ਗੁਰਜੰਟ ਸਿੰਘ
ਆਪਣੀਆਂ ਊਲ-ਜਲੂਲ ਅਤੇ ਮੋਦੀ ਸਰਕਾਰ ਪੱਖੀ ਟਿੱਪਣੀਆਂ ਕਾਰਨ ਚਰਚਾ ਵਿਚ ਰਹਿੰਦੀ ਅਦਾਕਾਰਾ ਕੰਗਨਾ ਰਣੌਤ ਦਾ ਗਰੂਰ ਟੁੱਟਦਾ-ਟੁੱਟਦਾ ਆਖਰਕਾਰ ਟੁੱਟ ਗਿਆ ਹੈ। ਉਸ ਦੀ ਫਿਲਮ ‘ਧਾਕੜ’ 17 ਮਈ ਨੂੰ ਰਿਲੀਜ਼ ਹੋਈ ਅਤੇ ਬੁਰੀ ਤਰ੍ਹਾਂ ਫਲਾਪ ਹੋ ਗਈ। ਇਹ ਕੰਗਨਾ ਰਣੌਤ ਦੀ ਲਗਾਤਾਰ 9ਵੀਂ ਫਲਾਪ ਫਿਲਮ ਹੈ। ਇਸ ਤੋਂ ਪਹਿਲਾਂ ਉਸ ਦੀਆਂ 8 ਫਿਲਮਾਂ- ਆਈ ਲਵ ਨਿਊ ਯਾਰਕ (2015), ਕੱਟੀ ਬੱਟੀ (2015), ਰੰਗੂਨ (2017), ਸਿਮਰਨ (2017), ਮਣਿਕਰਨਿਕਾ: ਦਿ ਕੁਈਨ ਆਫ ਝਾਂਸੀ (2019), ਜੱਜਮੈਂਟਲ ਹੈ ਕਯਾ (2019), ਪੰਗਾ (2020) ਅਤੇ ਥਲਾਇਵੀ (2021) ਫਲਾਪ ਹੋ ਚੁੱਕੀਆਂ ਹਨ।
ਫਿਲਮ ‘ਧਾਕੜ’ ਉਤੇ ਕੁੱਲ 85 ਕਰੋੜ ਖਰਚ ਹੋਏ ਸਨ ਪਰ ਇਹ ਫਿਲਮ ਸਿਰਫ 3.77 ਕਰੋੜ ਹੀ ਕਮਾ ਸਕੀ। ਇਹ ਫਿਲਮ ਪਹਿਲਾਂ 2020 ਵਿਚ ਦੀਵਾਲੀ ਮੌਕੇ ਨਵੰਬਰ ਵਿਚ ਰਿਲੀਜ਼ ਹੋਣੀ ਸੀ ਪਰ ਕਰੋਨਾ ਮਹਾਮਾਰੀ ਕਾਰਨ ਇਸ ਦੀ ਰਿਲੀਜ਼ ਮੁਤਲਵੀ ਕਰ ਦਿੱਤੀ ਗਈ। ਫਿਰ ਇਸ ਦੇ 8 ਅਪਰੈਲ 2022 ਨੂੰ ਰਿਲੀਜ਼ ਹੋਣ ਦੀਆਂ ਖਬਰਾਂ ਆਈ ਪਰ ਜਦੋਂ ਇਹ ਫਿਲਮ 20 ਮਈ 2022 ਨੂੰ ਰਿਲੀਜ਼ ਹੋਈ ਤਾਂ ਇਹ ਪਹਿਲੇ ਹੀ ਦਿਨ ਦਰਸ਼ਕਾਂ ਨੂੰ ਖਿੱਚਣ ਵਿਚ ਨਾਕਾਮ ਰਹੀ। ਫਿਰ ਤਾਂ ਚਾਰ ਕੁ ਦਿਨਾਂ ਵਿਚ ਹੀ ਸਪਸ਼ਟ ਹੋ ਗਿਆ ਕਿ ਇਹ ਫਿਲਮ ਕੰਗਨਾ ਰਣੌਤ ਦੀਆਂ ਫਲਾਪ ਹੋਈਆਂ ਫਿਲਮਾਂ ਵਿਚੋਂ ਸਭ ਤੋਂ ਵੱਡੀ ਫਲਾਪ ਸਾਬਤ ਹੋਵੇਗੀ ਅਤੇ ਮਗਰੋਂ ਇਸੇ ਤਰ੍ਹਾਂ ਹੋਇਆ।
ਯਾਦ ਰਹੇ ਕਿ ਕਿਸਾਨ ਅੰਦੋਲਨ ਦੌਰਾਨ ਵੀ ਇਸ ਅਦਾਕਾਰਾ ਨੇ ਸੰਘਰਸ਼ ਕਰ ਰਹੇ ਕਿਸਾਨਾਂ, ਖਾਸਕਰ ਔਰਤਾਂ ਖਿਲਾਫ ਬੜੇ ਮਾੜੇ ਸ਼ਬਦ ਵਰਤੇ ਸਨ। ਉਦੋਂ ਇਸ ਦੀ ਬਹੁਤ ਆਲੋਚਨਾ ਹੋਈ ਸੀ ਪਰ ਉਸ ਨੇ ਆਪਣਾ ਸਰਕਾਰ ਪੱਖੀ ਰਵੱਈਆ ਜਾਰੀ ਰੱਖਿਆ ਸੀ।
ਉਧਰ, ਉਸੇ ਦਿਨ ਰਿਲੀਜ਼ ਹੋਈ ਇਕ ਹੋਰ ਫਿਲਮ ‘ਭੂਲ-ਭੁਲੱਈਆ-2’ ਨੇ ਖੂਬ ਕਮਾਈ ਕੀਤੀ। ਇਸ ਫਿਲਮ ਦਾ ਬਜਟ 70-75 ਕਰੋੜ ਰੁਪਏ ਦਾ ਸੀ ਅਤੇ ਇਹ ਹੁਣ ਤੱਕ 260 ਕਰੋੜ ਰੁਪਏ ਕਮਾ ਚੁੱਕੀ ਹੈ।