ਦੀ ਵਧਦੀ ਆਬਾਦੀ, ਮਕਾਨਾਂ ਵਿਚ ਵੰਡ ਅਤੇ ਉੱਥੇ ਹੀ ਮਾੜੀਆਂ ਮੋਟੀਆਂ ਸਹੂਲਤਾਂ ਦਾ ਪ੍ਰਬੰਧ ਕਰਕੇ ਰਹਿਣ ਲਈ ਮਜਬੂਰ ਹਨ। 1971 ਦੇ ਭਾਰਤ-ਪਾਕਿਸਤਾਨ ਯੁੱਧ ਅਤੇ ਬੰਗਲਾਦੇਸ਼ ਬਣਨ ਸਮੇਂ ਤੱਕ ਮੁਸਲਿਮ ਮੱਧ ਵਰਗ ਦੀ ਮਾਨਸਿਕਤਾ ਵਿਚ ਪਾਕਿਸਤਾਨ ਦਿਲਚਸਪ ਹੈਸੀਅਤ ਰੱਖਦਾ ਸੀ। ਅਲੀਗੜ੍ਹ ਯੂਨੀਵਰਸਿਟੀ ਦੇ ਇਕ ਅਧਿਐਨ ਅਨੁਸਾਰ 1971 ਤੱਕ ਉਸ ਯੂਨੀਵਰਸਿਟੀ ਵਿਚੋਂ ਨਿਕਲਣ ਵਾਲੇ ਬਹੁਤੇ ਵਿਦਿਆਰਥੀ ਪਾਕਿਸਤਾਨ ‘ਚ ਨੌਕਰੀ ਹਾਸਲ ਕਰਨ ਦੇ ਸੁਪਨੇ ਦੇਖਦੇ ਸਨ। 1971 ਤੋਂ ਬਾਅਦ ਸਥਿਤੀ ਵਿਚ ਗੁਣਾਤਮਕ ਤਬਦੀਲੀ ਦੇਖਣ ਨੂੰ ਮਿਲੀ। ਇਹ ਕੋਈ ਸੰਜੋਗ ਨਹੀਂ ਹੈ ਕਿ ਸਰਕਾਰੀ ਨੌਕਰੀਆਂ, ਵਪਾਰ ਅਤੇ ਉਦਯੋਗ ਅੰਦਰ 1971 ਤੋਂ ਬਾਅਦ ਮੁਸਲਮਾਨਾਂ ਦੀ ਪ੍ਰਤੀਸ਼ਤ ਵਧੀ।
ਮੁਸਲਮਾਨ ਇਲਾਕਿਆਂ ਵਿਚ ਦਿਨ ਰਾਤ ਸੜਕਾਂ ‘ਤੇ ਲੋਕਾਂ ਦੀ ਭੀੜ ਅਤੇ ਥੋੜ੍ਹੀ ਜਿਹੀ ਉਤਸੁਕਤਾ ਜਾਂ ਉਤੇਜਨਾ ਹੁੰਦੇ ਹੀ ਬੇਕਾਬੂ ਭੀੜ ਦੇ ਰੂਪ ਵਿਚ ਇਕੱਠੇ ਹੋਣ ਪਿੱਛੇ, ਉਨ੍ਹਾਂ ਮੁਸਲਿਮ ਇਲਾਕਿਆਂ ਵਿਚ ਜੀਵਨ ਦੀਆਂ ਮੁੱਢਲੀਆਂ ਸਹੂਲਤਾਂ ਦੀ ਘਾਟ ਹੋਣਾ ਪ੍ਰਮੁੱਖ ਹੈ। ਇਸ ਦੇ ਅਧਿਐਨ ਲਈ ਅਸੀਂ ਦੋ ਮੁਸਲਿਮ ਇਲਾਕੇ ਚੁਣੇ। ਇਹ ਇਲਾਕੇ ਸਨ ਅਲਾਹਾਬਾਦ ਦਾ ਨਖਾਸ ਕੋਨਾ ਅਤੇ ਬਨਾਰਸ (ਵਾਰਾਣਸੀ) ਵਿਚ ਮਦਨਪੁਰਾ। ਇਨ੍ਹਾਂ ਦੀ ਚੋਣ ਪਿੱਛੇ ਕਾਰਨ ਸਨ। ਦੋਵੇਂ ਇਲਾਕੇ ਸੰਘਣੀ ਮੁਸਲਿਮ ਵਸੋਂ ਵਾਲੇ ਹਨ। ਦੋਵਾਂ ਨੂੰ ਕੇਂਦਰ ਮੰਨ ਕੇ ਜੇ ਤਿੰਨ ਚਾਰ ਕਿਲੋਮੀਟਰ ਦੇ ਘੇਰੇ ‘ਤੇ ਨਜ਼ਰ ਮਾਰੀਏ ਤਾਂ ਸਾਨੂੰ ਬਹੁਤ ਸਾਰੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਕਾਰਨ ਮਿਲ ਜਾਣਗੇ ਜੋ ਫਿਰਕੂ ਦੰਗੇ ਭੜਕਾਉਣ ਲਈ ਪ੍ਰੇਰਕ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਹ ਦੋਵੇਂ ਇਲਾਕੇ ਉਤਰ ਪ੍ਰਦੇਸ਼ ਦੇ ਦੋ ਸੰਵੇਦਨਸ਼ੀਲ ਜ਼ਿਲ੍ਹਿਆਂ ਦੇ ਫਿਰਕੂ ਤਣਾਓ ਦੌਰਾਨ ਮੁਸਲਿਮ ਪ੍ਰਤੀਕਿਰਿਆ ਦੇ ਕੇਂਦਰ ਰਹੇ ਹਨ।
ਨਖਾਸ ਕੋਨਾ ਅਲਾਹਾਬਾਦ ਦੀ ਪੁਰਾਣੀ ਆਬਾਦੀ ਵਾਲੇ ਇਲਾਕਿਆਂ ਵਿਚ ਮੁਸਲਿਮ ਆਬਾਦੀ ਦਾ ਕੇਂਦਰ ਹੈ। ਇਸ ਦੇ ਆਲੇ-ਦੁਆਲੇ ਸ਼ਾਹਗੰਜ, ਇਟਾਲਾ, ਚਕੀਆ, ਮੁੱਟੀਗੰਜ, ਰਾਨੀ ਮੰਡੀ, ਮਿਰਜ਼ਾ ਗਾਲਿਬ ਰੋਡ, ਨਰੂਲਾ ਰੋਡ ਵਰਗੇ ਇਲਾਕੇ ਹਨ ਜਿੱਥੇ ਸੰਘਣੀ ਮੁਸਲਿਮ ਆਬਾਦੀ ਹੈ। ਇਨ੍ਹਾਂ ਇਲਾਕਿਆਂ ਵਿਚ ਬੀੜੀ ਬਣਾਉਣ ਵਾਲੇ ਲੱਖਾਂ ਕਾਰੀਗਰ ਰਹਿੰਦੇ ਹਨ। ਅਲਾਹਾਬਾਦ ਸ਼ਹਿਰ ਵਿਚ ਟੀ.ਬੀ. ਦੀ ਪ੍ਰਤੀਸ਼ਤ ਵੀ ਸਭ ਤੋਂ ਵੱਧ ਇਨ੍ਹਾਂ ਖੇਤਰਾਂ ਵਿਚ ਹੀ ਹੈ। ਜ਼ਿਆਦਾਤਰ ਘਰਾਂ ਵਿਚ ਪਖਾਨਾ ਅਤੇ ਪੀਣ ਵਾਲੇ ਪਾਣੀ ਦੀਆਂ ਪੂਰੀਆਂ ਸਹੂਲਤਾਂ ਨਹੀਂ। ਵੱਡੇ ਪਰਿਵਾਰ ਹਨ। ਉਨ੍ਹਾਂ ਲਈ ਹਰ ਬੱਚਾ ਕਮਾਊ ਹੈ। ਇਸ ਲਈ ਬੱਚੇ ਨੂੰ ਸਕੂਲ ਭੇਜਣ ਦਾ ਮਤਲਬ ਹੈ, ਆਮਦਨ ਵਿਚ ਕਟੌਤੀ ਅਤੇ ਖਰਚ ਵਿਚ ਵਾਧਾ। ਸੁਭਾਵਿਕ ਹੈ ਕਿ ਜ਼ਿਆਦਾ ਪਰਿਵਾਰ ਬੱਚੇ ਦੇ ਵੱਡਾ ਹੁੰਦੇ ਹੀ ਉਸ ਨੂੰ ਬੀੜੀ ਦੇ ਕੰਮ ਵਿਚ ਲਗਾ ਦਿੰਦੇ ਹਨ। ਇਹ ਲੋਕ ਹੋਰ ਥਾਵਾਂ ‘ਤੇ ਮਕਾਨ ਬਣਾਉਣ ਤੋਂ ਅਸਮਰੱਥ ਹਨ। ਜੇ ਕਦੇ ਕੋਈ ‘ਕਰੈਲੀ ਸਕੀਮ’ ਵਰਗੀ ਸਕੀਮ ਰਾਹੀਂ ਸਾਫ ਸੁਥਰੇ ਮਕਾਨ ਬਣਾਉਣ ਦੀ ਸਹੂਲਤ ਦਿੱਤੀ ਜਾਂਦੀ ਹੈ ਤਾਂ ਬਹੁਤ ਥੋੜ੍ਹੇ ਲੋਕ ਹੀ ਉਸ ਦਾ ਲਾਭ ਉਠਾ ਸਕਦੇ ਹਨ। ਇਸ ਲਈ ਸੁਭਾਵਿਕ ਹੈ ਕਿ ਬਹੁਤੇ ਲੋਕ ਇਨ੍ਹਾਂ ਬਸਤੀਆਂ ਵਿਚ ਰਹਿਣ ਲਈ ਮਜਬੂਰ ਹਨ। ਪਰਿਵਾਰ ਵਿਚ ਵਾਧਾ ਜਾਂ ਵੰਡ ਹੋਣ ਤੋਂ ਬਾਅਦ ਸਹੂਲਤਾਂ ਵਿਚ ਹੋਰ ਕਟੌਤੀ ਹੋ ਜਾਂਦੀ ਹੈ। ਸੌਣ ਲਈ, ਪਖਾਨੇ ਲਈ, ਪੀਣ ਵਾਲੇ ਪਾਣੀ ਵਰਗੀਆਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਇਹ ਲੋਕ ਬੇਹੱਦ ਤਰਸਯੋਗ ਹਾਲਾਤ ਵਿਚ ਰਹਿੰਦੇ ਹਨ।
ਸਰਵੇਖਣ ਵੇਲੇ ਸਾਨੂੰ ਬਹੁਤ ਭਿਆਨਕ ਹਕੀਕਤ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਚੋਂ ਬਹੁਤੇ ਘਰਾਂ ਵਿਚ ਇੰਨੀ ਜਗ੍ਹਾ ਨਹੀਂ ਕਿ ਸਾਰੇ ਪਰਿਵਾਰ ਦੇ ਮੈਂਬਰ ਇਕ ਵੇਲੇ ਸੌਂ ਸਕਣ। ਸੈਕਸ ਵਰਗੀ ਵਿਅਕਤੀਗਤ ਗਤੀਵਿਧੀ ਲਈ ਵੀ ਕੋਈ ਅਲੱਗ ਸਨਮਾਨਯੋਗ ਸਥਿਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜ਼ਿਆਦਾਤਰ ਘਰਾਂ ਵਿਚ ਲੋਕ ਵਾਰੀ ਬੰਨ੍ਹ ਕੇ ਸੌਂਦੇ ਹਨ; ਭਾਵ ਹਰ ਵੇਲੇ ਘਰ ਦੇ ਕੁਝ ਮੈਂਬਰ ਬਾਹਰ ਰਹਿੰਦੇ ਹਨ ਅਤੇ ਬਾਕੀ ਸੌਂਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਮੁਹੱਲਿਆਂ ਵਿਚ ਹਰ ਸਮੇਂ ਸੜਕਾਂ ‘ਤੇ ਭੀੜ ਦਿਖਾਈ ਦਿੰਦੀ ਹੈ।
