ਨੰਗਲ ਅੰਬੀਆਂ ਕਤਲ ਕਾਂਡ `ਚ ਦੋ ਸ਼ਾਰਪ ਸ਼ੂਟਰਾਂ ਸਣੇ 5 ਕਾਬੂ

ਜਲੰਧਰ: ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕੇ ਕਤਲ ਕੇਸ ਵਿਚ ਪੰਜਾਬ ਪੁਲਿਸ ਨੇ ਦੋ ਸ਼ਾਰਪ ਸ਼ੂਟਰਾਂ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦਿਹਾਤੀ ਪੁਲਿਸ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਮੁੱਖ ਮੁਲਜ਼ਮ ਦੋ ਸ਼ਾਰਪ ਸ਼ੂਟਰਾਂ ਸਣੇ ਕੁੱਲ ਪੰਜ ਜਣੇ ਕਾਬੂ ਕੀਤੇ ਗਏ ਹਨ। ਮੁਲਜ਼ਮਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਵਾਰਦਾਤ ਵਿਚ ਵਰਤੇ ਗਏ 7 ਹਥਿਆਰ ਤੇ 3 ਵਾਹਨ ਵੀ ਜ਼ਬਤ ਕਰ ਲਏ ਗਏ ਹਨ। ਇਸ ਤੋਂ ਪਹਿਲਾਂ ਪੁਲਿਸ ਇਸ ਕੇਸ ਵਿਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਇਸ ਕੇਸ ਵਿਚ ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਫੌਜੀ ਵਾਸੀ ਬੁਲੰਦਸ਼ਹਿਰ, ਵਿਕਾਸ ਮਾਹਲੇ ਵਾਸੀ ਗੁਰੂਗ੍ਰਾਮ (ਹਰਿਆਣਾ), ਸਚਿਨ ਧੂਲੀਆ ਵਾਸੀ ਅਲਵਰ (ਰਾਜਸਥਾਨ) ਮਨਜੋਤ ਕੌਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 7 ਪਿਸਤੌਲ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚ ਪੰਜ ਵਿਦੇਸ਼ੀ 30 ਬੋਰ ਦੇ ਹਨ। ਮੁਲਜ਼ਮਾਂ ਕੋਲੋਂ 3 ਵਾਹਨ ਮਹਿੰਦਰਾ ਐਕਸ.ਯੂ.ਵੀ, ਟੋਇਟਾ ਈ.ਟੀ.ਓਸ. ਤੇ ਹੁੰਡਈ ਵਰਨਾ ਵੀ ਬਰਾਮਦ ਕੀਤੇ ਗਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਯੂਪੀ ਦੇ ਬੁਲੰਦਸ਼ਹਿਰ ਤੋਂ ਫੜਿਆ ਗਿਆ ਹਰਵਿੰਦਰ ਸਿੰਘ ਉਰਫ ਫੌਜੀ ਇਸ ਕਤਲ ਵਿਚ ਮੁੱਖ ਕੋਆਰਡੀਨੇਟਰ ਸੀ ਤੇ ਉਸ ਨੇ ਹੀ ਸ਼ਾਰਪ ਸ਼ੂਟਰਾਂ ਨੂੰ ਵਾਹਨ, ਹਥਿਆਰ ਤੇ ਸੁਰੱਖਿਅਤ ਟਿਕਾਣਾ ਮੁਹੱਈਆ ਕਰਵਾਉਣ ਵਿਚ ਵੱਡੀ ਭੂਮਿਕਾ ਨਿਭਾਈ ਸੀ। ਹਰਵਿੰਦਰ ਨੇ ਹੀ ਹਥਿਆਰ ਸੰਭਾਲਣ ਦੀ ਸਿਖਲਾਈ ਦਿੱਤੀ ਅਤੇ ਵਿੱਤੀ ਸਹਾਇਤਾ ਦੇ ਨਾਲ-ਨਾਲ ਵਾਰਦਾਤ ਅੰਜਾਮ ਦੇਣ ਤੋਂ ਪਹਿਲਾਂ ਰੇਕੀ ਵੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਫਰੀਦਾਬਾਦ ਤੋਂ ਫੜੇ ਗਏ ਮੁੱਖ ਸ਼ੂਟਰ ਵਿਕਾਸ ਮਾਹਲੇ ਨੂੰ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਸੀ। ਬਾਅਦ ਵਿਚ ਉਸ ਨੇ ਵੀ ਫੌਜੀ ਨਾਲ ਮਿਲ ਕੇ ਸੰਦੀਪ ਦੇ ਕਤਲ ਵਿਚ ਭੂਮਿਕਾ ਨਿਭਾਈ। ਜਾਂਚ ਦੌਰਾਨ ਵਿਕਾਸ ਮਾਹਲੇ ਨੇ ਪੰਜਾਬ ਵਿਚ ਦੋ ਹੋਰ ਕਤਲ ਕੇਸਾਂ ਵਿਚ ਆਪਣੀ ਸ਼ਮੂਲੀਅਤ ਦੀ ਗੱਲ ਮੰਨੀ ਹੈ, ਜਿਨ੍ਹਾਂ ਬਾਰੇ ਪੁਲਿਸ ਨੂੰ ਪਹਿਲਾਂ ਜਾਣਕਾਰੀ ਨਹੀਂ ਸੀ।
ਜ਼ਿਕਰਯੋਗ ਹੈ ਕਿ 14 ਮਾਰਚ ਨੂੰ ਸ਼ਾਮ 6 ਵਜੇ ਦੇ ਕਰੀਬ ਪਿੰਡ ਮੱਲੀਆਂ ਵਿਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਪੰਜ ਹਮਲਾਵਰਾਂ ਨੇ ਕਬੱਡੀ ਖਿਡਾਰੀ ਸੰਦੀਪ ਸਿੰਘ ਉਰਫ ਸੰਦੀਪ ਨੰਗਲ ਅੰਬੀਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।