ਦੁੱਖ ਦਾ ਮਾਪ ਯੰਤਰ

ਅਵਤਾਰ ਸਿੰਘ
ਫੋਨ: 94175-18384
ਅਗਰ ਕਿਸੇ ਦੇ ਦੁੱਖ ਨੂੰ ਨਾਪਣਾ ਹੋਵੇ ਤਾਂ ਇਕ ਹੀ ਯੰਤਰ ਹੈ ਕਿ ਦੁੱਖ ਨਾਲ ਕਿਸੇ ਦੀ ਨੇੜਤਾ ਕਿੰਨੀ ਹੈ। ਇਸ ਹਿਸਾਬ ਨਾਲ ਸਭ ਤੋਂ ਵਧੇਰੇ ਦੁਖੀ ਤਾਂ ਕੋਈ ਖ਼ੁਦ ਹੁੰਦਾ ਹੈ, ਜਿਸ ਨਾਲ ਦੁੱਖ ਵਾਪਰਿਆ ਹੋਵੇ। ਦੂਜੇ ਨੰਬਰ ‘ਤੇ ਉਸਨੂੰ ਪਿਆਰ ਕਰਨ ਵਾਲੇ ਦੁਖੀ ਹੁੰਦੇ ਹਨ। ਪਿਆਰ ਨੂੰ ਨਾਪਣ ਦਾ ਯੰਤਰ ਵੀ ਦੁੱਖ ਹੀ ਹੈ। ਜਿੰਨਾ ਅਸੀਂ ਕਿਸੇ ਦੇ ਦੁੱਖ ਵਿਚ ਦੁਖੀ ਹੁੰਦੇ ਹਾਂ, ਓਨਾ ਹੀ ਅਸੀਂ ਉਸ ਨੂੰ ਪਿਆਰ ਕਰਦੇ ਹਾਂ।

ਦੁੱਖ ਵੇਲੇ ਪਿਆਰ ਦੇ ਇਲਾਵਾ ਇਨਸਾਨੀਅਤ ਦਾ ਅਹਿਸਾਸ ਵੀ ਨਾਪਿਆ ਜਾ ਸਕਦਾ ਹੈ। ਮੈਂ ਕਿਸੇ ਨੂੰ ਪਿਆਰ ਨਹੀਂ ਵੀ ਕਰਦਾ, ਫਿਰ ਵੀ ਮੈਂ ਉਸਦੇ ਦੁੱਖ ਨੂੰ ਮਹਿਸੂਸ ਕਰਦਾ ਹਾਂ ਤਾਂ ਇਹ ਮੇਰੀ ਇਨਸਾਨੀਅਤ ਹੈ। ਜਿੰਨੀ ਕਿਸੇ ਵਿਚ ਵਧੇਰੇ ਇਨਸਾਨੀਅਤ ਹੋਵੇਗੀ, ਓਨਾ ਹੀ ਉਹ ਦੂਰ ਦੇ ਦੁੱਖ ਵਿਚ ਦੁਖੀ ਹੋਵੇਗਾ। ਮੇਰੀ ਨਜ਼ਰ ਵਿਚ ਇਨਸਾਨੀਅਤ ਦੀ ਪੱਧਰ ‘ਤੇ ਦੁੱਖ ਨੂੰ ਮਹਿਸੂਸ ਕਰਨਾ ਵੱਡੀ ਗੱਲ ਹੈ। ਪਿਆਰ ਅਤੇ ਰਿਸ਼ਤੇ ਦੀ ਨੇੜਤਾ ਵਿਚ ਤਾਂ ਹਰ ਕੋਈ ਦੁੱਖ ਮਹਿਸੂਸ ਕਰ ਸਕਦਾ ਹੈ, ਪਰ ਇਨਸਾਨੀਅਤ ਦੀ ਪੱਧਰ ‘ਤੇ ਕੋਈ ਵਿਰਲਾ ਹੀ ਨਿੱਤਰਦਾ ਹੈ। ਦੂਰ ਦੇ ਦੁੱਖ ਦਾ ਅਹਿਸਾਸ ਕੁਝ ਇਸਤਰ੍ਹਾਂ ਦਾ ਹੁੰਦਾ ਹੋਵੇਗਾ:
ਇਸ ਲੀਏ ਭੀ ਰਾਤ ਕੋ ਘਰ ਸੇ ਨਿਕਲ ਆਤਾ ਹੂੰ ਮੈਂ,