ਬਨਾਰਸ ਸ਼ਹਿਰ ਦੀ ਮਦਨਪੁਰਾ ਦੀ ਸਥਿਤੀ ਵੀ ਲਗਭਗ ਇਹੋ ਜਿਹੀ ਹੈ। ਉਸ ਦੇ ਆਸ ਪਾਸ ਵੀ ਸੰਘਣੀ ਆਬਾਦੀ ਵਾਲੇ ਮੁਸਲਿਮ ਮੁਹੱਲੇ ਹਨ। ਮੌਦੋਲੀਆ ਚੌਰਾਹੇ ਤੋਂ ਲੰਕਾ ਜਾਣ ਵਾਲੀ ਸੜਕ ਦੇ ਦੋਵੇਂ ਪਾਸੇ ਸ਼ਹਿਰ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਹਨ। ਇਨ੍ਹਾਂ ਵਿਚ ਹਿੰਦੂ ਅਤੇ ਮੁਸਲਿਮ ਦੋਵੇਂ ਇਲਾਕੇ ਹਨ। ਫਰਕ ਸਿਰਫ ਇੰਨਾ ਹੈ ਕਿ ਦੋਵੇਂ ਤਰ੍ਹਾਂ ਦੀ ਆਬਾਦੀ ਆਪੋ-ਆਪਣੇ ਇਲਾਕਿਆਂ ਵਿਚ ਸਿਮਟੀ ਹੋਈ ਹੈ। ਮੁਸਲਿਮ ਆਬਾਦੀ ਸਾੜ੍ਹੀ ਬਣਾਉਣ ਵਾਲੇ ਕਾਰਖਾਨਿਆਂ ‘ਤੇ ਨਿਰਭਰ ਹੈ। ਇੱਥੇ ਵੀ ਹਰ ਬੱਚਾ ਪਰਿਵਾਰ ਲਈ ਆਮਦਨ ਦਾ ਸ੍ਰੋਤ ਹੈ। ਬੱਚੇ ਨੂੰ ਸਕੂਲ ਭੇਜਣ ਦਾ ਭਾਵ ਹੈ, ਆਮਦਨ ਵਿਚ ਕਮੀ ਅਤੇ ਖਰਚ ਵਿਚ ਵਾਧਾ। ਇਸ ਲਈ ਬਹੁਤ ਘੱਟ ਬੱਚੇ ਹੀ ਬਾਕਾਇਦਗੀ ਨਾਲ ਸਕੂਲ ਜਾਂਦੇ ਹਨ। ਕਿਸੇ ਹੋਰ ਥਾਂ ‘ਤੇ ਮਕਾਨ, ਪਲਾਟ ਲੈਣ ਦੀਆਂ ਹਾਲਤਾਂ, ਇਥੇ ਵੀ ਨਖਾਸ ਕੋਨੇ ਦੀ ਤਰ੍ਹਾਂ ਘੱਟ ਹੀ ਹਨ। ਇਸ ਲਈ ਇਸ ਇਲਾਕੇ ਵਿਚ ਵੀ ਉਸੇ ਤਰ੍ਹਾਂ ਹੀ ਸੜਕਾਂ ‘ਤੇ ਭੀੜ ਦੇਖੀ ਜਾ ਸਕਦੀ ਹੈ।
