ਪੰਜਾਬ ਕਲਾ ਪਰਿਸ਼ਦ ਦੀਆਂ ਭਵਿੱਖੀ ਗਤੀਵਿਧੀਆਂ

ਗੁਲਜ਼ਾਰ ਸਿੰਘ ਸੰਧੂ
ਪੰਜਾਬ ਕਲਾ ਪਰਿਸ਼ਦ ਦੀ ਜਨਰਲ ਕੌਂਸਲ ਨੇ 2022-23 ਦੇ ਵਰ੍ਹੇ ਵਿਚ ਹੋਰਨਾਂ ਪ੍ਰੋਗਰਾਮਾਂ ਦੇ ਨਾਲ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਅਤੇ ਪੰਜਾਬੀ ਕਵੀ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਨੂੰ ਪਰਨਾਏ ਖ਼ਾਸ ਪ੍ਰੋਗਰਾਮ ਕਰਵਾਏ ਹਨ।

ਜਿੱਥੋਂ ਤਕ ਹੋ ਸਕਿਆ ਇਨ੍ਹਾਂ ਕੌਮੀ ਪੱਧਰ ਦੇ ਪ੍ਰੋਗਰਾਮਾਂ ਵਿਚ ਪੰਜਾਬ ਤੇ ਦਿੱਲੀ ਦੀਆਂ ਯੂਨੀਵਰਸਟੀਆਂ ਅਤੇ ਲੇਖਕ ਸਭਾਵਾਂ ਤੋਂ ਬਿਨਾਂ ਪਾਕਿਸਤਾਨ ਦੇ ਵਿਦਿਅਕ ਤੇ ਸਾਹਿਤਕ ਅਦਾਰਿਆਂ ਦਾ ਸਹਿਯੋਗ ਮੰਗਿਆ ਜਾਵੇਗਾ। ਕੁਦਰਤੀ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਵਿਚ ਦੋਵਾਂ ਦੇਸ਼ਾਂ ਦੀਆਂ ਸਾਹਿਤਕ ਤੇ ਸਭਿਆਚਾਰਕ ਹਸਤੀਆਂ ਨੂੰ ਚੇਤੇ ਕੀਤਾ ਜਾਵੇਗਾ। ਇਹ ਵੀ ਕਿ ਅਖੰਡ ਹਿੰਦੁਸਤਾਨ ਦੀ ਵੰਡ ਦੇ ਫਲਸਰੂਪ ਇਨ੍ਹਾਂ ਦੇਸ਼ਾਂ ਨੇ ਕੀ ਖੱਟਿਆ ਤੇ ਕੀ ਗੁਆਇਆ। ਅਜਿਹਾ ਮੁਲਾਂਕਣ ਦੋਵਾਂ ਦੇਸ਼ਾਂ ਨੂੰ ਮੁੜ ਕੇ ਇਕ ਤਾਂ ਨਹੀਂ ਕਰ ਸਕਦਾ ਪਰ ਆਦਾਨ-ਪ੍ਰਦਾਨ ਵਧਾ ਸਕਦਾ ਹੈ, ਜਿਸਦੀ ਸਖਤ ਲੋੜ ਹੈ।
ਇਨ੍ਹਾਂ ਪ੍ਰੋਗਰਾਮਾਂ ਵਿਚ ਲੋਕ ਗਾਇਕੀ ਤੇ ਹੀਰ ਗਾਇਨ ਤੋਂ ਬਿਨਾਂ ਲਘੂ ਫ਼ਿਲਮਾਂ ਦਿਖਾਈਆਂ ਜਾਣਗੀਆਂ ਤੇ ਕਵੀ ਦਰਬਾਰ ਵੀ ਕਰਾਏ ਜਾਣਗੇ। ਪ੍ਰੋਗਰਾਮ ਕਰਵਾਉਂਦੇ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ ਕਿ ਇਹ ਪ੍ਰੋਗਰਾਮ ਇਤਿਹਾਸਕ ਤੇ ਸਭਿਆਚਾਰਕ ਸਥਾਨਾਂ ਤੇ ਯਾਦਗਾਰਾਂ ਵਿਚ ਕਰਵਾਏ ਜਾਣ। ਨਿਸ਼ਚੇ ਹੀ ਇਹ ਪ੍ਰੋਗਰਾਮ ਖੁੱਲ੍ਹੀ ਮਾਇਆ ਤੋਂ ਬਿਨਾਂ ਕਰਨੇ ਅਸੰਭਵ ਹਨ, ਇਸ ਲਈ ਜਨਰਲ ਕੌਂਸਲ ਦੀ ਮੰਗ ਸੀ ਕਿ ਇਨ੍ਹਾਂ ਲਈ ਪੰਜਾਬ ਸਰਕਾਰ ਤੋਂ ਪੰਜ ਕਰੋੜ ਦੇ ਬਜਟ ਦੀ ਮੰਗ ਕੀਤੀ ਜਾਵੇ।
ਇਹ ਦੱਸਣਾ ਵੀ ਯੋਗ ਹੈ ਕਿ ਮੈਂ ਖ਼ੁਦ ਜਨਰਲ ਕੌਂਸਲ ਵਿਚ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਪ੍ਰਤੀਨਿਧ ਵਜੋਂ ਸ਼ਾਮਲ ਸਾਂ। ਇਹ ਵੀ ਕਿ ਉਪਰੋਕਤ ਵਿਚਾਰ ਤੇ ਮੰਗਾਂ ਕੌਂਸਲ ਦੀ ਕਾਰਵਾਈ ਤਕ ਹੀ ਸੀਮਤ ਨਹੀਂ ਇਨ੍ਹਾਂ ਵਿਚ ਉਹ ਗੱਲਾਂ ਵੀ ਸ਼ਾਮਲ ਹਨ ਜਿਹੜੀਆਂ ਪ੍ਰੀਤੀ ਭੋਜਨ ਸਮੇਂ ਵੱਡੇ ਮੈਂਬਰਾਂ ਵਲੋਂ ਉਠਾਈਆਂ ਗਈਆਂ। ਆਸ ਹੈ ਕਿ ਸਰਕਾਰ ਇਨ੍ਹਾਂ ਵੱਲ ਪੂਰਾ ਧਿਆਨ ਦੇਵੇਗੀ। ਇਹ ਭਾਰਤ ਦੀ ਅਨੇਕਤਾ ਵਿਚ ਏਕਤਾ ਨੂੰ ਉਜਾਗਰ ਕਰਨ ਤੋਂ ਬਿਨਾਂ ਭਾਰਤ-ਪਾਕਿ ਸਬੰਧਾਂ ਨੂੰ ਰਸੀਲੇ ਬਣਾਉਣ ਵਿਚ ਸਹਾਈ ਹੋ ਸਕਦੀਆਂ ਹਨ। ਨਵੀਂ ਦਿੱਲੀ ਵਾਲੀ ਪੰਜਾਬੀ ਸਾਹਿਤ ਸਭਾ ਦਾ ਸਹਿਯੋਗ ਬਿਨ ਮੰਗੇ ਮਿਲਦਾ ਰਹੇਗਾ। ਸ਼ੁਭ ਕਾਮਨਾਵਾਂ!