ਕਿ ਸਰਦੀਓਂ ਕੇ ਚਾਂਦ ਕੋ ਅਹਿਸਾਸੇ ਤਨਹਾਈ ਨ ਹੋ।
ਮੂਸੇਵਾਲੇ ਦੇ ਕਤਲ ਉਪਰੰਤ ਸਭ ਤੋਂ ਵਧੇਰੇ ਦੁਖੀ ਉਹਦੇ ਮਾਪੇ, ਰਿਸ਼ਤੇਦਾਰ, ਪਿਆਰ ਕਰਨ ਵਾਲੇ ਤੇ ਉਹਦੇ ਗੀਤਾਂ ਦੇ ਉਪਾਸ਼ਕ ਸਨ। ਉਹਦੇ ਗੀਤਾਂ ਦੀ ਉਪਾਸ਼ਨਾ ਕਰਨ ਵਾਲਿਆਂ ਵਿਚ ਅਨੋਭੜ ਤੇ ਅਨਾੜੀ ਕਿਸਮ ਦੇ ਨੌਜਵਾਨਾਂ ਦੀ ਵੱਡੀ ਗਿਣਤੀ ਸੀ, ਜਿਨ੍ਹਾਂ ਨੂੰ ਅਸੀਂ ਅਕਸਰ ਮੁੰਡੇ ਕਹਿੰਦੇ ਹਾਂ ਤੇ ਜਿਨ੍ਹਾਂ ਨੂੰ ਕਿਸੇ ਗੀਤ ਦੇ ਚੰਗੇ ਮਾੜੇ ਹੋਣ ਦੀ ਸੋਝੀ ਨਹੀਂ ਹੁੰਦੀ। ਉਨ੍ਹਾਂ ਲਈ ਗੀਤ ਦੇ ਚੰਗੇ-ਮਾੜੇ ਹੋਣ ਦਾ ਪੈਮਾਨਾ ਇਹੀ ਹੁੰਦਾ ਹੈ, ਜੋ ਉਨ੍ਹਾਂ ਦੇ ਅੰਦਰ ਹਉਮੈ ਜਗਾਉਂਦਾ ਹੈ ਤੇ ਹੰਕਾਰ ਨੂੰ ਪੱਠੇ ਪਾਉਂਦਾ ਹੈ, ਉਹ ਚੰਗਾ ਹੈ ਤੇ ਜਿਹੜਾ ਨਹੀਂ ਪਾਉਂਦਾ ਉਹ ਮਾੜਾ ਹੈ। ਬਹੁਤ ਸਾਰੇ ਗਾਣੇ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਸੁਣਦਿਆਂ ਇਵੇਂ ਮਹਿਸੂਸ ਹੁੰਦਾ ਹੈ, ਜਿਵੇਂ ਪੈਰਾਂ ਹੇਠ ਸਪ੍ਰਿੰਗ ਲੱਗ ਗਏ ਹੋਣ ਤੇ ਅੱਡੀਆਂ ਉੱਪਰ ਨੂੰ ਚੱਕ ਹੋਣ ਲੱਗ ਪੈਣ।
ਪੰਜਾਬ ਦੇ ਅਨੋਭੜ ਤੇ ਅਨਾੜੀ ਲੋਕ ਹਰ ਚੀਜ਼ ਚੱਕਵੀਂ ਪਸੰਦ ਕਰਦੇ ਹਨ; ਗਾਣੇ, ਗੱਡੀਆਂ ਤੇ ਨਸ਼ੇ ਵੀ। ਸ਼ਾਇਦ ਅਜਿਹੇ ਲੋਕਾਂ ਲਈ ਹੀ ਜਸਪਿੰਦਰ ਨਰੂਲਾ ਨੇ ਦੁਗਾਣਾ ਗਾਇਆ ਸੀ:
‘ਮੈਂ ਤਾਂ ਦਿੰਨੀ ਹਾਂ ਪੈਰਾਂ ਤੋਂ ਬੰਦਾ ਚੱਕ ਸੋਹਣਿਆਂ।’