ਇਨ੍ਹਾਂ ਦੋਹਾਂ ਥਾਵਾਂ ‘ਤੇ ਸੜਕਾਂ ‘ਤੇ ਰਹਿਣ ਵਾਲੀ ਭੀੜ ਸਮਾਜ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਅਧਿਐਨ ਕਰਨ ਲਈ ਮਹੱਤਵਪੂਰਨ ਹੈ। ਇਹ ਭੀੜ ਕਈ ਤਰ੍ਹਾਂ ਨਾਲ ਸਮਾਜਿਕ ਗਤੀਵਿਧੀਆਂ ਵਿਚ ਫਿਰਕੇ ਦੀ ਸ਼ਮੂਲੀਅਤ ਨੂੰ ਦਰਸਾਉਂਦੀ ਹੈ। ਬੜਾ ਦਿਲਚਸਪ ਤੱਥ ਦੇਖਣ ਨੂੰ ਮਿਲਿਆ- ਕੈਰਮ ਬੋਰਡ ਅਤੇ ਕ੍ਰਿਕਟ (ਰਾਤ ਦੀ) ਵਿਚ ਮੁਸਲਮਾਨ ਲੜਕਿਆਂ ਦੀ ਸ਼ਮੂਲੀਅਤ ਅਤੇ ਮੁਹਾਰਤ ਹਿੰਦੂ ਲੜਕਿਆਂ ਨਾਲੋਂ ਵਧੇਰੇ ਹੈ। ਕਾਰਨ ਸਾਫ ਹੈ- ਰਾਤ ਨੂੰ ਦੁਕਾਨਾਂ ਦੇ ਬਾਹਰ ਚੌਂਤਰਿਆਂ ‘ਤੇ ਉਹ ਕੈਰਮ ਖੇਡਦੇ ਰਹਿੰਦੇ ਹਨ, ਜਿੱਥੇ ਖੇਡਦੇ ਭਾਵੇਂ ਚਾਰ ਲੋਕ ਹਨ ਪਰ ਕਾਫੀ ਸੰਖਿਆ ਵਿਚ ਦਰਸ਼ਕ ਆਲੇ-ਦੁਆਲੇ ਜੁੜੇ ਰਹਿੰਦੇ ਹਨ। ਇਹ ਦ੍ਰਿਸ਼ ਦਿਨੇ ਅਤੇ ਰਾਤ ਨੂੰ ਕਦੇ ਵੀ ਦੇਖਿਆ ਜਾ ਸਕਦਾ ਹੈ। ਖਿਡਾਰੀ ਅਤੇ ਦਰਸ਼ਕ ਬਦਲਦੇ ਰਹਿੰਦੇ ਹਨ ਪਰ ਖੇਡ ਜਾਰੀ ਰਹਿੰਦੀ ਹੈ। ਅਲਾਹਾਬਾਦ ਵਿਚ ਸਾਰਾ ਸਾਲ ਕੈਰਮ ਬੋਰਡ ਦੇ ਟੂਰਨਾਮੈਂਟ ਹੁੰਦੇ ਰਹਿੰਦੇ ਹਨ ਅਤੇ ਬਹੁਤੇ ਮੁਕਾਬਲਿਆਂ ਵਿਚ ਮੁਸਲਿਮ ਲੜਕੇ ਹੀ ਜਿੱਤਦੇ ਹਨ। ਇਹੀ ਹਾਲ ਰਾਤ ਦੀ ਕ੍ਰਿਕਟ ਦਾ ਹੈ। ਸਾਰੀ ਰਾਤ ਕਿਤੇ ਨਾ ਕਿਤੇ ਕ੍ਰਿਕਟ ਚਲਦੀ ਰਹਿੰਦੀ ਹੈ।
ਮੁਸਲਿਮ ਇਲਾਕਿਆਂ ਦੀ ਇਹ ਭੀੜ ਫਿਰਕੂ ਤਣਾਓ ਸਮੇਂ, ਕੱਟੜ ਧਾਰਮਿਕ ਸਮੂਹਾਂ ਲਈ ਦੰਗਿਆਂ ਸਮੇਂ, ਭਾਵੇਂ ਉਹ ਵੋਟਾਂ ਲਈ ਹੋਣ ਜਾਂ ਧਾਰਮਿਕ ਜਲੂਸ ਲਈ, ਖਾਦ ਦਾ ਕੰਮ ਕਰਦੀ ਹੈ। ਇਹ ਭੀੜ ਮੁੱਖ ਤੌਰ ‘ਤੇ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਮੁਸਲਮਾਨ ਨੌਜਵਾਨਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਭਾਵਨਾਤਮਕ ਤੌਰ ‘ਤੇ ਸੌਖਿਆਂ ਹੀ ਭੜਕਾਇਆ ਜਾ ਸਕਦਾ ਹੈ। ਇਨ੍ਹਾਂ ਵਿਚ ਬਹੁਤੇ ਬੇਰੁਜ਼ਗਾਰ ਹੁੰਦੇ ਹਨ ਜਾਂ ਕਈਆਂ ਕੋਲ ਥੋੜ੍ਹੇ ਸਮੇਂ ਦਾ ਰੁਜ਼ਗਾਰ ਹੁੰਦਾ ਹੈ। ਰੁਜ਼ਗਾਰ ਵਾਲੇ ਲੋਕ ਵੀ ਬੀੜੀ ਜਾਂ ਸਾੜ੍ਹੀ ਬਣਾਉਣ ਵਰਗੇ ਕੰਮ ਵਿਚ ਹੀ ਲੱਗੇ ਹੁੰਦੇ ਹਨ ਜਿੱਥੇ ਕੰਮ ਦੀ ਸੁਰੱਖਿਆ ਨਾਮਾਤਰ ਹੁੰਦੀ ਹੈ। ਸਖਤ ਕੰਮ ਤੋਂ ਬਾਅਦ ਬਹੁਤ ਘੱਟ ਮਜ਼ਦੂਰੀ ਮਿਲਦੀ ਹੈ। ਇਸ ਲਈ ਉਸ ਭੀੜ ਦੇ ਮਨ ਵਿਚ ਸਮਾਜ ਪ੍ਰਤੀ ਗੁੱਸਾ ਭਰਿਆ ਹੁੰਦਾ ਹੈ। ਸਫਾਈ, ਮਨੋਰੰਜਨ ਜਾਂ ਹਰਿਆਲੀ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ, ਸਿੱਖਿਆ ਅਤੇ ਰੁਜ਼ਗਾਰ ਸੁਰੱਖਿਆ ਦੀ ਅਣਹੋਂਦ ਵਾਲੀ ਇਸ ਭੀੜ ਦੇ ਲੋਕ ਸੁਭਾਵਿਕ ਤੌਰ ‘ਤੇ ਅਰਾਜਕ, ਚਿੜਚਿੜੇ ਅਤੇ ਗੁੱਸੇ ਨਾਲ ਭਰੇ ਹੁੰਦੇ ਹਨ। ਸਰਕਾਰ ਪ੍ਰਤੀ ਉਹ ਪੂਰੀ ਤਰ੍ਹਾਂ ਉਦਾਸੀਨ ਹੁੰਦੇ ਹਨ ਅਤੇ ਥੋੜ੍ਹੀ ਜਿਹੀ ਉਤੇਜਨਾ ਵੀ ਉਨ੍ਹਾਂ ਨੂੰ ਹਮਲਾਵਰ ਬਣਨ ਲਈ ਪ੍ਰੇਰਦੀ ਹੈ।
ਇਸ ਹਾਲਤ ਤੋਂ ਭਾਰਤੀ ਸਮਾਜ ਤਾਂ ਹੀ ਛੁਟਕਾਰਾ ਪਾ ਸਕਦਾ ਹੈ ਜੇ ਮੁਸਲਮਾਨ ਉਨ੍ਹਾਂ ਝੌਂਪੜ ਪੱਟੀਆਂ ਵਿਚੋਂ ਬਾਹਰ ਆਉਣ ਅਤੇ ਰਲੀ ਮਿਲੀ ਆਬਾਦੀ ਵਾਲੀਆਂ ਬਸਤੀਆਂ ਵਸਾਈਆਂ ਜਾਣ। ਇਸ ਤਰ੍ਹਾਂ ਦੀ ਪ੍ਰਕਿਰਿਆ 1871 ਤੋਂ ਬਾਅਦ ਸ਼ੁਰੂ ਵੀ ਹੋਈ ਲੇਕਿਨ ਇਹ ਬਹੁਤ ਧੀਮੀ ਅਤੇ ਘੱਟ ਗਿਣਤੀ ਵਿਚ ਸੀ। ਲਗਾਤਾਰ ਹੋਣ ਵਾਲੇ ਫਿਰਕੂ ਦੰਗਿਆਂ ਕਾਰਨ ਇਸ ਪ੍ਰਕਿਰਿਆ ਨੂੰ ਵੀ ਪੁੱਠਾ ਗੇੜਾ ਦੇ ਦਿੱਤਾ ਗਿਆ। ਕਈ ਥਾਵਾਂ ‘ਤੇ ਮਿਸ਼ਰਤ ਆਬਾਦੀ ਵਿਚ ਰਹਿਣ ਤੋਂ ਬਾਅਦ ਅਸੁਰੱਖਿਆ ਕਾਰਨ ਉਹ ਫਿਰ ਆਪਣੀਆਂ ਪੁਰਾਣੀਆਂ ਬਸਤੀਆਂ ਵਿਚ ਚਲੇ ਗਏ। ਇੱਥੇ ਇਕ ਗੱਲ ਹੋਰ ਜੋੜੀ ਜਾ ਸਕਦੀ ਹੈ ਕਿ ਇਕ ਵਾਰ ਹਿੰਸਾ ‘ਤੇ ਉਤਾਰੂ ਹੋ ਜਾਣ ਤੋਂ ਬਾਅਦ ਭੀੜ ਤਰਕ ਅਤੇ ਵਿਵੇਕ ਤੋਂ ਦੂਰ ਹੋ ਜਾਂਦੀ ਹੈ। ਉਨ੍ਹਾਂ ਦਾ ਵਰਤਾਓ ਹਿਸਟੀਰੀਆ ਰੋਗੀ ਵਰਗਾ ਹੋ ਜਾਂਦਾ ਹੈ। ਭੀੜ ਵਿਚ ਸ਼ਾਮਿਲ ਲੋਕ ਆਪਣੀ ਨਿੱਜਤਾ ਛੱਡ ਕੇ ਸਮੂਹ ਦੇ ਅੰਗ ਬਣ ਜਾਂਦੇ ਹਨ। ਗੰਧ, ਛੂਹ, ਸੁਣਨ ਸ਼ਕਤੀ ਅਤੇ ਦੇਖਣ ਵਰਗੀਆਂ ਗਿਆਨ ਇੰਦਰੀਆਂ ਵੀ ਭੀੜ ਦਾ ਅੰਗ ਬਣ ਜਾਂਦੀਆਂ ਹਨ। ਵਿਅਕਤੀ ਆਪਣੀ ਨਿੱਜੀ ਪਛਾਣ ਛੱਡ ਕੇ ਸਮੂਹ ਦੀ ਪਛਾਣ ਵਿਚ ਲੀਨ ਹੋ ਜਾਣ ਲਈ ਮਜਬੂਰ ਹੋ ਜਾਂਦਾ ਹੈ।
ਭਾਰਤੀ ਪ੍ਰਸੰਗ ਵਿਚ ਹਿੰਦੂ ਅਤੇ ਮੁਸਲਿਮ ਭੀੜ ਦਾ ਆਚਰਨ ਅਤੇ ਉਸ ਨੂੰ ਲੈ ਕੇ ਪੁਲਿਸ ਦੀ ਪ੍ਰਤੀਕਿਰਿਆ ਅਲੱਗ-ਅਲੱਗ ਹੁੰਦੀ ਹੈ। ਵਿਦਿਆਰਥੀਆਂ, ਮਜ਼ਦੂਰਾਂ ਅਤੇ ਵਪਾਰੀਆਂ ਦੇ ਸੰਗਠਨਾਂ ਦੇ ਬੇਕਾਬੂ ਸਮੂਹ ਪੁਲਿਸ ‘ਤੇ ਹਮਲੇ ਕਰ ਸਕਦੇ ਹਨ ਅਤੇ ਪੁਲਿਸ ਵੀ ਉਨ੍ਹਾਂ ਨੂੰ ਕੁਚਲਣ ਲਈ ਬਹੁਤ ਜ਼ਿਆਦਾ ਤਾਕਤ ਵਰਤ ਸਕਦੀ ਹੈ ਪਰ ਦੋਨਾਂ ਦੇ ਵਰਤਾਓ ਵਿਚ ਉਸ ਸਮੇਂ ਖਾਸ ਅੰਤਰ ਦਿਖਾਈ ਦਿੰਦਾ ਹੈ ਜਦੋਂ ਭੀੜ ਮੁੱਖ ਤੌਰ ‘ਤੇ ਮੁਸਲਿਮ ਵਿਦਿਆਰਥੀਆਂ, ਮਜ਼ਦੂਰਾਂ ਜਾਂ ਵਪਾਰੀਆਂ ਦੀ ਹੋਵੇ। ਦੋਵਾਂ ਵਿਚ ਹੀ ਸਪਸ਼ਟ ਦੁਸ਼ਮਣਾਂ ਵਾਲਾ ਵਤੀਰਾ ਅਤੇ ਬੇਵਿਸ਼ਵਾਸੀ ਸਾਫ ਝਲਕਦੀ ਹੈ। ਬੇਵਿਸ਼ਵਾਸੀ ਦੀ ਭਾਵਨਾ ਦਾ ਪ੍ਰਭਾਵ ਦੋਵਾਂ ਦੀ ਪ੍ਰਤੀਕਿਰਿਆ ‘ਤੇ ਦਿਸਦਾ ਹੈ। ਜਿੱਥੇ ਮੁਸਲਿਮ ਭੀੜ ਪੁਲਿਸ ਦੀ ਹਰ ਕਾਰਵਾਈ ਨੂੰ ਗਲਤ ਰੂਪ ਵਿਚ ਦੇਖਦੀ ਹੈ, ਉੱਥੇ ਪੁਲਿਸ ਦੀ ਪ੍ਰਤੀਕਿਰਿਆ ਵੀ ਆਮ ਤੌਰ ‘ਤੇ ਧੱਕੜ ਹੁੰਦੀ ਹੈ। ਮੁਰਾਦਾਬਾਦ (1980) ਦੀ ਈਦਗਾਹ ਵਿਚ ਹਾਜ਼ਰ ਭੀੜ ਦਾ ਵਰਤਾਓ ਅਤੇ ਉਸ ਦੀ ਪ੍ਰਤੀਕਿਰਿਆ ਵਜੋਂ ਪੁਲਿਸ ਵਲੋਂ ਕੀਤੀ ਤਾਕਤ ਦੀ ਵਰਤੋਂ ਇਸੇ ਪ੍ਰਵਿਰਤੀ ਦੀ ਮਿਸਾਲ ਹੈ। ਉੱਥੇ ਈਦ ਦੀ ਨਮਾਜ਼ ਲਈ ਇਕੱਠੇ ਸਮੂਹ ਵਲੋਂ ਈਦਗਾਹ ਅੰਦਰ ਸੂਰ ਆ ਜਾਣ ਨੂੰ ਪੁਲਿਸ ਦੀ ਜ਼ਿੰਮੇਵਾਰੀ ਸਮਝਣਾ ਅਤੇ ਕੁਝ ਨਮਾਜ਼ੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚ ਇਸ ‘ਤੇ ਹੋਈ ਬਹਿਸ ਅਤੇ ਦੋਵਾਂ ਪੱਖਾਂ ਦੀ ਤਿੱਖੀ ਪ੍ਰਤੀਕਿਰਿਆ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਕਿ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਵਿਚ ਸੈਂਕੜੇ ਲੋਕ (ਮੁਸਲਮਾਨ) ਮਾਰੇ ਗਏ। ਜੇ ਇਹ ਹਿੰਦੂਆਂ ਦਾ ਧਾਰਮਿਕ ਸਮੂਹ ਹੁੰਦਾ ਤਾਂ ਦੋਵਾਂ ਪੱਖਾਂ ਦੀ ਅਜਿਹੀ ਪ੍ਰਤੀਕਿਰਿਆ ਨਾ ਹੁੰਦੀ। (ਚੱਲਦਾ)