ਮੂਸੇਵਾਲਾ ਕੇਸ `ਚ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਹਵਾਲੇ

ਮਾਨਸਾ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਨਾਲ ਜੁੜੇ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਸਮੀ ਤੌਰ ‘ਤੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ।

ਦਿੱਲੀ ਕੋਰਟ ਵੱਲੋਂ ਜਾਰੀ ਟਰਾਂਜਿਟ ਰਿਮਾਂਡ ਮਗਰੋਂ ਪੰਜਾਬ ਪੁਲਿਸ ਸਖਤ ਸੁਰੱਖਿਆ ਪ੍ਰਬੰਧ ਹੇਠ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਪੰਜਾਬ ਲੈ ਆਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਤੋਂ ਮਾਨਸਾ ਲਿਆਉਣ ਵਾਲੇ ਪੰਜਾਬ ਪੁਲਿਸ ਦੇ ਕਾਫਲੇ ਵਿਚ 50 ਪੁਲਿਸ ਮੁਲਾਜ਼ਮ, 2 ਬੁਲੇਟ ਪਰੂਫ ਗੱਡੀਆਂ ਤੇ 12 ਐਸਕਾਰਟ ਵਾਹਨ ਸ਼ਾਮਲ ਸਨ। ਬਿਸ਼ਨੋਈ ਦਾ ਰਿਮਾਂਡ ਹਾਸਲ ਕਰਨ ਲਈ ਪੰਜਾਬ ਪੁਲਿਸ ਦੇ ਵਕੀਲ ਨੇ ਵਿਸ਼ੇਸ਼ ਕੋਰਟ ਨੂੰ ਮੂਸੇਵਾਲਾ ਕਤਲ ਕਾਂਡ ‘ਚ ਇਕੱਤਰ ਸਾਰੇ ਸਬੂਤ ਵੀ ਦਿਖਾਏ ਜੋ ਲਾਰੈਂਸ ਬਿਸ਼ਨੋਈ ਦੀ ਸ਼ਮੂਲੀਅਤ ਵਲ ਇਸ਼ਾਰਾ ਕਰਦੇ ਹਨ। ਯਾਦ ਰਹੇ ਕਿ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ 29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੁਲਿਸ ਅਜੇ ਤੱਕ ਉਸ ਦੇ ਕਾਤਲਾਂ ਨੂੰ ਫੜਨ ਵਿਚ ਨਾਕਾਮ ਰਹੀ ਸੀ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਨੇ ਸਿੱਧੂ ਮੂਸੇਵਾਲਾ ਦੀ ਘਰ ਤੋਂ ਰੇਕੀ ਕਰਨ ਵਾਲੇ ਸੰਦੀਪ ਕੁਮਾਰ ਉਰਫ ਕੇਕੜਾ ਸਮੇਤ ਕੁੱਲ 9 ਜਣਿਆਂ ਨੂੰ ਹਿਰਾਸਤ ਵਿਚ ਲਿਆ ਹੋਇਆ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਗੋਲਡੀ ਬਰਾੜ ਨੇ ਕਤਲ ਦੀ ਦੋ ਘੰਟਿਆਂ ਬਾਅਦ ਹੀ ਜ਼ਿੰਮੇਵਾਰੀ ਲੈ ਲਈ ਸੀ। ਇਸ ਕਰਕੇ ਮਾਨਸਾ ਪੁਲਿਸ ਸਮੇਤ ਸਿੱਧੂ ਮੂਸੇਵਾਲਾ ਦੇ ਕਤਲ ਲਈ ਬਣੀ ‘ਸਿਟ’ ਨੂੰ ਲਾਰੈਂਸ ਬਿਸ਼ਨੋਈ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਹੈ। ਮਾਨਸਾ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦੇ ਗ੍ਰਿਫਤਾਰੀ ਵਾਰੰਟ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਐਫ.ਆਈ.ਆਰ. ਮੁਤਾਬਕ ਮਿਲੇ ਹਨ।