ਸਭ ਤੋਂ ਵੱਧ ਬੁਲਟ ਮੋਟਰ-ਸਾਈਕਲ ਪੰਜਾਬ ‘ਚ ਵਿਕਦਾ ਹੈ। ਖੁੱਲ੍ਹੀਆਂ ਜੀਪਾਂ ਤੇ ਬੇਲੋੜੇ ਸ਼ਕਤੀਸ਼ਾਲੀ ਟ੍ਰੈਕਟਰ ਪੰਜਾਬ ‘ਚ ਹੀ ਨਜ਼ਰ ਆਉਂਦੇ ਹਨ। ਇੱਥੇ ਸ਼ਰਾਬ ਵੀ ਉਹੀ ਪਸੰਦ ਕੀਤੀ ਜਾਂਦੀ ਹੈ, ਜਿਹਦੇ ਦੋ ਘੁੱਟ ਹੀ ਏਨੇ ਪੈਰ ਚੱਕ ਦੇਣ ਕਿ ਬੰਦਾ ਅੰਗਰੇਜ਼ੀ ਬੋਲਣ ਲੱਗ ਪਵੇ ਤੇ ਕਿਸੇ ਦੀ ਧੀ-ਭੈਣ ਨੂੰ ਬੇਝਿਜਕ ਤਾੜ ਸਕੇ।
ਮੈਂ ਆਪਣੇ ਮਲਵਈ ਦੋਸਤ ਦੇ ਘਰੇ ਗਿਆ ਹੋਇਆ ਸੀ ਤੇ ਰਾਤ ਨੂੰ ਉਸ ਦੋਸਤ ਦੇ ਜੀਜੇ ਨੇ ਦਾਰੂ ਦੇ ਦੋ ਘੁੱਟ ਪੀ ਕੇ ਹੀ ਆਪਣੇ ਸਾਲ਼ੇ ਨੂੰ ਅਜਿਹੀ ਗੱਲ ਕਹੀ, ਜਿਹੜੀ ਕਿਸੇ ਵੀ ਸਾਹਿਤ ਦੀ ਵਿਧਾ ਵਿਚ ਕਹੀ ਨਹੀਂ ਜਾ ਸਕਦੀ।
ਚੱਕਵੇਂ ਗੀਤ ਅਕਸਰ ਮਰਦਾਵੇਂ ਸ਼ੌਵਨਿਜ਼ਮ ਨਾਲ ਸਬੰਧਤ ਹੁੰਦੇ ਹਨ। ਪਰ ਪੰਜਾਬੀ ਗੀਤਾਂ ਵਿੱਚ ਮਰਦ ਸ਼ੌਵਨਿਜ਼ਮ ਨਹੀਂ ਹੁੰਦਾ, ਬਲਕਿ ਇਕ ਜਾਤੀ ਵਿਸ਼ੇਸ਼ ਦਾ ਮਰਦ ਸ਼ੌਵਨਿਜ਼ਮ ਹੁੰਦਾ ਹੈ। ਇਸੇ ਕਰਕੇ ਮੂਸੇਵਾਲੇ ਦੇ ਗੀਤ ਬਹੁਤੇ ਟ੍ਰੈਕਟਰਾਂ ‘ਤੇ ਵੱਜਦੇ ਸਨ। ਦੂਸਰੇ ਲੋਕ ਉਸਦੇ ਗੀਤਾਂ ਦੇ ਉਪਾਸ਼ਕ ਨਹੀਂ ਸਨ, ਕਿਉਂਕਿ ਉਨ੍ਹਾਂ ਲਈ ਤਾਂ ਉਸਦੇ ਗੀਤਾਂ ਵਿਚ ਵੱਡੀ ਗਾਲ਼ ਅਤੇ ਧਮਕੀ ਦਾ ਬਲੈੰਡ ਹੁੰਦਾ ਸੀ। ਇਸਦੇ ਇਲਾਵਾ ਲੜਕੀਆਂ ਵੀ ਉਸਦੇ ਗੀਤਾਂ ਦੀਆਂ ਉਪਾਸ਼ਕ ਨਹੀਂ ਸਨ, ਕਿਉਂਕਿ ਉਸਦੇ ਗੀਤਾਂ ਵਿਚ ਕੁੜੀਆਂ ਦੀ ਹੈਸੀਅਤ ਮੂਸੇਵਾਲਾ ਬ੍ਰੈਂਡ ਮਰਦ ਅਧਿਕਾਰ ਦੇ ਬਾਹਰ ਸਿਰਫ ਸਿਫ਼ਰ ਦੇ ਬਰਾਬਰ ਸੀ।
ਮੇਰੇ ਕਈ ਦੋਸਤ ਮਹਿਸੂਸ ਕਰਦੇ ਹਨ ਕਿ ਅਜਿਹੇ ਗੀਤ ਪੰਜਾਬ ਦੀ ਕਮਿਊਨਲ ਹਾਰਮਨੀ ਲਈ ਸਿਹਤਮੰਦ ਨਹੀਂ ਹਨ। ਕੈਨੇਡਾ ਰਹਿਣ ਵਾਲਾ ਮੇਰਾ ਬਹੁਤ ਹੀ ਸੰਵੇਦਨਸ਼ੀਲ ਅਤੇ ਸੂਝਵਾਨ ਦੋਸਤ ਸਵਰਨਜੀਤ ਬਰਾੜ ਅਜਿਹੀ ਗੀਤਕਾਰੀ ਤੋਂ ਬੇਹੱਦ ਨਿਰਾਸ਼ ਅਤੇ ਪਰੇਸ਼ਾਨ ਹੁੰਦਾ ਹੈ ਕਿ ਇਹ ਗੀਤ ਬਰਾਦਰੀ ਨੂੰ ਵੀ ਅਸਲੀਅਤ ਦੇ ਵਿਰੁੱਧ ਬਦਨਾਮ ਕਰਦੇ ਹਨ ਤੇ ਪੰਜਾਬ ਦੀ ਸਮਾਜਿਕਤਾ ਵਿਚ ਵੀ ਜ਼ਹਿਰ ਘੋਲ਼ਦੇ ਹਨ। ਉਹ ਖ਼ੁਦ ਕਦੇ-ਕਦੇ ਬਹੁਤ ਸੋਹਣੇ ਗੀਤ ਗਾ ਕੇ ਮੈਨੂੰ ਭੇਜਦਾ ਹੈ, ਜਿਨ੍ਹਾਂ ਨੂੰ ਸੁਣ ਕੇ ਧਰਵਾਸ ਬੱਝਦਾ ਹੈ ਕਿ ਚਲੋ ‘ਕੋਈ ਹਰਿਆ ਬੂਟ’ ਹਾਲੇ ਕਾਇਮ ਹੈ। ਉਸਤੋਂ ਉਮੀਦ ਹੈ ਕਿ ਉਹ ਪੰਜਾਬ ਦੀ ਸੋਚ ਅਤੇ ਤਹਿਜ਼ੀਬ ਲਈ ਜ਼ਰੂਰ ਕੁਝ ਅੱਛਾ ਕਰੇਗਾ। ਮੇਰੀ ਇਸ ਦੋਸਤ ਨੂੰ ਸਲਾਹ ਹੈ ਕਿ ਉਹ ਆਪਣੇ ਜਿਹੇ ਲੋਕਾਂ ਨਾਲ ਮਿਲ ਕੇ ਪੰਜਾਬ ਦੀ ਗੀਤਕਾਰੀ ਵਿਚ ਸਵੱਛਤਾ ਲਿਆਉਣ ਲਈ ਕੋਈ ਉਪਰਾਲਾ ਕਰਨ, ਜਿਹਦੇ ਨਾਲ ਪੰਜਾਬ ਵਿਚ ਇਨਸਾਨੀ ਵੇਦਨਾ, ਸੰਵੇਦਨਾ ਅਤੇ ਯਾਤਨਾ ਦਾ ਬੋਲਬਾਲਾ ਹੋ ਸਕੇ।
ਮੇਰੇ ਇਕ ਪ੍ਰੋਫੈਸਰ ਦੋਸਤ ਨੇ ‘੍ਰੋਬਬੲਰ ਂੋਬਲੲਮੲਨ: ੳ ਸਟੁਦੇ ੋਾ ਟਹੲ ਪੋਲਿਟਿਚਅਲ ਸੇਸਟੲਮ ੋਾ ਟਹੲ ੰਕਿਹ ਝਅਟਸ’ ਕਿਤਾਬ ਪੜ੍ਹੀ ਤੇ ਉਹ ਏਨੇ ਪਰੇਸ਼ਾਨ ਹੋ ਗਏ ਕਿ ਮੈਨੂੰ ਫ਼ੋਨ ਕਰਕੇ ਪੁੱਛਣ ਲੱਗੇ, “ਯਾਰ ਅਸੀਂ ਐਨੇ ਮਾੜੇ ਹਾਂ?” ਉਹ ਕਿਤਾਬ ਸ਼ਾਇਦ ਮਾਨਸਾ ਜ਼ਿਲ੍ਹੇ ਦੇ ਸਰਵੇ ਅਧਾਰਤ ਹੈ ਤੇ ਫ਼ਰਾਂਸੀਸੀ ਔਰਤ ਝੋੇਚੲ ਫੲਟਟਿਗਰੲੱ ਦੀ ਲਿਖੀ ਹੋਈ ਤੇ 1978 ਦੀ ਛਪੀ ਹੋਈ ਹੈ।