ਪੰਜਾਬੀ ਸਭਿਆਚਾਰ ਦਾ ਦੂਰ ਵਸੇਂਦਾ ਪਾਂਧੀ
ਮੇਰੇ ਨੇੜਲੇ ਕਸਬੇ ਬੰਗਾ ਦਾ ਜੰਮਪਲ ਪ੍ਰੇਮ ਮਾਨ ਪੰਜਾਬ ਤੋਂ ਅਰਥ-ਸ਼ਾਸਤਰ ਦੀ ਐਮ ਏ ਕਰ ਕੇ ਬਾਹਰ ਚਲਾ ਗਿਆ ਸੀ। ਉਹ ਤਿੰਨ ਦਹਾਕੇ ਇੰਗਲੈਂਡ ਰਹਿ ਕੇ 2004 ਤੋਂ ਅਮਰੀਕਾ ਵਿਚ ਨਿਊਯਾਰਕ ਦੇ ਨੇੜਲੇ ਸੂਬੇ ਨਿਊ ਜਰਸੀ ਰਹਿ ਰਿਹਾ ਹੈ। ਅਰਥ-ਸ਼ਾਸਤਰ ਦੀ ਪੜ੍ਹਾਈ ਸਦਕਾ ਰੋਜ਼ੀ ਰੋਟੀ ਕਮਾਉਂਦਾ ਪ੍ਰੇਮ ਮਾਨ ਪੰਜਾਬੀ ਵਿਚ ਲਿਖਣ ਪੜ੍ਹਨ ਨੂੰ ਆਪਣਾ ਸ਼ੁਗਲ ਕਹਿੰਦਾ ਹੈ। ਅੰਗਰੇਜ਼ੀ ਭਾਸ਼ਾ ਵਿਚ ਅਰਥ-ਸ਼ਾਸਤਰ ਤੇ ਅੰਕੜਾ ਸਬੰਧੀ ਇਕ ਦਰਜਨ ਪੁਸਤਕਾਂ ਦਾ ਇਹ ਰਚੇਤਾ ਅੱਧੀ ਸਦੀ ਪਹਿਲਾਂ ਪੰਜਾਬੀ ਵਿਚ ‘ਚੁਬਾਰੇ ਦੀ ਇੱਟ’ (ਕਹਾਣੀ ਸੰਗ੍ਰਹਿ) ਤੇ ‘ਪਲਕਾਂ ਡੱਕੇ ਹੰਝੂ’ (ਗ਼ਜ਼ਲਾਂ) ਛਪਵਾ ਚੁੱਕਾ ਹੈ। ਨਵ ਪ੍ਰਕਾਸ਼ਿਤ ਸ਼ਬਦ ਚਿੱਤਰਾਂ ਦੀ ਪੁਸਤਕ ‘ਅੰਦਰੇਟੇ ਦਾ ਜੋਗੀ’ ਪੜ੍ਹਿਆਂ ਪਤਾ ਲੱਗਦਾ ਹੈ ਕਿ ਉਸਦੀ ਸ਼ੈਲੀ ਛੜੱਪੇ ਮਾਰਨ ਵਾਲੀ ਹੈ। ਵਿਚਲੀ ਗੱਲ ਸਮਝਣ ਵਾਸਤੇ ਪਾਠਕ ਨੂੰ ਅੰਤਰ-ਧਿਆਨ ਹੋਣਾ ਪੈਂਦਾ ਹੈ। ਬਹੁਤੀ ਵਾਰੀ ਉਸਦੇ ਪੈਰ੍ਹੇ ਪੁਸਤਕ ਦੇ ਪੂਰੇ ਪੰਨੇ ਤੋਂ ਵੀ ਲੰਮੇ ਹੋ ਜਾਂਦੇ ਹਨ। ਛੜੱਪਾ ਮਾਰ ਕੇ ਇਕ ਦੂਜੇ ਨਾਲ ਜੁੜੀਆਂ ਗੱਲਾਂ ਵਾਲੇ। ਏਥੇ ਲਿਖਤ ਦਾ ਰਸ ਲਿਖਣ ਸ਼ੈਲੀ ਕਾਰਨ ਨਹੀਂ ਛੜੱਪੇ ਮਾਰ ਕੇ ਜੋੜੀ ਜਾਣਕਾਰੀ ਸਦਕਾ ਹੈ। ਆਪਣੇ ਆਪ ਨੂੰ ਮਹਾ ਫਰਾਡ ਕਹਿਣ ਵਾਲੇ ਮੰੁਬਈ ਵਸੇਂਦੇ ਅਮਰੀਕ ਗਿੱਲ ਦਾ 30 ਪੰਨਿਆਂ ਵਾਲਾ ਸ਼ਬਦ ਚਿੱਤਰ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਸੋਭਾ ਸਿੰਘ ਦੇ 14 ਪੰਨਿਆਂ ਨਾਲੋਂ ਦੁੱਗਣਾ ਹੈ। ਉਂਝ ਵੀ ਉਹਦੇ ਪਾਤਰਾਂ ਬਾਰੇ ਮੋਟੀ ਜਿਹੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਉਨ੍ਹਾਂ ਦੇ ਸਿਰਲੇਖ ਪੜ੍ਹ ਲੈਣੇ ਕਾਫੀ ਹਨ। ਪ੍ਰੇਮ ਮਾਨ ਦਾ ਬਲਬੀਰ ਮੋਮੀ ਵੱਖਰਾ ਤੇ ਅੱਥਰਾ ਹੈ, ਹਕੀਕਤ ਕੌਰ ਕਹਿਲ ਵਿਲੱਖਣ ਤੇ ਰੌਚਕ ਸ਼ੈਲੀ ਵਾਲੀ ਲੇਖਿਕਾ, ਗੁਰਬਖਸ਼ ਸਿੰਘ ਭੰਡਾਲ ਕਾਵਿਕ ਵਾਰਤਕ ਦਾ ਵਧੀਆ ਲੇਖਕ, ਡਾ. ਜਗਤਾਰ ਜੁਗਾੜ ਬੰਦੀ ਤੋਂ ਉੱਪਰ ਉੱਠ ਕੇ ਲਿਖਣ ਵਾਲਾ ਕਵੀ, ਪ੍ਰੇਮ ਪ੍ਰਕਾਸ਼ ਰੌਚਕ ਸੁਭਾਅ ਵਾਲਾ ਗਿਆਨਵਾਨ, ਚਰਨ ਸਿੰਘ ਸਫਰੀ ਗੜਕਦੀ ਆਵਾਜ਼ ਵਾਲਾ ਕਵੀ ਦਰਬਾਰੀਆ ਤੇ ਅਜੇ ਤਨਵੀਰ ਮੋਹ ਮੁਹੱਬਤ ਦਾ ਮੁਜੱਸਮਾ।
ਚਰਨ ਸਿੰਘ ਸਫਰੀ ਦੀ ਸ਼ਖਸੀਅਤ ਨੂੰ ਉਭਾਰਨ ਦਾ ਸੋਮਾ ਉਸਦੇ ਸ਼ਬਦ ਚਿੱਤਰ ਵਿਚ ਦਿੱਤੇ ਉਸਦੇ ਕਾਵਿ ਟੋਟਕੇ ਹਨ। ਏਸ ਲੇਖ ਨੇ ਮੇਰੀ ਜਾਣਕਾਰੀ ਵਿਚ ਇਹ ਵਾਧਾ ਜ਼ਰੂਰ ਕੀਤਾ ਹੈ ਕਿ ਸਫਰੀ ਦਾ ਪਿੰਡ ਬੋਦਲਾਂ ਸੀ, ਜਿਹੜਾ ਪੰਜਾਬ ਦੀ ਧੜੱਲੇਦਾਰ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ ਦਾ ਵੀ ਜੱਦੀ ਪੁਸ਼ਤੀ ਪਿੰਡ ਸੀ।
ਮੇਰੇ ਵਲੋਂ ਪ੍ਰੇਮ ਮਾਨ ਦੇ ਲੇਖਾਂ ਨੂੰ ਪੜ੍ਹਨ ਦਾ ਇਕ ਕਾਰਨ ਉਸਦਾ ਗਰਾਈ ਹੋਣਾ ਵੀ ਹੈ। ਇਹ ਗੱਲ ਵੱਖਰੀ ਹੈ ਕਿ ਉਸਦਾ ਪਿੰਡ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ (ਉਦੋਂ ਜਲੰਧਰ) ਵਿਚ ਪੈਂਦਾ ਹੈ ਤੇ ਮੇਰਾ ਪਿੰਡ ਸੂਨੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਪਣੇ ਆਪ ਨੂੰ ਮਹਾਂ ਫਰਾਡ ਕਹਿਣ ਵਾਲਾ ਅਮਰੀਕ ਗਿੱਲ ਵੀ ਮੇਰਾ ਆਪਣਾ ਹੈ। ਉਸਦਾ ਨਾਨਕਾ ਪਿੰਡ ਮਜਾਦਾਰ ਡੀਂਗਰੀਆਂ ਦਾ ਵਸੀਮਾ ਮੇਰੇ ਪਿੰਡ ਨਾਲ ਲੱਗਦਾ ਹੈ ਤੇ ਉਹ ਮੈਨੂੰ ਮਾਮਾ ਜੀ ਕਹਿੰਦਾ ਹੈ। ਪੁਸਤਕ ਵਿਚ ਦਿੱਤੀਆਂ ਤਸਵੀਰਾਂ ਵਿਚੋਂ ਮੈਨੂੰ ਉਸਦੀ ਮਾਂ ਵਾਲੀ ਤਸਵੀਰ ਵਿਚੋਂ ਮਮਤਾ ਦਾ ਅਹਿਸਾਸ ਹੋਇਆ।
ਭਾਈ ਮੰਨਾ ਸਿੰਘ ਦੀ ਬੇਟੀ ਅਰੀਤ ਦੀ ਉੱਨਤੀ
ਭਾਈ ਮੰਨਾ ਸਿੰਘ ਵਜੋਂ ਜਾਣੇ ਜਾਂਦੇ ਨਾਟਕਕਾਰ ਗੁਰਸ਼ਰਨ ਸਿੰਘ ਦੀ ਬੇਟੀ ਅਰੀਤ ਕੌਰ ਨੂੰ ਪੰਜਾਬ ਸਰਕਾਰ ਨੇ ਹੈਲਥ ਡਾਇਰੈਕਟਰ ਦੀ ਪਦਵੀ ਸੰਭਾਲ ਦਿੱਤੀ ਹੈ। ਅੱਖਾਂ ਦੇ ਰੋਗਾਂ ਦੀ ਮਾਹਿਰ ਅਰੀਤ ਨੇ ਆਪਣਾ ਕਰੀਅਰ ਫਤਿਹਗੜ੍ਹ ਸਾਹਿਬ ਦੇ ਹਸਪਤਾਲ ਤੋਂ ਸ਼ੁਰੂ ਕੀਤਾ ਸੀ ਤੇ ਪਿਛਲੇ ਕੁਝ ਅਰਸੇ ਤੋਂ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੀ ਮੁਖੀ ਦੀ ਜ਼ਿੰਮੇਵਾਰੀ ਨਿਭਾ ਰਹੀ ਸੀ। ਉਹ ਆਪਣੇ ਪਾਪਾ ਦੇ ਸੰਗੀ ਸਾਥੀਆਂ ਦਾ ਬੜਾ ਆਦਰ ਕਰਦੀ ਹੈ। ਨਿੱਕ ਸੁੱਕ ਵਲੋਂ ਉਸਦੀ ਉੱਨਤੀ ਦਾ ਸਵਾਗਤ ਹੈ।
ਅੰਤਿਕਾ
ਚਰਨ ਸਿੰਘ ਸਫਰੀ
(1) ਖਤ ਹਸੀਨਾ ਦੇ ਹੀ ਮੇਰੀ ਲਾਸ਼ ਉੱਤੇ ਪਾ ਦਿਓ
ਕੌਣ ਕਫਣ ਲੈਣ ਸਾਡਾ ਜਾਏਗਾ ਬਾਜ਼ਾਰ ਨੂੰ
(2) ਖਾਬ ਵਿਚ ਮਹਿਬੂਬ ‘ਸਫਰੀ’ ਹਾਲ ਪੁੱਛਦਾ ਰਹਿ ਗਿਆ
ਅਫਸੋਸ ਸਾਨੂੰ ਸੁੱਤਿਆਂ ਨੂੰ ਕਿਉਂ ਜਗਾਇਆ ਕਿਸੇ ਨੇ
(3) ਸੁਖੀ ਵਸੋਂ ਬੁਲਬੁਲੋ ਤੇ ਮੌਜ ਮਾਣੋ ਭੌਰਿਓ
ਜਾ ਰਿਹਾ ਹੈ ਇਕ ‘ਸਫਰੀ’ ਚਮਨ ਵਿਚੋਂ ਜਾ ਰਿਹਾ