ਪ੍ਰੋ ਸਾਹਿਬ ਦੇ ਸਵਾਲ ਦਾ ਜਵਾਬ ਦੇਣ ਲਈ ਮੇਰੇ ਉੱਤੇ ਦੋਸਤੀ ਅਤੇ ਸ਼ਿਸ਼ਟਾਚਾਰ ਦਾ ਮਣਾਂਮੂੰਹੀਂ ਬੋਝ ਪੈ ਗਿਆ, ਜਿਸ ਹੇਠ ਦੱਬਿਆ ਹੋਇਆ ਮੈਂ ਏਨਾ ਹੀ ਕਹਿ ਸਕਿਆ ਕਿ ਕੋਈ ਵੀ ਬਰਾਦਰੀ ਕਦੇ ਵੀ ਜਨਮ ਤੋਂ ਅਤੇ ਥੋਕ ਵਿਚ ਖਰਾਬ ਨਹੀਂ ਹੁੰਦੀ। ਜੇ ਕੋਈ ਬਰਾਦਰੀ ਪੰਜਾਹ ਸੱਠ ਸਾਲ ਲਗਾਤਾਰ ਰਾਜ-ਸੱਤਾ ਦੇ ਝੂਟੇ ਲੈਂਦੀ ਰਹੇ ਤਾਂ ਉਸਦਾ ਅਕਸ ਅਤੇ ਵਿਵਹਾਰ ਇਹੋ ਜਿਹਾ ਹੋ ਹੀ ਜਾਂਦਾ ਹੈ। ਇਸ ਲਈ ਰਾਜ-ਸੱਤਾ ਵਿਚ ਜਲਦੀ ਜਲਦੀ ਤਬਦੀਲੀ ਹੁੰਦੀ ਰਹਿਣੀ ਕਿਸੇ ਵੀ ਸਮਾਜ ਅਤੇ ਭਾਈਚਾਰੇ ਦੇ ਮਨੋ-ਬਲ ਅਤੇ ਮਨੋ-ਦਸ਼ਾ ਦੇ ਠੀਕ ਤਵਾਜ਼ਨ ਲਈ ਬੇਹੱਦ ਲਾਜ਼ਮੀ ਹੁੰਦੀ ਹੈ। ਹਿਸਟੋਰੀਅਨ ਲੌਰਡ ਐਕਟਨ ਦਾ ਕਥਨ ਹੈ: ਫੋੱੲਰ ਟੲਨਦਸ ਟੋ ਚੋਰਰੁਪਟ, ਅਨਦ ਅਬਸੋਲੁਟੲ ਪੋੱੲਰ ਚੋਰਰੁਪਟਸ ਅਬਸੋਲੁਟੲਲੇ
ਪੰਜਾਬ ਸਮਾਜਿਕ, ਸੱਭਿਆਚਾਰਕ, ਬੋਲੀ, ਕਿਤੇ ਅਤੇ ਰੰਗ ਢੰਗ ਪੱਖੋਂ ਵੰਨਸੁਵੰਨਤਾ ਵਾਲਾ ਸੂਬਾ ਹੈ। ਅਗਰ ਅਸੀਂ ਚਾਹੁੰਦੇ ਹਾਂ ਕਿ ਹਰ ਧਿਰ ਨੂੰ ਸਨਮਾਨ ਮਿਲੇ, ਪਰ ਮਾਣ ਅਤੇ ਅਭਿਮਾਨ ਤੋਂ ਪਰਹੇਜ਼ ਕਰੇ ਤਾਂ ਜ਼ਰੂਰੀ ਹੈ ਕਿ ਸਾਰੀਆਂ ਧਿਰਾਂ ਨੂੰ ਪੰਜਾਬ ਦੀ ਰਾਜ-ਸੱਤਾ ਦੀ ਵਾਰੀ ਵਾਰੀ ਜ਼ਿੰਮੇਵਾਰੀ ਦਾ ਅਹਿਸਾਸ ਅਤੇ ਤਜਰਬਾ ਕਰਾਇਆ ਜਾਵੇ।
ਅਜਿਹਾ ਨਾ ਹੋਣ ਕਰਕੇ ਹੀ ਪੰਜਾਬ ਦੇ ਗ਼ੈਰ ਟ੍ਰੈਕਟਰ ਲੋਕਾਂ ਦਾ ਜੀਣ-ਥੀਣ ਬਲਬੀਰ ਮਾਧੋਪੁਰੀ ਦੀ ਕਿਤਾਬ ‘ਛਾਂਗਿਆ ਰੁੱਖ’ ਜਿਹਾ ਹੋ ਗਿਆ ਹੈ। ਇਹ ਕਿਤਾਬ ਪੰਜਾਬੀ ਵਿਚ ਸੋਲਾਂ ਵਾਰੀ ਛਪ ਚੁੱਕੀ ਹੈ ਤੇ ਔਕਸਫੋਰਡ ਨੇ ਇਸਦਾ ਅੰਗਰੇਜ਼ੀ ਅਨੁਵਾਦ ਦੋ ਵਾਰੀ ਛਾਪਿਆ ਹੈ। ਇਹ ਰੂਸੀ ਅਤੇ ਪੌਲਿਸ਼ ਭਾਸ਼ਾ ਵਿਚ ਵੀ ਅਨੁਵਾਦ ਹੋ ਚੁੱਕੀ ਹੈ ਤੇ ਪੋਲੈਂਡ ਦੀ ਯੂਨੀਵਰਸਿਟੀ ਵਿਚ ਪੜ੍ਹਾਈ ਵੀ ਜਾ ਰਹੀ ਹੈ। ਇਹ ਕਿਤਾਬ ਦੇਸ਼ ਦੀਆਂ ਦਸ ਜ਼ੁਬਾਨਾਂ ਵਿਚ ਅਨੁਵਾਦ ਹੋ ਚੁੱਕੀ ਹੈ ਤੇ ਦਿੱਲੀ ਯੂਨੀਵਰਸਿਟੀ ਵਿਚ ਪੜ੍ਹੀ ਅਤੇ ਪੜ੍ਹਾਈ ਵੀ ਜਾ ਰਹੀ ਹੈ। ਸਿਰਫ਼ ਪੰਜਾਬ ਵਿਚ ਹੀ ਇਹਦਾ ਜ਼ਿਕਰ ਕਰਨਾ ਮਕਰੂਹ ਹੈ।
ਪੰਜਾਬ ਨਾਲ ਸਬੰਧਤ ਵਿਰਲੇ ਵਿਰਲੇ ਲੋਕ ਪੰਜਾਬ ਦੀ ਵਿਗੜੀ ਅਤੇ ਨਿਘਰੀ ਹੋਈ ਸਮਾਜਿਕ ਵਿਵਸਥਾ ਬਾਰੇ ਬੋਲਦੇ ਹਨ ਤੇ ਬਹੁਤ ਥੋੜ੍ਹੇ ਹਨ ਜੋ ਲਿਖਣ ਦੀ ਕੋਸ਼ਿਸ਼ ਕਰਦੇ ਹਨ। ਮੂਸੇਵਾਲੇ ਦੇ ਬੇਕਿਰਕ ਕਤਲ ਉਪਰੰਤ ਮਾਪਿਆਂ ਨਾਲ ਬੇਟੇ ਦੇ ਕਤਲ ਦਾ ਦੁੱਖ ਸਾਂਝਾ ਕਰਨਾ ਹਰ ਕਿਸੇ ਦਾ ਫ਼ਰਜ਼ ਬਣਦਾ ਸੀ। ਪਰ ਇਸ ਦੁੱਖ ਦੇ ਨਾਲ ਨਾਲ ਉਸਦੇ ਗੀਤਾਂ ਵਿਚ ਪੇਸ਼ ਹੋਏ ਮਰਦ ਸ਼ੌਵਨਿਜ਼ਮ, ਧੌਂਸ, ਧਮਕੀ, ਧੱਕੇ, ਹੁੱਲੜਬਾਜ਼ ਹਿੰਸਾ ਅਤੇ ਅਤਿ ਆਧੁਨਿਕ ਹਥਿਆਰਾਂ ਦੇ ਪ੍ਰਚਾਰ ਨੂੰ ਦਸਮੇਸ਼ ਪਿਤਾ ਦੇ ਆਦੇਸ਼ ਨਾਲ ਜੋੜ ਦੇਣ ਦੀ ਹਿਮਾਕਤ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਕਹੀ ਜਾ ਸਕਦੀ।
ਕਿਸੇ ਕਥਾਵਾਚਕ ਦਾ ਏਨਾ ਹੌਸਲਾ ਵਧ ਗਿਆ ਕਿ ਉਹ ਮੂਸੇਵਾਲ ਦਾ ਗਾਣਾ ਇਸ ਤਰ੍ਹਾਂ ਗਾਉਣ ਲੱਗ ਪਿਆ, ਜਿਸ ਤਰ੍ਹਾਂ ਸ਼ਾਇਦ ਉਹ ਮੀਰਾਂਬਾਈ ਦਾ ਭਜਨ ਵੀ ਨਾ ਗਾ ਸਕੇ। ਹੋਰ ਤਾਂ ਹੋਰ ਆਧੁਨਿਕ ਗਿਆਨ ਦਾ ਮੱਕਾ ਸਮਝੀ ਜਾਂਦੀ ਯੂਨੀਵਰਸਿਟੀ ਦੇ ਛੇ ਫੁੱਟੇ ਦਰਸ਼ਣੀ ਵਿਦਵਾਨ ਨੇ ਵੀ ਮੂਸੇਵਾਲੇ ਦੇ ਹੱਕ ਵਿੱਚ ਆਪਣੀ ਚੋਣਵੀਂ ਸ਼ਬਦਾਵਲੀ ਇੱਥੋਂ ਤੱਕ ਨਿਛਾਵਰ ਕਰ ਦਿੱਤੀ ਕਿ ਆਪਣੇ ਵਿਦਵਤਾ ਵਾਲੇ ਅਕਸ ਦਾ ਵੀ ਖਿਆਲ ਨਾ ਰੱਖਿਆ।
ਦਿੱਲੀ ਦੇ ਸੂਝਵਾਨ ਤੇ ਸੰਵੇਦਨਸ਼ੀਲ ਗਾਇਕ ਦੇ ਮਨ ਅੰਦਰ ਪੰਜਾਬੀਅਤ ਦਾ ਦਰਦ ਜਾਗਿਆ ਤਾਂ ਉਸਨੇ ਅਖਬਾਰ ਵਿਚ ਮੂਸੇਵਾਲੇ ਦੇ ਅਫ਼ਸੋਸ ਨਾਲ ਉਸਦੀ ਗੀਤਕਾਰੀ ਦੀ ਆਲੋਚਨਾ ਕਰ ਦਿੱਤੀ, ਜਿਸਨੂੰ ਪੜ੍ਹ ਕੇ ਪੰਜਾਬ ਦੇ ਮੰਨੇ ਪ੍ਰਮੰਨੇ ਇਤਿਹਾਸ-ਅਚਾਰੀਆ ਹਰਕਤ ਵਿਚ ਆ ਗਏ ਤੇ ਉਸਨੇ ਏਨੀ ਤਹਿਜ਼ੀਬ ਮੁਕਤ ਭਾਸ਼ਾ ਵਿਚ ਉਸ ਗਾਇਕ ਨੂੰ ਤਾਹਨੇ ਮਾਰੇ ਕਿ ਪੁੱਛੋ ਕੁਝ ਨਾ।
ਮੈਂ ਸੋਚਿਆ ਕਿ ਅਜਿਹੇ ਤਰਲ-ਚਿੱਤ ਗਾਇਕ ਦਾ ਲਿਖਣਾ ਅਰਥ ਰੱਖਦਾ ਹੈ ਤੇ ਉਹ ਆਪਣੀ ਗਾਇਕੀ ਤੇ ਲਿਖਤ ਦੇ ਅੰਦਾਜ਼ ਤੋਂ ਬੜਾ ਨੇਕ, ਸੁਘੜ, ਸਿਆਣਾ ਅਤੇ ਤਹਿਜ਼ੀਬ ਵਿਚ ਰਹਿਣ ਵਾਲਾ ਸ਼ਖ਼ਸ ਪ੍ਰਤੀਤ ਹੁੰਦਾ ਹੈ। ਮੈਂ ਹੈਰਾਨ ਹੋਇਆ ਕਿ ਇਤਿਹਾਸ-ਅਚਾਰੀਆ ਨੇ ਉਸਦੀ ਲਿਖਤ ਦੇ ਕਿਸੇ ਇੱਕ ਅੱਖਰ ਦਾ ਵੀ ਹਵਾਲਾ ਅਤੇ ਜਵਾਬ ਨਹੀਂ ਦਿੱਤਾ ਕਿ ਉਸਨੇ ਕੀ ਗਲਤ ਲਿਖਿਆ ਹੈ। ਮਨ ਵਿਚ ਸਵਾਲ ਪੈਦਾ ਹੋਇਆ ਕਿ ਉਹ ਇਤਿਹਾਸ-ਅਚਾਰੀਆ ਏਦਾਂ ਹੀ ਇਤਿਹਾਸ ਪੜ੍ਹਾਉਂਦੇ ਰਹੇ ਹੋਣਗੇ!
ਮੇਰੇ ਕਈ ਦੋਸਤ ਮੈਨੂੰ ਕਹਿੰਦੇ ਰਹਿੰਦੇ ਹਨ ਕਿ ਮੈਂ ਪੰਜਾਬ ਦਾ ਬਹੁਤਾ ਹੀ ਫਿਕਰ ਕਰਦਾ ਹਾਂ। ਮੈਂ ਸੋਚਦਾ ਹਾਂ ਕਿ ਜਿਹੜੇ ਲੋਕ ਆਪਣੇ ਬਾਲ-ਬੱਚੇ ਸਮੇਤ ਪੰਜਾਬ ਨੂੰ ਤਿਲਾਂਜਲੀ ਦੇ ਕੇ ਬਾਹਰ ਚਲੇ ਗਏ ਹਨ ਤੇ ਆਪਣੇ ਭੈਣ-ਭਾਈ ਤੇ ਮਾਂ-ਬਾਪ ਵੀ ਬਾਹਰ ਸੱਦ ਲਏ ਜਾਂ ਕੱਢ ਲਏ ਹਨ, ਉਹ ਲੋਕ ਪੰਜਾਬ ਦਾ ਫਿਕਰ ਕਰਨੋ ਨਹੀਂ ਹਟੇ ਤਾਂ ਮੈਂ ਕਿਵੇਂ ਹਟ ਜਾਵਾਂ, ਜਿਹਦਾ, ਸਬੱਬ ਹੋਣ ਦੇ ਬਾਵਜੂਦ, ਬਾਹਰ ਜਾਣ ਦਾ ਕੋਈ ਇਰਾਦਾ ਨਹੀਂ ਹੈ ਤੇ ਨਾ ਆਪਣੇ ਬੱਚਿਆਂ ਨੂੰ ਬਾਹਰ ਧੱਕਣ ਜਾਂ ਕੱਢਣ ਦਾ ਇਰਾਦਾ ਹੈ।
ਮੇਰੇ ਜਿਹੇ ਲੋਕਾਂ ਲਈ ਬੜੀ ਹੀ ਚਿੰਤਾਜਨਕ ਗੱਲ ਇਹ ਹੈ ਕਿ ਪੰਜਾਬ ਦੇ ਸੂਝਵਾਨ ਤੇ ਸੰਵੇਦਨਸ਼ੀਲ ਲੋਕਾਂ ਕੋਲ ਸਿਰਫ ਚੱਪਾ ਕੁ ਅਧਿਕਾਰ ਬਚਿਆ ਹੈ, ਜਿੱਥੋਂ ਉਹ ਲਿਖ ਸਕਦੇ ਹਨ ਤੇ ਬੋਲ ਸਕਦੇ ਹਨ। ਅਗਰ ਉਨ੍ਹਾਂ ਲੋਕਾਂ ਨੇ ਆਪਣਾ ਏਨਾ ਕੁ ਅਧਿਕਾਰ ਵੀ ਇਸਤੇਮਾਲ ਨਾ ਕੀਤਾ ਤੇ ਛੱਡ ਦਿੱਤਾ ਤਾਂ ਉਨ੍ਹਾਂ ਦੀ ਹੋਂਦ ਹਵਾ ਵਿਚ ਲਟਕ ਜਾਵੇਗੀ।
ਪੰਜਾਬ ਦੇ ਸੂਝਵਾਨ ਤੇ ਸੰਵੇਦਸ਼ੀਲ ਲੋਕਾਂ ਨੇ ਅਗਰ ਪੰਜਾਬ ਦੀ ਸਮਾਜਿਕ ਅਤੇ ਸੱਭਿਆਚਾਰਕ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਵਾਲੀ ਸੰਵੇਦਨਸ਼ੀਲ ਸੋਚ ਨੂੰ ਬਚਾਉਣ ਅਤੇ ਕਾਇਮ ਕਰਨ ਹਿੱਤ ਆਪਣੇ ਬਚੇ ਖੁਚੇ ਚੱਪਾ ਕੁ ਅਧਿਕਾਰ ਦੀ ਵੀ ਵਰਤੋਂ ਨਾ ਕੀਤੀ ਤਾਂ ਜਲਦੀ ਹੀ ਲੋਕ ਕਿਹਾ ਕਰਨਗੇ ‘ਇਕ ਪੰਜਾਬ ਹੁੰਦਾ ਸੀ, ਜਿੱਥੇ ਲੋਕ ਬੜੇ ਸੂਝਵਾਨ, ਮਿਹਨਤੀ ਤੇ ਮਿਲਾਪੜੇ ਹੁੰਦੇ ਸਨ’।